‘ਸ੍ਰੀ ਅਕਾਲ ਤਖਤ ਦੀ ਸਰਬਉਚਤਾ ਅਤੇ ਸੁਖਬੀਰ ਬਾਦਲ ਨੂੰ ਸਜ਼ਾ ਦਾ ਮੁੱਦਾ’

ਐਡੀਟਰ ਜੀ,
‘ਪੰਜਾਬ ਟਾਈਮਜ਼’ ਨੇ ਆਪਣੀ ਉਮਰ ਦੇ 25 ਵਰ੍ਹੇ ਪੂਰੇ ਕਰ ਲਏ ਹਨ ਅਤੇ ਸਿਲਵਰ ਜੁਬਲੀ ਤੋਂ ਅਗਲੇ ਪੜਾਅ ਵੱਲ ਕਦਮ ਪੁੱਟਣੇ ਸ਼ੁਰੂ ਕਰ ਲਏ ਹਨ| ਇਸ ਗੱਲ ਦੀ ਬਹੁਤ ਖੁਸ਼ੀ ਅਤੇ ਤਸੱਲੀ ਵੀ ਹੈ ਕਿ ਸਾਡੇ ਛੋਟੇ ਵੀਰ ਸਰਦਾਰ ਅਮੋਲਕ ਸਿੰਘ ਦੀ ਗੈਰ-ਹਾਜ਼ਰੀ ਵਿਚ ਵੀ ਆਪਣੀ ਭਰਪੂਰ ਹਾਜ਼ਰੀ ਲੁਆਉਣ ਦੇ ਨਾਲ-ਨਾਲ ਪਾਠਕਾਂ ਨੂੰ ਲੇਖਣੀ ਦੇ ਖੇਤਰ ਵਿਚ ਨਵੀਆਂ ਕਲਮਾਂ ਨਾਲ ਵੀ ਰੂਬਰੂ ਕਰਾ ਰਿਹਾ ਹੈ|

ਨਵੇਂ ਵਰੇ੍ਹ ਦੀ ਇਸ ਦੂਸਰੀ ਐਡੀਸ਼ਨ ਵਿਚ ਕਾਫੀ ਜਾਣਕਾਰੀ ਭਰਪੂਰ ਲੇਖ ਪੜ੍ਹਨ ਨੂੰ ਮਿਲੇ ਹਨ| ਹਮੇਸ਼ਾ ਦੀ ਤਰ੍ਹਾਂ ਬਲਜੀਤ ਬਾਸੀ ਨੇ ‘ਸੁਪਾਰੀ ਦੀ ਖੁਮਾਰੀ’ ਲੇਖ ਰਾਹੀਂ ‘ਸੁਪਾਰੀ’ ਸ਼ਬਦ ਦੀ ਉਤਪਤੀ ਦੇ ਨਾਲ ਨਾਲ ਇਸ ਦੀ ਵਿਭਿੰਨ ਰੂਪਾਂ ਵਿਚ ਵਰਤੋਂ ਨੂੰ ਬੜੇ ਰੌਚਕ ਢੰਗ ਨਾਲ ਬਿਆਨਿਆ ਹੈ| ਸਤਿਨਾਮ ਸਿੰਘ ਮਾਣਕ ਦਾ ਲੇਖ ‘ਕਿਸਾਨ ਅੰਦੋਲਨ, ਅਕਾਲੀ ਸੰਕਟ, ਚੋਣਾਂ, ਅਮਨ ਕਾਨੂੰਨ ਦੀ ਹਾਲਤ ਅਤੇ ਪੰਜਾਬ’ ਪੰਜਾਬ ਦੀਆਂ ਦੁਸ਼ਵਾਰੀਆਂ ਦੀ ਕਹਾਣੀ ਪਾਉਂਦਾ ਪੰਜਾਬ ਪ੍ਰਤੀ ਦਰਦ ਦੇ ਅਹਿਸਾਸ ਨੂੰ ਹੋਰ ਗਹਿਰਾ ਕਰਦਾ ਹੈ| ਬਚਪਨ ਵਿਚ ਆਪਣੇ ਮਾਮਾ ਜੀ ਤੋਂ ਲਾਹੌਰ ਵਿਚ ਗੁਰਦੁਆਰਾ ਸ਼ਹੀਦ ਗੰਜ ਅਤੇ ਮਸਜਿਦ ਬਾਰੇ ਸਿੱਖਾਂ ਅਤੇ ਮੁਸਲਮਾਨਾਂ ਵਿਚ ਝਗੜੇ ਅਤੇ ਤਤਕਾਲੀਨ ਡੀ.ਸੀ. ਵੱਲੋਂ ਉਸ ਦੇ ਨਿਪਟਾਰੇ ਦੀ ਕਹਾਣੀ ਕਈ ਵਾਰ ਸੁਣੀ ਸੀ| ਡਾਕਟਰ ਆਸਾ ਸਿੰਘ ਘੁੰਮਣ ਦੇ ਲੇਖ ‘ਬ੍ਰਿਟਿਸ਼ ਲਾਹੌਰ ਦਾ ਇਕਲੌਤਾ ਡੀ.ਸੀ. -ਪਰਨਾਬ ਸਿੰਘ’ ਨੇ ਇਸ ਕਹਾਣੀ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ ਅਤੇ ਨਾਲ ਹੀ ਇਹ ਵੀ ਮਹਿਸੂਸ ਹੋਇਆ ਕਿ ਸਵਰਗਵਾਸੀ ਮਹਿੰਦਰ ਸਿੰਘ ਰੰਧਾਵਾ ਵਰਗਾ ਧੜੱਲੇਦਾਰ, ਹੌਂਸਲੇ ਅਤੇ ਜਬ੍ਹੇ ਵਾਲਾ ਪਹਿਲਾਂ ਵੀ ਕੋਈ ਸਿੱਖ ਆਈ.ਸੀ.ਐਸ. ਅਫਸਰ ਹੋਇਆ ਹੈ|
ਡਾਕਟਰ ਚਮਨ ਲਾਲ ਨੇ ‘ਖੇਤੀ ਇਨਕਲਾਬ ਦੀ’ ਲੇਖ ਰਾਹੀਂ ਨਿਸ਼ਟਾ ਜੈਨ ਵੱਲੋਂ 2020 ਵਿਚ ਲੱਗੇ ਕਿਸਾਨ ਮੋਰਚੇ `ਤੇ ਬਣਾਈ ਦਸਤਾਵੇਜ਼ੀ ਫਿਲਮ ਦੀ ਜਾਣਕਾਰੀ ਦਿੱਤੀ ਹੈ| ਇਹ ਪੜ੍ਹ ਕੇ ਖੁਸ਼ੀ ਹੋਈ ਕਿ ਵਿਸ਼ਵ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਕਿਸਾਨ ਮੋਰਚੇ ਦਾ ਇਤਿਹਾਸ ਹੁਣ ਆਮ ਲੋਕਾਈ ਦਸਤਾਵੇਜ਼ੀ ਫਿਲਮ ਰਾਹੀਂ ਦੁਬਾਰਾ ਦੇਖ ਸਕਦੀ ਹੈ| ਸੰਨ 1965-66 ਵਿਚ ਸਮਰਾਲਾ ਹਲਕੇ ਤੋਂ ਸਵਰਗੀ ਅਜਮੇਰ ਸਿੰਘ ਕੰਗ ਵੇਲੇ ਦੀ ਕਾਂਗਰਸ ਸਰਕਾਰ ਵਿਚ ਪਹਿਲੀ ਵਾਰ ਮੰਤਰੀ ਬਣੇ ਤਾਂ ਉਨ੍ਹਾਂ ਨੇ ਸਮਰਾਲੇ ਨੂੰ ਦੋ ਤੋਹਫੇ ਦਿੱਤੇ ਇੱਕ ਲੜਕਿਆਂ ਵਾਸਤੇ ਆਈ.ਟੀ.ਆਈ. ਕਿੱਤਾ ਸਿਖਲਾਈ ਸੈਂਟਰ ਅਤੇ ਦੂਸਰਾ ‘ਮਾਲਵਾ ਕਾਲਜ ਬੌਂਦਲੀ, ਸਮਰਾਲਾ’| ਕਾਲਜ ਦੇ ਨਾਲ ਵਿਸ਼ਾਲ ਖੇਡ ਸਟੇਡੀਅਮ ਬਣਾਇਆ ਜਿਸ ਵਿਚ ਉਸੇ ਸਾਲ ਪੰਜਾਬ ਸਟੇਟ ਖੇਡਾਂ ਕਰਵਾਈਆਂ ਜਿਸ ਵਿਚ ਬਤੌਰ ਮਹਿਮਾਨ ਸਰਦਾਰ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਨਿਰਮਲ ਮਿਲਖਾ ਸਿੰਘ ਨੇ ਸ਼ਿਰਕਤ ਕੀਤੀ| ਉਦੋਂ ਹੀ ਉਨ੍ਹਾਂ ਦੋਵਾਂ ਮਹਾਨ ਖਿਡਾਰੀਆਂ ਦੀ ਜੋੜੀ ਨੂੰ ਪਹਿਲੀ ਵਾਰ ਦੇਖਿਆ ਸੀ| ਨਵਦੀਪ ਸਿੰਘ ਗਿੱਲ ਦੇ ਲੇਖ ਤੋਂ ਨਿਰਮਲ ਮਿਲਖਾ ਸਿੰਘ ਦੀ ਬਹੁ-ਪੱਖੀ ਖਿਡਾਰੀ ਸ਼ਖ਼ਸੀਅਤ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਹੋਈ| ਜਗਦੀਸ਼ ਕੌਰ ਨੇ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਵੱਲੋਂ ‘ਨਵਾਂ ਤੇ ਵੱਡਾ ਮਹਾਨ ਕੋਸ਼’ ਲੇਖ ਛਾਪ ਕੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੇਖਕਾਂ ਅਤੇ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕੀਤਾ ਹੈ|
ਅੱਜ-ਕੱਲ੍ਹ ਮੀਡੀਆ ਵਿਚ ਪੰਜਾਬ ਦੇ ਦੋ ਮੁੱਦਿਆਂ, ਪਿਛਲੇ ਸਾਲ ਫਰਵਰੀ ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਅਤੇ ਬਾਦਲ ਅਕਾਲੀ ਦਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਵੱਲੋਂ ਤਨਖਾਹ ਲਾਉਣਾ, ‘ਤੇ ਬਹੁਤ ਚਰਚਾ ਚੱਲ ਰਹੀ ਹੈ| ਹਰਚਰਨ ਸਿੰਘ ਪਰਹਾਰ ਦਾ ਲੇਖ ਇਸੇ ਵਿਸੇL ‘ਤੇ ‘ਸ੍ਰੀ ਅਕਾਲ ਤਖਤ ਦੀ ਸਰਬਉਚਤਾ ਅਤੇ ਸੁਖਬੀਰ ਬਾਦਲ ਨੂੰ ਸਜ਼ਾ ਦਾ ਮੁੱਦਾ’ ‘ਪੰਜਾਬ ਟਾਈਮਜ਼’ ਵਿਚ ਛਪਿਆ ਹੈ| ਮੈਂ ਸਾਰੇ ਲੇਖ ਬਾਰੇ ਗੱਲ ਨਹੀਂ ਕਰਾਂਗੀ ਕਿਉਂਕਿ ਇਸ ਤੋਂ ਪਿਛਲੀ ਐਡੀਸ਼ਨ ਵਿਚ ਸ. ਹਜ਼ਾਰਾ ਸਿੰਘ ਦਾ ਜੋ ਲੇਖ ਛਪਿਆ ਸੀ ਇਹ ਲੇਖ ਉਸੇ ਦਾ ਤਕਰੀਬਨ ਦੁਹਰਾਅ ਹੈ ਅਤੇ ਹਜ਼ਾਰਾ ਸਿੰਘ ਹੋਰਾਂ ਨੇ ਬਹੁਤ ਸਿਸਟਮੈਟਿਕ ਢੰਗ ਨਾਲ ਬਾਖੂਬੀ ਸਾਰੇ ਤੱਥਾਂ ਨੂੰ ਬਿਆਨ ਕੀਤਾ ਸੀ| ਇੱਥੇ ਮੈਂ ਸਿਰਫ਼ ਦੋ ਨੁਕਤਿਆਂ ਦਾ ਜ਼ਿਕਰ ਕਰਨਾ ਹੈ| ਪਰਹਾਰ ਨੇ ਆਪਣੇ ਲੇਖ ਵਿਚ ਲਿਖਿਆ ਹੈ ‘ਹੁਣ ਚਲਦੇ ਹਾਂ, ਅਕਾਲ ਤਖਤ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਿਚ ਚੱਲ ਰਹੇ ਨਵੇਂ ਵਿਵਾਦ ਵੱਲ| ਇਸ ਦੀ ਸ਼ੁਰੂਆਤ ਮਈ, 2007 ਵਿਚ ਸੱਚਾ ਸੌਦਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੋਟੋਆਂ ਵਿਚ ਪ੍ਰਚੱਲਤ ਪੁਸ਼ਾਕ ਪਾ ਕੇ ਰੂ ਅਫਜ਼ਾ ਛਕਾਉਣ ਦਾ ਸਵਾਂਗ ਰਚਣ ਨਾਲ ਹੋਈ ਸੀ| ਜਿਸ ਨੂੰ ਮੀਡੀਆ ਦੇ ਇੱਕ ਹਿੱਸੇ ਨੇ ਪਤਾ ਨਹੀਂ ਕਿਸ ਉਦੇਸ਼ ਨਾਲ ਅਜਿਹੀ ਸਨਸਨੀਖੇਜ਼ ਘਟਨਾ ਬਣਾ ਕੇ ਪੇਸ਼ ਕੀਤਾ ਕਿ ਆਮ ਸਿੱਖਾਂ ਦਾ ਵੱਡਾ ਹਿੱਸਾ ਭੜਕ ਕੇ ਮਰਨ-ਮਾਰਨ ਲਈ ਤਿਆਰ ਹੋ ਗਿਆ|’ ਪਰਹਾਰ ਜੀ ਆਪਾਂ ਮੰਨ ਲੈਂਦੇ ਹਾਂ ਕਿ ਮੀਡੀਆ ਦਾ ਖਬਰਾਂ ਫੈਲਾਉਣ ਵਿਚ ਬਹੁਤ ਹੱਥ ਹੁੰਦਾ ਹੈ ਅਤੇ ਮੀਡੀਆ ਖ਼ਬਰਾਂ ਨੂੰ ਸਨਸਨੀਖੇਜ਼ ਵੀ ਬਣਾਉਂਦਾ ਹੈ; ਪ੍ਰੰਤੂ ਇਨ੍ਹਾਂ ਸਾਰੀਆਂ ਘਟਨਾਵਾਂ ਦਾ ਸਿਲਸਿਲਾ ਕੀ ਮਹਿਜ਼ ਮੀਡੀਆ ਕਾਰਨ ਵਾਪਰਿਆ? ਉਸ ਬੰਦੇ ਦੀ, ਜਿਹੜਾ ਆਪਣੇ ਆਪ ਨੂੰ ਇਕ ਡੇਰੇ ਦਾ ਮੁਖੀ ਵੀ ਕਹਾਉਂਦਾ ਹੈ ਅਤੇ ਡੇਰੇ ਦਾ ਮੁਖੀ ਇੱਕ ਤਰ੍ਹਾਂ ਨਾਲ ਧਾਰਮਿਕ ਆਗੂ ਹੁੰਦਾ ਹੈ, ਉਸ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਇਸ ਤਰ੍ਹਾਂ ਦੀ ਕਿਸੇ ਘਟਨਾ ਨੂੰ ਅੰਜ਼ਾਮ ਨਾ ਦੇਵੇ ਜਿਸ ਨਾਲ ਕਿਸੇ ਦੂਸਰੇ ਧਰਮ ਨੂੰ ਮੰਨਣ ਵਾਲਿਆਂ ਦੀਆਂ ਭਾਵਨਾਵਾਂ ਨਾ ਭੜਕਣ? ਹੁਣ ਤਾਂ ਇਸ ਰਚੇ ਗਏ ਬਿਰਤਾਂਤ ਬਾਰੇ ਬਹੁਤ ਖੁਲਾਸੇ ਹੋ ਚੁੱਕੇ ਹਨ, ਇਸ ਦੇ ਪਿੱਛੇ ਮਕਸਦ ਕੀ ਸੀ ਵਗੈਰਾ| ਤੁਹਾਡੇ ਕਹਿਣ ਦਾ ਮਤਲਬ ਹੈ ਜੋ ਕੁਝ ਵੀ ਵਾਪਰਿਆ ਉਸ ਲਈ ਮੀਡੀਆ ਜਿੰLਮੇਵਾਰ ਹੈ ਜਾਂ ਫਿਰ ਮੀਡੀਆ ਨੂੰ ਸੁਣਨ ਵਾਲੇ ਲੋਕ ਪਰ ਡੇਰਾ ਮੁਖੀ ਦਾ ਕੋਈ ਦੋਸ਼ ਨਹੀਂ| ਇਕੱਲਾ ਸਵਾਂਗ ਰਚਾਉਣ ਦਾ ਦੋਸ਼ ਨਹੀਂ ਹੁਣ ਤਾਂ ਉਸ ਡੇਰੇਦਾਰ ਦੀਆਂ ਕਰਤੂਤਾਂ ਦੇ ਹੋਰ ਵੀ ਅਨੇਕਾਂ ਕੱਚੇ ਚਿੱਠੇ ਬਾਹਰ ਆ ਚੁੱਕੇ ਹਨ, ਕੁੱਝ ਕੇਸਾਂ ਵਿਚ ਜੇਲ੍ਹ ਹੋ ਗਈ ਹੈ ਅਤੇ ਕੁੱਝ ਚੱਲ ਰਹੇ ਹਨ| ਖੈਰ ਤੁਹਾਨੂੰ ਉਸ ਨਾਲ ਹਮਦਰਦੀ ਹੈ ਜੀ ਸਦਕੇ| ਬਾਕੀ ਗੁਰੂ ਸਹਿਬਾਨਾਂ ਦੀ ਪੁਸ਼ਾਕ ਕਿਸ ਤਰ੍ਹਾਂ ਦੀ ਹੁੰਦੀ ਸੀ? ਸ਼ਰਧਾਵਾਨਾਂ ਨੇ ਬਹੁਤ ਸਾਰੀਆਂ ਥਾਵਾਂ ‘ਤੇ ਸੰਭਾਲ ਕੀਤੀ ਹੋਈ ਹੈ ਅਤੇ ਸਿੱਖ ਇਤਿਹਾਸ ਦੇ ਗੌਣ ਸਰੋਤਾਂ ਵਿਚ ਵੀ ਜ਼ਿਕਰ ਮਿਲ ਜਾਂਦਾ ਹੈ|
ਹਰਚਰਨ ਸਿੰਘ ਪਰਹਾਰ ਨੇ ਅੱਗੇ ਲਿਖਿਆ ਹੈ ‘ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ 2017 ਵਿਚ ਅਕਾਲੀਆਂ ਦੇ ਹਾਰ ਜਾਣ ਤੋਂ ਬਾਅਦ 5 ਸਾਲ ਕਾਂਗਰਸ ਦੀ ਸਰਕਾਰ ਰਹੀ, ਹੁਣ 2022 ਤੋਂ ਆਮ ਆਦਮੀ ਦੀ ਸਰਕਾਰ ਹੈ| ਜੇ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਹੀ ਇਸ ਸਭ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਸੀ ਤਾਂ ਫਿਰ ਕੈਪਟਨ ਦੀ ਕਾਂਗਰਸ ਅਤੇ ਹੁਣ ‘ਆਪ’ ਦੀ ਭਗਵੰਤ ਮਾਨ ਸਰਕਾਰ, ਬਾਦਲਕਿਆਂ ਨੂੰ ਸਜ਼ਾਵਾਂ ਕਿਉਂ ਨਹੀਂ ਦੇ ਸਕੀ? ਕੀ ਜਥੇਦਾਰਾਂ ਨੂੰ ‘ਕਾਂਗਰਸ’ ਅਤੇ ‘ਆਪ’ ਲੀਡਰਸ਼ਿਪ ਤੋਂ ਸਪਸ਼ਟੀਕਰਨ ਨਹੀਂ ਲੈਣਾ ਚਾਹੀਦਾ ਸੀ? ਵਾਹ ਪਰਹਾਰ ਜੀ ਵਾਹ! ਕਮਾਲ ਦਾ ਪ੍ਰਸ਼ਨ ਉਠਾਇਆ ਹੈ ਤੁਸੀਂ| ਕੀ ਤੁਸੀਂ ਦੱਸ ਸਕਦੇ ਹੋ ਕਿ ਸ੍ਰੀ ਅਕਾਲ ਤਖਤ ਦੇ ਜਾਂ ਤਖਤਾਂ ਦੇ ਜਥੇਦਾਰ ਕਾਂਗਰਸ ਜਾਂ ‘ਆਪ’ ਸਰਕਾਰਾਂ ਤੋਂ ਕਿਉਂ ਸਪਸ਼ਟੀਕਰਨ ਮੰਗਦੇ? ਤੁਹਾਨੂੰ ਏਨਾ ਕੁ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਵੱਲੋਂ ਉਪਰ ਦੱਸਿਆ ਮਸਲਾ ਧਾਰਮਿਕ ਭਾਵਨਾਵਾਂ ਦਾ ਮਸਲਾ ਸੀ| ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਦੀ ਰਾਜਨੀਤਕ ਪਾਰਟੀ ਹੈ ਜਿਸ ਦਾ ਜਨਮ ਗੁਰਦੁਆਰਾ ਸੁਧਾਰ ਲਹਿਰ ਦੀ ਜਦੋ-ਜਹਿਦ ਵਿਚੋਂ ਪੈਦਾ ਹੋਈ ਸ਼੍ਰੋਮਣੀ ਕਮੇਟੀ ਦੀ ਹੋਂਦ ਵਿਚੋਂ ਸ਼੍ਰੋਮਣੀ ਅਕਾਲੀ ਦਲ ਬਣ ਕੇ 1920 ਵਿਚ ਨਿਕਲਿਆ| ਅਕਾਲੀ ਦਲ ਰਾਜਨੀਤਕ ਫਰੰਟ ‘ਤੇ ਸਿੱਖਾਂ ਦੀ ਨੁਮਾਇੰਦਗੀ ਕਰਦਾ ਰਿਹਾ ਹੈ ਜਿਸ ਦੀ ਅਗਵਾਈ ਵਿਚ, ਜਿਸ ਦੇ ਸੱਦੇ `ਤੇ ਸਮੇਂ ਸਮੇਂ ਲੱਗਦੇ ਮੋਰਚਿਆਂ ਵਿਚ ਆਮ ਸਿੱਖਾਂ ਨੇ ਅਕਾਲੀ ਲੀਡਰਾਂ ਦੇ ਕਹਿਣ `ਤੇ ਜੇਲ੍ਹਾਂ ਭਰੀਆਂ| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸ੍ਰੀ ਅਕਾਲ ਤਖਤ ਅਤੇ ਦੂਸਰੇ ਤਖਤ ਆਪਸ ਵਿਚ ਅੰਤਰ-ਸਬੰਧਤ ਹਨ| ਕਾਂਗਰਸ ਅਤੇ ‘ਆਪ’ ਸਰਕਾਰਾਂ ਨਾਲ ਤਖਤਾਂ ਦਾ ਇਸ ਕਿਸਮ ਦਾ ਕੀ ਸਬੰਧ ਹੈ? ਕਾਂਗਰਸ ਅਤੇ ‘ਆਪ’ ਸਰਕਾਰਾਂ ਬੇਸ਼ੱਕ ਪੰਜਾਬੀਆਂ ਦੀਆਂ ਵੋਟਾਂ ਨਾਲ, ਜਿਨ੍ਹਾਂ ਵਿਚ ਸਿੱਖ ਵੋਟਰ ਵੀ ਸ਼ਾਮਲ ਹਨ, ਹੋਂਦ ਵਿਚ ਆਈਆਂ ਹਨ ਪਰ ਉਹ ਸਿੱਖਾਂ ਦੀ ਰਾਜਨੀਤਕ ਨੁਮਾਇੰਦਗੀ ਨਹੀਂ ਕਰਦੀਆਂ ਅਤੇ ਨਾ ਹੀ ਉਹ ਪੰਥ ਦੇ ਨਾਮ `ਤੇ ਵੋਟਾਂ ਮੰਗਦੀਆਂ ਹਨ| ਕਾਂਗਰਸ ਜਾਂ ‘ਆਪ’ ਦੇ ਮੰਤਰੀਆਂ ਨੂੰ ਕੀ ਸਰਕਾਰ ਬਣਨ `ਤੇ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤ ਛਕਣਾ ਪਿਆ? ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਕਾਫੀ ਸਮਾਂ ਪਹਿਲਾਂ ਸਰਕਾਰ ਬਣੀ ਸੀ, ਸ਼ਾਇਦ ਸੁਖਬੀਰ ਸਿੰਘ ਬਾਦਲ ਹੋਰੀਂ ਉਦੋਂ ਪਹਿਲੀ ਵਾਰ ਮਨਿਸਟਰੀ ਵਿਚ ਆਏ ਸੀ ਤਾਂ ਇੱਕ ਵਾਢਿਓਂ ਸਾਰਿਆਂ ਨੇ ਅੰਮ੍ਰਿਤ ਛਕਿਆ ਸੀ; ਭਲਾਂ ਕਿਉਂ? ਕਾਂਗਰਸ ਜਾਂ ‘ਆਪ’ ਦਾ ਕੋਈ ਵੀ ਮੈਂਬਰ ਵਿਅਕਤੀਗਤ ਰੂਪ ਵਿਚ ਬਤੌਰ ਸਿੱਖ ਤਾਂ ਅਕਾਲ ਤਖਤ ਵਿਚ ਸ਼ਰਧਾ ਰੱਖ ਸਕਦਾ ਹੈ, ਸਬੰਧਤ ਹੋ ਸਕਦਾ ਹੈ ਪਰ ਰਾਜਨੀਤਕ ਪਾਰਟੀ ਦੇ ਤੌਰ `ਤੇ ਉਨ੍ਹਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਕੋਈ ਸਿੱਧਾ ਸਬੰਧ ਹੋ ਸਕਦਾ ਹੈ, ਮੇਰਾ ਨਹੀਂ ਖਿਆਲ| ਸਿੱਖਾਂ ਦੀ ਨੁਮਾਇੰਦਾ ਪਾਰਟੀ ਹੋਣ ਦੇ ਨਾਤੇ ਸਿੱਖ ਸੰਗਤਾਂ ਨੂੰ ਹੱਕ ਹੈ ਕਿ ਅਕਾਲੀ ਦਲ `ਤੇ ਉਹ ਕਿੰਤੂ-ਪ੍ਰੰਤੂ ਕਰ ਸਕਣ ਅਤੇ ਸ੍ਰੀ ਅਕਾਲ ਤਖਤ `ਤੇ ਸ਼ਿਕਾਇਤ ਕਰਨ| ਵੈਸੇ ਤਾਂ ਸਿੱਖ ਸੰਗਤਾਂ ਨੇ ਵੋਟਰਾਂ ਦੇ ਰੂਪ ਵਿਚ ਅਕਾਲੀ ਦਲ ਬਾਦਲ ਨੂੰ ਆਪਣਾ ਰੋਸ ਪੂਰੀ ਤਰ੍ਹਾਂ ਪਰਗਟ ਕਰ ਦਿੱਤਾ ਸੀ ਪਰ ਉਨ੍ਹਾਂ ਨੂੰ ਅਧਿਕਾਰ ਹੈ ਕਿ ਆਪਣਾ ਮਸਲਾ ਸ੍ਰੀ ਅਕਾਲ ਤਖਤ `ਤੇ ਪੇਸ਼ ਕਰ ਸਕਦੇ ਹਨ| ਜਿਸ ਤਰ੍ਹਾਂ ਹਜ਼ਾਰਾ ਸਿੰਘ ਨੇ ਆਪਣੇ ਲੇਖ ਵਿਚ ਦੱਸਿਆ ਹੈ ਕਿ ਵੱਖ-ਵੱਖ ਸਮਿਆਂ ‘ਤੇ ਸ੍ਰੀ ਅਕਾਲ ਤਖਤ ਨੂੰ ਵੱਖ-ਵੱਖ ਧੜਿਆਂ ਵੱਲੋਂ ਵਰਤਿਆ ਜਾਂਦਾ ਰਿਹਾ ਹੈ, ਬਾਦਲ ਅਕਾਲੀ ਦਲ ਵੀ ਵਰਤਦਾ ਰਿਹਾ ਹੈ, ਇਨ੍ਹਾਂ ਮਾਅਨਿਆਂ ਵਿਚ ਅਕਾਲੀ ਦਲ (ਬਾਦਲ) ਨੂੰ ਭੁਗਤਣਾ ਵੀ ਪੈ ਸਕਦਾ ਸੀ ਅਤੇ ਪੈ ਵੀ ਗਿਆ ਹੈ| ਤਕਲੀਫ ਤੁਹਾਨੂੰ ਸ੍ਰੀ ਅਕਾਲ ਤਖਤ ਦੀ ਹੈ ਜਾਂ ਬਾਦਲ ਦਲ ਨੂੰ ਤਨਖਾਹ ਲੱਗਣ ਦੀ? ਨਿਮਾਣੇ ਸਿੱਖ ਦੇ ਤੌਰ `ਤੇ ਮੇਰਾ ਇਹ ਮੰਨਣਾ ਹੈ ਕਿ ਜੇ ਅਕਾਲੀ ਦਲ (ਬਾਦਲ), ਜਿਸ ਤਰ੍ਹਾਂ ਗੁਨਾਹ ਕਬੂਲ ਕੀਤੇ ਸੀ ਉਸੇ ਤਰ੍ਹਾਂ ਨਿਮਰਤਾ ਨਾਲ ਤਨਖਾਹ ਨੂੰ ਸੁਹਿਰਦਤਾ ਨਾਲ ਨਿਭਾਅ ਵੀ ਲੈਂਦਾ ਤਾਂ ਰੀਵਾਈਵਲ ਦਾ ਮੌਕਾ ਜ਼ਿਆਦਾ ਨਜ਼ਦੀਕ ਹੋਣਾ ਸੀ ਕਿਉਂਕਿ ਸਿੱਖ ਜਗਤ ਵਿਚ ਭੁੱਲ ਬਖਸ਼ਾਉਣ `ਤੇ ਫਰਾਖਦਿਲੀ ਨਾਲ ਸੰਗਤਾਂ ਮੁਆਫ ਵੀ ਕਰ ਦਿੰਦੀਆਂ ਹਨ ਪਰ ਅਕਾਲੀਅਤ ਤੋਂ ਅਣਜਾਣ ਸਲਾਹੂ ਇਸ ਰਾਹ `ਤੇ ਤੁਰਨ ਹੀ ਨਹੀਂ ਦਿੰਦੇ ਬਹਾਨਾ ਬਣਾਉਂਦੇ ਹਨ ਇਲੈਕਸ਼ਨ ਕਮਿਸ਼ਨ ਦਾ| ਜੇ ਉਤਰ ਪ੍ਰਦੇਸ਼ ਦਾ ਚੀਫ ਮਨਿਸਟਰ ਯੋਗੀ ਅਦਿੱਤਿਆ ਨਾਥ ਧਾਰਮਿਕ ਮੱਠ ਦਾ ਮੁਖੀ ਹੋ ਸਕਦਾ ਹੈ, ਦੇਸ਼ ਦਾ ਮੁਖੀ ਰਾਮ ਮੰਦਰ ਦਾ ਉਦਘਾਟਨ ਕਰ ਸਕਦਾ ਹੈ ਫਿਰ ਅਕਾਲੀ ਦਲ ਸ੍ਰੀ ਅਕਾਲ ਤਖਤ ਦੀ ਅਗਵਾਈ ਵਿਚ ਦਿੱਤੀ ਸਲਾਹ ਅਨੁਸਾਰ ਅਸਤੀਫੇ ਮਨਜ਼ੂਰ ਕਰਵਾ ਕੇ ਗਰਾਉਂਡ ਪੱਧਰ ਤੋਂ ਮੁੜ ਭਰਤੀ ਕਿਉਂ ਨਹੀਂ ਕਰ ਸਕਦਾ?
-ਡਾ. ਗੁਰਨਾਮ ਕੌਰ