ਵਰਿਆਮ ਸਿੰਘ ਸੰਧੂ
ਫੋਨ: 647-535-1539
ਕਿਸੇ ਗਰੀਬ ਦੀ ਮਦਦ ਕਰਨੀ ਚੰਗੀ ਗੱਲ ਹੈ। ਕਰਦੇ ਰਹਿਣਾ ਚਾਹੀਦਾ ਹੈ। ਮੈਂ ਅਜਿਹੇ ਯਤਨਾਂ ਨੂੰ ਮੂਲੋਂ ਘਟਾ ਕੇ ਨਹੀਂ ਵੇਖ ਰਿਹਾ। ਪਰ ਇਸਤਰ੍ਹਾਂ ਆਰਥਿਕ ਪਾੜੇ ਨੇ ਕਦੀ ਨਹੀਂ ਘਟਣਾ। ਇਹ ਪਾੜਾ ਤਾਂ ਸਿਸਟਮ ਦੀ ਤਬਦੀਲੀ ਨਾਲ ਹੀ ਘਟਣਾ ਹੈ। ਸਾਨੂੰ ਭਾਰਤੀਆਂ ਨੂੰ ਸਰਕਾਰਾਂ ਨੇ ਵੀ ਮੁਫ਼ਤ ਦਾ ਖਾਣ ਦੀ ਆਦਤ ਪਾ ਦਿੱਤੀ ਹੈ। ਖਾਂਦੇ-ਪੀਂਦੇ ਲੋਕ ਵੀ ਗ਼ਲਤ ਕਾਰਡ ਬਣਾ ਕੇ ਲੋੜ-ਵੰਦਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਡਕਾਰ ਜਾਂਦੇ ਹਨ। ਖ਼ੁਦੀ ਤੇ ਖ਼ੁਦਦਾਰੀ ਗਵਾ ਚੁੱਕੇ ਇਨ੍ਹਾਂ ਲੋਕਾਂ ਵੱਲ ਵੇਖਦਿਆਂ ਇੱਕ ਪੁਰਾਣੀ ਘਟਨਾ ਯਾਦ ਆ ਰਹੀ ਹੈ।
1976 ਦੀ ਅੱਧੀ ਰਾਤ! ਹਰਭਜਨ ਹਲਵਾਰਵੀ, ਗੁਰਦੀਪ ਗਰੇਵਾਲ ਤੇ ਮੈਂ ਪੰਦਰਾਂ ਸੈਕਟਰ ਦੀਆਂ ਰੇੜ੍ਹੀਆਂ ਤੋਂ ਪਰੌਂਠੇ ਖਾਣ ਪਿੱਛੋਂ ਚਹਿਲ ਕਦਮੀ ਕਰਦੇ ਸਤਾਰਾਂ ਸੈਕਟਰ ਵੱਲ ਨਿਕਲ ਗਏ। ਪਰੌਂਠੇ ਖਾਣ ਤੋਂ ਬਾਅਦ ਸੜਕਾਂ ‘ਤੇ ਚਹਿਲ-ਕਦਮੀ ਕਰ ਰਹੇ ਸਾਂ। ਅਚਨਚੇਤ ਮਾਹੌਲ ਵਿਚ ਸੰਗੀਤ ਦੀ ਮਹਿਕ ਘੁਲ ਗਈ। ਮਿੱਟੀ ਦੇ ਸਾਰੰਗੀ ਨੁਮਾ, ਇਕ ਤਾਰ ਵਾਲੇ ਸਾਜ਼ ਨੂੰ ਮਸਤੀ ਵਿਚ ਵਜਾਉਂਦਾ ਉਹ ਸਿਰ `ਤੇ ਸਸਤੇ ਸਾਜ਼ ਦੀ ਟੋਕਰੀ ਚੁੱਕੀ ਮਹਿੰਗੀਆਂ ਸੁਰਾਂ ਦਾ ਜਲਵਾ ਹਵਾਵਾਂ ਵਿਚ ਬਖ਼ੇਰਦਾ ਜਾ ਰਿਹਾ ਸੀ। ਅਸੀਂ ਉਹਦੇ ਜਾਦੂ ਦੇ ਖਿੱਚੇ ਉਸ ਵੱਲ ਵਧੇ। ਉਹਨੂੰ ਰੁਕ ਕੇ ਕੁਝ ਪਲ ਸਾਜ਼ ਵਜਾਉਣ ਲਈ ਕਿਹਾ।
ਉਸਨੇ ਅੱਧਾ ਕੁ ਮਿੰਟ ਵਜਾਉਣ ਤੋਂ ਬਾਅਦ ਕਿਹਾ ਕਿ ਕੀ ਅਸੀਂ ਸਾਜ਼ ਖ਼ਰੀਦਣਾ ਹੈ। ਅਸੀਂ ਕੀਮਤ ਪੁੱਛੀ। ਉਹਨੇ ਦਸ ਰੁਪਏ ਦੱਸੇ। ਅਸੀਂ ਉਹ ਮਿੱਟੀ ਦੀ ਇਕ ਸਾਰੰਗੀ ਜਿਹੀ ਲੈ ਕੇ ਵਾਰੀ-ਵਾਰੀ ਉਹਦੇ ‘ਤੇ ਤਾਰ ਜਿਹੀ ਘਸਾਈ। ਭੈੜੀ ਜਿਹੀ ‘ਘੂੰ ਘੂੰ’ ਦੀ ਗੱਲ ਬਣੀ ਨਾ। ਇਹ ਤਾਂ ਉਹਦੇ ਹੱਥਾਂ ਦੀ ਕਰਾਮਾਤ ਸੀ ਕਿ ਤਾਰ ਬੋਲਣ ਲੱਗਦੀ ਸੀ। ਅਸੀਂ ਉਹਨੂੰ ਪੰਜਾਹ ਦਾ ਨੋਟ ਫੜਾਇਆ। ਉਹ ਕਹਿੰਦਾ, ‘ਤੁਸੀਂ ਤਾਂ ਤਿੰਨ ਜਣੇ ਓਂ। ਪੰਜ ਲੈ ਕੇ ਕੀ ਕਰੋਗੇ?’ ਅਸੀਂ ਕਿਹਾ, ‘ਲੈਣੀ ਕੋਈ ਨਹੀਂ। ਇਹ ਕਿਹੜਾ ਸਾਡੇ ਤੋਂ ਵੱਜਣੀ ਏਂ! ਇਹ ਤਾਂ ਤੈਨੂੰ ਸ਼ਾਬਾਸ਼ ਵਜੋਂ ਭੇਟਾ ਹੈ।’
ਉਹਨੇ ਪੰਜਾਹ ਦਾ ਨੋਟ ਇਕ ਜਣੇ ਦੀ ਤਲੀ ‘ਤੇ ਰੱਖਿਆ ਤੇ ਕਹਿੰਦਾ, ‘ਮਾਫ਼ ਕਰਨਾ ਸਰਦਾਰ ਜੀ-ਮੈਂ ਮੰਗਤਾ ਨਹੀਂ ਹੂੰ।’ ਕੋਈ ਦੂਜੀ ਗੱਲ ਕਰਨ ਤੋਂ ਪਹਿਲਾਂ ਉਸਨੇ ਟੋਕਰੀ ਸਿਰ ‘ਤੇ ਚੁੱਕੀ ਤੇ ਸਵੈਮਾਣ ਨਾਲ ਭਰੇ ਕਦਮ ਧਰਤੀ ‘ਤੇ ਟਿਕਾਉਂਦਾ ਅੱਗੇ ਤੁਰ ਗਿਆ। ਅਸੀਂ ਅਵਾਕ ਰਹਿ ਗਏ। ਸਾਡੇ ਸਿਰ ਅਦਬ ਨਾਲ ਉਹਦੀ ਖ਼ੁਦਦਾਰੀ ਅੱਗੇ ਝੁਕ ਗਏ। ਅਸੀਂ ਕਈ ਦਿਨ ਦੋਸਤਾਂ ਵਿਚ ਇਹ ਗੱਲ ਸਾਂਝੀ ਕਰਦੇ ਰਹੇ।
ਅੱਜ ਇਸ ਬਹਾਨੇ ਫੇਰ ਉਸ ਖ਼ੁਦਦਾਰ ਇਨਸਾਨ ਨੂੰ ਸਲਾਮ ਕਰਦਾ ਹਾਂ।
