ਪ੍ਰਛਾਵੇਂ ਹੇਠ ਲੁਕੀਆਂ ਬੰਦੂਕਾਂ ਦੇ ਜ਼ਮਾਨੇ

ਐਸ਼ ਅਸ਼ੋਕ ਭੌਰਾ
ਜੇ ਗਹੁ ਨਾਲ ਦੇਖੋ ਤਾਂ ਸੂਫੀ ਫਕੀਰਾਂ ਤੇ ਗਾਇਕਾਂ ਨੇ ਇਸਲਾਮ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚਾਇਆ ਹੈ। ਵੰਡ ਤੋਂ ਪਿੱਛੋਂ ਵੀ ਭਾਵੇਂ ਪੰਜਾਬੀ ਪਿੰਡਾਂ ਵਿਚਲੀਆਂ ਮਜ਼ਾਰਾਂ, ਪੁਰਾਤਨ ਮਸਜਿਦਾਂ ਅੱਗੇ ਝੁਕ ਕੇ ਮੱਥਾ ਵੀ ਟੇਕਦੇ ਰਹੇ ਹਨ, ਕੱਵਾਲੀਆਂ ਵੀ ਸੁਣਦੇ ਹਨ ਪਰ ਖੇਤਾਂ ਦੇ ਵੱਟ-ਬੰਨਿਆਂ ‘ਤੇ ਕੰਮ ਕਰਨ ਵਾਲੇ ਮਜ਼ਦੂਰ ਤੇ ਕਿਸਾਨ ਅਖਾੜਾ ਕਲਚਰ ਜ਼ਰੀਏ ਆਪਣਾ ਭਰਵਾਂ ਮੰਨੋਰੰਜਨ ਕਰਦੇ ਰਹੇ ਹਨ। ਇਸੇ ਲਈ ਦੋ-ਗਾਣਿਆਂ ਤੇ ਹਲਕੀ-ਫੁਲਕੀ ਗਾਇਕੀ ਨੂੰ ਦਮ ਮਿਲਦਾ ਰਿਹਾ ਹੈ। ਇਹ ਗੱਲ ਇਥੇ ਜ਼ਿਕਰਯੋਗ ਹੈ ਕਿ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨਾ ਸਿਰਫ ਇਨ੍ਹਾਂ ਲੋਕਾਂ ਦਾ ਚਿੱਤ ਪ੍ਰਚਾਉਂਦੇ ਰਹੇ ਹਨ, ਸਗੋਂ ਇਹਦੇ ਵਿਚ ਵੀ ਕੋਈ ਸ਼ੱਕ ਨਹੀਂ ਕਿ ਹਾਲੇ ਤੀਕਰ ਨੌਜਵਾਨ ਵਰਗ ਵਿਚ ਇਸ ਜੋੜੀ ਨੂੰ ਪੂਰੀ ਤਰ੍ਹਾਂ ਸੁਣਿਆ ਜਾ ਰਿਹਾ ਹੈ ਤੇ ਇਕ ਵਾਰ ਪੰਜਾਬ ਤੋਂ ਆਇਆ ਇਕ ਧਾਰਮਿਕ ਸੰਗੀਤ ਰਸੀਆ ਅਤੇ ਕਥਾਵਾਚਕ ਕਹਿਣ ਲੱਗਾ, ‘ਅੱਜ ਚਮਕੀਲਾ ਹੀ ਸੁਣਾ ਦੇਹ।’ ਸ਼ਰੀਫ਼ ਹਮੇਸ਼ਾਂ ਇਹ ਚਾਹੁੰਦੇ ਹੁੰਦੇ ਹਨ ਕਿ ਉਹ ਕਿਸੇ ਨੂੰ ਬਦਮਾਸ਼ ਬਿਲਕੁਲ ਨਾ ਦਿਸਣ।
ਬਲੂ ਸਟਾਰ ਅਪ੍ਰੇਸ਼ਨ ਤੋਂ ਬਾਅਦ ਕੁਝ ਵਕਫੇ ਪਿਛੋਂ ਖਾੜਕੂ ਲਹਿਰ ਹੋਰ ਤਿੱਖੀ ਹੋ ਗਈ ਸੀ। 1985 ਵਿਚ ਕਈ ਗਾਇਕਾਂ ਦੀ ਖਿੱਚ-ਧੂਹ ਅਖਾੜਿਆਂ ਵਿਚ ਕੀਤੀ ਜਾ ਚੁੱਕੀ ਸੀ। ਜਸਵੰਤ ਸੰਦੀਲਾ ਅਤੇ ਦੀਦਾਰ ਸੰਧੂ ਇਸ ਦੀ ਲਪੇਟ ਵਿਚ ਆ ਚੁੱਕੇ ਸਨ। ਇਸੇ ਕਰ ਕੇ ਬਾਅਦ ਵਿਚ ਪੰਜ-ਚਾਰ ਸਾਲ ਉਹਨੇ ਅਖਾੜੇ ਲਾਉਣੇ ਬੰਦ ਕਰ ਦਿੱਤੇ ਸਨ। ਮਾਹੌਲ ਦਾ ਗਾਇਕਾਂ ‘ਤੇ ਸਿੱਧਾ ਜਾਂ ਅਸਿੱਧਾ ਅਸਰ ਹੋ ਗਿਆ ਸੀ। ਇਕ ਪੇਂਡੂ ਅਖਾੜੇ ਦੀ ਸਮਾਪਤੀ ਵੇਲੇ ਬੋਲੀਆਂ ਪਾਉਣ ਪਿੱਛੋਂ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’ ਦਾ ਜੈਕਾਰਾ ਬੁਲਾਉਣ ਦੀ ਆਡੀਓ ਆਉਣ ਨਾਲ ਉਹਨੂੰ ਧਮਕੀ ਮਿਲ ਗਈ ਸੀ ਜਿਸ ਨੂੰ ਛੇਤੀ ਹੀ ਰਫਾ-ਦਫਾ ਸ਼ਾਇਦ ਇਸ ਕਰ ਕੇ ਕਰ ਦਿੱਤਾ ਗਿਆ ਸੀ ਕਿ ਗੁਰਜੰਟ ਸਿੰਘ ਬੁੱਧਸਿੰਘਵਾਲਾ ਮਾਣਕ ਦੇ ਪਿੰਡਾਂ ਵੱਲੋਂ ਵੀ ਸੀ ਤੇ ਉਹਦਾ ਕੱਟੜ ਉਪਾਸ਼ਕ ਵੀ ਸੀ। ਖ਼ਬਰਾਂ ਇਸ ਵਰ੍ਹੇ ਵਿਚ ਇਹ ਆਉਂਦੀਆਂ ਰਹੀਆਂ ਕਿ ਚਮਕੀਲੇ ਸਮੇਤ ਕਈ ਗਾਇਕਾਂ ਨੂੰ ਖਾੜਕੂ ਜਥੇਬੰਦੀਆਂ ਵੱਲੋਂ ਧਮਾਕੀ ਭਰੇ ਖ਼ਤ ਮਿਲ ਰਹੇ ਹਨ ਪਰ ਖੁੱਲ੍ਹ ਕੇ ਇਸ ਗੱਲ ਦਾ ਕੋਈ ਖੁਲਾਸਾ ਨਹੀਂ ਕਰ ਰਿਹਾ ਸੀ। ਇਹਦੇ ਨਾਲ ਅਫ਼ਵਾਹਾਂ ਤੇ ਕਿਤੇ-ਕਿਤੇ ਸੱਚਾਈ ਵਾਂਗ ਇਹ ਵੀ ਕਿਹਾ ਜਾਣ ਲੱਗ ਪਿਆ ਸੀ ਕਿ ਜਿਥੇ ਕੁਝ ਗਾਇਕ ਸੰਭਲ ਗਏ ਹਨ, ਉਥੇ ਕਈਆਂ ਨੇ ਖਾੜਕੂ ਸਿੰਘਾਂ ਨੂੰ ਲੁਧਿਆਣੇ ਲਾਗਲੇ ਇਕ ਗੁਰਦੁਆਰੇ ਵਿਚ ਮਹੀਨਾ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ। ਸਾਲ 86 ਦੇ ਜਨਵਰੀ ਮਹੀਨੇ ਤੱਕ ਗਾਇਕੀ ਦੀ ਇਹ ਹਾਲਤ ਹੋ ਗਈ ਸੀ ਕਿ ਗੁਰਦਾਸ ਮਾਨ ਤੱਕ-ਸਭ ਡਰ ਗਏ ਸਨ ਤੇ ਸਾਹ ਲੈਣਾ ਵੀ ਔਖਾ ਹੋ ਗਿਆ ਸੀ।
ਹੁਣ ਭਾਵੇਂ ਗਾਇਕਾਂ ਦੇ ਦਫ਼ਤਰ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਖੁੱਲ੍ਹ ਗਏ ਹਨ ਤੇ ਕਈਆਂ ਨੇ ਮੁਹਾਲੀ, ਜਲੰਧਰ ਤੇ ਚੰਡੀਗੜ੍ਹ ਵਰਗੇ ਸ਼ਹਿਰਾਂ ਵਿਚ ਆਲੀਸ਼ਾਨ ਦਫ਼ਤਰ ਖੋਲ੍ਹ ਲਏ ਹਨ ਪਰ ਕਿਸੇ ਵੇਲੇ ਲੁਧਿਆਣਾ ਹੀ ਗਾਇਕੀ ਦੀ ਸਭ ਤੋਂ ਵੱਡੀ ਮੰਡੀ ਸੀ ਤੇ ਇਸੇ ਕਰ ਕੇ ਹੋਰ ਕਿਸੇ ਸਰਕਾਰੀ ਜਾਂ ਗ਼ੈਰ-ਸਰਕਾਰੀ ਦਫ਼ਤਰ ਵਿਚ ਧੂਫ-ਬੱਤੀ ਨੌਂ-ਦਸ ਵਜੇ ਹੋਵੇ ਪਰ ਗਾਇਕਾਂ ਦੇ ਲੁਧਿਆਣੇ ਦੇ ਬੱਸ ਅੱਡੇ ਲਾਗਲੇ ਦਫ਼ਤਰਾਂ ਵਿਚ ਚਹਿਲ-ਪਹਿਲ ਸਵੇਰੇ ਸਾਝਰੇ ਹੀ ਇਸ ਕਰ ਕੇ ਸ਼ੁਰੂ ਹੋ ਜਾਂਦੀ ਸੀ ਕਿਉਂਕਿ ਗੰਗਾਨਗਰ ਤੋਂ ਆਉਣ ਵਾਲੀਆਂ ਪਾਰਟੀਆਂ ਰਾਤ ਵਾਲੀ ਬੱਸੇ ਚੜ੍ਹ ਕੇ ਤੜਕੇ ਹੀ ਆ ਜਾਂਦੀਆਂ ਸਨ ਤੇ ਦਿੱਲੀ ਵਿਚ ਜਿਵੇਂ ਹੋਟਲਾਂ ਦੇ ਮਾਲਕਾਂ ਨੇ ਦਲਾਲ ਛੱਡੇ ਹੁੰਦੇ ਹਨ, ਇਵੇਂ ਇਨ੍ਹਾਂ ਦੇ ਬੁਕਿੰਗ ਕਲਰਕ ਚਿੰਬੜ ਹੀ ਜਾਂਦੇ ਸਨ। ਫਿਰ ਹਾਲਾਤ ਬਦਤਰ ਹੁੰਦੇ ਗਏ ਤੇ ਗਾਇਕਾਂ ਵਿਚਾਰਿਆਂ ਦੇ ਸਾਹ ਸੁਕਦੇ ਰਹੇ।
1986 ਦੇ ਫਰਵਰੀ ਮਹੀਨੇ ਦੇ ਦੂਜੇ ਹਫ਼ਤੇ ਦੀ ਗੱਲ ਹੋਵੇਗੀ। ਸਾਡੇ ਘਰੇ ਉਸ ਵਕਤ ਫੋਨ ਨਹੀਂ ਸੀ। ਪਾਲੀ ਦੇਤਵਾਲੀਏ ਦਾ ਰਾਤ ਵੇਲੇ ਸਾਡੇ ਗੁਆਂਢੀਆਂ ਦੇ ਘਰੇ ਫੋਨ ਆਇਆ। ਆਵਾਜ਼ ਕੰਬ ਰਹੀ ਸੀ। ਉਹ ਕਹਿਣ ਲੱਗਾ, ‘ਲੰਕਾ ਉਜੜਨ ਲੱਗੀ ਹੈ। ਅੱਜ ਬਹੁਤੇ ਗਾਇਕਾਂ ਦੇ ਦਫ਼ਤਰਾਂ ਵਿਚ ਸਿੰਘਾਂ ਨੇ ਆਪ ਆ ਕੇ ਦਬਕੇ ਮਾਰੇ ਹਨ। ਇੰਨਾ ਸਹਿਮ ਹੈ ਕਿ ਸਾਰਿਆਂ ਨੇ ਆਪੋ-ਆਪਣੇ ਬੋਰਡ ਉਤਾਰ ਦਿੱਤੇ ਹਨ। ਤੁਸੀਂ ਇਸ ਸੰਗੀਤ-ਦਰਦ ਬਾਰੇ ਕੁਝ ਲਿਖੋ।’
ਮਨ ਮੇਰਾ ਵੀ ਸਾਰੀ ਰਾਤ ਉਚਾਟ ਰਿਹਾ। ਸਵੇਰੇ ਸਵਖਤੇ ਮੈਂ ਪਹੁੰਚ ਨਹੀਂ ਸਕਦਾ ਸੀ, ਕਿਉਂਕਿ ਅੱਠਵੀਂ ਦੇ ਸਾਲਾਨਾ ਪੇਪਰਾਂ ਵਿਚ ਮੈਂ ਇਕ ਸੈਂਟਰ ਵਿਚ ਸੁਪਰਡੈਂਟ ਲੱਗਾ ਹੋਇਆ ਸਾਂ। ਪੇਪਰ ਖ਼ਤਮ ਹੋਣ ਉਪਰੰਤ ਮੈਂ ਅਨੰਦਪੁਰ ਸਾਹਿਬ ਤੋਂ ਬੱਸ ਲਈ ਅਤੇ ਕਰੀਬ ਚਾਰ ਕੁ ਵਜੇ ਲੁਧਿਆਣੇ ਪੁੱਜ ਗਿਆ। ਪਹਿਲਾਂ ਵ੍ਹਾਈਟ ਹਾਊਸ ਦੇ ਸਾਹਮਣੇ ਵਾਲੇ ਦਫ਼ਤਰਾਂ ਵਿਚ ਗਿਆ। ਬੋਰਡ ਸਿਰਫ਼ ਮਾਣਕ ਦਾ ਲੱਗਾ ਹੋਇਆ ਸੀ। ਉਥੇ ਚੰਨ ਸ਼ਾਹਕੋਟੀ ਮਿਲਿਆ। ਜਿਹੜੇ ਮੇਰੇ ਲਈ ਭੱਜ-ਭੱਜ ਕੇ ਚਾਹ ਲੈਣ ਜਾਂਦੇ ਸਨ, ਉਨ੍ਹਾਂ ਦੇ ਮੂੰਹੋਂ ਘੁਟ ਪਾਣੀ ਪਿਆਉਣ ਦੀ ਗੱਲ ਵੀ ਨਹੀਂ ਸੀ ਹੋ ਰਹੀ। ਹਾਲਤ ਇੱਦਾਂ ਦੀ ਲੱਗ ਰਹੀ ਸੀ ਕਿ ਸ਼ਾਇਦ ਗਾਇਕਾਂ ਨੂੰ ਮਾਰ ਕੇ ਸੌਖਿਆਂ ਹੀ ਖਾਲਸਿਤਾਨ ਬਣ ਸਕਦਾ ਸੀ। ਇੱਦਾਂ ਲਗਦਾ ਸੀ, ਗਊਆਂ ਸਾਰੀਆਂ ਅੰਦਰ ਵਾੜ ਦਿੱਤੀਆਂ ਸਨ। ਜਿਨ੍ਹਾਂ ਦਫ਼ਤਰਾਂ ਵਿਚ ਮਾੜੇ ਸਿਨਮੇ ਵਿਚ ਲੱਗੀ ਚੰਗੀ ਫਿਲਮ ਜਿੰਨਾ ਰੱਸ਼ ਹੁੰਦਾ ਸੀ, ਵੈਦ ਕਰਤਾਰ ਸਿੰਘ ਦੀ ਬਿਲਡਿੰਗ ਭਾਂ-ਭਾਂ ਕਰ ਰਹੀ ਸੀ। ਦਰਖ਼ਤ ਜਿਵੇਂ ਕਿਸੇ ਨੇ ਗਲਤੀ ਨਾਲ ਬਸੰਤ ਰੁੱਤ ਵਿਚ ਛਾਂਗ ਦਿੱਤੇ ਹੋਣ! ਇਨ੍ਹਾਂ ਦੇ ਬੁਕਿੰਗ ਕਲਰਕ ਘਰਾਂ ਨੂੰ ਚਲੇ ਗਏ ਸਨ। ਮੈਂ ਚਮਕੀਲੇ ਨੂੰ ਲੱਭਣ ਲੱਗ ਪਿਆ। ਕਿਸੇ ਤੋਂ ਪਤਾ ਲੱਗਾ ਕਿ ਦੁਪਹਿਰ ਦੋ ਕੁ ਵਜੇ ਤਾਂ ਉਹ ਕੁਲਦੀਪ ਪਾਰਸ ਦੇ ਨਾਲ ਸੀ। ਦਫ਼ਤਰਾਂ ਦੇ ਮੇਨ ਦਰਵਾਜ਼ੇ ਨੂੰ ਬਾਹਰੋਂ ਕੁੰਡਾ ਵੱਜਿਆ ਹੋਇਆ ਸੀ। ਮੈਂ ਸੋਚਿਆ, ਕੱਲ੍ਹ ਮਿਲਾਂਗੇ, ਹੁਣ ਮਾਣਕ ਦੇ ਘਰੇ ਭਾਈ ਰਣਧੀਰ ਸਿੰਘ ਨਗਰ ਚਲਦਾ ਹਾਂ। ਕੁਦਰਤੀ ਬੱਸ ਅੱਡੇ ਵੱਲੋਂ ਪ੍ਰਿਥੀ ਆਉਂਦਾ ਦਿਸ ਪਿਆ। ਉਦੋਂ ਉਹ ਸ਼ਿੰਦੇ ਦੇ ਪ੍ਰੋਗਰਾਮਾਂ ਦੀ ਬੁਕਿੰਗ ਕਰਦਾ ਸੀ। ਮੈਂ ਪੁੱਛਿਆ, “ਪ੍ਰਿਥੀ, ਤੈਨੂੰ ਪਤਾ ਚਮਕੀਲਾ ਕਿਥੇ ਐ?”
ਉਹਨੇ ਅੱਖਾਂ ਭਰ ਲਈਆਂ। ਉਹਦਾ ਉਤਰ ਸੀ, “ਕਾਹਦੀ ਜ਼ਿੰਦਗੀ ਐ। ਮੌਤ ਕੰਧਾੜੇ ਚੜ੍ਹੀ ਬੈਠੀ ਆ। ਚਮਕੀਲਾ ਸਵੇਰੇ ਪਾਰਸ ਦੇ ਗੱਲ ਲੱਗ ਕੇ ਬਹੁਤ ਰੋਇਆ।”
“ਹੁਣ ਕਿਥੇ ਐ?”
“ਮੇਰੇ ਨਾਲ ਆ ਜੋ।” ਤੇ ਉਹ ਉਨ੍ਹਾਂ ਹੀ ਦਫ਼ਤਰਾਂ ਵਿਚ ਪਿਛਵਾੜ ਵੱਲੋਂ ਇਕ ਘਰ ਦੀ ਛੱਤ ਤੋਂ ਛਾਲ ਮਾਰ ਕੇ ਮੈਨੂੰ ਉਨ੍ਹਾਂ ਹੀ ਦਫ਼ਤਰਾਂ ਵਿਚ ਲੈ ਗਿਆ। ਦੀਦਾਰ ਦੇ ਦਫ਼ਤਰ ਦੀ ਬਾਹਰੋਂ ਕੁੰਡੀ ਲੱਗੀ ਹੋਈ ਸੀ; ਖੋਲ੍ਹੀ ਪਰ ਦਰਵਾਜ਼ਾ ਅੰਦਰੋਂ ਵੀ ਬੰਦ ਸੀ। ਦੋ ਕੁ ਵਾਰ ਬੂਹਾ ਖੜਕਾਇਆ, ਕੋਈ ਨਾ ਬੋਲਿਆ। “ਮੈਂ ਪ੍ਰਿਥੀ ਹਾਂ ਤੇ ਮੇਰੇ ਨਾਲ ਅਸ਼ੋਕ ਐ”, ਇਹ ਕਹਿਣ ਨਾਲ ਚੀਂ ਦੇਣੀ ਬਾਰ ਖੁੱਲ੍ਹ ਗਿਆ। ਚਮਕੀਲੇ ਨੂੰ ਸਾਰੇ ਡਰਾਕਲ ਕਹਿੰਦੇ ਸਨ ਪਰ ਉਸ ਦਿਨ ਉਹ ਬਿਨਾਂ ਗੱਲ ਕੀਤਿਆਂ ਮੈਨੂੰ ਚਿੰਬੜ ਗਿਆ। ਦਿਲ ਹਲਕਾ ਹੋਇਆ ਤਾਂ ਬੋਲਿਆ, “ਹੁਣ ਮਰਨਾ ਤਾਂ ਹੈ ਹੀ ਪਰ ਭੱਜਾਂਗਾ ਨਹੀਂ, ਗੋਲੀਆਂ ਖੜ੍ਹ ਕੇ ਖਾਵਾਂਗਾ।” ਇਹੋ ਉਸ ਨੇ ਮਰਨ ਵੇਲੇ ਕੀਤਾ ਸੀ।
ਇਹ ਗੱਲ ਕਹਿਣ ਨੂੰ ਜੀਅ ਨਹੀਂ ਕਰਦਾ, ਉਹ ਦੋਵੇਂ-ਪਾਰਸ ਤੇ ਚਮਕੀਲਾ, ਅੱਧ-ਪੀਤੀਆਂ ਬੀੜੀਆਂ ਹੀ ਦੁਬਾਰਾ ਹੇਠੋਂ ਚੁੱਕ ਕੇ ਪੀ ਰਹੇ ਸਨ। ਪਾਰਸ ਦੇ ਮਨ੍ਹਾਂ ਕਰਦਿਆਂ ਵੀ ਮੈਂ ਹੇਠੋਂ ਸਿਗਰਟਾਂ ਦੀ ਡੱਬੀ ਲਿਆ ਕੇ ਦਿੱਤੀ। ਦੋਵੇਂ ਇਕੋ ਸਵਾਲ ਵਾਰ-ਵਾਰ ਕਰ ਰਹੇ ਸਨ ਕਿ “ਭਾਜੀ ਦੱਸੋ ਤਾਂ ਅਸੀਂ ਕੀ ਕਰੀਏ?” ਚਮਕੀਲੇ ਨੇ ਤਾਂ ਇਹ ਵੀ ਕਿਹਾ ਕਿ ਸਾਥੋਂ ਪੈਸੇ ਵੀ ਲਈ ਜਾਂਦੇ ਆ, ਤੇ ਦਬਕੇ ਵੀ ਮਾਰੀ ਜਾਂਦੇ ਆ। ਵਕਤ ਉਸ ਦਿਨ ਇੱਦਾਂ ਦੀ ਵਿਆਖਿਆ ਕਰ ਰਿਹਾ ਸੀ ਕਿ ਮੌਤ ਉਨ੍ਹਾਂ ਵੱਲ ਨਹੀਂ, ਉਹੀ ਮੌਤ ਵੱਲ ਵਧ ਰਹੇ ਹਨ। ਉਹ ਬਾਹਰ ਨਿਕਲਣ ਲਈ ਤਿਆਰ ਨਹੀਂ ਸਨ। ਉਨ੍ਹਾਂ ਨੂੰ ਲਗਦਾ ਸੀ, ਹੋਣੀ ਜਿਵੇਂ ਕੰਧ ਨਾਲ ਢੋਅ ਲਾ ਕੇ ਬੈਠੀ ਹੋਵੇ। ਜਿੰਨਾ ਕੁ ਮੇਰੇ ਕੋਲ ਹੌਂਸਲਾ ਸੀ, ਦੋਹਾਂ ਨੂੰ ਦੇ ਕੇ ਕਿਰਾਏ ਦੀ ਕਾਰ ਵਿਚ ਘਰਾਂ ਨੂੰ ਤੋਰ ਦਿੱਤਾ ਤੇ ਮੈਂ ਆਪ ਆਟੋ ਲੈ ਕੇ ਮਾਣਕ ਕੋਲ ਚਲਾ ਗਿਆ। ਦੇਰ ਰਾਤ ਘੁੱਟ ਪੀਣ ਦੇ ਨਾਲ-ਨਾਲ ਗੱਲਾਂ ਵੀ ਕੀਤੀਆਂ। ਡਰਿਆ ਉਸ ਦਿਨ ਉਹ ਵੀ ਬਹੁਤ ਸੀ, ਹਾਲਾਂਕਿ ਬਠਿੰਡੇ ਆਲੇ ਆਪਣੇ ਸੁਭਾਅ ਅਨੁਸਾਰ ਇਹ ਵੀ ਆਖੀ ਜਾਵੇ, “ਲੈ! ਐਵੇਂ ਕੰਜਰ ਡਰੀ ਬੈਠੇ ਆ। ਖਾੜਕੂ ਆਪਣੇ ਹੀ ਨੇ। ਕਰ ਲਊਂਗਾ ਮੈਂ ਗੱਲ।” ਉਹ ਸਾਰੀ ਰਾਤ ਮੇਰੀ ਵੀ ਸੋਚਾਂ ਵਿਚ ਨਿਕਲ ਗਈ। ਕੰਧ ਨਾਲ ਲਟਕਦੀ ਤੂੰਬੀ ਮੈਨੂੰ ਮੌਤ ਦਾ ਸਮਾਨ ਹੀ ਲਗਦੀ ਰਹੀ।
ਸਵੇਰੇ ਸੱਤ ਵਜੇ ਚਾਹ ਦਾ ਘੁੱਟ ਪੀ ਕੇ ਸਿੱਧਾ ਬੱਸ ਅੱਡੇ ਲਾਗੇ ਸਦੀਕ ਨੂੰ ਮਿਲਣ ਰਣਜੀਤ ਵਾਲੀ ਕੋਠੀ ਚਲੇ ਗਿਆ। ਉਥੇ ਗਿਆ ਤਾਂ ਮੈਂ ਵਕਤ ਦਾ ਤਰਜਮਾ ਕਰਨ ਲਈ ਸੀ ਪਰ ਹੋਣੀ ਜਿਵੇਂ ਨਵਾਂ ਝੱਗਾ ਪਾ ਕੇ ਫਿਰ ਮੂਹਰੇ ਬੈਠੀ ਸੀ। ਦਫ਼ਤਰ ਵਾਂਗ ਲੱਗੇ ਮੇਜ਼ ਕੁਰਸੀ ‘ਤੇ ਮੁਹੰਮਦ ਸਦੀਕ ਬੈਠਾ ਸੀ। ਸੱਜੇ ਪਾਸੇ ਕੰਬਲੀ ਦੀਆਂ ਬੁੱਕਲਾਂ ਮਾਰੀ ਕੁਰਸੀਆਂ ‘ਤੇ ਬੈਠੇ ਸਨ ਦੋ ਨੌਜਵਾਨ ਸਿੰਘ। ਮੈਂ ਅੰਦਰ ਚਲੇ ਗਿਆ। ਸਦੀਕ ਨੇ ਸਿਰਫ਼ ਇਸ਼ਾਰਾ ਕੀਤਾ ਬੈਠਣ ਦਾ। ਸਮੇਂ ਦਾ ਸੇਕ ਮੈਂ ਮਹਿਸੂਸ ਕਰ ਲਿਆ ਸੀ। ਚੁੱਪ-ਚਾਪ ਇਕ ਬੰਨੇ ਮੈਂ ਬਹਿ ਗਿਆ। ਸ਼ਾਂਤੀ ਦਾ ਛੱਟਾ ਪੰਜ-ਸੱਤ ਮਿੰਟ ਪਿਆ ਰਿਹਾ। ਗੱਲ ਫਿਰ ਸਦੀਕ ਵੱਲੋਂ ਅਰੰਭ ਹੋਈ, “ਦੇਖੋ, ਅਸੀਂ ਲੋਕ ਸੰਪਰਕ ਵਿਭਾਗ ਵਿਚ ਸੱਠ-ਸੱਤਰ ਰੁਪਏ ਨੂੰ ਨੌਕਰੀ ਕਰਦੇ ਰਹੇ ਹਾਂ। ਉਮਰ ਵਿਹਾ ਕੇ ਆਹ ਦਿਨ ਆਏ ਸਨ। ਤੁਸੀਂ ਆਖਦੇ ਹੋ ਤਾਂ ਅਸੀਂ ਗਾਉਣਾ ਛੱਡ ਹੀ ਦਿੰਦੇ ਹਾਂ।” ਦੋਹਾਂ ਸਿੰਘਾਂ ਵਿਚੋਂ ਇਕ ਉਠ ਕੇ ਖੜ੍ਹ ਗਿਆ। ਉਹਦੀ ਬੁੱਕਲ ਵਿਚ ਕੁਝ ਸੀ ਜਾਂ ਨਹੀਂ, ਪਰ ਵਹਿਮ ਮੇਰਾ ਕਹਿ ਰਿਹਾ ਸੀ ਕਿ ਲੱਗੀ ਏæਕੇæ ਸੰਤਾਲੀ ਚੱਲਣ। ਇੱਦਾਂ ਹੋਇਆ ਤਾਂ ਨਹੀਂ, ਉਂਜ ਉਹ ਕਹਿਣ ਲੱਗਾ, “ਤੁਸੀਂ ਲੋਕਾਂ ਨੂੰ ਤੂੰਬੀਆਂ ਸੁਣਾ ਕੇ ਸਾਡੇ ਸੰਘਰਸ਼ ਨੂੰ ਕੁਰਾਹੇ ਪਾ ਰਹੇ ਹੋ। ਸਾਡੇ ਸਿੰਘ ਸ਼ਹੀਦ ਹੋ ਰਹੇ ਨੇ, ਅਸੀਂ ਪਰਾਲੀਆਂ ਵਿਚ ਸੌਂਦੇ ਹਾਂ, ਕਮਾਦ ਵਿਚ ਰਾਤਾਂ ਕੱਟਦੇ ਹਾਂ। ਬੰਦੇ ਬਣ ਜੋ। ਪਹਿਲਾਂ ਤਾਂ ਦਸਵੰਧ ਗੁਰਦੁਆਰੇ ਪਹੁੰਚਾਓ, ਨਹੀਂ ਤਾਂæææਚੀਂ ਗੋਲੀਆਂ ਕੱਢਾਂਗੇ। ਚਮਕੀਲੇ ਦਾ ਕੰਮ ਤਾਂ ਛੇਤੀ ਕਰ ਦਿਆਂਗੇ।” ਤੇ ਉਹ ਬਾਹਰ ਨਿਕਲ ਗਏ। ਸਦੀਕ ਦਾ ਚਿਹਰਾ ਮੈਂ ਪਹਿਲੀ ਵਾਰ ਉਦਾਸ ਤੇ ਉਤਰਿਆ ਵੇਖਿਆ ਸੀ। ਉਹ ਕਹਿਣ ਲੱਗਾ, “ਜਨਾਬ ਭੌਰਾ ਸਾਹਿਬ! ਮੈਨੂੰ ਲਿਖਦੇ ਓ ‘ਪੰਜਾਬੀ ਫਿਲਮਾਂ ਦਾ ਗੱਬਰ ਸਿੰਘ’ ਤੇ ਦੁਰਦਸ਼ਾ ਦੇਖੋ ਸਾਡੀ!” ਸਿਰਫ਼ ਧਾਹ ਹੀ ਮਾਰਨੋਂ ਰਹਿੰਦੀ ਸੀ। ਹਾਲਾਤ ਦੀ ਦਰਦ ਕਹਾਣੀ ਦੀਆਂ ਫਿਰ ਖੂਬ ਗੱਲਾਂ ਹੋਈਆਂ।
ਉਥੋਂ ਨਿਕਲ ਕੇ ਮੈਂ ਨਰਿੰਦਰ ਬੀਬਾ ਦੀ ਬੱਸ ਅੱਡੇ ਦੇ ਪਿਛਵਾੜ ਵਾਲੀ ਪੀਲੀ ਕੋਠੀ ਵਿਚ ਗਿਆ। ਦੋ ਦਿਨ ਤੋਂ ਜੋ ਪੰਜਾਬੀ ਗਾਇਕਾਂ ਤੇ ਗਾਇਕੀ ਨਾਲ ਹੋ ਰਿਹਾ ਸੀ, ਉਸ ਬਾਰੇ ਸਾਰੀ ਉਮਰ ਸਿੱਖ ਇਤਿਹਾਸ ਗਾਉਣ ਵਾਲੀ ਨਰਿੰਦਰ ਬੀਬਾ ਨੇ ਇਕ ਗੱਲ ਆਖੀ, “ਅਸ਼ੋਕ ਕਦੇ ਚਿਤ-ਚੇਤਾ ਵੀ ਨਹੀਂ ਸੀ, ਆਹ ਕੁਲੱਛਣੇ ਦਿਨ ਵੀ ਦੇਖਣੇ ਪੈਣਗੇ। ਪਤਾ ਨਹੀਂ ਸਾਡੇ ਪਿੱਛੇ ਕਿਉਂ ਪੈ ਗਏ ਨੇ?” ਤੇ ਚੁੰਨੀ ਦੇ ਲੜ ਨਾਲ ਜਦੋਂ ਉਹਨੇ ਅੱਖਾਂ ਪੂੰਝੀਆਂ ਤਾਂ ਬੀਬਾ ਜੀ ਨੇ ਕੁਝ ਵੀ ਨਾ ਕਹਿ ਕੇ ਬੱਸ ਹਉਕਾ ਭਰ ਕੇ ਸਭ ਕੁਝ ਕਹਿ ਦਿੱਤਾ ਸੀ। ਜਿਸ ਗਾਇਕਾ ਨੂੰ ਮੈਂ ਮਾਂ ਵਾਂਗ ਸਮਝਦਾ ਸੀ, ਉਸ ਦਿਨ ਇੱਦਾਂ ਹੋਇਆ ਸੀ ਕਿ ਚਾਹ ਦੇ ਕੱਪ ਤਾਂ ਆਏ, ਪਰ ਠੰਢੇ ਹੋ ਗਏ ਤੇ ਅਸੀਂ ਚੀਸ ਦੀਆਂ ਪੂਣੀਆਂ ਕੱਤਦੇ ਅਲੱਗ ਹੋ ਗਏ। ਅਗਲੀ ਮੁਲਾਕਾਤ ਮੈਂ ਸੁਰਿੰਦਰ ਸ਼ਿੰਦੇ ਨਾਲ ਕਰ ਕੇ ਘਰ ਮੁੜ ਗਿਆ।
ਅਗਲੇ ਹੀ ਦਿਨ ਲੰਬਾ ਲੇਖ ਲਿਖ ਕੇ ਮੈਂ ਅਜੀਤ ਨੂੰ ਭੇਜਿਆ, ਪੰਜਾਬੀ ਗਾਇਕਾਂ ਨੂੰ ਦਾਲ-ਰੋਟੀ ਦੇ ਝੋਰੇ। ਹੰਝੂਆਂ ਨਾਲ ਭਿੱਜੀ ਪੰਜਾਬੀ ਗਾਇਕੀ ਦੀ ਇਸ ਵਿਥਿਆ ਨੂੰ ਤਰਜੀਹੀ ਤੌਰ ‘ਤੇ ਤਾਂ ਛਾਪ ਦਿੱਤਾ ਗਿਆ ਪਰ ਹੋਇਆ ਇਹ ਕਿ ਮੇਰੇ ਲੈਟਰ ਬਕਸ ਵੱਲ ਪਹਿਲਾ ਧਮਕੀ ਭਰਿਆ ਪੱਤਰ ਤੋਰ ਦਿੱਤਾ ਗਿਆ। ਕੁਝ ਹੋਰ ਕਾਰਨਾਂ ਕਰ ਕੇ ਮੈਂ ਉਹ ਖ਼ਤ ਤਾਂ ਇਥੇ ਪਾਠਕਾਂ ਨਾਲ ਸਾਂਝਾ ਨਹੀਂ ਕਰ ਸਕਦਾ ਪਰ ਉਸ ਵਿਚਲੀਆਂ ਦੋ ਸਤਰਾਂ ਜ਼ਰੂਰ ਗੁੱਝੇ ਭੇਤ ਵਾਂਗ ਖੋਲ੍ਹਦਾ ਹਾਂ; ਇਸ ਕਰ ਕੇ ਕਿ ਕਈ ਗਾਇਕਾਂ ਵਿਚ ਕਮੀਨਗੀ ਦੀ ਸਿਰੇ ਵਾਲੀ ਹੱਦ ਹਾਲੇ ਵੀ ਹੈ ਪਰ ਕਿਸੇ ਵਕਤ ਅੱਥਰੂ ਇਨ੍ਹਾਂ ਦੇ ਡਿਗਦੇ ਸਨ ਤੇ ਵੈਣ ਮੈਂ ਪਾ ਰਿਹਾ ਸਾਂ। ਉਸ ਚਿੱਠੀ ਵਿਚ ਲਿਖਿਆ ਸੀ, ‘ਇਨ੍ਹਾਂ ਦੀ ਦਾਲ-ਰੋਟੀ ਦਾ ਫਿਕਰ ਨਾ ਕਰ ਸਗੋਂ ਅੱਜ ਤੋਂ ਇਹ ਵੀ ਝੋਰਾ ਕਰ ਕਿ ਰਾਹ ਤੇਰਾ ਵੀ ਸਾਫ਼ ਕਰ ਦਿਆਂਗੇ, ਕਿਉਂਕਿ ਚਮਕੀਲੇ ਨੂੰ ਤੇਰੀ ਸ਼ਹਿ ਹੈ। ਜੋੜੀ ਚੁਬਾਰੇ ਚੜ੍ਹਾਉਣ ਵਾਲਾ ਦੀਦਾਰ ਸੰਧੂ ਵੀ ਤੇਰੇ ਨਾਲ ਬਹਿੰਦਾ-ਉਠਦਾ ਹੈ। ਇਹ ਉਲ-ਜਲੂਲ ਲਿਖਣਾ ਬੰਦ ਕਰ ਦੇ ਵਰਨਾæææ ਘੜਾ ਬਾਅਦ ਵਿਚ, ਪਹਿਲਾਂ ਕੌਲਾ ਚੱਕ ਦਿਆਂਗੇæææ।” ਹਾਲਾਂ ਕਿ ਮੈਂ ਬਹੁਤਾ ਡਰਿਆ ਨਹੀਂ ਕਿਉਂਕਿ ਜਵਾਨੀ ਦੇ ਜ਼ੋਰ ਵਿਚ ਇੰਨਾ ਕੁ ਹਮਲਾ ਦਿਲ ਸੌਖਿਆਂ ਹੀ ਝੱਲ ਲੈਂਦਾ ਹੈ।
ਕਰੀਬ ਦੋ ਕੁ ਮਹੀਨੇ ਗਾਇਕਾਂ ਦੇ ਦਫ਼ਤਰਾਂ ਦੀ ਹਾਲਤ ਉਹੀ ਰਹੀ ਜਿਵੇਂ ਭੁਚਾਲ ਤੋਂ ਬਾਅਦ ਢੱਠੀਆਂ ਇਮਾਰਤਾਂ ਆਪਣੇ ਹੀ ਗੱਲ ਲੱਗ ਕੇ ਰੋ ਰਹੀਆਂ ਹੁੰਦੀਆਂ ਹਨ। ਪ੍ਰੋਗਰਾਮਾਂ ਦੀ ਗਿਣਤੀ ਘੱਟ ਗਈ ਸੀ ਕਿਉਂਕਿ ਬਰਾਤਾਂ ਅਤੇ ਹੋਰ ਸਮਾਜ ਸੁਧਾਰਾਂ ਦਾ ਫਰਮਾਨ ਵੀ ਜਬਰੀ ਲਾਗੂ ਕੀਤਾ ਜਾਣ ਲੱਗ ਪਿਆ ਸੀ। ਉਸ ਵੇਲੇ ਇਕ ਹੋਰ ਗੱਲ ਜਿਹੜੀ ਖਾਸ ਸੀ, ਉਹ ਇਹ ਕਿ ਪੰਜਾਬੀ ਫਿਲਮ ਸਨਅਤ ‘ਤੇ ਵਕਤ ਨੇ ਹਾਲੇ ਇੰਨਾ ਪ੍ਰਛਾਵਾਂ ਨਹੀਂ ਪਾਇਆ ਸੀ। ਵਰਿੰਦਰ ਦੀ ਮੌਤ ਦਾ ਉਸ ਵੇਲੇ ਕਿਸੇ ਦੇ ਚਿੱਤ-ਖਿਆਲ ਹੀ ਨਹੀਂ ਸੀ ਕਿ ਇੱਦਾਂ ਵੀ ਹੋਵੇਗਾ। ਇਨ੍ਹਾਂ ਹੀ ਸਮਿਆਂ ਵਿਚ ‘ਪਟੋਲਾ’ ਫਿਲਮ ਚੱਲ ਗਈ। ਚਮਕੀਲੇ ਦਾ ਉਸ ਫਿਲਮ ਵਿਚ ਇਕ ਗੀਤ ਸੀ ਜਿਸ ਦੀ ਇਕ ਸਤਰ ਸੀ, ਪਹਿਲੇ ਲਲਕਾਰੇ ਨਾਲ ਮੈਂ ਡਰ ਗਈ। ਇਤਫਾਕਵੱਸ ਹੋਇਆ ਇਹ ਕਿ ਫਿਲਮਾਂ ਬਾਰੇ ਇਕ ਲੇਖ ‘ਅਜੀਤ’ ਦੇ ਫਿਲਮ ਐਡੀਸ਼ਨ ਵਿਚ ਛਪ ਗਿਆ ਜਿਸ ਦਾ ਮੈਂ ਪਹਿਲਾਂ ਜ਼ਿਕਰ ਕਰ ਆਇਆ ਹਾਂ। ਚਮਕੀਲਾ ਉਹਦੇ ਕਰਕੇ ਅੰਦਰੋਂ ਮੇਰੇ ਨਾਲ ਨਾਰਾਜ਼ ਸੀ।
ਉਦੋਂ ਕਰਤਾਰ ਰਮਲੇ ਵਰਗੇ ਗਾਇਕ ਵੀ ਧਾਰਮਿਕ ਗੀਤ ਗਾਉਣ ਲਈ ਉਸਲਵੱਟੇ ਲੈ ਰਹੇ ਸਨ। ਚਮਕੀਲੇ ਨੇ ਸਵਰਨ ਸਿਵੀਏ ਨਾਲ ਗੀਤ ਲਿਖਣ ਲਈ ਹੱਥ ਜੋੜ ਲਏ ਸਨ।
ਇਕ ਰਾਤ ਮੇਰੇ ਕੋਲ ਕੁੱਕੀ ਨਾਂ ਦਾ ਇਕ ਮੁੰਡਾ ਚਮਕੀਲੇ ਦਾ ਭੇਜਿਆ ਘਰ ਆਇਆ। ਸੁਨੇਹਾ ਇਹ ਸੀ ਕਿ ਜਲਦੀ ਮੈਂ ਉਸ ਨੂੰ ਮਿਲਾਂ। ਖ਼ੈਰ! ਗਿਆ ਤਾਂ ਮੈਂ ਉਸ ਤੋਂ ਅਗਲੇ ਦੋ ਦਿਨ ਠਹਿਰ ਕੇ ਪਰ ਉਸ ਦਿਨ ਉਹ ਇੰਨਾ ਰੋਇਆ ਕਿ ਸ਼ਾਇਦ ਭਵੀਸ਼ਣ ਰਾਹੀਂ ਲੰਕਾ ਉਜੜਵਾ ਕੇ ਰਾਵਣ ਨੇ ਵੀ ਇੰਨਾ ਸਿਆਪਾ ਨਾ ਕੀਤਾ ਹੋਵੇ। ਰਾਤ ਨੂੰ ਅਸੀਂ ਰੋਟੀ ਤਾਂ ਖਾ ਲਈ, ਉਹਦੇ ਜਮਾਲਪੁਰ ਵਿਚਲੇ ਘਰ ਵਿਚ ਪਰ ਪਿੱਛੋਂ ਜਦੋਂ ਵੱਡਾ ਸਾਰਾ ਕਾਗਜ਼ਾਂ ਵਾਲਾ ਲਫ਼ਾਫਾ ਚੁਕ ਕੇ ਲਿਆਇਆ ਤਾਂ ਇਹਦੇ ਵਿਚ ਧਮਕੀ ਭਰੇ ਲਫ਼ਜ਼ਾਂ ਵਾਲੇ ਪੇਪਰ ਸਨ। ਉਂਜ ਮੈਨੂੰ ਲਗਦਾ ਸੀ ਜਿਵੇਂ ਕਾਰਗਿਲ ਨੂੰ ਬਰੂਦ ਦਾ ਟਰੱਕ ਭੇਜਿਆ ਜਾ ਰਿਹਾ ਹੋਵੇ। ਇਹ ਛੇ-ਸੱਤ ਜਥੇਬੰਦੀਆਂ ਦੇ ਹਰਮਨ ਪਿਆਰੇ ਪੱਤਰ ਸਨ। ਉਹਨੇ ਉਦਣ ਖੁਲਾਸਾ ਕੀਤਾ ਕਿ ਮੈਂ ਇਕ ਸਿੰਘ ਜ਼ਰੀਏ ਅੰਮ੍ਰਿਤਸਰ ਚਿੱਠੀਆਂ ਦੇ ਵਾਰਸਾਂ ਨੂੰ ਮਿਲਣ ਦਾ ਪ੍ਰੋਗਰਾਮ ਬਣਾ ਲਿਆ ਹੈ।

1 Comment

  1. ਐਸ ਅਸ਼ੋਕ ਭੌਰਾ ਜੀ ਦਾ ਲੇਖ ਹੈ ਜਿਸ ਵਿੱਚ ਉਹ ਅਮਰ ਸਿੰਘ ਚਮਕੀਲਾ ਅਤੇ ਖਾੜਕੂਆਂ ਦੀ ਮੁਲਾਕਾਤ ਵਾਰੇ ਲਿਖਦੇ ਹਨ । ਉਹ ਲੇਖ ਕਿਥੋਂ ਮਿਲ ਸਕਦਾ ਹੈ ?

Leave a Reply

Your email address will not be published.