ਸੈਨ ਹੋਜ਼ੇ: ਛੇ ਮਹੀਨੇ ਪਹਿਲਾਂ ਡਾਲਰ ਕਮਾਉਣ ਦਾ ਸੁਪਨਾ ਲੈ ਕੇ ਨਾਜਾਇਜ਼ ਢੰਗ ਨਾਲ ਅਮਰੀਕਾ ਪੁੱਜੇ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਮੁਹੱਬਲੀਪੁਰ ਦੇ 35 ਸਾਲਾ ਨੌਜਵਾਨ ਪਰਮਜੀਤ ਸਿੰਘ ਨੇ ਲੰਘੀ 22 ਅਕਤੂਬਰ ਨੂੰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਰਮਜੀਤ ਸੰਨੀਵੇਲ ਦੇ ਇਕ ਰੈਸਟੋਰੈਂਟ ਚਾਟ ਭਵਨ ਵਿਚ ਕੰਮ ਕਰਦਾ ਸੀ ਜੋ ਕਿ ਸੰਨੀਵੇਲ ਹਿੰਦੂ ਮੰਦਿਰ ਦੇ ਐਨ ਪਿਛੇ ਸਥਿਤ ਹੈ। ਪਰਮਜੀਤ ਆਪਣੇ ਪਿਛੇ ਦੋ ਬੱਚੇ-ਗਿਆਰਾਂ ਸਾਲ ਦੀ ਇਕ ਲੜਕੀ ਅਤੇ 8-9 ਸਾਲ ਦਾ ਮੁੰਡਾ ਛੱਡ ਗਿਆ ਹੈ। ਉਸ ਦੇ ਪਿਤਾ ਜਸਵੰਤ ਸਿੰਘ ਨੂੰ ਉਸ ਦੀ ਮੌਤ ਦੀ ਖਬਰ ਉਸ ਦੇ ਦੋਸਤਾਂ ਨੇ ਦਿਤੀ। ਉਸ ਦੇ ਦੋਸਤਾਂ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਉਹ ਕਾਫੀ ਪ੍ਰੇਸ਼ਾਨ ਸੀ।
ਉਹ ਆਪਣੀ ਜ਼ਮੀਨ ਗਹਿਣੇ ਧਰ ਕੇ ਤਕਰੀਬਨ 25 ਲੱਖ ਰੁਪਏ ਖ਼ਰਚ ਕੇ ਮੈਕਸੀਕੋ ਰਸਤੇ ਅਮਰੀਕਾ ਪੁੱਜਾ ਸੀ। ਮੈਕਸੀਕੋ ਸਰਹੱਦ ‘ਤੇ ਫੜੇ ਜਾਣ ‘ਤੇ 40 ਦਿਨ ਅਮਰੀਕਾ ਦੀ ਪੁਲਿਸ ਦੇ ਕੈਂਪ ਵਿਚ ਰਹਿਣ ਮਗਰੋਂ ਉਹ ਆਪਣੇ ਸਾਥੀਆਂ ਸਮੇਤ ਰਿਹਾ ਹੋ ਕੇ ਕੈਲੀਫੋਰਨੀਆ ਪਹੁੰਚਿਆ। ਪਰਮਜੀਤ ਸਿੰਘ ਨੂੰ ਘੱਟ ਪੜ੍ਹਿਆ ਹੋਣ ਕਾਰਨ ਕੰਮ ਲੱਭਣ ਵਿਚ ਔਕੜ ਆ ਰਹੀ ਸੀ। ਹੋਟਲ ਦੇ ਰਸੋਈ ਘਰ ਵਿਚ ਸਖ਼ਤ ਕੰਮ, ਕਰਜ਼ੇ ਦੇ ਬੋਝ ਅਤੇ ਘਰ ਦੇ ਮੋਹ ਵਿਚ ਉਦਾਸ ਪਰਮਜੀਤ ਸਿੰਘ ਨੇ ਆਪਣੇ ਨਾਲ ਰਹਿਣ ਵਾਲੇ ਵਿਅਕਤੀਆਂ ਕੋਲ ਵੀ ਘਰ ਵਾਪਸ ਪਰਤਣ ਦੀ ਇੱਛਾ ਪ੍ਰਗਟਾਈ ਸੀ ਪਰ ਉਸ ਕੋਲ ਪਾਸਪੋਰਟ ਨਾ ਹੋਣ ਕਾਰਨ ਉਹ ਵਾਪਸ ਨਾ ਪਰਤ ਸਕਿਆ।
ਪਰਮਜੀਤ ਦੇ ਦੋਸਤਾਂ ਵਲੋਂ ਉਸ ਦੀ ਮ੍ਰਿਤਕ ਦੇਹ ਇੰਡੀਆ ਭੇਜਣ ਅਤੇ ਪਿਛੇ ਰਹਿ ਰਹੇ ਉਸ ਦੇ ਪਰਿਵਾਰ ਦੀ ਮਦਦ ਕਰਨ ਲਈ ਮਾਲੀ ਮਦਦ ਇਕੱਤਰ ਕੀਤੀ ਜਾ ਰਹੀ ਹੈ। ਮਾਲੀ ਮਦਦ ਲਈ ਨਰਿੰਦਰ ਸਿੰਘ ਰਾਏ ਫੋਨ 408-406-1211 ਜਾਂ ਪਰਮਪਾਲ ਸਿੰਘ ਫੋਨ 209-450-9300 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Leave a Reply