ਜਥੇਦਾਰ ਰਘਬੀਰ ਸਿੰਘ ਦੀ ਟਿੱਪਣੀ ਕਾਰਨ ਛੱਡ ਰਿਹਾਂ ਅਹੁਦਾ: ਧਾਮੀ
ਅੰਮ੍ਰਿਤਸਰ: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੇ ਮੁੱਦੇ ‘ਤੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੈਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫ਼ਾ ਐੱਸਜੀਪੀਸੀ ਦੀ ਐਤ੍ਰਿੰਗ ਕਮੇਟੀ ਨੂੰ ਭੇਜ ਦਿੱਤਾ ਹੈ।
ਸੋਮਵਾਰ ਨੂੰ ਦੁਪਹਿਰ 12 ਵਜੇ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਸੱਦੀ ਸੀ। ਪਹਿਲਾਂ ਉਨ੍ਹਾਂ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਸਿੱਖਾਂ ਦੀਆਂ ਦਸਤਾਰਾਂ ਉਤਰਵਾਉਂਣ ਦਾ ਜ਼ਿਕਰ ਕੀਤਾ। ਫਿਰ ਹਰਿਆਣਾ ਕਮੇਟੀ, ਦਿੱਲੀ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ‘ਚ ਸਰਕਾਰੀ ਦਖ਼ਲ-ਅੰਦਾਜੀ ਦਾ ਦੋਸ਼ ਲਾਉਂਦਿਆਂ ਸਿੱਖਾਂ ਨੂੰ ਸਿੱਖ ਸੰਸਥਾਵਾਂ ਪ੍ਰਤੀ ਲਾਮਬੰਦ ਹੋਣ ਦਾ ਸੁਨੇਹਾ ਵੀ ਦਿੱਤਾ। ਇਸ ਤੋਂ ਬਾਅਦ ਅਸਲ ਮੁੱਦੇ ‘ਤੇ ਆਏ ‘ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ੇ ਦਾ ਐਲਾਨ ਕਰ ਦਿੱਤਾ।
ਧਾਮੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਤੋਂ ਬਾਅਦ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਪਣੀ ਫੇਸਬੁੱਕ ‘ਤੇ ਪੋਸਟ ਲਿਖ ਕੇ ਇਸ ਫ਼ੈਸਲੇ ਨੂੰ ‘ਨਿੰਦਣਯੋਗ ਤੇ ਮੰਦਭਾਗਾ ਵਰਤਾਰਾ, ਤਖ਼ਤ ਸਾਹਿਬਾਨ ਦੀ ਆਜ਼ਾਦ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਂਣ ਵਾਲਾ’ ਦੱਸਿਆ ਹੈ। ਧਾਮੀ ਨੇ ਕਿਹਾ ਕਿ ਇਸ ਪੋਸਟ ਤੋਂ ਬਾਅਦ ਮੈਂ ਨੈਤਿਕਤਾ ਦੇ ਆਧਾਰ ‘ਤੇ ਇਸ ਫ਼ੈਸਲੇ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵੱਲੋਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ 11 ਅੰਤ੍ਰਿੰਗ ਕਮੇਟੀ ਮੈਂਬਰ ਚੁਣ ਕੇ ਸ਼੍ਰੋਮਣੀ ਕਮੇਟੀ ਪ੍ਰਤੀ ਸਾਰੇ ਫ਼ੈਸਲੇ ਲੈਣ ਦਾ ਅਧਿਕਾਰ ਦਿੱਤਾ ਜਾਂਦਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ‘ਚ ਵੀ ਜੋ ਫ਼ੈਸਲਾ ਲਿਆ ਗਿਆ, ਪੂਰੀ ਅੰਤ੍ਰਿੰਗ ਕਮੇਟੀ ‘ਚ ਡੇਢ ਘੰਟੇ ਦੀ ਵਿਚਾਰ ਚਰਚਾ ਮਗਰੋਂ ਸਹਿਮਤੀ ਨਾਲ ਹੀ ਲਿਆ ਗਿਆ ਹੈ। ਇਸ ਦੇ ਬਾਵਜੂਦ ਅੰਤ੍ਰਿੰਗ ਕਮੇਟੀ ਦੀ ਪ੍ਰਧਾਨਗੀ ਕਰਨ ਦੇ ਨਾਤੇ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਅੰਤ੍ਰਿੰਗ ਕਮੇਟੀ ਨੂੰ ਅਸਤੀਫ਼ਾ ਭੇਜ ਦਿੱਤਾ ਹੈ। ਮੈਂ ਹਮੇਸ਼ਾ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਿਪਤ ਰਿਹਾ ਹਾਂ ਇਸ ਲਈ ਜਥੇਦਾਰ ਦੀ ਕਹੀ ਗੱਲ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਬੰਧੀ ਬਣਾਈ ਸੱਤ ਮੈਂਬਰੀ ਕਮੇਟੀ ਦੇ ਮੁਖੀ ਵਜੋਂ ਸੇਵਾਵਾਂ ਤੋਂ ਮੁਕਤੀ ਲਈ ਵੀ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਦੇ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਮਾਣ ਬਖ਼ਸ਼ਿਆ: ਧਾਮੀ
ਧਾਮੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਉਨ੍ਹਾਂ ਨੂੰ ਮਾਣ-ਸਤਿਕਾਰ ਦਿੱਤਾ ਹੈ। ਜਦੋਂ ਉਹ ਪਹਿਲੀ ਵਾਰੀ 1996 ‘ਚ ਸ਼੍ਰੋਮਣੀ ਕਮੇਟੀ ਮੈਂਬਰ ਬਣੇ ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਅੰਤ੍ਰਿੰਗ ਕਮੇਟੀ ‘ਚ ਸ਼ਾਮਲ ਕੀਤਾ। 2019 ‘ਚ ਉਨ੍ਹਾਂ ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਬਣਾਇਆ ਗਿਆ। ਫਿਰ 2020 ‘ਚ ਮੁੱਖ ਸਕੱਤਰ ਤੇ ਸਾਲ 2021, 22, 23 ਤੇ 24 ‘ਚ ਚਾਰ ਵਾਰ ਲਗਾਤਾਰ ਪ੍ਰਧਾਨ ਵਜੋਂ ਸੇਵਾਵਾਂ ਸੌਂਪੀਆਂ। ਉਨ੍ਹਾਂ ਕਿਹਾ ਕਿ ਇਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਜਿੰਨਾਂ ਵੀ ਉਹ ਧੰਨਵਾਦ ਕਰਨ, ਥੋੜ੍ਹਾ ਹੈ। ਉਨ੍ਹਾਂ ਕਿਹਾ ਕਿ ਧਾਮੀ ਵਰਗੇ ਕਈ ਪ੍ਰਧਾਨ ਆਉਂਦੇ ਰਹਿਣਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਸਰਮੌਰ ਤਖ਼ਤ ਹੈ, ਜਿੱਥੋਂ ਕੋਈ ਵੀ ਸਿੱਖ ਮੁਨਕਰ ਨਹੀਂ ਹੋ ਸਕਦਾ। ਸ਼੍ਰੋਮਣੀ ਅਕਾਲੀ ਦਲ ਸੰਸਥਾ ਵੀ ਇੱਥੋਂ ਹੀ ਥਾਪੀ ਗਈ ਹੈ, ਇਨ੍ਹਾਂ ਸੰਸਥਾਵਾਂ ਨੂੰ ਸਰਕਾਰਾਂ ਲਗਾਤਾਰ ਕਮਜ਼ੋਰ ਕਰਨ ਦੇ ਯਤਨ ਕਰ ਰਹੀਆਂ ਹਨ। ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਸੰਸਥਾਵਾਂ ਨੂੰ ਕਮਜ਼ੋਰ ਹੋਣ ਤੋਂ ਬਚਾਓ ਤਾਂ ਹੀ ਪੰਥ ਚੜ੍ਹਦੀਕਲਾ ‘ਚ ਰਹਿ ਸਕਦਾ ਹੈ।
ਸਰਵਿਸ ਰੂਲ ਤਹਿਤ ਸਰਬਸੰਮਤੀ ਨਾਲ ਕੀਤਾ ਗਿਆ ਹੈ ਫ਼ੈਸਲਾ
ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੀਤੀ 10 ਫਰਵਰੀ ਨੂੰ ਗਿਆਨੀ ਹਰਪ੍ਰੀਤ ਸਿੰਘ ਸਬੰਧੀ ਕੀਤੇ ਆਪਣੇ ਫੈਸਲੇ ਨੂੰ ਜਾਇਜ਼ ਦੱਸਿਆ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਸਬੰਧੀ ਲਏ ਫ਼ੈਸਲੇ ਨੂੰ ਸ਼੍ਰੋਮਣੀ ਕਮੇਟੀ ਦੇ ਸਰਵਿਸ ਰੂਲ ਦਾ ਹਿੱਸਾ ਦੱਸਦਿਆਂ ਕਿਹਾ ਕਿ ਜਿਹੜੇ ਵੀ ਸਿੰਘ ਸਾਹਿਬਾਨ ਖ਼ਿਲਾਫ਼ ਸ਼ਿਕਾਇਤ ਆਈ ਹੈ, ਸ਼੍ਰੋਮਣੀ ਕਮੇਟੀ ਨੇ ਜਾਂਚ ਕਰ ਕੇ ਕਾਰਵਾਈ ਕੀਤੀ ਹੈ, ਇਸ ਤਰ੍ਹਾਂ ਦੇ ਕਈ ਫ਼ੈਸਲੇ ਪਹਿਲਾਂ ਵੀ ਹੋਏ ਹਨ, ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਦਾ ਪਹਿਲਾ ਫੈਸਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ 170 ਮੈਂਬਰ ਜਰਨਲ ਚੋਣ ਨਾਲ ਚੁਣੇ ਜਾਂਦੇ ਹਨ। ਕਮੇਟੀ ‘ਚ 22 ਹਜ਼ਾਰ ਮੁਲਾਜ਼ਮ ਸਰਵਿਸ ਰੂਲ ਤਹਿਤ ਕੰਮ ਕਰ ਰਹੇ ਹਨ। ਭਾਵੇਂ ਸਿੰਘ ਸਾਹਿਬਾਨ ਦਾ ਰੁਤਬਾ ਸਭ ਤੋਂ ਵੱਡਾ ਹੈ, ਪਰ ਉਹ ਵੀ ਇਸੇ ਸਿਸਟਮ ਚੋਂ ਹੀ ਆਉਂਦੇ ਹਨ। ਗ੍ਰੰਥੀ, ਸਿੰਘ ਸਾਹਿਬਾਨ, ਪੰਜ ਪਿਆਰੇ ਆਦਿ ਦੀ ਵੀ ਬਾਕੀ ਮੁਲਾਜ਼ਮਾਂ ਵਾਂਗ ਸਰਵਿਸ ਰੂਲ ਤਹਿਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਐਕਟ ਤਹਿਤ ਨਿਯੁਕਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪ੍ਰਧਾਨਗੀ ਸਮੇਂ ਇਹ ਸਵਾਲ ਉੱਠੇ ਸਨ। ਕਿ ਸਿੰਘ ਸਾਹਿਬਾਨ ਨੂੰ ਸਨਮਾਨ ਭੱਤਾ ਵੱਖਰਾ ਦੇਣਾ ਚਾਹੀਦਾ ਹੈ, ਕਿਉਂਕਿ ਸਿੰਘ ਸਾਹਿਬਾਨ ਨੂੰ ਮੁਲਾਜ਼ਮ ਕਹਿਣਾ ਇਸ ਅਹੁਦੇ ਦੀ ਤੌਹੀਨ ਹੈ। ਪਰ ਉਸ ਸਮੇਂ ਦੇ ਸਿੰਘ ਸਾਹਿਬਾਨ ਨੇ ਕਿਹਾ ਸੀ ਕਿ ਜੋ ਸਾਡਾ ਸਿਸਟਮ ਚੱਲਦਾ ਹੈ ਉਸ ਤਰ੍ਹਾਂ ਹੀ ਚੱਲਦਾ ਰਹਿਣਾ ਦਿਓ। ਇਸ ਕਰਕੇ ਸਿੰਘ ਸਾਹਿਬਾਨ ਸਰਵਿਸ ਰੂਲ ਤਹਿਤ ਹੀ ਸੇਵਾ ਨਿਭਾ ਰਹੇ ਹਨ।
ਧਾਮੀ ਦਾ ਅਸਤੀਫ਼ਾ
ਮੰਦਭਾਗਾ ਕਰਾਰ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤਾ ਅਸਤੀਫ਼ਾ ਬਹੁਤ ਮੰਦਭਾਗਾ ਹੈ। ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਇਸ ਤੋਂ ਸਿੱਧਾ ਸਪੱਸ਼ਟ ਹੁੰਦਾ ਹੈ ਕਿ ਉਹਨਾਂ ਉੱਪਰ ਕਿੰਨਾ ਦਬਾਅ ਸੀ ਤੇ ਹੋਵੇਗਾ।
ਇਸ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਉੱਤੇ ਬਣੀ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਮੰਗਵਾ ਕੇ ਸਪੱਸ਼ਟੀਕਰਨ ਲੈਣ ਜਿਨ੍ਹਾਂ ਨੇ ਬਿਨਾਂ ਸਿਰ-ਪੈਰ ਰਿਪੋਰਟ ਦੇ ਕੇ ਪੰਥਕ ਸੰਸਥਾਵਾਂ ਲਈ ਵੱਡਾ ਸੰਕਟ ਪੈਦਾ ਕੀਤਾ ਤੇ ਪੰਥਕ ਸੰਸਥਾਵਾਂ ਨੂੰ ਇਕ ਵਿਅਕਤੀ ਵਿਸ਼ੇਸ ਲਈ ਦਾਅ ‘ਤੇ ਲਾਇਆ ਹੈ। ਸੱਤ ਮੈਂਬਰੀ ਕਮੇਟੀ ਨੂੰ ਕੰਮ ਕਰਨ ਲਈ ਕਹਿਣਾ ਚਾਹੀਦਾ ਹੈ।
