ਬਲਜੀਤ ਬਾਸੀ
ਫੋਨ: 734-259-9353
ਸੰਦੂਕ ਦਾ ਖਿਆਲ ਆਉਂਦਿਆਂ ਹੀ ਪੰਜਾਬੀਆਂ ਦੇ ਦਿਮਾਗੀ ਚਿੱਤਰਪਟ `ਤੇ ਇਕ ਛੱਤ ਜਿੱਡੇ ਲੱਕੜ ਦੇ ਢਾਂਚੇ ਦਾ ਤਸੱਵਰ ਉਘੜਦਾ ਹੈ। ਸਾਡਾ ਸੰਦੂਕ ਇੱਕ ਕਮਰਾ ਹੀ ਤਾਂ ਹੁੰਦਾ ਹੈ। ਹਰਿਕ ਸਦੂੰਕ ਦੀ ਆਪੋ-ਆਪਣੀ ਨਿਵੇਕਲੀ ਬਣਤਰ ਹੋ ਸਕਦੀ ਹੈ ਐਪਰ ਮੈਂ ਆਪਣੇ ਘਰ ਦੇ ਸੰਦੂਕ ਦਾ ਹੁਲੀਆ ਪੇਸ਼ ਕਰਦਾ ਹਾਂ।
ਪਿੰਡ ਵਾਲੇ ਘਰ ਦਾ ਇਹ ਸੰਦੂਕ ਉਪਰ ਥੱਲੇ ਦੋ ਖਾਨਿਆਂ ਵਾਲਾ, ਜਾਣੋਂ ਦੁਮੰਜ਼ਲਾ ਹੈ। ਹੇਠਲੇ ਖਾਨੇ ਵਿਚ ਰਜਾਈਆਂ, ਤਲਾਈਆਂ, ਚੁਤੱਹੀਆਂ, ਦਰੀਆਂ, ਖੇਸ, ਚਾਦਰਾਂ, ਘਗਰੇ ਤੇ ਕਈ ਸਾਰੇ ਸਿਰਹਾਣੇ ਤੂੜੇ ਹੁੰਦੇ ਸਨ। ਅੱਗੋਂ ਉਤਲੇ ਖਾਨੇ ਦੇ ਵੀ ਦੋ ਉਪ ਭਾਗ ਸਨ। ਹੇਠਲੇ ਵਿਚ ਹਲਕਾ ਲਟੜ ਪਟੜ ਜਿਵੇਂ ਫੁਲਕਾਰੀਆਂ, ਛੋਟੇ ਅਟੈਚੀ ਜਾਂ ਬੈਗ ਸਨ। ਉਪਰ ਜਿਹੇ ਚਾਰ ਚੁਫੇਰੇ ਇਕ ਸ਼ੈਲਫ ਬਣੀ ਹੋਈ ਸੀ ਜੋ ਕੋਮਲ ਤੇ ਕੀਮਤੀ ਚੀਜ਼ਾਂ ਦਾ ਰੱਖਨਾ ਸੀ। ਇਸ ਵਿਚ ਫੋਟੋਆਂ, ਕਢਾਈ ਕੀਤੀਆਂ ਪੱਖੀਆਂ, ਗਹਿਣੇ ਗੱਟੇ ਟਿਕਾਏ ਹੁੰਦੇ ਸਨ। ਇਹ ਸੰਦੂਕ ਮੇਰੀ ਮਾਂ ਦਾਜ ਵਿਚ ਲਿਆਈ ਸੀ ਪਰ ਮੇਡ-ਇਨ ਸਾਡਾ ਪਿੰਡ ਹੀ ਸੀ। ਸਾਡੇ ਪਿੰਡ ਦੇ ਤਰਖਾਣਾਂ ਦੁਆਰਾ ਬਣਾਏ ਸੰਦੂਕ, ਗੱਡੇ, ਚਰਖੇ ਆਦਿ ਖਰੀਦਣ ਦੂਰੋਂ-ਦੂਰੋਂ ਗਾਹਕ ਆਉਂਦੇ ਰਹਿੰਦੇ ਸਨ।
ਅਕਸਰ ਹੀ ਸੰਦੂਕ ਘਰ ਦੀ ਸੁਆਣੀ ਨੂੰ ਪਿਉਕਿਆਂ ਤੋਂ ਦਾਜ ਵਜੋਂ ਤਰੌਜੇ ਵਿਚ ਢੋਇਆ ਜਾਂਦਾ ਸੀ। ਇਹ ਤਰਖਾਣਾ ਕਾਰੀਗਰੀ ਦਾ ਸੁੰਦਰ ਨਮੂਨਾ ਹੁੰਦਾ ਸੀ। ਇਸ ਦੀ ਅਗਲੀ ਕੰਧ ਛੋਟੀਆਂ ਚੌਰਸ ਲੱਕੜੀ ਦੀਆਂ ਫੱਟੀਆਂ ਨਾਲ ਜੜੀ ਹੁੰਦੀ ਸੀ ਜਿਸ ਨੂੰ ਬਾਹਰੋਂ ਪਿੱਤਲ ਦੇ ਕੋਕਿਆਂ, ਫੁੱਲੀਆਂ, ਪੱਤੀਆਂ, ਆਰਸੀਆਂ ਆਦਿ ਨਾਲ ਜੜਿਆ ਹੁੰਦਾ ਸੀ। ਅਜਿਹੀ ਸਜਾਵਟ ਇਸ ਦੀ ਦਿੱਖ ਨੂੰ ਚਮਤਕਾਰੀ ਬਣਾਉਂਦੀ ਸੀ। ਇਸੇ ਕਰਕੇ ਇਕ ਦੂਜੇ ਨਾਲ ਫਸਵੀਆਂ ਫੱਟੀਆਂ ਲਗਾ ਕੇ ਬਣਾਈ ਛੱਤ ਨੂੰ ਸੰਦੂਕੀ ਛੱਤ ਕਿਹਾ ਜਾਂਦਾ ਹੈ। ਪੰਜਾਬ ਵਿਚ ਹਰਾ ਇਨਕਲਾਬ ਆ ਗਿਆ, ਜ਼ਮਾਨਾ ਬਦਲਦਾ ਗਿਆ, ਸ਼ਿਲਪਕਾਰ ਪਿੰਡ ਛੱਡ ਗਏ। ਨਤੀਜਨ ਸੰਦੂਕ ਅਲੋਪ ਹੋਣੇ ਸ਼ੁਰੂ ਹੋ ਗਏ; ਲੋਹੇ ਦੀਆਂ ਪੇਟੀਆਂ, ਫਿਰ ਗੌਦਰੇਜ ਦੀਆਂ ਅਲਮਾਰੀਆਂ ਤੇ ਡਰੈਸਿਗ ਟੇਬਲ ਘਰਾਂ ਵਿਚ ਵੜਨ ਲੱਗ ਪਏ। ਹੁਣ ਸ਼ਾਇਦ ਕਾਸੇ ਦੀ ਵੀ ਲੋੜ ਨਹੀਂ ਕਿਉਕਿ ਹਰ ਕਮਰੇ ਵਿਚ ਕਲ਼ੌਜ਼ਿਟ ਰੱਖੇ ਜਾਣ ਲੱਗ ਪਏ। ਸਿਤਮ ਦੇਖੋ, ਇਨ੍ਹਾਂ ਚੀਜ਼ਾਂ ਲਈ ਸ਼ਬਦ ਵੀ ਅੰਗਰੇਜ਼ੀ ਹਨ। ਮੈਨੂੰ ਹੈਰਾਨੀ ਹੋਈ ਕਿ ਪੰਜਾਬੀ ਵਿਚ ਸੰਦੂਕ ਨਾਲ ਸਬੰਧਤ ਕੋਈ ਕਹਾਵਤਾਂ ਮੁਹਾਵਰੇ ਨਹੀਂ ਮਿਲਦੇ। ਹਾਂ, ਵਾਰਿਸ ਦੀ ਇਸ ਤੁਕ ਵਿਚ ਕਹਾਵਤ ਬਣਨ ਦੀ ਸਮਰੱਥਾ ਹੈ,
ਵਾਰਿਸ ਸ਼ਾਹ ਨਾ ਭੇਤ ਸੰਦੂਕ ਖੁੱਲ੍ਹੇ,
ਭਾਵੇਂ ਜਾਨ ਦਾ ਜਿੰਦਰਾ ਟੁੱਟ ਜਾਏ।
ਹਾਸ਼ਿਮ ਨੇ ਵੀ ਕਹਾਵਤੀ ਬੋਲ ਉਚਾਰੇ ਹਨ,
ਜੇ ਲੱਖ ਪਾ ਸੰਦੂਕ ਛੁਪਾਈਏ, ਆਵੇ ਮੁਸ਼ਕ ਗੁਲਾਬੋਂ,
ਹਾਸ਼ਮ ਹੁਸਨ ਪ੍ਰੀਤ ਨਾ ਪੁਛਦੇ, ਫ਼ਾਰਗ ਹੋਣ ਹਿਸਾਬੋਂ।
ਦੂਜੇ ਪਾਸੇ ਅਜਿਹੇ ਲੋਕ ਗੀਤ ਬਥੇਰੇ ਹਨ ਜਿਨ੍ਹਾਂ ਵਿਚ ਤੀਵੀਆਂ ਦੇ ਸੰਦੂਕ ਨਾਲ ਲਗਾਉ ਦੀ ਵਿਥਿਆ ਖੂਬ ਉਜਾਗਰ ਹੁੰਦੀ ਹੈ। ਸੰਦੂਕ ਨਾਲ ਤੀਵੀਆਂ ਦੀ ਗੂੜ੍ਹੀ ਅਪਣੱਤ ਦਾ ਕਾਰਨ ਹੈ ਕਿ ਇਹ ਉਸ ਦੇ ਪਿਉਕਿਆਂ ਦੀ ਨਿਸ਼ਾਨੀ ਹੁੰਦੀ ਸੀ, ਘਰ ਵਿਚ ਉਸ ਦੀ ਵਿਅਕਤੀਗਤ ਹਸਤੀ ਦਾ ਅਜ਼ੀਮ ਸਬੂਤ। ਕੁਝ ਬੋਲ ਪੇਸ਼ ਹਨ,
ਗੱਡੀ ਵਿਚ ਆ ਗਿਆ ਸੰਦੂਕ ਮੁਟਿਆਰ ਦਾ
ਸ਼ੀਸ਼ਿਆਂ ਜੜ੍ਹਤ ਚਮਕਾਰੇ ਪਿਆ ਮਾਰਦਾ।
ਉਧਰ ਪਿਉਕਿਆਂ ਦੀ ਵੀ ਮਜਬੂਰੀ ਹੁੰਦੀ ਹੈ,
ਸਾਉਣੀ ਆਈ ਤੋਂ ਮਿੱਥਾਂਗੇ ਸਾਹਾ,
ਬਈ ਅਜੇ ਨਾ ਸੰਦੂਕ ਬਣਿਆ।
ਸੰਦੂਕ ਨੂੰ ਬੋਲਚਾਲ ਦੀ ਪੰਜਾਬੀ ਵਿਚ ਸਦੂਕ ਜਾਂ ਸਦੂਖ ਉਚਾਰਿਆ ਜਾਂਦਾ ਹੈ। ਭਾਰਤ ਦੀਆਂ ਲਗਭਗ ਸਾਰੀਆਂ ਬੋਲੀਆਂ ਵਿਚ ਇਹ ਸ਼ਬਦ ਥੋੜ੍ਹੇ ਬਹੁਤੇ ਉਚਾਰਣ ਤੇ ਅਰਥ ਭੇਦ ਨਾਲ ਵਰਤਿਆ ਜਾਂਦਾ ਹੈ। ਪਰ ਦੇਖਿਆ ਗਿਆ ਹੈ ਕਿ ਹੋਰ ਬੋਲੀਆਂ ਵਿਚ ਸੰਦੂਕ ਬਕਸਾ, ਪੇਟੀ, ਯਾਨੀ ਪੰਜਾਬੀਆਂ ਦੇ ਨਜ਼ਰੀਏ ਤੋਂ ਇੱਕ ਮਧਰੇ ਸੰਦੂਕ ਦਾ ਅਰਥਾਵਾਂ ਸਿੱਧ ਹੁੰਦਾ ਹੈ। ਇਹ ਪੰਜਾਬੀਆਂ ਦੇ ਕੋਠੇ ਜਿੱਡੇ ਸੰਦੂਕ ਅੱਗੇ ਕਿੱਥੇ ਖੜ੍ਹ ਸਕਦਾ ਹੈ? ਕਹਿ ਸਕਦੇ ਹਾਂ ਕਿ ਸਾਡੀ ਸੰਦੂਕੜੀ ਜਾਂ ਸੰਦੂਕਚੀ ਹੋਰਨਾਂ ਦਾ ਸੰਦੂਕ ਹੈ। ਇਉਂ ਲਗਦਾ ਹੈ ਕਿ ਜਿਵੇਂ ਜਿਵੇਂ ਪੰਜਾਬੀਆਂ ਵਿਚ ਦਾਜ ਦੇਣ ਦਾ ਰੁਝਾਨ ਵਧਦਾ ਗਿਆ, ਸੰਦੂਕ ਦਾ ਕੱਦ ਕਾਠ ਵੀ ਉਚਾ ਹੁੰਦਾ ਗਿਆ। ਇਸੇ ਅਨੁਪਾਤ ਨਾਲ ਪੰਜਾਬਣਾਂ ਦਾ ਸੰਦੂਕੀ ਅਭਿਮਾਨ ਵੀ ਵਧਦਾ ਗਿਆ ਤੇ ਸੰਦੂਕਾਂ ਓਹਲੇ ਸੱਸ ਕੁੱਟਣ ਦਾ ਹੌਸਲਾ ਪੈਣ ਲੱਗਾ। ਤਾਂ ਹੀ ਪਿਉਕਿਆਂ ਤੋਂ ਸੰਦੂਕ ਨਾ ਮਿਲੇ ਤਾਂ ਸੁਆਣੀ ਨੂੰ ਹਿਰਖ ਵੀ ਡਾਢਾ ਹੁੰਦਾ ਹੈ,
ਭੈਣ ਤੁਰਗੀ ਸੰਦੂਕੋਂ ਸੱਖਣੀ
ਵੀਰਾ ਵੇ ਮੁਰੱਬੇ ਵਾਲਿਆ।
ਪਰ ਪੰਜਾਬੀ ਵਿਚ ਸੰਦੂਕ ਸ਼ਬਦ ਹਮੇਸ਼ਾ ਇਸ ਕੋਠੇਨੁਮਾ ਢਾਂਚੇ ਨੂੰ ਨਹੀਂ ਬਲਕਿ ਛੋਟੇ ਨੂੰ ਵੀ ਕਿਹਾ ਜਾਂਦਾ ਰਿਹਾ ਹੋਵੇਗਾ। ਮਿਸਾਲ ਵਜੋਂ ਜਿਸ ਸੰਦੂਕ ਵਿਚ ਨੰਨੀ੍ਹ ਸੱਸੀ ਨੂੰ ਤਾੜ ਕੇ ਦਰਿਆ ਵਿਚ ਰੋੜ੍ਹਿਆ ਗਿਆ ਸੀ ਉਹ ਕਿੰਨਾ ਕੁ ਵੱਡਾ ਹੋ ਸਕਦਾ ਹੈ, ਬਕੌਲ ਹਾਸ਼ਿਮ,
ਜਿਸ ਉਸਤਾਦ ਸੰਦੂਕ ਸੱਸੀ ਦਾ, ਘੜਿਆ ਨਾਲ ਮਿਹਰ ਦੇ।
ਅਫਲਾਤੂਨ ਅਰਸਤੂ ਜੇਹੇ, ਹੋਣ ਸ਼ਗਿਰਦ ਹੁਨਰ ਦੇ।
ਜ਼ੀਨਤ ਜ਼ੇਬ ਸਿਖਣ ਸਭ ਉਸ ਥੀਂ, ਦਿਲਬਰ ਚੀਨ ਮਿਸਰ ਦੇ।
ਹਾਸ਼ਮ ਵੇਖ ਆਰਾਇਸ਼ ਕਰਦਾ, ਸ਼ਾਬਾਸ਼ ਅਕਲ ਫ਼ਿਕਰ ਦੇ।
ਸਭ ਕੋਸ਼ਾਂ ਤੇ ਹੋਰ ਸ੍ਰੋਤਾਂ ਅਨੁਸਾਰ ਸੰਦੂਕ ਸ਼ਬਦ ਪੰਜਾਬੀ ਵਿਚ ਫਾਰਸੀ ਵਲੋਂ ਆਇਆ ਤੇ ਫਾਰਸੀ ਵਿਚ ਅਰਬੀ ਵਲੋਂ। ਫਾਰਸੀ ਵਿਚ ਆ ਕੇ ਇਸ ਦਾ ਲਘੁਤਾ ਸੂਚਕ ਪਿਛੇਤਰ ‘ਚਾ’ ਲੱਗ ਕੇ ਛੋਟੇ ਸੰਦੂਕ ਲਈ ਸੰਦੂਕਚਾ ਸ਼ਬਦ ਬਣ ਗਿਆ। ਹੋਰ ਭਾਸ਼ਾਵਾਂ ਨੇ ਇਸ ਨੂੰ ਇਸਤਰੀ ਲਿੰਗ ਬਣਾ ਕੇ ‘ਚਾ’ ਦਾ ਚੀ ਬਣਾ ਦਿੱਤਾ ਤੇ ਸ਼ਬਦ ਹੋ ਗਿਆ ਸੰਦੂਕਚੀ। ਪੰਜਾਬੀਆਂ ਨੇ ਆਪਣੀ ‘ੜੀ’ ਅੜਾ ਕੇ ਸੰਦੂਕੜੀ ਬਣਾ ਦਿੱਤੀ। ਸੰਦੂਕਚੀ ਜਾਂ ਸੰਦੂਕੜੀ ਦਾ ਕੱਦ-ਕਾਠ ਟਰੰਕ ਕੁ ਜਿੱਡਾ ਹੀ ਹੁੰਦਾ ਹੈ। ਸੰਦੂਕੜੀ ਵਿਚ ਆਮ ਤੌਰ `ਤੇ ਗਹਿਣੇ ਗੱਟੇ, ਸ਼ਿੰਗਾਰੀ ਚੀਜ਼ਾਂ, ਨਕਦੀ, ਕਾਗਜ਼ ਪੱਤਰ, ਸੰਦ ਵਗੈਰਾ ਰੱਖੇ ਜਾਂਦੇ ਹਨ। ਵਿਆਂਦੜ ਨੂੰ ਸੰਦੂਕੜੀ ਵੀ ਦਾਜ ਵਿਚ ਮਿਲਦੀ ਹੁੰਦੀ ਸੀ ਜੋ ਇਕ ਤਰ੍ਹਾਂ ਸ਼ਿੰਗਾਰਦਾਨ ਹੀ ਹੁੰਦੀ ਸੀ। ਇਸ ਨੂੰ ਉਹ ਆਮ ਤੌਰ `ਤੇ ਸੰਦੂਕ ਵਿਚ ਸੁਸ਼ੋਭਿਤ ਕਰ ਦਿੰਦੀ ਸੀ। ਇੱਕ ਸਮਾਨਅੰਤਰ ਸੰਦੂਕੜੀ ਵਿਚ ਸੱਸਾਂ ਘਿਉ ਰੱਖ ਕੇ ਚਾਬੀ ਆਪਣੇ ਨਾਲੇ ਨਾਲ ਬੰਨ੍ਹ ਰੱਖਦੀਆਂ ਸਨ। ਪੰਜਾਬੀ ਵਿਚ ਪਟਾਰੀ ਵਾਂਗ ਸੰਦੂਕੜੀ ਵੀ ਇੱਕ ਤਰ੍ਹਾਂ ਰਹੱਸ ਦਾ ਪ੍ਰਤੀਕ ਹੈ। ਸਾਹਿਬ ਸਿੰਘ ਦੇ ਨਾਟਕ ‘ਸੰਦੂਕੜੀ ਖੋ੍ਹਲ ਨਰੈਣਿਆ’ ਵਿਚ ਪੰਜਾਬ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਰਹੱਸ ਖੋਲਿ੍ਹਆ ਗਿਆ ਹੈ। ਯਾਦਾਂ ਦੀ ਸੰਦੂਕੜੀ ਵੀ ਹੋਣ ਲੱਗ ਪਈ ਹੈ,
ਯਾਦਾਂ ਦੀ ਸੰਦੂਕੜੀ `ਚੋਂ ਅਕਸਰ ਹੀ ਕਢਕੇ ਛੂਹਵਾਂ।
ਪਿੰਡੇ ਸੀ ਪਹਿਨਿਆ ਕਦੇ ਜੋ, ਤਿਰੇ ਚੁੰਮਣ ਦਾ ਲਿਬਾਸ ਸੱਜਣ।
ਸੰਦੂਕਚੀ ਸ਼ਬਦ ਅੱਜ-ਕੱਲ੍ਹ ਬੋਲਣ ਵਿਚ ਘੱਟ ਹੀ ਆਉਂਦਾ ਹੈ ਭਾਵੇਂ ਪੰਜਾਬੀ ਸਾਹਿਤ ਵਿਚ ਇਸ ਦਾ ਜ਼ਿਕਰ ਕਾਫੀ ਹੈ। ਖਾਲਸਾ ਦਰਬਾਰ ਦੇ ਕਾਗਜ਼ਾਂ ਵਿਚ ਇਕ ਅਹਿਲਕਾਰ ਦਾ ਨਾਮ ਮਿਲਦਾ ਹੈ, ਜਿਸ ਨੂੰ ‘ਸੰਦੂਕਚੀ ਬਰਦਾਰ’ ਲਿਖਿਆ ਹੈ। ਇਹ ਸ਼ਾਇਦ ਖਜ਼ਾਨਚੀ ਲਈ ਵਰਤਿਆ ਹੈ।
ਸੰਦੂਕ ਸ਼ਬਦ ਦਾ ਮੁਢ ਕਈ ਸ੍ਰੋਤਾਂ ਅਨੁਸਾਰ ਅਰਬੀ ਹੀ ਹੈ ਤੇ ਇਸ ਨੂੰ ਅਰਬੀ ਦੇ ਧਾਤੂ ਸ-ਦ-ਕ ਤੋਂ ਬਣਿਆ ਖਿਆਲਿਆ ਜਾਂਦਾ ਹੈ। ਮੈਨੂੰ ਇਸ `ਤੇ ਸੰਦੇਹ ਹੋਇਆ ਤਾਂ ਕੁਝ ਹੋਰ ਛਾਣ-ਬੀਣ ਕੀਤੀ। ਇੱਕ ਪੁਖਤਾ ਇਤਲਾਹ ਅਨੁਸਾਰ ਇਹ ਭਾਰੋਪੀ ਅਸਲੇ ਦਾ ਸ਼ਬਦ ਮਲੂਮ ਹੁੰਦਾ ਹੈ। ਸਾਰੇ ਜਾਣਦੇ ਹਨ ਕਿ ਅਰਬ ਖਿੱਤੇ ਦੇ ਗਰੀਸ ਨਾਲ ਗਹਿਰੇ ਇਤਿਹਾਸਕ ਸਬੰਧ ਰਹੇ ਹਨ ਜਿਸ ਕਾਰਨ ਸ਼ਬਦਾਂ ਦਾ ਆਦਾਨ-ਪ੍ਰਦਾਨ ਵੀ ਹੁੰਦਾ ਰਿਹਾ ਹੈ। ਅਰਬੀ ਸੈਮਿਟਿਕ ਭਾਸ਼ਾ ਹੈ ਤੇ ਗਰੀਸ ਹਿੰਦ-ਯੂਰਪੀ। ਅਸਲ ਵਿਚ ਅਰਬੀ ਵਿਚ ਸੈਮਿਟਿਕ ਭਾਸ਼ਾ ਅਰਮਾਇਕ ਤੋਂ ਹੀ ਇਹ ਸ਼ਬਦ ਗਰੀਸ ਵਿਚ ਆਇਆ। ਅਰਮਾਇਕ ਵਿਚ ਇਹ ਸ਼ਬਦ ਅੱਗੋਂ ਪ੍ਰਾਚੀਨ ਗਰੀਕ ਦੇ ਸ਼ਬਦ ‘ਸੰਥੇਂਕੇ’ ਤੋਂ ਆਇਆ ਜੋ ਉਸ ਵੇਲੇ ਭਾਂਡਾ, ਪਾਤਰ ਆਦਿ ਦਾ ਅਰਥਾਵਾਂ ਸੀ। ਪਰ ਅੱਗੇ ਜਾ ਕੇ ਇਸ ਦਾ ਅਰਥ ਸੰਧੀ (ਦੋ ਧਿਰਾਂ ਵਿਚਾਲੇ ਸਮਝੌਤਾ) ਹੋ ਗਿਆ। ਸੰਥੇਂਕੇ ਸ਼ਬਦ ਅੱਗੇ ਦੋ ਜੁਜ਼ਾਂ ਤੋਂ ਬਣਿਆ ਹੈ। ਸਿਨ (syn)) + ਟਿਥਿਮੀ (tithimi))। ਇਹ ਸਿਨ ਦਰਅਸਲ ਭਾਰਤੀ ਆਰਿਆਈ ਭਾਸ਼ਾਵਾਂ ਦੇ ਅਗੇਤਰ ਸੰ/ਸਮ ਦਾ ਸਗੋਤੀ ਹੈ ਜੋ ਸ਼ਬਦਾਂ ਦੇ ਪਿੱਛੇ ਲਗ ਕੇ ਸਾਥ, ਨਾਲ ਦਾ ਅਰਥ ਦਿੰਦਾ ਹੈ ਜਿਵੇਂ ਪੰਜਾਬੀ ਸੰਪਤੀ ਆਦਿ। ਦੂਜੇ ਜੁਜ਼ ਟਿਥਮੀ ਵਿਚ ਰੱਖਣਾ, ਧਰਨਾ ਆਦਿ ਦੇ ਭਾਵ ਹਨ। ਇਸ ਨਾਲ ਸਬੰਧਤ ਗਰੀਕ ਤੋਂ ਅੰਗਰੇਜ਼ੀ ਵਿਚ ਆਏ ਸ਼ਬਦ ਥੀਸਿਸ ((thesis)) ਤੋਂ ਅਸੀਂ ਇਸ ਦੇ ਅਰਥ ਨੂੰ ਸਮਝ ਸਕਦੇ ਹਾਂ। ਥੀਸਿਸ ਦਾ ਸ਼ਾਬਦਿਕ ਅਰਥ ਉਹ ਪ੍ਰਸਤਾਵ ਹੈ ਜੋ ਸਾਹਮਣੇ ਰੱਖਿਆ ਜਾਵੇ। ਇਸ ਦਾ ਵਿਸਤ੍ਰਿਤ ਅਰਥ ਬਣਿਆ ਕਿਸੇ ਵਰਤਾਰੇ ਬਾਰੇ ਪੇਸ਼ ਕੀਤਾ ਤਰਕ, ਸਿਧਾਂਤ। ਇਸ ਤੋਂ ਬਣਦਾ ਇੱਕ ਅੰਗਰੇਜ਼ੀ ਸ਼ਬਦ ਹੈ synthesis (ਪੰਜਾਬੀ/ਹਿੰਦੀ ਸੰਸ਼ਲੇਸ਼ਣ) ਜਿਸ ਦਾ ਮਤਲਬ ਹੁੰਦਾ ਹੈ ਦੋ ਜਾਂ ਇਸ ਤੋਂ ਵੱਧ ਤੱਤਾਂ ਨੂੰ ਨਾਲ-ਨਾਲ ਰੱਖਣ (ਸੁਮੇਲ) ਨਾਲ ਬਣਦਾ ਨਵਾਂ ਪਦਾਰਥ। ਇਸ ਹਿਸਾਬ ਨਾਲ ਪ੍ਰਾਚੀਨ ਗਰੀਕ ਸ਼ਬਦ ਸੰਥੇਂਕੇ ਦਾ ਸ਼ਾਬਦਿਕ ਅਰਥ ਬਣਿਆ ਇਕ ਤੋਂ ਵੱਧ ਜੁਜ਼ਾਂ ਨੂੰ ਨਾਲ-ਨਾਲ ਰੱਖ ਕੇ ਜਾਂ ਜੋੜ ਕੇ ਬਣਾਇਆ ਉਤਪਾਦ। ਭਾਂਡਾ, ਪਾਤਰ ਅਜਿਹੀ ਚੀਜ਼ ਹੀ ਹੁੰਦੀ ਹੈ ਜੋ ਪ੍ਰਾਚੀਨ ਗਰੀਸ ਵਿਚ ਲੱਕੜੀ ਦੀਆਂ ਫੱਟੀਆਂ, ਟਾਹਣੀਆਂ ਆਦਿ ਨੂੰ ਜੋੜ ਕੇ ਬਣਾਈ ਜਾਂਦੀ ਹੋਵੇਗੀ। ਨੋਟ ਕਰੋ ਕਿ ਸੰਦੂਕ ਵੀ ਅਜਿਹਾ ਹੀ ਪਾਤਰ ਹੈ ਜੋ ਲੱਕੜੀ ਦੀਆਂ ਫੱਟੀਆਂ ਜੋੜ ਕੇ ਬਣਾਇਆ ਜਾਂਦਾ ਹੈ। ਦੂਜੇ ਪਾਸੇ ਇਸ ਦੀ ਵਿਆਖਿਆ ਹੋ ਸਕਦੀ ਹੈ ਅਜਿਹੀ ਸ਼ੈਅ ਹੈ ਜਿਸ ਵਿਚ ਬਹੁਤ ਸਾਰੀਆਂ ਚੀਜ਼ਾਂ ਧਰੀਆਂ ਜਾਂ ਰੱਖੀਆਂ ਜਾਣ। ਅਸੀਂ ‘ਸੰਥੇਂਕੇ’ ਦੇ ਸੰਧੀ ਦੇ ਅਰਥਾਂ ਵੱਲ ਜਾਈਏ। ਅਸਲ ਵਿਚ ਸਾਡਾ ਸ਼ਬਦ ‘ਸੰਧੀ’ ਵੀ ਦੋ ਜਾਂ ਦੋ ਤੋਂ ਵੱਧ ਧਿਰਾਂ ਨੂੰ ਜੋੜ ਕੇ ਬਣਾਏ ਇਕਰਾਰਨਾਮੇ ਦਾ ਅਰਥਾਵਾਂ ਹੈ ਜੋ ਕਿਸੇ ਖਾਸ ਨਿਸ਼ਾਨੇ ਵੱਲ ਸੇਧਿਤ ਕੀਤਾ ਜਾਂਦਾ ਹੈ।
ਪਿੱਛੇ ਅਸੀਂ ਗਰੀਕ ‘ਸੰਥੇਕੇ’ ਸ਼ਬਦ ਦੇ ਦੂਜੇ ਜੁਜ਼ ਟਿਥਮੀ ਦਾ ਅਰਥ ਰੱਖਣਾ, ਧਰਨਾ ਦੱਸਿਆ ਹੈ। ਇਸ ਸ਼ਬਦ ਦਾ ਭਾਰੋਪੀ ਮੂਲ *dhe ਮਿਥਿਆ ਗਿਆ ਹੈ ਜਿਸ ਵਿਚ ਧਰਨ, ਰੱਖਣ ਦੇ ਭਾਵ ਹਨ। ਗਰੀਕ ਭਾਸ਼ਾ ਵਿਚ ਜਾ ਕੇ ਇਸ ਦਾ ਰੂਪ tithnai ਜਿਹਾ ਹੋ ਜਾਂਦਾ ਹੈ ਜਿਸ ਤੋਂ ਅੱਗੇ ਥੀਸਿਸ, ਸਿੰਥੇਸਿਸ ਜਿਹੇ ਸ਼ਬਦ ਬਣ ਜਾਂਦੇ ਹਨ। ਅੰਗਰੇਜ਼ੀ ਟਹੲਮੲ ਦੀ ਵੀ ਲਗਭਗ ਏਹੋ ਕਹਾਣੀ ਹੈ। ਹੋਰ ਭਾਸ਼ਾਵਾਂ ਵਿਚ ਇਸ ਦੇ ਹੋਰ ਰੂਪ ਵਿਕਸਿਤ ਹੋਏ ਹਨ। ਅਵੇਸਤਾ ਵਿਚ ਇਸ ਦਾ ਮੂਲ *ਦਦਾਇਤੀ ਜਿਹਾ ਹੈ। ਸੰਸਕ੍ਰਿਤ ਵਿਚ ਇਸ ਮੂਲ ਦਾ ਰੂਪ ਹੈ *ਧਾਅ ਜਿਸ ਵਿਚ ਧਰਨ, ਰੱਖਣ ਦੇ ਭਾਵ ਹਨ। ਪਾਠਕ ਸਹਿਜੇ ਹੀ ਸਮਝ ਸਕਦੇ ਹਨ ਕਿ ਰੱਖਣਾ ਦੇ ਭਾਵਾਂ ਵਾਲਾ ਧਰਨਾ, ਧਾਰਨਾ (ਮਨ ਵਿਚ ਰੱਖਣਾ) ਏਥੋਂ ਹੀ ਆ ਰਹੇ ਹਨ। ਕਿੰਨੇ ਸਾਰੇ ਹੋਰ ਅਣਗਿਣਤ ਸ਼ਬਦ ਹਨ ਜਿਨ੍ਹਾਂ ਦਾ ਪਿੱਛਾ ਫਿਰ ਕਦੇ ਕੀਤਾ ਜਾਵੇਗਾ। ਇਹ ਗੱਲ ਦਿਲਚਸਪੀ ਤੋਂ ਖਾਲੀ ਨਹੀਂ ਕਿ ਉਤਲਿਖਤ ਸੰਧੀ ਦੇ ਅਰਥਾਂ ਵਾਲਾ ਗਰੀਕ ਸ਼ਬਦ ਸੰਥੇਂਕੇ, ਜੋ ਬਾਅਦ ਵਿਚ ਸੰਦੂਕ ਬਣਿਆ ਦਰਅਸਲ ਖੁਦ ਸਾਡੇ ਸੰਧੀ ਸ਼ਬਦ ਦਾ ਸਜਾਤੀ ਹੈ। ਸੰਧੀ ਬਣਿਆ ਹੈ ਨਾਲ, ਸਾਥ ਦੇ ਅਰਥਾਂ ਵਾਲੇ ਅਗੇਤਰ ‘ਸੰ’ ਦੇ ਨਾਲ ਉਪਰੋਕਤ ਧਾਤੂ ਦੇ ਰੁਪਾਂਤਰ ‘ਧੀ’ ਜੋੜ ਕੇ ਅਰਥਾਤ ਦੋ ਜਾਂ ਵਧ ਜੁਜ਼ਾਂ ਦਾ ਇੱਕ ਥਾਂ ਧਰਿਆ ਜਾਣਾ, ਗਠਜੋੜ, ਸਮਝੌਤਾ। ਸੰਧਿਆ ਸ਼ਬਦ ਵੀ ਇਸੇ ਦਾ ਵਧਾਅ ਹੈ ਜਿਸ ਦਾ ਸ਼ਾਬਦਿਕ ਅਰਥ ਬਣਦਾ ਹੈ (ਦਿਨ ਅਤੇ ਰਾਤ ਦੇ) ਨਾਲੋ ਨਾਲ ਧਰੇ ਜਾਂ ਸਾਂਝੇ ਹੋਣ ਦਾ ਸਮਾਂ। ਪੰਜਾਬੀ ਵਿਚ ਕੰਧ ਪਾੜ ਕੇ ਕੀਤੀ ਜਾਂਦੀ ਚੋਰੀ ਲਈ ਵਰਤਿਆ ਜਾਂਦਾ ਸ਼ਬਦ ਸੰ੍ਹਨ ਵੀ ਏਥੇ ਥਾਂ ਸਿਰ ਹੈ। ਸੰ੍ਹਨ ਲਾਉਂਦਿਆਂ ਘਰ ਦੇ ਅੰਦਰ ਨਾਲ ਰਾਬਤਾ ਜੁੜਦਾ ਹੈ। ਹੋਰ ਦੇਖੋ, ਸੰ੍ਹਨੀ, ਇੱਕ ਹਥਿਆਰ ਜਿਸ ਨਾਲ ਅਸੀਂ ਚੀਜ਼ਾਂ ਚੁੱਕਦੇ ਹਾਂ। ਵਿਚਲਾ ਭਾਵ ਹੈ ਦੋ ਚੀਜ਼ਾਂ ਨੂੰ ਜੋੜਨਾ। ਇਹ ਵੀ ਸੰਸਕ੍ਰਿਤ ਸੰਧੀ ਦਾ ਹੀ ਵਿਗੜਿਆ ਰੂਪ ਹੈ। ਹੋਰ ਹਿੰਦ-ਯੂਰਪੀ ਭਾਸ਼ਾਵਾਂ ਜਿਵੇਂ ਲਿਥੂਏਨੀਅਨ, ਲਾਤੀਨੀ, ਰੂਸੀ, ਪੌਲਿਸ਼, ਜਰਮਨ ਵਿਚ ਵੀ ਇਸ ਭਾਰੋਪੀ ਮੂਲ ਤੋਂ ਢੇਰ ਸ਼ਬਦ ਬਣੇ ਹਨ।