ਸਰਮਾਏਦਾਰੀ `ਚ ਬੇਰੋਜ਼ਗਾਰੀ ਦਾ ਸੰਕਟ ਅਤੇ ਪ੍ਰਵਾਸੀਆਂ ਨਾਲ ਪਸ਼ੂਆਂ ਵਾਲਾ ਸਲੂਕ

ਪ੍ਰਭਾਤ ਪਟਨਾਇਕ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਉੱਘੇ ਅਰਥ-ਸ਼ਾਸਤਰੀ ਪ੍ਰਭਾਤ ਪਟਨਾਇਕ, ਜੋ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਦੇ ਆਰਥਿਕ ਅਧਿਐਨ ਅਤੇ ਯੋਜਨਾਬੰਦੀ ਕੇਂਦਰ ਦੇ ਪ੍ਰੋਫੈਸਰ ਐਮਰੀਟਸ ਹਨ, ਦਾ ਇਹ ਲੇਖ ਦਰਸਾਉਂਦਾ ਹੈ ਕਿ ਸਰਮਾਏਦਾਰੀ ਪ੍ਰਬੰਧ ਵਿਚ ਬੇਰੁਜ਼ਗਾਰੀ ਅਟੱਲ ਹੈ ਅਤੇ ਇਸੇ ਕਾਰਨ ਪ੍ਰਵਾਸੀਆਂ ਨਾਲ ਪਸ਼ੂਆਂ ਵਾਲਾ ਸਲੂਕ ਉਨ੍ਹਾਂ ਦੀ ਅਟੱਲ ਹੋਣੀ ਹੈ। ਸਰਮਾਏਦਾਰੀ ਤਹਿਤ ਮਾਨਵਤਾ ਇਸ ਘਿਣਾਉਣੇ ਵਰਤਾਰੇ ਤੋਂ ਮੁਕਤ ਨਹੀਂ ਹੋ ਸਕਦੀ। ਲੇਖ ਦੇ ਮਹੱਤਵ ਨੂੰ ਦੇਖਦਿਆਂ ਇਸ ਦਾ ਪੰਜਾਬੀ ਰੂਪ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। -ਸੰਪਾਦਕ

ਰਾਜਭਾਗ ਦੀ ਵਾਗਡੋਰ ਹੈ।
ਹਾਲਾਂਕਿ ਇਹ ਨਿਸ਼ਚਿਤ ਰੂਪ ’ਚ ਸੱਚ ਹੈ ਕਿ ਟਰੰਪਵਾਦ ਆਪਣੇ ਆਪ ’ਚ ਸਰਮਾਏਦਾਰੀ ਨਾਲ ਸਗਵਾਂ ਨਹੀਂ ਹੈ, ਪਰ ਟਰੰਪਵਾਦ ਨੂੰ ਪੂਰੀ ਤਰ੍ਹਾਂ ਵੱਖਰੇ ਅਤੇ ਸਰਮਾਏਦਾਰੀ ਤੋਂ ਵੱਖਰੇ ਵਰਤਾਰੇ ਵਜੋਂ ਦੇਖਣਾ ਗ਼ਲਤੀ ਹੋਵੇਗੀ।
ਆਧੁਨਿਕ ਸਮੇਂ ’ਚ ਨਸਲਵਾਦ ਸਾਮਰਾਜਵਾਦ ਦੀ ਉਪਜ ਹੈ, ਅਤੇ ਸਾਮਰਾਜਵਾਦ ਤੋਂ ਬਿਨਾਂ ਪੈਦਾਵਾਰ ਦੇ ਢੰਗ ਵਜੋਂ ਸਰਮਾਏਦਾਰੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇੱਥੋਂ ਤੱਕ ਕਿ ਸਰਮਾਏਦਾਰੀ ਦੇ ਤਹਿਤ ਅਗਾਂਹਵਧੂ ਪ੍ਰਵਿਰਤੀਆਂ ਵੀ ਸਾਮਰਾਜਵਾਦ ਨੂੰ ਅਤੀਤ ਨਾਲ ਸੰਬੰਧਤ ਲੋਟੂ ਅਤੇ ਘਿਣਾਉਣੇ ਵਰਤਾਰੇ ਵਜੋਂ ਨਹੀਂ ਨਕਾਰਦੀਆਂ; ਉਹ ਇਸਨੂੰ ਇਕ ਅਜਿਹੇ ਵਰਤਾਰੇ ਵਜੋਂ ਵੇਖਦੀਆਂ ਹਨ ਜਿਸਨੇ ਦੂਰ-ਦਰਾਜ ਸਮਾਜਾਂ ਵਿਚ ਤਰੱਕੀ ਅਤੇ ‘ਆਧੁਨਿਕਤਾ’ ਲਿਆਂਦੀ।
ਇਸ ਨਜ਼ਰੀਏ ’ਚ ਹੀ ਨਿਹਿਤ ਹੈ ਸਾਮਰਾਜਵਾਦੀ ਪ੍ਰੋਜੈਕਟ ਵਿਚ ਰੁੱਝੀ ਨਸਲ ਦੀ ਉੱਤਮਤਾ ‘ਚ ਯਕੀਨ, ਜੋ ਅਜਿਹੇ ਸਮਾਜਾਂ ਨੂੰ ਆਪਣੇ ਆਪ ਤਰੱਕੀ ਅਤੇ ‘ਆਧੁਨਿਕਤਾ’ ਹਾਸਲ ਕਰਨ ਦੇ ਨਾਕਾਬਲ ਸਮਝਦਾ ਹੈ, ਅਤੇ ਜੋ ਸਾਮਰਾਜਵਾਦ ਨੂੰ ਇਕ ਦਿਆਲੂ ਹਸਤੀ ਵਜੋਂ ਦੇਖਦਾ ਹੈ।
ਸਮਕਾਲੀ ਮਹਾਂਨਗਰ ਵਿਚ ਅਗਾਂਹਵਧੂ ਰੁਝਾਨ ਦੇ ਇਰਾਦੇ ਕਿੰਨੇ ਵੀ ਨੇਕ ਕਿਉਂ ਨਾ ਹੋਣ, ਜਿੰਨਾ ਚਿਰ ਇਹ ਸਾਮਰਾਜਵਾਦ ਦਾ ਖੰਡਨ ਨਹੀਂ ਕਰਦਾ, ਇਹ ਆਪਣੇ ਆਪ ਨੂੰ ਨਸਲਵਾਦ ਦੇ ਦਾਗ਼ ਤੋਂ ਮੁਕਤ ਨਹੀਂ ਕਰ ਸਕਦਾ। ਅਤੇ ਇਹ ਤੱਥ ਕਿ ਇਹ ਸਾਮਰਾਜਵਾਦ ਦਾ ਖੰਡਨ ਨਹੀਂ ਕਰਦਾ, ਅੱਜ ਵੀ ਅਗਾਂਹਵਧੂ ਤੱਤਾਂ ਦੁਆਰਾ ਸਾਰੀਆਂ ਮਹਾਂਨਗਰੀ ਤਾਕਤਾਂ ਦੀ ਹਮਾਇਤ ਪ੍ਰਾਪਤ ਦੋ ਹਾਲੀਆ ਯੁੱਧਾਂ ਨੂੰ ਦਿੱਤੀ ਗਈ ਵਿਆਪਕ ਹਮਾਇਤ ਤੋਂ ਸਪਸ਼ਟ ਹੈ, ਇਕ ਸਮੁੱਚੇ ਲੋਕਾਂ ਵਿਰੁੱਧ ਨਸਲਕੁਸ਼ੀ (ਯਾਨੀ ਗਾਜ਼ਾ ਵਿਰੁੱਧ ਇਜ਼ਰਾਇਲੀ ਨਸਲਕੁਸ਼ੀ), ਅਤੇ ਦੂਜਾ ਪੱਛਮੀ ਸਾਮਰਾਜੀ ਵਿਸਤਾਰ ਦਾ ਨਤੀਜਾ (ਯਾਨੀ ਯੂਕਰੇਨ ਯੁੱਧ)।
ਦੂਜੇ ਸ਼ਬਦਾਂ ’ਚ, ਨਸਲਵਾਦ ਮਹਾਂਨਗਰੀ ਮੁਲਕਾਂ ’ਚ ਨਾ ਸਿਰਫ਼ ਲੰਮੇ ਸਮੇਂ ਤੋਂ ਚੱਲ ਰਹੇ ਤੁਅੱਸਬ ਦੇ ਰੂਪ ਵਿਚ, ਸਗੋਂ ਹੁਕਮਰਾਨ ਹਲਕਿਆਂ ਦੇ ਅੰਦਰ ਵੀ ਲੁਕਿਆ ਹੋਇਆ ਹੈ, ਜਿਸ ਵਿਚ ਹੁਕਮਰਾਨ ਹਲਕਿਆਂ ਅੰਦਰਲੇ ਉਦਾਰਵਾਦੀ ਅਨਸਰ ਵੀ ਸ਼ਾਮਲ ਹਨ। ਅਤੇ ਸਰਮਾਏਦਾਰ ਸੰਕਟ ਦੇ ਸਮੇਂ ’ਚ ਇਸ ਨੂੰ ਨਵਾਂ ਹੁਲਾਰਾ ਮਿਲਦਾ ਹੈ ਕਿਉਂਕਿ ਅਜਾਰੇਦਾਰ ਸਰਮਾਇਆ ਇਸ ਦੀ ਵਰਤੋਂ ‘ਬਾਹਰਲੇ’ ਕੁਝ ਅਭਾਗੇ ਪ੍ਰਵਾਸੀ ਸਮੂਹਾਂ ਦੇ ਲਈ ਆਪਣੀ ਸਰਦਾਰੀ ਲਈ ਖ਼ਤਰਿਆਂ ਵਿਰੁੱਧ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਮਜ਼ਦੂਰ ਜਮਾਤ ਨੂੰ ਵੰਡਣ ਲਈ ਕਰਦਾ ਹੈ।
ਇਸ ਦੇ ਉਲਟ, ਪੁਰਾਣੇ ਸਮਾਜਵਾਦੀ ਮੁਲਕਾਂ ਵਿਚ, ਸੱਤਾਧਾਰੀ ਰਾਜਨੀਤਕ ਢਾਂਚਾ ਨਸਲਵਾਦ ਦੇ ਪੂਰੀ ਤਰ੍ਹਾਂ ਵਿਰੁੱਧ ਸੀ ਅਤੇ ਸਮਾਜ ਵਿਚ ਇਸਦੇ ਕਿਸੇ ਵੀ ਇਜ਼ਹਾਰ ਨੂੰ ਦਬਾ ਦਿੰਦਾ ਸੀ। ਬਹੁਤ ਸਾਰੇ ਲੋਕ ਇਹ ਦਲੀਲ ਦੇਣਗੇ ਕਿ ਇਹ ਤਾਂ ਥੋਪਿਆ ਹੋਇਆ ਸੀ। ਪਰ ਮੁੱਦਾ ਇਹ ਹੈ: ਭਾਵੇਂ ਥੋਪਿਆ ਗਿਆ ਹੋਵੇ ਜਾਂ ਨਾ, ਇਸਨੇ ਟਰੰਪਵਾਦੀ ਪੁਜ਼ੀਸ਼ਨ ਦੀ ਚੜ੍ਹਤ ਲਈ ਕੋਈ ਗੁੰਜਾਇਸ਼ ਨਹੀਂ ਛੱਡੀ।
ਹੁਣ ਮੈਂ ਦੂਜੇ ਪਹਿਲੂ ਵੱਲ ਆਉਂਦਾ ਹਾਂ ਜਿਸ ਵਿਚ ਪੁਰਾਣੇ ਸਮਾਜਵਾਦੀ ਮੁਲਕਾਂ ਨੇ ਆਪਣੇ ਆਪ ਨੂੰ ਉੱਤਮ ਦਿਖਾਇਆ, ਅਤੇ ਉਹ ਹੈ ਪੂਰਨ ਰੁਜ਼ਗਾਰ ਦੀ ਪ੍ਰਾਪਤੀ, ਜਿਸ ਨੇ ਸਬੱਬ ਨਾਲ ਇਕ ਵੱਡੇ ਪਦਾਰਥਕ ਕਾਰਕ, ਅਰਥਾਤ ਬੇਰੁਜ਼ਗਾਰੀ, ਨੂੰ ਵੀ ਖ਼ਤਮ ਕਰ ਦਿੱਤਾ, ਜੋ ਆਮ ਤੌਰ ‘ਤੇ ਪ੍ਰਵਾਸੀਆਂ ਪ੍ਰਤੀ ਦੁਸ਼ਮਣੀ ਨੂੰ ਰੇਖਾਂਕਤ ਕਰਦਾ ਹੈ ਜੋ ਵਿਕਸਤ ਸਰਮਾਏਦਾਰ ਮੁਲਕਾਂ ਵਿਚ ਪਾਈ ਜਾਂਦੀ ਹੈ।
ਤੀਜੀ ਦੁਨੀਆ ਦੇ ਮੁਲਕਾਂ ਦੇ ਲੋਕ ਜੇ ਅਮਰੀਕਾ ਵਰਗੇ ਮੁਲਕਾਂ ਵਿਚ ਪ੍ਰਵਾਸ ਕਰਨਾ ਚਾਹੁੰਦੇ ਹਨ, ਇਸ ਦਾ ਕਾਰਨ ਉਨ੍ਹਾਂ ਦੇ ਮੂਲ ਮੁਲਕਾਂ ਵਿਚ ਬੇਰੋਜ਼ਗਾਰੀ ਹੋਣਾ ਹੈ। ਇਹ ਸੱਚ ਹੈ ਕਿ ਜਿਹੜੇ ਲੋਕ ਪ੍ਰਵਾਸ ਕਰਦੇ ਹਨ, ਜ਼ਰੂਰੀ ਨਹੀਂ ਉਹ ਪੂਰੀ ਤਰ੍ਹਾਂ ਬੇਸਹਾਰਾ ਹੋਣ; ਹਰੇਕ ਪ੍ਰਵਾਸੀ ਨੂੰ ‘ਡੌਂਕੀ ਰੂਟ’ ਰਾਹੀਂ ਅਮਰੀਕਾ ਵਿਚ ਦਾਖ਼ਲ ਹੋਣ ਦਾ ਇੰਤਜ਼ਾਮ ਕਰਨ ਲਈ ਵਿਚੋਲਿਆਂ ਨੂੰ 45 ਲੱਖ ਰੁਪਏ ਤੱਕ ਦੇਣੇ ਪਏ, ਇਹ ਤੱਥ ਦਰਸਾਉਂਦਾ ਹੈ ਕਿ ਉਨ੍ਹਾਂ ਕੋਲ ਕੁਝ ਵਸੀਲੇ ਸਨ।
ਪਰ ਨਿਸ਼ਚਿਤ ਤੌਰ ’ਤੇ, ਉਨ੍ਹਾਂ ਦੀ ਪ੍ਰਵਾਸ ਕਰਨ ਦੀ ਇੱਛਾ ਦੋ ਕਾਰਕਾਂ ਤੋਂ ਪੈਦਾ ਹੁੰਦੀ ਹੈ: ਚੋਖੇ ਰੂਪ ’ਚ ਲਾਭਦਾਇਕ (ਕਿਸੇ ਨਾਲੋਂ ਵੱਖਰੇ) ਰੁਜ਼ਗਾਰ ਦੀ ਅਣਹੋਂਦ; ਅਤੇ ਜਿਸ ਸਮਾਜ ਨਾਲ ਉਹ ਸੰਬੰਧਤ ਹਨ ਉਸ ਵਿਚ ਅਥਾਹ ਨਾ-ਬਰਾਬਰੀ ਹੋਣਾ ਜੋ ਉਨ੍ਹਾਂ ਨੂੰ ਆਪਣੇ ਪਦਾਰਥਕ ਦਰਜੇ ਤੋਂ ਅਸੰਤੁਸ਼ਟ ਬਣਾਉਂਦੇ ਹਨ।
ਇਹ ਦੋਵੇਂ ਕਾਰਕ ਮੁਲਕ ਵਿਚ ਸਰਮਾਏਦਾਰੀ ਦੇ ਨਿਰਮਾਣ ਦੇ ਪ੍ਰੋਜੈਕਟ ਕਾਰਨ ਪੈਦਾ ਹੁੰਦੇ ਹਨ। ਮੁਲਕ ਦੀ ਜੀਡੀਪੀ (ਕੁਲ ਘਰੇਲੂ ਉਪਜ) ਵਿਕਾਸ ਦਰ ਕਿੰਨੀ ਵੀ ਤੇਜ਼ ਕਿਉਂ ਨਾ ਹੋਵੇ, ਇਸਦੀ ਜੀਡੀਪੀ ਦਾ ਆਕਾਰ ਕਿੰਨੇ ਵੀ ਖਰਬ ਡਾਲਰ ਦਾ ਕਿਉਂ ਨਾ ਹੋ ਜਾਵੇ, ਇਹ ਕਾਰਕ ਹਮੇਸ਼ਾ ਰਹਿਣਗੇ, ਨਾਲ ਹੀ ਆਬਾਦੀ ਦੇ ਇਕ ਹਿੱਸੇ ਦੀ ਪ੍ਰਵਾਸ ਕਰਨ ਦੀ ਇੱਛਾ ਵੀ ਬਣੀ ਰਹੇਗੀ।
ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਮੁਲਕ ਦੇ ਆਜ਼ਾਦ ਹੋਣ ਤੋਂ 75 ਸਾਲ ਤੋਂ ਵੱਧ ਸਮੇਂ ਬਾਅਦ ਵੀ, ਸਾਡੇ ਇੱਥੇ ਅਜਿਹਾ ਸਮਾਜ ਹੈ ਜਿਸ ਵਿੱਚੋਂ ਲੋਕ ਭੱਜ ਕੇ ਦੂਜੇ ਮੁਲਕਾਂ ’ਚ ਜਾਣਾ ਚਾਹੁੰਦੇ ਹਨ, ਭਾਵੇਂ ਕਿ ਅਜਿਹੇ ਪ੍ਰਵਾਸ ਨਾਲ ਜੁੜੇ ਜੋਖ਼ਮ ਵਿਚ ਪਸ਼ੂਆਂ ਵਾਲਾ ਸਲੂਕ ਕੀਤਾ ਜਾਂਦਾ ਹੈ ਅਤੇ ਪਿੰਜਰੇ ਵਿਚ ਡੱਕ ਕੇ ਵਾਪਸ ਭੇਜਿਆ ਜਾਂਦਾ ਹੈ। ਇਹ ਅੱਜ ਤੀਜੀ ਦੁਨੀਆ ਦੇ ਮੁਲਕ ਵਿਚ ਸਰਮਾਏਦਾਰ ਸਮਾਜ ਬਣਾਉਣ ਦਾ ਅਟੱਲ ਨਤੀਜਾ ਹੈ।
ਦੂਜੇ ਪਾਸੇ, ਟਰੰਪ ਬਿਨਾਂ ਕਿਸੇ ਡਰ ਦੇ ਅਜਿਹੇ ਪ੍ਰਵਾਸੀਆਂ ਨੂੰ ਆਪਣੇ ਮੁਲਕ ’ਚੋਂ ਕਿਉਂ ਕੱਢ ਸਕਦਾ ਹੈ, ਭਾਵੇਂ ਕਿ ਅਮਰੀਕੀ ਸਮਾਜ ਖੁਦ ਯੂਰਪੀਅਨ ਪ੍ਰਵਾਸੀਆਂ ਵੱਲੋਂ ਮੂਲਵਾਸੀ ਆਬਾਦੀ ਦੀ ਜ਼ਮੀਨ ‘ਤੇ ਕਬਜ਼ਾ ਕਰ ਕੇ ਪ੍ਰਵਾਸ ਰਾਹੀਂ ਹੋਂਦ ਵਿਚ ਆਇਆ ਸੀ, ਇਸ ਦਾ ਕਾਰਨ ਵੱਡੇ ਪੱਧਰ ‘ਤੇ ਬੇਰੁਜ਼ਗਾਰੀ ਦਾ ਹੋਣਾ ਹੈ।
ਬੁਰਜੂਆ ਆਰਥਿਕ ਸਿਧਾਂਤ ਪੂਰੀ ਤਰ੍ਹਾਂ ਝੂਠਾ ਦਾਅਵਾ ਕਰਦਾ ਹੈ ਕਿ ਸਰਮਾਏਦਾਰ ਆਰਥਿਕਤਾ ਦਾ ਲੰਮੇ ਸਮੇਂ ਦਾ ਵਿਕਾਸ ਇਸਦੀ ਕਿਰਤ ਸ਼ਕਤੀ ਦੀ ਵਿਕਾਸ ਦਰ ‘ਤੇ ਨਿਰਭਰ ਕਰਦਾ ਹੈ। ਜੇਕਰ ਇਹ ਦਾਅਵਾ ਸੱਚ ਹੁੰਦਾ ਤਾਂ ਅਮਰੀਕਾ ਵਿਚ ਪ੍ਰਵਾਸੀਆਂ ਦਾ ਸਵਾਗਤ ਉਸ ਅਰਥ-ਵਿਵਸਥਾ ਦੀ ਵਿਕਾਸ ਦਰ ਨੂੰ ਵਧਾਉਣ ਦੇ ਸਾਧਨ ਵਜੋਂ ਕੀਤਾ ਜਾਣਾ ਚਾਹੀਦਾ ਸੀ; ਪਰ ਅਜਿਹਾ ਨਹੀਂ ਹੈ, ਅਤੇ ਬੇਰੁਜ਼ਗਾਰੀ ਦਾ ਸੰਕਟ ਪ੍ਰਵਾਸ ਬਾਰੇ ਟਰੰਪ ਦੇ ਸਖ਼ਤ ਸਟੈਂਡ ਨੂੰ ਵੀ ਹਰਮਨ-ਪਿਆਰਾ ਬਣਾਉਂਦਾ ਹੈ।
ਦਰਅਸਲ, ਹਾਲਾਤ ਦੀ ਵਿਡੰਬਨਾ ਇਹ ਹੈ ਕਿ ਜਰਮਨੀ ਦੀ ਸਭ ਤੋਂ ਖੱਬੇ-ਪੱਖੀ ਪਾਰਟੀ, ਸਾਹਰਾ ਵੇਗਨਨੈਚ ਦੀ ਪਾਰਟੀ, ਨੂੰ ਵੀ ਪ੍ਰਵਾਸ ਬਾਰੇ ਇਕ ਅਜਿਹਾ ਸਟੈਂਡ ਲੈਣਾ ਪਿਆ ਹੈ ਜੋ ਸੱਜੇ-ਪੱਖੀ ਜਰਮਨ ਸਥਾਪਤੀ ਤੋਂ ਵੱਖਰਾ ਨਹੀਂ ਹੈ। ਸਾਹਰਾ ਵੇਗਨਨੈਚ ਦੀ ਪਾਰਟੀ ਮੂਲ ਖੱਬੇ-ਪੱਖੀ ਪਾਰਟੀ, ਡਾਈ ਲਿੰਕੇ ਤੋਂ ਅੱਡ ਹੋ ਗਈ ਸੀ, ਕਿਉਂਕਿ ਮਗਰਲੀ ਪਾਰਟੀ ਨੇ ਨਾਟੋ ਦੁਆਰਾ ਚਲਾਏ ਜਾ ਰਹੇ ਯੁੱਧਾਂ ਨੂੰ ਦਾਅਪੇਚਕ ਹਮਾਇਤ ਦਿੱਤੀ ਸੀ।
ਬੇਰੁਜ਼ਗਾਰੀ ਦਾ ਸੰਕਟ ਜੋ ਏਨਾ ਵਿਆਪਕ ਹੈ, ਜਿਸ ਤੋਂ ਮੂਲ ਮੁਲਕ ਵੀ ਪੀੜਤ ਹੈ ਅਤੇ ਪ੍ਰਵਾਸੀਆਂ ਦੀ ਮੰਜ਼ਿਲ ਮੁਲਕ ਵੀ, ਅਤੇ ਜੋ ਲਾਜ਼ਮੀ ਤੌਰ ‘ਤੇ ਸਰਮਾਏਦਾਰੀ ਦੀ ਪੂਰੀ ਹੋਂਦ ਦੌਰਾਨ ਇਸ ਦੇ ਨਾਲ ਰਹਿੰਦਾ ਹੈ ਅਤੇ ਸੰਕਟ ਦੇ ਸਮੇਂ ’ਚ ਭਿਆਨਕ ਰੂਪ ਅਖ਼ਤਿਆਰ ਕਰਦਾ ਹੈ ਜਿਵੇਂ ਅਸੀਂ ਹੁਣ ਦੇਖ ਰਹੇ ਹਾਂ, ਉਸ ਅਮਾਨਵੀਅਤਾ ਨੂੰ ਦਰਸਾਉਂਦਾ ਹੈ, ਅਮਾਨਵੀਅਤਾ ਜੋ ਲੋਕਾਂ ਨਾਲ ਪਸ਼ੂਆਂ ਵਾਂਗ ਸਲੂਕ ਕਰਦੀ ਹੈ ਅਤੇ ਉਨ੍ਹਾਂ ਨੂੰ ਜੰਜ਼ੀਰਾਂ ਵਿਚ ਨੂੜ ਦਿੰਦੀ ਹੈ।
ਇਸ ਦੇ ਉਲਟ, ਪੁਰਾਣੇ ਸਮਾਜਵਾਦੀ ਸਮਾਜ ਇਸ ਸੰਕਟ ਤੋਂ ਪੂਰੀ ਤਰ੍ਹਾਂ ਮੁਕਤ ਸਨ। ਦਰਅਸਲ, ਉਨ੍ਹਾਂ ਨੂੰ ਬੇਰੁਜ਼ਗਾਰੀ ਨਹੀਂ ਸਗੋਂ ਕਿਰਤ ਦੀ ਘਾਟ ਦਾ ਸਾਹਮਣਾ ਕਰਨਾ ਪਿਆ। ਪ੍ਰਸਿੱਧ ਹੰਗਰੀਆਈ ਅਰਥ-ਸ਼ਾਸਤਰੀ ਜੈਨੋਸ ਕੋਰਨਾਈ, ਜੋ ਕਿ ਸਬੱਬ ਨਾਲ ਸਮਾਜਵਾਦੀ ਨਹੀਂ ਸੀ, ਨੇ ਪੋਲਿਸ਼ ਅਰਥ-ਸ਼ਾਸਤਰੀ ਮਿਸ਼ਲ ਕਾਲੇਕੀ ਤੋਂ ਅਗਵਾਈ ਲਈ ਅਤੇ ‘ਮੰਗ ਪੱਖੋਂ ਸੀਮਤ’ ਅਤੇ ‘ਵਸੀਲਿਆਂ ਪੱਖੋਂ ਸੀਮਤ’ ਪ੍ਰਣਾਲੀਆਂ ਦਰਮਿਆਨ ਅੰਤਰ ਦਰਸਾਇਆ ਸੀ। ਉਸ ਨੇ ਕਿਹਾ ਸੀ ਕਿ ਸਰਮਾਏਦਾਰੀ ਤਾਂ ਮੰਗ ਪੱਖੋਂ ਸੀਮਤ ਪ੍ਰਣਾਲੀ ਹੈ, ਸਮਾਜਵਾਦ ਵਸੀਲਿਆਂ ਪੱਖੋਂ ਸੀਮਤ ਪ੍ਰਣਾਲੀ ਸੀ।
ਇਸਦਾ ਇਕ ਨਿਹਿਤ ਭਾਵ ਇਹ ਸੀ ਕਿ ਪੁਰਾਣੇ ਸਮਾਜਵਾਦੀ ਸਮਾਜਾਂ ਦੀ ਵਿਸ਼ੇਸ਼ਤਾ ਥੁੜ੍ਹ, ਰਾਸ਼ਨ ਪ੍ਰਣਾਲੀ ਅਤੇ ਇਸ ਲਈ ਲੱਗੀਆਂ ਲਾਈਨਾਂ ਸੀ: ਸਰੋਤਾਂ ਦੀ ਪੂਰੀ ਵਰਤੋਂ ਨਾਲ ਉਹ ਪ੍ਰਚੱਲਤ ਭਾਵਾਂ ‘ਤੇ ਲੋਕਾਂ ਦੇ ਹੱਥਾਂ ਵਿਚਲੀ ਖ਼ਰੀਦ ਸ਼ਕਤੀ ਨਾਲੋਂ ਘੱਟ ਵਸਤਾਂ ਦੀ ਪੈਦਾਵਾਰ ਕਰ ਸਕਦੇ ਸਨ; ਹਾਲਾਂਕਿ, ਇਸਦਾ ਮਤਲਬ ਇਹ ਸੀ ਕਿ ਹਾਸਲ ਕਿਰਤ ਸ਼ਕਤੀ ਸਮੇਤ ਵਸੀਲਿਆਂ ਦੀ ਪੂਰੀ ਵਰਤੋਂ ਕੀਤੀ ਗਈ ਸੀ।
ਦਰਅਸਲ, ਆਧੁਨਿਕ ਸਮੇਂ ਵਿਚ ਸਮਾਜਵਾਦੀ ਸਮਾਜ ਹੀ ਅਜਿਹੇ ਸਮਾਜ ਰਹੇ ਹਨ ਜਿਨ੍ਹਾਂ ਨੇ ਪੂਰਨ ਰੁਜ਼ਗਾਰ ਅਨੁਭਵ ਕੀਤਾ ਹੈ, ਇੰਨਾ ਜ਼ਿਆਦਾ ਕਿ ਉੱਥੇ ਔਰਤਾਂ ਦੇ ਕੰਮ ਦੀ ਭਾਗੀਦਾਰੀ ਦਰ ਵਿਚ ਮਹੱਤਵਪੂਰਨ ਵਾਧਾ ਕਰ ਕੇ ਕਿਰਤ ਸ਼ਕਤੀ ਵਧਾਉਣੀ ਪਈ, ਜਿਸਦੇ ਨਤੀਜੇ ਵਜੋਂ ਬਹੁਤ ਡੂੰਘੇ ਸਮਾਜਿਕ ਪ੍ਰਭਾਵ ਪਏ ਸਨ। ਅਤੇ, ਰੁਜ਼ਗਾਰ ਦੁਆਰਾ ਮੁਹੱਈਆ ਕੀਤੀ ਗਈ ਆਮਦਨੀ ਕਮਾਉਣ ਤੋਂ ਇਲਾਵਾ, ਉਨ੍ਹਾਂ ਸਮਾਜਾਂ ਵਿਚ ਕਾਮਿਆਂ ਨੂੰ ਸਵੈ-ਮਾਣ ਦਾ ਨੁਕਸਾਨ ਨਹੀਂ ਝੱਲਣਾ ਪਿਆ ਜੋ ਬੇਰੁਜ਼ਗਾਰੀ ਦੇ ਨਾਲ ਅਟੱਲ ਤੌਰ ‘ਤੇ ਆਉਂਦਾ ਹੈ।
ਉਨ੍ਹਾਂ ਸੱਚਮੁੱਚ ਮੌਜੂਦ ਸਮਾਜਵਾਦੀ ਸਮਾਜਾਂ ਦੇ ਵਿਰੁੱਧ ਬਥੇਰਾ ਕੁਝ ਲਿਖਿਆ ਗਿਆ ਹੈ, ਲਿਖਣ ਵਾਲਿਆਂ ’ਚ ਖੱਬੇ-ਪੱਖੀ ਲੇਖਕ ਵੀ ਸ਼ਾਮਲ ਹਨ; ਅਤੇ ਉਸ ਪ੍ਰਬੰਧ ਦੇ ਢਹਿ ਜਾਣ ਨਾਲ, ਇਹ ਪ੍ਰਭਾਵ ਬਣਿਆ ਹੈ ਕਿ ਸਾਡੇ ਵਰਗੇ ਸਮਾਜਾਂ ਵਿਚ ਸਰਮਾਏਦਾਰੀ ਦਾ ਕੋਈ ਬਦਲ ਨਹੀਂ ਹੈ। ਹਾਲਾਂਕਿ, ਸੱਚਾਈ ਇਹ ਹੈ ਕਿ ਜਿੰਨਾ ਚਿਰ ਅਸੀਂ ਸਰਮਾਏਦਾਰੀ ’ਤੇ ਚੱਲਦੇ ਰਹਾਂਗੇ, ਭਾਵੇਂ ਅਸੀਂ ਅਰਬਪਤੀ ਤਾਂ ਪੈਦਾ ਕਰ ਰਹੇ ਹੋਵਾਂਗੇ, ਉਹ ਸ਼ਰਮਿੰਦਗੀ ਸਾਡੇ ਲੋਕਾਂ ਦਾ ਪਿੱਛਾ ਕਦੇ ਨਹੀਂ ਛੱਡੇਗੀ ਜੋ ਬਸਤੀਵਾਦੀ ਯੁਗ ਵਿਚ ’ਨੀਵੇਂ ਵਰਗ’ ਦੇ ਭਾਰਤੀ ਹੋਣ ਨਾਲ ਜੁੜੀ ਹੋਈ ਸੀ। ਆਮ ਮਿਹਨਤਕਸ਼ ਲੋਕਾਂ ਨਾਲ ਪਸ਼ੂਆਂ ਵਾਂਗ ਸਲੂਕ ਹੁੰਦਾ ਰਹੇਗਾ; ਅਤੇ ਜਿਉਂ ਹੀ ਉਹ ਸਾਡੇ ਸਮੁੰਦਰਾਂ ਤੋਂ ਪਾਰ ਕਿਤੇ ਹੋਰ ਬਿਹਤਰ ਜ਼ਿੰਦਗੀ ਦੀ ਤਲਾਸ਼ ’ਚ ਜਾਣਗੇ, ਜਿਵੇਂ ਕਿ ਉਨ੍ਹਾਂ ਵਿੱਚੋਂ ਕੁਝ ਲਾਜ਼ਮੀ ਤੌਰ ‘ਤੇ ਕਰਨਗੇ, ਉਨ੍ਹਾਂ ਨੂੰ ਹੱਥਕੜੀਆਂ ਅਤੇ ਜ਼ੰਜੀਰਾਂ ਵਿਚ ਨੂੜ ਕੇ ਵਾਪਸ ਉਨ੍ਹਾਂ ਦੇ ਮੁਲਕ ਵਿਚ ਘੱਲ ਦਿੱਤਾ ਜਾਵੇਗਾ। ਸਿਰਫ਼ ਸਮਾਜਵਾਦੀ ਸਮਾਜ ਹੀ ਬੇਰੁਜ਼ਗਾਰੀ ਦੇ ਸੰਕਟ ਅਤੇ ਸਾਡੇ ਲੋਕਾਂ ਦੀ ਪਿੰਜਰੇ ਵਿਚ ਡੱਕੇ ਜਾਨਵਰਾਂ ਵਾਂਗ ਸਲੂਕ ਕੀਤੇ ਜਾਣ ਦੀ ਹੋਣੀ ਤੋਂ ਬਚਾ ਸਕਦਾ ਹੈ, ਜਿਸ ਨੂੰ ਅਸੀਂ ਪਿਛਲੀਆਂ ਗ਼ਲਤੀਆਂ ਤੋਂ ਸਿੱਖ ਕੇ ਆਪਣੇ ਮੁਲਕ ਵਿਚ ਬਿਹਤਰ ਤੌਰ ’ਤੇ ਉਸਾਰਨ ਦੀ ਸਥਿਤੀ ’ਚ ਹਾਂ।