ਕੁਲਵਿੰਦਰ ਖਹਿਰਾ
ਉਹ ਗਰਮੀਆਂ ਦੀ ਇੱਕ ਨਿੱਖਰੀ ਹੋਈ ਨਿੱਘੀ ਦੁਪਹਿਰ ਸੀ ਜਦੋਂ ਮੈਂ ਪਹਿਲੀ ਵਾਰ ਉਸ ਨੂੰ ਬਰੈਂਪਟਨ ਦੀ ਕੁਈਨ ਸਟਰੀਟ ਦੇ ਕਿਸੇ ਬੱਸ ਸਟੌਪ ‘ਤੇ ਬੈਠੇ ਵੇਖਿਆ ਸੀ। ਤਕਰੀਬਨ 70ਵਿਆਂ ਦੀ ਉਮਰ ਵਿਚ ਕਤਰੀ ਹੋਈ ਕਰੜ-ਬਰੜੀ ਦਾਹੜੀ ਅਤੇ ਸਿਰ ‘ਤੇ ਸਰਦੀਆਂ ਵਾਲੀ ਟੋਪੀ ਵਿਚ ਪਛਾਨਣਾ ਮੁਸ਼ਕਲ ਨਹੀਂ ਸੀ ਕਿ ਉਹ ਕੋਈ ਪੰਜਾਬੀ ਸੀ।
ਏਨੀ ਗਰਮੀ ਵਿਚ ਵੀ ਲੰਮਾ ਕੋਟ ਪਾਈ ਬੈਠੇ ਹੋਣਾ ਉਸ ਦਾ ਮੇਰੇ ਉੱਤੇ ਹਮੇਸ਼ਾਂ ਕਾਇਮ ਰਹਿਣ ਵਾਲਾ ਪਹਿਲਾ ਪ੍ਰਭਾਵ ਸੀ। ਬੱਸ ਸਟੌਪ ‘ਤੇ ਉਹ ਇਕੱਲਾ ਹੀ ਬੈਠਾ ਹੋਇਆ ਸੀ। ਉਸ ਨੂੰ ਚੁੱਕਣ ਲਈ ਮੈਂ ਆਪਣੀ ਬੱਸ ਰੋਕੀ ਅਤੇ ਦਰਵਾਜ਼ਾ ਖੋਲਿ੍ਹਆ ਪਰ ਉਹ ਬੈਠਾ ਹੀ ਰਿਹਾ। ਕਿਉਂਕਿ ਬਹੁਤ ਸਾਰੇ ਲੋਕ, ਖ਼ਾਸ ਕਰਕੇ ਪੰਜਾਬੀ ਬਜ਼ੁਰਗ, ਅਕਸਰ ਹੀ ਬੱਸ ਸਟੌਪ ‘ਤੇ ਬਣੇ ਬੈਂਚਾਂ ‘ਤੇ ਸਮਾਂ ਬਿਤਾਉਣ ਜਾਂ ਕਿਸਮਤ ਨਾਲ ਨਸੀਬ ਹੋਣ ਵਾਲੀ ਧੁੱਪ ਸੇਕਣ ਲਈ ਆ ਬੈਠਦੇ ਹਨ, ਇਸ ਲਈ ਮੈਂ ਸੋਚਿਆ ਕਿ ਸ਼ਾਇਦ ਇਹ ਵੀ ਸਿਰਫ ਸਮਾਂ ਲੰਘਾਉਣ ਲਈ ਬੈਂਚ ‘ਤੇ ਬੈਠਾ ਹੈ। ਇਹ ਸੋਚਦਿਆਂ ਮੈਂ ਬੱਸ ਦਾ ਦਰਵਾਜ਼ਾ ਬੰਦ ਕੀਤਾ ਹੀ ਸੀ ਕਿ ਉਹ ਹੌਲੀ ਹੌਲੀ ਹਰਕਤ ਵਿਚ ਆਇਆ ਅਤੇ ਮੇਰੇ ਵੱਲ ਇਸ ਤਰ੍ਹਾਂ ਵੇਖਣ ਲੱਗਾ ਜਿਵੇਂ ਕਹਿ ਰਿਹਾ ਹੋਵੇ ‘ਠਹਿਰ ਜਾ, ਕਾਹਦੀ ਕਾਹਲ਼ੀ ਪਈ ਆ?’ ਜਿਉਂ ਹੀ ਰੀਂਘਦੇ ਜਿਹੇ ਪੈਰ ਧਰਦਾ ਉਹ ਬੱਸ ‘ਤੇ ਚੜ੍ਹਨ ਲੱਗਾ, ਮੈਨੂੰ ਇੱਕ ਗੱਲ ਸਪਸ਼ਟ ਹੋ ਗਈ ਕਿ ਉਹ ਸ਼ਰਾਬੀ ਸੀ। ਰੱਬ ਦੇ ਸਰਾਪੇ ਹੋਏ ਇਸ ਬੰਦੇ ਲਈ, ਜਿਸ ਨੂੰ ਇਹ ਵੀ ਪਤਾ ਨਹੀਂ ਸੀ ਕਿ ਮੋਟੇ ਕੋਟ ਗਰਮੀਆਂ ਨਹੀਂ ਸਗੋਂ ਸਰਦੀਆਂ ਵਿਚ ਪਾਉਣ ਲਈ ਹੁੰਦੇ ਹਨ, ਆਪਣੀ ਰਾਇ ਬਣਾਉਣ ਲਈ ਮੈਨੂੰ ਹੋਰ ਕੁਝ ਜਾਨਣ ਦੀ ਲੋੜ ਨਹੀਂ ਸੀ। ਪਰ ਸਿਖਰ ਦੁਪਹਿਰੇ ਜਨਤਕ ਥਾਂ ‘ਤੇ ਸ਼ਰਾਬੀ ਹੋਏ ਬੈਠੇ ਬੰਦੇ ਕੋਲੋਂ ਤੁਸੀਂ ਹੋਰ ਆਸ ਵੀ ਕੀ ਕਰ ਸਕਦੇ ਹੋ? ਬਲ਼ਦੀ ‘ਤੇ ਤੇਲ ਪਾਉਣ ਵਾਲੀ ਗੱਲ ਇਹ ਵੀ ਹੋਈ ਕਿ ਮੜਕ ਨਾਲ ਤੁਰਨ ਵਾਲੇ ਜਨਾਬ ਕੋਲ ਬੱਸ ਦੀ ਟਿਕਟ ਵੀ ਤਿਆਰ ਨਹੀਂ ਸੀ ਜਿਸ ਨੂੰ ਆਪਣੀਆਂ ਜੇਬਾਂ ਵਿਚੋਂ ਲੱਭਣ ਲਈ ਉਸ ਨੂੰ ਹੋਰ ਸਮੇਂ ਦੀ ਲੋੜ ਸੀ। ‘ਗਿਵ ਮੀ ਏ ਸੈਕਿੰਡ’, ਆਪਣੀਆਂ ਜੇਬਾਂ ਵਿਚੋਂ ਟਿਕਟ ਲੱਭਦਿਆਂ ਉਸ ਕਿਹਾ। ਆਹ! ਉਸ ਦੀ ਥਥਲਾ ਰਹੀ ਜ਼ਬਾਨ ਮੇਰੇ ਸ਼ੱਕ ਨੂੰ ਯਕੀਨ ਵਿਚ ਬਦਲ ਗਈ ਸੀ: ਉਹ ਵਾਕਿਆ ਹੀ ਸ਼ਰਾਬੀ ਸੀ। ਮੈਂ ਲੇਟ ਹੋ ਰਿਹਾ ਸਾਂ ਪਰ ਉਹ ਆਪਣੇ ਪੂਰੇ ਮਜ਼ੇ ਨਾਲ ਹੌਲੀ ਹੌਲੀ ਟਿਕਟ ਲੱਭ ਰਿਹਾ ਸੀ। ਪਲ-ਪਲ ਵਧਦੀ ਜਾ ਰਹੀ ਮੇਰੀ ਤਲਖ਼ੀ ਕਹਿ ਰਹੀ ਸੀ ਕਿ ਮੈਂ ਬੱਸ ਤੋਰ ਲਵਾਂ ਪਰ ਮੇਰਾ ਅੰਦਰਲਾ ਮਨ ਕਹਿ ਰਿਹਾ ਸੀ ‘ਸਬਰ ਕਰ’ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਬੱਸ ਤੋਰਾਂ ਤੇ ਸ਼ਰਾਬੀ ਭਾਅ ਜੀ ਬੱਸ ਦੇ ਵਿਚਾਲ਼ੇ ਚੌਫਾਲ਼ ਲੰਮੇ ਪਏ ਹੋਣ।
ਇਹ ਕੋਈ ਪਹਿਲਾ ਮੌਕਾ ਨਹੀਂ ਸੀ ਕਿ ਮੈਂ ਕਿਸੇ ਸ਼ਰਾਬੀ ਸਵਾਰੀ ਨੂੰ ਚੁੱਕ ਰਿਹਾ ਸਾਂ। ਮੈਨੂੰ ਇਹ ਗੱਲ ਮੰਨਣ ਵਿਚ ਕੋਈ ਹਿਚਕਿਚਾਹਟ ਨਹੀਂ ਕਿ ਮੇਰੀ ਤਲਖ਼ੀ ਸ਼ਾਇਦ ਇਸ ਕਰਕੇ ਨਹੀਂ ਸੀ ਕਿ ਉਹ ਬੰਦਾ ਬਹੁਤ ਸਮਾਂ ਬਰਬਾਦ ਕਰਕੇ ਮੈਨੂੰ ਲੇਟ ਕਰ ਰਿਹਾ ਸੀ ਸਗੋਂ ਜਦੋਂ ਹੁਣ ਮੈਂ ਉਸ ਦਿਨ ਨੂੰ ਯਾਦ ਕਰਦਾ ਹਾਂ ਤਾਂ ਲੱਗਦਾ ਹੈ ਕਿ ਸ਼ਾਇਦ ਮੈਂ ਇਸ ਕਰਕੇ ਤਲਖ਼ ਹੋ ਰਿਹਾ ਸੀ ਕਿ ਤਕਰੀਬਨ ਮੇਰੇ ਬਾਪ ਦੀ ਉਮਰ ਦਾ ਕੋਈ ਪੰਜਾਬੀ ਦਿਨ-ਦਿਹਾੜੇ ਕੈਨੇਡਾ ਦੀਆਂ ਸੜਕਾਂ ‘ਤੇ ਇਸ ਤਰ੍ਹਾਂ ਸ਼ਰਾਬੀ ਹੋਇਆ ਫਿਰ ਰਿਹਾ ਸੀ। ਉਸ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਸੀ ਕਿ ਪਹਿਲਾਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੂੰ ਏਥੋਂ ਤੱਕ ਪਹੁੰਚਣ ਲਈ ਨਸਲਵਾਦ ਵਿਰੁੱਧ ਕਿੰਨੀਆਂ ਭਿਆਨਕ ਲੜਾਈਆਂ ਲੜਨੀਆਂ ਪਈਆਂ ਸਨ। ਇਨ੍ਹਾਂ ਹੀ ਸੜਕਾਂ ‘ਤੇ ਤੁਰਨ ਲਈ ਕਦੇ ਸਾਡੇ ਵਡੇਰਿਆਂ ਨੇ ਆਪਣੀਆਂ ਪੱਗਾਂ ਲਹਾਈਆਂ ਸਨ, ਚਗਲ਼ੇ ਹੋਏ ਗੋਰਿਆਂ ਦੇ ਥੁੱਕ ਆਪਣੇ ਮੂੰਹਾਂ ‘ਤੇ ਪਵਾਏ ਸਨ ਅਤੇ ਉਨ੍ਹਾਂ ਦਾ ਮੂੰਹ ਤੋੜਨ ਲਈ ਲੜਦੇ ਹੋਏ ਜੇਲ੍ਹਾਂ ਤੱਕ ਵੀ ਗਏ ਸਨ। ਹੁਣ ਜਦੋਂ ਅਸੀਂ ਹਾਲੇ ਵੀ ਪੂਰੀ ਤਰ੍ਹਾਂ ਸਵੀਕਾਰੇ ਨਹੀਂ ਜਾ ਸਕੇ ਤਦ ਸਾਡੇ ਬਜ਼ੁਰਗਾਂ ਦਾ ਇਸ ਤਰ੍ਹਾਂ ਸੜਕਾਂ ‘ਤੇ ਸ਼ਰਾਬੀ ਹੋ ਕੇ ਫਿਰਨਾ ਕਿਸੇ ਵੀ ਤਰ੍ਹਾਂ ਇਸ ਭਾਈਚਾਰੇ ਵਿਚ ਸਾਡੇ ਵਕਾਰ ਨੂੰ ਉੱਚਿਆਂ ਨਹੀਂ ਚੁੱਕਦਾ। ਇਹ ਭਾਵੇਂ ਆਪਣੇ-ਆਪ ਵਿਚ ਇੱਕ ਵਿਤਕਰੇ-ਭਰਿਆ ਰਵੱਈਆਂ ਲੱਗਦਾ ਹੋਵੇ ਕਿ ਮੈਂ ਭਾਰਤੀਆਂ, ਖ਼ਾਸ ਕਰਕੇ ਪੰਜਾਬੀਆਂ ਬਾਰੇ ਇਸ ਤਰ੍ਹਾਂ ਦਾ ਵੱਖਰਾ ਨਜ਼ਰੀਆ ਰੱਖਦਾ ਹਾਂ ਪਰ ਸਾਡਾ ਕੱਲ੍ਹ ਦਾ ਬੀਤਿਆ ਹੋਇਆ ਕੈਨੇਡੀਅਨ-ਪੰਜਾਬੀ ਇਤਿਹਾਸ ਮੈਨੂੰ ਅਜਿਹਾ ਸੋਚਣ ਲਈ ਮਜਬੂਰ ਕਰਦਾ ਹੈ। ਜੇ ਮੈਂ ਵੀ 90ਵਿਆਂ ਤੋਂ ਬਾਅਦ ਪੰਜਾਬੀਆਂ ਦਾ ਗੜ੍ਹ ਬਣ ਚੁੱਕੇ ਕੈਨੇਡਾ ਵਿਚ ਆ ਵੱਸਿਆ ਹੁੰਦਾ ਜਦੋਂ ਮੈਨੂੰ ਵੀ ਆਉਂਦੇ ਨੂੰ ਹੀ ਵਧੀਆ ਨੌਕਰੀਆਂ, ਕਾਰਾਂ ਅਤੇ ਆਪਣਾ ਭਾਈਚਾਰਾ ਮਿਲ਼ ਗਿਆ ਹੁੰਦਾ ਤਾਂ ਸ਼ਾਇਦ ਮੈਂ ਵੀ ਪਿਛਲੀਆਂ ਪੀੜ੍ਹੀਆਂ ਦੇ ਸੰਘਰਸ਼ ਨੂੰ ਭੁੱਲ ਗਿਆ ਹੁੰਦਾ। ਪਰ ਜਦੋਂ ਮੈਂ ਕਿਸੇ ਭਾਰਤੀ ਨੂੰ ਗਿਰੀ ਹੋਈ ਹਰਕਤ ਕਰਦਿਆਂ ਵੇਖਦਾ ਹਾਂ ਤਾਂ ਇਵੇਂ ਲੱਗਦਾ ਹੈ ਜਿਵੇਂ ਉਹ ਸਾਡੇ ਪੁਰਖਿਆਂ ਦੀ ਪਿੱਠ ਵਿਚ ਛੁਰੀ ਮਾਰ ਰਿਹਾ ਹੋਵੇ। ਮੇਰੀ ਬੱਸ ਵਿਚ ਚੜ੍ਹੀ ਇਹ ਸਵਾਰੀ ਵੀ ਮੈਨੂੰ ਉਨ੍ਹਾਂ ਹੀ ਬੰਦਿਆਂ ਵਿਚੋਂ ਇਕ ਲੱਗ ਰਹੀ ਸੀ ਜੋ ਪਹਿਲਾਂ ਹੀ ਸਾਨੂੰ ਨਫ਼ਰਤ ਕਰਨ ਦੇ ਬਹਾਨੇ ਭਾਲ਼ ਰਹੇ ਲੋਕਾਂ ਨੂੰ ਆਪਣੇ ਮਨਾਂ ਦਾ ਗੰਦ ਬਾਹਰ ਕੱਢਣ ਲਈ ਮੌਕਾ ਦਿੰਦੇ ਹਨ।
‘ਸੌਰੀ ਆਈ ਐੱਮ ਨਾਟ ਫ਼ੀਲਿੰਗ ਵੈੱਲ’, ਆਪਣੀਆਂ ਜੇਬਾਂ ਨੂੰ ਫੋਲ਼ਦਾ ਅਤੇ ਮੇਰੇ ਵੱਲ ਵੇਖਦਾ ਹੋਇਆ ਉਹ ਬੋਲਿਆ। ‘ਜਾਣਦਾਂ, ਜਨਾਬ, ਜਾਣਦਾਂ!’, ਮੈਂ ਉਸ ਨੂੰ ਕਹਿਣਾ ਚਾਹਿਆ, ‘ਕਿ ਦਾਰੂ ਦੀ ਟਿੰਡ ਪੀਣ ਤੋਂ ਬਾਅਦ ਤੂੰ ਕਿਵੇਂ ਮਹਿਸੂਸ ਕਰਦਾ ਹੋਵੇਂਗਾ।’ ਪਰ ਮੈਂ ਚੁੱਪ ਹੀ ਰਿਹਾ। ਕਈ ਵਾਰ ਤੁਹਾਡੀ ਮਨ ਦੀ ਗੱਲ ਕਹਿਣ ਦੀ ਖੁੱਲ੍ਹ ‘ਤੇ ਤੁਹਾਡੇ ਰੋਟੀ-ਪਾਣੀ ਦਾ ਵਸੀਲਾ ਭਾਰੂ ਹੋ ਜਾਂਦਾ ਹੈ: ਮੇਰਾ ਨਿਮਾਣਾ ਜਿਹਾ ਖਿਆਲ ਮੇਰੀਆਂ ਲੋੜਾਂ ਦੇ ਭਾਰ ਹੇਠ ਆ ਕੇ ਕੁਚਲਿæਆ ਗਿਆ ਸੀ…ਤੇ ਮੈਂ ਚੁੱਪ ਹੀ ਰਿਹਾ।
ਅਚਾਨਕ ਮੇਰੇ ਸਿਰ ‘ਤੇ ਅਜਿਹਾ ਬੰਬ ਡਿੱਗਾ ਜਿਸ ਲਈ ਮੈਂ ਬਿਲਕੁਲ ਹੀ ਤਿਆਰ ਨਹੀਂ ਸੀ। ਉਸ ਦੀ ਕੋਮਲ ਜਿਹੀ, ਭੋਲ਼ੀ ਜਿਹੀ ਆਵਾਜ਼ ਫਿਰ ਬੁੜਬੁੜਾਈ, ‘ਮੈਨੂੰ ਸਟਰੋਕ ਹੋਇਆ ਹੈ, ਇਸ ਲਈ ਮੈਂ ਤੇਜ਼ ਨਹੀਂ ਤੁਰ ਸਕਦਾ।’ ਇਵੇਂ ਲੱਗਾ ਜਿਵੇਂ ਉਸ ਦਾ ਛੋਟਾ ਜਿਹਾ ਇੱਕ ਹੀ ਫਿæਕਰਾ ਮੈਨੂੰ ਭਰੇ ਬਾਜ਼ਾਰ ਵਿਚ ਨੰਗਿਆਂ ਕਰ ਗਿਆ ਸੀ। ਮੇਰੀ ਤਲਖ਼ੀ ਨੇ ਸ਼ਰਮ ਦਾ ਮਖੌਟਾ ਪਾਉਣ ਲੱਗਿਆਂ ਇੱਕ ਵੀ ਪਲ ਨਹੀਂ ਸੀ ਲਾਇਆ। ਮੈਨੂੰ ਪਛਤਾਵਾ ਹੋਣ ਲੱਗਾ ਕਿ ਮੈਂ ਕਿਸੇ ਅਜਨਬੀ ਬਾਰੇ ਏਨੀ ਛੇਤੀ ਆਪਣਾ ਰਵੱਈਆ ਕਿਵੇਂ ਬਣਾ ਸਕਦਾ ਸਾਂ? ਮੇਰੀ ਨਾਸਤਿਕਤਾ ਨੇ ਵੀ ਮੈਨੂੰ ਇਸ ਪਾਪ ਦੇ ਅਹਿਸਾਸ ਤੋਂ ਮੁਕਤ ਨਾ ਕਰਵਾਇਆ ਕਿ ਭਾਵੇਂ ਅਣਜਾਣਪੁਣੇ ਵਿਚ ਹੀ ਸਹੀ, ਮੈਂ ਉਸ ਆਦਮੀ ਬਾਰੇ ਅਜਿਹੀ ਗਲਤ ਸੋਚਣੀ ਕਿਵੇਂ ਪੈਦਾ ਕਰ ਸਕਦਾ ਸਾਂ ਜਿਸ ਦੀ ਮੁਸ਼ਕਲ ਉਸ ਦੇ ਵੱਸੋਂ ਬਾਹਰ ਸੀ? ‘ਉਹ! ਸੌਰੀ…ਕੋਈ ਨਾ ਹੌਲੀ ਹੌਲੀ ਬੈਠੋ ਪਲੀਜ਼’, ਸ਼ਾਇਦ ਮੇਰੀ ਅੰਗ੍ਰੇਜ਼ੀ ਵੀ ਮੇਰੇ ਰਵੱਈਏ ਤੋਂ ਸ਼ਰਮਸਾਰ ਹੋ ਕੇ ਮੇਰੀ ਤਲਖ਼ੀ ਵਾਂਗ ਹੀ ਪਰ ਲਾ ਕੇ ਉੱਡ ਗਈ ਸੀ ਤੇ ਮੈਨੂੰ ਬੌਂਦਲ਼ੇ ਹੋਏ ਨੂੰ ਮੇਰੀ ਪੰਜਾਬੀ ਨੇ ਇੱਕ ਮਾਂ ਵਾਂਗ ਗੋਦ ਵਿਚ ਲੈ ਲਿਆ ਸੀ।
ਮੈਨੂੰ ਯਾਦ ਨਹੀਂ ਕਿ ਇਹ ਸਾਡੀ ਉਹ ਸਾਡੀ ਪਹਿਲੀ ਮਿਲਣੀ ਹੀ ਜਾਂ ਉਸ ਤੋਂ ਬਾਅਦ ਦੀ ਕੋਈ ਮਿਲਣੀ ਜਦੋਂ ਉਹ ਆਪਣੇ ਅੰਦਰਲੇ ਦੁੱਖ ਮੇਰੇ ਨਾਲ ਸਾਂਝੇ ਕਰਨ ਲੱਗ ਪਿਆ ਸੀ। ‘ਮੈਂ ਇੰਜੀਨੀਅਰ ਸਾਂ, ਬਹੁਤ ਪੈਸਾ ਕਮਾਉਂਦਾ ਸਾਂ। ਸਾਰੀ ਉਮਰ ਮੈਂ ਬਹੁਤ ਮਿਹਨਤ ਕੀਤੀ। ਅਚਾਨਕ ਮੈਨੂੰ ਸਟਰੋਕ ਹੋਇਆ। ਮੈਂ ਬੈੱਡ ‘ਤੇ ਪੈ ਗਿਆ ਤੇ ਆਮਦਨੀ ਬੰਦ ਹੋ ਗਈ। ਮੈਂ ਆਪਣੇ ਪਰਿਵਾਰ ਲਈ ਬੋਝ ਬਣ ਗਿਆ। ਇੱਕ ਦਿਨ ਮੇਰੀ ਵਾਈਫ ਨੇ ਪੁਲਸ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਮੈਂ ਉਸ ਨੂੰ ਕੁੱਟਿਆ-ਮਾਰਿਆ ਹੈ। ਮੈਂ ਆਪਣੀ ਵਾਈਫ ਦੀਆਂ ਮਿੰਨਤਾਂ ਕੀਤੀਆਂ ਕਿ ਮੇਰੀ ਹਾਲਤ ‘ਤੇ ਤਰਸ ਖਾਵੇ ਪਰ ਉਸ ਨੇ ਇੱਕ ਨਾ ਸੁਣੀ।’ ਬੱਸ ਚਲਾਉਂਦਿਆਂ ਮੈਂ ਸੋਚਣ ਲੱਗਾ ਕਿ ਮੰਜੇ ‘ਤੇ ਪੈ ਗਏ ਇੱਕ ਪੰਜਾਬੀ ਦੀ ਪੰਜਾਬੀ ਪਤਨੀ ਭਲਾ ਬਿਨਾਂ ਕਿਸੇ ਗੱਲ ਦੇ ਅਜਿਹਾ ਕਿਉਂ ਕਰ ਸਕਦੀ ਹੈ? ਮੇਰੀ ਸਮਝ ਵਿਚ ਇਹ ਗੱਲ ਤਾਂ ਆਉਂਦੀ ਸੀ ਕਿ ਮੰਜੇ ‘ਤੇ ਪੈ ਕੇ ਕੁਲਦੀਪ ਸਿੰਘ ਦਾ ਸੁਭਾਅ ਚਿੜਚਿੜਾ ਅਤੇ ਗਾਲ਼ੀ-ਗਲੋਚ ਵਾਲਾ ਹੋ ਗਿਆ ਹੋਵੇਗਾ ਪਰ ਇਹ ਮੰਨਣਾ ਮੁਸ਼ਕਲ ਸੀ ਕਿ ਇਸ ਹਾਲਤ ਵਿਚ ਉਹ ਆਪਣੀ ਪਤਨੀ ਨੂੰ ਕੁੱਟ-ਮਾਰ ਵੀ ਸਕਦਾ ਹੈ।
‘ਪੁਲਸ ਆਈ ਤੇ ਮੈਨੂੰ ਕਹਿਣ ਲੱਗੀ ਕਿ ਮੈਂ ਘਰ ਵਿਚ ਨਹੀਂ ਰਹਿ ਸਕਦਾ। ਮੈਂ ਉਨ੍ਹਾਂ ਦੀਆਂ ਵੀ ਮਿੰਨਤਾਂ ਕੀਤੀਆਂ ਕਿ ਇਸ ਹਾਲਤ ਵਿਚ ਮੈਂ ਕਿੱਥੇ ਜਾਵਾਂਗਾ? ਪਰ ਉਨ੍ਹਾਂ ਵੀ ਮੇਰੀ ਸਿਹਤ ਦੀ ਪਰਵਾਹ ਨਾ ਕੀਤੀ।’ ਕੁਲਦੀਪ ਸਿੰਘ ਦੀ ਆਵਾਜ਼ ਵਿਚ ਲਾਚਾਰੀ, ਸਿæਕਵਾ ਅਤੇ ਗੁੱਸਾ ਇੱਕੋ ਹੀ ਸਮੇਂ ਝਲਕ ਰਹੇ ਸਨ। ਮੈਂ ਪੁਲੀਸ ਦੇ ਇਸ ਹਾਸੋ-ਹੀਣੇ ਵਤੀਰੇ ਤੋਂ ਹੈਰਾਨ ਨਹੀਂ ਸੀ ਹੋਇਆ ਕਿਉਂਕਿ ਮੈਂ ਜਾਣਦਾ ਸਾਂ ਕਿ ਕਾਨੂੰਨ ਦੀਆਂ ਹਦਾਇਤਾਂ ਅੱਗੇ ਉਨ੍ਹਾਂ ਦੀ ਆਪਣੀ ਸੋਚਣ-ਸ਼ਕਤੀ ਕਿੰਨੀ ਮਜਬੂਰ ਹੈ। ਸਾਡੇ ਪੁਲੀਸ ਅਫ਼ਸਰਾਂ ਨੂੰ ਆਪਣੀ ਅਕਲ ਤੋਂ ਕੰਮ ਲੈਣ ਦੀ ਖੁੱਲ੍ਹ ਨਹੀਂ ਹੈ। ਕਿਸੇ ਦੀ ਮੁਸ਼ਕਲ ਨੂੰ ਸਮਝਣਾ ਜਾਂ ਨਿਰਣਾ ਕਰਨਾ ਸਿਰਫ ਅਤੇ ਸਿਰਫ ਅਦਾਲਤਾਂ ਲਈ ਹੀ ਰਾਖਵਾਂ ਕੀਤਾ ਗਿਆ ਹੈ, ਪੁਲੀਸ ਅਫ਼ਸਰ ਦਾ ਕੰਮ ਤਾਂ ਬੱਸ ਹਥਕੜੀਆਂ ਲਾ ਕੇ ਸ਼ੱਕੀ ਨੂੰ ਸਲਾਖਾਂ ਪਿੱਛੇ ਧੱਕਣ ਤੱਕ ਹੀ ਸੀਮਤ ਹੈ। ਕੁਝ ਇਸੇ ਹੀ ਤਰ੍ਹਾਂ ਦੀ ਤਲਖ਼ੀ ਕੁਲਦੀਪ ਸਿੰਘ ਦੇ ਮਨ ਅੰਦਰ ਵੀ ਉਬਾਲ਼ੇ ਮਾਰਦੀ ਰਹਿੰਦੀ ਸੀ ਕਿਉਂਕਿ ਉਹ ਜਦੋਂ ਵੀ ਕਿਸੇ ਪੁਲੀਸ ਅਫ਼ਸਰ ਨੂੰ ਵੇਖਦਾ ਤਾਂ ਝੱਟ ਮੇਰੇ ਕੋਲ ਆ ਕੇ ਪੁਲੀਸ ਨੂੰ ਗਾਲ੍ਹਾਂ ਕੱਢਣ ਲੱਗ ਜਾਂਦਾ ਅਤੇ ਮੈਨੂੰ ਇਨ੍ਹਾਂ ਤੋਂ ਬਚ ਕੇ ਰਹਿਣ ਦੀ ਹਦਾਇਤ ਕਰਦਾ।
‘ਮੇਰੀ ਜੌਬ ਗਈ, ਮੇਰੀ ਨੌਕਰੀ ਗਈ, ਮੇਰੇ ਬੱਚੇ, ਮੇਰਾ ਘਰ-ਬਾਰ ਗਿਆ। ਹੁਣ ਮੈਂ ਬਰੈਂਪਟਨ ਵਿਚ ਬੇਸਮੈਂਟ ਕਿਰਾਏ ‘ਤੇ ਲੈ ਕੇ ਰਹਿੰਦਾ ਹਾਂ।’ ਜਿਸ ਤਰ੍ਹਾਂ ਉਹ ਆਪਣੀ ਕਹਾਣੀ ਸੁਣਾ ਰਿਹਾ ਸੀ, ਮੇਰੀ ਹਿੰਮਤ ਨਾ ਪਈ ਕਿ ਮੈਂ ਉਸ ਨੂੰ ਸਵਾਲ ਕਰ ਸਕਾਂ। ਉਸ ‘ਤੋਂ ਬਾਅਦ ਉਹ ਅਕਸਰ ਹੀ ਮੈਨੂੰ ਮਿਲਦਾ ਰਿਹਾ ਪਰ ਹੁਣ ਬੱਸ ਚੜ੍ਹਨ ਮੌਕੇ ਹੀ ਉਹ ਆਪਣਾ ਬੱਸ ਪਾਸ ਵਿਖਾਉਣ ਲਈ ਤਿਆਰ ਰੱਖਦਾ ਅਤੇ ਮੈਂ ਵੀ ਜਾਣ ਗਿਆ ਸੀ ਕਿ ਉਸ ਕੋਲ ਬੱਸ ਪਾਸ ਹੈ ਇਸ ਲਈ ਸਾਡਾ ਪਹਿਲੇ ਦਿਨ ਬਰਬਾਦ ਹੋਇਆ ਸਮਾਂ ਫਿਰ ਬਰਬਾਦ ਨਾ ਹੋਇਆ। ਉਸ ਦਾ ਉਹ ਸਰਦੀਆਂ ਵਾਲਾ ਕੋਟ ਅਤੇ ਮੋਢਿਆਂ ‘ਤੇ ਲਟਕਦਾ ਬਸਤਾ ਉਸਦੇ ਪਛਾਣ-ਚਿੰਨ੍ਹ ਬਣ ਗਏ। ਫਿਰ ਪਤਾ ਲੱਗਾ ਕਿ ਬਹੁਤ ਸਾਰੇ ਡਰਾਈਵਰ ਉਸ ਨੂੰ ਅਤੇ ਉਸ ਦੀ ਕਹਾਣੀ ਨੂੰ ਜਾਣਦੇ ਹਨ। ਸ਼ਾਇਦ ਉਹ ਨੱਕੋ-ਨੱਕ ਭਰ ਆਈ ਆਪਣੇ ਦਿਲ ਦੀ ਪੀੜ ਨੂੰ ਬਾਹਰ ਕੱਢ ਕੇ ਮਨ ਦਾ ਚੈਣ ਲੱਭਣ ਦੀ ਕੋਸਿæਸ਼ ਕਰ ਰਿਹਾ ਸੀ। ਹਰ ਡਰਾਈਵਰ, ਭਾਵੇਂ ਉਹ ਕਿਸੇ ਵੀ ਰੰਗ ਜਾਂ ਨਸਲ ਨਾਲ ਸਬੰਧਤ ਸੀ, ਕੁਲਦੀਪ ਪ੍ਰਤੀ ਹਮਦਰਦੀ ਰੱਖਦਾ ਸੀ। ਸ਼ਾਇਦ ਇਹ ਉਸ ਦੇ ਗੱਲ ਕਰਨ ਦੇ ਤਰੀਕੇ ਅਤੇ ਸੁਭਾਅ ਦੀ ਮਿਠਾਸ ਦਾ ਨਤੀਜਾ ਹੀ ਸੀ। ਹਰ ਡਰਾਈਵਰ ਉਸ ਦੀ ਕੋਈ ਨਾ ਕੋਈ ਗੱਲ ਸਾਂਝੀ ਕਰਦਾ ਰਹਿੰਦਾ। ਇੱਕ ਗੱਲ ਇਹ ਵੀ ਆਈ ਕਿ ਕੁਲਦੀਪ ਆਪਣੀ ਹਾਲਤ ਤੋਂ ਤੰਗ ਆ ਕੇ ਵਾਪਸ ਇੰਡੀਆ ਚਲੇ ਗਿਆ। ਉਸ ਨੇ ਆਪਣੇ ਭਰਾ ਨੂੰ ਉਸ ਦੀ ਦੇਖ-ਭਾਲ਼ ਕਰਨ ਲਈ ਕਿਹਾ। ਭਰਾ ਨੇ ਪੁੱਛਿਆ ਕਿ ਉਹ ਨਾਲ ਲੈ ਕੇ ਕੀ ਆਇਆ ਹੈ? ਜਦੋਂ ਕੁਲਦੀਪ ਨੇ ਕਿਹਾ, ‘ਤੁਸੀਂ ਏਨੇ ਸਾਲਾਂ ਤੋਂ ਮੇਰੀ ਜ਼ਮੀਨ ਸਾਂਭ ਰਹੇ ਹੋ, ਕੀ ਹੁਣ ਮੈਨੂੰ ਨਹੀਂ ਸਾਂਭ ਸਕਦੇ?’ ਕਹਿੰਦੇ ਨੇ ਕੁਲਦੀਪ ਨੇ ਦੱਸਿਆ ਕਿ ਇਸ ਤੋਂ ਬਾਅਦ ਇੱਕ ਦਿਨ ਉਸ ਦਾ ਭਤੀਜਾ ਉਸ ਨੂੰ ਖੇਤ ਲੈ ਗਿਆ, ਉਸ ਦੇ ਸਿਰ ਵਿਚ ਕੁਝ ਮਾਰਿਆ ਅਤੇ ਕਹਿਣ ਲੱਗਾ ਕਿ ਜਾਂ ਤਾਂ ਉਹ ਸਾਰੀ ਜ਼ਮੀਨ ਦੇ ਕਾਗਜ਼ਾਂ ‘ਤੇ ਦਸਤਖਤ ਕਰਕੇ ਉਸ ਦੇ ਨਾਂ ਕਰਵਾ ਦੇਵੇ ਤੇ ਜਾਂ ਫਿਰ ਅਗਲੇ ਵਾਰ ਲਈ ਤਿਆਰ ਹੋ ਜਾਵੇ। ਡਰਾਈਵਰ ਦੇ ਦੱਸਣ ਮੁਤਾਬਿਕ ਕੁਲਦੀਪ ਨੇ ਕਾਗਜ਼ਾਂ ‘ਤੇ ਦਸਤਖਤ ਕਰਕੇ ਆਪਣੀ ਜਾਨ ਬਚਾਈ ਅਤੇ ਉਸੇ ਹੀ ਦਿਨ ਵਾਪਸ ਕੈਨੇਡਾ ਆਉਣ ਲਈ ਦਿੱਲੀ ਨੂੰ ਰਵਾਨਾ ਹੋ ਗਿਆ। ਭਾਵੇਂ ਮੈਂ ਇਹ ਵਾਕਿਆ ਕਦੇ ਵੀ ਕੁਲਦੀਪ ਦੇ ਆਪਣੇ ਮੂੰਹੋਂ ਨਹੀਂ ਸੀ ਸੁਣਿਆ ਪਰ ਜੋ ਕੁਝ ਮੈਂ ਇੰਡੀਆ ਵਿਚ ਹੁੰਦਾ-ਵਾਪਰਦਾ ਸੁਣਦਾ ਆ ਰਿਹਾ ਹਾਂ, ਉਸ ਤੋਂ ਇਹ ਕੋਈ ਅਣਹੋਣੀ ਨਹੀਂ ਸੀ ਜਾਪਦੀ।
ਫਿਰ ਉਹ ਸਮਾਂ ਆ ਗਿਆ ਜਦੋਂ ਕੁਲਦੀਪ ਦਾ ਦਿਲ ਦਰਦ ਨਾਲ ਏਨਾ ਭਰ ਗਿਆ ਕਿ ਖ਼ਤਰੇ ਦੇ ਨਿਸ਼ਾਨ ਤੋਂ ਟੱਪ ਜਾਣ ਬਾਅਦ ਭਾਖੜਾ ਡੈਮ ਦੇ ਸਾਰੇ ਦਰਾਂ ਵਾਂਗ ਖੋਲ੍ਹ ਦਿੱਤੇ ਜਾਣ ਦੇ ਬਾਵਜੂਦ ਏਨਾ ਵਧ ਗਿਆ ਕਿ ਉਹ ਦਿਲ ਨੂੰ ਪਾੜ ਕੇ ਕੁਲਦੀਪ ਦੀ ਕੈਦ ਤੋਂ ਬਾਹਰ ਹੋ ਗਿਆ। ਦਰਦ ਉੱਡ ਗਿਆ, ਕੁਲਦੀਪ ਮਿੱਟੀ ਹੋ ਗਿਆ। ਡਰਾਈਵਰ ਲੌਂਜ ਵਿਚ ਸੋਗ ਦੀ ਲਹਿਰ ਫੈਲ ਗਈ। ਇਵੇਂ ਲੱਗ ਰਿਹਾ ਸੀ ਜਿਵੇਂ ਸਾਡਾ ਹੀ ਕੋਈ ਡਰਾਈਵਰ ਸਾਥੀ ਸਾਨੂੰ ਬੇਵਕਤੀ ਅਲਵਿਦਾ ਕਹਿ ਗਿਆ ਹੋਵੇ। ਕੁਲਦੀਪ ਦੇ ਸਸਕਾਰ ਸਮੇਂ ਸਭ ਤੋਂ ਵੱਧ ਹਮਦਰਦੀ ਭਰੇ ਕਾਰਡ ਡਰਾਈਵਰਾਂ ਵੱਲੋਂ ਹੀ ਦਿੱਤੇ ਗਏ ਸਨ।
ਉਹ ਕੁਲਦੀਪ ਜੋ ਪਤਾ ਨਹੀਂ ਕਿਸ ਦੀ ਗ਼ਲਤੀ ਕਾਰਨ ਆਪਣੇ ਹੀ ਪਰਿਵਾਰ ਅਤੇ ਆਪਣੇ ਹੀ ਮਾਂ-ਜਾਇਆਂ ਦਾ ਪਿਆਰ ਹਾਸਲ ਨਹੀਂ ਸੀ ਕਰ ਸਕਿਆ, ਇੱਕ ਬਹੁਤ ਵੱਡੇ ਪਰਿਵਾਰ ਦਾ ਹਿੱਸਾ ਬਣ ਕੇ ਇਸ ਜਹਾਨ ਤੋਂ ਵਿਦਾ ਹੋ ਰਿਹਾ ਸੀ। ਉਹ ਡਰਾਈਵਰ ਜੋ ਅਕਸਰ ਹੀ ਬੇਘਰੇ ਲੋਕਾਂ ਵੱਲੋਂ ਦਿੱਤੀ ਜਾ ਰਹੀ ਪ੍ਰੇਸ਼ਾਨੀ ਦੀਆਂ ਹੀ ਗੱਲਾਂ ਕਰਦੇ ਸੁਣੇ ਜਾਂਦੇ ਨੇ, ਅੱਜ ਇੱਕ ‘ਬੇਘਰੇ’ ਦੇ ‘ਬੇ-ਦਰਦ’ ਹੋ ਜਾਣ ‘ਤੇ ਉਵੇਂ ਹੀ ਉਦਾਸ ਹੋਏ ਸਨ ਜਿਵੇਂ ਕੋਈ ਆਪਣੇ ਮਿੱਤਰ-ਪਿਆਰੇ ਦੇ ਤੁਰ ਜਾਣ ‘ਤੇ ਹੋਇਆ ਕਰਦਾ ਹੈ।
-0-