ਡਾ. ਲਖਵਿੰਦਰ ਸਿੰਘ ਜੌਹਲ
ਫੋਨ: 98171-94812
ਨਵੀਂ ਪੰਜਾਬੀ ਕਵਿਤਾ ਦੀਆਂ ਸਾਰੀਆਂ ਲਹਿਰਾਂ, ਸਾਰੀਆਂ ਕਾਵਿ-ਪ੍ਰਵਿਰਤੀਆਂ,ਪੰਜਾਬੀ ਸਾਹਿਤ, ਕਲਾ ਅਤੇ ਸੱਭਿਆਚਾਰ ਨਾਲ ਸੰਬੰਧਿਤ ਸਾਰੀਆਂ ਸੰਸਥਾਵਾਂ ਤੋਂ ਉੱਚੇ ਕੱਦ-ਬੁੱਤ ਵਾਲੇ ਸੁਰਜੀਤ ਪਾਤਰ ਦਾ ਇਸ ਦੁਨੀਆ ਤੋਂ ਜਾਣਾ ਸ਼ਾਂਤ ਵਗਦੀ ਨਦੀ ਦੇ ਮਾਰੂਥਲ ਵਿਚ ਜੀਰ ਜਾਣ ਵਰਗਾ ਸੀ। ਉਸ ਨੇ ਕਦੇ ਲਿਖਿਆ ਸੀ :-
ਮੈਂ ਆਵਾਜ਼ਾਂ ਤੈਨੂੰ ਬੜੀਆਂ ਮਾਰੀਆਂ
ਤੇਰੀ ਚੁੱਪ ਨੇ ਜੀਰ ਲਈਆਂ ਸਾਰੀਆਂ
ਚੁੱਪ ਨੂੰ ਆਵਾਜ਼ ਦੇਣ ਵਾਲਾ ਸ਼ਾਇਰ ਜਦੋਂ ਚੁੱਪ ਹੋ ਗਿਆ, ਤਾਂ ਉਸਦੀ ਕਵਿਤਾ ਨੇ ਪਾਤਰ ਦੀ ਜਗ੍ਹਾ ਬੋਲਣ ਦੀ ਜ਼ਿੰਮੇਵਾਰੀ ਵੀ ਖੁਦ ਚੁੱਕ ਲਈ।
ਉਹ ਪੰਜਾਬੀ ਕਾਵਿ-ਜਗਤ ਦਾ ਅਜਿਹਾ ਨਾਂਅ ਹੈ, ਜਿਸ ਦਾ ਕੋਈ ਸਾਨੀ ਨਹੀਂ ਹੈ। ਪੰਜਾਬੀ ਕਵਿਤਾ ਦਾ ਪਰਿਆਏ ਬਣਿਆ ਸੁਰਜੀਤ ਪਾਤਰ ਇਕ ਅਜਿਹੀ ਸਰਵ-ਪ੍ਰਵਾਨਿਤ ਸ਼ਖ਼ਸੀਅਤ ਸੀ, ਜਿਸ ਨੂੰ ਹਰ ਕੋਈ ਸਤਿਕਾਰ ਦਿੰਦਾ ਸੀ, ਪਿਆਰ ਕਰਦਾ ਸੀ, ਉਸ ਤੋਂ ਅਗਵਾਈ ਲੈਂਦਾ ਸੀ।
ਕੋਲੰਬੀਆ ਦੇ ਵਿਸ਼ਵ ਕਵਿਤਾ ਉਤਸਵ ਵਿਚ ਭਾਰਤੀ ਕਵਿਤਾ ਦੀ ਪ੍ਰਤੀਨਿਧਤਾ ਕਰਨਾ, ਚੀਨ ਵਿਚ ਜਾਣ ਵਾਲੇ ਭਾਰਤੀ ਲੇਖਕਾਂ ਦੇ ਵਫ਼ਦ ਵਿਚ ਸ਼ਾਮਿਲ ਹੋਣਾ, ਨਿਊਯਾਰਕ ਦੀ ਲਿਟਰੇਚਰ ਕਾਨਫ਼ਰੰਸ ਵਿਚ ਭਾਰਤੀ ਕਵੀ ਵਜੋਂ ਸ਼ਿਰਕਤ ਕਰਨੀ, ਜਰਮਨ ਦੇ ਪੁਸਤਕ ਮੇਲੇ ਵਿਚ ਪੰਜਾਬੀ ਕਵੀ ਵਜੋਂ ਹਾਜ਼ਰੀ ਭਰਨੀ, ਆਬੂਧਾਬੀ ਦੇ ਵਿਸ਼ਵ ਪੁਸਤਕ ਮੇਲੇ ਵਿਚ ਭਾਰਤੀ ਸਾਹਿਤਕਾਰ ਵਜੋਂ ਉਸ ਨੂੰ ਬੁਲਾਏ ਜਾਣਾ ਸੁਰਜੀਤ ਪਾਤਰ ਦੇ ਵੱਡੇ ਹਾਸਿਲ ਸਨ। ਪਾਰਗਾਮੀ ਸੁਭਾਅ ਵਾਲਾ ਅਜਿਹਾ ਵਿਅਕਤੀਤਵ ਸਦੀਆਂ ਬਾਅਦ ਹੀ ਪੈਦਾ ਹੁੰਦਾ ਹੈ।
14 ਜਨਵਰੀ, 1945 ਨੂੰ ਦੁਆਬੇ ਦੇ ਪੱਤੜ ਕਲਾਂ ਪਿੰਡ ਵਿਚ ਪੈਦਾ ਹੋਇਆ ਪਾਤਰ, ਰੋਟੀ ਰੋਜ਼ੀ ਲਈ ਲੁਧਿਆਣਾ ਵਾਸੀ ਹੋ ਗਿਆ ਸੀ। ਐੱਮ.ਏ. ਪੰਜਾਬੀ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਵਾਲਾ ਪਾਤਰ, ਐੱਮ.ਫਿਲ, ਪੀਐੱਚ.ਡੀ. ਤੱਕ ਪੜ੍ਹਿਆ ਅਤੇ ਫੇਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਸ ਨੂੰ ਆਨਰੇਰੀ ਡੀ.ਲਿੱਟ ਦੀ ਡਿਗਰੀ ਵੀ ਪ੍ਰਦਾਨ ਕੀਤੀ। ਪਰ ਅਜਿਹੀਆਂ ਡਿਗਰੀਆਂ ਅਤੇ ਸਨਮਾਨਾਂ ਤੋਂ ਬਹੁਤ ਉੱਚਾ ਪਾਤਰ ਸ਼ਾਇਰੀ ਦਾ ਅਜਿਹਾ ਦਰਿਆ ਸੀ, ਜਿਸ ਦੀ ਰਵਾਨੀ ਕਵਿਤਾ ਨੂੰ ਤੁਰਨਾ ਸਿਖਾਉਂਦੀ ਸੀ। ‘ਹਵਾ ਵਿਚ ਲਿਖੇ ਹਰਫ਼’ ਤੋਂ ਸ਼ੁਰੂ ਹੋਈ ਉਸ ਦੀ ਰਚਨਾਕਾਰੀ ਦਾ ਸਫ਼ਰ ‘ਚੰਨ ਸੂਰਜ ਦੀ ਵਹਿੰਗੀ’ ਰਾਹੀਂ ਹੁੰਦਾ ਹੋਇਆ ‘ਇਹ ਬਾਤ ਨਿਰੀ ਏਨੀ ਨਹੀਂ’ ਤਕ ਫੈਲਿਆ ਹੋਇਆ ਸੀ। ਉਸ ਦੀ ਰਚਨਾਕਾਰੀ ਗ਼ਜ਼ਲਾਂ, ਗੀਤਾਂ, ਕਵਿਤਾਵਾਂ, ਨਾਟਕਾਂ ਅਤੇ ਵਾਰਤਕ ਦਾ ਉਹ ਖ਼ਜ਼ਾਨਾ ਹਨ, ਜਿਸ ਦੀ ਚਮਕ ਵਰਤਮਾਨ ਦੇ ਨਾਲ-ਨਾਲ ਭਵਿੱਖ ਨੂੰ ਵੀ ਰੁਸ਼ਨਾ ਦੇਣ ਦੀ ਸਮਰੱਥਾ ਰੱਖਦੀ ਹੈ। ਉਹ ਜਦੋਂ ਆਪਣੀਆਂ ਗ਼ਜ਼ਲਾਂ ਨਾਲ ਇਕਸੁਰ ਹੋ ਕੇ ਦਰਸ਼ਕਾਂ/ਸਰੋਤਿਆਂ ਸਾਹਮਣੇ ਹਾਜ਼ਰ ਹੁੰਦਾ ਤਾਂ ਸਮਾਂ ਠਹਿਰ ਜਾਂਦਾ ਸੀ।
ਉਸ ਦੀ ਇਸ ਅਦਾ ਦੀ ਝਲਕ ਉਸ ਦੀ ਅਗਲੀ ਪੀੜ੍ਹੀ ਵਿਚ ਉਸ ਦੇ ਛੋਟੇ ਬੇਟੇ ਮਨਰਾਜ ਵਿਚ ਵੀ ਝਲਕਦੀ ਹੈ। ਉਸ ਦੇ ਵੱਡੇ ਬੇਟੇ ਅੰਕੁਰ ਨੇ ਡਿਜੀਟਲ ਪੇਂਟਿੰਗ ਦਾ ਔਖਾ ਪੈਂਡਾ ਚੁਣਿਆ ਹੋਇਆ ਹੈ। ਉਸ ਦੇ ਬਣਾਏ ਹੋਏ ਬਹੁਤ ਸਾਰੇ ਪੋਰਟਰੇਟਾਂ ਵਿਚ ਆਪਣੇ ਪਿਤਾ ਸੁਰਜੀਤ ਪਾਤਰ ਦਾ ਬਣਾਇਆ ਹੋਇਆ ਪੋਰਟਰੇਟ ਵੀ ਅਦੁੱਤੀ ਹੈ।
ਸੁਰਜੀਤ ਪਾਤਰ ਦੀ ਧਰਮ ਪਤਨੀ ਭੁਪਿੰਦਰ ਕੌਰ ਜਦੋਂ ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਆਪਣੀ ਆਵਾਜ਼ ਅਤੇ ਆਪਣੀਆਂ ਸੁਰਾਂ ਨਾਲ ਇਕਸੁਰ ਕਰਦੀ ਹੈ ਤਾਂ ਫਿਜ਼ਾ ਤਰੰਗਿਤ ਹੋ ਜਾਂਦੀ ਹੈ। ਇਕੋ ਘਰ ਵਿਚ ਇਕੋ ਛੱਤ ਹੇਠ ਵਗਦੇ, ਪੰਜਾਬੀ ਸਾਹਿਤ ਸੱਭਿਆਚਾਰ ਦੇ ਏਨੇ ਦਰਿਆਵਾਂ ਵਿਚੋਂ ਇਕ ਦਰਿਆ ਜਦੋਂ ਗਿਆਰਾਂ ਮਈ 2024 ਨੂੰ,ਜ਼ਿੰਦਗੀ ਦੇ ਮਾਰੂਥਲ ਨੇ ਜੀਰ ਲਿਆ,ਤਾਂ ਚਾਰੇ ਪਾਸੇ ਇਕ ਸੁੰਨ ਪਸਰ ਗਈ।…
…ਪਾਤਰ ਨਾਲ ਮੇਰੀ ਪਹਿਲੀ ਮੁਲਾਕਾਤ ਸੰਨ 1972 ਨੂੰ ਬੀ.ਡੀ.ਆਰੀਆ ਕਾਲਜ ਜਲੰਧਰ ਛਾਉਣੀ ਵਿਖੇ ਹੋਈ ਸੀ। ਉਹ ਕਵਿਤਾ ਮੁਕਾਬਲੇ ਦੀ ਜਜਮੈਂਟ ਲਈ ਆਇਆ ਸੀ। ਮੈਂ ਜੰਡਿਆਲਾ ਕਾਲਜ ਵਿਚੋਂ ਕਾਵਿ-ਪ੍ਰਤੀਯੋਗਤਾ ਵਿਚ ਭਾਗ ਲੈਣ ਲਈ ਪਹੁੰਚਿਆ ਸੀ। ਇਨਾਮ ਤਾਂ ਖ਼ਾਲਸਾ ਕਾਲਜ ਜਲੰਧਰ ਤੋਂ ਆਈ ਕਸ਼ਮੀਰ ਕਾਦਰ ਅਤੇ ਨਰਜੀਤ ਖਹਿਰਾ ਦੀ ਜੋੜੀ ਲੈ ਗਈ ਸੀ, ਪਰ ਪ੍ਰਤੀਯੋਗਤਾ ਦੇ ਜੱਜਾਂ ਵਲੋਂ ਪ੍ਰਤੀਭਾਗੀਆਂ ਨਾਲ ਪੀਤੀ ਗਈ ਚਾਹ ਦਾ ਸਵਾਦ ਅਤੇ ਸੁਰਜੀਤ ਪਾਤਰ ਨਾਲ ਕੀਤੀਆਂ ਗੱਲਾਂ ਦੀ ਮਿਠਾਸ ਅਜੇ ਵੀ ਮੈਨੂੰ ਸਰਸ਼ਾਰ ਕਰਦੀ ਰਹਿੰਦੀ ਹੈ… ਮੈਂ ਅਕਸਰ ਕਹਿੰਦਾ ਹਾਂ ਕਿ ਉਦੋਂ ਇਨਾਮ ਤਾਂ ਨਹੀਂ ਮਿਲਿਆ ਪਰ ਮੈਂਨੂੰ ਪਾਤਰ ਸਾਹਿਬ ਮਿਲ ਗਏ…
ਫੇਰ ਦੂਰਦਰਸ਼ਨ ਦੇ ਅਨੇਕਾਂ ਪ੍ਰੋਗਰਾਮਾਂ ਨਾਲ ਸੁਰਜੀਤ ਪਾਤਰ ਦਾ ਜੜਾ? ਰਿਹਾ। ਕਦੇ “ਸੂਰਜ ਦਾ ਸਿਰਨਾਵਾਂ”, ਕਦੇ “ਕਾਵਿਸ਼ਾਰ”, ਕਦੇ “ਲੋਕ ਰੰਗ” ਤੇ ਫੇਰ “ਰੂਬਰੂ” ਉਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਿਲ ਹਨ ਜਿਨ੍ਹਾਂ ਦਾ ਕਦੇ ਉਹ ਸੰਚਾਲਕ ਰਿਹਾ ਅਤੇ ਕਦੇ ਪ੍ਰਤੀਭਾਗੀ।
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਉਹ ਪ੍ਰਧਾਨ ਰਿਹਾ ਅਤੇ ਫੇਰ 2017 ਵਿਚ ਉਸ ਨੂੰ ਪੰਜਾਬ ਕਲਾ ਪਰਿਸ਼ਦ ਦਾ ਚੇਅਰਮੈਨ ਬਣਾ ਦਿੱਤਾ ਗਿਆ।
ਸਤੰਬਰ 2017 ਤੋਂ 11 ਮਈ 2024 ਤੱਕ ਦਾ ਸਮਾਂ ਸੁਰਜੀਤ ਪਾਤਰ ਨਾਲ ਬਿਤਾਇਆ ਗਿਆ ਮੇਰੀ ਜ਼ਿੰਦਗੀ ਦਾ ਉਹ ਸਮਾਂ ਹੈ, ਜਦੋਂ ਮੈਂ ਬਹੁਤ ਕੁਝ ਸਿੱਖਿਆ ਅਤੇ ਸਮਝਿਆ। ਦੂਰਦਰਸ਼ਨ ਤੋਂ ਸੇਵਾ ਮੁਕਤ ਹੁੰਦਿਆਂ ਹੀ ਮੈਂ ਕਈ ਸਰਕਾਰੀ ਗ਼ੈਰ-ਸਰਕਾਰੀ ਅਹੁਦਿਆਂ ਤੱਕ ਪਹੁੰਚ ਗਿਆ ਸਾਂ। ਜਿਹਨਾਂ ਵਿੱਚੋਂ ਪੰਜਾਬ ਕਲਾ ਪਰਿਸ਼ਦ ਦਾ ਸਕੱਤਰ ਅਤੇ ਜੰਗੇ ਆਜ਼ਾਦੀ ਕਰਤਾਰਪੁਰ ਦੀ ਮੈਨੇਜਿੰਗ ਕਮੇਟੀ ਦਾ ਸਕੱਤਰ ਬਣਨਾ, ਬੇਹੱਦ ਅਹਿਮ ਸਰਕਾਰੀ ਅਹੁਦੇ ਸਨ। ਦੋਵੇਂ ਸੱਭਿਆਚਾਰਕ ਅਤੇ ਸੈਰ ਸਪਾਟਾ ਮੰਤਰਾਲੇ ਦੇ ਅਧੀਨ ਸਨ। ਮੇਰੇ ਪੰਜਾਬ ਕਲਾ ਪਰਿਸ਼ਦ ਦਾ ਸਕੱਤਰ ਬਣਨ ਤੋਂ ਇੱਕ ਸਾਲ ਬਾਅਦ 2017 ਦੇ ਸਤੰਬਰ ਵਿੱਚ ਸੁਰਜੀਤ ਪਾਤਰ ਨੂੰ ਤੱਤਕਲੀਨ ਸੰਬੰਧਿਤ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਜ਼ਿਦ ਅਧੀਨ ਪੰਜਾਬ ਸਰਕਾਰ ਵੱਲੋਂ ਕਲਾ ਪ੍ਰੀਸ਼ਦ ਦਾ ਚੇਅਰਮੈਨ ਲਗਾਇਆ ਗਿਆ ਸੀ। ਸਤਿੰਦਰ ਸੱਤੀ ਨੂੰ ਹਟਾ ਕੇ ਕੀਤੀ ਗਈ ਇਸ ਨਿਯੁਕਤੀ ਲਈ ਤਕਨੀਕੀ ਘੁਣਤਰਾਂ ਘੜਨ ਵਿੱਚ ਉਸ ਵੇਲੇ ਦੇ ਸੱਭਿਆਚਾਰਕ ਮਾਮਲੇ ਦੇ ਸਕੱਤਰ ਜਸਪਾਲ ਸਿੰਘ ਆਈ. ਏ. ਐੱਸ. ਦੇ ਨਾਲ ਨਾਲ ਮੇਰਾ ਵੀ ਗਹਿਰਾ ਯੋਗਦਾਨ ਸੀ।
ਸੁਰਜੀਤ ਪਾਤਰ ਦੇ ਆਉਣ ਨਾਲ ਪੰਜਾਬ ਕਲਾ ਪਰਿਸ਼ਦ ਦਾ ਕੱਦ ਵੱਧ ਗਿਆ ਸੀ। ਡਾਕਟਰ ਮਹਿੰਦਰ ਸਿੰਘ ਰੰਧਾਵਾ ਤੋਂ ਸੁਰਜੀਤ ਪਾਤਰ ਤੱਕ ਦਾ ਕਲਾ ਪ੍ਰੀਸ਼ਦ ਦਾ ਸਫ਼ਰ ਇਸ ਦੀ ਭਰਪੂਰ ਗਵਾਹੀ ਦਿੰਦਾ ਹੈ ਕਿ ਸੰਸਥਾਵਾਂ ਚਿਹਰਿਆਂ ਨਾਲ ਹੀ ਜਾਣੀਆਂ ਜਾਂਦੀਆਂ ਹਨ। ਪਾਤਰ ਦੇ ਆਉਣ ਨਾਲ ਇਹ ਸੰਸਥਾ ਸਜੀਵ ਹੋ ਗਈ ਸੀ, ਸੰਗੀਤਕ ਹੋ ਗਈ ਸੀ। ਇਹਦੀ ਇਮਾਰਤ ਦੇ ਕੋਨੇ ਕੋਨੇ ਵਿੱਚ ਕਵਿਤਾ ਰੁਮਕਣ ਲੱਗ ਪਈ ਸੀ, ਸੰਗੀਤ ਗੂੰਜਣ ਲੱਗ ਪਿਆ ਸੀ…। ਕਲਾ ਪ੍ਰੀਸ਼ਦ ਦਾ ਦਫ਼ਤਰ ਠਹਾਕਿਆਂ ਨਾਲ ਗੂੰਜਦਾ ਰਹਿੰਦਾ। ਡਾਕਟਰ ਯੋਗਰਾਜ, ਦੀਵਾਨ ਮਾਨਾ, ਕੇਵਲ ਧਾਲੀਵਾਲ, ਪ੍ਰੀਤਮ ਸਿੰਘ ਰੂਪਾਲ, ਨਿਰਮਲ ਜੌੜਾ, ਸਰਬਜੀਤ ਕੌਰ ਸੋਹਲ ਅਤੇ ਨਿੰਦਰ ਘੁਗਿਆਣਵੀ ਇਹਨਾਂ ਠਹਾਕਿਆਂ ਦੇ ਪੱਕੇ ਯੋਗਦਾਨੀ ਸਨ। ਕਦੇ ਕਦੇ ਅਮਰਜੀਤ ਗਰੇਵਾਲ ਤੇ ਸਵਰਨਜੀਤ ਸਵੀ ਵੀ ਆ ਜਾਂਦੇ। ਦੀਵਾਨ ਮਾਨਾ ਦੁਪਹਿਰ ਦਾ ਅਤਿ ਸਵਾਦਿਸ਼ਟ ਖਾਣਾ ਘਰੋਂ ਮੰਗਵਾ ਕੇ ਅਕਸਰ ਸਾਨੂੰ ਖਵਾਉਂਦਾ ਤੇ ਫਿਰ ਸਾਨੂੰ ਘਰੋਂ ਹੋ ਕੇ ਜਾਣ ਦੀ ਤਗੀਦ ਵੀ ਕਰਦਾ ਰਹਿੰਦਾ। ਉਹ ਅੰਗੂਰ ਅਤੇ ਹੋਰ ਫਲ-ਫਰੂਟ ਪਾ ਕੇ ਬਣਾਈ ਗਈ ਘਰੇਲੂ ਵਿਸਕੀ ਦੀ ਗੱਲ ਅਕਸਰ ਛੇੜ ਦਿੰਦਾ। ਇੱਕ ਦਿਨ ਕਹਿੰਦਾ ” ਜੀ ਪਾਤਰ ਸਾਹਿਬ ਅੱਜ ਤਾਂ ਸ਼ਾਮ ਨੂੰ ਬੈਠਣਾ ਹੀ ਬੈਠਣਾ ਦੱਸੋ ਕਿੰਨੀਆਂ ਬੋਤਲਾਂ ਦਾ ਪ੍ਰਬੰਧ ਕਰਾਂ” ਪਾਤਰ ਸਾਹਿਬ ਨੇ ਆਲੇ ਦੁਆਲੇ ਨਜ਼ਰ ਘੁਮਾਈ ਤੇ ਕਹਿਣ ਲੱਗੇ “ਇੱਕੋ ਹੀ ਬੋਤਲ ਕਾਫ਼ੀ ਹੈ ” ਉਸ ਦਿਨ ਅਸੀਂ ਪੰਜ ਜਣੇ ਬੈਠੇ ਸਾਂ ।ਮਾਨਾ ਨੇ ਹੈਰਾਨ ਹੋ ਕੇ ਕਿਹਾ “ਪੰਜ ਬੰਦੇ ਤੇ ਬੋਤਲ ਇੱਕ?” ਪਾਤਰ ਸਾਹਿਬ ਬੋਲੇ “ਹਾਂ ਇੱਕੋ ਬੋਤਲ, ਇੱਕ ਪਿੱਗ ਮੇਰਾ, ਬਾਕੀ ਤੁਸੀਂ ਤਿੰਨੇ,… ਜੌਹਲ ਤਾਂ ਬੈਡ ਕੰਪਨੀ ਐ”…
ਸਾਰੇ ਉੱਚੀ ਉੱਚੀ ਹੱਸ ਪਏ ਤੇ ਮੈਂ ਕੱਚਾ ਜਿਹਾ ਹੋ ਗਿਆ। “ਇਹਦਾ ਮਤਲਬ ਤੁਹਾਨੂੰ ਬੈਡ ਕੰਪਨੀ ਵਾਲੀ ਕਹਾਣੀ ਨਹੀਂ ਪਤਾ”.. ਪਾਤਰ ਸਾਹਿਬ ਬੋਲੇ.. ਤੇ ਫਿਰ ਉਹ ਕਹਾਣੀ ਸੁਣਾਉਣ ਲੱਗ ਪਏ “ਪ੍ਰੋਫ਼ੈਸਰ ਮੋਹਣ ਸਿੰਘ ਜਦੋਂ ਪੀ.ਏ.ਯੂ. ਵਿੱਚ ਮੇਰੇ ਬੌਸ ਹੁੰਦੇ ਸਨ ਤਾਂ ਇੱਕ ਦਿਨ ਉਹ ਸ਼ਰਾਬ ਦੇ ਨਸ਼ੇ ਵਿੱਚ ਪੂਰੇ ਟੁੰਨ ਹੋ ਕੇ ਆਪਣੇ ਘਰ ਪਹੁੰਚੇ ਤਾਂ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਖੂਬ ਬੁਰਾ ਭਲਾ ਕਿਹਾ, ਕਿਉਂਕਿ ਉਹਨਾਂ ਦੀ ਪਤਨੀ ਵੱਲੋਂ ਉਹਨਾਂ ਨੂੰ ਸਖਤ ਹਦਾਇਤ ਸੀ ਕਿ ਇੱਕ ਪੈੱਗ ਤੋਂ ਵੱਧ ਸ਼ਰਾਬ ਨਹੀਂ ਪੀਣੀ। ਪ੍ਰੋਫ਼ੈਸਰ ਮੋਹਣ ਸਿੰਘ ਹੋਰਾਂ ਨੇ ਆਪਣੇ ਹਲੀਮੀ ਭਰੇ ਅੰਦਾਜ਼ ਵਿੱਚ ਆਪਣੀ ਸਫ਼ਾਈ ਪੇਸ਼ ਕਰਦਿਆਂ ਕਿਹਾ “ਕੀ ਕਰਦਾ ਭਾਗਵਾਨੇ ਅੱਜ ਤਾਂ ਮੈਨੂੰ ਬੈਡ ਕੰਪਨੀ ਨੇ ਮਰਵਾ ਦਿੱਤਾ”
” ਬੈਡ ਕੰਪਨੀ?ਕੀ ਮਤਲਬ?”
ਪਤਨੀ ਨੇ ਮੋੜਵਾਂ ਸਵਾਲ ਕੀਤਾ ਤਾਂ ਕਹਿਣ ਲੱਗੇ “ਅੱਜ ਮੈਨੂੰ ਦੋ ਜਣੇ ਮਿਲਣ ਆਏ ਸਨ, ਮੈਂ ਹਿਸਾਬ ਲਗਾ ਕੇ ਪੂਰੀ ਬੋਤਲ ਲੈ ਆਇਆ, ਪਰ ਮਾੜੀ ਕਿਸਮਤ ਨੂੰ ਦੋਹਾਂ ਵਿੱਚੋਂ ਕੋਈ ਵੀ ਪੀਣ ਵਾਲਾ ਨਾ ਨਿਕਲਿਆ ਤੇ ਫਿਰ ਸਾਰੀ ਬੋਤਲ ਮੈਨੂੰ ਇਕੱਲੇ ਨੂੰ ਹੀ ਪੀਣੀ ਪਈ, ਇਸ ਕਰਕੇ ਇਹ ਸਾਰਾ ਕਸੂਰ ਬੈਡ ਕੰਪਨੀ ਦਾ ਹੈ,ਮੇਰਾ ਨਹੀਂ”… ਇੱਕ ਵਾਰ ਫਿਰ ਹਾਸਾ ਪੈ ਗਿਆ। “ਸੋ ਜੌਹਲ ਸਾਡੀ ਬੈਡ ਕੰਪਨੀ ਐ”… ਇਸ ਤੋਂ ਬਾਅਦ ਜਦੋਂ ਕਦੇ ਵੀ ਮਹਿਫ਼ਲ ਜੁੜਨ ਦੀ ਗੱਲ ਚੱਲਦੀ ਤਾਂ ਅਕਸਰ ਪੁੱਛ ਲਿਆ ਜਾਂਦਾ “ਹਾਂ ਬਈ ਬੈਡ ਕੰਪਨੀ ਕੌਣ ਕੌਣ ਐ?”
ਪਾਤਰ ਸਾਹਿਬ ਦੇ ਸਾਰੇ ਸਰਕਲ ਵਿੱਚ ਮੈਂ “ਬੈਡ ਕੰਪਨੀ” ਵਜੋਂ ਮਸ਼ਹੂਰ ਹੋ ਗਿਆ…
… ਉਸ ਦੀ ਅਗਵਾਈ ਵਿਚ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਦੇ ਅਹੁਦੇ ਉੱਤੇ ਰਹਿੰਦਿਆਂ ਉਸ ਦੀ ਸ਼ਖ਼ਸੀਅਤ ਦੇ ਉਹ ਗਹਿਰੇ ਰੰਗ ਵੀ ਅਤਿ ਨੇੜੇ ਤੋਂ ਵੇਖਦਿਆਂ ਅਨੁਭਵ ਦੀ ਜੋ ਅਮੀਰੀ, ਮੈਂ ਇਨ੍ਹਾਂ ਸਾਲਾਂ ਵਿਚ ਗ੍ਰਹਿਣ ਕੀਤੀ, ਉਹ ਮੇਰਾ ਬੇਹੱਦ ਵਡਮੁੱਲਾ ਸਰਮਾਇਆ ਹੈ। ਪੇਚੀਦਾ ਤੋਂ ਪੇਚੀਦਾ ਮਸਲਿਆਂ ਨੂੰ ਮਿੱਠੀ ਮੁਸਕਾਨ ਨਾਲ ਟਾਲ ਦੇਣਾ, ਉਸ ਦਾ ਮੀਰੀ ਗੁਣ ਸੀ। ਤਲਖ਼ੀ ਭਰੇ ਮਾਹੌਲ ‘ਚ ਵੀ ਚਾਰ ਚੁਫ਼ੇਰੇ ਭੁੜਕ ਰਹੀਆਂ ਮਿਰਚਾਂ ਨੂੰ ਮਿਸ਼ਰੀ ਬਣਾ ਦੇਣ ਦੀ ਕਲਾ ਉਸ ਨੂੰ ਆਉਂਦੀ ਸੀ। ਅਸਹਿਮਤੀ ਨੂੰ ਸਹਿਮਤੀ, ਅਸਹਿਜਤਾ ਨੂੰ ਸਹਿਜਤਾ, ਤਲਖ਼ੀ ਨੂੰ ਤਰਲਤਾ ਵਿਚ ਬਦਲਣ ਵਾਲਾ ਜਾਦੂਗਰ ਸੀ ਸੁਰਜੀਤ ਪਾਤਰ…।
ਉਹ ਅਸਮਾਨ ਜਿੰਨਾ ਉੱਚਾ ਅਤੇ ਪਤਾਲ ਜਿੰਨਾ ਗਹਿਰਾ ਸੀ। ਉਸ ਦੀ ਥਾਹ ਪਾਉਣ ਲਈ ਉਸ ਨਾਲ ਗੁਜ਼ਾਰੇ ਪਲਾਂ ਨੂੰ ਮੁੜ ਮੁੜ ਨਿਹਾਰਨਾ ਪੈਂਦਾ ਹੈ…
8 ਮਈ 2024 ਨੂੰ ਕਲਾ ਪ੍ਰੀਸ਼ਦ ਦੀ ਤਤਕਾਲੀ ਟੀਮ ਦੀ ਆਖਰੀ ਮੀਟਿੰਗ ਸੀ। 19 ਮਈ ਨੂੰ ਸਾਡਾ ਕਾਰਜਕਾਲ ਸਮਾਪਤ ਹੋ ਜਾਣਾ ਸੀ। ਮੀਟਿੰਗ ਤੋਂ ਬਾਅਦ ਕਮਰੇ ਵਿੱਚ ਆਏ ਤਾਂ ਪਾਤਰ ਸਾਹਿਬ ਕਹਿਣ ਲੱਗੇ “ਇਹ ਚੇਅਰਮੈਨ ਦੀ ਕੁਰਸੀ ਦੇ ਪਿੱਛੇ ਪੂਰੀ ਦੀਵਾਰ ਤੇ ਵੱਡੀ ਪੇਂਟਿੰਗ ਹੋਣੀ ਚਾਹੀਦੀ ਹੈ।” ਮੈਂ ਕਾਗਜ਼ਾਂ ਤੇ ਦਸਤਖਤ ਕਰਦੇ ਕਰਦੇ ਨੇ ਮੂੰਹ ਉਤਾਂਹ ਚੁੱਕਿਆ ਤੇ ਉਹਨਾਂ ਵੱਲ ਵੇਖ ਕੇ ਮੁਸਕਰਾਇਆ। ਕਹਿਣ ਲੱਗੇ “ਅਜੇ 11 ਦਿਨ ਪਏ ਆ ਪੇਂਟਿੰਗ ਤਾਂ ਸਿਧਾਰਥ ਨੇ ਦੋ ਦਿਨਾਂ ਵਿੱਚ ਬਣਾ ਦੇਣੀ ਐ ਆਪਾਂ ਲਾ ਕੇ ਜਾਵਾਂਗੇ, ਇਹ ਵੀ ਕਲਾ ਪ੍ਰੀਸ਼ਦ ਨੂੰ ਆਪਣੀ ਦੇਣ ਹੀ ਹੋਏਗੀ” ਮੈਂ ਚੁੱਪ ਰਿਹਾ। ਫੇਰ ਸਾਹਮਣੇ ਖੜੇ ਅਮਰਜੀਤ ਗਰੇਵਾਲ ਨੂੰ ਕਹਿਣ ਲੱਗੇ “ਤੂੰ ਕਰ ਸਿਧਾਰਥ ਨੂੰ ਫੋਨ”… ਉਹ ਫੋਨ ਮਿਲਾਉਣ ਲੱਗ ਪਿਆ… ਥੋੜੀ ਦੇਰ ਤੋਂ ਬਾਅਦ ਮੈਨੂੰ ਕਹਿਣ ਲੱਗੇ “ਆਪਾਂ ਇੱਕ ਮੀਟਿੰਗ ਹੋਰ ਨਾ ਕਰ ਲਈਏ, ਨਾਲੇ ?ਦਣ ਨੂੰ ਪਾਰਟੀ ਕਰਾਂਗੇ,ਆਪਣੀ ਟਰਮ ਦੀ ਸ਼ਾਨਦਾਰ ਸਮਾਪਤੀ ਦੀ ਪਾਰਟੀ” ਮੈਂ ਕੁਝ ਹੋਰ ਬੋਲਣ ਤੋਂ ਬਿਨਾਂ, ਆਫਿਸ ਸੁਪਰਡੈਂਟ ਨਗੇਸ਼ਵਰ ਨੂੰ ਬੁਲਾਇਆ ਤੇ 17 ਮਈ ਦੀ ਮੀਟਿੰਗ ਦਾ ਨੋਟਿਸ ਕੱਢਣ ਲਈ ਆਖ ਦਿੱਤਾ। ਫਿਰ ਉਹ ਅੱਠ ਸੈਕਟਰ ਵਿੱਚ ਕਿਸੇ ਨੂੰ ਮਿਲਣ ਲਈ ਅਮਰਜੀਤ ਨੂੰ ਨਾਲ ਲੈ ਕੇ ਚਲੇ ਗਏ। ਮੈਂ, ਨਿਰਮਲ ਜੌੜਾ ਤੇ ਹਰਜਿੰਦਰ ਅਟਵਾਲ ਕੁਝ ਦੇਰ ਦਫ਼ਤਰ ਵਿੱਚ ਬੈਠੇ ਰਹੇ। ਮੈਨੂੰ ਜਲੰਧਰ ਆਉਣ ਵਿੱਚ ਦੇਰੀ ਹੋ ਰਹੀ ਸੀ। ਮੈਂ ਤੇ ਅਟਵਾਲ ਜਲੰਧਰ ਨੂੰ ਚੱਲ ਪਏ। ਨਿਰਮਲ ਜੌੜਾ ਉਹਨਾਂ ਦੇ ਵਾਪਸ ਆਉਣ ਦੀ ਉਡੀਕ ਕਰਦਾ ਰਿਹਾ। ਬਾਅਦ ਵਿੱਚ ਪਤਾ ਲੱਗਾ ਉਹ ਛੇ ਕੁ ਵਜੇ ਵਾਪਸ ਦਫ਼ਤਰ ਆਏ ਸਨ ਤੇ ਉਹਨਾਂ ਨੇ ਸਾਰੇ ਸਟਾਫ ਤੇ ਦੋਸਤਾਂ ਨਾਲ ਕਲਾ ਪ੍ਰੀਸ਼ਦ ਦੇ ਵੱਖ ਵੱਖ ਕੋਨਿਆਂ ਵਿੱਚ ਆਪਣੇ ਮੋਬਾਈਲ ਉੱਤੇ ਆਪਣੀਆਂ ਤਸਵੀਰਾਂ ਖਿਚਵਾਈਆਂ।…
ਨੌ ਮਈ ਨੂੰ ਸਵੇਰੇ ਮੈਂ ਉਹਨਾਂ ਨੂੰ ਦੂਰਦਰਸ਼ਨ ਦੇ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਦੇ ਕਹਿਣ ਉੱਤੇ ਦੂਰਦਰਸ਼ਨ ਵਿਖੇ ਦਸ ਮਈ ਨੂੰ ਹੋਣ ਵਾਲੇ ਕਵੀ ਦਰਬਾਰ ਵਿੱਚ ਸ਼ਾਮਿਲ ਹੋਣ ਦਾ ਸੱਦਾ ਦੇਣ ਲਈ ਟੈਲੀਫੋਨ ਕੀਤਾ,ਤਾਂ ਕਹਿਣ ਲੱਗੇ “ਨਹੀਂ ਨਹੀਂ ਕੱਲ ਮੈਂ ਨਹੀਂ ਆ ਸਕਣਾ, ਮੈਂ ਬਰਨਾਲੇ ਜਾਣੈ, ਮੈਂ ਬਰਨਾਲੇ ਵਾਲਿਆਂ ਨੂੰ ਪਹਿਲਾਂ ਹਾਂ ਕੀਤੀ ਹੋਈ ਹੈ।”
…ਦਸ ਮਈ ਦੀ ਰਾਤ ਨੂੰ ਬਰਨਾਲੇ ਤੋਂ ਬਾਅਦ ਜਗਰਾਵਾਂ ਦੀ ਇੱਕ ਮਹਿਫ਼ਲ ਵਿੱਚ ਗਜ਼ਲਾਂ ਸੁਣਾਉਣ ਉਪਰੰਤ ਉਹ ਰਾਤ 11 ਕੁ ਵਜੇ ਲੁਧਿਆਣੇ ਆਪਣੇ ਘਰ ਪਹੁੰਚੇ..
..ਤੇ 11ਮਈ ਦੀ ਸਵੇਰ ਉਹਨਾਂ ਤੋਂ ਬਗੈਰ ਹੀ ਚੜ੍ਹੀ…
ਸੁਰਜੀਤ ਪਾਤਰ ਵਲੋਂ ਆਪ ਕਹਿ ਕੇ ਰਖਵਾਈ ਗਈ ਕਲਾ ਪ੍ਰੀਸ਼ਦ ਦੀ ਮੀਟਿੰਗ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਬਦਲ ਦਿੱਤੀ ਗਈ……………..
…ਉਹਨਾਂ ਦੇ ਚਲੇ ਜਾਣ ਤੋਂ ਦੋ ਕੁ ਮਹੀਨੇ ਪਹਿਲਾਂ ਸਾਡੇ ਸੰਬੰਧਾਂ ਵਿੱਚ ਕੁਝ ਤਰੇੜਾਂ ਆ ਗਈਆਂ ਸਨ। ਇਸ ਦਾ ਕਾਰਨ ਸਥਾਪਤੀ ਪ੍ਰਤੀ ਸਾਡੇ ਵਤੀਰਿਆਂ ਦਾ ਵਖਰੇਵਾਂ ਸੀ…
ਤਿੰਨ ਮਾਰਚ 2024 ਨੂੰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਚੋਣ ਸੀ। ਪ੍ਰਧਾਨਗੀ ਦੇ ਅਹੁਦੇ ਲਈ ਦੁਬਾਰਾ ਚੋਣ ਲੜਨ ਦੀ ਸਲਾਹ ਕਰਨ ਲਈ ਮੈਂ ਸਭ ਤੋਂ ਪਹਿਲਾਂ ਪਾਤਰ ਸਾਹਿਬ ਦੇ ਘਰ ਗਿਆ ਤਾਂ ਉਹਨਾਂ ਨੇ ਮੈਨੂੰ ਜ਼ੋਰ ਦੇ ਕੇ ਕਿਹਾ “ਤੈਨੂੰ ਦੁਬਾਰਾ ਜ਼ਰੂਰ ਪ੍ਰਧਾਨ ਬਣਨਾ ਚਾਹੀਦਾ ਹੈ।… ਸਤਾਰਾਂ ਫ਼ਰਵਰੀ ਨੂੰ ਮੈਂ ਕਾਗ਼ਜ਼ ਦਾਖਲ ਕਰ ਦਿੱਤੇ। 24 ਫਰਵਰੀ ਤੱਕ ਕਾਗ਼ਜ਼ ਵਾਪਸ ਲੈਣ ਦੀ ਆਖ਼ਰੀ ਤਾਰੀਖ ਸੀ। ਉੱਨੀ ਫਰਵਰੀ ਨੂੰ ਆਪਣੇ ਕੁਝ ਦੋਸਤਾਂ ਸਮੇਤ ਉਹ ਚੰਡੀਗੜ੍ਹ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸਨ।… 20 ਫ਼ਰਵਰੀ ਨੂੰ ਸਵੇਰੇ ਹੀ ਉਹਨਾਂ ਨੇ ਆਪਣੇ ਲੁਧਿਆਣੇ, ਚੰਡੀਗੜ੍ਹ ਅਤੇ ਪਟਿਆਲੇ ਦੇ ਦੋਸਤਾਂ ਦਾ ਨਾਂ ਲੈ ਕੇ ਮੈਨੂੰ ਫੋਨ ਕਰਕੇ ਕਿਹਾ ” ਮੇਰੇ ਉੱਤੇ ਦਬਾਅ ਹੈ ਕਿ ਮੈਂ ਅਕੈਡਮੀ ਦੀਆਂ ਚੋਣਾਂ ਵਿੱਚ ਨਿਰਪੱਖ ਰਹਾਂ। ਇਸ ਕਰਕੇ ਮੈਂ ਤੇਰੀ ਖੁੱਲ੍ਹ ਕੇ ਮਦਦ ਨਹੀਂ ਕਰ ਸਕਣਾ। ਮੈੰ ਤੈਨੂੰ ਹਨੇਰੇ ਵਿੱਚ ਨਹੀਂ ਰੱਖਣਾ ਚਾਹੁੰਦਾ…ਪਰ ਤੂੰ ਇਸ ਦਾ ਬੁਰਾ ਨਾ ਮਨਾਈਂ, ਮੈਂ ਤੈਨੂੰ ਸਾਫ਼ ਸਾਫ਼ ਇਹ ਵੀ ਦੱਸ ਦਿਆਂ ਕਿ ਤੇਰੀ ਮਦਦ ਨਾ ਕਰ ਸਕਣ ਦਾ ਕਾਰਨ, ਤੂੰ ਨਹੀਂ ਹੈਂ ਤੇਰੇ ਹਿਮਾਇਤੀ ਨੇ।”… ਮੈਨੂੰ ਬੇਹੱਦ ਝਟਕਾ ਲੱਗਾ। ਮੈਂ ਸਿਰਫ਼ ਏਨਾ ਕਿਹਾ “ਕੋਈ ਗੱਲ ਨਹੀਂ ਪਾਤਰ ਸਾਹਿਬ! ਮੈਂ ਹਾਰਾਂ ਜਾਂ ਜਿੱਤਾਂ ! ਪਰ ਮੈਂ ਆਪਣੇ ਹਮਾਇਤੀ ਨਹੀਂ ਬਦਲ ਸਕਦਾ! ਮੈਂ ਤਾਂ ਲੜਾਂਗਾ…”
ਮੈਂ ਚਾਹੁੰਦਾ ਤਾਂ ਕਾਗ਼ਜ਼ ਵਾਪਸ ਲੈ ਸਕਦਾ ਸਾਂ। ਪਰ ਹਾਰ ਦੇਖ ਕੇ ਭੱਜਣਾ ਅਤੇ ਆਪਣੇ ਦੋਸਤਾਂ ਨੂੰ ਧੋਖਾ ਦੇਣਾ ਮੇਰੇ ਖ਼ੂਨ ਵਿੱਚ ਨਹੀਂ ਸੀ…
…ਫਿਰ ਸਾਡਾ ਸੰਪਰਕ ਟੁੱਟ ਗਿਆ। ਪਾਤਰ ਸਾਹਿਬ ਦੇ ਨੇੜਲੇ ਸਾਰੇ ਦੋਸਤ ਮੇਰੇ ਵਿਰੋਧੀਆਂ ਨਾਲ ਰਲ ਕੇ, ਮੇਰੇ ਖਿਲਾਫ਼ ਪੂਰੀ ਸਰਗਰਮੀ ਨਾਲ ਮੁਹਿੰਮ ਚਲਾ ਰਹੇ ਸਨ। ਮੇਰੇ ਹਾਰ ਜਾਣ ਤੋਂ ਬਾਅਦ ਵੀ ਪਾਤਰ ਸਾਹਿਬ ਦਾ ਕਈ ਦਿਨਾਂ ਤੱਕ, ਮੈਨੂੰ ਕੋਈ ਫ਼ੋਨ ਨਾ ਆਇਆ। ਪਿਛਲੇ ਸਾਢੇ ਸੱਤ ਸਾਲਾਂ ਵਿੱਚ ਪਹਿਲੀ ਵਾਰ ਅਸੀਂ ਇਕ ਦੂਜੇ ਨਾਲ ਗੱਲਬਾਤ ਤੋਂ ਵਿਰਵੇ ਰਹੇ..ਪੰਦਰਾਂ ਕੁ ਦਿਨਾਂ ਬਾਅਦ ਅਸੀਂ ਚੰਡੀਗੜ੍ਹ ਕਲਾ ਪ੍ਰੀਸ਼ਦ ਦੇ ਦਫ਼ਤਰ ਵਿੱਚ ਹੀ ਮਿਲੇ।ਡਾਕਟਰ ਯੋਗਰਾਜ ਤੇ ਪਾਤਰ ਸਾਹਿਬ ਮੇਰੇ ਜਾਣ ਤੋਂ ਪਹਿਲਾਂ ਹੀ ਪਾਤਰ ਸਾਹਿਬ ਦੇ ਕਮਰੇ ਵਿੱਚ ਬੈਠੇ ਸਨ। ਮੈਂ ਜਿਉੰ ਹੀ ਬੈਠਿਆ ਪਾਤਰ ਸਾਹਿਬ ਨੇ ਮੇਰੇ ਨਾਲ “ਅਫਸੋਸ” ਕਰਨਾ ਆਰੰਭ ਕੀਤਾ।”…ਅਸੀਂ ਦੋਵੇਂ ਤਾਂ ਤੈਨੂੰ ਵੋਟ ਪਾਉਣ ਵੀ ਨਾ ਆ ਸਕੇ” ਮੈਂ ਮੁਸਕਰਾਇਆ ਤੇ ਬੋਲਿਆ “ਕੋਈ ਗੱਲ ਨਹੀਂ ਹੁਣ ਤਾਂ ਸਾਫ਼ ਹੀ ਹੋ ਗਿਆ ਹੈ, ਕਿ ਤੁਹਾਡੀ ਵੋਟ ਨਾਲ ਵੀ ਮੈਂ ਕਿਹੜਾ ਜਿੱਤਣਾ ਸੀ” ਅਸੀਂ ਤਿੰਨੇ ਹੱਸ ਪਏ, ਪਰ ਉਹਨਾਂ ਨੇ ਆਪਣੀ ਸਫ਼ਾਈ ਜਾਰੀ ਰੱਖੀ… “ਇਹ ਇੱਕ ਹਵਾ ਜਿਹੀ ਸੀ, ਜੋ ਉਹਨਾਂ ਦੇ ਹੱਕ ਵਿੱਚ ਵੱਗ ਗਈ, ਹੌਲੀ ਹੌਲੀ ਸਭ ਠੀਕ ਹੋ ਜਾਵੇਗਾ…!” ਮੈਂ ਬੋਲਿਆ “ਹੁਣ ਵੀ ਠੀਕ ਹੀ ਹੈ ਪਾਤਰ ਸਾਹਿਬ, ਇਸ ਹਾਰ ਦਾ ਮੈਨੂੰ ਕੋਈ ਦੁੱਖ ਨਹੀਂ ਹੈ, ਸਗੋੰ ਬਹੁਤ ਸਾਰੀਆਂ ਗੱਲਾਂ ਸਪਸ਼ਟ ਹੋ ਗਈਆਂ ਹਨ, ਪਰ ਜਿਨਾਂ ਨੇ ਮੈਨੂੰ ਧੋਖਾ ਦਿੱਤਾ, ਉਹਨਾਂ ਨੂੰ ਮੈਂ ਕਦੇ ਭੁੱਲਾਂਗਾ ਨਹੀਂ। ਉਹ ਦੋਵੇਂ ਇਕਦਮ ਤ੍ਰਬਕ ਗਏ। ਦੋਵੇਂ ਇੱਕਠੇ ਹੀ ਬੋਲੇ “ਨਹੀਂ ਨਹੀਂ ਤੈਨੂੰ ਇਵੇਂ ਨਹੀਂ ਸੋਚਣਾ ਚਾਹੀਦਾ”…. ਪਾਤਰ ਸਾਹਿਬ ਕਹਿਣ ਲੱਗੇ ” ਤੈਨੂੰ ਪਤੈ,ਨੂਰ ਨੇ ਜਦੋਂ ਮੇਰੇ ਖਿਲਾਫ਼ ਚੋਣ ਲੜੀ ਸੀ, ਮੇਰੇ ਨੇੜਲੇ ਸਾਰੇ ਨੂਰ ਨਾਲ ਚਲੇ ਗਏ ਸਨ, ਪਰ ਬਾਅਦ ਵਿੱਚ ਉਹ ਵੀ ਤੇ ਨੂਰ ਵੀ, ਫੇਰ ਮੇਰੇ ਦੋਸਤ ਬਣ ਗਏ…। ਮੈਂ ਬੋਲਿਆ “ਪਾਤਰ ਸਾਹਿਬ ਉਹ ਨੂਰ ਸੀ, ਮੈਂ ਜੌਹਲ ਆਂ”… ਫੇਰ ਕਾਫ਼ੀ ਸਮਾਂ ਚੁੱਪ ਪਸਰੀ ਰਹੀ… ਜਿਸ ਨੂੰ ਪ੍ਰੀਤਮ ਰੂਪਾਲ ਦੇ ਕਮਰੇ ਵਿੱਚ ਪ੍ਰਵੇਸ਼ ਨੇ ਤੋੜਿਆ…। ਚੋਣਾਂ ਵਿਚ ਮੇਰੀ ਮਦਦ ਨਾ ਕਰ ਸਕਣ ਦਾ ਦਬਾਅ ਸਿਰਫ਼ ਗਿਣਾਏ ਗਏ ਦੋਸਤਾਂ ਦਾ ਸੀ, ਜਾਂ ਕੋਈ ਹੋਰ ਮਜਬੂਰੀ ਵੀ ਸੀ…।ਇਹ ਗੁ?ਥੀ ਮੇਰੀ ਸਮਝ ਵਿੱਚ ਆ ਚੁੱਕੀ ਸੀ… ਫੇਰ ਵੀ ਉਹ ਮੈਨੂੰ ਇਸ ਕਰਕੇ ਚੰਗਾ ਲਗਦਾ ਕਿਉਂਕਿ ਉਸ ਨੇ ਮੈਨੂੰ ਹਨ੍ਹੇਰੇ ਵਿੱਚ ਨਹੀਂ ਸੀ ਰੱਖਿਆ… ਇਹ ਵੀ ਸੱਚ ਹੈ ਕਿ ਮੈਂ ਉਸ ਤੋਂ ਜਿਊਣ ਦੀ ਕਲਾ ਵੀ ਸਿੱਖੀ ਅਤੇ ਲਿਖਣ ਦਾ ਅੰਦਾਜ਼ ਵੀ ਸਿੱਖਿਆ…
…ਭਾਸ਼ਾ ਵਿਭਾਗ ਪੰਜਾਬ, ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪੰਜਾਬੀ ਅਕਾਦਮੀ ਦਿੱਲੀ ਅਤੇ ਭਾਰਤੀ ਸਾਹਿਤ ਅਕਾਦਮੀ ਦੇ ਪੁਰਸਕਾਰਾਂ ਦੇ ਨਾਲ-ਨਾਲ ਉਸ ਨੂੰ ਪੰਚਨਦ ਅਤੇ ਸਰਸਵਤੀ ਪੁਰਸਕਾਰ ਵਰਗੇ ਕੌਮੀ ਪੁਰਸਕਾਰ ਵੀ ਮਿਲ ਚੁੱਕੇ ਸਨ। ਦੇਸ਼ ਦਾ ਵਕਾਰੀ ਪੁਰਸਕਾਰ ਪਦਮਸ਼੍ਰੀ ਪੁਰਸਕਾਰ ਵੀ ਉਸ ਦੀ ਝੋਲੀ ਵਿਚ ਸੀ।… ਸਾਹਿਤਕ ਮੰਚਾਂ ਉੱਤੇ ਉਹ ਸ਼ਿਵ ਕੁਮਾਰ ਦਾ ਜਾਨਸ਼ੀਨ ਸੀ, ਕਵਿਤਾ ਦੀ ਸਰਬੰਗਤਾ ਵਿਚ ਉਹ ਪ੍ਰੋ. ਮੋਹਣ ਸਿੰਘ ਦਾ ਪੂਰਕ ਸੀ, ਪ੍ਰਗਤੀਵਾਦੀ ਧਾਰਾ ਵਿਚ ਉਹ ਪਾਸ਼ ਦਾ ਸਮਾਨੰਤਰੀ ਸੀ ਅਤੇ ਨਵੀ ਪੰਜਾਬੀ ਕਵਿਤਾ ਵਿਚ ਉਹ ਅਜਿਹਾ ਬੇਜੋੜ ਕਵੀ ਸੀ, ਜਿਸ ਦੀ ਕਿਸੇ ਵੀ ਸਮਾਗਮ ਵਿਚ ਹਾਜ਼ਰੀ ਦਿਨ ਦੇ ਸੂਰਜ ਅਤੇ ਰਾਤ ਦੇ ਚੰਦਰਮਾ ਵਰਗੀ ਸੀ…। ਉਸ ਦੀਆਂ ਗ਼ਜ਼ਲਾਂ ਪੜ੍ਹਦਿਆਂ ਮੈਂਨੂੰ ਹਮੇਸ਼ਾ ਲਗਦਾ ਰਹਿੰਦਾ ਹੈ, ਜਿਵੇਂ ਉਹ ਮੈਂਨੂੰ ਹੀ ਕਹਿ ਰਿਹਾ ਹੋਵੇ… ਉਦਾਸ ਨਾ ਹੋਣਾ… ਮੈਂ ਤੇਰੇ ਨਾਲ ਹਾਂ…
ਜੇ ਆਈ ਪਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ਵਿਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿ?ਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ…
ਕਿਸੇ ਵੀ ਸ਼ੀਸ਼ੇ ‘ਚ ਅਕਸ ਆਪਣਾ
ਗੰਧਲਦਾ ਤੱਕ ਨਾ ਉਦਾਸ ਹੋਈਂ
ਸੱਜਣ ਦੀ ਨਿਰਮਲ ਨਦਰ ‘ਚ ਹਰਦਮ
ਤੂੰ ਧਿਆਨ ਆਪਣੇ ਨੂੰ ਲੀਨ ਰੱਖੀਂ…।
