ਅਕਾਲ ਤਖਤ ਦੀ ਸਰਵਉੱਚਤਾ ਓਹਲੇ ਸਿੱਖ ਸਿਆਸਤ ਦੇ ਅਨਾੜੀਪੁਣੇ ਦੀ ਫੁੱਲਝੜੀ ਤੇ ਮਗਰਮੱਛ!

ਹਜ਼ਾਰਾ ਸਿੰਘ ਮਿਸੀਸਾਗਾ
ਫੋਨ: 647-685-5997
ਅਕਾਲ ਤਖਤ ਦੀ ਸਰਵਉੱਚਤਾ ਓਹਲੇ ਸਿੱਖ ਸਿਆਸਤ ਦੇ ਅਨਾੜੀਪੁਣੇ ਦੀ ਫੁੱਲਝੜੀ ਪਿਛਲੇ ਸੱਤ ਮਹੀਨੀਆਂ ਤੋਂ ਚੱਲ ਰਹੀ ਹੈ। ਸਿੱਖ ਸੰਸਥਾਵਾਂ ਦਾ ਕਬਾੜਾ ਹੋ ਰਿਹਾ ਹੈ, ਵਿਦਵਾਨ ਅਤੇ ਵਿਸ਼ਲੇਸ਼ਕ ਪਿਛਲੇ ਸੱਤ ਮਹੀਨੀਆਂ ਤੋਂ ਕਿਆਫਿਆਂ ਦਾ ਪੀਸਣਾ ਹਰ ਰੋਜ਼ ਪੀਸ ਰਹੇ ਹਨ। ਸੋਸ਼ਲ ਮੀਡੀਆ ਉੱਪਰ ਜਮਾਂਦਰੂ ਸੁਪਨੇਬਾਜ਼ਾਂ, ਗੁਰਜਧਾਰੀ, ਮੂੰਹਫੱਟ, ਅਣਜਾਣ ਅਤੇ ਕਈ ਬੜੇ ਹੀ ਸੰਜਮੀ ਯਾਨੀ ਕਿ ਰੰਗ ਰੰਗ ਦੇ ਪਖੰਡੀ ਤਬਸਰਾਕਾਰਾਂ ਵਲੋਂ ਜ਼ਿਦ-ਜ਼ਿਦ ਕੇ ਮਗਰਮੱਛ ਵਾਲੇ ਅੱਥਰੂ ਕੇਰੇ ਜਾ ਰਹੇ ਹਨ। ਸਰਵਉੱਚ ਜਥੇਦਾਰ ਲੰਮੀ ਚੁੱਪ ਤੋਂ ਬਾਅਦ ਕੁੱਝ ਅਸਪੱਸ਼ਟ ਜਿਹਾ ਆਖ ਕੇ ਸੰਗਤਾਂ ਨੂੰ ਲੱਖਣ ਲਾਈ ਜਾਣ ਦੇ ਆਹਰ ਲਾਉਂਦੇ ਆ ਰਹੇ ਹਨ।

ਅਕਾਲੀ ਤਖਤ ‘ਤੇ ਕੀ ਖੱਟਣ ਗਏ ਸਨ ਅਤੇ ਕੀ ਖੱਟੀ ਬੈਠੇ ਹਨ, ਇਹ ਇਨ੍ਹਾਂ ਦੀ ਤਿਕੜਮਬਾਜ਼, ਖੁਦਗਰਜ਼ ਸਿਆਸਤ ਦੀ ਲੋਕ ਮਨਾਂ ਅੰਦਰ ਕਿਰਚੀ-ਕਿਰਚੀ ਹੋਈ ਤਸਵੀਰ ਮੂੰਹੋਂ ਬੋਲ ਰਹੀ ਹੈ। ਆਪਣੇ ਅੰਦਰੂਨੀ ਮਸਲੇ ਹੱਲ ਕਰਨ ਦੀ ਅਯੋਗਤਾ ਮਾਮੂਲੀ ਮਸਲਿਆਂ ਨੂੰ ਵੀ ਗਲ਼ ਦੇ ਫਾਹੇ ਬਣਾ ਰਹੀ ਹੈ। ਇਹ ਅਨਾੜੀਪੁਣਾ ਜਥੇਦਾਰ ਹਰਪ੍ਰੀਤ ਸਿੰਘ ਦੀ ਬਲੀ ਤਾਂ ਲੈ ਚੁੱਕਾ ਹੈ ਅਤੇ ਜਥੇਦਾਰ ਧਾਮੀ ਦੀ ਹੋਣੀ ਅਜੇ ਵਿਚ ਵਿਚਾਲੇ ਲਟਕੀ ਨਜ਼ਰ ਆ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਹੁਰਾਂ ਦੀ ਸਥਿਤੀ ਹਾਸੋ-ਹੀਣੀ ਬਣੀ ਹੋਈ ਹੈ। ਸੁਖਬੀਰ ਸਿੰਘ ਬਾਦਲ ਦਾ ਸਿਆਸੀ ਸਿਰ ਮੰਗਣ ਵਾਲੇ ਡੁਰਲੀ ਜਥਿਆਂ ਦੀ ਹਾਲ ਪਾਹਰਿਆ ਦੀ ਧੱਕ ਨਾਲ ਅਕਾਲੀ ਫੂਲਾ ਸਿੰਘ ਬਣਨ ਤੁਰੇ ਜਥੇਦਾਰ ਹੁਣ ਸ਼੍ਰæੋਮਣੀ ਕਮੇਟੀ ਵੱਲੋਂ ਆਪਣੇ ਅਧਿਕਾਰ ਖੇਤਰ ਦੀਆਂ ਸੀਮਾਵਾਂ ਬਾਰੇ ਦੱਸੇ ਜਾਣ ‘ਤੇ ਅਜੀਬੋ-ਗਰੀਬ ਬਿਆਨ ਦੇ ਰਹੇ ਹਨ ਕਿ ਉਨ੍ਹਾਂ ਨੂੰ ਹੁਣ ਪਤਾ ਲੱਗਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਦਾ ਹੁਕਮ ਤਾਂ ਅਕਾਲ ਤਖਤ ਦੀ ਚਾਰ ਦੀਵਾਰੀ ਤੱਕ ਹੀ ਸੀਮਿਤ ਹੈ। ਸ਼ਰ੍ਹੇਆਮ ਇਸ ਕਿਸਮ ਦੇ ਵਿਅੰਗਮਈ ਕਥਨ ਨਾਲ ਉਹ ਹਮੀਰ ਸਿੰਘ ਦੇ ‘ਪੁਲਾਂਘ ਚੈਨਲ’ ਤੋਂ ਪ੍ਰੋਫੈਸਰ ਕਿਹਰ ਸਿੰਘ, ਹਰਜਿੰਦਰ ਸਿੰਘ ਰੰਧਾਵਾ ਦੇ ਪੰਜਾਬ ਟੈਲੀਵਿਜ਼ਨ ਤੋਂ ਸੀਨੀਅਰ ਪੱਤਰਕਾਰ/ਇਤਿਹਾਸਕਾਰ, ‘ਪ੍ਰਾਈਮ ਏਸ਼ੀਆ’ ਦੇ ਨਿਪੁੰਨ ਬੁਲਾਰੇ ਕਾਮਰੇਡ ਜਤਿੰਦਰ ਪੰਨੂ ਅਤੇ ਪਿਛਲੇ ਸਮੇਂ ਦੌਰਾਨ ਖੁੰਭਾਂ ਵਾਂਗੂ ਉੱਗੇ ਦਰਜਨ ਦੇ ਕਰੀਬ ਹੋਰ ਚੈਨਲਾਂ ਤੋਂ ਨਿੱਤ ਦਿਨ ਗਰਜਦੇ ਤਬਸਰਾਕਾਰਾਂ ਦੀ ‘ਪ੍ਰੇਰਣਾ’ ਨਾਲ ਸ਼੍ਰੋਮਣੀ ਕਮੇਟੀ ਦੇ ਰਹਿੰਦੇ-ਖੂੰਹਦੇ ਵੱਕਾਰ ਨੂੰ ਘੱਟਿਓਂ ਕੌਡੀ ਰਲਾਉਣ ਦੇ ਰਾਹੇ ਪਏ ਨਜ਼ਰ ਆ ਰਹੇ ਹਨ। ਸਮਝ ਨਹੀਂ ਆਉਂਦੀ ਕਿ ਬਲਦੀ ‘ਤੇ ਤੇਲ ਪਾ ਰਹੇ ਅਜਿਹੇ ਟਿੱਪਣੀਕਾਰਾਂ ਨੂੰ ਲਗਾਤਾਰ ਪੂਰੇ ਜਾਹੋ-ਜਲਾਲ ਨਾਲ ਇਸ ਕਿਸਮ ਦਾ ਵਲਾਜੌਹਟ ਝੱਲ ਖਿਲਾਰ ਕੇ ਆਖਿਰ ਮਿਲੇਗਾ ਕੀ? ਸਰਵਉੱਚ ਕਹੇ ਜਾਂਦੇ ਜਥੇਦਾਰ ਦੀ ਹੋਣੀ ਬਾਰੇ ਬਣੀ ਅਨਿਸ਼ਚਿਤਤਾ ਕਾਰਨ ਵੱਡੇ ਵਿਸ਼ਲੇਸ਼ਕ ਅਤੇ ਕੁਝ ਮਨਚਲੇ ਸੱਜਣ ਤਾਂ ਇੱਥੋਂ ਤਕ ਕਹੀ ਜਾਂਦੇ ਹਨ ਕਿ ਕੀ ਹੁਣ ਜਥੇਦਾਰ ਜੀ ਸ਼ਹੀਦ ਹੋਣਗੇ, ਖੁਦਕੁਸ਼ੀ ਕਰਨਗੇ ਜਾਂ ਫਿਰ ਉਨ੍ਹਾਂ ਦੀ ਬਲੀ ਲਈ ਜਾਵੇਗੀ।
ਜਥੇਦਾਰਾਂ ਦੀ ਸੰਸਥਾ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਤੋਂ ਨਿਰੰਕੁਸ਼ ਰੂਪ ਵਿਚ ਸੁਤੰਤਰ ਹੋਣ ਦੀ ਵਕਾਲਤ ਕਰਨ ਵਾਲੇ ਇਨ੍ਹਾਂ ਭਲੇ ਲੋਕਾਂ ਨੂੰ ਕੀ ਇਹ ਗੱਲ ਭੁੱਲ ਗਈ ਹੈ ਕਿ ਜਥੇਦਾਰ ਟੌਹੜਾ ਨੇ ਦਸੰਬਰ ’90 ਵਿਚ ਸ਼੍ਰੋਮਣੀ ਕਮੇਟੀ ਦੇ ਆਮ ਇਜਲਾਸ ਵਿਚ ਉਸ ਸਮੇਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਰਸ਼ਨ ਸਿੰਘ ਨੂੰ ਉਨ੍ਹਾਂ ਦੇ ‘ਅਧਿਕਾਰ ਖੇਤਰ ਬਾਰੇ ਜਾਣੂ ਕਰਵਾਉਣ ਦੀ ਲੋੜ ਕਿਉਂ ਪਈ ਸੀ!’ ਕੀ ਇਨ੍ਹਾਂ ਨੂੰ ਭੁੱਲ ਗਿਆ ਹੈ ਕਿ ਖਾੜਕੂ ਜਥੇਦਾਰ ਰਣਜੀਤ ਸਿੰਘ ਨੇ ਅਹੁਦਾ ਸੰਭਾਲਦੇ ਸਾਰ ਵਰਲਡ ਸਿੱਖ ਕੌਂਸਲ ਦੇ ਫੰਡਾਂ ਵਿਚ ਹੇਰਾ-ਫੇਰੀ ਦੇ ਸਵਾਲ `ਤੇ ਨਰਮ ਬੋਲਾਂ ਨਾਲ ਫੂਕ ਫੂਕ ਕੇ ਚੱਲਣ ਵਾਲੇ ਪ੍ਰੋ. ਮਨਜੀਤ ਸਿੰਘ ਨੂੰ ਕਿਵੇਂ ਵਾਹਣੇ ਪਾਇਆ ਸੀ। ਕੀ ਜਤਿੰਦਰ ਪੰਨੂ ਵਰਗੇ ਤਬਸਰਾਕਾਰ ਨੂੰ ਕੀ ਇਹ ਭੁੱਲ ਗਿਆ ਹੈ ਕਿ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਇਸੇ ਜਥੇਦਾਰ ਨੇ ਵਿਦੇਸ਼ਾਂ ਵਿਚ ਬੇਲੋੜਾ ਲੰਗਰ ਵਿਵਾਦ ਖੜ੍ਹਾ ਕਰਵਾ ਕੇ ਕਿਸ ਕਿਸਮ ਦੀ ਜ਼ਹਿਰੀ ਕੁੜੱਤਣ ਦੇ ਬੀਜ ਬੀਜੇ ਸਨ। ਕੀ ਉਨ੍ਹਾਂ ਵਲੋਂ ਉਸ ਮੌਕੇ ਇਸ ਪ੍ਰਥਾਏ ‘ਸੰਗਤ 21 ਵਿਸਵੇ ਗੁਰੂ 20 ਵਿਸਵੇ’ ਸਿਰਲੇਖ ਹੇਠਲੀ ਪੁਸਤਕ ਦਾ ਚੇਤਾ ਭੁੱਲ ਗਿਆ ਹੈ। ਕੀ ਪੰਨੂ ਸਾਹਿਬ ਨੂੰ ਇਹ ਗੱਲ ਵੀ ਭੁੱਲ ਗਈ ਹੈ ਕਿ ਅਕਾਲ ਤਖਤ ਦੇ ਜਥੇਦਾਰ ਮਨਜੀਤ ਸਿੰਘ ਵਲੋਂ ਡਾ. ਪਿਆਰ ਸਿੰਘ ਨੂੰ ਅਕਾਲ ਤਖਤ ਸਾਹਿਬ ਉਤੇ ਪੇਸ਼ੀ ਪਾਏ ਜਾਣ ਸਮੇਂ ਉਹ ਜਥੇਦਾਰ ਦੀ ‘ਵਧੀਕੀ’ ਨੂੰ ਕਿਸ ਤਰ੍ਹਾਂ ਛੱਜ ਵਿਚ ਪਾ ਕੇ ਛੱਟਦੇ ਰਹੇ ਸਨ। ਕੀ ਸਾਡੇ ਇਨ੍ਹਾਂ ਤਬਸਰਾਕਾਰਾਂ ਨੂੰ ਇਹ ਭੁੱਲ ਗਿਆ ਹੈ ਕਿ ਜਥੇਦਾਰ ਰਣਜੀਤ ਸਿੰਘ ਪਿੱਛੋਂ ਬਣੇ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਉਸ ਸਮੇਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਉਸ ਦੇ ਨਾਲ ਹੀ ਪ੍ਰੋ. ਮਨਜੀਤ ਸਿੰਘ, ਉਸ ਸਮੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਨੂੰ ਕਿਸ ਤਰ੍ਹਾਂ ਆਪਹੁਦਰੇ ਢੰਗ ਨਾਲ ਪੰਥ ਵਿਚੋਂ ਛੇਕ ਦਿੱਤਾ ਸੀ। ਕੀ ਇਨ੍ਹਾਂ ਨੂੰ ਪਤਾ ਨਹੀਂ ਹੈ ਕਿ ਉਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਕਿੰਨੇ ਲੰਮੇ ਸਮੇਂ ਤੱਕ ਜਥੇਦਾਰ ਪੂਰਨ ਸਿੰਘ ਵਿਰੱਧ ਕੋਰੀ ਵੀ ਕਾਰਵਾਈ ਕਰਨ ਤੋਂ ਬਚਦੇ ਰਹੇ ਸਨ। ਅਤੇ ਫੇਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਜਥੇਦਾਰ ਪੂਰਨ ਸਿੰਘ ਨੂੰ ਉਨ੍ਹਾਂ ਦੇ ‘ਅਧਿਕਾਰ ਖੇਤਰ’ ਤੋਂ ਜਾਣੂੰ ਕਰਵਾਉਣ ਲਈ ਚੰਡੀ ਵਾਂਗੂ ਚਮਕਣ ਲਈ ਮਜਬੂਰ ਕਿਵੇਂ ਹੋਣਾ ਪਿਆ ਸੀ। (ਇਸ ਪ੍ਰਥਾਏ ਹਰਚਰਨ ਸਿੰਘ ਪ੍ਰਹਾਰ ਵਲੋਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਲਿਖੇ ਆਪਣੇ ਲੇਖਾਂ ਅੰਦਰ ਹਜ਼ਾਰ 12 ਸੌ ਸਾਲ ਪਹਿਲਾਂ ਇੰਗਲੈਂਡ ਦੇ ਕਿੰਗ ਹੈਨਰੀ ਦੂਜੇ ਅਤੇ ਬਿਸ਼ਪ ਆਫ ਕੈਂਟਰਬਰੀ ਵਿਚਾਲੇ ਕਈ ਸਾਲਾਂ ਤੱਕ ਚੱਲੇ ਕਿਸੇ ਕਿਸਮ ਦੇ ਵਿਵਾਦ ਅਤੇ ਉਸ ਤੋਂ ਨਿੱਲਕੇ ਸਿਟਿਆਂ ਦੀ ਬੜੀ ਢੁਕਵੀਂ ਮਿਸਾਲ ਦਿੱਤੀ ਹੋਈ ਹੈ)- ਕੀ ਇਨ੍ਹਾਂ ਵਿਚੋਂ ਕਿਸੇ ਸੱਜਣ ਨੇ ਵਿਕੀਪੀਡੀਆ `ਤੇ ਜਾ ਕੇ ਉਸ ਬਾਰੇ ਜਾਨਣ ਦੀ ਕੋਸ਼ਿਸ਼ ਵੀ ਕੀਤੀ ਹੈ।
ਪ੍ਰੋ. ਮਨਜੀਤ ਸਿੰਘ ਵਲੋਂ ਸਾਲ 1994-95 ਵਾਲੀ ਪੰਥਕ ਏਕਤਾ ਮੁਹਿੰਮ ਦਾ ਕੀ ਹਸ਼ਰ ਹੋਇਆ ਸੀ, ਕੀ ਉਨ੍ਹਾਂ ਦੇ ਉਸ ਸਮੇਂ ਦੇ ਪ੍ਰਮੁੱਖ ਸਲਾਹਕਾਰ ਪ੍ਰੋ. ਕਿਹਰ ਸਿੰਘ ਨੂੰ ਉਸ ਬਾਰੇ ਚੇਤਾ ਨਹੀਂ ਹੈ। ਪ੍ਰੋ. ਮਨਜੀਤ ਸਿੰਘ ਵਲੋਂ ਉਸ ਮੌਕੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਤਖਤ ਉੱਪਰ ਬੁਲਾ ਕੇ ਲਗਾਤਾਰ ਪੰਜ ਘੰਟੇ ਉਨ੍ਹਾਂ ਦੀ ਸਖਤ ਗਰੀਲਿੰਗ ਕੀਤੀ ਗਈ ਸੀ ਅਤੇ ਅਖੀਰ ਮਸਲਾ ਸਿੱਖ ਸੰਗਤਾਂ ਉਤੇ ਛੱਡ ਦਿੱਤਾ ਸੀ। ਜਥੇਦਾਰ ਮਨਜੀਤ ਸਿੰਘ ਨੇ ਠੀਕ ਗੱਲ ਕੀਤੀ ਸੀ ਪਰੰਤੂ ਉਦੋਂ ਵੀ ਅੱਜ ਵਰਗੇ ਬਹੁਤੇ ਉਤਸ਼ਾਹੀ ਸੱਜਣਾਂ ਨੇ ਉਨ੍ਹਾਂ ਦਾ ਖਹਿੜਾ ਨਹੀਂ ਸੀ ਛੱਡਿਆ। ਕਈ ਮਹੀਨਿਆਂ ਬਾਅਦ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਕੌਡੀ ਕੌਡੀ ਹਾਰ ਕੇ ਸਭ ਧੜਿਆਂ ਦੇ ਅਕਾਲੀ ਨੇਤਾਵਾਂ ਨੂੰ ਦੂਜੀ ਵਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਕਚਹਿਰੀ ਵਿਚ ਸੱਦਿਆ। ਲੰਮੇ ਵਿਚਾਰ ਵਟਾਂਦਰੇ ਪਿੱਛੋਂ ਭਾਈ ਅਸ਼ੋਕ ਸਿੰਘ ਬਾਗੜੀਆਂ ‘ਤੇ ਅਧਾਰਤ ਕਮੇਟੀ ਬਣਾਈ ਗਈ ਪਰੰਤੂ ਉਸ ਕਮੇਟੀ ਦਾ ਪਿੱਛੋਂ ਕੀ ਹਸ਼ਰ ਹੋਇਆ ਸੀ, ਉਸ ਦਾ ਅਜੋਕੇ ਜਹਾਦੀ ਤਬਸਰਾਕਾਰਾਂ ਨੂੰ ਕੀ ਪਤਾ ਨਹੀਂ ਹੈ। ਜੇ ਨਹੀਂ ਪਤਾ ਤਾਂ ਉਹ ਜਗਤਾਰ ਸਿੰਘ ਦੀ ਖਾਲਿਸਤਾਨ ਸਟਰੱਗਲ ਦੇ 17ਵੇਂ ਕਾਂਡ ਨੂੰ ਖੁਦ ਪੜ੍ਹ ਸਕਦੇ ਹਨ। ਪੁਸਤਕ ਦੇ ਪੰਨਾ 414 ਨੂੰ ਇਹ ਸੱਜਣ ਪੜ੍ਹ ਕੇ ਜ਼ਰਾ ਵੇਖਣ। ਭਾਈ ਅਸ਼ੋਕ ਸਿੰਘ ਬਾਗੜੀਆਂ ਵਲੋਂ ਬਣਾਈ ਗਈ ਵਰਕਿੰਗ ਕਮੇਟੀ ਨੂੰ ਬਣਦੇ ਸਾਰ ਰੱਦ ਕਿਸੇ ਹੋਰ ਨੇ ਨਹੀਂ ਬਲਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਖੁਦ ਕੀਤਾ ਸੀ। ਅਗਲੀ ਗੱਲ ਹੋਰ ਵੀ ‘ਭਿਆਨਕ’ ਹੈ ਕਿ ਨੌਂ ਜੁਲਾਈ 1995 ਨੂੰ ਭਾਈ ਅਸ਼ੋਕ ਸਿੰਘ ਬਾਗੜੀਆਂ ਦੀ ਅਗਵਾਈ ਹੇਠ ਜਥੇਦਾਰ ਟੌਹੜਾ ਅਤੇ ਸ. ਕੁਲਦੀਪ ਸਿੰਘ ਵਡਾਲਾ ‘ਤੇ ਅਧਾਰਤ ਤਿੰਨ ਮੈਂਬਰੀ ਕਮੇਟੀ ਨੂੰ ਸੌਂਪੀ ਗਈ। ਇਸ ਕਮੇਟੀ ਨੇ ਪਤਾ ਹੈ ਕੀ ਕੀਤਾ ਸੀ, ਇਨ੍ਹ ਸੱਜਣਾਂ ਨੇ ਨਵੇਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਥਾਪਣ ਦੀ ਸਾਰੀ ਜ਼ਿੰਮੇਵਾਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਸੌਂਪ ਦਿੱਤੀ ਸੀ! ਤੇ ਪ੍ਰੋ. ਕਿਹਰ ਸਿੰਘ ਨੂੰ ਜੇਕਰ ਇਸ ਸਾਰੀ ਕਹਾਣੀ ਦਾ ਚੇਤਾ ਹੈ ਤਾਂ ਉਹ 23 ਫਰਵਰੀ ਨੂੰ ਪੁਲਾਂਘ ਚੈਨਲ ‘ਤੇ ਬੈਠ ਕੇ ਅਕਾਲੀ ਏਕਤਾ ਬਾਰੇ 2 ਤਰੀਕ ਨੂੰ ਫਸੀਲ ਤੋਂ ਜਾਰੀ ਕੀਤੇ ਹੁਕਮਨਾਮੇ ਨੂੰ ਇੰਨ-ਬਿੰਨ ਲਾਗੂ ਕਰਨ `ਚ ਦੇਰੀ ਕਰਨ `ਤੇ ਖਫਾਕੁਨ ਹੁੰਦਿਆਂ ਜਥੇਦਾਰ ਸਾਹਿਬ ਨੂੰ ਇਕੋ ਸਾਹੇ ਤਾਅਨੇ ਅਤੇ ਮਿਹਣੇ ਕਿਉਂ ਮਾਰੀ ਜਾ ਰਹੇ ਹਨ। ਪ੍ਰੋ. ਮਨਜੀਤ ਸਿੰਘ ਦੀ ਉਸ ਇਤਿਹਾਸਕ ਏਕਤਾ ਮੁਹਿੰਮ ਦੀ ਸੰਪੂਰਨ ਕਥਾ ਦੇ ਬਖਾਨ ਲਈ ਪੂਰੀ ਪੁਸਤਕ ਲਿਖੀ ਜਾ ਸਕਦੀ ਹੈ। ਤੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਵੀ ਜੇਕਰ ਛੱਡ ਲਿਆ ਜਾਵੇ ਤਾਂ ਸਾਡੇ ਅਜੋਕੇ ਤਬਸਰਾਕਾਰਾਂ ਨੂੰ ਸਿੱਖ ਇਤਿਹਾਸ ਬਾਰੇ ਇਤਨਾ ਵੀ ਪਤਾ ਨਹੀਂ ਹੈ ਕਿ ਸਾਲ 1764 ‘ਚ ਪੰਜਾਬ ਅੰਦਰ ਮਿਸਲਾਂ ਦਾ ਰਾਜ ਸਥਾਪਤ ਹੋ ਜਾਣ ਪਿੱਛੋਂ ਸਿੱਖ ਸਰਦਾਰਾਂ ਦੇ ਏਕੇ ਲਈ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ਅੰਦਰ ਕੋਈ ਸਰਬੱਤ ਖਾਲਸਾ ਕਦੀ ਹੋਇਆ ਹੀ ਨਹੀਂ ਸੀ। ਸਿੱਖ ਪੰਥ ਨੂੰ ਤਾਂ ਇਕ ਤਾਰ ਵਿਚ ਪਿੱਛੋਂ ਜਾ ਕੇ ਮਹਾਰਾਜਾ ਰਣਜੀਤ ਸਿੰਘ ਵਲੋਂ ਡਾਂਗ ਦੇ ਜ਼ੋਰ ਨਾਲ ਪਰੋਇਆ ਗਿਆ ਸੀ। ਕੀ ਪ੍ਰੋ. ਕਿਹਰ ਸਿੰਘ ਇਸ ਇਤਿਹਾਸਕ ਤੱਥ ਤੋਂ ਜਾਣੂੰ ਨਹੀਂ ਹਨ ਅਤੇ ਜੇਕਰ ਜਾਣੂੰ ਹਨ ਤਾਂ ਹਮੀਰ ਸਿੰਘ ਦੇ ‘ਪੁਲਾਂਘ’ ‘ਤੇ ਆਪਣੇ ਨਾਲ ਬੈਠੇ ਸ. ਸੁਖਦੇਵ ਸਿੰਘ ਭੌਰ ਨੂੰ ਗ਼ਲਤ ਜਾਣਕਾਰੀ ਦੇਣ ਤੋਂ ਟੋਕਦੇ ਕਿਉਂ ਨਹੀਂ ਹਨ। ਇਸ ਹਿਸਾਬ ਪ੍ਰੋ. ਕਿਹਰ ਸਿੰਘ ਦੇ ਮੁਕਾਬਲੇ ਸ. ਜਗਤਾਰ ਸਿੰਘ ਵਧੇਰੇ ਠੀਕ ਨਹੀਂ ਹਨ। ਉਹ ਘੱਟੋ ਘੱਟ ਇਹ ‘ਇਤਹਾਸਕ’ ਸਚਾਈ ਤਾਂ ਆਮ ਸਿੱਖ ਸੰਗਤ ਨੂੰ ਦੱਸ ਹੀ ਰਹੇ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ 1925 ਦੇ ਐਕਟ ਤੱਕ ਸੀਮਿਤ ਕਰਨਾ ਸਰਾਸਰ ਗਲਤ ਹੈ। ਇਹ ਤਖਤ ਤਾਂ 1606 ਵਿਚ ਸ੍ਰੀ ਹਰਗੋਬਿੰਦ ਸਾਹਿਬ ਵਲੋਂ ਹੀ ਕਾਇਮ ਕਰ ਦਿੱਤਾ ਗਿਆ ਸੀ। ਇਸ ਪ੍ਰਥਾਏ ਇਸਤੋਂ ਪਹਿਲਾਂ ਜਥੇਦਾਰ ਟੌਹੜਾ ਵਲੋਂ ਜਥੇਦਾਰ ਪ੍ਰੋ. ਮਨਜੀਤ ਸਿੰਘ ਨੂੰ ਅੱਗੇ ਲਗਾ ਕੇ ਸ਼ੁਰੂ ਕਰਵਾਈ ਗਈ ਅਕਾਲੀ ਦਲਾਂ ਦੀ ਜਬਰੀ ਏਕਤਾ ਮੁਹਿੰਮ ਬਾਰੇ ਖੜਗਧਾਰੀ ਸਿੱਖ ਚਿੰਤਕ ਅਜਮੇਰ ਸਿੰਘ ਨੇ 11 ਅਗਸਤ 1994 ਦੇ ਰੋਜ਼ਾਨਾ ਅਜੀਤ ਅਖਬਾਰ ਅੰਦਰ ‘ਅਕਾਲੀ ਰਾਜਨੀਤੀ ਅੰਦਰਲੀ ਉਥਲ-ਪੁਥਲ ਤੋਂ ਚੁਕੰਨੇ ਹੋਣ ਦੀ ਲੋੜ’ ਸਿਰਲੇਖ ਹੇਠ ਜੋ ਫਤਵਾ ਦਿੱਤਾ ਸੀ, ਉਹ ਕੀ ਅੱਜ ਵੀ ਬੜਾ ਢੁਕਵਾਂ ਨਹੀਂ ਹੈ:
‘ਸਿਧਾਂਤਕ ਵਖਰੇਵਿਆਂ ਨੂੰ ਸਪੱਸ਼ਟ ਰੂਪ ਵਿਚ ਸਿੱਖ ਸੰਗਤਾਂ ਦੇ ਸਾਹਮਣੇ ਰੱਖਣ ਦੀ ਥਾਂ ਮੁੱਠੀ ਭਰ ਆਗੂਆਂ ਵਲੋਂ ਬੰਦ ਕਮਰੇ ਵਿਚ ਆਪਣੀ ਕਾਨਾਫੂਸੀ ਕਰ ਕੇ ਮਤਭੇਦਾਂ ਨੇ ਨਿਪਟਾਰੇ ਦਾ ਗੁਮਰਾਹਕੁਨ ਦਾਅਵਾ ਅਤੇ ਐਲਾਨ ਕਰ ਦਿੱਤਾ ਗਿਆ ਪਰ ਜਾਅਲੀ ਏਕਤਾ ਦਾ ਇਹ ਖੋਟਾ ਸਿੱਕਾ ਆਖਰ ਕਿੰਨਾ ਕੇ ਚਿਰ ਚੱਲ ਸਕਦਾ ਸੀ.. ਜਥੇਦਾਰ ਟੌਹੜਾ ਇਸ ਵੇਲੇ ਸਭ ਤੋਂ ਵੱਡਾ ਗੁਨਾਹ ਇਹ ਕਰ ਰਹੇ ਹਨ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉਚੇ ਤੇ ਸੁੱਚੇ ਰੁਤਬੇ ਦਾ ਇਸ ਨਿਖੇਧਾਤਮਾ ਭੇੜ ਅੰਦਰ ਗਲਤ ਇਸਤੇਮਾਲ ਕਰ ਰਹੇ ਹਨ। ਜਥੇਦਾਰ ਟੌਹੜਾ ਨਾਲ ਇਮਾਨਦਾਰੀ `ਚੋਂ ਜੁੜੇ ਪੰਥ ਦਰਦੀਆਂ ਨੂੰ ਸਾਰੇ ਵਰਤਾਰੇ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਉਨ੍ਹਾਂ ਨੂੰ ਸ. ਬਾਦਲ ਦੇ ਖਿਲਾਫ ਲੱਖਾ ਇਤਰਾਜ਼ ਹੋ ਸਕਦੇ ਹਨ, ਉਸ ਅੰਦਰ ਹਜ਼ਾਰਾਂ ਸ਼ਕਸੀ ਭੈੜ ਅਤੇ ਸਿਆਸੀ ਕਮਜ਼ੋਰੀਆਂ ਦਿਖਾਈ ਦੇ ਸਕਦੀਆ ਹਨ ਪਰ ਵਿਰੋਧਾਂ ਨੂੰ ਨਜਿੱਠਣ ਦਾ ਇਹ ਟੌਹੜਾ ਮਾਅਰਕਾ ਅੰਦਾਜ਼ ਪੰਥ ਨੂੰ ਜਿਹੜੇ ਖੂਹ ਖਾਤੇ ਵਿਚ ਲਿਜਾ ਸੁੱਟੇਗਾ ਉਸ ਤੋਂ ਵੇਲੇ ਸਿਰ ਚੁਕੰਨੇ ਹੋਣ ਦੀ ਜ਼ਰੂਰਤ ਹੈ।’’ ਸ. ਅਜਮੇਰ ਸਿੰਘ ਦੇ ਰਾਜਸੀ ਜੀਵਨ ਦਾ ਸ਼ਾਇਦ ਇਹ ਪਹਿਲਾ ਅਤੇ ਆਖਰੀ ਸੰਤੁਲਿਤ ਲੇਖ ਸੀ।
ਅੱਜ-ਕੱਲ੍ਹ ਵੱਖ-ਵੱਖ ਚੈਨਲਾਂ ਉਪਰ ਜਥੇਦਾਰ ਟੌਹੜਾ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਐਨ ਪਹਿਲਾਂ, 20 ਜਨਵਰੀ 1999 ਦੇ ਦਿਨ ਉਨ੍ਹਾਂ ਦੀ ਅਗਵਾਈ ਹੇਠ ਹੋਈ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਦੇ ਕਿਸੇ ਮਤੇ ਦੀ ਚਰਚਾ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਜਥੇਦਾਰਾਂ ਨੂੰ ਹਟਾਉਣ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੈ ਬਲਕਿ ਉਨ੍ਹਾਂ ਨੂੰ ਸਰਬੱਤ ਖਾਲਸਾ ਬੁਲਾ ਕੇ ਹੀ ਹਟਾਇਆ ਜਾ ਸਕਦਾ ਹੈ। ਦੱਸੋ ਭਲਾ ਇਸ ਮਤੇ ਨੂੰ ਜਾਂਦਿਆਂ ਜਾਂਦਿਆਂ ਉਨ੍ਹਾਂ ਵਲੋਂ ਭਵਿੱਖ ਦੀਆਂ ਨਸਲਾਂ ਲਈ ਕੰਡੇ ਬੀਜ ਜਾਣ ਦੀ ਆਖਰੀ ਕੋਸ਼ਿਸ਼ ਕਿਉਂ ਨਹੀਂ ਕਿਹਾ ਜਾ ਸਕਦਾ।
‘ਜਸ ਪੰਜਾਬੀ ਟੀ ਵੀ ਚੈਨਲ’ `ਤੇ ‘ਸਿੱਖ ਬੁੱਧੀਜੀਵੀ ਡਾ. ਅਨੁਰਾਗ ਸਿੰਘ ਦੇ ਅੱਖਾਂ ਖੋਲ੍ਹਣ ਵਾਲੇ ਖੁਲਾਸੇ’ ਸਿਰਲੇਖ ਹੇਠ ਪਰਵਚਨ ਵਿਚ ਉਨ੍ਹਾਂ ਵਲੋਂ ਜਥੇਦਾਰ ਟੌਹੜਾ ਉਪਰ ਅਮਰੀਕਾ ਦੇ ਕਿਸੇ ਪਾਖੰਡੀ ਤਾਂਾਰਿਕ ਜੋਗੀ ਭਜਨ ਵਲੋਂ ਆਪਣੇ ਮੈਗਜ਼ੀਨ ਵਿਚ ਦਸਵੇਂ ਗੁਰੂ ਵਿਰੁੱਧ ਭੱਦੀ ਸ਼ਬਦਾਵਲੀ ਵਰਤੇ ਜਾਣ `ਤੇ ਜਥੇਦਾਰ ਸਾਧੂ ਸਿੰਘ ਭੌਰਾ ਵਲੋਂ ਜਦੋਂ ਸ਼ੋਅ ਕਾਜ਼ ਨੋਟਿਸ ਜਾਰੀ ਕੀਤਾ ਗਿਆ ਸੀ ਤਾਂ ਡਾ. ਅਨੁਰਾਗ ਸਿੰਘ ਦੋਸ਼ ਲਗਾ ਰਹੇ ਹਨ ਕਿ ਟੌਹੜਾ ਸਾਹਿਬ ਵਲੋਂ ਉਸ ਕਾਰਵਾਈ ਨੂੰ ਰੋਕ ਕੇ ਸ੍ਰੀ ਅਕਾਲ ਤਖਤ ਦੇ ਨਿਰਵਿਵਾਦਤ ਜਥੇਦਾਰ ਸਾਧੂ ਸਿੰਘ ਭੌਰਾ ਨੂੰ ਹੀ ਘਰ ਤੋਰ ਦਿੱਤਾ ਗਿਆ ਸੀ। ਉਨ੍ਹਾਂ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਇਸ ਸਾਰੇ ਘਟਨਾਕ੍ਰਮ ਨੂੰ Sikhism and tantrik yoga ਵਿਚ ਪੂਰੇ ਦਸਤਾਵੇਜੀ ਹਵਾਲਿਆਂ ਨਾਲ ਰਿਕਾਰਡ ਕੀਤਾ ਹੋਇਆ ਹੈ।
ਇਸ ਸਾਰੇ ਵਾਦ-ਵਿਵਾਦ ਨਾਖੁਸ਼ਗਵਾਰ ਸਿਲਸਿਲੇ ਦਾ ਮੁੱਖ ਕਾਰਨ ਹੈ ਜਥੇਦਾਰਾਂ ਦੇ ਅਧਿਕਾਰ ਖੇਤਰ, ਨਿਯੁਕਤੀ ਅਤੇ ਬਰਖਾਸਤਗੀ ਬਾਰੇ ਕੋਈ ਨਿਯਮਾਵਲੀ ਅਜੇ ਤੱਕ ਕਿਸੇ ਨੂੰ ਸਪੱਸ਼ਟ ਹੀ ਨਹੀਂ ਗਈ ਹੈ। ਸਮੁੱਚੇ ਘਟਨਾਕ੍ਰਮ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਬਿਨਾ ਕੋਈ ਨਿਯਮ ਤੈਅ ਕੀਤੇ ਕਿਸੇ ਨੂੰ ਸਰਵਉੱਚ ਮੰਨ ਲੈਣ ਨਾਲ ਖੁਆਰੀ ਹੋਣੀ ਯਕੀਨੀ ਹੈ।
ਮੌਜੂਦਾ ਘਟਨਾਕ੍ਰਮ ਇਤਹਾਸਕ ਹੈ ਜੋ ਅਕਾਲ ਤਖਤ, ਅਕਾਲ ਤਖਤ ਦੀ ਜਥੇਦਾਰੀ ਅਤੇ ਜਥੇਦਾਰ ਦੁਆਲੇ ਘੁੰਮ ਰਿਹਾ ਹੈ। ਐਨੇ ਗੰਭੀਰ ਮੁੱਦੇ ‘ਤੇ ਗੱਲਾਂ ਤਾਂ ਬਹੁਤ ਹੋ ਰਹੀਆਂ ਸਨ ਪਰ ਲਿਖਿਆ ਬਹੁਤ ਘੱਟ ਜਾ ਰਿਹਾ ਸੀ। ਇਸ ਵਰਤਾਰੇ ਦੇ ਵਰਤਮਾਨ ਅਤੇ ਪਿਛੋਕੜ ਬਾਰੇ ਵੱਖ-ਵੱਖ ਪੱਖਾਂ ਤੋਂ ਖੋਜ ਭਰਪੂਰ ਲਿਖਤਾਂ ਦੀ ਜ਼ਰੂਰਤ ਸੀ। ਜੋ, ਸ. ਹਰਚਰਨ ਸਿੰਘ ਪ੍ਰਹਾਰ ਨੇ ‘ਪੰਜਾਬ ਟਾਈਮਜ਼’ ਵਿਚ ਇੱਕ ਲੇਖ ਲੜੀ ਰਾਹੀਂ ਆਪਣੇ ਵਲੋਂ ਪੂਰੀ ਸੁਹਿਰਦਤਾ ਨਾਲ ਕੀਤੀ ਹੈ। ਅਕਾਲ ਤਖਤ ਨਾਲ ਜੁੜੇ ਕਿਸੇ ਵੀ ਪੱਖ ਬਾਰੇ ਜਾਨਣ ਦੇ ਚਾਹਵਾਨਾਂ ਲਈ ਇਹ ਲੇਖ ਬਹੁਮੁੱਲਾ ਖਜ਼ਾਨਾ ਹਨ। ਜਿਸ ਲਗਨ, ਸਿਰੜ ਅਤੇ ਖੋਜੀ ਬਿਰਤੀ ਨਾਲ ਉਨ੍ਹਾਂ ਨੇ ਇਹ ਲਿਖਤਾਂ ਲਿਖੀਆਂ ਹਨ, ਉਹ ਸ਼ਲਾਘਾਯੋਗ ਹਨ। ਇਹ ਲਿਖਤਾਂ ਪਾਠਕਾਂ ਤੱਕ ਪੁੱਜਦੀਆਂ ਕਰਨ ਲਈ ‘ਪੰਜਾਬ ਟਾਈਮਜ਼’ ਦੀ ਸਮੁੱਚੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਕਹਿਣਾ ਬਣਦਾ ਹੈ।