ਡਾ. ਹਰਬੰਸ ਲਾਲ
Email: harbansl@gmail.com
ਨੋਟ: ਡਾ. ਹਰਬੰਸ ਲਾਲ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੋਢੀ ਮੈਂਬਰਾਂ ਵਿਚੋਂ ਇੱਕ ਸਨ।
ਸੰਪਾਦਕ ਜੀ,
ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਦੇ ਸੰਕਲਪ ਅਤੇ ਅਜੋਕੇ ਯੁੱਗ ਦੀਆਂ ਚੁਣੌਤੀਆਂ ਦੇ ਵਿਸ਼ੇ `ਤੇ ਪਿਛਲੇ ਦਿਨੀਂ ‘ਪੰਜਾਬ ਟਾਈਮਜ਼’ ਵਿਚ ਸ. ਹਰਚਰਨ ਸਿੰਘ ਪ੍ਰਹਾਰ ਵਲੋਂ ਲਿਖੇ ਲੜੀਵਾਰ ਲੇਖ, ਕਿਸੇ ਮੇਹਰਬਾਨ ਸੱਜਣ ਤੋਂ ਮਿਲ਼ੀ ਜਾਣਕਾਰੀ ਤੋਂ ਬਾਅਦ ਪੜ੍ਹਨ ਦਾ ਮੌਕਾ ਮਿiਲ਼ਆ ਹੈ। ਸਭ ਤੋਂ ਪਹਿਲਾਂ ਤਾਂ ਮੌਕੇ ਦੀ ਲੋੜ ਅਨੁਸਾਰ ਵਿਦਵਾਨ ਸੱਜਣ ਨੇ ਖੋਜ ਪੜਤਾਲ ਕਰ ਕੇ ਪੂਰੀ ਨਿਰਪੱਖਤਾ ਅਤੇ ਦਲੇਰੀ ਨਾਲ਼ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਜਿਸ ਲਈ ਉਹ ਵਧਾਈ ਦੇ ਪਾਤਰ ਆਖੇ ਜਾ ਸਕਦੇ ਹਨ।
ਲੇਖ ਲੜੀ ਦੇ ਹਰ ਲੇਖ ਵਿਚ ਕੋਈ ਨਾ ਕੋਈ ਅਹਿਮ ਮੁੱਦਾ ਨਿਤਾਰ ਕੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਉਪਰ ਹੋਰ ਵਧੇਰੇ ਵਿਚਾਰ-ਚਰਚਾ ਲਈ ਸੱਦਾ ਦਿੱਤਾ ਗਿਆ ਹੈ। ਲੇਖਕ ਨੇ ਪ੍ਰੋ. ਪੂਰਨ ਸਿੰਘ ਅਤੇ ਸ. ਕਪੂਰ ਸਿੰਘ ਦੇ ਵਿਚਾਰਾਂ ਦੇ ਵਖਰੇਵੇਂ ਨੂੰ ਜਿਸ ਤਰ੍ਹਾਂ ਸਾਹਮਣੇ ਲਿਆਂਦਾ ਹੈ, ਉਹ ਮੇਰੇ ਲਈ ਵੀ ਨਵੀਂ ਗੱਲ ਸੀ। ਅੱਗੋਂ ਪ੍ਰਹਾਰ ਹੋਰਾਂ ਨੇ ਡਾ. ਜਸਬੀਰ ਸਿੰਘ ਆਹਲੂਵਾਲ਼ੀਆ ਅਤੇ ਡਾ. ਗੁਰਭਗਤ ਸਿੰਘ ਦੀਆਂ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਸਮੇਂ-ਸਮੇਂ ‘ਤੇ ਲਿਖੀਆਂ ਲਿਖਤਾਂ ਦੀਆਂ ਸੀਮਾਵਾਂ ‘ਤੇ ਵੀ ਲੋੜੀਂਦੇ ਇਸ਼ਾਰੇ ਕੀਤੇ ਹਨ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਕੀਤੇ ਜਾ ਰਹੇ ਹੁਕਮਨਾਮਿਆਂ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਦੇਖਦਿਆਂ, ਜਿਸ ਕਿਸਮ ਦਾ ਸੰਕਟ ਅੱਜ-ਕੱਲ੍ਹ ਬਣਿਆ ਹੋਇਆ ਹੈ, ਉਸ ਨੂੰ ਦੇਖਦਿਆਂ ਅਜਿਹੀ ਸਥਿਤੀ ਹਰੇਕ ਪੰਥ ਹਿਤੈਸ਼ੀ ਲਈ ਚਿੰਤਾਜਨਕ ਹੈ।
‘ਪ੍ਰੋ. ਬਲਕਾਰ ਸਿੰਘ ਨਾਲ਼ ਸੰਵਾਦ’ ਨੂੰ ਪੜ੍ਹਦਿਆਂ, ਉਨ੍ਹਾਂ ਦਾ ਇਹ ਵਿਚਾਰ ਬਿਲਕੁਲ ਠੀਕ ਲੱਗਦਾ ਹੈ ਕਿ ਸਿੰਘ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕਿਸੇ ਤਰ੍ਹਾਂ ਦੇ ਦੋਸ਼ ਪੱਤਰ ਅਧਾਰਿਤ ਤਨਖਾਹ ਲਗਾ ਕੇ ਮਨਵਾਉਣ ਦੀ ਥਾਂ ਸਿੰਘ ਸਾਹਿਬ ਦੀ ਰਾਏ ਨੂੰ ਸਭ ਸਿੱਖਾਂ ਤੱਕ ਕਿਸੇ ਵੀ ਸੰਭਵ ਵਿਧੀ ਰਾਹੀਂ ਪਹੁੰਚਾ ਦੇਣ ਦੀ ਤਜਵੀਜ਼ ਦਿੱਤੀ ਗਈ ਹੈ। ਪ੍ਰੋ. ਸਾਹਿਬ ਦਾ ਇਹ ਵੀ ਕਹਿਣਾ ਹੈ ਕਿ ਅੱਗੇ ਸਿੱਖਾਂ ਸਿੰਘ ਸਾਹਿਬ ਦੀ ਰਾਏ ਦਾ ਕਿਤਨਾ ਕੁ ਮਾਣ ਰੱਖਣਾ ਹੈ। ਪ੍ਰੋ. ਬਲਕਾਰ ਸਿੰਘ ਦੀ ਇਹ ਸਲਾਹ ਵੀ ਠੀਕ ਲੱਗਦੀ ਹੈ ਕਿ ਤਨਖਾਹ ਲਗਾਉਣ ਦੀ ਵਿਧੀ ਸਬੰਧਤ ਕਥਿਤ ਦੋਸ਼ੀ ਦੀ ਸਾਖ ਭਾਈਚਾਰੇ ਵਿਚ ਬਚਾਉਣ ਲਈ ਸੀ, ਉਹ ਵੀ ਜੇ ਕੋਈ ਵਿਅਕਤੀ ਆਪ ਇਸ ਸਬੰਧੀ ਜਥੇਦਾਰ ਸਾਹਿਬ ਕੋਲ਼ ਫਰਿਆਦ ਕਰੇ। ਪੰਥ ਵਿੱਚੋਂ ਛੇਕੇ ਜਾਣ ਦੀ ਵਿਧੀ ਨੂੰ ਇਸ ਤੋਂ ਵੱਖ ਕਰ ਕੇ ਵੇਖੇ ਜਾਣ ਦੀ ਲੋੜ ਹੈ। ਇਨ੍ਹਾਂ ਸੁਝਾਵਾਂ `ਤੇ ਪੰਥ ਨੂੰ ਗੰਭੀਰ ਵਿਚਾਰ ਕਰਨ ਦੀ ਲੋੜ ਹੈ।
ਲੇਖ ਅਨੁਸਾਰ ਪ੍ਰੋ. ਬਲਕਾਰ ਸਿੰਘ ਨੇ ਦੁਨੀਆ ਭਰ ਵਿਚ ਫੈਲੇ ਸਿੱਖ ਵਿਦਵਾਨਾਂ ਦੀ ਰਾਏ ਲੈ ਕੇ ਕਿਸੇ ਸਮਰੱਥ ਵਿਅਕਤੀ ਨੂੰ ਲੱਭ ਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ, ਅਜਿਹਾ ਹੋਣ ਨਾਲ਼ ਸਭ ਮਸਲੇ ਤਸੱਲੀਬਖਸ਼ ਢੰਗ ਨਾਲ਼ ਹੱਲ ਹੋ ਸਕਦੇ ਹਨ। ਪ੍ਰਹਾਰ ਸਾਹਿਬ ਅਨੁਸਾਰ ਪ੍ਰੋ. ਬਲਕਾਰ ਸਿੰਘ ਦੀਆਂ ਇਹ ਤਜਵੀਜ਼ਾਂ ਠੀਕ ਹੋ ਸਕਦੀਆਂ ਹਨ, ਪਰ ਸਮੱਸਿਆ ਸ਼ਾਇਦ ਇਹ ਨਹੀਂ ਹੈ। ਹਰਚਰਨ ਸਿੰਘ ਪ੍ਰਹਾਰ ਹੋਰਾਂ ਦੀ ਗੱਲ ਠੀਕ ਲੱਗਦੀ ਹੈ ਕਿ ਪੂਰੇ ਸਿੱਖ ਜਗਤ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਸਪੱਸ਼ਟ ਕਰ ਕੇ ਉਸਦਾ ਅਧਿਕਾਰ ਖੇਤਰ ਅਤੇ ਰੋਲ ਮਿੱਥੇ ਜਾਣ ਦੀ ਹੈ। ਜਿਤਨੀ ਦੇਰ ਤੱਕ ਇਹ ਨਹੀਂ ਕੀਤਾ ਜਾਂਦਾ ਤਾਂ ਕੀ ਅਜਿਹਾ ਨਹੀਂ ਲੱਗਦਾ ਕਿ ਭਵਿੱਖ ਵਿਚ ਵੀ ਅਜਿਹੇ ਸੰਕਟਾਂ ਦੀ ਸੰਭਾਵਨਾ ਲਗਾਤਾਰ ਬਣੀ ਰਹੇਗੀ। ਇਹ ਮਸਲਾ ਵੀ ਵਿਚਾਰਿਆ ਜਾਣਾ ਚਾਹੀਦਾ ਹੈ।
ਹਰਚਰਨ ਸਿੰਘ ਦੇ ‘ਸੋਸ਼ਲ ਮੀਡੀਆ ਦੀ ਦਹਿਸ਼ਤਗਰਦੀ’ ਲੇਖ ਵਿਚ ਇਹ ਨੁਕਤਾ ਵੀ ਗੰਭੀਰ ਧਿਆਨ ਦੀ ਮੰਗ ਕਰਦਾ ਹੈ ਕਿ ਤਖਤਾਂ ਦੇ ਜਥੇਦਾਰਾਂ ਦੇ ਫੈਸਲਿਆਂ ਨੂੰ ਪ੍ਰਭਾਵਤ ਕਰਨ ਲਈ, ਕੀ ਸ਼ਰ੍ਹੇਆਮ ਅਜਿਹੀ ਮੁਹਿੰਮ ਚਲਾਈ ਜਾਣੀ ਵਾਜਬ ਹੈ? ਜਿਸ ਕਿਸਮ ਦੀ ਮੁਹਿੰਮ ਪਿਛਲੇ ਸਮੇਂ ਵਿਚ ਸੁਣਨ ਵਿਚ ਆਉਂਦੀ ਰਹੀ ਹੈ।