ਅੰਮ੍ਰਿਤਸਰ: ਗ਼ੈਰ-ਕਾਨੂੰਨੀ ਢੰਗਾਂ ਨਾਲ ਭਾਰਤ ਤੋਂ ਅਮਰੀਕਾ ਗਏ ਪ੍ਰਵਾਸੀਆਂ ਦਾ ਅਮਰੀਕਾ-ਨਿਕਾਲਾ ਲਗਾਤਾਰ ਜਾਰੀ ਹੈ।
ਅਮਰੀਕਾ ਦਾ ਤੀਜਾ ਫ਼ੌਜੀ ਜਹਾਜ਼ 112 ਭਾਰਤੀਆਂ ਨੂੰ ਲੈ ਕੇ ਐਤਵਾਰ ਰਾਤ 10:05 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਪੁੱਜਿਆ। ਭਾਰਤ ‘ਚ ਵਿਰੋਧ ਦੇ ਬਾਵਜੂਦ ਅਮਰੀਕਾ ਦਾ ਟਰੰਪ ਪ੍ਰਸ਼ਾਸਨ ਨਹੀਂ ਮੰਨਿਆ ਤੇ ਤੀਜੀ ਫੇਰੀ ‘ਚ ਵਾਪਸ ਭੇਜੇ ਗਏ ਭਾਰਤੀਆਂ ਨੂੰ ਵੀ ਹੱਥਕੜੀਆਂ ਤੇ ਬੇੜੀਆਂ ਬੰਨ੍ਹ ਕੇ ਹੀ ਭਾਰਤ ਭੇਜਿਆ ਗਿਆ। ਇਸ ਫੇਰੀ ‘ਚ ਸਿਰਫ਼ ਇਹ ਛੋਟ ਰਹੀ ਕਿ ਔਰਤਾਂ ਤੇ ਬੱਚਿਆਂ ਦੇ ਹੱਥ-ਪੈਰ ਨਹੀਂ ਬੰਨ੍ਹੇ ਗਏ। ਤੀਜੇ ਹਵਾਈ ਜਹਾਜ਼ ‘ਚ ਆਉਣ ਵਾਲਿਆਂ ‘ਚ ਹਰਿਆਣਾ ਦੇ ਸਭ ਤੋਂ ਵੱਧ 44, ਗੁਜਰਾਤ ਦੇ 33, ਪੰਜਾਬ 31, ਉੱਤਰ ਪ੍ਰਦੇਸ਼ ਦੇ ਦੋ, ਹਿਮਾਚਲ ਤੇ ਉੱਤਰਾਖੰਡ ਦਾ ਇਕ ਇਕ ਨਾਗਰਿਕ ਸ਼ਾਮਲ ਹੈ। ਇਨ੍ਹਾਂ ‘ਚ 11 ਬੱਚਿਆਂ ਸਣੇ 89 ਪੁਰਸ਼ ਤੇ ਚਾਰ ਬੱਚੀਆਂ ਸਣੇ 23 ਔਰਤਾਂ ਸ਼ਾਮਲ ਹਨ। ਇਨ੍ਹਾਂ ‘ਚ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਚਾਰ, ਗੁਰਦਾਸਪੁਰ ਦੇ ਅੱਠ, ਫ਼ਿਰੋਜ਼ਪੁਰ ਤੇ ਲੁਧਿਆਣਾ ਦੇ ਦੋ-ਦੋ ਲੋਕ ਸ਼ਾਮਿਲ ਹਨ। ਹੁਣ ਤੱਕ ਤਿੰਨ ਸਮੂਹਾਂ ‘ਚ 377 ਲੋਕਾਂ ਨੂੰ ਅਮਰੀਕਾ ਨੇ ਭਾਰਤ ਭੇਜਿਆ। ਇਨ੍ਹਾਂ ‘ਚ 126 ਪੰਜਾਬ ਦੇ ਹਨ। ਇਸ ਤੋਂ ਪਹਿਲਾਂ ਸ਼ਨਿਚਰਵਾਰ ਰਾਤ ਦੂਜੀ ਵਾਰ ਅਮਰੀਕਾ ਤੋਂ ਭੇਜੇ ਗਏ 116 ਭਾਰਤੀਆਂ ‘ਚ ਔਰਤਾਂ ਤੇ ਬੱਚਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਹੱਥਕੜੀਆਂ ਲਾ ਕੇ ਲਿਆਂਦਾ ਗਿਆ ਸੀ। ਪਹਿਲੇ ਗੇੜ ‘ਚ ਪੰਜ ਫਰਵਰੀ ਨੂੰ ਡਿਪੋਰਟ ਕੀਤੇ ਗਏ 104 ਭਾਰਤੀਆਂ ਨੂੰ ਹੱਥਕੜੀਆਂ ਬੰਨ੍ਹੀਆਂ ਗਈਆਂ ਸਨ। ਐਤਵਾਰ ਨੂੰ ਹਵਾਈ ਜਹਾਜ਼ ਦੇ ਲੈਂਡ ਕਰਨ ਤੋਂ ਬਾਅਦ ਜਾਂਚ ਏਜੰਸੀਆਂ ਨੇ ਡਿਪੋਰਟ ਹੋਏ ਲੋਕਾਂ ਤੋਂ ਪੁੱਛਗਿੱਛ ਕੀਤੀ। ਉਸ ਤੋਂ ਬਾਅਦ ਸਾਰਿਆਂ ਨੂੰ ਖਾਣਾ ਖੁਆਇਆ ਗਿਆ। ਖ਼ਾਸ ਗੱਲ ਇਹ ਰਹੀ ਕਿ ਐਤਵਾਰ ਨੂੰ ਏਅਰਪੋਰਟ ‘ਤੇ ਡਿਪੋਰਟ ਹੋ ਕੇ ਆਏ ਲੋਕਾਂ ਨੂੰ ਲੈਣ ਉਨ੍ਹਾਂ ਦੇ ਪਰਿਵਾਰਕ ਮੈਂਬਰ ਨਹੀਂ ਪੁੱਜੇ। ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤਾ ਸੀ ਕਿ ਉਹ ਉਨ੍ਹਾਂ ਨੂੰ ਸਿੱਧਾ ਉਨ੍ਹਾਂ ਦੇ ਘਰ ਪਹੁੰਚਾਏਗੀ। ਹਰਿਆਣਾ ਸਰਕਾਰ ਨੇ ਆਪਣੇ ਸੂਬੇ ਨਾਲ ਸਬੰਧਤ ਡਿਪੋਰਟ ਲੋਕਾਂ ਨੂੰ ਏਅਰਪੋਰਟ ‘ਤੇ ਰਿਸੀਵ ਕਰਨ ਲਈ ਇਸ ਵਾਰ ਤੀਰਥ ਯਾਤਰਾ ਮਹਾਂਕੁੰਭ ਦੀ ਵੋਲਵੋ ਬੱਸ ਭੇਜੀ। ਇਸ ਤੋਂ ਪਹਿਲਾਂ ਦੋ ਅਮਰੀਕੀ ਉਡਾਣਾਂ ਰਾਹੀਂ ਆਏ ਹਰਿਆਣਾ ਦੇ ਲੋਕਾਂ ਨੂੰ ਲੈਣ ਲਈ ਉੱਥੋਂ ਦੇ ਪੁਲਿਸ ਵਿਭਾਗ ਦੀਆਂ ਗੱਡੀਆਂ ਆਈਆਂ ਸਨ। ਹਰਿਆਣਾ ਪੁਲਿਸ ਦੀਆਂ ਗੱਡੀਆਂ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਅੰਗ ਕਰਦਿਆਂ ਕਿਹਾ ਸੀ ਕਿ ਅਮਰੀਕਾ ਤੋਂ ਪਰਤੇ ਲੋਕਾਂ ਨੂੰ ਜ਼ਿਆਦਾ ਸਨਮਾਨਤ ਢੰਗ ਨਾਲ ਰਿਸੀਵ ਕਰਨ ਲਈ ਹਰਿਆਣਾ ਨੂੰ ਚੰਗੇ ਵਾਹਨ ਭੇਜਣੇ ਚਾਹੀਦੇ ਹਨ।
