ਮੋਦੀ ਦੀ ਅਮਰੀਕਾ ਫੇਰੀ ਕਿਸ ਦੇ ਹਿਤ `ਚ

ਬੂਟਾ ਸਿੰਘ ਮਹਿਮੂਦਪੁਰ
ਭਾਰਤ ਦੇ ਪ੍ਰਧਾਨ ਮੰਤਰੀ ਦੀ ਹਾਲੀਆ ਅਮਰੀਕਾ ਫੇਰੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਕੀ ਇਸ ਮਿਲਣੀ ‘ਚ ਮਿਸਟਰ ਮੋਦੀ ਭਾਰਤ ਦੇ ਹਿਤਾਂ ਦੀ ਸਹੀ ਨੁਮਾਇੰਦਗੀ ਕਰ ਸਕੇ ਹਨ? ਇਸ ਫੇਰੀ ਦੇ ਦੁਵੱਲੇ ਵਪਾਰਕ ਤਵਾਜ਼ਨ ਲਈ ਕੀ ਮਾਇਨੇ ਹਨ? ਖ਼ਾਸ ਕਰਕੇ ਇਸਦਾ ਭਾਰਤ ਦੇ ਹਿਤਾਂ ‘ਤੇ ਕੀ ਅਸਰ ਪਵੇਗਾ, ਇਨ੍ਹਾਂ ਪੱਖਾਂ ਦੀ ਚਰਚਾ ਇਸ ਲੇਖ ਵਿਚ ਕੀਤੀ ਗਈ ਹੈ। -ਸੰਪਾਦਕ

ਡੋਨਲਡ ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਵਜੋਂ ਆਪਣੀ ਤਾਜਪੋਸ਼ੀ ਮੌਕੇ ‘ਵਿਸ਼ਵ ਗੁਰੂ’ ਹੋਣ ਦੇ ਡੰਕੇ ਵਜਾਉਣ ਵਾਲੇ ਨਰਿੰਦਰ ਮੋਦੀ ਨੂੰ ਨਿਓਂਦਾ ਨਾ ਦੇਣ ਨਾਲ ਉਸਦਾ ਤਰਲੋਮੱਛੀ ਹੋਣਾ ਸੁਭਾਵਿਕ ਸੀ। ਟਰੰਪ ਨੇ ਆਪਣੇ ਵੱਡੇ ‘ਦੁਸ਼ਮਣ’ ਚੀਨ ਦੇ ਸ਼ੀ ਜਿਨ ਪਿੰਗ, ਇਟਲੀ ਦੇ ਮੇਲੋਨੀ, ਅਰਜਨਟਾਈਨਾ ਦੇ ਮਿਲੋਈ ਸਮੇਤ ਜਣੇ-ਖਣੇ ਨੂੰ ਸੱਦਿਆ, ਪਰ ਮੋਦੀ ਦੇ ਵਧਾਈ ਸੰਦੇਸ਼ ਦਾ ਵੀ ਜਵਾਬ ਨਹੀਂ ਦਿੱਤਾ। ਮੋਦੀ ਦਾ ਹੋਰ ਜ਼ਿਆਦਾ ਜਲੂਸ ਉਦੋਂ ਨਿੱਕਲ ਗਿਆ ਜਦੋਂ ਟਰੰਪ ਨੇ ਭਾਰਤ ਦੇ ‘ਗ਼ੈਰਕਾਨੂੰਨੀ ਪ੍ਰਵਾਸੀਆਂ’ ਨੂੰ ਆਪਣੇ ਫ਼ੌਜੀ ਜਹਾਜ਼ ਵਿਚ ਖ਼ਤਰਨਾਕ ਮੁਜਰਮਾਂ ਵਾਂਗ ਹੱਥਕੜੀਆਂ ਅਤੇ ਬੇੜੀਆਂ `ਚ ਨੂੜ ਕੇ ਵਾਪਸ ਭੇਜ ਦਿੱਤਾ ਜਦਕਿ ਹੋਰ ਮੁਲਕਾਂ ਦੇ ਪ੍ਰਵਾਸੀਆਂ ਨਾਲ ਏਨਾ ਜ਼ਿਆਦਾ ਕਰੂਰ ਸਲੂਕ ਨਹੀਂ ਕੀਤਾ ਗਿਆ। ਕੁਝ ਵੀ ਹੋਵੇ, ਆਖਿæਰ ‘ਨਾਨ-ਬਾਇਓਲੌਜੀਕਲ’ ਮੋਦੀ ਨੇ ਆਪਣੇ ‘ਪਿਆਰੇ ਮਿੱਤਰ’ ਨਾਲ ਮਿਲਣੀ ਦਾ ਜੁਗਾੜ ਕਰ ਲਿਆ, ਅਤੇ ਸਾਹਬ ਆਪਣੇ ਬਦੇਸ਼ ਮੰਤਰੀ, ਕੌਮੀ ਸੁਰੱਖਿਆ ਸਲਾਹਕਾਰ, ਦੁਭਾਸ਼ੀਏ, ਰਾਜਦੂਤ ਅਤੇ ਨੌਕਰਸ਼ਾਹਾਂ ਦਾ ਲਾਮ-ਲਸ਼ਕਰ ਲੈ ਕੇ ਟਰੰਪ ਨੂੰ ਮਿਲਣ ਪੁੱਜ ਗਏ! ਇਹ ਵੱਖਰੀ ਗੱਲ ਹੈ ਕਿ ਜਾਰਡਨ ਦੇ ਸ਼ਾਹ ਨੂੰ ਏਅਰਪੋਰਟ ਤੋਂ ਵਿਸ਼ੇਸ਼ ਗੱਡੀ ਵਿਚ ਲੈ ਕੇ ਜਾਣ ਵਾਲਾ ਟਰੰਪ ਮੋਦੀ ਦੇ ਸਵਾਗਤ ਲਈ ਨਹੀਂ ਆਇਆ, ਨਾ ਹੀ ਉਸਦੀ ਸਰਕਾਰ ਦਾ ਕੋਈ ਮੰਤਰੀ ਜਾਂ ਵ੍ਹਾਈਟ ਹਾਊਸ ਦਾ ਕੋਈ ਵੱਡਾ ਅਧਿਕਾਰੀ ਸਵਾਗਤ ਲਈ ਬਹੁੜਿਆ।
ਟਰੰਪ ਮੋਦੀ ਨੂੰ ਗਲੇ ਲਗਾ ਕੇ ਮਿਲਿਆ, ਆਪ ਕੁਰਸੀ ਖਿੱਚ ਕੇ ਪੂਰੇ ਸ਼ਾਹੀ ਸਨਮਾਨ ਨਾਲ ਸੀਟ ‘ਤੇ ਬਿਠਾਇਆ ਅਤੇ ਤੋਹਫ਼ੇ ਵਜੋਂ ਭੇਟ ਕੀਤੀ ਕਿਤਾਬ ਉੱਪਰ ‘ਮਿਸਟਰ ਪੀ.ਐੱਮ., ਯੂ ਆਰ ਗਰੇਟ!’ ਲਿਖਣ ਦਾ ਉਚੇਚ ਵੀ ਦਿਖਾਇਆ। ਫਿਰ ਮੋਦੀ ਨੇ ਸਭ ਤੋਂ ਵੱਡੇ ਅਮਰੀਕੀ ਧਨਾਢ ਐਲਨ ਮਸਕ ਨਾਲ ਮੁਲਾਕਾਤ ਕੀਤੀ, ਉਸਦੇ ਬੱਚਿਆਂ ਨਾਲ ਚੋਹਲ-ਮੋਹਲ ਕੀਤੇ ਅਤੇ ਉਸ ਦੀ ਪ੍ਰੇਮਿਕਾ ਤੇ ਬੱਚੇ ਸਾਂਭਣ ਵਾਲੀ ਨੈਨੀ ਨਾਲ ਸਮਾਂ ਗੁਜ਼ਾਰਿਆ। ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬੈਠੇ ਸ਼ਖ਼ਸ ਸਮੇਤ ਆਪਣੇ ਪੂਰੇ ਸਰਕਾਰੀ ਵਫ਼ਦ ਨੂੰ ਮੋਦੀ ਵੱਲੋਂ ਐਲਨ ਮਸਕ ਦੀ ਤਾਬਿਆ `ਚ ਲਿਜਾ ਬਿਠਾਉਣਾ ਦਰਸਾਉਂਦਾ ਹੈ ਕਿ ਨਿੱਜੀ ਰਿਸ਼ਤੇ ਗੰਢਣ ਦੇ ਸ਼ੁਕੀਨ ਮੋਦੀ ਨੂੰ ਆਪਣੇ ਅਹੁਦੇ ਦੇ ਪ੍ਰੋਟੋਕੋਲ ਦੀ ਵੀ ਪ੍ਰਵਾਹ ਨਹੀਂ ਹੈ।
ਇਹ ਸਭ ਤਾਂ ਮੋਦੀ ਦੇ ਟੇਸਟ ਅਨੁਸਾਰ ਸੀ, ਪਰ ਉੱਥੇ ਇਸ ਤੋਂ ਬਿਨਾਂ ਜੋ ਹੋਇਆ ਉਸ ਨੇ ਮੋਦੀ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕਰ ਦਿੱਤਾ। ਵ੍ਹਾਈਟ ਹਾਊਸ ਦੇ ਪ੍ਰੋਟੋਕੋਲ ਨੇ ਮੋਦੀ ਦਾ ਸਾਹਮਣਾ ਇਕ ਵਾਰ ਫਿਰ ਮੀਡੀਆ ਨਾਲ ਕਰਾ ਦਿੱਤਾ, ਜਿਨ੍ਹਾਂ ਦੇ ਤਿੱਖੇ ਸਵਾਲਾਂ ਤੋਂ ਉਹ ਹਮੇਸ਼ਾ ਕੰਨੀ ਕਤਰਾਉਂਦਾ ਹੈ। ਮੋਦੀ ਨੂੰ ਗੋਦੀ ਮੀਡੀਆ ਜਾਂ ਕਿਸੇ ਹੋਰ ਵਿਕਾਊ ਐਂਕਰ ਨੂੰ ਨਿੱਜੀ ਇੰਟਰਵਿਊ ਦੇਣੇ ਯਾਨੀ ‘ਦੋਸਤਾਨਾ’ ਸਵਾਲਾਂ ਦੇ ਜਵਾਬ ਦੇਣੇ ਹੀ ਪਸੰਦ ਹਨ – ਮਸਲਨ, ‘ਅੰਬ ਕੱਟ ਕੇ ਖਾਂਦੇ ਹੋ ਜਾਂ ਛਿੱਲ ਕੇ ਖਾਂਦੇ ਹੋ ਜਾਂ ਚੂਪਦੇ ਹੋ?’, ‘ਬਟੂਆ ਰੱਖਦੇ ਹੋ ਜਾਂ ਨਹੀਂ?’, ’ਤੁਸੀਂ ਕਦੇ ਥੱਕਦੇ ਕਿਉਂ ਨਹੀਂ?’ ਮੋਦੀ ਮੀਡੀਆ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨ ਦਾ ਆਦੀ ਨਹੀਂ ਹੈ। ਉਸ ਨੂੰ ਜੂਨ 2023 ਦੀ ਅਮਰੀਕਨ ਫੇਰੀ ਦੌਰਾਨ ਪੁੱਛੇ ਸਵਾਲਾਂ ਦਾ ਤਲਖ਼ ਤਜਰਬਾ ਵੀ ਹੋ ਚੁੱਕਾ ਹੈ ਜਦੋਂ ‘ਵਾਲ ਸਟ੍ਰੀਟ ਜਨਰਲ’ ਦੀ ਨਿਧੜਕ ਪੱਤਰਕਾਰ ਸਬਰੀਨਾ ਸਿਦੀਕੀ ਦੇ ਭਾਰਤ ਵਿਚ ਘੱਟ-ਗਿਣਤੀਆਂ ਦੇ ਹੱਕਾਂ ਦੀ ਸੁਰੱਖਿਆ ਬਾਰੇ ਇੱਕੋ ਸਵਾਲ ਨੇ ਮੋਦੀ ਨੂੰ ਤ੍ਰੇਲੀਆਂ ਲਿਆ ਦਿੱਤੀਆਂ ਸਨ।
ਖ਼ੈਰ, ਜਵਾਬ ਤਾਂ ਦੇਣੇ ਹੀ ਪੈਣੇ ਸਨ। ਟਰੰਪ ਨਾਲ ਸਾਂਝੀ ਮੀਡੀਆ ਕਾਨਫਰੰਸ ’ਚ ਸਵਾਲਾਂ ਦਾ ਜਵਾਬ ਦਿੰਦਿਆਂ ਮੋਦੀ ਦੀ ਅਸਹਿਜਤਾ ਅਤੇ ਬੌਖਲਾਹਟ ਪੂਰੀ ਦੁਨੀਆ ਨੇ ਦੇਖੀ। ਕੁਝ ਸਵਾਲ ਤਾਂ ਉਸ ਨੂੰ ਸਮਝ ਹੀ ਨਹੀਂ ਆਏ। ਕਈ ਸਵਾਲਾਂ ਦੇ ਟਰੰਪ ਵੱਲੋਂ ਦਿੱਤੇ ਜਵਾਬ ਪ੍ਰੇਸ਼ਾਨ ਕਰਨ ਵਾਲੇ ਸਨ। ਇਕ ਪੱਤਰਕਾਰ ਵੱਲੋਂ ਅਮਰੀਕਾ ਵਿਚ ਅਡਾਨੀ ਵਿਰੁੱਧ ਦਰਜ ਭ੍ਰਿਸ਼ਟਾਚਾਰ ਦੇ ਮੁਕੱਦਮੇ ਬਾਰੇ ਸਵਾਲ ਪੁੱਛਣ ਨਾਲ ਮੋਦੀ ਕਸੂਤੀ ਹਾਲਤ ‘ਚ ਫਸ ਗਿਆ। ਅੰਗਰੇਜ਼ੀ ‘ਚ ਪੁੱਛੇ ਗਏ ਸਵਾਲ ਦਾ ਮੋਦੀ ਨੇ ਜੋ ਹਿੰਦੀ ‘ਚ ਜਵਾਬ ਦਿੱਤਾ, ਉਸਦਾ ਸਵਾਲ ਨਾਲ ਕੋਈ ਸੰਬੰਧ ਹੀ ਨਹੀਂ ਸੀ। ਪਹਿਲਾਂ ਤਾਂ ਲੜਖੜਾਉਂਦੀ ਜ਼ਬਾਨ ਨੇ ਇਹ ਰਟਣ-ਮੰਤਰ ਕਰ ਕੇ ਡੰਗ ਸਾਰਨ ਦੀ ਕੋਸ਼ਿਸ਼ ਕੀਤੀ, ‘ਭਾਰਤ ਏਕ ਲੋਕਤਾਂਤਰਿਕ ਦੇਸ਼ ਹੈ। ਹਮਾਰੇ ਸੰਸਕਾਰ ਅਤੇ ਹਮਾਰੀ ਸੰਸਕ੍ਰਿਤੀ ਵਸੂਧੈਵ ਕੁਟੁੰਬਕਮ ਕੀ ਹੈ। ਹਮ ਪੂਰੇ ਵਿਸ਼ਵ ਕੋ ਏਕ ਪਰਿਵਾਰ ਮਾਨਤੇ ਹੈਂ। ਹਰ ਭਾਰਤੀ ਕੋ ਮੈਂ ਅਪਨਾ ਮਾਨਤਾ ਹੂੰ।’ ਕੈਪੀਟਲ ਹਿੱਲ ਵਿਖੇ ਮੀਡੀਆ ਕਾਨਫਰੰਸ ‘ਚ ਪੂਰੀ ਦੁਨੀਆ ਨੂੰ ਆਪਣਾ ਪਰਿਵਾਰ ਉਹ ਸ਼ਖ਼ਸ ਕਹਿ ਰਿਹਾ ਸੀ ਜਿਸਦੀ ਹਕੂਮਤ ਹੇਠ ਉਸਦੇ ਭਗਵਾ ਗੈਂਗ ਆਪਣੇ ਹੀ ਮੁਲਕ ਦੇ ਘੱਟ-ਗਿਣਤੀ ਨਾਗਰਿਕਾਂ ਅਤੇ ਵੱਖਰੇ ਵਿਚਾਰਾਂ ਵਾਲੇ ਲੋਕਾਂ ਨੂੰ ‘ਦੇਸ਼ਧੋ੍ਰਹੀ’,’ਟੁਕੜੇ-ਟੁਕੜੇ ਗੈਂਗ’ ਕਹਿ ਕੇ ਭੰਡਦੇ ਹਨ ਅਤੇ ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹਾਂ ਵਿਚ ਡੱਕਦੇ ਹਨ। ਸਵਾਲ ਕਿਉਂਕਿ ਅਡਾਨੀ ਨਾਲ ਸੰਬੰਧਤ ਸੀ, ਇਸ ਲਈ ਕੁਝ ਤਾਂ ਕਹਿਣਾ ਹੀ ਪੈਣਾ ਸੀ। ਸੋ ਵਿਸ਼ਵ ਗੁਰੂ ਨੇ ਫਰਮਾਇਆ, ‘ਐਸੇ ਵਿਅਕਤੀਗਤ ਮਾਮਲੋਂ ਕੇ ਲੀਏ ਦੋ ਦੇਸ਼ੋਂ ਕੇ ਮੁਖੀਆ ਨਾ ਮਿਲਤੇ ਹੈਂ, ਨਾ ਬੈਠਤੇ ਹੈਂ, ਨਾ ਬਾਤ ਕਰਤੇ ਹੈਂ।’ ਇਹ ਪ੍ਰਵਚਨ ਸੁਣਾਉਂਦੇ ਵਕਤ ਮੋਦੀ ਨੇ ਗਲੀ ਦੀ ਲੜਾਈ ਵਾਲੀ ਮੁਦਰਾ ਅਖ਼ਤਿਆਰ ਕਰ ਲਈ। ਮੋਦੀ ਇਹ ਕਿਵੇਂ ਮੰਨ ਲੈਂਦਾ ਕਿ ਜਿਸ ਅਡਾਨੀ ਨੂੰ ਉਸਦੀ ਸਰਕਾਰ ‘ਰਾਸ਼ਟਰੀ ਨਿਰਮਾਣ’ ‘ਚ ਲੱਗਿਆ ਕਾਰਪੋਰੇਟ ਦੱਸਦੀ ਹੈ, ਉਸਨੇ ਰਿਸ਼ਵਤ ਭਾਰਤ ਵਿਚ ਦਿੱਤੀ ਅਤੇ ਫਰਾਡ ਅਮਰੀਕੀ ਨਾਗਰਿਕਾਂ ਨਾਲ ਕੀਤਾ। ਜਿਸ ਕਾਂਡ ਵਿਚ ਭਾਰਤ ਦੀਆਂ ਸਰਕਾਰਾਂ ਅਤੇ ਸਰਕਾਰੀ ਅਦਾਰੇ ਸ਼ਾਮਲ ਰਹੇ ਹਨ, ਉਨ੍ਹਾਂ ਨਾਲ ਜੁੜਿਆ ਭ੍ਰਿਸ਼ਟਾਚਾਰ ਦਾ ਮੁੱਦਾ ਵਿਅਕਤੀਗਤ ਕਿਵੇਂ ਹੋ ਗਿਆ। ਉਸ ਵਿਰੁੱਧ ਅਮਰੀਕਾ ਦੇ ਨਿਆਂ ਵਿਭਾਗ ਨੇ ਚਾਰ ਸਾਲ ਤੱਕ ਡੂੰਘੀ ਜਾਂਚ ਕਰਨ ਤੋਂ ਬਾਅਦ ਕੇਸ ਦਰਜ ਕੀਤਾ ਹੈ। ਜ਼ਰਾ ਮੋਦੀ ਦੇ ਦੋਹਰੇ ਮਿਆਰ ਦੇਖੋ, ਤਹੱਵੁਰ ਰਾਣਾ ਵੀ ਵਿਅਕਤੀ ਹੈ, ਉਸ ਬਾਰੇ ਮੋਦੀ ਤੇ ਟਰੰਪ ਚਰਚਾ ਵੀ ਕਰਦੇ ਹਨ ਅਤੇ ਹਵਾਲਗੀ ਵੀ ਤੈਅ ਕਰਦੇ ਹਨ। ਸਮਝਣਾ ਮੁਸ਼ਕਲ ਨਹੀਂ ਹੈ ਕਿ ਅਡਾਨੀ ਦੇ ਮੁੱਦੇ ਨੂੰ ਵਿਅਕਤੀ ਦਾ ਮੁੱਦਾ ਕਹਿ ਕੇ ਮੋਦੀ ਸਰਕਾਰ ਉਸ ਨਾਲ ਆਪਣੀ ਭ੍ਰਿਸ਼ਟ ਜੋਟੀ ਨੂੰ ਲੁਕੋਣਾ ਚਾਹੁੰਦੀ ਹੈ।
ਭਗਵਾ ਆਈਟੀ ਸੈੱਲ ਅਤੇ ਗੋਦੀ ਮੀਡੀਆ ਨੇ ਵ੍ਹਾਈਟ ਹਾਊਸ ਦੀ ਮਹਿਮਾਨਨਿਵਾਜ਼ੀ (ਅਮਰੀਕੀ ਰਾਸ਼ਟਰਪਤੀ ਹਰ ਮੁਲਕ ਦੇ ਹੁਕਮਰਾਨ ਦੀ ਇਸੇ ਤਰ੍ਹਾਂ ਮਹਿਮਾਨਨਿਵਾਜ਼ੀ ਕਰਦਾ ਹੈ) ਨੂੰ ਟਰੰਪ ਸਰਕਾਰ ਵਿਚ ਮੋਦੀ ਦੇ ਰਸੂਖ਼ ਅਤੇ ਟਰੰਪ-ਮੋਦੀ ਦੀ ਨੇੜਤਾ ਵਜੋਂ ਪ੍ਰਚਾਰਿਆ, ਪਰ ਇਹ ਨਹੀਂ ਦੱਸਿਆ ਕਿ ਮੋਦੀ ਦੀ ਇਸ ਫੇਰੀ ਦਾ ਭਾਰਤ ਲਈ ਹਾਸਲ ਕੀ ਹੈ।
ਟਰੰਪ ਨੇ ਮੋਦੀ ਦੀ ਤਾਰੀਫ਼ ਕੀਤੀ ਪਰ ਭਾਰਤ ਦੀ ਟੈਰਿਫ ਸੰਬੰਧੀ ਨੀਤੀਆਂ ਨੂੰ ਰੱਜ ਕੇ ਭੰਡਿਆ। ਉਸਨੇ ਸਿੱਧੀ ਧਮਕੀ ਦਿੰਦਿਆਂ ਕਿਹਾ ਕਿ ਭਾਰਤ ਟੈਰਿਫ ਲਗਾਉਣ ਦਾ ਚੈਂਪੀਅਨ ਹੈ, ਹੁਣ ਇਹ ਨਹੀਂ ਚੱਲੇਗਾ। ਇਸ ਨਾਲ ਅਮਰੀਕੀ ਕਾਰਪੋਰੇਟ ਸਰਮਾਏ ਨੂੰ ਜੋ ਘਾਟਾ ਪੈ ਰਿਹਾ ਹੈ, ਟਰੰਪ ਉਸਨੂੰ ਆਪਣੇ ਹੱਕ ‘ਚ ਬਦਲਣ ਲਈ ਮੋਦੀ ਵਜ਼ਾਰਤ ਉੱਪਰ ਕਰੇੜਾ ਕੱਸ ਦਿੱਤਾ। ਉਸਨੇ ਭਾਰਤ ਤੋਂ ਮੰਗਵਾਈਆਂ ਜਾਣ ਵਾਲੀਆਂ ਵਸਤਾਂ ਉੱਪਰ ਬਰਾਬਰ ਟੈਰਿਫ਼ ਲਾਉਣ ਦਾ ਐਲਾਨ ਕਰ ਕੇ ਭਾਰਤ ਦੇ ਵਪਾਰਕ ਹਿੱਤਾਂ ਨੂੰ ਵੱਡਾ ਝਟਕਾ ਦੇਣ ਦੀ ਮਨਸ਼ਾ ਜ਼ਾਹਿਰ ਕਰ ਦਿੱਤੀ। ਭਾਜਪਾ ਸਰਕਾਰ ਨੇ ਮੋਦੀ ਦੇ ਅਮਰੀਕਾ ਛੱਡਣ ਤੋਂ ਪਹਿਲਾਂ ਹੀ ਅਮਰੀਕੀ ਵਿਸਕੀ ਉੱਪਰ ਟੈਰਿਫ 50% ਘਟਾ ਕੇ ਇਹ ਸੰਦੇਸ਼ ਦੇ ਦਿੱਤਾ ਕਿ ਭਾਰਤ ਸਰਕਾਰ ਤੁਹਾਡਾ ਸਭ ਕੁਝ ਮੰਨਣ ਲਈ ਤਿਆਰ ਹੈ। ਅਗਲੇ ਦਿਨਾਂ `ਚ ਟਰੰਪ ਦੇ ਦਬਾਅ ਹੇਠ ਟੈਰਿਫ ਦਰਾਂ `ਚ ਅਮਰੀਕੀ ਵਪਾਰ ਦੇ ਹਿੱਤ `ਚ ਵੱਡੀਆਂ ਤਬਦੀਲੀਆਂ ਕੀਤੇ ਜਾਣ ਦੇ ਆਸਾਰ ਹਨ।
ਆਪਣੇ ਏਜੰਡੇ ਨੂੰ ਅੱਗੇ ਵਧਾਉਂਦਿਆਂ ਟਰੰਪ ਨੇ ਸਾਊਦੀ ਅਰਬ ਦੇ 1 ਖਰਬ ਡਾਲਰ ਖ਼ਰੀਦਦਾਰੀ ਦੇ ਸਮਝੌਤੇ ਦੇ ਹਵਾਲੇ ਨਾਲ ਮੋਦੀ ਦੇ ਵਫ਼ਦ ਨੂੰ ਕਿਹਾ ਕਿ ਭਾਰਤ ਘੱਟੋ-ਘੱਟ ਅਮਰੀਕਾ ਤੋਂ 500 ਅਰਬ ਡਾਲਰ ਦੀ ਖ਼ਰੀਦਦਾਰੀ ਤਾਂ ਕਰੇ। ‘ਦੁਵੱਲੇ ਵਪਾਰ’ ਦੇ ਨਾਂ ਇਹ ਖ਼ਰੀਦਦਾਰੀ ਊਰਜਾ, ਤੇਲ ਅਤੇ ਹਥਿਆਰਾਂ ਦੇ ਖੇਤਰਾਂ `ਚ ਹੋਵੇਗੀ। ਟਰੰਪ ਰੂਸ ਦੇ ਸਸਤੇ ਤੇਲ ਦੇ ਮੁਕਾਬਲੇ ਆਪਣਾ ਮਹਿੰਗਾ ਤੇਲ ਭਾਰਤ ਦੇ ਗਲ਼ ਪਾ ਰਿਹਾ ਹੈ। ਦੂਜੇ ਪਾਸੇ, ਭਾਰਤ ਅਮਰੀਕਾ ਨੂੰ ਕਿਰਤ-ਲਾਗਤ ਵਾਲਾ ਸਮਾਨ ਭੇਜੇਗਾ। ਮੋਦੀ ਨੇ ਸੱਤ ਬਚਨ ਕਹਿ ਕੇ ਸਭ ਕੁਝ ਮੰਨ ਲਿਆ।
ਟਰੰਪ ਨੇ ਆਪਣੇ ਐੱਫ-35 ਲੜਾਕੂ ਜਹਾਜ਼ ਖ਼ਰੀਦਣ ਦਾ ਹੁਕਮ ਮੋਦੀ ਵਜ਼ਾਰਤ ਨੂੰ ਸੁਣਾ ਦਿੱਤਾ, ਉਹ ਜੰਗੀ ਜਹਾਜ਼ ਜਿਸ ਦੇ ਮੁਕਾਬਲੇ ਦੁਨੀਆ ‘ਚ ਬਿਹਤਰ ਬਦਲ ਮੌਜੂਦ ਹਨ; ਜਿਸਦੀ ਭਾਰਤ ਨੂੰ ਕੋਈ ਲੋੜ ਨਹੀਂ ਹੈ ਅਤੇ ਜਿਸ ਬਾਰੇ ਅਮਰੀਕਾ ਦੀ ਆਪਣੀ ਰਿਪੋਰਟ ਕਹਿੰਦੀ ਹੈ ਕਿ ਅਮਰੀਕਾ ਦੇ ਜੰਗੀ ਬੇੜੇ ਵਿਚਲੇ ਐੱਫ-35 ਜਹਾਜ਼ਾਂ `ਚੋਂ ਅੱਧੇ ਚੱਲਣ ਦੇ ਕਾਬਲ ਨਹੀਂ ਹਨ। ਉਹ ਜਹਾਜ਼ ਜਿਸ ਨੂੰ ਐਲਨ ਮਸਕ ਨੇ ਅਜੇ ਕੁਝ ਮਹੀਨੇ ਪਹਿਲਾਂ ਹੀ ਅਜਿਹਾ ‘ਕਬਾੜ’ ਕਿਹਾ ਸੀ, ਜਿਸ ਨੂੰ ਬਣਾਉਣ ਬਾਰੇ ਮਸਕ ਦੇ ਸ਼ਬਦਾਂ `ਚ ਕੋਈ ਮੂਰਖ਼ ਹੀ ਸੋਚ ਸਕਦਾ ਹੈ। ਤਕਨਾਲੌਜੀ ਅਤੇ ਸਪੇਅਰ-ਪਾਰਟਸ ਵਿਹੂਣਾ ਇਹ ‘ਕਬਾੜ’ ਸਵੀਕਾਰ ਕਰ ਕੇ ਮੋਦੀ ਆਪਣੇ ‘ਮੇਕ ਇਨ ਇੰਡੀਆ’ ਲਈ ਨਵੀਂ ਸੁਗਾਤ ਲਿਆਇਆ ਹੈ। ਇਹ ਦੇਖਣਾ ਦਿਲਚਸਪ ਰਹੇਗਾ ਕਿ ਹੁਣ ਮੋਦੀ ਅਮਰੀਕੀ ਅਜਾਰੇਦਾਰ ਸਰਮਾਏ ਅਤੇ ਆਪਣੇ ਲੰਗੋਟੀਏ ਯਾਰਾਂ ਅਡਾਨੀ-ਅੰਬਾਨੀ ਦੇ ਹਿਤਾਂ ਦਰਮਿਆਨ ਸੰਤੁਲਨ ਕਿਵੇਂ ਬਿਠਾਉਂਦਾ ਹੈ।
ਟਰੰਪ ਮੋਦੀ ਹਕੂਮਤ ਦੀਆਂ ਕਮਜ਼ੋਰੀਆਂ ਬਾਖ਼ੂਬੀ ਜਾਣਦਾ ਹੈ, ਉਹ ਇਸ ਦਾ ਵੱਧ ਤੋਂ ਵੱਧ ਫ਼ਾਇਦਾ ਉਠਾ ਰਿਹਾ ਹੈ। ਅਜੇ ਤਾਂ ਸਮਝੌਤੇ ਦੇ ਕੁਝ ਸੰਕੇਤ ਹੀ ਸਾਹਮਣੇ ਆ ਰਹੇ ਹਨ। ਮੋਦੀ ਦੀ ਅਮਰੀਕਾ ਫੇਰੀ ਦੇ ਘਾਤਕ ਅਸਰ ਸਮੇਂ ਨਾਲ ਸਾਹਮਣੇ ਆਉਣਗੇ ਕਿ ਟਰੰਪ ਅੱਗੇ ਗੋਡੇ ਟੇਕ ਕੇ ਭਾਰਤ ਦੇ ਹਿਤ ਕਿਸ ਕਦਰ ਗਹਿਣੇ ਪਾ ਦਿੱਤੇ ਗਏ।
ਭਾਰਤ ਦੇ ਲੋਕਾਂ ਨੂੰ ਉਮੀਦ ਸੀ ਕਿ ਟਰੰਪ ਨਾਲ ਮਿਲਣੀ ’ਚ ਮੋਦੀ ਬੱਚਿਆਂ ਅਤੇ ਔਰਤਾਂ ਸਮੇਤ ਭਾਰਤ ਦੇ ‘ਗ਼ੈਰਕਾਨੂੰਨੀ ਪ੍ਰਵਾਸੀਆਂ’ ਨਾਲ ਕੀਤੇ ਅਣਮਨੁੱਖੀ ਸਲੂਕ ਦਾ ਮੁੱਦਾ ਜ਼ਰੂਰ ਉਠਾਏਗਾ ਜਿਸ ਦੇ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੇ ਮੰਜ਼ਰ ਦੀ ਵੀਡੀਓ ਬਣਾ ਕੇ ਅਮਰੀਕਨ ਅਧਿਕਾਰੀਆਂ ਨੇ ਜਨਤਕ ਕੀਤੀ ਸੀ। ਇਸ ਕਾਰੇ ਵਿਚ ਮੋਦੀ ਵਜ਼ਾਰਤ ਦੀ ਮਿਲੀਭੁਗਤ ਜੱਗ ਜ਼ਾਹਰ ਸੀ, ਇਸਦੇ ਬਾਵਜੂਦ ਟਰੰਪ ਨਾਲ ਇਹ ਮੁੱਦਾ ਉਠਾਉਣ ਦਾ ਭਰੋਸਾ ਭਾਰਤੀ ਸੰਸਦ ਅੰਦਰ ਬਦੇਸ਼ ਮੰਤਰੀ ਨੇ ਖ਼ੁਦ ਦਿਵਾਇਆ ਸੀ। ਮੀਡੀਆ ਰਿਪੋਰਟਾਂ ਤੋਂ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਕਿ ਮੋਦੀ ਵੱਲੋਂ ਇਹ ਮੁੱਦਾ ਟਰੰਪ ਕੋਲ ਉਠਾਇਆ ਗਿਆ। ਮੋਦੀ ਨੂੰ ਸਿਰਫ਼ ਇਹ ਕਹਿੰਦੇ ਸੁਣਿਆ ਗਿਆ ਕਿ ਗ਼ੈਰਕਾਨੂੰਨੀ ਤਰੀਕੇ ਨਾਲ ਪ੍ਰਵਾਸ ਕਰਨ ਵਾਲਿਆਂ ਨੂੰ ਉੱਥੇ ਰਹਿਣ ਦੀ ਇਜਾਜ਼ਤ ਨਹੀਂ ਮਿਲ ਸਕਦੀ (ਯਾਨੀ ਅਮਰੀਕੀ ਸਰਕਾਰ ਦਾ ਉਨ੍ਹਾਂ ਨਾਲ ਮੁਜਰਮਾਂ ਵਾਲਾ ਸਲੂਕ ਵੀ ਜਾਇਜ਼ ਹੈ ਅਤੇ ਉਨ੍ਹਾਂ ਨੂੰ ਵਾਪਸ ਭੇਜਣਾ ਵੀ ਸਹੀ ਹੈ)। ਮੋਦੀ ਇਹ ਕਿਵੇਂ ਕਹਿ ਸਕਦਾ ਸੀ ਕਿ ਰੋਜ਼ੀ-ਰੋਟੀ ਲਈ ‘ਗ਼ੈਰਕਾਨੂੰਨੀ’ ਤਰੀਕਿਆਂ ਨਾਲ ਪ੍ਰਵਾਸ ਕਰਨ ਵਾਲੇ ਗ਼ਰੀਬੀ ਮਾਰੇ ਲੋਕ ਉਸਦੇ ਆਪਣੇ ‘ਗੁਜਰਾਤ ਮਾਡਲ’ ਸਮੇਤ ਲੋਕ ਵਿਰੋਧੀ ਪ੍ਰਬੰਧ ਦੀ ਉਪਜ ਹਨ। ਇਸ ਦੀ ਬਜਾਏ ਮੋਦੀ ਨੇ ‘ਮਨੁੱਖੀ ਤਸਕਰੀ’ ਦਾ ਮੁੱਦਾ ਉਠਾ ਕੇ ਇਸ ਵਿਰੁੱਧ ਸਾਂਝੀ ਲੜਾਈ ‘ਚ ਟਰੰਪ ਸਰਕਾਰ ਦਾ ਸਹਿਯੋਗ ਮੰਗਿਆ। ਜੇ ਮੋਦੀ ਵੱਲੋਂ ਪ੍ਰਵਾਸੀਆਂ ਨਾਲ ਬਦਸਲੂਕੀ ਦਾ ਮੁੱਦਾ ਉਠਾਇਆ ਵੀ ਗਿਆ ਹੋਵੇਗਾ ਤਾਂ ਟਰੰਪ ਉੱਪਰ ਕੋਈ ਅਸਰ ਨਹੀਂ ਹੋਇਆ। ਮੋਦੀ ਦੀ ਫੇਰੀ ਤੋਂ ਬਾਅਦ ਭੇਜੀਆਂ ਅਗਲੀਆਂ ਦੋ ਫਲਾਈਟਾਂ ਵਿਚ ਅਮਰੀਕੀ ਸਰਕਾਰ ਵੱਲੋਂ ਭਾਰਤੀ ਪ੍ਰਵਾਸੀਆਂ ਨਾਲ ਪਹਿਲਾਂ ਵਾਂਗ ਅਣਮਨੁੱਖੀ ਸਲੂਕ ਕੀਤਾ ਗਿਆ, ਇੱਥੋਂ ਤੱਕ ਕਿ ਸਿੱਖ ਪ੍ਰਵਾਸੀਆਂ ਦੀਆਂ ਦਸਤਾਰਾਂ ਲਾਹ ਕੇ ਕੂੜਾਦਾਨ ਵਿਚ ਸੁੱਟ ਦਿੱਤੀਆਂ। ਇਕ ਸਾਬਕਾ ਫ਼ੌਜੀ ਦੇ ਦਾਹੜੀ-ਕੇਸ ਕੱਟ ਦਿੱਤੇ ਗਏ। ਟਰੰਪ ਦੇ ਅਧਿਕਾਰੀਆਂ ਨੇ ਬਸ ਇੰਨਾ ਕੁ ਰਹਿਮ ਕੀਤਾ ਕਿ ਇਸ ਵਾਰ ਬੱਚਿਆਂ ਅਤੇ ਔਰਤਾਂ ਨੂੰ ਹੱਥਕੜੀਆਂ ਨਹੀਂ ਲਗਾਈਆਂ। ਇਸ ਤੋਂ ਸਾਬਤ ਹੋ ਗਿਆ ਕਿ ਅਮਰੀਕੀ ਹਕੂਮਤ ਨੂੰ ਮੋਦੀ ਵਰਗਿਆਂ ਦੀ ਕੋਈ ਪ੍ਰਵਾਹ ਨਹੀਂ ਹੈ।
ਭਗਵਾ ਹਕੂਮਤ ਇਸ ਦੌਰੇ ਦੀ ਜੇ ਕੋਈ ‘ਪ੍ਰਾਪਤੀ’ ਗਿਣਾ ਸਕਦੀ ਹੈ, ਉਹ ਹੈ ਟਰੰਪ ਸਰਕਾਰ ਦਾ ਮੁੰਬਈ ਦੇ ‘ਦਹਿਸ਼ਤਵਾਦੀ ਹਮਲਿਆਂ’ ਦੇ ਕਥਿਤ ਯੋਜਨਾਘਾੜੇ ਤਹੱਵੁਰ ਰਾਣਾ ਨੂੰ ਭਾਰਤ ਸਰਕਾਰ ਦੇ ਹਵਾਲੇ ਕਰਨ ਲਈ ਸਹਿਮਤ ਹੋਣਾ। ਜਿਵੇਂ ਮੋਦੀ ਸਰਕਾਰ ਖ਼ਾਲਸਤਾਨੀ ਗੁਰਪਤਵੰਤ ਪੰਨੂ ਬਾਰੇ ਚੁੱਪ ਹੈ, ਉਸੇ ਤਰ੍ਹਾਂ ਉਪਰੋਕਤ ਕਾਂਡ ਨਾਲ ਜੁੜੇ ਮੁੱਖ ਚਿਹਰੇ ਡੇਵਿਡ ਹੈਡਲੀ ਬਾਰੇ ਚੁੱਪ ਹੈ। ਇਸ ਹਵਾਲਗੀ ਨੂੰ ਭਾਜਪਾ ‘ਦਹਿਸ਼ਤਵਾਦ ਵਿਰੁੱਧ ਜੰਗ’ ਦੇ ਆਪਣੇ ਬਿਰਤਾਂਤ ਵਿਚ ਇਕ ‘ਪ੍ਰਾਪਤੀ’ ਬਣਾ ਕੇ ਪੇਸ਼ ਕਰ ਸਕਦੀ ਹੈ ਹਾਲਾਂਕਿ ਤੱਥ ਇਹ ਹੈ ਕਿ ਇਸ ਹਵਾਲਗੀ ਦੀ ਪ੍ਰਕਿਰਿਆ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਸਮੇਂ ਹੀ ਸ਼ੁਰੂ ਹੋ ਗਈ ਸੀ।
ਆਰ.ਐੱਸ.ਐੱਸ ਦੇ ਜੰਗੇ-ਆਜ਼ਾਦੀ ਵਿਰੋਧੀ ਘਿਣਾਉਣੇ ਇਤਿਹਾਸ ਤੋਂ ਵਾਕਫ਼ ਲੋਕ ਜਾਣਦੇ ਹਨ ਕਿ ਸੰਘੀ ਲਾਣੇ ਦਾ ਮੁਲਕ ਦੇ ਹਿਤਾਂ ਅਤੇ ਮਾਣ-ਸਨਮਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਅੰਗਰੇਜ਼ੀ ਰਾਜ ਦੌਰਾਨ ਆਪਣੀ ਸਥਾਪਨਾ ਦੇ ਦਿਨਾਂ ਤੋਂ ਹੀ ਸਾਮਰਾਜਵਾਦੀਆਂ ਦੇ ਦਲਾਲ ਰਹੇ ਹਨ। ਮੋਦੀ ਵਜ਼ਾਰਤ ਆਪਣੇ ਵਿਚਾਰਧਾਰਕ ਗੁਰੂਆਂ ਦੇ ਨਕਸ਼ੇ-ਕਦਮਾਂ ਉੱਪਰ ਚੱਲਦਿਆਂ ਹੋਇਆਂ ਹੀ ਮੁਲਕ ਦੇ ਹਿਤ ਸਾਮਰਾਜੀ ਧਾੜਵੀ ਰਾਜਾਂ ਕੋਲ ਗਹਿਣੇ ਪਾ ਰਹੀ ਹੈ। ਇਹ ਭਾਰਤ ਦੇ ਲੋਕਾਂ ਨੇ ਸੋਚਣਾ ਹੈ ਕਿ ਉਨ੍ਹਾਂ ਦੇ ਫਿਰਕੂ ਪਾਲਾਬੰਦੀ ਦੀ ਘਿਣਾਉਣਾ ਸਿਆਸਤ ਦਾ ਖਾਜਾ ਬਣਨਾ ਹੈ ਜਾਂ ਆਪਣੇ ਮੁਲਕ ਨੂੰ ਬਚਾਉਣਾ ਹੈ।