ਪ੍ਰਹਾਰ ਦੇ ਲੇਖ ਦੇ ਅਰਥਾਂ ਦਾ ਅਨਰਥ ਨਾ ਕਰੋ!

ਸੰਪਾਦਕ ਜੀ,
‘ਪੰਜਾਬ ਟਾਈਮਜ਼’ ਵਿਚ ਛਪਦੀ ਸਾਹਿਤਕ ਸਮੱਗਰੀ ਪੜ੍ਹਨਯੋਗ ਹੁੰਦੀ ਹੈ ਇਸ ਲਈ ਜ਼ਰੂਰ ਪੜ੍ਹਦਾ ਹਾਂ। ਧਾਰਮਿਕ ਅਤੇ ਰਾਜਨੀਤਕ ਬਾਈਪਾਸ ਕਰ ਜਾਂਦਾ ਹਾਂ ਕਿਉਂਕਿ ਉਸ ਵਿਚ ਮੇਰੀ ਬਹੁਤੀ ਰੁਚੀ ਨਹੀਂ ਹੁੰਦੀ।

ਪਰ ਇਸ ਦੇ ਬਾਵਜੂਦ ‘ਪੰਜਾਬ ਟਾਈਮਜ਼’ ਦੇ 18 ਜਨਵਰੀ ਦੇ ਅੰਕ ਵਿਚਲੇ ਸੰਪਾਦਕ ਨੂੰ ਲਿਖੇ ਖਤਾਂ ਨੇ ਧਿਆਨ ਆਕਰਸ਼ਿਤ ਕੀਤਾ ਹੈ। ਇਸ ਦਾ ਕਾਰਨ ਇਸ ਵਿਚ ਛਪੇ ਡਾ. ਗੁਰਨਾਮ ਕੌਰ ਅਤੇ ਸ. ਹਜ਼ਾਰਾ ਸਿੰਘ ਦੇ ਖਤ ਸਨ। ਹਰਚਰਨ ਸਿੰਘ ਪਰਹਾਰ ਦੇ ਲੇਖਾਂ ਦਾ ਮੈਂ ਕਾਫੀ ਹੱਦ ਤੱਕ ਸਮਰਥਕ ਹਾਂ। ਹਜ਼ਾਰਾ ਸਿੰਘ ਦੇ ਨਿਰਪੱਖ ਵਿਚਾਰਾਂ ਦਾ ਵੀ ਕਾਇਲ ਹਾਂ। ਬਹੁਤ ਘੱਟ ਲੇਖਕ ਵਿਚਾਰਕ ਹਨ, ਜੋ ਸਿੱਖ ਧਰਮ ਅਤੇ ਰਾਜਨੀਤੀ ਵਿਚ ਆ ਰਹੇ ਨਿਘਾਰ ਦਾ ਬੇਬਾਕੀ ਨਾਲ ਵਿਸ਼ਲੇਸ਼ਣ ਕਰਦੇ ਹਨ ਅਤੇ ‘ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ’ ਦਾ ਸ਼ਲਾਘਾਯੋਗ ਉਪਰਾਲਾ ਕਰਦੇ ਹਨ, ਨਹੀਂ ਤਾਂ ਬਹੁਤੇ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਹਕੂਮਤਾਂ ਸਿਰ ਮੜ੍ਹ ਸੁਰਖੁਰੂ ਹੋ ਜਾਂਦੇ ਹਨ। ਬਹੁਤਿਆਂ ਦਾ ਨਿਸ਼ਾਨਾਂ ਤਾਂ ਹਿੰਦੂਤਵ ਅਤੇ ਭਾਰਤੀ ਹਕੂਮਤ ਹੀ ਹੁੰਦੀ ਹੈ ਜੋ ਪਤਾ ਨਹੀਂ ਕਿਉਂ ਸਿੱਖਾਂ ਮਗਰ ਪਈ ਹੈ ਅਤੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰਦੀ ਰਹਿੰਦੀ ਹੈ। ਅੱਜ ਕੋਈ ਵੀ ਉੱਠ ਕੇ ਇਹ ਵਿਸ਼ਾ ਛੋਹ ਲਵੇ ਤੇ ਕੇਂਦਰ ਅਤੇ ਹਿੰਦੂਤਵ ਨੂੰ ਗਾਲ੍ਹਾਂ ਕੱਢ ਦਵੇ, ਰਾਤੋ-ਰਾਤ ਪੰਜਾਬ ਦੇ ਲੋਕ ਉਸ ਨੂੰ ਆਪਣਾ ਹੀਰੋ ਮੰਨ ਲੈਂਦੇ ਹਨ। ਮੋਦੀ ਸਰਕਾਰ ਦੀਆਂ ਨੀਤੀਆਂ ਵਿਚ ਸੌ ਕਾਨਤਾਂ ਹੋਣਗੀਆਂ, ਪਰੰਤੂ ਇਹ ਵੀ ਦੱਸੋ ਮੌਜੂਦਾ ਸਮੇਂ ਦੌਰਾਨ ਅਮਰੀਕਾ ਤੋਂ ਲੈ ਕੇ ਪਾਕਿਸਤਾਨ, ਬੰਗਲਾ ਦੇਸ਼ ਜਾਂ ਸ੍ਰੀ ਲੰਕਾ ਵਰਗੇ ਤੁਹਾਡੇ ਗੁਆਂਢੀ ਦੇਸ਼ਾਂ ਦੀਆਂ ਸਰਕਾਰਾਂ ਵਿਚੋਂ ਕਿਹੜੀ ਸਰਕਾਰ ਵਿਚ ਘੱਟ ਖਾਮੀਆਂ ਹਨ। ਭਾਜਪਾ ਦੀ ਰਾਜਨੀਤੀ ਦੀ ਆਲੋਚਨਾ ਕੋਈ ਜੀਅ ਸਦਕੇ ਕਰੇ, ਪਰੰਤੂ ਲੋਕਾਂ ਨੂੰ ਇਹ ਵੀ ਤਾਂ ਦੱਸੇ ਕਿ ਪਿਛਲੇ 50-60 ਦਾਲਾਂ ਦੌਰਾਨ ਸਿੱਖ ਰਾਜਨੀਤਕ ਪਾਰਟੀਆਂ ਕਿਸ ਕਿਸ ਤਰ੍ਹਾਂ ਦੇ ਚੱਜ ਕਰਦੀਆਂ ਰਹੀਆਂ ਹਨ।
ਹੁਣ ਸੰਪਾਦਕੀ ਖਤਾਂ ਵੱਲ ਆਉਂਦੇ ਹਾਂ। ਡਾ. ਗੁਰਨਾਮ ਕੌਰ ਨੇ ਪਰਹਾਰ ਦੇ ਲੇਖ ਦੇ ਅਖੀਰ ਵਿਚ ਇਕੋ ਪਹਿਰੇ ਨੂੰ ਉਸ ਦੇ ਸੰਦਰਭ ਨਾਲੋਂ ਤੋੜ ਕੇ ਜਮ੍ਹਾਂ ਹੀ ਅਰਥਾਂ ਦੇ ਅਨਰਥ ਕਰ ਮਾਰੇ ਹਨ। ਉਸਨੂੰ ਸੌਦਾ ਸਾਧ ਦਾ ਹਮਦਰਦ ਦੱਸਿਆ ਹੈ। ਫੇਰ ਤਾਂ ਡਾਕਟਰ ਸਾਹਿਬਾ ਆਪ ਜੀ ਵੀ ਉਨ੍ਹਾਂ ਟਕਸਾਲੀਆਂ ਅਤੇ ਸਿੱਖ ਧਰਮ ਦੇ ਠੇਕੇਦਾਰਾਂ ਦੇ ਹਮਦਰਦ ਕਹੇ ਜਾ ਸਕਦੇ ਹੋ, ਜੋ ਆਪਣੀ ਕੱਟੜਤਾ ਅਤੇ ਹਿੰਸਕ (ਧੌਂਸ) ਬਿਰਤੀ ਸਦਕਾ ਲਗਾਤਾਰ ਸਿੱਖੀ ਨੂੰ ਖੋਰਾ ਲਾ ਰਹੇ ਹਨ ਅਤੇ ਕਿਸੇ ਕਲਪਿਤ ਦੁਸ਼ਮਣ ਖ਼ਿਲਾਫ ਜੰਗ ਛੇੜੀ ਰੱਖਦੇ ਹਨ। ਸੌਦਾ ਸਾਧ ਨੇ ਉਸ ਇਤਰਾਜ਼ਯੋਗ ਘਟਨਾ ਉਪਰੰਤ ਫੌਰਨ ਮਾਫੀ ਮੰਗਦਿਆਂ ਕਿਹਾ ਸੀ ਕਿ ਉਸ ਦੇ ਭਗਤ ਉਸ ਨੂੰ ਵੰਨ-ਸੁਵੰਨੀਆਂ ਪੁਸ਼ਾਕਾਂ ਭੇਟ ਕਰਦੇ ਰਹਿੰਦੇ ਹਨ ਅਤੇ ਇਹ ਸਭ ਸੰਜੋਗਵਸ ਹੋ ਗਿਆ। ਉਹ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਬਾਰੇ ਸੋਚ ਵੀ ਨਹੀਂ ਸਕਦਾ। ਇਸ ਨਾਲ ਵਿਵਾਦ ਖਤਮ ਹੋ ਜਾਣਾ ਚਾਹੀਦਾ ਸੀ। ਜੋ ਦੋਸ਼ ਉਸ ਉੱਪਰ ਸਾਬਤ ਹੋ ਗਏ ਉਸ ਦੀ ਸਜ਼ਾ ਉਹ ਭੁਗਤ ਰਿਹਾ ਹੈ, ਪਰ ਧਰਮ ਦੇ ਠੇਕੇਦਰਾਂ ਨੂੰ ਕਿੱਥੇ ਚੈਨ ਜਿਨ੍ਹਾਂ ਦੇ ਸ਼ਰਧਾਲੂ ਕੋਟੇ ਨੂੰ ਉਹ ਸਾਧ ਖੋਰਾ ਲਾ ਰਿਹਾ ਸੀ। ਫੇਰ ਉਸ ਨੂੰ ਅਕਾਲ ਤਖ਼ਤ ਬੁਲਾ ਕੇ ਨੱਕ ਰਗੜਵਾਉਣ ਦੀਆਂ ਵਿਉਂਤਾਂ ਬਣਦੀਆਂ ਰਹੀਆਂ। ਲਾਅਲਾ-ਲਾਅਲਾ ਕਰਕੇ ਵਿਰੋਧੀਆਂ ਮਗਰ ਪੈ ਜਾਣਾ ਅਤੇ ਡਰਾ ਧਮਕਾ ਕੇ (ਜਾਨੋਂ ਮਾਰ ਕੇ ਵੀ) ਵੀ ਆਪਣੀ ਈਨ ਮਨਵਾਉਣੀ ਕਦੋਂ ਅਤੇ ਕਿਸ ਦੁਆਰਾ ਸਿੱਖ ਸਿਧਾਂਤਾਂ ਵਿਚ ਸ਼ਾਮਲ ਕਰ ਲਿਆ ਗਿਆ ਕਿਸੇ ਨੂੰ ਨਹੀਂ ਪਤਾ।
ਸੌਧਾ ਸਾਧ ਤੋਂ ਪਹਿਲਾਂ ਇਸੇ ਤਰ੍ਹਾਂ ਨਿਰੰਕਾਰੀ ਪੰਥ ਨਾਲ ਕੀਤਾ ਗਿਆ। ਅੰਮ੍ਰਿਤਸਰ ਸ਼ਹਿਰ ਸਿੱਖੀ ਦਾ ਧੁਰਾ ਹੈ। ਲੱਖਾਂ ਸ਼ਰਧਾਵਾਨ ਅਤੇ ਗੈਰ-ਸ਼ਰਧਾਵਾਨ ਲੋਕ ਉਥੇ ਵਸਦੇ ਹਨ। ਉਥੇ ਨਿਰੰਕਾਰੀਆਂ ਦਾ ਸਮਾਗਮ ਤਿੰਨ ਦਿਨਾਂ ਤਕ ਅਮਨ-ਸ਼ਾਂਤੀ ਨਾਲ ਚਲਿਆ। ਸਾਰੇ ਸ਼ਹਿਰ ਵਿਚ ਕਿਸੇ ਨੂੰ ਕੋਈ ਤਕਲੀਫ ਨਾ ਹੋਈ; ਚਿੜੀ ਤਕ ਨਾ ਫੜਕੀ। ਤਾਂ ਫਿਰ ਆਖਰੀ ਦਿਨ ਚੰਦ ਲੋਕਾਂ ਵਲੋਂ ਜਾ ਕੇ ਉਸ ਨੂੰ ਖੜ੍ਹੇ ਪੈਰ ਰੁਕਵਾਉਣ ਦੀ ਕੋਸ਼ਿਸ਼ ਕਰਨ ਦੀ ਕੀ ਲੋੜ ਸੀ? ਬੇਲੋੜਾ ਖੂਨ-ਖਰਾਬਾ ਹੋਇਆ। ਦਮਦਮੀ ਟਕਸਾਲ ਦੇ ਸਮਰਥਕਾਂ ਨੇ ਨਿਰੰਕਾਰੀ ਬਾਬੇ ਅਤੇ ਉਸੇ ਕਈ ਸਿਤਾਰਿਆਂ ਨੂੰ ਗੋਲੀਆਂ ਨਾਲ ਭੰਨ ਦਿੱਤਾ। ਪਿਛੋਂ ਉਸਦੇ ਜਾਨਸ਼ੀਨ ਬਾਬਾ ਹਰਦੇਵ ਸਿੰਘ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਕੋਲੋਂ ਬੜੀ ਆਜ਼ਜੀ ਨਾਲ ਮੁਆਫੀ ਮੰਗੀ। ਜੇ ਉਸ ਨੂੰ ਜ਼ਰਾ ਖੁੱਲ੍ਹੇ ਮਨ ਨਾਲ ਬਖਸ਼ ਦਿੱਤਾ ਜਾਂਦਾ ਤਾਂ ਪੰਥ ਦਾ ਭਲਾ ਕਿੰਨਾ ਕੁ ਨੁਕਸਾਨ ਹੋ ਜਾਣਾ ਸੀ। ਐਸੇ ਸਵਾਲ ਉਠਾਉਣ ਦੀ ਕੀ ਕਿਸੇ ਅੰਦਰ ਇਖਲਾਕੀ ਜੁਰਅਤ ਨਹੀਂ ਹੋਣੀ ਚਾਹੀਦੀ, ਜ਼ਰੂਰ ਹੋਣੀ ਚਾਹੀਦੀ ਹੈ। ਪਰਹਾਰ ਦੇ ਲੇਖਾਂ ਵਿਚ ਬੜੀਆਂ ਗੱਲਾਂ ਅਜਿਹੀਆਂ ਹਨ, ਜੋ ਫੁੱਟ ਪਾਉਣ ਵਾਲੀਆਂ ਨਹੀਂ ਹਨ।
ਸੰਪਾਦਕਾ ਜੀ ਜੇ ਇਜਾਜ਼ਤ ਹੋਵੇ ਤਾਂ ਆਪ ਨਾਲ ਵੀ ਥੋੜ੍ਹਾ ਆਢਾ ਲਾਉਣਾ ਹੈ। ਤੁਹਾਨੂੰ ਯਾਦ ਹੋਣੈਂ ਇਕੇਰਾਂ ਮੈਂ ਡਾ. ਰਿਜਵਨ ਅਹਿਮਦ ਦੇ ਇੱਕ ਅੰਗਰੇਜ਼ੀ ਵਿਚ ਲਿਖੇ ਲੇਖ ਦਾ ਪੰਜਾਬੀ ਅਨੁਵਾਦ ਕਰ ਕੇ ਆਪ ਨੂੰ ਭੇਜਿਆ ਸੀ, ਜਿਸ ਵਿਚ ਉਨ੍ਹਾਂ ਬੜੀ ਨਿਰਪੱਖਤਾ ਨਾਲ ਭਾਰਤ ਅੰਦਰ ਪਨਪ ਰਹੀ ਹਿੰਦੂ-ਮੁਸਲਿਮ ਸਮੱਸਿਆ ਲਈ ਬਹੁਤਾ ਦੋਸ਼ ਮੁਸਲਿਮ ਕੱਟੜਤਾ ਸਿਰ ਮੜ੍ਹਿਆ ਸੀ। ਆਪ ਨੇ ਉਹ ਛਾਪ ਤਾਂ ਦਿੱਤਾ ਪਰ ਕੈਪਸ਼ਨ ਵਿਚ ਲਿਖ ਦਿੱਤਾ, ‘ਹਿੰਦੂ ਇਹ ਨਾ ਸਮਝਣ ਕਿ ਅਸੀਂ ਦੁੱਧ ਧੋਤੇ ਹਾਂ।’ ਵਾਹ ਸੰਪਾਦਕਾ ਜੀ ਵਾਹ! ‘ਪੰਜਾਬ ਟਾਈਮਜ਼’ ਵਿਚ ਬੀ.ਜੇ.ਪੀ. ਅਤੇ ਇਸ ਦੇ ਕੱਟੜ ਹਿੰਦੂਤਵ ਏਜੰਡੇ ਵਿਰੁੱਧ ਅਕਸਰ ਲੇਖ ਛਪਦੇ ਰਹਿੰਦੇ ਹਨ ਪਰ ਤੁਸਾਂ ਕਦੇ ‘ਸਿੱਖ ਇਹ ਨਾ ਸਮਝਣ ਕਿ ਅਸੀਂ ਦੁੱਧ ਧੋਤੇ ਹਾਂ’ ਲਿਖਣ ਦੀ ਜ਼ਹਿਮਤ ਨਹੀਂ ਕੀਤੀ। ਕਰ ਵੀ ਨਹੀਂ ਸਕਦੇ ਕਿਉਂਕਿ ਵਿਦੇਸ਼ੀ ਪੰਜਾਬੀ ਮੀਡੀਆ ਵਿਦੇਸ਼ਾਂ ਵਿਚ ਬੈਠੇ ਪਾਠਕਾਂ ਦਾ ਕੰਨ ਰਸ ਜਾਣਦਾ ਹੈ ਜਿਨ੍ਹਾਂ ਨੂੰ ਖੁਸ਼ ਰੱਖਣਾ ਹੁੰਦਾ ਹੈ। ‘ਪੰਜਾਬ ਟਾਈਮਜ਼’ ਵਿਚ ਹੀ ਹਿੰਦੂਤਵ ਵਿਰੋਧੀਆਂ ਨੂੰ ਖੁਸ਼ ਕਰਦਾ ਇੱਕ ਸੱਜਣ ਦਾ ਲੇਖ ਛਪਿਆ ਹੈ ਜਿਸ ਵਿਚ ਉਸ ਨੇ ਸੈਫ ਅਲੀ ਖਾਨ ਦੇ ਬੇਟੇ ਦਾ ਨਾਂਅ ‘ਤੈਮੂਰ’ ਰੱਖਣ `ਤੇ ਇਤਰਾਜ਼ ਕਰਨ ਵਾਲਿਆਂ ਦੀ ਆਲੋਚਨਾ ਕੀਤੀ ਹੈ। ‘ਮੁਸਲਮ ਹਿੰਦੂਆਂ ਨਾਲ ਨਹੀਂ ਰਹਿ ਸਕਦੇ’ ਏਜੰਡੇ ਨਾਲ ਵੰਡ ਹੋਈ ਜਿਸ ਵਿਚ ਦਸ ਲੱਖ ਲੋਕਾਂ ਜਾਨ ਗਵਾਈ ਅਤੇ ਦਰਬਦਰ ਹੋਏ। ਪਾਕਿਸਤਾਨ ਇਸਲਾਮਕ ਦੇਸ਼ ਬਣ ਗਿਆ ਜਦਕਿ ਭਾਰਤ ਧਰਮ ਨਿਰਪੱਖ ਬਣਿਆ ਰਿਹਾ। ਇਸ ਉਪਰੰਤ ਹੁਣ ਤੱਕ ਪਾਕਿਸਤਾਨ ਵਿਚਲੀ ਰਹਿ ਗਈ ਹਿੰਦੂ-ਸਿੱਖ ਆਬਾਦੀ ਦਾ ਵੱਡਾ ਹਿੱਸਾ ਦੇਸ਼ ਛੱਡਣ ਲਈ ਮਜਬੂਰ ਹੋਇਆ, ਜਦਕਿ ਭਾਰਤ ਵਿਚਲਾ ਇੱਕ ਵੀ ਮੁਸਲਮਾਨ ਭਾਰਤ ਛੱਡਣ ਲਈ ਤਿਆਰ ਨਹੀਂ। ਬੇਟੇ ਦਾ ਨਾਂਅ ਰੱਖਣ ਲਈ ਲੱਖਾਂ ਆਪਸ਼ਨ ਹੁੰਦੇ ਹੋਏ ਵੀ ਬਦਨਾਮ ਹਮਲਾਵਰ ਦਾ ਨਾਂਅ ਹੀ ਪਸੰਦ ਕੀਤਾ ਗਿਆ। ਦੂਜੇ ਬੇਟੇ ਦਾ ਨਾਂਅ ਜਹਾਂਗੀਰ ਰੱਖਿਆ ਗਿਐ। ਅੱਜ-ਕੱਲ੍ਹ ਅਗਾਂਹਵਧੂ `ਤੇ ਵਿਵੇਕਸ਼ੀਲ ਲੋਕ ਬੱਚਿਆਂ ਦੇ ਨਾਂਅ ਅਜੇਹੇ ਰੱਖਦੇ ਹਨ ਜਿਨ੍ਹਾਂ ਵਿਚੋਂ ਕਿਸੇ ਧਰਮ ਦਾ ਮੁਸ਼ਕ ਨਾ ਆ ਕੇ ਇਨਸਾਨੀਅਤ ਦਾ ਸੁਨੇਹਾ ਹੋਵੇ। ਤੈਮੂਰ ਨਾਂਅ ਬਾਰੇ ਸਭ ਤੋਂ ਪਹਿਲਾਂ ਸਵਰਗੀ ਕੈਨੇਡੀਅਨ ਪੱਤਰਕਾਰ ਜਨਾਬ ਤਾਰਿਕ ਫਤਿਹ ਹੁਰਾਂ ਹੀ ਇਤਰਾਜ਼ ਪ੍ਰਗਟਾਇਆ ਸੀ ਤੇ ਉਹ ਕੱਟੜ ਮੁਸਲਮਾਨਾਂ ਦੀ ਹਿਟ ਲਿਸਟ `ਤੇ ਸਨ, ਜਿਵੇਂ ਕਿ ਹਰ ਉਹ ਇਨਸਾਨ ਹੁੰਦਾ ਹੈ ਜੋ ਧਰਮਾਂ ਦੀ ਬਦਬੂ ਮਾਰਦੀ ਦਲਦਲ ਵਿਚੋਂ ਨਿਕਲ ਇਨਸਾਨੀਅਤ ਦੀ ਗੱਲ ਪਹਿਲਾਂ ਕਰੇ। ਖ਼ੈਰ ਕਹਿਣ ਲਈ ਬਹੁਤ ਕੁਝ ਹੈ ਪਰ ਨੱਕਾਰਖਾਨੇ ਵਿਚ ਤੂਤੀ ਦੀ ਮੱਧਮ ਆਵਾਜ਼ ਕਿਸ ਸੁਣਨੀ ਹੈ? ਕਿਸੇ ਦੀਆਂ ਭਾਵਨਾਵਾਂ ਆਹਤ ਹੋਈਆਂ ਹੋਣ ਹੱਥ ਜੋੜ ਮੁਆਫੀ ਮੰਗਦਾ ਹਾਂ। ਧੰਨਵਾਦ!
-ਹਰਜੀਤ ਦਿਉਲ
ਬਰੈਂਪਟਨ।