ਆਰਟੀਫਿਸ਼ਲ ਇੰਟੈਲੀਜੈਂਸ ਅਤੇ ਵਾਤਾਵਰਨ ਦਾ ਨੁਕਸਾਨ

ਸੁਖਵੰਤ ਹੁੰਦਲ
ਜਦੋਂ ਵੀ ਸਮਾਜ ਵਿਚ ਕਿਸੇ ਨਵੀਂ ਤਕਨਾਲੌਜੀ ਨੂੰ ਪੇਸ਼ ਕੀਤਾ ਜਾਂਦਾ ਹੈ, ਤਾਂ ਉਸ ਦੇ ਫਾਇਦਿਆਂ ਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਜਾਂਦਾ ਹੈ। ਉਸ ਵਲੋਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਅਤੇ ਖੁਸ਼ਹਾਲ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ। ਪਰ ਉਸ ਵਲੋਂ ਸਮਾਜ ਅਤੇ ਲੋਕਾਂ ਦੀਆਂ ਜ਼ਿੰਦਗੀਆਂ ‘ਤੇ ਪੈ ਸਕਣ ਵਾਲੇ ਬੁਰੇ ਜਾਂ ਅਣਕਿਆਸੇ ਅਸਰਾਂ (ਸਾਈਡ ਇਫੈਕਟਸ) ਬਾਰੇ ਗੱਲ ਨਹੀਂ ਕੀਤੀ ਜਾਂਦੀ।

ਇਸ ਗੱਲ ਦੀ ਪੁਸ਼ਟੀ ਲਈ ਅਸੀਂ ਪੰਜਾਬ ਵਿਚ ਆਏ ਹਰੇ ਇਨਕਲਾਬ ਦੀ ਉਦਾਹਰਨ ਲੈ ਸਕਦੇ ਹਾਂ। 1960ਵਿਆਂ ਵਿਚ ਜਦੋਂ ਪੰਜਾਬ ਵਿਚ ਹਰੇ ਇਨਕਲਾਬ ਦੀ ਸ਼ੁਰੂਆਤ ਕੀਤੀ ਗਈ ਤਾਂ ਸਰਕਾਰਾਂ ਵਲੋਂ ਬਹੁਤ ਜ਼ੋਰ-ਸ਼ੋਰ ਨਾਲ ਇਸ ਦੇ ਫਾਇਦਿਆਂ ਦਾ ਪ੍ਰਚਾਰ ਕੀਤਾ ਗਿਆ। ਇਹ ਕਿਹਾ ਗਿਆ ਕਿ ਹਰੇ ਇਨਕਲਾਬ ਦਾ ਹਿੱਸਾ ਨਵੇਂ ਹਾਈਬ੍ਰਿਡ ਬੀਜਾਂ ਨਾਲ ਫਸਲਾਂ ਦੇ ਝਾੜ ਵਿਚ ਅਥਾਹ ਵਾਧਾ ਹੋਵੇਗਾ ਅਤੇ ਪੰਜਾਬ ਦੇ ਖੇਤਾਂ ਵਿਚ ਲਹਿਰਾਂ-ਬਹਿਰਾਂ ਹੋ ਜਾਣਗੀਆਂ ਅਤੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਿੰਦਗੀਆਂ ਖੁਸ਼ਹਾਲ ਹੋ ਜਾਣਗੀਆਂ। ਪਰ ਉਸ ਸਮੇਂ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਪੰਜਾਬ ਵਿਚ ਸ਼ੁਰੂ ਕੀਤੀ ਜਾ ਰਹੀ ਹਰੇ ਇਨਕਲਾਬ ਦੀ ਖੇਤੀ ਵਿਚ ਵਰਤੀਆਂ ਜਾਣ ਵਾਲੀਆਂ ਖਾਦਾਂ, ਕੀੜੇ ਮਾਰ ਦਵਾਈਆਂ, ਅਤੇ ਨਦੀਨ ਨਾਸ਼ਕ ਦਵਾਈਆਂ ਧਰਤੀ ਹੇਠਲੇ ਪਾਣੀਆਂ ਨੂੰ ਜ਼ਹਿਰੀ ਬਣਾ ਦੇਣਗੀਆਂ। ਹਰੇ ਇਨਕਲਾਬ ਦੀਆਂ ਫਸਲਾਂ ਲਈ ਬਹੁਤ ਜ਼ਿਆਦਾ ਮਾਤਰਾ ਵਿਚ ਚਾਹੀਦਾ ਪਾਣੀ ਚਾਰ-ਪੰਜ ਦਹਾਕਿਆਂ ਵਿਚ ਪੰਜਾਬ ਦੀ ਧਰਤੀ ਹੇਠਲੇ ਪਾਣੀ ਨੂੰ ਖਤਮ ਕਰਨ ਦੇ ਨੇੜੇ ਲੈ ਜਾਵੇਗਾ। ਹਰੇ ਇਨਕਲਾਬ ਕਾਰਨ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਅਤੇ ਖੁਸ਼ਹਾਲ ਹੋਣ ਦੀ ਥਾਂ ਬਦਤਰ ਹੋ ਜਾਵੇਗੀ ਅਤੇ ਪੰਜਾਬ ਦੇ ਬਹੁ-ਗਿਣਤੀ ਕਿਸਾਨ ਕਰਜ਼ੇ ਦੇ ਭਾਰ ਹੇਠ ਦੱਬੇ ਜਾਣਗੇ। ਹਰੇ ਇਨਕਲਾਬ ਦੀ ਤਕਨਾਲੌਜੀ ਕਾਰਨ ਵਾਪਰ ਰਹੀਆਂ ਇਹ ਸਾਰੀਆਂ ਚੀਜ਼ਾਂ ਅਸੀਂ ਹੁਣ ਸਪੱਸ਼ਟ ਦੇਖ ਰਹੇ ਹਾਂ ਪਰ 1960ਵਿਆਂ ਵਿਚ ਹਰੇ ਇਨਕਲਾਬ ਦੀ ਸ਼ੁਰੂਆਤ ਸਮੇਂ ਇਨ੍ਹਾਂ ਗੱਲਾਂ ਬਾਰੇ ਕੋਈ ਚਰਚਾ ਨਹੀਂ ਕੀਤੀ ਗਈ ਸੀ।
ਇਸੇ ਤਰ੍ਹਾਂ ਅੱਜ ਜਦੋਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਤਕਨਾਲੌਜੀ ਦੀ ਸਮਾਜ ਵਿਚ ਪ੍ਰਚੱਲਤ ਕੀਤੀ ਜਾ ਰਹੀ ਹੈ ਤਾਂ ਇਸ ਦੇ ਫਾਇਦਿਆਂ ਨੂੰ ਵੀ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸਮਾਜ ਵਿਚ ਸਿਹਤ ਸੰਭਾਲ, ਵਿਦਿਆ ਅਤੇ ਵਪਾਰ ਦੇ ਖੇਤਰਾਂ ਵਿਚ ਕਈ ਤਰ੍ਹਾਂ ਦਾ ਸੁਧਾਰ ਲਿਆਉਣ ਵਿਚ ਮਦਦਗਾਰ ਹੋਵੇਗੀ। ਇਹ ਇਸ ਸਮੇਂ ਧਰਤੀ ਨੂੰ ਦਰਪੇਸ਼ ਸਭ ਤੋਂ ਵੱਡੀ ਸਮੱਸਿਆ ਜਲਵਾਯੂ ਵਿਚ ਤਬਦੀਲੀ (ਕਲਾਈਮੇਟ ਚੇਂਜ) ਨਾਲ ਨਿਪਟਣ ਲਈ ਸਾਡੀ ਕਈ ਢੰਗਾਂ ਨਾਲ ਮਦਦ ਕਰੇਗੀ। ਇਹ ਸੰਭਵ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਇਹ ਸਭ ਕੁਝ ਕਰਨ ਵਿਚ ਯੋਗਦਾਨ ਪਾ ਸਕੇਗੀ, ਜਿਸ ਤਰ੍ਹਾਂ ਹਰੇ ਇਨਕਲਾਬ ਦੇ ਬੀਜਾਂ ਨੇ ਫਸਲਾਂ ਦੇ ਝਾੜ ਵਧਾਉਣ ਵਿਚ ਯੋਗਦਾਨ ਪਾਇਆ ਸੀ। ਪਰ ਕੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਸਮਾਜ ਉੱਪਰ ਕੋਈ ਬੁਰੇ ਜਾਂ ਅਣਕਿਆਸੇ ਅਸਰ (ਸਾਈਡ ਇਫੈਕਟਸ) ਵੀ ਹੋਣਗੇ, ਇਸ ਬਾਰੇ ਕੋਈ ਬਹੁਤੀ ਚਰਚਾ ਨਹੀਂ ਹੋ ਰਹੀ। ਇਸ ਸੰਬੰਧ ਵਿਚ ਜੇ ਕੋਈ ਰਿਪੋਰਟਾਂ ਆਉਂਦੀਆਂ ਹਨ ਜਾਂ ਕੋਈ ਸਵਾਲ ਉਠਾਏ ਜਾਂਦੇ ਹਨ, ਤਾਂ ਉਹ ਬਹੁਤੀ ਵਾਰ ਚਰਚਾ ਦਾ ਕੇਂਦਰ ਨਹੀਂ ਬਣਦੇ। ਮੈਂ ਆਪਣੇ ਇਸ ਲੇਖ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਕਾਰਨ ਧਰਤੀ ‘ਤੇ ਪੈਣ ਵਾਲੇ ਇਕ ਬੁਰੇ ਜਾਂ ਅਣਕਿਆਸੇ ਅਸਰ ਦੇ ਮੁੱਦੇ ਬਾਰੇ ਗੱਲ ਕਰਾਂਗਾ। ਇਹ ਮੁੱਦਾ ਹੈ ਆਰਟੀਫਿਸ਼ਲ ਇੰਟੈਲੀਜੈਂਸ ਕਾਰਨ ਧਰਤੀ ਦੇ ਵਾਤਾਵਰਨ ਨੂੰ ਹੋ ਰਿਹਾ ਜਾਂ ਹੋ ਸਕਣ ਵਾਲਾ ਨੁਕਸਾਨ।
ਆਰਟੀਫਿਸ਼ਲ ਇੰਟੈਲੀਜੈਂਸ ਕਾਰਨ ਧਰਤੀ ਦੇ ਵਾਤਾਵਰਨ ‘ਤੇ ਪੈਣ ਵਾਲੇ ਬੁਰੇ ਅਸਰਾਂ ਨੂੰ ਸਮਝਣ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸੰਬੰਧਤ ਤਕਨਾਲੌਜੀ ਕੀ ਹੈ। ਸਾਧਾਰਣ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਆਰਟੀਫਿਸ਼ਲ ਇੰਟੈਲੀਜੈਂਸ ਤਕਨਾਲੌਜੀ ਵਿਚ ਕੰਪਿਊਟਰ ਅਤੇ ਉਸ ਨਾਲ ਸੰਬੰਧਤ ਕਈ ਤਰ੍ਹਾਂ ਦੀਆਂ ਤਕਨਾਲੌਜੀਆਂ ਆਉਂਦੀਆਂ ਹਨ ਜਿਹੜੀਆਂ ਜਾਣਕਾਰੀ ਨਾਲ ਨਿਪਟਦੀਆਂ ਹਨ, ਇਸ ਜਾਣਕਾਰੀ ਤੋਂ ਸਿੱਖ ਸਕਦੀਆਂ ਹਨ, ਨਵੀਂ ਮਿਲੀ ਜਾਣਕਾਰੀ ਅਨੁਸਾਰ ਤਬਦੀਲੀਆਂ ਕਰ ਸਕਦੀਆਂ ਹਨ ਅਤੇ ਇਨਸਾਨਾਂ ਵਰਗੇ ਕੰਮ ਕਰ ਸਕਦੀਆਂ ਹਨ। ਇਨ੍ਹਾਂ ਨੂੰ ਰੱਖਣ (ਸਟੋਰ ਕਰਨ) ਲਈ ਵੱਡੇ-ਵੱਡੇ ਡੇਟਾ ਸੈਂਟਰਾਂ ਦੀ ਲੋੜ ਪੈਂਦੀ ਹੈ, ਜਿਨ੍ਹਾਂ ਨੂੰ ਉਸਾਰਨ ਅਤੇ ਚਲਦੇ ਰੱਖਣ ਲਈ ਬਹੁਤ ਸਾਰੇ ਪਾਣੀ ਅਤੇ ਬਿਜਲੀ ਦੀ ਲੋੜ ਪੈਂਦੀ ਹੈ। ਜਿਸ ਦੇ ਨਤੀਜੇ ਵਜੋਂ ਇਹ ਡੇਟਾ ਸੈਂਟਰ ਪਾਣੀ ਦੀ ਕਿੱਲਤ ਅਤੇ ਵਾਤਾਵਰਨ ਵਿਚ ਗਰੀਨ ਹਾਊਸ ਗੈਸਾਂ ਦੀ ਮਿਕਦਾਰ ਵਿਚ ਵਾਧਾ ਕਰਨ ਦਾ ਕਾਰਨ ਬਣਦੇ ਹਨ।
ਇਨ੍ਹਾਂ ਡੇਟਾ ਸੈਂਟਰਾਂ ਵਿਚ ਰੱਖੇ ਕੰਪਿਊਟਰ ਅਤੇ ਹੋਰ ਤਕਨਾਲੌਜੀ ਹਰ ਵੇਲੇ ਕੰਮ ਕਰਦੇ ਰਹਿੰਦੇ ਹਨ ਜਿਸ ਕਾਰਨ ਗਰਮੀ ਪੈਦਾ ਹੁੰਦੀ ਹੈ। ਇਨ੍ਹਾਂ ਦੇ ਚਲਦੇ ਰਹਿਣ ਲਈ ਜ਼ਰੂਰੀ ਹੁੰਦਾ ਹੈ ਕਿ ਇਨ੍ਹਾਂ ਨੂੰ ਠੰਢੇ ਰੱਖਿਆ ਜਾਵੇ ਜਿਸ ਲਈ ਬਹੁਤ ਸਾਰੇ ਪਾਣੀ ਦੀ ਲੋੜ ਪੈਂਦੀ ਹੈ। ਪਾਣੀ ਦੀ ਲੋੜ ਬਾਰੇ ਨਿਊਜ਼ ਵੀਕ ਦੇ ਸਾਈਟ ‘ਤੇ 24 ਮਾਰਚ 2024 ਨੂੰ ਨਿਊਜ਼ ਵੀਕ ਦੇ ਐਨਵਾਇਰਮੈਂਟ ਐਂਡ ਸਸਟੇਨੇਬਿਲਟੀ ਐਡੀਟਰ ਜੈੱਫ ਯੰਗ ਵਲੋਂ ਛਪੇ ਆਰਟੀਕਲ “ਵਾਈ ਏ ਆਈ ਇਜ਼ ਸੋ ਥਰਸਟੀ: ਡੇਟਾ ਸੈਂਟਰਜ਼ ਯੂਜ਼ ਮੈਸਿਵ ਅਮਾਊਂਟਸ ਆਫ ਵਾਟਰ – ਭਾਵ ਏ ਆਈ ਇੰਨੀ ਤ੍ਰਿਹਾਈ ਕਿਉਂ ਹੈ: ਡੇਟਾ ਸੈਂਟਰ ਬਹੁਤ ਜ਼ਿਆਦਾ ਪਾਣੀ ਦੀ ਵਰਤੋਂ ਕਰਦੇ ਹਨ” ਵਿਚ ਜੈੱਫ ਯੰਗ ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਰਿਵਰਸਾਈਡ ਕੈਂਪਸ ਵਿਚ ਇਲੈਕਟ੍ਰੀਕਲ ਅਤੇ ਕੰਪਿਊਟਰ ਇੰਜਨੀਅਰਿੰਗ ਦੇ ਐਸੋਸੀਏਟ ਪ੍ਰੋਫੈਸਰ ਸ਼ੈਓਲੀ ਰੈਨ ਵਲੋਂ ਕੀਤੀ ਰਿਸਰਚ ਦੇ ਹਵਾਲੇ ਨਾਲ ਡੇਟਾ ਸੈਂਟਰਾਂ ਵਿਚ ਪਾਣੀ ਦੀ ਖਪਤ ਬਾਰੇ ਜਾਣਕਾਰੀ ਦਿੰਦਾ ਹੈ। ਇਸ ਖੋਜ ਅਨੁਸਾਰ ਸਭ ਤੋਂ ਪਹਿਲਾਂ ਏ ਆਈ ਦੇ ਮਾਡਲਾਂ (ਅਜਿਹੇ ਪ੍ਰੋਗਰਾਮ ਜਿਹੜੇ ਡੇਟਾ ਤੋਂ ਸਿੱਖਦੇ ਹਨ ਅਤੇ ਫਿਰ ਫੈਸਲੇ ਬਣਾਉਂਦੇ ਹਨ) ਨੂੰ ਸਿੱਖਿਅਤ ਕਰਨ ਲਈ ਬਹੁਤ ਸਾਰੇ ਪਾਣੀ ਦੀ ਲੋੜ ਪੈਂਦੀ ਹੈ। ਮਾਈਕਰੋਸਾਫਟ ਦੇ ਉੱਪਰਲੇ ਦਰਜੇ ਦੇ ਡੇਟਾ ਸੈਂਟਰ ਵਿਚ ਏ.ਆਈ. ਦੇ ਚੈਟ-ਜੀ ਪੀ ਟੀ-3 ਦੇ ਮਾਡਲ ਨੂੰ ਸਿੱਖਿਅਤ ਕਰਨ ਦਾ ਅਮਲ 7 ਲੱਖ ਲੀਟਰ ਜਾਂ 1 ਲੱਖ 85 ਹਜ਼ਾਰ ਗੈਲਨ ਪਾਣੀ ਦੀ ਭਾਫ ਬਣਾ ਸਕਦਾ ਹੈ। ਜਦੋਂ ਆਰਟੀਫਿਸ਼ਲ ਇੰਟੈਲੀਜੈਂਸ ਦਾ ਮਾਡਲ ਸਿੱਖਿਅਤ ਹੋ ਕੇ ਲੋਕਾਂ ਦੀਆਂ ਪੁੱਛਾਂ ਦਾ ਜਵਾਬ ਦੇਣਾ ਸ਼ੁਰੂ ਕਰਦਾ ਹੈ ਤਾਂ ਉਸ ਲਈ ਵੀ ਬਹੁਤ ਸਾਰੇ ਪਾਣੀ ਦੀ ਲੋੜ ਹੁੰਦੀ ਹੈ। ਉਦਾਹਰਨ ਲਈ ਜੀ ਪੀ ਟੀ-3 ਮਾਡਲ ਵਲੋਂ 10-50 ਪੁੱਛਾਂ ਦੇ ਜਵਾਬ ਦੇਣ ਮਗਰ ਪਾਣੀ ਦੇ 16 ਔਂਸਾਂ ਦੀ ਖਪਤ ਹੁੰਦੀ ਹੈ। ਇਸ ਤੋਂ ਅਸੀਂ ਖੁਦ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਮਾਡਲ ਅਰਬਾਂ ਪੁੱਛਾਂ ਦਾ ਜੁਆਬ ਦੇਣ ਲਈ ਕਿੰਨਾ ਪਾਣੀ ਖਪਤ ਕਰਦਾ ਹੋਵੇਗਾ।
18 ਸਤੰਬਰ 2024 ਨੂੰ ਵਾਸ਼ਿੰਗਟਨ ਪੋਸਟ ਦੇ ਸਾਈਟ ‘ਤੇ ਛਪੇ ਆਰਟੀਕਲ “ਏ ਬੋਟਲ ਆਫ ਵਾਟਰ ਪਰ ਈਮੇਲ: ਦਿ ਹਿਡਨ ਐਨਵਾਇਰਮੈਂਟਲ ਕੌਸਟਸ ਆਫ ਯੂਜ਼ਿੰਗ ਏ ਆਈ ਚੈਟਬੌਟਸ” ਅਨੁਸਾਰ ਜੀ ਪੀ ਟੀ-4 ਦੀ ਵਰਤੋਂ ਕਰ ਕੇ 100 ਸ਼ਬਦਾਂ ਦੀ ਇਕ ਈਮੇਲ ਲਿਖਣ ਮਗਰ 519 ਮਿਲੀਲੀਟਰ ਪਾਣੀ ਦੀ ਖਪਤ ਹੁੰਦੀ ਹੈ। ਜੇ ਪੂਰੇ ਇਕ ਸਾਲ ਵਿਚ ਹਫਤੇ ਵਿਚ ਇਕ ਵਾਰ ਇਹ ਈਮੇਲ ਲਿਖੀ ਜਾਵੇ ਤਾਂ 27 ਲੀਟਰ ਪਾਣੀ ਦੀ ਖਪਤ ਹੁੰਦੀ ਹੈ। ਅਤੇ ਜੇ ਅਮਰੀਕਾ ਦੇ ਕੰਮ ਕਰਨ ਵਾਲੇ ਕੁੱਲ ਲੋਕਾਂ ਵਿਚੋਂ 10% ਲੋਕ (1 ਕਰੋੜ 60 ਲੱਖ ਲੋਕ) ਜੀ ਪੀ ਟੀ -4 ਦੀ ਵਰਤੋਂ ਕਰ ਕੇ ਪੂਰੇ ਇਕ ਸਾਲ ਵਿਚ ਹਰ ਹਫਤੇ 100 ਸ਼ਬਦਾਂ ਦੀ ਇਕ ਈਮੇਲ ਲਿਖਣ ਤਾਂ ਉਸ ਲਈ 43 ਕਰੋੜ 52 ਲੱਖ 35 ਹਜ਼ਾਰ 4 ਸੌ 76 ਲੀਟਰ ਪਾਣੀ ਦੀ ਖਪਤ ਹੋਵੇਗੀ। ਪਾਣੀ ਦੀ ਇਹ ਮਾਤਰਾ ਅਮਰੀਕਾ ਦੇ ਸੂਬੇ ਰੋਡ ਆਈਲੈਂਡ ਦੀ ਕੁੱਲ ਵਸੋਂ ਵਲੋਂ ਡੇਢ ਦਿਨ ਵਿਚ ਵਰਤੇ ਜਾਂਦੇ ਪਾਣੀ ਦੇ ਬਰਾਬਰ ਹੈ।
ਆਉਣ ਵਾਲੇ ਸਾਲਾਂ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਵਧਣ ਨਾਲ ਇਸ ਲਈ ਲੋੜੀਂਦੇ ਪਾਣੀ ਦੀ ਮਾਤਰਾ ਵਿਚ ਵੀ ਵਾਧਾ ਹੋਵੇਗਾ। ਪ੍ਰੋਫੈਸਰ ਰੈਨ ਦੇ ਅੰਦਾਜ਼ੇ ਅਨੁਸਾਰ 2027 ਤੱਕ ਆਰਟੀਫਿਸ਼ਲ ਇੰਟੈਲੀਜੈਂਸ ਵਲੋਂ ਖਪਤ ਕੀਤੇ ਜਾਂਦੇ ਪਾਣੀ ਦੀ ਮਾਤਰਾ 6.6 ਅਰਬ ਘਣ (ਕਿਊਬਕ) ਮੀਟਰ ਜਾਂ 8.6 ਅਰਬ ਘਣ (ਕਿਊਬਕ) ਗਜ਼ ਤੱਕ ਪਹੁੰਚ ਜਾਵੇਗੀ। ਆਮ ਵਿਅਕਤੀ ਨੂੰ ਪਾਣੀ ਦੀ ਇਸ ਮਾਤਰਾ ਦਾ ਅਹਿਸਾਸ ਕਰਾਉਣ ਲਈ ਪ੍ਰੋਫੈਸਰ ਰੈਨ ਕਹਿੰਦਾ ਹੈ ਕਿ 2027 ਤੱਕ ਆਰਟੀਫਿਸ਼ਲ ਇੰਟੈਲੀਜੈਂਸ ਵਲੋਂ ਖਪਤ ਕੀਤੇ ਜਾਂਦੇ ਪਾਣੀ ਦੀ ਮਾਤਰਾ ਡੈੱਨਮਾਰਕ ਦੀ ਅਬਾਦੀ ਜਿੰਨੀ ਅਬਾਦੀ ਵਾਲੇ 6 ਮੁਲਕਾਂ ਵਲੋਂ ਹਰ ਇਕ ਸਾਲ ਵਿਚ ਵਰਤੇ ਜਾਂਦੇ ਪਾਣੀ ਦੇ ਬਰਾਬਰ ਹੋ ਜਾਵੇਗੀ।
ਆਰਟੀਫਿਸ਼ਲ ਇੰਟੈਲੀਜੈਂਸ ਵਲੋਂ ਪਾਣੀ ਦੀ ਇੰਨੀ ਜਿæਆਦਾ ਖਪਤ ਧਰਤੀ ਦੇ ਉਨ੍ਹਾਂ ਖਿੱਤਿਆਂ ਵਿਚ ਪਾਣੀ ਦੀ ਕਿੱਲਤ ਪੈਦਾ ਕਰ ਸਕਦੀ ਹੈ ਜਿਨ੍ਹਾਂ ਵਿਚ ਇਸ ਨਾਲ ਸੰਬੰਧਤ ਡੇਟਾ ਸੈਂਟਰ ਉਸਾਰੇ ਗਏ ਹਨ। ਉਦਾਹਰਨ ਲਈ ਅਮਰੀਕਾ ਦੇ ਸੂਬੇ ਆਈਓਵਾ ਵਿਚ ਜ਼ਮੀਨ ਅਤੇ ਬਿਜਲੀ ਸਸਤੀ ਹੋਣ ਕਾਰਨ ਉੱਥੇ ਕਾਫੀ ਸਾਰੇ ਡੇਟਾ ਸੈਂਟਰ ਉਸਾਰੇ ਜਾ ਰਹੇ ਹਨ। ਇਨ੍ਹਾਂ ਕਾਰਨ ਇਸ ਸੂਬੇ ਦੇ ਕੁੱਝ ਹਿੱਸਿਆਂ ਵਿਚ ਪਾਣੀ ਦੀ ਮੰਗ ਵਧ ਰਹੀ ਹੈ ਅਤੇ ਪਾਣੀ ਦੀ ਤੰਗੀ ਦੇ ਹਾਲਾਤ ਬਣ ਰਹੇ ਹਨ। ਜੈੱਫ ਯੰਗ ਵਲੋਂ ਲਿਖੇ ਉਪਰੋਕਤ ਆਰਟੀਕਲ ਵਿਚ ਆਈਓਵਾ ਦੇ ਐਨਵਾਇਰਮੈਂਟਲ ਕਾਊਂਸਲ ਐਨਰਜੀ ਪ੍ਰੋਗਰਾਮ ਦੀ ਡਾਇਰੈਕਟਰ ਕੈਰੀ ਜੌਹਨਸਨ ਕਹਿੰਦੀ ਹੈ ਕਿ “ਆਈਓਵਾ ਦੇ ਕੁੱਝ ਹਿੱਸਿਆਂ ਵਿਚ ਪਾਣੀ ਦੀ ਤੰਗੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ। ਆਈਓਵਾ ਦੇ ਇਕ ਸ਼ਹਿਰ ਅਲਟੂਨਾ ਵਿਚਲਾ ਡੇਟਾ ਸੈਂਟਰ ਉਸ ਸ਼ਹਿਰ ਵਲੋਂ ਵਰਤੇ ਜਾਂਦੇ ਕੁੱਲ ਪਾਣੀ ਦਾ ਪੰਜਵਾਂ ਹਿੱਸਾ ਪਾਣੀ ਖਪਤ ਕਰ ਰਿਹਾ ਹੈ।” ਇਸੇ ਤਰ੍ਹਾਂ ਵਾਸ਼ਿੰਗਟਨ ਪੋਸਟ ਵਿਚ ਛਪੇ ਆਰਟੀਕਲ (ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਹੈ) ਵਿਚ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਸੂਬੇ ਓਰੇਗੈਨ ਦੇ ਸ਼ਹਿਰ ਡੈਲਜ਼ ਵਿਚ ਗੂਗਲ ਦੇ ਡੇਟਾ ਸੈਂਟਰ ਸ਼ਹਿਰ ਲਈ ਉਪਲੱਬਧ ਪਾਣੀ ਦਾ ਚੌਥਾ ਹਿੱਸਾ ਖਪਤ ਕਰਦੇ ਹਨ।
ਪਾਣੀ ਦੀ ਇੰਨੀ ਜ਼ਿਆਦਾ ਖਪਤ ਦੇ ਨਾਲ-ਨਾਲ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸੰਬੰਧਤ ਤਕਨਾਲੌਜੀ ਦੇ ਕਾਰਜ ਲਈ ਬਹੁਤ ਸਾਰੀ ਬਿਜਲੀ ਦੀ ਲੋੜ ਪੈਂਦੀ ਹੈ। ਇਸ ਲਈ ਊਰਜਾ ਅਤੇ ਇਸ ਤਕਨਾਲੌਜੀ ਦੇ ਖੇਤਰ ਵਿਚ ਖੋਜ ਕਰ ਰਹੇ ਕਈ ਖੋਜੀ ਆਰਟੀਫਿਸ਼ਲ ਇੰਟੈਲੀਜੈਂਸ ਵਲੋਂ ਵਰਤੀ ਜਾਂਦੀ ਊਰਜਾ (ਐਨਰਜੀ) ਕਾਰਨ ਧਰਤੀ ਦੇ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਵੱਲ ਇਸ਼ਾਰੇ ਕਰ ਰਹੇ ਹਨ। ਇਸ ਸੰਬੰਧ ਵਿਚ ਨਿਊਜ਼ ਵੀਕ ਦੇ ਸਾਈਟ ‘ਤੇ 19 ਮਾਰਚ 2024 ਨੂੰ ਜੈੱਫ ਯੰਗ ਵਲੋਂ ਛਪੇ ਇਕ ਹੋਰ ਆਰਟੀਕਲ ਵਿਚ ਇੰਟਰਨੈਸ਼ਨਲ ਐਨਰਜੀ ਏਜੰਸੀ ਵਲੋਂ ਜਨਵਰੀ 2024 ਵਿਚ ਛਪੀ ਇਕ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸੰਨ 2026 ਤੱਕ ਦੁਨੀਆ ਦੇ ਡੇਟਾ ਸੈਂਟਰਾਂ ਵਲੋਂ ਵਰਤੀ ਜਾਂਦੀ ਬਿਜਲੀ ਦੀ ਖਪਤ ਦੁੱਗਣੀ ਹੋ ਜਾਵੇਗੀ। ਪਹਿਲਾਂ ਹੀ ਆਇਰਲੈਂਡ ਵਿਚ ਵਰਤੀ ਜਾਂਦੀ ਕੁੱਲ ਬਿਜਲੀ ਦਾ 17 ਫੀਸਦੀ ਹਿੱਸਾ ਉਸ ਮੁਲਕ ਵਿਚਲੇ ਡੇਟਾ ਸੈਂਟਰਾਂ ਵਲੋਂ ਖਪਤ ਕੀਤਾ ਜਾਂਦਾ ਹੈ ਅਤੇ ਅੰਦਾਜ਼ਾ ਇਹ ਹੈ ਕਿ 2026 ਤੱਕ ਆਇਰਲੈਂਡ ਵਿਚਲੇ ਡੇਟਾ ਸੈਂਟਰਾਂ ਵਲੋਂ ਖਪਤ ਕੀਤੀ ਜਾਂਦੀ ਬਿਜਲੀ ਦੀ ਮਾਤਰਾ ਉਸ ਦੇਸ਼ ਵਿਚ ਖਪਤ ਕੀਤੀ ਜਾਂਦੀ ਕੁੱਲ ਬਿਜਲੀ ਦੀ ਮਾਤਰਾ ਦੇ ਇਕ ਤਿਹਾਈ ਹਿੱਸੇ ਤੱਕ ਪਹੁੰਚ ਜਾਵੇਗੀ। ਕੁੱਝ ਸਾਲਾਂ ਵਿਚ ਹੀ ਅਮਰੀਕਾ ਵਿਚ ਡੇਟਾ ਸੈਂਟਰਾਂ ਵਲੋਂ ਵਰਤੀ ਜਾਂਦੀ ਬਿਜਲੀ ਦੀ ਮਾਤਰਾ, ਉੱਥੇ ਵਰਤੀ ਜਾਂਦੀ ਬਿਜਲੀ ਦੀ ਕੁੱਲ ਮਾਤਰਾ ਦੇ 6 ਫੀਸਦੀ ਹਿੱਸੇ ਤੱਕ ਹੋ ਜਾਵੇਗੀ।
ਇੰਟਰਨੈਸ਼ਨਲ ਐਨਰਜੀ ਏਜੰਸੀ ਨਾਲ ਬਿਜਲੀ ਦੀ ਖਪਤ ਬਾਰੇ ਵਿਸ਼ਲੇਸ਼ਣ ਕਰਨ ਦਾ ਕੰਮ ਕਰਨ ਵਾਲੇ ਐਰਿਨ ਕੈਮ ਦਾ ਕਹਿਣਾ ਹੈ ਕਿ ਸੰਨ 2026 ਵਿਚ ਵਿਸ਼ਵ ਵਿਚਲੇ ਡੇਟਾ ਸੈਂਟਰਾਂ ਵਲੋਂ ਖਪਤ ਕੀਤੀ ਜਾਂਦੀ ਬਿਜਲੀ ਦੀ ਮਾਤਰਾ 1000 ਟੈਰਾਵਾਟ ਆਵਰਜ਼ (ਘੰਟਿਆਂ) ਤੱਕ ਪਹੁੰਚ ਸਕਦੀ ਹੈ। ਬਿਜਲੀ ਦਾ ਇਕ ਟੈਰਾਵਾਟ ਆਵਰ ਇੰਨੀ ਬਿਜਲੀ ਹੁੰਦੀ ਹੈ, ਜਿੰਨੀ ਬਿਜਲੀ 2 ਲੱਖ ਔਸਤ ਘਰਾਂ ਵਲੋਂ ਇਕ ਸਾਲ ਵਿਚ ਵਰਤੀ ਜਾਂਦੀ ਹੈ। ਇਸ ਦਾ ਭਾਵ ਹੈ ਕਿ ਡੇਟਾ ਸੈਂਟਰਾਂ ਦਾ ਸੈਕਟਰ ਇਕ ਸਾਲ ਵਿਚ ਉਨੀ ਬਿਜਲੀ ਦੀ ਖਪਤ ਕਰੇਗਾ ਜਿੰਨੀ ਬਿਜਲੀ ਸਾਰੇ ਜਾਪਾਨ ਵਲੋਂ ਇਕ ਸਾਲ ਵਿਚ ਵਰਤੀ ਜਾਂਦੀ ਹੈ। ਬਿਜਲੀ ਦੀ ਮੰਗ ਵਿਚ ਹੋਏ ਇਸ ਵਾਧੇ ਦਾ ਬਹੁਤ ਹਿੱਸਾ ਇੰਡਸਟਰੀ ਵਲੋਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਦੇ ਕਾਰਨ ਹੈ।
ਆਰਟੀਫਿਸ਼ਲ ਏਜੰਸੀ ਨਾਲ ਸੰਬੰਧਤ ਤਕਨਾਲੌਜੀਆਂ ਵਲੋਂ ਵਰਤੀ ਜਾਂਦੀ ਬਿਜਲੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਮਾਡਲਾਂ ਨੂੰ ਸਿੱਖਿਅਤ ਕਰਨ, ਉਨ੍ਹਾਂ ਵਲੋਂ ਪੁੱਛਾਂ ਦਾ ਜਵਾਬ ਦੇਣ ਅਤੇ ਫਿਰ ਇਨ੍ਹਾਂ ਤਕਨਾਲੌਜੀਆਂ ਨੂੰ ਠੰਢੇ ਰੱਖਣ ਦੇ ਕਾਰਜਾਂ ਦੌਰਾਨ ਵਰਤੀ ਜਾਂਦੀ ਹੈ। ਉਦਾਹਰਨ ਲਈ ਓਪਨ ਏ ਆਈ ਦੇ ਜੀ ਪੀ ਟੀ-3 ਮਾਡਲ ਨੂੰ ਸਿੱਖਿਅਤ ਕਰਨ ਲਈ 1300 ਮੈਗਾਵਾਟ ਆਵਰਜ਼ ਬਿਜਲੀ ਖਪਤ ਹੁੰਦੀ ਹੈ। ਇੰਨੀ ਬਿਜਲੀ ਅਮਰੀਕਾ ਦੇ 130 ਘਰਾਂ ਵਲੋਂ ਇਕ ਸਾਲ ਵਿਚ ਵਰਤੀ ਜਾਂਦੀ ਬਿਜਲੀ ਦੇ ਬਰਾਬਰ ਹੈ। ਯਾਦ ਰੱਖਣ ਵਾਲੀ ਗੱਲ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਮਾਡਲਾਂ ਨੂੰ ਲਗਾਤਾਰ ਅਪਡੇਟ ਕਰਨਾ ਪੈਂਦਾ ਹੈ। ਸਾਇੰਟੇਫਿਕ ਅਮਰੀਕਨ ਦੇ ਸਾਈਟ ‘ਤੇ 25 ਮਈ 2023 ਨੂੰ ਛਪੇ ਇਕ ਆਰਟੀਕਲ ਵਿਚ ਬੌਸਟਨ ਯੂਨੀਵਰਸਿਟੀ ਵਿਚ ਕੰਪਿਊਟਰ ਸਾਇੰਸ ਦੀ ਪ੍ਰੋਫੈਸਰ ਕੇਟ ਸੈਨਕੋ ਦੱਸਦੀ ਹੈ ਕਿ ਜੇ ਕਿਸੇ ਮਾਡਲ ਨੂੰ 2021 ਤੱਕ ਦੀ ਜਾਣਕਾਰੀ ਨਾਲ ਸਿੱਖਿਅਤ ਕੀਤਾ ਗਿਆ ਹੋਵੇ ਤਾਂ ਉਸ ਨੂੰ 2021 ਤੋਂ ਬਾਅਦ ਵਿਚ ਵਾਪਰੀਆਂ ਚੀਜ਼ਾਂ ਬਾਰੇ ਕੁੱਝ ਨਹੀਂ ਪਤਾ ਹੋਵੇਗਾ। ਇਸ ਲਈ ਉਸ ਦੇ ਗਿਆਨ ਨੂੰ ਲਗਾਤਾਰ ਅਪਡੇਟ ਕਰਨਾ ਪਵੇਗਾ, ਜਿਸ ਨਾਲ ਉਸ ਨੂੰ ਸਿੱਖਿਅਤ ਕਰਨ ਲਈ ਲੋੜੀਂਦੀ ਬਿਜਲੀ ਦੀ ਖਪਤ ਹੋਰ ਵਧ ਜਾਵੇਗੀ।
ਸਿੱਖਿਅਤ ਹੋਣ ਤੋਂ ਬਾਅਦ ਜਦੋਂ ਆਰਟੀਫਿਸ਼ਲ ਇੰਟੈਲੀਜੈਂਸ ਦਾ ਮਾਡਲ ਕੰਮ ਕਰਨ ਲਗਦਾ ਹੈ ਤਾਂ ਉਸ ਲਈ ਵੀ ਬਿਜਲੀ ਖਪਤ ਹੁੰਦੀ ਹੈ। ਨਿਊਜ਼ ਸਾਈਟ ਵੌਕਸ ‘ਤੇ 28 ਮਾਰਚ 2024 ਨੂੰ ‘ਏ ਆਈ ਆਲਰੈਡੀ ਯੂਜ਼ਜ਼ ਐਜ਼ ਮਚ ਐਨਰਜੀ ਐਜ਼ ਏ ਸਮਾਲ ਕੰਟਰੀ’ ਨਾਂ ਦੇ ਆਰਟੀਕਲ ਵਿਚ ਇੰਟਰਨੈਸ਼ਨਲ ਐਨਰਜੀ ਏਜੰਸੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗੂਗਲ ‘ਤੇ ਕੀਤੀ ਇਕ ਸਰਚ ਲਈ 0.3 ਵਾਟ ਆਵਰਜ਼ ਬਿਜਲੀ ਲਗਦੀ ਹੈ ਜਦੋਂ ਕਿ ਚੈਟ ਜੀ ਪੀ ਟੀ ਵਲੋਂ ਜਾਣਕਾਰੀ ਲਈ ਕੀਤੀ ਪੁੱਛ ਦਾ ਜਵਾਬ ਦੇਣ ਲਈ 2.9 ਵਾਟ ਆਵਰਜ਼ ਬਿਜਲੀ ਲਗਦੀ ਹੈ। ਭਾਵ ਏ.ਆਈ. ਦੇ ਮਾਡਲ ਵਲੋਂ ਇਕ ਪੁੱਛ ਦੇ ਦਿੱਤੇ ਜਵਾਬ ‘ਤੇ ਗੂਗਲ ਦੀ ਸਰਚ ਨਾਲੋਂ 10 ਗੁਣਾ ਜ਼ਿਆਦਾ ਬਿਜਲੀ ਖਪਤ ਹੁੰਦੀ ਹੈ। ਹਰ ਰੋਜ਼ ਤਕਰੀਬਨ 9 ਅਰਬ ਸਰਚਾਂ ਕੀਤੀਆਂ ਜਾਂਦੀਆਂ ਹਨ। ਜੇ ਸਾਰੀਆਂ ਸਰਚਾਂ ਦਾ ਜਵਾਬ ਚੈਟ ਜੀ ਪੀ ਟੀ ਵਲੋਂ ਦਿੱਤਾ ਜਾਵੇ ਤਾਂ ਇਕ ਸਾਲ ਵਿਚ 10 ਟੈਰਾਵਾਟ ਆਵਰਜ਼ ਬਿਜਲੀ ਖਪਤ ਹੋਵੇਗੀ, ਜਿਹੜੀ ਯੂਰਪੀਅਨ ਯੂਨੀਅਨ ਦੇ ਤਕਰੀਬਨ 15 ਲੱਖ ਵਸਨੀਕਾਂ ਵਲੋਂ ਇਕ ਸਾਲ ਵਿਚ ਖਪਤ ਕੀਤੀ ਜਾਂਦੀ ਬਿਜਲੀ ਦੇ ਬਰਾਬਰ ਬਣਦੀ ਹੈ।
18 ਸਤੰਬਰ 2024 ਨੂੰ ਵਾਸ਼ਿੰਗਟਨ ਪੋਸਟ ਦੇ ਸਾਈਟ ‘ਤੇ ਛਪੇ ਇਕ ਆਰਟੀਕਲ ਅਨੁਸਾਰ ਜੀ ਪੀ ਟੀ-4 ਦੀ ਵਰਤੋਂ ਨਾਲ ਏ ਆਈ ਦੇ ਚੈਟਬੋਟ ਵਲੋਂ ਇਕ ਵਾਰ 100 ਸ਼ਬਦਾਂ ਦੀ ਈਮੇਲ ਲਿਖਣ ਲਈ 0.14 ਕਿਲੋਵਾਟ-ਆਵਰਜ਼ ਬਿਜਲੀ ਦੀ ਖਪਤ ਹੁੰਦੀ ਹੈ। ਇੰਨੀ ਬਿਜਲੀ ਨਾਲ 14 ਐੱਲ ਈ ਡੀ ਦਾ ਬਲਬ ਇਕ ਘੰਟੇ ਲਈ ਜਗਦਾ ਰਹਿ ਸਕਦਾ ਹੈ। ਜੇ 100 ਸ਼ਬਦਾਂ ਦੀ ਈਮੇਲ ਪੂਰੇ ਇਕ ਸਾਲ ਲਈ ਹਫਤੇ ‘ਚ ਇਕ ਵਾਰ ਲਿਖੀ ਜਾਵੇ ਤਾਂ ਇਸ ਲਈ ਸਾਲ ਵਿਚ 7.5 ਕਿਲੋਵਾਟ ਆਵਰਜ਼ ਬਿਜਲੀ ਖਪਤ ਹੋਵੇਗੀ। ਇੰਨੀ ਬਿਜਲੀ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਡੀ ਸੀ ਦੇ 9.3 ਘਰ ਇਕ ਘੰਟੇ ਵਿਚ ਵਰਤਦੇ ਹਨ। ਇਸ ਬਿਜਲੀ ਦੀ ਖਪਤ ਦਾ ਮਤਲਬ ਹੈ ਵਾਤਾਵਰਨ ਵਿਚ ਗਰੀਨ ਹਾਊਸ ਗੈਸਾਂ ਦਾ ਛੱਡਿਆ ਜਾਣਾ। ਸੰਨ 2019 ਵਿਚ ਯੂਨੀਵਰਸਿਟੀ ਆਫ ਮੈਸਾਚੂਸਟ ਵਲੋਂ ਕੀਤੀ ਗਈ ਇਕ ਖੋਜ ਤੋਂ ਇਹ ਪਤਾ ਲੱਗਾ ਸੀ ਕਿ ਏ ਆਈ ਦੇ ਇਕ ਮਾਡਲ ਨੂੰ ਸਿੱਖਿਅਤ ਕਰਨ ਦੇ ਕਾਰਜ ਵਿਚ 6 ਲੱਖ 26 ਹਜ਼ਾਰ ਪੌਂਡ ਕਾਰਬਨ ਡਾਇਔਕਸਾਈਡ ਪੈਦਾ ਹੁੰਦੀ ਹੈ। ਕਾਰਬਨ ਡਾਇਔਕਸਾਈਡ ਦੀ ਇਹ ਮਾਤਰਾ ਸਾਨ ਫਰਾਂਸਿਸਕੋ ਅਤੇ ਨਿਊਯੌਰਕ ਵਿਚਕਾਰ ਆਉਣ-ਜਾਣ ਦੀਆਂ 300 ਫਲਾਈਟਾਂ ਵਲੋਂ ਪੈਦਾ ਕੀਤੀ ਜਾਂਦੀ ਕਾਰਬਨ ਡਾਇਔਕਸਾਈਡ ਦੇ ਬਰਾਬਰ ਹੈ। ਇਕ ਹੋਰ ਅਧਿਐਨ ਅਨੁਸਾਰ ਜੀ ਪੀ ਟੀ-3 ਮਾਡਲ ਨੂੰ ਸਿੱਖਿਅਤ ਕਰਨ ਵਿਚ 1287 ਮੈਗਾਵਾਟ ਆਵਰਜ਼ ਬਿਜਲੀ ਖਪਤ ਹੋਈ ਸੀ ਜਿਸ ਦੇ ਨਤੀਜੇ ਵਜੋਂ 502 ਮੀਟਰਿਕ ਟਨ ਕਾਰਬਨ ਡਾਇਔਕਸਾਈਡ ਪੈਦਾ ਹੋਈ ਸੀ। ਇੰਨੀ ਕਾਰਬਨ ਡਾਇਔਕਸਾਈਡ 112 ਕਾਰਾਂ ਵਲੋਂ ਇਕ ਸਾਲ ਵਿਚ ਪੈਦਾ ਕੀਤੀ ਜਾਂਦੀ ਹੈ।
24 ਮਈ 2024 ਨੂੰ ਫੋਰਬਜ਼ ਦੇ ਸਾਈਟ ‘ਤੇ ਛਪੀ ਇਕ ਰਿਪੋਰਟ “ਏ ਆਈਜ਼ ਪੁਸ਼ਿੰਗ ਦਿ ਵਰਲਡ ਟੂਵਾਰਡ ਐਨ ਐਨਰਜੀ ਕਰਾਈਸਿਸ” ਅਨੁਸਾਰ ਇਸ ਸਮੇਂ ਦੁਨੀਆ ਵਿਚ ਖਪਤ ਹੁੰਦੀ ਕੁੱਲ ਐਨਰਜੀ ਦਾ 3 ਫੀਸਦੀ ਹਿੱਸਾ ਡੇਟਾ ਸੈਂਟਰਾਂ ਅਤੇ ਉਨ੍ਹਾਂ ਨਾਲ ਸੰਬੰਧਤ ਟ੍ਰਾਂਸਮਿਸ਼ਨ ਨੈੱਟਵਰਕਾਂ ਵਲੋਂ ਖਪਤ ਕੀਤਾ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਉਹ ਵਾਤਾਵਰਨ ਵਿਚ ਬ੍ਰਾਜ਼ੀਲ ਵਲੋਂ ਛੱਡੀ ਜਾਂਦੀ ਕਾਰਬਨ ਡਾਇਔਕਸਾਈਡ ਦੇ ਬਰਾਬਰ ਦੀ ਮਾਤਰਾ ਵਿਚ ਕਾਰਬਨ ਡਾਇਔਕਸਾਈਡ ਛੱਡਦੇ ਹਨ। ਆਉਣ ਵਾਲੇ ਸਮੇਂ ਵਿਚ ਏ.ਆਈ. ਦੀ ਵਰਤੋਂ ਵਿਚ ਤੇਜ਼ੀ ਹੋਣ ਦਾ ਅਨੁਮਾਨ ਹੈ। ਇਸ ਨਾਲ ਇਸ ਵਲੋਂ ਵਾਤਾਵਰਨ ਵਿਚ ਛੱਡੀਆਂ ਜਾਂਦੀਆਂ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਵਿਚ ਵੀ ਵਾਧਾ ਹੋਣਾ ਜ਼ਰੂਰੀ ਹੈ। ਅਰਥ ਓਰਗ ਦੇ ਸਾਈਟ ‘ਤੇ 18 ਜੁਲਾਈ ਨੂੰ ਛਪੇ ਆਰਟੀਕਲ “ਦਿ ਗਰੀਨ ਡਲੀਮਾ: ਕੈਨ ਏ ਆਈ ਫੁਲਫਿਲ ਇਟਸ ਪੋਟੈਂਸ਼ੀਅਲ ਵਿਦਾਊਟ ਹਾਰਮਿੰਗ ਦਿ ਪਲੈਨਟ?” ਅਨੁਸਾਰ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੰਨ 2040 ਤੱਕ ਇਨਫੌਰਮੇਸ਼ਨ ਐਂਡ ਟੈਕਨਾਲੌਜੀ ਸੈਕਟਰ ਵਲੋਂ ਵਾਤਾਵਰਨ ਵਿਚ ਛੱਡੀਆਂ ਜਾਣ ਵਾਲੀਆਂ ਗਰੀਨ ਹਾਊਸ ਗੈਸਾਂ ਦੀ ਮਾਤਰਾ ਦੁਨੀਆ ਭਰ ਵਿਚ ਵਾਤਾਵਰਨ ਵਿਚ ਛੱਡੀਆਂ ਜਾਣ ਵਾਲੀਆਂ ਗਰੀਨ ਹਾਊਸ ਗੈਸਾਂ ਦੇ 14 ਫੀਸਦੀ ਹਿੱਸੇ ਦੇ ਬਰਾਬਰ ਪਹੁੰਚ ਜਾਵੇਗਾ, ਜਿਸ ਵਿਚੋਂ ਵੱਡਾ ਹਿੱਸਾ ਡੇਟਾ ਸੈਂਟਰਾਂ ਅਤੇ ਕਮਿਊਨੀਕੇਸ਼ਨ ਦੇ ਨੈਟਵਰਕਾਂ ਵਲੋਂ ਪੈਦਾ ਕੀਤਾ ਜਾਵੇਗਾ।
ਹੁਣ ਤੱਕ ਦੀ ਗੱਲਬਾਤ ਤੋਂ ਸਪਸ਼ਟ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਧਰਤੀ ‘ਤੇ ਪਾਣੀ ਦੀ ਕਿੱਲਤ ਅਤੇ ਧਰਤੀ ਦੇ ਵਾਤਾਵਰਨ ਵਿਚ ਗਰੀਨ ਹਾਊਸ ਗੈਸਾਂ ਦੀ ਮਾਤਰਾ ਵਧਾਉਣ ਵਿਚ ਯੋਗਦਾਨ ਪਾ ਰਹੀ ਹੈ। ਆਉਣ ਵਾਲੇ ਸਾਲਾਂ ਵਿਚ ਇਸ ਦੀ ਵਰਤੋਂ ਵਿਚ ਵਾਧਾ ਹੋਣ ਦੇ ਨਤੀਜੇ ਵਜੋਂ ਇਸ ਤਕਨਾਲੌਜੀ ਵਲੋਂ ਧਰਤੀ ਦੇ ਵਾਤਾਵਰਨ ਨੂੰ ਪਹੁੰਚਣ ਵਾਲੇ ਨੁਕਸਾਨ ਵਿਚ ਵੀ ਵਾਧਾ ਹੋਵੇਗਾ। ਅੱਜ ਜਦੋਂ ਇਸ ਤਕਨਾਲੌਜੀ ਨਾਲ ਸੰਬੰਧਿਤ ਸੈਕਟਰ ਵਲੋਂ ਇਸ ਤਕਨਾਲੌਜੀ ਕਾਰਨ ਹੋਣ ਵਾਲੇ ਫਾਇਦਿਆਂ ਦਾ ਗੀਤ ਗਾਇਆ ਜਾ ਰਿਹਾ ਹੈ, ਤਾਂ ਸਾਨੂੰ ਇਸ ਕਾਰਨ ਧਰਤੀ ਦੇ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਦੇ ਤੱਥਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ।