ਗੁਰਮੀਤ ਕੜਿਆਲਵੀ
ਫੌਜੀ ਬਾਪ ਕਈ ਦਿਨਾਂ ਤੋਂ ਕੁੱਤੇਖਾਣੀ ਕਰਦਾ ਆ ਰਿਹਾ ਸੀ। ਉਂਜ ਉਹ ਆਪਣੀ ਥਾਵੇਂ ਸੱਚਾ ਸੀ। ਨੌਕਰੀ ਲਈ ਹੱਥ ਪੈਰ ਤਾਂ ਮਾਰਨੇ ਹੀ ਪੈਣੇ ਸਨ। ਉਸਦੇ ਕਹਿਣ ਮੂਜਬ ਘਰੇ ਬੈਠਿਆਂ ਨੂੰ ਭਲਾ ਕੌਣ ‘ਆਡਰ’ ਹੱਥ ‘ਚ ਫੜਾਉਂਦਾ ਹੈ। ਉਹ ਆਪ ਵੀ ਆਪਣੇ ਮਹਿਕਮੇ ਦੇ ਐਸ.ਡੀ.ਓ., ਐਕਸੀਅਨ ਤੋਂ ਲੈ ਕੇ ਐਸ ਈ ਤੱਕ ਦੇ ਅਹੁਦਿਆਂ ਵਾਲੇ ਅਫਸਰਾਂ ਅੱਗੇ ਮੇਰੀ ਨੌਕਰੀ ਲਈ ਲਿਖਤੀ ਤੇ ਜ਼ਬਾਨੀ ਅਰਜ਼ੀਆਂ ਪਾਉਂਦਾ ਰਹਿੰਦਾ ਸੀ। ਉਸਦਾ ਮੰਨਣਾ ਸੀ ਕਿ ਬੰਦੇ ਨੂੰ ਇੱਕ ਵਾਰ ਕਿਸੇ ਵੀ ਛੋਟੀ-ਮੋਟੀ ਨੌਕਰੀ ‘ਤੇ ਅੜ ਜਾਣਾ ਚਾਹੀਦਾ ਹੈ, ਫੇਰ ਹੌਲੀ ਹੌਲੀ ਆਪੇ ਸੈੱਟ ਹੋ ਜਾਂਦਾ ਹੈ।
ਉਹ ਅਕਸਰ ਆਖਦਾ, ” ਕਾਕਾ! ਕੇਰਾਂ ਖੜ੍ਹਨ ਨੂੰ ਥਾਂ ਮਿਲਜੇ, ਬਹਿਣ ਨੂੰ ਆਪੇ ਬਣ ਜਾਂਦੀ ਹੁੰਦੀ।”
ਇਸੇ ਕਰਕੇ ਉਸਨੇ ਕਿਸੇ ਨੂੰ ਆਖ-ਵੇਖ ਕੇ ਮੈਨੂੰ ਪਹਿਲਾਂ ਦੁੱਧ ਵਾਲੀ ਫੈਕਟਰੀ ‘ਨੈਸਲੇ’ ਵਿਚ ਵਰਕ ਮੁਨਸ਼ੀ ਤੇ ਫਿਰ ਹੜ੍ਹਾਂ ਨਾਲ ਢਹਿ ਗਏ ਸਤਲੁਜ ਦਰਿਆ ਦੇ ਬਣਾਏ ਜਾ ਰਹੇ ਬੰਨ੍ਹ ‘ਤੇ ਸੁਪਰਵਾਈਜ਼ਰ ਲੁਆ ਦਿੱਤਾ ਸੀ। ਇਹ ਕਹਿਣ ਨੂੰ ਹੀ ਸੁਪਰਵਾਈਜ਼ਰੀ ਸੀ, ਉਂਜ ਕੰਮ ਸਾਰਾ ਬੇਲਦਾਰੀ ਵਾਲਾ ਹੀ ਸੀ। ਬਾਪੂ ਦੀ ਚਾਹਤ ਦੇ ਅਨੁਸਾਰ ਮੈਂ ਇਨ੍ਹਾਂ ਨੌਕਰੀਆਂ ਵਿਚ ਛੇ ਮਹੀਨਿਆਂ ਤੋਂ ਵੱਧ ‘ਅੜਿਆ’ ਨਹੀਂ ਸੀ ਰਹਿ ਸਕਿਆ ਤੇ ਬਹਿਣ ਲਈ ਥਾਂ ਬਣਾਉਣ ਤੋਂ ਪਹਿਲਾਂ ਹੀ ਚੰਗੀ-ਭਲੀ ਨੌਕਰੀ ਨੂੰ ਲੱਤ ਮਾਰ ਆਇਆ ਸਾਂ। ਇਸੇ ਕਰਕੇ ਬਾਪੂ ਦੀ ਕੁੱਤੇਖਾਣੀ ਦਾ ਸ਼ਿਕਾਰ ਹੋਣਾ ਕੁਦਰਤੀ ਸੀ।
ਬਾਪ ਆਪਣੇ ਮਹਿਕਮੇ ਦੇ ਹੀ ਨਹੀਂ, ਮਿਲਣ ਆਏ ਹਰੇਕ ਬੰਦੇ ਅੱਗੇ ਮੇਰੀ ਨੌਕਰੀ ਦਾ ਰੋਣਾ ਲੈ ਕੇ ਬਹਿ ਜਾਂਦਾ। ਉਹ ਮੈਨੂੰ ਛੇਤੀ ਤੋਂ ਛੇਤੀ ਓਵਰਸੀਅਰ ਲੱਗਾ ਵੇਖਣਾ ਚਾਹੁੰਦਾ ਸੀ। ਮੇਰੀ ਓਵਰਸੀਅਰੀ ਉਸਦੀ ਧੌਣ ਸ਼ਰੀਕੇ ਕਬੀਲੇ ਵਿਚ ਉੱਚੀ ਕਰ ਸਕਦੀ ਸੀ। ਦਰਅਸਲ ਉਹ ਆਪਣੇ ਮਹਿਕਮੇ ਦੇ ਓਵਰਸੀਅਰਾਂ ਦੀ ਠਾਠ-ਬਾਠ ਵੇਖਦਾ ਰਹਿੰਦਾ ਸੀ। ਪੈਸੇ ਤਾਂ ਉਨ੍ਹਾਂ ਨੂੰ ਮੀਂਹ ਵਾਂਗ ਵਰ੍ਹਦੇ। ਬਾਪ ਮੇਰੇ ਜੇਈ ਬਣਨ ਅਤੇ ਨੋਟਾਂ ਦੀਆਂ ਗੁੱਥੀਆਂ ਆਪ ਮੁਹਾਰੇ ਘਰੇ ਤੁਰੀਆਂ ਆਉਣ ਦੇ ਸੁਪਨੇ ਵੇਖਦਾ ਰਹਿੰਦਾ।
ਉਨ੍ਹਾਂ ਦਿਨਾਂ ਵਿਚ ਹੀ ਉਸਨੇ ਪੰਚਾਇਤੀ ਵਿਭਾਗ ਵਿਚ ਜੇਈ ਲੁਆਉਣ ਲਈ, ਸਾਡੇ ਇੱਕ ਐਮ ਐਲ ਏ ਨਾਲ ਗੱਲ ਕਰ ਲਈ ਸੀ। ਅਸੀਂ ਉਸ ਐਮ ਐਲ ਏ ਬਾਰੇ ਚੰਗੀ ਤਰ੍ਹਾਂ ਜਾਣਦੇ ਸਾਂ ਪਰ ਬਾਪ ਬੜੀ ਜਲਦੀ ਦੂਜੇ ‘ਤੇ ਵਿਸਵਾਸ਼ ਕਰ ਲੈਂਦਾ ਸੀ। ਦਰਅਸਲ ਉਹ ਹਰੇਕ ਨੂੰ ਆਪਣੇ ਵਰਗਾ ਦਿਲ ਦਾ ਸਾਫ ਤੇ ਵਲ-ਛਲ ਤੋਂ ਰਹਿਤ ਸਮਝਦਾ ਸੀ। ਬਾਪ ਨੇ ਐਮ ਐਲ ਏ ਨਾਲ ਪੈਸੇ ਦੇਣ ਦੀ ਅੱਟੀ ਸੱਟੀ ਲਾ ਲਈ। ਇਹ ਤਾਂ ਸਾਡੀ ਚੰਗੀ ਕਿਸਮਤ ਸੀ ਕਿ ਪੈਸਿਆਂ ਦਾ ਹੀ ਕਿੱਧਰੋਂ ਜੁਗਾੜ ਨਾ ਹੋ ਸਕਿਆ ਨਹੀਂ ਤਾਂ ਉਸ ਨੇਤਾ ਨੇ ਸਾਨੂੰ ਨਿਹੰਗਾਂ ਦੇ ਡੋਲ ਵਾਂਗੂੰ ਮਾਂਜ ਦੇਣਾ ਸੀ। ਜਿਹੜੀ ਅਸਾਮੀ ‘ਤੇ ਰਖਵਾਉਣ ਦੀ ਉਹ ਗੱਲ ਕਰਦਾ ਸੀ, ਉਹ ਭਰਤੀ ਹੋਈ ਹੀ ਨਹੀਂ ਸੀ। ਜੇ ਅਸੀਂ ਪੈਸੇ ਫਸਾ ਬਹਿੰਦੇ, ਖੁਰਦ-ਬੁਰਦ ਹੋ ਜਾਣੇ ਸਨ। ਖੂਹ ਵਿਚ ਡਿੱਗੀ ਇੱਟ ਦੇ ਸੁੱਕੇ ਮੁੜਨ ਦਾ ਤਾਂ ਸੁਆਲ ਹੀ ਪੈਦਾ ਨ੍ਹੀਂ ਸੀ ਹੁੰਦਾ।
ਮੇਰੀ ਨੌਕਰੀ ਦੀ ਭਾਲ ਕਰਦਿਆਂ ਹੀ ਬਾਪ ਦਾ ਵਾਹ ਮਨੋਹਰ ਨਾਲ ਪੈ ਗਿਆ, ਜੋ ਸਾਡੇ ਗੁਆਂਢੀ ਪਿੰਡ ਦਾ ਹੋਣ ਕਰਕੇ ਅਕਸਰ ਲੰਘਦਾ-ਵੜਦਾ ਬਾਪੂ ਨੂੰ ਮਿਲ ਪੈਂਦਾ। ਮਨੋਹਰ ਕਿਸੇ ਵਕਤ ਸਾਹਿਤ ਪੜ੍ਹਨ ਦਾ ਵੀ ਸ਼ੌਕੀਨ ਰਿਹਾ ਸੀ ਅਤੇ ਇਲਾਕੇ ਦੀਆਂ ਸਾਹਿਤਕ ਸਰਗਰਮੀਆਂ ਵਿਚ ਵੀ ਭਾਗ ਲੈਂਦਾ ਰਿਹਾ ਸੀ। ਅਗਾਂਹਵਧੂ ਰੁਚੀਆਂ ਵਾਲਾ ਹੋਣ ਕਾਰਨ ਕਿਸੇ ਵਕਤ ਉਸਨੇ ਸ਼ਹੀਦ ਭਗਤ ਸਿੰਘ ਦੀ ਭੈਣ ਨੂੰ ਵੀ ਆਪਣੇ ਪਿੰਡ ਲਿਆਂਦਾ ਸੀ। ਸਾਹਿਤ ਵੀ ਮਨੋਹਰ ਨਾਲ ਨੇੜਤਾ ਦਾ ਸਬੱਬ ਬਣਿਆ ਸੀ। ਸਾਹਿਤ ਲਿਖਣ ਪੜ੍ਹਨ ਕਾਰਨ ਮੇਰੀ ਉਸ ਨਾਲ ਵਾਕਫ਼ੀ ਹੋਈ ਸੀ ਤੇ ਫਿਰ ਉਸਦੀ ਮੇਰੇ ਨਾਲ ਵਾਕਫ਼ੀ, ਬਾਪੂ ਨਾਲ ਨੇੜਤਾ ‘ਚ ਬਦਲ ਗਈ ਸੀ। ਸ਼ਰਾਬ ਮਨੋਹਰ ਦੀ ਕਮਜ਼ੋਰੀ ਸੀ। ਉਹ ਹਰ ਵੇਲੇ ਟੁੰਨ ਹੋਇਆ ਰਹਿੰਦਾ।
ਲੰਘਦੇ-ਪਾਉਂਦੇ, ਮਨੋਹਰ ਬਾਬੂ ਨੇ ਬਾਪੂ ਹੱਥ ਕਦੋਂ ਤੇ ਕਿਹੜੇ ਵੇਲੇ ਮੇਰੀ ਨੌਕਰੀ ਦਾ ਛੁਣ-ਛਣਾ ਫੜਾ ਦਿੱਤਾ, ਮੈਨੂੰ ਪਤਾ ਹੀ ਨਾ ਲੱਗਾ।
“ਫਿਕਰ ਨਾ ਕਰ ਬਾਈ ਬਾਵਾ ਸਿਆਂ! ਗੁਰਮੀਤ ਤੇਰਾ ਈ ਨ੍ਹੀਂ ਸਾਡਾ ਵੀ ਮੁੰਡਾ ਆ। ਸਾਡੇ ਤਾਂ ‘ਲਾਕੇ ਦਾ ਮਾਣ ਐ। ਨੌਕਰੀ ਸਾਲੀ ਕਿੱਡੀ ਕੁ ਗੱਲ ਐ? ਮੈਂ ਆਪ ਲੈ ਕੇ ਜਾਊਂ ਚੰਡੀਗੜ੍ਹ ਵੱਡੇ ਭਰਾ ਕੋਲ। ਉਹ ਆਪੇ ਹੱਲ ਕਰੂ। ਏਹਦੀ ਨੌਕਰੀ ਆਲਾ ਫਿਕਰ ਤਾਂ ਲਾਹਦੇ ਸਿਰ ‘ਤੋਂ।” ਮਨੋਹਰ ਸ਼ਰਾਬੀ ਦੀਆਂ ਇਨ੍ਹਾਂ ਗੱਲਾਂ ‘ਤੇ ਯਕੀਨ ਕਰਨ ਦਾ ਬਾਪੂ ਕੋਲ ਵੱਡਾ ਕਾਰਨ ਸੀ। ਉਸਦਾ ਵੱਡਾ ਭਰਾ ਚੰਡੀਗੜ੍ਹ ਰੋਜ਼ਗਾਰ ਦਫ਼ਤਰ ‘ਚ ਕੋਈ ਉੱਚ ਅਫ਼ਸਰ ਸੀ। ਸ਼ਾਇਦ ਚੰਡੀਗੜ੍ਹ ਦੇ ਰੁਜ਼ਗਾਰ ਦਫ਼ਤਰ ਦਾ ਮੁਖੀ ਹੀ ਹੋਵੇ। ਮਨੋਹਰ ਦਾ ਦੂਸਰਾ ਭਰਾ ਵਧੀਆ ਲੇਖਕ, ਨੇੜਲੇ ਕਾਲਜ ਦਾ ਪ੍ਰੋਫੈਸਰ ਤੇ ਇਲਾਕੇ ਦਾ ਮੰਨਿਆਂ-ਦੰਨਿਆਂ ਬੰਦਾ ਸੀ। ਮਨੋਹਰ ਦੇ ਚਾਚਿਆਂ-ਤਾਇਆਂ ਦੇ ਜੁਆਕ ਵੀ ਚੰਗੀਆਂ ਪੋਸਟਾਂ ‘ਤੇ ਲੱਗੇ ਹੋਏ ਸਨ। ਸਾਰਾ ਪਰਿਵਾਰ ਇਲਾਕੇ ਦਾ ਮਾਣ ਮਰਿਆਦਾ ਵਾਲਾ ਪਰਿਵਾਰ ਗਿਣਿਆ ਜਾਂਦਾ ਸੀ।
ਕਈ ਦਿਨ ਤਾਂ ਮੈਂ ਜਾਣ ਤੋਂ ਟਾਲ-ਮਟੋਲ ਕਰਦਾ ਰਿਹਾ ਪਰ ਰੋਜ਼ ਦੀ ‘ਕੁੱਤੇਖਾਣੀ’ ਨੇ ਮੈਨੂੰ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੱਤਾ। ਮੈਂ ਉਸ ਨਾਲ ਚੰਡੀਗੜ੍ਹ ਜਾਣ ਦੀ ਹਾਮੀ ਭਰ ਦਿੱਤੀ।
ਚੰਡੀਗੜ੍ਹ ਕੋਈ ਨੇੜੇ ਤਾਂ ਨ੍ਹੀ ਸੀ? ਫਿਰ ਪੁੱਤ ਨੇ ਨੌਕਰੀ ਲੈਣ ਜਾਣਾ ਸੀ, ਤੇ ਉਹ ਵੀ ਓਵਰਸੀਅਰੀ। ਨੋਟਾਂ ਦੇ ਢੇਰ ਲਾ ਦੇਣ ਵਾਲੀ। ਸੀਮੈਂਟ, ਸਰੀਆ, ਰੇਤਾ, ਬੱਜਰੀ, ਤੇ ਇੱਥੋਂ ਤੱਕ ਕਿ ਮਿੱਟੀ ਵੀ ਵੇਚ ਕੇ ਰੁਪਈਆਂ ਨਾਲ ਘਰ ਭਰ ਲੈਣ ਵਾਲੀ। ਬਾਪੂ ਨੇ ਖਾਸੇ ਨੋਟ ਮੇਰੇ ਬੋਝੇ ਪਾ ਦਿੱਤੇ ਸਨ। ਆਪਣੇ ਸਾਰੇ ਸਰਟੀਫਿਕੇਟ ਮੈਂ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਪਾ, ਅਤੇ ਲਿਫਾਫਾ ਇੱਕ ਬੈਗ ‘ਚ ਪਾ ਕੇ, ਮਨੋਹਰ ਨੂੰ ਨੇੜਲੇ ਸ਼ਹਿਰ ਜਾ ਮਿਲਿਆ ਸਾਂ।
“ਜਾਹ ਭੱਜ ਕੇ ਇੱਕ ਪਊਆ ਫੜ ਲਿਆ।” ਕਿਸੇ ਜਾਣੂ ਫੋਟੋਗ੍ਰਾਫਰ ਦੀ ਦੁਕਾਨ ‘ਤੇ ਬੈਠਿਆਂ ਮਨੋਹਰ ਨੇ ਆਪਣਾ ਪਹਿਲਾ ਮਨੋਹਰ ਬਚਨ ਉਚਾਰਿਆ ਸੀ। ਬਿਨਾ ਕੋਈ ਹੀਲ ਹੁੱਜਤ ਕੀਤਿਆਂ ਸਾਊ ਨਿਆਣੇ ਵਾਂਗ ਠੇਕੇ ਤੋਂ ਅੰਗਰੇਜ਼ੀ ਦਾ ਪਊਆ ਫੜ ਲਿਆਇਆ। ਉਸਨੇ ਢੱਕਣ ਖੋਲਿ੍ਹਆ ਤੇ ਬਿਨਾ ਪਾਣੀ ਪਾਇਆਂ ਪਊਆ ਮੂੰਹ ਨੂੰ ਲਾ ਕੇ ਗਟ-ਗਟ ਕਰ ਕੇ ਦਾਰੂ ਅੰਦਰ ਸੁੱਟ ਲਈ। ਮੇਰੇ ਅੰਦਰ ਮਾਣਕ ਦਾ ਗੀਤ ਵੱਜਣ ਲੱਗਾ ਸੀ।
ਜਗਰਾਓਂ-ਲੁਧਿਆਣਾ-ਸਮਰਾਲਾ-ਮੋਹਾਲੀ, ਫਿਰ ਤਾਂ ਚੰਡੀਗੜ੍ਹ ਤੱਕ ਐਹੋ ਜਿਹਾ ਕਿਹੜਾ ਸਟੇਸ਼ਨ ਸੀ ਜਿਸਦੇ ਠੇਕੇ ਦੀ ਦਾਰੂ ਨੇ ‘ਮਨੋਹਰ ਭਾਜੀ’ ਦੇ ਅੰਦਰ ਵੱਲ ਯਾਤਰਾ ਨਾ ਕੀਤੀ ਹੋਵੇ। ਮੈਂ ਅੱਕੇ ਨੇ ਇੱਕ ਵਾਰ ਆਖਿਆ ਸੀ, “ਬੋਤਲ ਈ ਲੈ ਲਈਏ ਸਸਤੀ ਪਊ।”
“ਨਹੀਂ-ਨਹੀਂ ਐਨੀ ਕੀ ਕਰਨੀ, ਪਊਆ ਵਾਧੂ ਆ। ਲੋੜ ਹੋਈ ਫੇਰ ਲੈ ਲਵਾਂਗੇ।” ਆਖਦਿਆਂ ਉਹ ਸਤਾਰਾਂ ਸੈਕਟਰ ਬੱਸ ਅੱਡੇ ਦੇ ਸਾਹਮਣੇ ਵਾਲੀ ਮਾਰਕੀਟ ਦੇ ਠੇਕੇ ਵੱਲ ਲੈ ਤੁਰਿਆ ਸੀ।
“ਰਾਤ ਕੋਚਰੀ ਬੋਲੇ ਵਾਲੇ ਸਿੱਧੂ ਦਮਦਮੀ ਨੂੰ ਜਾਣਦੈਂ?”
“ਜਾਣਦਾ ਤਾਂ ਨ੍ਹੀ ਪੜ੍ਹਿਆ ਜ਼ਰੂਰ ਆ।”
“ਚੱਲ ਤੈਨੂੰ ਮਿਲਾ ਕੇ ਲਿਆਵਾਂ।”
ਫਿਰ ਉਹ ਮੈਨੂੰ ਸੀ ਐਸ ਆਈ ਦੇ ਦਫ਼ਤਰ ਲੈ ਵੜਿਆ ਸੀ। ਤਿੱਖੇ ਨੈਣ ਨਕਸ਼ਾਂ ਵਾਲੇ ਪਤਲੇ ਜਿਹੇ ਸਰਦਾਰ ਦੀਆਂ ਬਾਜ਼ ਵਰਗੀਆਂ ਅੱਖਾਂ ਗੱਲਾਂ ਕਰਦੀਆਂ ਲੱਗਦੀਆਂ ਸਨ।
“ਫੌਜਾਂ ਕਿਸੇ ਮਾਰ ‘ਤੇ ਲੱਗਦੀਆਂ?” ਮੈਨੂੰ ਲੱਗਾ ਹਸੂੰ-ਹਸੂੰ ਕਰਦੀਆਂ ਅੱਖਾਂ ਦੇ ਇਨ੍ਹਾਂ ਸ਼ਬਦਾਂ ਵਿਚ ਕੋਈ ਡੂੰਘੀ ਰਮਜ਼ ਸੀ।
“ਇਹ ਆਪਣਾ ਨਵਾਂ ਕਹਾਣੀਕਾਰ ਐ। ਏਹ…।”
“ਅੱਛਾ!”
“ਕਲਮ ਚੰਗੀ ਐ ਮੁੰਡੇ ਦੀ। ਵਧੀਆ ਲਿਖਦਾ। ਕਈ ਕਹਾਣੀਆਂ…।”
“ਤੇਰੇ ਨਾਲ ਰਹਿਕੇ ਵਧੀਆ ਈ ਲਿਖੂ।” ਹੱਸਦੀਆਂ ਅੱਖਾਂ ਦਾ ਵਿਅੰਗ ਮੇਰੀ ਤਾਂ ਪਕੜ ‘ਚ ਆ ਗਿਆ ਸੀ ਪਰ ਮਨੋਹਰ ਅੰਦਰਲੀ ਦਾਰੂ ਨੇ ਇਸ ਵਿਅੰਗ ਦੀ ਧਾਰ ਨੂੰ ਗੌਲਿਆ ਤੱਕ ਨਹੀਂ ਸੀ। ਕੋਈ ਹੋਰ ਸਮਾਂ ਹੁੰਦਾ ਮੈਂ “ਰਾਤ ਕੋਚਰੀ ਬੋਲੇ” ਵਰਗੀ ਸ਼ਾਹਕਾਰ ਕਹਾਣੀ ਲਿਖਣ ਵਾਲੇ ਸਿੱਧੂ ਦਮਦਮੀ ਨਾਲ ਇਸ ਕਹਾਣੀ ਬਾਰੇ ਕਈ ਗੱਲਾਂ ਕਰ ਲੈਣੀਆਂ ਸਨ ਤੇ ਉਸਨੂੰ ਕਹਾਣੀ ਵਿਧਾ ਤੋਂ ਪਾਸਾ ਵੱਟ ਲੈਣ ਬਾਰੇ ਵੀ ਸਵਾਲ ਕਰਨਾ ਸੀ ਪਰ ਹੁਣ ਤਾਂ ਮੈਨੂੰ ਬਹੁਤਾ ਸਮਾਂ ਉੱਥੇ ਬੈਠਣਾ ਮੁਸ਼ਕਲ ਹੋਇਆ ਪਿਆ ਸੀ। ਦਾਰੂ ਦੀ ਲੋਰ ਵਿਚ ਮਨੋਹਰ ਯੱਬਲੀਆਂ ਮਾਰੀ ਜਾਂਦਾ ਸੀ।
“ਚਾਹ ਤਾਂ ਲੱਗਦਾ ਤੂੰ ਪੀਣੀ ਨ੍ਹੀ। ਆਪਣੇ ਨਵੇਂ ਕਹਾਣੀਕਾਰ ਨੂੰ ਕਿਤੇ ਫੇਰ ਪਿਆ ਦਿਆਂਗੇ। ਦਰਅਸਲ ਮੇਰਾ ਕਿਤੇ ਪ੍ਰੋਗਰਾਮ ਬਣਿਆ ਪਹਿਲਾਂ ਦਾ। ਮੈਂ ਨਿਕਲਣਾ ਜਲਦੀ।” ਸਿੱਧੂ ਦਮਦਮੀ ਸ਼ਰਾਬੀ ਤੋਂ ਖਹਿੜਾ ਛੁਡਾਉਣ ਦੇ ਰੌਂਅ ਵਿਚ ਸੀ।
“ਕੋਈ ਨਾ ਕੋਈ ਨਾ।” ਆਖਦਿਆਂ ਅਸੀਂ ਬਾਹਰ ਆ ਗਏ ਸਾਂ।
“ਤੈਨੂੰ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਨੂੰ ਮਿਲਾਉਨੈਂ। ਆਪਣਾ ਯਾਰ ਐ।”
“ਸੰਪਾਦਕ ਨੂੰ ਫੇਰ ਮਿਲ ਲਾਂਗੇ ਪਹਿਲਾਂ ਆਪਣੇ ਕੰਮ ਦਾ ਪਤਾ ਕਰਲੀਏ।” ਮੈਂ ਜਕਦੇ-ਜਕਾਉਂਦਿਆਂ ਆਖਿਆ ਸੀ। ਸੂਰਜ ਮਹਾਰਾਜ ਪੱਛਮ ਵਾਲੇ ਪਾਸੇ ਨੂੰ ਟੇਢਾ ਹੋਇਆ ਸ਼ੂਟਾਂ ਵੱਟੀ ਜਾਂਦਾ ਸੀ।
“ਚੱਲ ਫਿਰ।” ਨਸ਼ੇ ਦੀ ਲੋਰ ਵਿਚ ਝੂਮਦਾ ਉਹ ਚੰਡੀਗੜ੍ਹ ਦੇ ਰੋਜ਼ਗਾਰ ਦਫ਼ਤਰ ਵੱਲ ਹੋ ਤੁਰਿਆ। ਦਫ਼ਤਰ ਦੀਆਂ ਪੌੜੀਆਂ ਚੜ੍ਹ ਕੇ ਉਹ “ਜੇ ਸੀ ਸ਼ਰਮਾ” ਦੇ ਨੇਮ ਪਲੇਟ ਵਾਲੇ ਇੱਕ ਕਮਰੇ ਮੂਹਰੇ ਜਾ ਖੜ੍ਹਾ ਸੀ। ਮਨੋਹਰ ਨੇ ਇੱਕ-ਦੋ ਕਰਮਚਾਰੀਆਂ ਨੂੰ “ਵੱਡੇ ਭਾਈ ਸਾਹਬ” ਬਾਰੇ ਪੁੱਛਿਆ ਤਾਂ ਉਹ, “ਸ਼ਰਮਾ ਜੀ ਤਾਂ ਛੁੱਟੀ ‘ਤੇ ਨੇ” ਆਖਦਿਆਂ ਪਰ੍ਹਾਂ ਨੂੰ ਖਿਸਕ ਗਏ। ਮੈਨੂੰ ਲੱਗਿਆ ਜਿਵੇਂ ਉਹ ‘ਛੋਟੇ ਭਾਈ ਸਾਹਬ’ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ।
“ਭਾਈ ਸਾਬ੍ਹ ਡੇਰਾ ਬੱਸੀ ਰਹਿੰਦੇ ਨੇ। ਆਪਾਂ ਚੱਲਦੇ ਆਂ ਉੱਥੇ। ਰਾਤ ਉਨ੍ਹਾਂ ਕੋਲ ਰਹਾਂਗੇ। ਨਾਲੇ ਖੁੱਲ੍ਹ ਕੇ ਗੱਲਬਾਤ ਹੋਜੂ। ਪਹਿਲਾਂ ਆਪਾਂ ਟ੍ਰਿਬਿਊਨ ਚੱਲਦੇ ਆਂ, ਉੱਥੋਂ ਈ ਅੱਗੇ ਡੇਰਾ ਬੱਸੀ ਆਲੀ ਬੱਸ ਫੜਲਾਂਗੇ।” ਮੈਨੂੰ ਬਾਹੋਂ ਫੜ ਕੇ ਧੂੰਹਦਾ ਉਹ ਡੀ.ਟੀ.ਸੀ ਦੀ ‘ਚ ਬੱਸ ਚੜ੍ਹ ਗਿਆ।
ਟ੍ਰਿਬਿਊਨ ਅਖਬਾਰ ਦੀ ਅੰਬਰ ਛੂੰਹਦੀ ਇਮਾਰਤ ਵੇਖ ਕੇ ਮੈਂ ਡੌਰ-ਭੌਰ ਜਿਹਾ ਹੋ ਗਿਆ ਸਾਂ। ਮੈਂ ਕਿਸੇ ਅਖਬਾਰ ਦੀ ਇਮਾਰਤ ਜ਼ਿੰਦਗੀ ‘ਚ ਪਹਿਲੀ ਵਾਰ ਵੇਖ ਰਿਹਾ ਸਾਂ। ਪੰਜਾਬੀ ਟ੍ਰਿਬਿਊਨ ਮੈਨੂੰ ਪਹਿਲੇ ਦਿਨੋਂ ਹੀ ਖਿੱਚ ਪਾਉਂਦਾ ਰਿਹਾ। ਮੇਰਾ ਮਨਪਸੰਦ ਕਹਾਣੀਕਾਰ ਪ੍ਰੇਮ ਗੋਰਖੀ ਇੱਥੇ ਹੀ ਸੀ। ਹਰਭਜਨ ਹਲਵਾਰਵੀ ਦੀਆਂ ਕਵਿਤਾਵਾਂ ਦਾ ਮੈਂ ਵੱਡਾ ਪ੍ਰਸ਼ੰਸਕ ਸਾਂ। ਉਸਦਾ ਨਕਸਲੀ ਪਿਛੋਕੜ ਵੀ ਮੈਨੂੰ ਚੰਗਾ-ਚੰਗਾ ਲੱਗਦਾ ਸੀ।
ਮਨੋਹਰ ਧੁੱਸ ਦੇ ਕੇ ਸੰਪਾਦਕ ਦੇ ਕਮਰੇ ਵਿਚ ਵੜ ਗਿਆ। ਮੈਂ ਵੀ ਗੁੱਛੀ-ਮੁੱਛੀ ਹੋਇਆ ਉਸਦੇ ਮਗਰੇ-ਮਗਰ ਹੀ ਅੰਦਰ ਲੰਘ ਗਿਆ ਸਾਂ।
“ਉਏ ਆ ਵਈ ਮੌਦਗਿਲਾ। ਆਜਾ ਆਜਾ। ਘੋੜੇ ਚੜ੍ਹਿਆ ਲੱਗਦਾਂ? ਕਿਵੇਂ ਆਉਣੇ ਹੋਏ?” ਸੰਪਾਦਕ ਦੇ ਕਮਰੇ ਵਿਚ ਕਈ ਜਾਣੇ ਬੈਠੇ ਸਨ। ਸ਼ਾਇਦ ਕੋਈ ਮੀਟਿੰਗ ਚੱਲ ਰਹੀ ਹੋਵੇ। ਹਲਵਾਰਵੀ ਤੋਂ ਇਲਾਵਾ ਮੈਂ ਕਿਸੇ ਨੂੰ ਵੀ ਨਹੀਂ ਸਾਂ ਪਛਾਣਦਾ। ਸੰਪਾਦਕ ਸਮੇਤ ਸਾਰਿਆਂ ਨਾਲ ਉਸਨੇ ਹੱਥ ਮਿਲਾਇਆ ਸੀ। ਇੰਜ ਲੱਗਾ ਜਿਵੇਂ ਸਾਰੇ ਹੀ ਮਨੋਹਰ ਮੌਦਗਿਲ ਦੇ ਆ ਜਾਣ ‘ਤੇ ਔਖੇ ਸਨ। ਹੁਣ ਤੱਕ ਮੈਂ ਸਮਝ ਚੁੱਕਾ ਸਾਂ ਕਿ ਇਸ ਸ਼ਖਸ ਦੀ ਪ੍ਰਸਿੱਧੀ ਦੇ ਝੰਡੇ ਚਾਰ-ਚੁਫੇਰੇ ਝੂਲਦੇ ਸਨ। ਮੈਂ ਸਰਟੀਫਿਕੇਟਾਂ ਵਾਲਾ ਝੋਲਾ ਤੇ ਕੱਪੜਿਆਂ ਵਾਲਾ ਬੈਗ ਹਿੱਕ ਨਾਲ ਘੁੱਟ, ਇਕੱਠਾ ਜਿਹਾ ਹੋ ਕੇ ਕੁਰਸੀ ਵਿਚ ਧਸ ਗਿਆ ਸਾਂ।
“ਮੌਦਗਿਲ ਘੋੜੇ ‘ਤੇ ਚੜ੍ਹਿਆ ਕਦੋਂ ਨ੍ਹੀ ਹੁੰਦਾ?” ਇੱਕ ਤਿੱਖੀ ਨੋਕ ਵਾਲੀ ਪੱਗ ਵਾਲੇ ਸਰਦਾਰ ਨੇ ਆਖਿਆ ਸੀ।
“ਪੀਣ ਦੇ ਮਾਮਲੇ ‘ਚ ਤਾਂ ‘ਗਿੱਲ’ ਈ ਨ੍ਹੀ ਮਾਣ, ਏਹ ਤਾਂ ਮੂਰ੍ਹੇ ‘ਮੌਦ’ ਵੀ ਲਿਖਾਈ ਫਿਰਦਾ।” ਪਤਾ ਨਹੀਂ ਕਿਸਨੇ ਆਖਿਆ ਸੀ ਪਰ ਸਾਰਿਆਂ ਦਾ ਹਾਸਾ ਛਣਕ ਪਿਆ ਸੀ। ਪਹਿਲੀ ਵਾਰ ਮੇਰੇ ਚਿਹਰੇ ‘ਤੇ ਵੀ ਮੁਸਕਰਾਹਟ ਆਈ ਸੀ।
“ਹਲਵਾਰਵੀ ਸਾਬ੍ਹ! ਇਹ ਮੁੰਡਾ ਆਪਣਾ ਬਰਖੁਰਦਾਰ ਐ। ਨਵਾਂ ਕਹਾਣੀਕਾਰ। ਕਲਮ ਚੰਗੀ ਐ ਮੁੰਡੇ ਦੀ। ਵਧੀਆ ਲਿਖਦਾ। ਕਈ ਕਹਾਣੀਆਂ…।” ਇੱਥੇ ਵੀ ਉਸਨੇ ਇੰਨ-ਬਿੰਨ ਉਹੀ ਸ਼ਬਦ ਬੋਲੇ ਸਨ ਜਿਹੜੇ ਸਿੱਧੂ ਦਮਦਮੀ ਕੋਲ ਬੋਲੇ ਸਨ।
“ਕੋਈ ਰਚਨਾ ਲਿਖ ਕੇ ਲਿਆਂਦੀ ਨਾਲ? ਕਾਪੀ ‘ਚੋਂ ਲਿਖ ਕੇ ਦੇਦੇ। ਛਾਪ ਦੇਣਗੇ।” ਸਾਹਮਣੇ ਵਾਲਿਆਂ ਦਾ ਕੋਈ ਜੁਆਬ ਉਡੀਕੇ ਬਿਨਾ ਹੀ ਮਨੋਹਰ ਨੇ ਮੈਨੂੰ ਨਿਰਦੇਸ਼ ਜਾਰੀ ਕਰ ਦਿੱਤਾ ਸੀ।
“ਨਹੀਂ ਲਿਆਂਦੀ ਨ੍ਹੀ।” ਮੈਂ ਕੁੱਝ ਅਕੇਵੇਂ ਤੇ ਕੁੱਝ ਸ਼ਰਮ ਭਰੇ ਭਾਵਾਂ ਨਾਲ ਆਖਿਆ ਸੀ।
“ਕੋਈ ਨਾ ਘਰੇ ਜਾ ਕੇ ਭੇਜਦੂੰ। ਕਿਉਂ ਤਲੀ ‘ਤੇ ਸਰ੍ਹੋਂ ਜੰਮਾਉਨੈਂ।” ਹਲਵਾਰਵੀ ਨੇ ਆਖਿਆ ਸੀ। ਫਿਰ ਉਹ ਕਿੰਨਾ ਚਿਰ ਮੌਦਗਿੱਲ ‘ਤੇ ਵਿਅੰਗ ਕੱਸਦੇ ਹੋਏ ਹਾਸਾ-ਠੱਠਾ ਕਰਦੇ ਰਹੇ।
“ਚੱਲੀਏ! ਆਪਾਂ ਲੇਟ ਹੋ ਰਹੇ ਆਂ, ਬੱਸ ਨ੍ਹੀ ਮਿਲਣੀ।” ਮੈਂ ਛੇਤੀ ਤੋਂ ਛੇਤੀ ਉੱਥੋਂ ਖਿਸਕਣਾ ਚਾਹੁੰਦਾ ਸਾਂ।
“ਚੱਲਦੇਂ-ਚੱਲਦੇਂ!” ਉਹ ਹੱਥ ਮਾਕੇ ਮੈਨੂੰ ਬਹੌਣ ਲੱਗਾ ਸੀ।
“ਮੌਦਗਿਲ ਜ਼ਿੱਦ ਨਹੀਂ ਕਰੀਦੀ। ਮੁੰਡਾ ਠੀਕ ਆਖਦਾ। ਪਹਿਲਾਂ ਆਵਦਾ ਕੰਮ ਧੰਦਾ ਨਿਬੇੜ ਲੋ। ਆਪਾਂ ਕਿਤੇ ਫੇਰ ਬਹਿ ਕੇ ਮਾਰਾਂਗੇ ਖੁੱਲ੍ਹੀਆਂ ਗੱਲਾਂ।” ਹਲਵਾਰਵੀ ਨੇ ਮਿਲਾਉਣ ਲਈ ਹੱਥ ਅੱਗੇ ਕਰ ਦਿੱਤਾ ਸੀ। ਇਹ ਸਾਨੂੰ ਜਾਣ ਦਾ ਸਪਸ਼ਟ ਇਸ਼ਾਰਾ ਸੀ।
“ਚੱਲ ਠੀਕੈ। ਚੰਗਾ-ਚੰਗਾ, ਫੇਰ ਆਵਾਂਗੇ।”
“ਓਕੇ-ਓਕੇ।” ਬਾਕੀ ਸਾਰਿਆਂ ਨੇ ਉਥੋਂ ਹੀ ਹੱਥ ਹਿਲਾ ਦਿੱਤੇ ਸਨ।
“ਯਾਰ ਗੇਟ ਆਲਿਆਂ ਨੂੰ ਆਖੋ ਏਹਨੂੰ ਨਾ ਆਉਣ ਦਿਆ ਕਰਨ ਅੰਦਰ।” ਸਾਡੇ ਦਰਵਾਜ਼ਾ ਲੰਘਦਿਆਂ ਹੀ ਅਖਬਾਰੀ ਅਮਲੇ ਦੇ ਬੋਲ ਵੀ ਸਾਡੇ ਮਗਰੇ ਤੁਰ ਆਏ ਸਨ।
ਹੁਣ ਸਾਡਾ ਦੋਵਾਂ ਦਾ ਕਾਫ਼ਲਾ ਅਗਲੀ ਬੇਇਜ਼ਤੀ ਲਈ ਡੇਰਾ ਬੱਸੀ ਵੱਲ ਕੂਚ ਕਰ ਚੁੱਕਾ ਸੀ। ਸਾਰੇ ਰਾਹ ਮੈਂ ਆਉਣ ਵਾਲੀਆਂ ਮੁਸ਼ਕਲਾਂ-ਮੁਸੀਬਤਾਂ ਬਾਰੇ ਹੀ ਸੋਚਦਾ ਰਿਹਾ।
ਇੱਕ ਘਰ ਦੇ ਮੂਹਰੇ ਜਾ ਕੇ ਉਸ ਨੇ ਦਰਵਾਜ਼ੇ ‘ਤੇ ਲੱਗੀ ਘੰਟੀ ਦੀ ਸਵਿਚ ਦੱਬੀ। ਦੋ ਕੁ ਮਿੰਟ ਦੇ ਵਕਫ਼ੇ ਬਾਅਦ ਇੱਕ ਲੜਕੀ ਨੇ ਦਰਵਾਜ਼ਾ ਖੋਲਿ੍ਹਆ। ਸਾਨੂੰ ਵੇਖਦਿਆਂ ਹੀ ਉਹਦਾ ਰੰਗ ਉੱਡ ਗਿਆ।
“ਮੰਮੀ! ਚਾਚਾ” ਉਸ ਨੇ ਦਰਵਾਜ਼ੇ ਵਿਚ ਖੜ੍ਹਿਆਂ ਹੀ ਪਿੱਛੇ ਨੂੰ ਮੂੰਹ ਕਰ ਕੇ ਘਰਦਿਆਂ ਨੂੰ ਸੂਚਨਾ ਦਿੱਤੀ। ਅੰਦਰੋਂ ਕੋਈ ਜ਼ਨਾਨਾ ਆਵਾਜ਼ ਆਈ ਜੋ ਮੈਨੂੰ ਤਾਂ ਸੁਣਾਈ ਨਾ ਦਿੱਤੀ ਪਰ ਉਸ ਆਵਾਜ਼ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੀ ਕੁੜੀ ਨੇ “ਠੱਕ” ਕਰ ਕੇ ਦਰਵਾਜ਼ਾ ਭੇੜ ਲਿਆ।
ਸ਼ਰਾਬੀ ਨੇ ਘੰਟੀ ਦੀ ਸਵਿਚ ਕਈ ਵਾਰ ਦਬਾਈ। ਪੰਜ-ਸੱਤ ਮਿੰਟ ਅਸੀਂ ਦਰਵਾਜ਼ਾ ਖੁੱਲ੍ਹਣ ਦਾ ਇੰਤਜ਼ਾਰ ਕਰਦੇ ਰਹੇ। ਦਰਵਾਜ਼ਾ ਕਿੱਥੋਂ ਖੁੱਲ੍ਹਣਾ ਸੀ? ਖੋਲ੍ਹਣ ਵਾਸਤੇ ਤਾਂ ਉਹ ਭੇੜਿਆ ਹੀ ਨਹੀਂ ਸੀ ਗਿਆ। ਹੁਣ ਤਾਂ ਮੈਨੂੰ ਬਿਲਕੁਲ ਹੀ ਸਾਫ ਹੋ ਚੁੱਕਾ ਸੀ ਕਿ ਨੌਕਰੀ ਵਾਲੇ ਕਿਸੇ ਵੀ ਦਰਵਾਜ਼ੇ ਦੀ ਚਾਬੀ ਮਨੋਹਰ ਮੌਦਗਿਲ ਕੋਲ ਨਹੀਂ ਹੈ।
“ਹੁਣ ਕਿੱਥੇ ਜਾਈਏ?” ਮੇਰੇ ਚਿਹਰੇ ‘ਤੇ ਲਟਕਦਾ ਸੁਆਲ ਉਸ ਨੇ ਪੜ੍ਹ ਲਿਆ ਸੀ। ਰਾਤ ਦੇ ਨੌਂ ਵੱਜ ਗਏ ਸਨ। ਇਹ ਉਹ ਦਿਨ ਸਨ ਜਦੋਂ ਪਿੰਡਾਂ-ਸ਼ਹਿਰਾਂ ਵਿਚ ਸੂਰਜ ਢਲਦਿਆਂ ਹੀ ਰਾਤ ਪੈ ਜਾਂਦੀ ਸੀ। ਚਾਰ-ਚੁਫੇਰੇ ਮੜ੍ਹੀਆਂ ਵਰਗੀ ਚੁੱਪ। ਗਲੀਆਂ ਵਿਚ ਦੀ ਅਸੀਂ ਵਾਪਸ ਡੇਰਾ ਬੱਸੀ ਦੇ ਬੱਸ ਅੱਡੇ ‘ਚ ਆ ਗਏ। ਅੱਡੇ ਵਿਚ ਬੰਦਾ ਤਾਂ ਕੀ ਕੋਈ ਪਰਿੰਦਾ ਵੀ ਨਹੀਂ ਸੀ। ਬੱਸ ਅੱਡੇ ਦੀਆਂ ਤਾਂ ਇੱਟਾਂ ਵੀ ਘੂਕ ਸੁੱਤੀਆਂ ਪਈਆਂ ਸਨ। ਮਨੋਹਰ ਕਮਲਿਆਂ ਵਾਂਗ ਮੈਨੂੰ ਕਈ ਏਧਰ ਤੇ ਕਦੀ ਓਧਰ ਲਈ ਫਿਰਦਾ ਸੀ। ਮੈਂ ਪਹਿਲੀ ਵਾਰ ਘਰੋਂ ਏਨੀ ਦੂਰ ਆਇਆ ਸਾਂ।
ਮਨੋਹਰ ਨੇ ਖੀਸੇ ‘ਚੋਂ ਪਊਆ ਕੱਢ ਕੇ ਬਾਕੀ ਬਚਦੀ ਦਾਰੂ ਅੰਦਰ ਸੁੱਟ ਲਈ ਤੇ ਬੱਸ ਸਟੈਂਡ ਦੇ ਨਲਕੇ ‘ਤੋਂ ਪਾਣੀ ਦੀਆਂ ਦੋ ਕੁ ਘੁੱਟਾਂ ਭਰ ਲਈਆਂ। ਅਸੀਂ ਬੱਸ ਅੱਡੇ ਵਿਚ ਪੱਕੇ ਤੌਰ ‘ਤੇ ਗੱਡੀਆਂ ਪੱਥਰ ਦੀਆਂ ਥੜ੍ਹੀਆਂ ‘ਤੇ ਆ ਬੈਠੇ।
“ਕੋਈ ਨਾ ਕੋਈ ਨਾ। ਤੂੰ ਫਿਕਰ ਨਾ ਕਰ। ਆਪਾਂ ਸਵੇਰੇ-ਸਾਝਰੇ ਕਰਾਂਗੇ ਬਾਈ ਨਾਲ ਗੱਲ।” ਉਹ ਉੱਘ ਦੀਆਂ ਪਤਾਲ ਛੱਡੀ ਜਾਂਦਾ ਸੀ। ਓਧਰ ਭੁੱਖ ਮੇਰੀਆਂ ਆਂਦਰਾਂ ਚੀਰੀ ਤੁਰੀ ਜਾਂਦੀ ਸੀ। ਸਵੇਰ ਦੀ ਰੋਟੀ ਖਾਧੀ ਹੋਈ ਸੀ। ਮੇਰੇ ਅੰਦਰ ਗੁੱਸੇ ਦੀਆਂ ਵੱਟਾਂ ਬਣੀ ਜਾਂਦੀਆਂ ਸਨ। ਮੇਰਾ ਜੀਅ ਕਰਦਾ ਸੀ ਪੰਡਤ ਜੀ ਨੂੰ ਢਾਹ ਕੇ ਗੋਡਿਆਂ ਥੱਲੇ ਕਰ ਲਵਾਂ। ਅੰਦਰੋਂ ਮੈਂ ਬੁਰੀ ਤਰ੍ਹਾਂ ਡਰ ਵੀ ਰਿਹਾ ਸਾਂ। ਇਸ ਤਰ੍ਹਾਂ ਆਵਾਗੌਣ ਘੁੰਮਦਿਆਂ ਨੂੰ ਜੇ ਕਿੱਧਰੇ ਪੁਲਸ, ਸੀ ਆਰ ਪੀ ਜਾਂ ਬੀ ਐਸ ਐਫ਼ ਵਾਲੇ ਮਿਲ ਗਏ? ਕੀ ਦੱਸੂੰ ਆਪਣੇ ਬਾਰੇ? ਉਸ ਦੌਰ ‘ਚ ‘ਪੱਗ’ ਅਤੇ ‘ਲੋਈ’ ਤਾਂ ਦਹਿਸ਼ਤ ਦੇ ਚਿੰਨ੍ਹ ਬਣੇ ਪਏ ਸਨ। ਘੜੀ ਮੁੜੀ ਮੇਰਾ ਖਿਆਲ ਆਪਣੀ ਪੱਗ ਵੱਲ ਚਲਾ ਜਾਂਦਾ ਸੀ। ਸਰਦਈ ਰੰਗ ਦੀ ਨੋਕਦਾਰ ਪਟਿਆਲਾ ਸ਼ਾਹੀ ਪੱਗ ਦੇ ਥੱਲੇ ਕੇਸਰੀ ਫਿਫਟੀ ਮੇਰਾ ਮਨਪਸੰਦ ਪਹਿਰਾਵਾ ਸੀ। ਉਦੋਂ ਇਹ ਇਕਲੌਤੀ ਪੱਗ ਹੁੰਦੀ ਸੀ ਕੋਲ। ਮੇਰਾ ਵੱਡਾ ਸਰਮਾਇਆ।
ਠੰਢ ਹੱਡਾਂ ਨੂੰ ਚੀਰਦੀ ਜਾਂਦੀ ਸੀ। ਮੇਰਾ ਦਿਲ ਕਰਦਾ ਸੀ ਕਿ ਝੋਲੇ ‘ਚੋਂ ਲੋਈ ਕੱਢ ਕੇ ਬੁੱਕਲ ਮਾਰ ਲਵਾਂ ਪਰ ਦਹਿਸ਼ਤ ਦੀ ਪ੍ਰਤੀਕ ਇਸ ਦੂਸਰੀ ਨਿਸ਼ਾਨੀ ਨੂੰ ਬੈਗ ਦੇ ਅੰਦਰ ਹੀ ਟਿਕਿਆ ਰਹਿਣ ਦੇਣਾ ਯੋਗ ਸਮਝਿਆ।
“ਗੁਰਮੀਤ ਥੋੜ੍ਹੇ ਜਏ ਪੈਸੇ ਕੱਢ ਪਊਆ ਫੜ ਲਿਆਵਾਂ। ਮੇਰਾ ਨਸ਼ਾ ਟੁੱਟ ਗਿਆ।” ਸਵੇਰ ਦੇ ਪੰਜ ਪਊਏ ਉਹ ਪਹਿਲਾਂ ਹੀ ਪੀ ਚੁੱਕਾ ਸੀ। ਮੇਰਾ ਗੁੱਸਾ ਸੱਤਵੇਂ ਅਸਮਾਨ ‘ਤੇ ਚੜ੍ਹ ਗਿਆ।
“ਖੜੋ ਤੇਰੀ…ਪਿਆਉਨਾਂ ਤੈਨੂੰ ਥਰੀ ਐਕਸ ਰੰਮ।” ਇਹ ਗਾਹਲ ਮੇਰੇ ਅੰਦਰੋਂ ਉੱਠੀ ਜ਼ਰੂਰ ਪਰ ਮੈਂ ਬੁੱਲਾਂ ਤੱਕ ਨਾ ਆਉਣ ਦਿੱਤੀ। ਦਿਮਾਗ ਦੀ ਚੱਕਰੀ ਬੜੀ ਤੇਜ਼ੀ ਨਾਲ ਘੁੰਮਦਿਆਂ ਸ਼ਰਾਬੜ ਤੋਂ ਖਹਿੜਾ ਛੁਡਾਉਣ ਦੀ ਸੋਚਣ ਲੱਗੀ।
“ਲਓ ਪੈਸੇ! ਤੁਸੀਂ ਆਪ ਜਾ ਕੇ ਲੈ ਆਓ, ਮੈਂ ਬਾਹਲਾ ਥੱਕ ਗਿਆਂ। ਮੈਂ ਐਥੇ ਈ ਬਹਿਨਾਂ ਥੜ੍ਹੀ ‘ਤੇ।” ਮੈਂ ਬਾਪੂ ਦੀ ਖੋਜ ‘ਰੁਜ਼ਗਾਰ ਦਾਤੇ’ ਨੂੰ ਪੈਸੇ ਫੜਾਉਂਦਿਆਂ ਪੱਥਰ ਦੇ ਬਣੇ ਬੈਂਚ ਉਪਰ ਢਹਿਢੇਰੀ ਹੋ ਗਿਆ।
ਮਨੋਹਰ ‘ਭਾਜੀ’ ਹੁਰੀਂ ਪੈਸੇ ਫੜ ਕੇ ਠੇਕਾ ਲੱਭਣ ਬਾਜ਼ਾਰ ਵੱਲ ਹੋ ਤੁਰੇ। ਜਿਉਂ ਹੀ ਉਹ ਗਲੀ ਦਾ ਮੋੜ ਮੁੜ ਕੇ ਅੱਖੋਂ ਉਹਲੇ ਹੋਏ, ਮੈਂ ਇੱਕ ਪਾਸੇ ਵੱਲ ਨੂੰ ਸ਼ੂਟ ਵੱਟ ਲਈ। ਥੋੜ੍ਹੀ ਦੂਰ ਜਾ ਕੇ ਮੈਂ ਪਿੱਛੇ ਮੁੜ ਕੇ ਵੇਖਿਆ, ਕੁੱਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਦੂਰ ਤੱਕ ਹਨੇਰੀ ਰਾਤ ਨੇ ਕਾਲੀ ਲੋਈ ਦੀ ਬੁੱਕਲ ਮਾਰੀ ਹੋਈ ਸੀ। ਮੇਰੇ ਸਾਹ ‘ਚ ਸਾਹ ਆਇਆ। ਵਰਕਸ਼ਾਪ ਦਾ ਸ਼ਟਰ ਸੁੱਟ ਕੇ ਜਿੰਦਾ ਲਾਉਂਦੇ ਦੋ ਬੰਦਿਆਂ ਨੂੰ ਵੇਖ ਕੇ ਮੈਨੂੰ ਕੁੱਝ ਤਸੱਲੀ ਜਿਹੀ ਹੋਈ।
“ਵੀਰ ਜੀ, ਇੱਥੇ ਕੋਈ ਗੁਰਦੁਆਰਾ ਹੈਗਾ ਰਾਤ ਕੱਟਣ ਵਾਸਤੇ?”
ਉਨ੍ਹਾਂ ਦੋਵਾਂ ਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਗਹੁ ਤੇ ਸ਼ੱਕੀ ਨਜ਼ਰਾਂ ਨਾਲ ਵੇਖਿਆ।
“ਗੁਰਦੁਆਰਾ ਤਾਂ ਹੈ, ਲੰਗਰ ਪਾਣੀ ਵੀ ਮਿਲਜੂ ਪਰ ਰਾਤ ਰਹਿਣ ਦਾ ਪ੍ਰਬੰਧ ਹੈਨੀ।”
“ਹੱਛਾ!” ਮੈਂ ਬੁੱਝੇ ਮਨ ਨਾਲ ਆਖਿਆ।
“ਗੁਰਦੁਆਰੇ ‘ਚ ਰਹਿਣਾ ਠੀਕ ਵੀ ਨ੍ਹੀ। ਸੀ.ਆਰ.ਪੀ. ਤਲਾਸ਼ੀ ਲੈਂਦੀ ਐ ਕਈ ਵਾਰ। ਏਸੇ ਕਰਕੇ ਗੁਰਦੁਆਰੇ ਵਾਲੇ ਕਿਸੇ ਨੂੰ ਰਾਤ ਨ੍ਹੀ ਰੱਖਦੇ। ਪਿੱਛੇ ਜਿਹੇ ਬੰਦੇ ਚੱਕੇ ਗੁਰਦੁਆਰੇ ‘ਚੋਂ।” ਉਨ੍ਹਾਂ ਨੇ ਮੈਨੂੰ ਹੋਰ ਡਰਾ ਦਿੱਤਾ ਸੀ।
“ਕੋਈ ਹੋਰ ਪ੍ਰਬੰਧ ਕਰ ਲੈ।” ਆਖਦਿਆਂ ਉਹ ਸਕੂਟਰ ਨੂੰ ਕਿੱਕ ਮਾਰ ਕੇ ਚਲੇ ਗਏ।
ਹੁਣ ਪਿੱਛੇ ਰਹਿ ਗਈ ਡਰਾਉਣੀ ਕਾਲੀ ਰਾਤ। ਵਿਧਵਾ ਦੇ ਹਉਕੇ ਵਰਗੀ ਸੁੰਨੀ ਸੜਕ। ਪੋਹ ਦੇ ਮਹੀਨੇ ਵਿਚ ਵਗਦੀ ਬਰਫ਼ ਵਰਗੀ ਠੰਢੀ ਸ਼ੀਤ ਹਵਾ—ਤੇ ਜਾਂ ਫਿਰ ਮੈਂ। ਮੇਰਾ ਜੀਅ ਕੀਤਾ, ਵਾਪਸ ਜਾ ਕੇ ਬੱਸ ਸਟੈਂਡ ਦੀ ਥੜ੍ਹੀ ‘ਤੇ ਢਾਸਣਾ ਲਾ ਲਵਾਂ। ਰਾਤ ਦੀ ਆਉਧ ਮਸੀਂ ਛੇ-ਸੱਤ ਘੰਟੇ ਬਾਕੀ ਸੀ। ਮੈਂ ਪੈਰ ਪਿਛਾਂਹ ਵੱਲ ਨੂੰ ਮੋੜੇ ਈ ਸਨ ਕਿ ਦਿਮਾਗ ਦੀ ਚੱਕਰੀ ਇਕ ਵਾਰ ਫੇਰ ਤੇਜ਼ੀ ਨਾਲ ਘੁੰਮ ਗਈ।
“ਜੇ ਭਲਾ ਸ਼ਰਾਬੀ ਟੱਕਰ ਗਿਆ? ਖਾਹ-ਮਖਾਹ ਚਿੱਚੜ ਦੁਬਾਰਾ ਗਲ਼ ਪੈਜੂ। ਇਕੱਲਾ ਕਹਿਰਾ ਤਾਂ ਬਚਜੇਂਗਾ, ਪਰ ਉਹਨੇ ਨ੍ਹੀ ਬਚਣ ਦੇਣਾ। ਨਸ਼ੇ ਦੀ ਲੋਰ ਵਿਚ ਸਾਰੀ ਰਾਤ ਤੋਰੀ ਫਿਰੂ।” ਅੰਦਰੋਂ ਆਵਾਜ਼ ਆਈ ਤਾਂ ਪੈਰ ਥਾਏਂ ਜੰਮ ਗਏ। ਮੈਂ ਆਵਾਗੌਣ ਹੀ ਸੜਕ ‘ਤੇ ਤੁਰਿਆ ਗਿਆ। ਠੰਢ ਤੋਂ ਬਚਣ ਲਈ ਬੈਗ ਵਿਚੋਂ ਲੋਈ ਕੱਢ ਕੇ ਚਾਰ-ਚੁਫੇਰੇ ਘੁੱਟ ਲਈ। ਕਰਮਾਂਵਾਲੀ ਇਹ ਲੋਈ ਪਿਛਲੇ ਕਈ ਸਾਲਾਂ ਤੋਂ ਸਾਥ ਦਿੰਦੀ ਆ ਰਹੀ ਸੀ। ਕਈ ਸਾਲ ਪਹਿਲਾਂ ਪਿੰਡਾਂ ਵਿਚ ਗਰਮ ਸ਼ਾਲ-ਲੋਈਆਂ ਵੇਚਣ ਆਉਂਦੇ ਕਸ਼ਮੀਰੀ ਰਾਸ਼ਿਆਂ ਤੋਂ ਲਈ ਇਹ ਲੋਈ ਡਾਹਢੀ ਵਫ਼ਾਦਾਰ ਨਿਕਲੀ ਸੀ ਜਿਹੜੀ ਹਰ ਸਾਲ ਮਹਿਬੂਬਾ ਵਾਂਗ ਬੁੱਕਲ ਵਿਚ ਘੁੱਟ ਲੈਂਦੀ। ਲੋਈ ਦੀ ਬੁੱਕਲ ਮਾਰਨ ਨਾਲ ਪਿੰਡੇ ਨੂੰ ਕੁੱਝ ਨਿਘਾਸ ਜਿਹਾ ਆਇਆ। ਮੈਨੂੰ ਇੰਜ ਲੱਗਾ ਜਿਵੇਂ ਕੋਈ ਜੀਅ ਹੌਸਲਾ ਦੇਣ ਲਈ ਬਹੁੜ ਪਿਆ ਹੋਵੇ। ਮੈਂ ਬਿਨਾ ਕੁੱਝ ਹੋਰ ਸੋਚੇ ਸੁੰਨਸਾਨ ਪਈ ਸੜਕ ‘ਤੇ ਸਵਾਰ ਹੋ ਗਿਆ।
ਅਜੇ ਮੈਂ ਥੋੜ੍ਹੀ ਦੂਰ ਹੀ ਗਿਆ ਸਾਂ ਕਿ ਮੈਨੂੰ ਕਿਸੇ ਦੇ ਗੱਲਾਂ ਕਰਨ ਦੀ ਆਵਾਜ਼ ਆਈ। ਮੈਂ ਪਿੱਛੇ ਭੌਂਅ ਕੇ ਵੇਖਿਆ, ਦੋ ਸਾਈਕਲ ਸਵਾਰ ਆ ਰਹੇ ਸਨ। ਮੈਂ ਸੜਕ ਦੇ ਐਨ ਵਿਚਕਾਰ ਹੋ ਸਾਈਕਲ ਰੋਕਣ ਲਈ ਹੱਥ ਦੇ ਦਿੱਤਾ। ਉਨ੍ਹਾਂ ਨੇ ਥਾਏਂ ਬਰੇਕਾਂ ਮਾਰ ਦਿੱਤੀਆਂ। ਰਾਤ ਦੇ ਗੂੜ੍ਹੇ ਹਨੇਰੇ ਵਿਚ ਵੀ ਉਨ੍ਹਾਂ ਦੀਆਂ ਲਾਟੂ ਵਾਂਗ ਜਗਦੀਆਂ ਅੱਖਾਂ ‘ਚ ਡਰ ਤੇ ਦਹਿਸ਼ਤ ਸਾਫ਼ ਨਜ਼ਰ ਆ ਰਹੀ ਸੀ। ਉਹ ਦੋਵੇਂ ਲੈਰੀ ਜਿਹੀ ਉਮਰ ਦੇ ਮੁੰਡੇ ਸਨ। ਸਿਰ ‘ਤੇ ਸਾਫੇ ਦੇ ਵਲਾਵੇਂ ਮਾਰ ਰੱਖੇ ਸਨ। ਠੰਢ ਤੋਂ ਬਚਾਅ ਲਈ ਮੋਟੇ ਖੇਸਾਂ ਦੀਆਂ ਮਾਰੀਆਂ ਬੁੱਕਲਾਂ ਦੱਸਦੀਆਂ ਸਨ ਕਿ ਉਹ ਦੋਵੇਂ ਕਿਸੇ ਫੈਕਟਰੀ ਜਾਂ ਵਰਕਸ਼ਾਪ ਵਿਚ ਮਜ਼ਦੂਰ ਹਨ।
“ਡਰੋ ਨਾ ਭਰਾਵੋ। ਮੈਂ ਤਾਂ ਮਜਬੂਰੀ ‘ਚ ਫਸਿਆ ਅਜਨਬੀ ਆਂ। ਕੋਈ ਬੰਦਾ ਨੌਕਰੀ ਦਾ ਲਾਰਾ ਲਾ ਕੇ ਲੈ ਆਇਆ ਤੇ ਛੱਡ ਗਿਆ। ਮੈਂ ਤਾਂ ਏਧਰ ਕਿਸੇ ਨੂੰ ਜਾਣਦਾ ਬੁੱਝਦਾ ਵੀ ਹੈਨੀ। ਗੁਰਦੁਆਰੇ ਦਾ ਪਤਾ ਕੀਤਾ ਸੀ, ਉਥੇ ਵੀ ਰਹਿਣ ਦਾ ਪ੍ਰਬੰਧ ਹੈਨੀ। ਬੱਸ ਰਾਤ ਕੱਟਣੀ ਐ–ਜੇ ਕਿਤੇ ਹੱਲ ਹੋਜੇ–। ਮੇਹਰਬਾਨੀ ਹੋਊ ਥੋਡੀ।”
ਮੇਰੇ ਲਈ ਤਾਂ ਉਹ ਰੱਬ ਬਣ ਕੇ ਬਹੁੜੇ ਸਨ।
“ਭਰਾਵਾ, ਸੰਨ ਮਾ ਫਸਾ ਨਾ ਦੇਵੀਂ ਮਾਰੇ ਗਰੀਬਾਂ ਮਾ। ਜੋ੍ਹ ਮਾਰੇ ਗਰੌਂ ਕਿਸੇ ਗਰੀਬ ਮਹਾਤੜ ਗੈਲ ਧੱਕੇ ਨਾਲ ਰੋਟੀ ਖਾਗੇ, ਪੁਲਿਸ ਨੇ ਕੁੱਟ ਕੁੱਟ ਕੇ ਹੱਡੇ ਪੋਲੇ ਕਰੀ ਤੇ ਗਰੀਬਾਂ ਤੇ।”
“ਭਰਾ ਮੇਰਿਓ, ਵਿਸ਼ਵਾਸ ਕਰੋ ਮੇਰੇ ‘ਤੇ। ਮੈਂ ਤਾਂ ਵਕਤ ਦਾ ਮਾਰਿਆਂ। ਬਾਕੀ ਥੋਡੀ ਮਰਜ਼ੀ, ਕੋਈ ਜ਼ੋਰ-ਜ਼ਰਬੀ ਤਾਂ ਹੈਨੀ।”
ਉਨ੍ਹਾਂ ਨੇ ਇੱਕ-ਦੂਜੇ ਵੱਲ ਸੁਆਲੀਆ ਨਿਗਾਹਾਂ ਨਾਲ ਵੇਖਿਆ। ਸਿਰ ਤੋਂ ਪੈਰਾਂ ਤੱਕ ਪੁਲਸੀਆ ਝਾਤੀ ਮਾਰਦਿਆਂ ਉਨ੍ਹਾਂ ਨਾਲ ਲਿਜਾਣ ਦੀ ਹਾਮੀ ਭਰ ਦਿੱਤੀ।
“ਰਾਮਪੁਰ ਸੈਣੀਆਂ ਗੈਲ਼ ਗਰੌਂ ਆ ਮਾਰਾ ‘ਨਿਬੂੰਆ’। ਬੈਠ ਜਾ ਭਾਈ ਸਾਈਕਲਾ ਕੀ ਕਾਠੀ ਮਾ।” ਨਿਗਾਹ ਉਨ੍ਹਾਂ ਦੀ ਅਜੇ ਵੀ ਵਾਰ-ਵਾਰ ਮੇਰੀ ਪੱਗ ਉੱਤੇ ਹੀ ਜਾ ਠਹਿਰਦੀ ਸੀ।
“ਦੇਖੀ ਜਾਹਾ, ਮਾਤਾ ਰਾਣੀ ਗੈਲ਼ ਡੋਰਾਂ। ਨੈਣਾ ਦੇਵੀ ਭਲੀ ਕਰੇ ਤੇ।”
ਮੈਂ ਪਲੱਥੀ ਮਾਰ ਕੇ ਸਾਈਕਲ ਦੀ ਕਾਠੀ ‘ਤੇ ਬੈਠ ਗਿਆ। ਉਹ ਪੈਡਲਾਂ ‘ਤੇ ਜ਼ੋਰ ਪਾਉਣ ਲੱਗਾ ਸੀ। ਕਿਤੇ-ਕਿਤੇ ਰਾਹ ਰੇਤਲਾ ਆ ਜਾਂਦਾ ਤਾਂ ਅੱਧਖੜ ਸਾਈਕਲ ਦੀ ਚੈਨ ‘ਚੋਂ ‘ਕੜੱਚ-ਕੜੱਚ’ ਦੀ ਆਵਾਜ਼ ਆਉਣ ਲੱਗਦੀ ਜਿਹੜੀ ਰਾਤ ਦੇ ਸੰਨਾਟੇ ਨੂੰ ਚੀਰਦੀ ਦੂਰ-ਦੂਰ ਤੱਕ ਖਿਲਰ ਜਾਂਦੀ। ਰਾਤ ਦੇ ਗੂੜੇ੍ਹ-ਕਾਲੇ ਹਨੇਰੇ ਵਿਚ ਡਰੇਨ ਦੀ ਪਟੜੀ ਦੇ ਨਾਲ ਨਾਲ ਦੋਵੇਂ ਪਾਸੇ ਉੱਚਾ-ਉੱਚਾ ਸਰਕੰਡਾਂ ਡਰਾਉਣੇ ਆਕਾਰ ਬਣਾਈ ਖੜ੍ਹਾ ਸੀ। ਸਾਈਕਲ ਦੀ ਚੇਨ “ਕੜੱਚ-ਕੜੱਚ” ਕਰਦੀ ਤਾਂ ਸਰਕੰਡਿਆਂ ‘ਚੋਂ ਡਰਦੀ ਮਾਰੀ ਕੋਈ ਟਟੀਹਰੀ “ਟੀਂਅ-ਟੀਂਅ” ਕਰਦੀ ਅਸਮਾਨ ਵੱਲ ਉਡਾਰੀ ਮਾਰ ਜਾਂਦੀ। ਸਰਕਾਨੇ ਆਪਸ ਵਿਚ ਤੇਜ਼ੀ ਨਾਲ ਖਹਿੰਦੇ ਤਾਂ ‘ਸ਼ਾਂਅ—ਸ਼ਾਂਅ’ ਦੀ ਆਵਾਜ਼ ਬੀਂਡਿਆਂ ਦੀ ਆਵਾਜ਼ ਨਾਲ ਰਲ ਕੇ ਅੰਦਰਲੇ ਡਰ ਨੂੰ ਹੋਰ ਸੰਘਣਾ ਕਰ ਦਿੰਦੀ। ਮੈਂ ਲੋਈ ਦੀ ਬੁੱਕਲ ਨੂੰ ਹੋਰ ਜ਼ੋਰ ਨਾਲ ਘੁੱਟ ਲੈਂਦਾ।
“ਬੀਰ ਦੇਖੀਂ ਕਿਤੇ ਗਰੀਬਾਂ ਮਾ ਮਰਾਈ ਦੇਵੇ।” ਰਾਹ ‘ਚ ਉਨ੍ਹਾਂ ਨੇ ਦੋ ਤਿੰਨ ਵਾਰ ਆਖਿਆ ਸੀ।
ਜਦੋਂ ਅਸੀਂ ਨਿੰਬੂਆਂ ਪਿੰਡ ਦੀ ਜੂਹ ‘ਚ ਪਹੁੰਚੇ, ਬੱਤੀ ਗਈ ਹੋਈ ਸੀ। ਸੰਘਣੇ ਤੇ ਕਾਲੇ ਅੰਨੇ੍ਹਰੇ ਵਿਚ ਰੁੱਖ ਹੋਰ ਵੀ ਡਰਾਉਣੇ ਲੱਗ ਰਹੇ ਸਨ।
“ਜੌਹ ਈ ਗਰੌਂ ਆਪਣਾ।” ਇੱਕ ਘਰ ਦੇ ਖੁੱਲੇ੍ਹ ਵਿਹੜੇ ‘ਚ ਵੜਦਿਆਂ ਹੀ ਉਸਨੇ ਸਾਈਕਲ ਕਿਸੇ ਦਰੱਖਤ ਨਾਲ ਲਾ ਦਿੱਤਾ ਸੀ। ਅਸੀਂ ਇੱਕ ਖੁੱਲੇ੍ਹ ਜਿਹੇ ਕਮਰੇ ‘ਚ ਜਾ ਵੜੇ ਸਾਂ। ਅਜੀਬ ਜਿਹੀ ਬਦਬੂ ਦਾ ਭੰਬੂਕਾ ਮੇਰੇ ਦਿਮਾਗ ਨੂੰ ਚੜ੍ਹਦਾ ਮਹਿਸੂਸ ਹੋਇਆ। ਸਬਾਤ ‘ਚੋਂ ਅੱਧਖੜ ਉਮਰ ਦਾ ਗਰੀਬੀ ਨਾਲ ਬੁਰੀ ਤਰ੍ਹਾਂ ਝੰਬਿਆ ਆਦਮੀ ਮਿੱਟੀ ਦੇ ਤੇਲ ਵਾਲਾ ਦੀਵਾ ਫੜੀ ਬਾਹਰੋਂ ਹੀ ਬੋਲਦਾ ਆਇਆ ਸੀ।
“ਕੈਅ ਬਾਤ ਘਣੀ ਡੇਰ ਕਰੇ ਤੈ? ਮਾਰ੍ਹੇ ਗੈਲ ਫਿਕਰ ਮਾ ਜਾਨ ਖੁਸ਼ਕ ਹੋਈ ਜਹਾ। ਯੋ ਬਾਤ ਦੋਮਾਂ ਕੇ ਦਮਾਕ ਮਾ ਨੀ ਆਇਆ, ਪਿਛਲੇ ਮਾਸ ਬੱਸਮਾ ਬਾਰਦਾਤ ਹੋਈ ਐ ਔਰ ਤੀਹ ਕੇ ਬੱਧ ਬੰਦੇ ਮਾਰਤੇ। ਏਹ ਬਾਤ ਕਾ ਤਾ ਰੌਲਾ ਬੀ ਖਾਸਾ ਪਿਆ ਤਾ ਖਬਾਰਾਂ ਮਾ।” ਉਹ ਅੰਦਰ ਆਇਆ ਤਾਂ ਮੁੰਡਿਆਂ ਨਾਲ ਕਿਸੇ ਅਜਨਬੀ ਨੂੰ ਵੇਖ ਕੇ ਠਠੰਬਰ ਜਿਹਾ ਗਿਆ। ਮੇਰੀ ਪੱਗ ਜਿਵੇਂ ਉਸਨੂੰ ਡੰਗ ਮਾਰਦੀ ਲੱਗੀ ਸੀ। ਖੱਬੇ ਹੱਥ ਦੀਆਂ ਉਂਗਲਾਂ ‘ਚ ਫਸਾਈ ਬੀੜੀ ਕਾਹਲੀ ਕਾਹਲੀ ਥੱਲੇ ਸੁੱਟ ਕੇ ਪੈਰਾਂ ਥੱਲੇ ਮਸਲ ਦਿੱਤੀ। ਮੈਂ ਦੀਵੇ ਦੀ ਡੋਲਦੀ ਲਾਟ ਦੇ ਮੱਧਮ ਜਿਹੇ ਚਾਨਣ ‘ਚ ਦੇਖਿਆ, ਕਮਰੇ ਦੇ ਅੱਧੇ ਹਿੱਸੇ ਨੂੰ ਇੱਕ ਪੱਲੀ ਨਾਲ ਦੋ ਹਿੱਸਿਆਂ ‘ਚ ਵੰਡਿਆ ਹੋਇਆ ਸੀ ਤੇ ਦੂਜੇ ਹਿੱਸੇ ‘ਚ ਤਿੰਨ ਚਾਰ ਬੱਕਰੀਆਂ ਬੰਨੀ੍ਹਆਂ ਹੋਈਆਂ ਸਨ।
“ਜਾਣੂ ਐ। ਮੋਗੇ `ਤੇ ਆਇਆ। ਵਰਕਸ਼ਾਪ ਮਿਲਿਆ ਤਾ। ਕਹੇ ਥੋਡਾ ਗਰੌਂ ਦੇਖਣਾ।” ਪਾਲੇ ਨੇ ਕਾਹਲੀ ਕਾਹਲੀ ਮੇਰੇ ਬਾਰੇ ਜਾਣਕਾਰੀ ਦਿੱਤੀ। ਬਜੁLਰਗ ਦੀਆਂ ਵਕਤਾਂ ਮਾਰੀਆਂ ਤੇਜ਼ ਅੱਖਾਂ ਨੇ ਬੜੀ ਤੇਜ਼ੀ ਨਾਲ ਮੇਰੇ ਸਰੀਰ ਦੀ ਸਕੈਨਿੰਗ ਕਰ ਲਈ ਸੀ।
“ਸਤਿ ਸ੍ਰੀ ਆਕਾਲ ਜੀ!” ਮੈਂ ਦੋਵੇਂ ਹੱਥ ਜੋੜ ਦਿੱਤੇ ਸਨ।
“ਸੌ-ਅ—ਸ—ਰੀ ਕਾਅਲ !” ਬਜੁLਰਗ ਤੋਂ ਮਸਾਂ ਹੀ ਬੋਲਿਆ ਗਿਆ ਸੀ। ਸ਼ਾਇਦ ਗਲਾ ਖੁਸ਼ਕ ਹੋ ਗਿਆ ਸੀ ਤੇ ਉਸ ਨੇ ਪੂਰਾ ਜ਼ੋਰ ਲਾ ਥੁੱਕ ਗਲੇ ‘ਚ ਲਿਆ ਕੇ ਮਸਾਂ ਇੰਨੇ ਕੁ ਸ਼ਬਦ ਹੀ ਬੋਲੇ ਸਨ।
“ਰੋਟੀ…!” ਉਸਨੇ ਪਾਲੇ ਨੂੰ ਰੋਟੀ ਫੜ ਕੇ ਲੈ ਆਉਣ ਦਾ ਇਸ਼ਾਰਾ ਕਰਦਿਆਂ ਉਹਨੀਂ ਪੈਰੀਂ ਮੁੜ ਜਾਣਾ ਚੰਗਾ ਸਮਝਿਆ ਸੀ। ਰੋਟੀ ਲਿਆਉਣ ਲਈ ਪਾਲਾ ਵੀ ਉਸਦੇ ਮਗਰੇ ਹੀ ਤੁਰ ਗਿਆ। ਗੋਹੇ ਦੀ “ਮਹਿਕ” ਦਾ ਤਾਂ ਜਨਮ ਤੋਂ ਹੀ ਆਦੀ ਸਾਂ ਪਰ ਬੱਕਰੀਆਂ ਦੀਆਂ ਮੀਂਗਣਾ ਦੀ ਆ ਰਹੀ ਤੇਜ਼ ਹਵਾੜ ਮੇਰੇ ਨੱਕ ਨੂੰ ਚੜ੍ਹਦੀ ਜਾਂਦੀ ਸੀ।
“ਯੋਹ ਸਾਲਾ ਬੰਦੇ ਕਾ ਟੈਮ ਮਾੜਾ ਆਵੇ, ਸੁਬੀਆਂ ਬੀ ਸ਼ੀਂਹ ਬਣ ਜਾਹਾ। ਫੇ ਗਾਰੇ ਮਾ ਫਸੀ ਮੈਸ੍ਹ ਮੰਗੂ ਬੇਖੀ ਜਾਹਾ। ਬੰਦਾ ਦੇਖ ਪਰਖ ਕਰ ਘਰ ਲਿਆਣੇ ਕਾ। ਛੋਰਾਂ ਮੱਤ ਕਰੀ। ਥਾਰੇ ਡਮਾਕ ਮਾ ਆਇਆ ਨ੍ਹੀ ਬੀ ਸਾਲਾ੍ਹ ਮਾਰੇ ਗੈਲ ਪੰਗਾ ਖੜਾ ਹੋਜੂ।” ਨਾਲ ਦੇ ਕਮਰੇ ‘ਚੋਂ ਹੁੰਦੀ ਘੁਸਰ-ਮੁਸਰ ਸਾਫ ਸੁਣਾਈ ਦਿੰਦੀ ਸੀ। ਇੱਧਰ ਮੀਂਗਣਾ ਜਿਵੇਂ ਮੇਰੇ ਦਿਮਾਗ ਨੂੰ ਚੜ੍ਹਦੀਆਂ ਜਾਂਦੀਆਂ ਸਨ। “ਲਗਦਾ ਨ੍ਹੀ ਐਹੇ ਜਾ। ਦੇਖਣੇ ਮਾ ਤਾ ਸ਼ਰੀਫ਼ ਐ। ਇਸਤੇ ਬਾਤ ਕਰੀ ਤੇ ਸਮਝ ਮਾ ਏਹੀ ਆ ਜਹਾ ਬੀ ਐਸਾ ਵੈਸਾ ਗੈਰ ਬੰਦਾ ਨ੍ਹੀ।”
“ਐਹੇ ਜੇ ਸ਼ਰੀਫ਼ ਦਿਖਣੇ ਆਲੇ ਗਰੌਂ ਬੰਦਾ ਮਾਰ ਕੈ ਭੱਜੇ ਹੁੰਦੇ।”
“ਦੇਖੀ ਜਾਊ। ਹੁਣ ਤਾਂ ਬਲਾ ਗੈਲ਼ ਆ ਪੜੀ।” ਉਹ ਆਪਸ ਵਿਚ ਹੌਲੀ ਹੌਲੀ ਗੱਲਾਂ ਕਰੀ ਜਾਂਦੇ ਸਨ।
ਰੋਟੀ ਟੁੱਕ ਖਾਣ ਬਾਅਦ ਅਸੀਂ ਰਜਾਈਆ ‘ਚ ਵੜ ਗਏ। ਠੰਢ ਹੱਡਾਂ ਨੂੰ ਚੀਰਦੀ ਜਾਂਦੀ ਸੀ। ਮੈਂ ਅਲਾਣੀ ਜਿਹੀ ਮੰਜੀ ‘ਚ ਅੱਧਖੜ ਰਜਾਈ ‘ਚ ਗੁੱਛੀ-ਮੁੱਛੀ ਹੋ ਕੇ ਪੈ ਗਿਆ। ਮਿੱਟੀ ਦੇ ਤੇਲ ਵਾਲੇ ਦੀਵੇ ਦੀ ਲਾਟ ਹੌਲੀ-ਹੌਲੀ ਮੱਧਮ ਹੁੰਦੀ ਆਖਰ “ਫੱਕ” ਕਰ ਕੇ ਬੁੱਝ ਗਈ। ਮੈਂ ਮੂੰਹ ਸਿਰ ਰਜਾਈ ‘ਚ ਦੇ ਕੇ ਸੌਣ ਦੀ ਕੋਸ਼ਿਸ਼ ਕੀਤੀ ਪਰ ਨੀਂਦ ਨੇੜੇ ਨਹੀਂ ਸੀ ਆ ਰਹੀ। ਪਾਲਾ ਅਤੇ ਦੂਸਰਾ ਮੁੰਡਾ ਦਿਨ ਦੇ ਕੰਮ ਦੇ ਭੰਨੇ੍ਹ ਹੋਣ ਕਰਕੇ ਛੇਤੀ ਹੀ ਹੂੰਗਰੇ ਮਾਰਨ ਲੱਗ ਪਏ। ਥੋੜ੍ਹੇ ਚਿਰ ਬਾਅਦ ਕੋਈ ਬੱਕਰੀ “ਮੈਂਅ—ਮੈਂਅ” ਕਰਨ ਲੱਗਦੀ ਤਾਂ ਮੈਂ ਮਹਾਤਮਾ ਗਾਂਧੀ ਦੇ ਭਾਰਤ ਛੱਡੋ ਅੰਦੋਲਨ ‘ਚ ਉਲਝ ਉਸਦੇ ਸੁਪਨਿਆਂ ਦੇ ਰਾਮਰਾਜ ਬਾਰੇ ਸੋਚਣ ਲੱਗ ਜਾਂਦਾ।
ਰਾਤ ਨੇ ਅਗਲੇ ਪਹਿਰ ‘ਚ ਪੈਰ ਰੱਖ ਲਿਆ ਹੋਵੇਗਾ। ਮੈਨੂੰ ਬਾਹਰ ਵਿਹੜੇ ‘ਚ ਕੋਈ ਤੁਰਿਆ ਫਿਰਦਾ ਮਹਿਸੂਸ ਹੋਇਆ। ਫੇਰ ਇਹ ਪੈੜਚਾਲ ਸਾਡੇ ਵਾਲੀ ਸਬਾਤ ‘ਚ ਤੁਰ ਆਈ। ਮੈਂ ਰਜਾਈ ਹੋਰ ਜ਼ੋਰ ਨਾਲ ਆਪਣੇ ਦੁਆਲੇ ਘੁੱਟ ਲਈ। ਸਬਾਤ ‘ਚ ਆਉਣ ਵਾਲਾ ਸ਼ਖਸ ਖਾਸਾ ਚਿਰ ਇੱਧਰ-ਉਧਰ ਹੱਥ ਕਰੋਲੇ ਦਿੰਦਾ ਰਿਹਾ। ਉਸਨੇ ਕਾਨਸ ‘ਤੇ ਰੱਖੇ ਮੇਰੇ ਬੈਗ ਵਿਚਲੇ ਸਮਾਨ ਦੀ ਫੋਲਾਫਾਲੀ ਕੀਤੀ ਤੇ ਚਲਾ ਗਿਆ। ਹੁਣ ਵਿਹੜੇ ‘ਚੋਂ ਆਉਣ ਵਾਲੀ ਪੈੜਚਾਲ ਬੰਦ ਹੋ ਚੁੱਕੀ ਸੀ। ਵਿਹੜੇ ‘ਚ ਤੁਰਿਆ ਫਿਰਨ ਵਾਲਾ ਸ਼ਖਸ ਸ਼ਾਇਦ ਰਜਾਈ ‘ਚ ਜਾ ਵੜਿਆ ਸੀ।
ਸਵੇਰੇ ਸਾਝਰੇ ਹੀ ਪਾਲੇ ਦਾ ਬਾਪ ਬੱਕਰੀ ਦੇ ਦੁੱਧ ਦੀ ਬਣੀ ਚਾਹ ਲੈ ਆਇਆ। ਚਾਹ ‘ਚੋਂ ਲੂਣਾ ਲੂਣਾ ਜਿਹਾ ਸੁਆਦ ਆ ਰਿਹਾ। ਗੁੜ ਤੇ ਚੌਲਾਂ ਦੀਆਂ ਬਣੀਆਂ ਪਿੰਨੀਆਂ ਖਾਂਦਿਆਂ ਮੈਂ ਨੀਵੀਂ ਪਾਈ ਵੇਖਦਾ ਰਿਹਾ, ਪਾਲੇ ਦੇ ਬਾਪ ਦੇ ਚਿਹਰੇ ਉਪਰ ਡਰ ਦੀ ਹੁਣ ਕੋਈ ਨਿਸ਼ਾਨੀ ਨਹੀਂ ਸੀ।
ਸਾਡੇ ਜੰਗਲ ਪਾਣੀ ਜਾ ਕੇ ਆਉਂਦਿਆਂ ਨੂੰ ਉਸਨੇ ਨਹਾਉਣ ਵਾਸਤੇ ਪਾਣੀ ਕੱਚੀਆਂ-ਪੱਕੀਆਂ ਇੱਟਾਂ ਦਾ ਵਾਗਲਾ ਜਿਹਾ ਮਾਰ ਕੇ ਬਣਾਏ ਆਰਜ਼ੀ ਗੁਸਲਖਾਨੇ ‘ਚ ਰੱਖ ਦਿੱਤਾ ਸੀ। ਤੱਤੇ ਤੱਤੇ ਪਾਣੀ ਨਾਲ ਨਹਾਉਂਦਿਆਂ ‘ਮਨੋਹਰ ਬਾਬੂ’ ਦੀ ਮੈਲ ਵੀ ਦਿਮਾਗ ਤੋਂ ਲਾਹ ਕੇ ਪਰੇ੍ਹ ਸੁੱਟ ਦਿੱਤੀ ਸੀ। ਹੁਣ ਤਾਂ ਜਵਾਂ ਹੌਲਾ ਫੁੱਲ ਵਰਗਾ ਸਾਂ।
ਰੋਟੀ ਟੁੱਕ ਖਾਂਦਿਆਂ ਪਾਲੇ ਦਾ ਬਾਪ ਹੁਣ ਮੇਰੇ ਨਾਲ ਖੁੱਲ੍ਹ ਕੇ ਗੱਲਾਂ ਕਰ ਰਿਹਾ ਸੀ। ਮਨੋਹਰ ਬਾਬੂ ਦੀ ਮੇਹਰਬਾਨੀ ਵਾਲੀ ਸਾਰੀ ਕਥਾ ਵੀ ਮੈਂ ਹੁਣ ਉਸਨੂੰ ਸੁਣਾ ਦਿੱਤੀ ਸੀ। ਗੱਲਾਂ ਕਰਦਿਆਂ ਕਰਦਿਆਂ ਉਸਨੇ ਦੋ-ਤਿੰਨ ਬੀੜੀਆਂ ਵੀ ਖਿੱਚ ਲਈਆਂ ਸਨ। ਬੱਕਰੀਆਂ ਦੀਆਂ ਮੀਂਗਣਾਂ ਦਾ ਮੁਸ਼ਕ ਵੀ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਸੀ। ਸਬਜ਼ੀ ਨਾਲੋਂ ਵੱਧ ਮੈਂ ਤੁੱਕਿਆਂ ਦਾ ਆਚਾਰ ਖਾ ਗਿਆ ਸਾਂ।
“ਯੋਹ ਤੋ ਬੜੀ ਮਾੜੀ ਹੋਈ ਤੇਰੇ੍ਹ ਗੈਲ਼। ਰੱਬ ਨੇ ਕਈ ਬੰਦੇ ਤਾ ਜਮਾ ਰਹਾਮ ਦੇ ਪੈਦਾ ਕਰਾ ਤੇ। ਹਲੇ ਤੈ ਕਰਮਾ ਵਾਲਾ ਹੋਆਂ ਯੋਹ ਬਚ ਗਿਆ। ਐਹ ਸੀ ਪੀ ਆਰਾਂ ਆਲਿਆਂ ਗੈਲ ਕਾਬੂ ਆਈ ਜਾਂਦੈ, ਗੈਲ਼ ਕੁਛ ਨ੍ਹੀ ਤਾ ਬਨਣਾ। ਨਾ ਗਾਹਾਂ ਆਲਿਆਂ ਗੈਲ ਪਤਾ ਲੱਗਣਾ ਤਾ ਨਾ ਘਰਦਿਆਂ ਗੈਲ”
“ਜੇ ਸੀ ਆਰ ਪੀ ਵਾਲਿਆਂ ਦੇ ਕਿਵੇਂ ਕਾਬੂ ਆ ਜਾਂਦਾ? ਮੈਂ ਤਾਂ ਥੋਡੇ ਕਾਬੂ ਆਉਣਾ ਸੀ।” ਮੇਰੇ ਹਾਸੇ ‘ਚ ਉਨ੍ਹਾਂ ਸਾਰਿਆਂ ਦਾ ਨਿਰਮਲ ਹਾਸਾ ਵੀ ਰਲ ਗਿਆ ਸੀ।
“ਦੇਖ ਲਿਓ ਬਈ ਸ਼ਰਾਬੀ ਬਾਬੂ ਤੋ ਅੱਜ ਸਬੇਰੀਂ-ਕੱਲ੍ਹ ਸਬੇਰੀਂ ਮਰਿਆ ਲੈ।”
“ਚੱਲ ਆਪਾਂ ਕਾਹਨੂੰ ਕਿਸੇ ਦਾ ਬੁਰਾ ਚਿਤਵਨਾ।”
ਫੇਰ ਕਿੰਨਾ ਚਿਰ ਇੱਧਰ-ਉਧਰ ਦੀਆਂ ਗੱਲਾਂ ਕਰਦੇ ਰਹੇ। ਉਨ੍ਹਾਂ ਦੀ ਬਾਂਗਰੂ ਬੋਲੀ ਮੇਰੇ ਕੰਨਾਂ ‘ਚ ਰਸ ਘੋਲਦੀ ਰਹੀ। ਮੇਰਾ ਜੀਅ ਕਰਦਾ ਸੀ ਉਹ ਬੋਲੀ ਜਾਣ ਤੇ ਮੈਂ ਸੁਣੀ ਜਾਵਾਂ।
ਘਰੋਂ ਤੁਰਨ ਲੱਗਿਆਂ ਮੈਂ ਬਜ਼ੁਰਗ ਦੇ ਗੋਡਿਆਂ ਨੂੰ ਹੱਥ ਲਾਇਆ ਤਾਂ ਉਸਨੇ ਮੇਰੇ ਮੋਢੇ ਪਲੋਸਦਿਆਂ ਆਖਿਆਂ, “ਇਬ ਕਬੀ ਇਧਰ ਚੰਦੀਗੜਾ ਗੈਲ਼ ਆਵੈ, ਗਾਹਾਂ ਨਿਬੂੰਆਂ ਤਾ ਜਰੂਰ ਆਣੈ।”
“ਜਰੂਰ ਆਊਂ ਚਾਚਾ! ਸੁੱਖ ਚਾਹੀਦੀ ਜਰੂਰ ਆਊਂ ਕਦੀ।” ਸਮਾਨ ਵਾਲਾ ਬੈਗ ਮੋਢੇ ਪਾਉਂਦਿਆਂ ਮੈਂ ਹੌਲੀ ਜਿਹੇ ਆਖਿਆ, “ਚਾਚਾ! ਸਮਾਨ ‘ਚ ਕੋਈ ਇਤਰਾਜ ਵਾਲੀ ਚੀਜ਼ ਤਾਂ ਨ੍ਹੀ ਸੀ?”
ਤੇ ਉਸ ਬਾਂਗਰੂ ਚਾਚੇ ਨੇ ਅੱਖਾਂ ਭਰਦਿਆਂ ਮੈਨੂੰ ਬੁੱਕਲ ਵਿਚ ਘੁੱਟ ਲਿਆ।