ਠਾਠ ਜ਼ਮੀਰ ਦਾ ਨਾ ਕਿ ਜਾਇਦਾਦ ਦਾ

ਡਾ ਗੁਰਬਖ਼ਸ਼ ਸਿੰਘ ਭੰਡਾਲ
ਠਾਠ ਮਾਇਆ ਦਾ ਨਹੀਂ ਸਗੋਂ ਮਨ ਦੀ ਅਮੀਰੀ ਦਾ ਹੁੰਦਾ, ਕਿਉਂਕਿ ਬਹੁਤੀ ਵਾਰ ਭਰੀਆਂ ਜੇਬਾਂ ਵਾਲੇ ਮਨ ਦੇ ਕੰਗਾਲ ਅਤੇ ਖ਼ਾਲੀ ਜੇਬਾਂ ਵਾਲੇ ਮਨ ਦੇ ਸਭ ਤੋਂ ਵੱਡੇ ਅਮੀਰ ਹੁੰਦੇ।
ਠਾਠ ਜ਼ਮੀਨ-ਜਾਇਦਾਦ ਦਾ ਨਹੀਂ ਹੁੰਦਾ ਸਗੋਂ ਜਿਊਂਦੀਆਂ ਜ਼ਮੀਰਾਂ ਦਾ ਹੁੰਦਾ, ਕਿਉਂਕਿ ਜ਼ਮੀਨਾਂ ਵਾਂਗ ਜਿਊਂਦੀਆਂ ਜ਼ਮੀਰਾਂ ਕਦੇ ਨਹੀਂ ਵਿਕਦੀਆਂ। ਸਗੋਂ ਵਿਕਾਊ ਹੀ ਨਹੀਂ ਹੁੰਦੀਆਂ।

ਠਾਠ ਵਿਸ਼ਵਾਸਘਾਤੀ ਹੋਣ ਵਿਚ ਨਹੀਂ ਸਗੋਂ ਵਿਸ਼ਵਾਸ-ਪਾਤਰ ਬਣਨ ਵਿਚ ਹੁੰਦਾ। ਟੋਟੇ ਟੋਟੇ ਹੋਇਆ ਵਿਸ਼ਵਾਸ ਕਦੇ ਵੀ ਵਿਸ਼ਵਾਸ-ਪਾਤਰ ਹੋਣ ਦਾ ਰੁਤਬਾ ਨਹੀਂ ਹਾਸਲ ਕਰ ਸਕਦਾ। ਵਿਸ਼ਵਾਸ ਪਾਤਰ ਅਜਿਹਾ ਬਣੋ ਕਿ ਮਿੱਤਰ ਪਿਆਰਾ ਤੁਹਾਡੇ ਮੋਢੇ ਤੇ ਸਿਰ ਰੱਖ ਕੇ ਆਪਣੇ ਦਿਲ ਦੇ ਵਰਕੇ ਫਰੋਲ ਸਕੇ।
ਠਾਠ ਸੁੱਖ-ਸਾਧਨਾਂ ਦੀ ਬਹੁਲਤਾ ਵਿਚ ਨਹੀਂ ਸਗੋਂ ਇਹ ਤਾਂ ਤੁਹਾਡੇ ਮਨ ਦਾ ਰੱਜ, ਰੂਹ ਦਾ ਸਕੂਨ ਅਤੇ ਚੇਤਨਾ ਵਿਚਲਾ ਸੁਖਨ ਹੁੰਦਾ। ਸੁੱਖ ਸਾਧਨਾਂ ਦੀ ਬਹੁਲਤਾ ਕਾਰਨ ਸਰੀਰਕ ਅਲਾਮਤਾਂ ਤੁਹਾਡੇ ਜੀਵਨ ਦਾ ਹਿੱਸਾ ਬਣਦੀਆਂ ਜਦ ਕਿ ਸੁਖਨ ਅਤੇ ਸਕੂਨ ਵਾਲੇ ਸੀਮਤ ਸਾਧਨਾਂ ਵਿਚੋਂ ਵੀ ਜੀਵਨ-ਸੰਤੁਸ਼ਟੀ ਅਤੇ ਸਹਿਜ-ਪ੍ਰਾਪਤੀ ਦਾ ਹਰਫ਼ ਹੋ ਜਾਂਦੇ।
ਠਾਠ ਰੁਤਬਿਆਂ ਜਾਂ ਅਫ਼ਸਰੀ ਦਾ ਨਹੀਂ ਹੁੰਦਾ ਸਗੋਂ ਠਾਠ ਤਾਂ ਅਹੁਦੇ ਜਾਂ ਰੁਤਬੇ ਦੀ ਮਾਣ-ਮਰਿਆਦਾ ਦਾ ਹੁੰਦਾ। ਰੂਹ ਦੀ ਵਡੱਤਣ ਹੁੰਦਾ ਜਿਹੜਾ ਤੁਹਾਡੇ ਰੁਤਬਿਆਂ ਦੇ ਖੁੱਸਣ ਤੋਂ ਬਾਅਦ ਵੀ ਸਦਾ ਚਿਰੰਜੀਵ। ਤੁਹਾਨੂੰ ਸਦਾ ਲਈ ਤੋਰਨ ਆਏ ਲੋਕ ਤੁਹਾਡੇ ਬਲਦੇ ਸਿਵੇ ਕੋਲ ਤੁਹਾਡੇ ਰੁਤਬਿਆਂ ਦੀ ਨਹੀਂ ਸਗੋਂ ਤੁਹਾਡੀ ਰੂਹ ਦੀ ਮਹਾਨਤਾ ਅਤੇ ਵਿਲੱਖਣ ਵਿਅਕਤੀਤਵ ਦੀਆਂ ਗੱਲਾਂ ਕਰਨਗੇ।
ਠਾਠ ਤੁਹਾਡੇ ਘਰ ਵਿਚ ਨੌਕਰਾਂ ਵੱਲੋਂ ਪਕਾਏ ਛੱਤੀ ਪਦਾਰਥਾਂ ਦੇ ਪਰੋਸਣ ਵਿਚ ਨਹੀਂ, ਸਗੋਂ ਤੁਹਾਡੀ ਮਾਂ ਜਾਂ ਪਤਨੀ ਨੇ ਤੁਹਾਡੇ ਲਈ ਕੀ ਬਣਾਇਆ ਵਿਚ ਹੁੰਦਾ। ਇਸ ਵਿਚ ਉਨ੍ਹਾਂ ਨੇ ਰੀਝਾਂ ਅਤੇ ਅਸੀਸਾਂ ਨੂੰ ਕਿਵੇਂ ਗੁੰਨਿਆ ਅਤੇ ਕਿਹੜੇ ਚਾਵਾਂ ਨਾਲ ਪਰੋਸਿਆ, ਇਸ ‘ਤੇ ਨਿਰਭਰ। ਤਾਂ ਹੀ ਬਾਬੇ ਨਾਨਕ ਨੇ ਮਲਕ ਭਾਗੋ ਦੇ ਛੱਤੀ ਪਦਾਰਥਾਂ ਦੀ ਬਜਾਏ ਭਾਈ ਲਾਲੋ ਦੀ ਹੱਕ ਦੀ ਰੋਟੀ ਨੂੰ ਵਡਿਆਈ ਬਖ਼ਸ਼ੀ ਸੀ।
ਠਾਠ ਨੌਕਰਾਂ ਦੀ ਲਾਮ-ਡੋਰੀ ਵਿਚੋਂ ਆਪਣੀ ਤਰਜ਼ੀਹਾਂ ਅਤੇ ਪਸੰਦੀਦਾ ਖਾਣੇ ਨੂੰ ਤਿਆਰ ਕਰਵਾਉਣ ਵਿਚ ਨਹੀਂ ਸਗੋਂ ਠਾਠ ਤਾਂ ਮਾਂ ਦੀ ਪਕਾਈਆਂ ਰੋਟੀਆਂ ਅਤੇ ਉਸ ਦੀ ਬਣਾਈ ਦਾਲ ਜਾਂ ਸਾਗ ਦੀ ਲਜ਼ੀਜ਼ਤਾ ਵਿਚ ਹੁੰਦਾ। ਮਾਂ ਨੂੰ ਤੁਹਾਡੀ ਪਸੰਦ ਜਾਂ ਨਾ-ਪਸੰਦ ਦਾ ਪਤਾ ਹੁੰਦਾ ਜਦ ਕਿ ਨੌਕਰਾਂ ਨੂੰ ਦੱਸਣਾ ਪੈਂਦਾ।
ਠਾਠ ਦਿਲੀ ਪਿਆਰ ਕਰਨ ਅਤੇ ਇਸ ਵਿਚ ਪਿਘਲ ਕੇ ਸਮਰੂਪ ਹੋਣ ਵਿਚ ਹੁੰਦਾ ਨਾ ਕਿ ਮੱਲੋਜ਼ੋਰੀ ਕਿਸੇ ਨੂੰ ਆਪਣਾ ਬਣਾਉਣ ਵਿਚ ਹੁੰਦਾ । ਯਾਦ ਰੱਖਣਾ ਪਿਆਰ ਰੂਹਾਂ ਦਾ ਹੁੰਦਾ ਅਤੇ ਰੂਹਾਂ ‘ਤੇ ਕਬਜ਼ੇ ਦੀ ਭਾਵਨਾ ਵਾਲੇ ਕਦੇ ਵੀ ਰੂਹੀ ਸਾਥ ਨਹੀਂ ਮਾਣ ਸਕਦੇ।
ਠਾਠ ਇਹ ਨਹੀਂ ਕਿ ਕਿਸੇ ਦੇ ਪੈਰਾਂ ‘ਤੇ ਡਿਗ ਕੇ ਅਫ਼ਸਰੀ ਪ੍ਰਾਪਤ ਕਰ ਲਈ ਜਾਵੇ ਸਗੋਂ ਠਾਠ ਤਾਂ ਇਹ ਹੁੰਦਾ ਕਿ ਆਪਣੇ ਬਲਬੂਤੇ ਤੇ ਭਾਵੇਂ ਚਪੜਾਸੀ ਹੀ ਲੱਗੇ ਹੋਈਏ।
ਠਾਠ ਤੁਹਾਡੇ ਬਰਾਂਡਿਡ ਕੱਪੜਿਆਂ ਵਿਚ ਨਹੀਂ ਸਗੋਂ ਤੁਹਾਡੀ ਸਾਦਗੀ ਦੇ ਸੁਹੱਪਣ ਵਿਚ ਹੁੰਦਾ। ਤੁਹਾਡਾ ਸਲੀਕਾ, ਅੰਦਾਜ਼ ਅਤੇ ਮਾਨਸਿਕ ਅਵਸਥਾ ਬਹੁਤ ਕੁਝ ਬਿਆਨ ਕਰਦੀ ਜੋ ਦੱਸਣਾ ਨਹੀਂ ਪੈਂਦਾ।
ਠਾਠ ਕਦੇ ਵੀ ਸਭ ਕੁਝ ਹੜੱਪਣ ਦੀ ਬਿਰਤੀ ਨਹੀਂ ਹੁੰਦਾ ਸਗੋਂ ਠਾਠ ਤਾਂ ਕਿਰਤ-ਕਮਾਈ ਕਰਦਿਆਂ ਰੱਬ ਦੀ ਸ਼ੁਕਰਗੁਜ਼ਾਰੀ ਵਿਚ ਰਹਿੰਦਿਆਂ, ਜੀਵਨ ਦਾ ਸੁੱਖਦ ਅਨੰਦ ਮਾਣਨ ਵਿਚ ਹੁੰਦਾ। ਤਾਂ ਹੀ ਬਾਬੇ ਨਾਨਕ ਦਾ ਫੁਰਮਾਨ ਹੈ ਕਿ ਕਿਰਤ ਕਰੋ ਅਤੇ ਵੰਡ ਕੇ ਛਕੋ। ਧਿੰਗੋਜ਼ੋਰੀ ਕੀਤੇ ਹੋਏ ਕਬਜ਼ੇ ਅਤੇ ਹੜੱਪੀ ਹੋਈ ਜਾਇਦਾਦ ਤੁਹਾਡੀ ਔਲਾਦ ਦੇ ਹੱਡਾਂ ਵਿਚ ਬਹਿ ਜਾਣਗੀਆਂ।
ਠਾਠ ਧਨ-ਦੌਲਤ ਦਾ ਜ਼ਖ਼ੀਰਾ ਬਣਾਉਣ ਵਿਚ ਨਹੀਂ ਸਗੋਂ ਆਪਣੀ ਬੰਦ-ਮੁੱਠੀ ਨੂੰ ਖੋਲ੍ਹਣ ਵਿਚ ਹੈ। ਲੋੜਵੰਦਾਂ ਨੂੰ ਦਾਨ ਕਰਨ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਕੁਝ ਕੁ ਸਾਰਥਿਕ ਕਰਨ ਵਿਚ ਹੈ। ਤੁਹਾਡਾ ਨੇਕ ਕਾਰਜ ਤੁਹਾਡੇ ਆਖ਼ਰੀ ਉਮਰੇ ਸਹਾਈ ਹੋਵੇਗਾ।
ਠਾਠ ਸੋਚ ਵਿਚਲੀ ਸੰਕੀਰਨਤਾ ਨਹੀਂ ਸਗੋਂ ਸੋਚ-ਸੰਵੇਦਨਾ ਹੁੰਦੀ ਕਿ ਤੁਸੀਂ ਕਿੰਨੇ ਸੰਵੇਦਨਸ਼ੀਲ ਹੋ। ਤੁਹਾਡੀ ਚੇਤਨਾ ਨੂੰ ਕਿਹੜਾ ਵਰਤਾਰਾ ਵਲੂੰਧਰਦਾ ਹੈ? ਤੁਸੀਂ ਕਿਹੜੇ ਵਰਤਾਰਿਆਂ ਤੋਂ ਮੁਕਤੀ ਅਤੇ ਕਿਹੜੀਆਂ ਆਦਤਾਂ ਨੂੰ ਅਪਣਾਉਣ ਲਈ ਤਤਪਰ ਹੋ। ਸੰਕੀਰਨਤਾ ਸਾਹਾਂ ਨੂੰ ਸਿਉਂਕ ਜਦ ਕਿ ਸੁਚੇਤ ਨਾ ਸਾਹਾਂ ਲਈ ਸੰਜੀਵਨੀ।
ਠਾਠ ਦਿਨੇ ਹੀ ਸੁਪਨੇ ਲੈਣ ਅਤੇ ਸੁਪਨੇ ਪ੍ਰਾਪਤੀਆਂ ਦਾ ਮੁਥਾਜ ਨਹੀਂ ਸਗੋਂ ਠਾਠ ਤਾਂ ਸੁਪਨਿਆਂ ਦੇ ਸੱਚ ਲਈ ਸਿਰੜ, ਸਾਧਨਾ ਅਤੇ ਸਮਰਪਿੱਤਾ ਭਰੀ ਫ਼ਕੀਰੀ ਧਾਰਨ ਵਿਚ ਹੁੰਦਾ। ਇਸ ਨਾਲ ਸੁਪਨਿਆਂ ਦਾ ਸੱਚ ਹੱਥਾਂ ਦੀਆਂ ਤਲੀਆਂ ਦਾ ਸ਼ਿੰਗਾਰ ਬਣ ਜਾਂਦਾ। ਹਵਾਈ ਕਿਲ੍ਹੇ ਉਸਾਰਨ ਵਾਲੇ ਕਦੇ ਵੀ ਮਹਿਲ-ਮੁਨਾਰਿਆਂ ਦੀ ਤਾਮੀਰਦਾਰੀ ਨਹੀਂ ਕਰਦੇ ਸਗੋਂ ਮਿਹਨਤਕਸ਼ ਲੋਕ ਝੁੱਗੀਆਂ ਵਿਚ ਵੀ ਘਰਾਂ ਦੇ ਸਿਰਜਣਹਾਰੇ ਹੁੰਦੇ।
ਠਾਠ ਸਿਰਫ਼ ਗਿਆਨ ਪ੍ਰਾਪਤੀ ਨਹੀਂ ਹੁੰਦਾ। ਠਾਠ ਤਾਂ ਗਿਆਨ ਦੀ ਸੁਚੱਜੀ ਵਰਤੋਂ ਨਾਲ ਜੀਵਨ ਦੇ ਸਰੋਕਾਰਾਂ ਨੂੰ ਸੰਬੋਧਤ ਹੋਣਾ, ਜ਼ਿੰਦਗੀ ਵਿਚ ਰੰਗ ਭਰਨੇ ਅਤੇ ਇਨ੍ਹਾਂ ਰੰਗਾਂ ਨਾਲ ਸੁੰਦਰ ਅਤੇ ਸਕਾਰਾਤਮਿਕ ਸਮਾਜ ਦੀ ਸਿਰਜਣਾ ਹੁੰਦਾ। ਗਿਆਨ ਨੂੰ ਵੰਡਣ ਵਿਚ ਹੁੰਦਾ ਅਤੇ ਅੱਖਰ ਹੀਣ ਮਸਤਕ ਤੇ ਪੂਰਨੇ ਪਾਉਣ ਅਤੇ ਜੀਵਨ ਦੇ ਅਰਥ ਸਮਝਾਉਣ ਵਿਚ ਹੁੰਦਾ।
ਠਾਠ ਸਿਰਫ਼ ਮੜ੍ਹੀਆਂ ਤੇ ਚਿਰਾਗ਼ ਬਾਲਣ ਜਾਂ ਕਬਰਾਂ ‘ਤੇ ਮੋਮਬਤੀਆਂ ਜਗਾਉਣਾ ਨਹੀਂ ਸਗੋਂ ਠਾਠ ਤਾਂ ਘਰ ਦੇ ਆiਲ਼ਆਂ ਵਿਚ ਘਿਉ ਦਾ ਦੀਵਾ ਧਰਨਾ ਹੁੰਦਾ। ਵਿਹੜੇ ਨੂੰ ਚਾਨਣ ਨਾਲ ਭਰਨਾ ਹੁੰਦਾ। ਘਰ ਦੇ ਖੂੰਜਿਆਂ ਵਿਚ ਲੋਅ ਵਣਜਣਾ ਹੁੰਦਾ। ਇਸ ਲੋਅ ਰਾਹੀਂ ਆਪਣੇ ਅੰਤਰੀਵ ਨੂੰ ਰੁਸ਼ਨਾ ਕੇ ਬੋਲਾਂ ਵਿਚਲਾ ਚਾਨਣ ਦਾ ਨਗ਼ਮਾ ਹੋਠਾਂ ‘ਤੇ ਧਰਨਾ ਹੁੰਦਾ। ਕਦੇ ਮੱਸਿਆ ਦੀ ਰਾਤ ਵਿਚ ਜੁਗਨੂੰਆਂ ਦੀ ਖੇਤੀ ਕਰਨਾ, ਤੁਹਾਨੂੰ ਧਰਤ ‘ਤੇ ਉੱਗੇ ਟਿਮਟਿਮਾਉਂਦੇ ਤਾਰਿਆਂ ਵਿਚੋਂ ਧਰਤ ਦਾ ਸੁਹਜਮਈ ਰੂਪ ਨਜ਼ਰ ਆਵੇਗਾ।
ਠਾਠ ਸ਼ਾਮ ਦੀਆਂ ਘੁੱਸਮੁੱਸੀ ਸੋਚਾਂ ਦੀ ਉਡੀਕ ਨਹੀਂ ਸਗੋਂ ਠਾਠ ਤਾਂ ਸਰਘੀ ਦੀ ਫੁੱਟਦੀ ਲੋਅ ਨੂੰ ਆਪਣੇ ਜ਼ਿਹਨ ਅਤੇ ਸੋਚ ਵਿਚ ਉਤਾਰਨਾ ਹੁੰਦਾ। ਇਹੀ ਸਰਘੀ ਹੀ ਹੁੰਦੀ ਜੋ ਪੰਛੀਆਂ ਨੂੰ ਪਰਵਾਜ਼, ਉਡਾਣ ਨੂੰ ਅੰਬਰ, ਮੁਸਾਫ਼ਰਾਂ ਨੂੰ ਰਾਹਾਂ ਸਿਰਜਣ ਅਤੇ ਪਗਡੰਡੀਆਂ ਨੂੰ ਪੈੜਾਂ ਬਣਨ ਦਾ ਹੁਨਰ ਸਿਖਾਉਂਦੀ। ਸਰਘੀ ਦੇ ਚਾਨਣ ਵਿਚ ਕਦੇ ਤਰੇਲ ਤੁਪਕਿਆਂ ਦੀ ਠੰਢਕ ਮਾਣਨਾ, ਖਿੜਦੇ ਫੁੱਲਾਂ ਦੇ ਰੰਗ ਨੂੰ ਨਿਹਾਰਨਾ, ਫੁੱਟਦੀਆਂ ਕਰੂੰਬਲਾਂ ਦੀ ਕੋਮਲਤਾ ਨੂੰ ਵਾਚਣਾ ਅਤੇ ਪੰਛੀਆਂ ਦੇ ਸੰਗੀਤ ਨੂੰ ਸੁਣਨਾ ਇਉਂ ਲੱਗੇਗਾ ਜਿਵੇਂ ਕੁਦਰਤ ਤੁਹਾਡੀ ਮਨ-ਜੂਹ ਵਿਚ ਤੁਹਾਡੀ ਸਲਾਮਤੀ ਦਾ ਰਾਗ ਗਾਉਂਦੀ ਹੈ।
ਠਾਠ ਕਦੇ ਵੀ ਘਰ ਦੇ ਬੰਦ ਦਰਵਾਜ਼ੇ, ਉੱਚੀਆਂ ਵਲਗਣਾਂ ਅਤੇ ਕਿੱਲੇਬੰਦੀ ਦਾ ਨਾਮ ਨਹੀਂ ਸਗੋਂ ਠਾਠ ਤਾਂ ਖੁੱਲ੍ਹੇ ਦਰਾਂ ਥੀਂ ਆਉਂਦੇ ਪਰਾਹੁਣਿਆਂ ਦੀ ਆਓ-ਭਗਤ ਹੁੰਦਾ। ਕਿਸੇ ਦੇ ਬਿਨਾਂ ਦਸਤਕ ਤੋਂ ਘਰ ਵਿਚ ਪੈਰ ਰੱਖਣ ਦੀ ਖ਼ੁਸ਼ੀ ਹੁੰਦੀ। ਘਰ ਦੇ ਹਰ ਕਮਰੇ ਵਿਚ ਆਏ ਮਹਿਮਾਨ ਲਈ ਆਮਦ ਹੁੰਦਾ, ਨੈਣ ਵਿਛਾਉਣ ਦੀ ਤਾਂਘ ਅਤੇ ਆਪਾ ਅਰਪਣ ਦੀ ਤਮੰਨਾ ਹੁੰਦਾ। ਯਾਦ ਰਹੇ ਕਿ ਵੱਸਦੇ ਘਰਾਂ ਵਿਚ ਤੌਣ ਹਮੇਸ਼ਾ ਪੱਕਦੀ ਰਹਿੰਦੀ। ਹਮੇਸ਼ਾ ਬਨੇਰੇ ਤੇ ਕਾਂ ਬੋਲਦਾ ਅਤੇ ਪਰਾਤ ਵਿਚ ਆਟਾ ਭੁੜਕਦਾ ਹੈ। ਮੱਥੇ ਉੱਗਿਆ ਸ਼ਿਕਨ ਅਤੇ ਤਾਮੀਰਦਾਰੀ ਦੌਰਾਨ ਪਈਆਂ ਤਿਊੜੀਆਂ ਘਰ ਨੂੰ ਨਮੋਸ਼ੀ ਵਿਚ ਡੋਬ ਦਿੰਦੀਆਂ। ਘਰ, ਘਰ ਨਾ ਹੋ ਕੇ ਸਿਰਫ਼ ਮਕਾਨ ਬਣ ਜਾਂਦਾ।
ਠਾਠ ਘਰ ਵਿਚ ਲਾਈਆਂ ਪਾਬੰਦੀਆਂ ਕਾਰਨ ਪਸਰੀ ਮਾਤਮੀ ਚੁੱਪ ਨਹੀਂ ਹੁੰਦਾ। ਸਗੋਂ ਠਾਠ ਤਾਂ ਬੱਚਿਆਂ ਦੀਆਂ ਕਿਲਕਾਰੀਆਂ, ਸ਼ਰਾਰਤਾਂ ਕਰਨੀਆਂ, ਆਪਸ ਵਿਚ ਉੱਚੀ ਉੱਚੀ ਲੜਨਾ, ਝਗੜਨਾ, ਰੁੱਸਣਾ ਅਤੇ ਮੰਨਣਾ ਹੁੰਦਾ। ਜੀਆਂ ਨੂੰ ਹੋਕਰਾ ਮਾਰ ਕੇ ਰੋਟੀ ਖਾਣ ਜਾਂ ਚਾਹ ਪੀਣ ਲਈ ਬੁਲਾਉਣਾ ਹੁੰਦਾ। ਘਰ ਧੜਕਦਾ ਹੈ ਤਾਂ ਵੱਸਦਾ ਹੈ।
ਠਾਠ ਆਪਣੇ ਬਜ਼ੁਰਗਾਂ ਦੀ ਨੌਕਰਾਂ-ਚਾਕਰਾਂ ਰਾਹੀ ਕੀਤੀ ਤਾਮੀਰਦਾਰੀ ਵੀ ਨਹੀਂ ਸਗੋਂ ਠਾਠ ਤਾਂ ਆਪਣੇ ਬਜ਼ੁਰਗਾਂ ਨੂੰ ਮਿਲਦੇ ਰਹਿਣ, ਹਾਲ-ਚਾਲ ਪੁੱਛਦੇ ਰਹਿਣ, ਨਾਲ ਬਹਿ ਕੇ ਰੋਟੀ ਖਾਣ ਹੁੰਦਾ। ਕਦੇ ਬਜ਼ੁਰਗਾਂ ਨਾਲ ਚਾਹ ਦਾ ਕੱਪ ਪੀਂਦਿਆਂ ਉਨ੍ਹਾਂ ਦੇ ਜੀਵਨ ਦੇ ਵਰਕੇ ਫਰੋਲਨਾ ਹੁੰਦਾ। ਬਜ਼ੁਰਗਾਂ ਦੀਆਂ ਅਸੀਸਾਂ ਵਿਚ ਪੱਲਰਨ ਵਾਲੀ ਔਲਾਦ ਅਤੇ ਅੱਗੋਂ ਉਨ੍ਹਾਂ ਦੀ ਔਲਾਦ ਕਈ ਪੀਹੜੀਆਂ ਤੱਕ ਆਪਣੀ ਵਿਰਾਸਤ ਨਾਲ ਜੁੜੀ ਰਹਿੰਦੀ। ਬਜ਼ੁਰਗਾਂ ਸੰਗ ਮਾਣੇ ਹੋਏ ਪਲਾਂ ਦੀਆਂ ਕੁਝ ਯਾਦਾਂ ਜਾਂ ਪਲ ਉਮਰ ਭਰ ਦੀ ਬਾਦਸ਼ਾਹੀ ਅਰਪਿਤ ਕਰ ਜਾਂਦੀਆਂ। ਮੇਰੇ ਬਾਪ ਦਾ ਆਖ਼ਰੀ ਸਾਹ ਲੈਣ ਵੇਲੇ ਅੱਖਾਂ ਭਰ ਕੇ ਮੇਰੇ ਵੱਲ ਦੇਖਣਾ ਅਤੇ ਫਿਰ ਹੌਲੀ ਹੌਲੀ ਸਦਾ ਲਈ ਅੱਖਾਂ ਮੀਟ ਜਾਣਾ, ਮੈਨੂੰ ਅਕਸਰ ਹੀ ਭਾਵੁਕ ਕਰਦਾ, ਮੈਨੂੰ ਖ਼ੁਦ ਨਾਲ ਜੋੜਦਾ ਅਤੇ ਰੂਹ ਦੀ ਅਮੀਰੀ ਬਖ਼ਸ਼ ਜਾਂਦਾ।
ਠਾਠ ਬਜ਼ੁਰਗ ਮਾਪਿਆਂ ਨੂੰ ਘਰੋਂ ਬਣਵਾਸ ਦੇਣਾ ਨਹੀਂ ਹੁੰਦਾ ਸਗੋਂ ਠਾਠ ਤਾਂ ਆਪਣੇ ਮਾਪਿਆਂ ਸੰਗ ਰਹਿਣ। ਉਨ੍ਹਾਂ ਦਾ ਅਦਬ ਅਤੇ ਆਨ-ਸ਼ਾਨ ਦੀ ਬਰਕਰਾਰੀ ਹੁੰਦਾ ਤਾਂ ਕਿ ਉਹ ਬਜ਼ੁਰਗ-ਘਰਾਂ ਵਿਚ ਰੁਲਨ ਦੀ ਬਜਾਏ ਆਪਣੇ ਘਰ ਦੀ ਸਲਤਨਤ ‘ਤੇ ਰਾਜ ਕਰੇਂਦਿਆਂ ਹੀ ਆਖ਼ਰੀ ਸਾਹ ਲੈ, ਆਪਣੇ ਬੱਚਿਆਂ ਦੇ ਮੋਢਿਆਂ ਤੇ ਆਖ਼ਰੀ ਸਫ਼ਰ ਨੂੰ ਜਾਂਦੇ, ਬੜੇ ਸਕੂਨ ਨਾਲ ਜ਼ਿੰਦਗੀ ਨੂੰ ਆਖ਼ਰੀ ਅਲਵਿਦਾ ਕਹਿਣ। ਤੁਹਾਨੂੰ ਮਾਨਸਿਕ ਤ੍ਰਿਪਤੀ ਦਾ ਅਹਿਸਾਸ ਹੋਵੇ ਕਿ ਅਸੀਂ ਵੀ ਆਪਣੇ ਬਜ਼ੁਰਗਾਂ ਨਾਲ ਅਜਿਹਾ ਆਦਰਮਈ ਵਿਵਹਾਰ ਕੀਤਾ ਹੈ ਜਿਹੜੇ ਵਿਵਹਾਰ ਦੀ ਤਵੱਕੋ ਅਸੀਂ ਆਪਣੀ ਔਲਾਦ ਕੋਲੋਂ ਕਰਦੇ ਹਾਂ।
ਠਾਠ ਮਾਂ ਦਾ ਲਾਡ-ਪਿਆਰ ਨਹੀਂ ਸਗੋਂ ਠਾਠ ਤਾਂ ਮਾਂ ਦੀਆਂ ਦਿੱਤੀਆਂ ਹੋਈਆਂ ਝਿੜਕਾਂ ਵਿਚ ਹੁੰਦਾ ਜਿਨ੍ਹਾਂ ਕਰਕੇ ਤੁਹਾਡੀ ਮੌਜੂਦਾ ਸੋਵੀਅਤ ‘ਤੇ ਤੁਹਾਨੂੰ ਨਾਜ਼ ਹੈ। ਉਨ੍ਹਾਂ ਸੁਪਨਿਆਂ ਕਾਰਨ ਹੁੰਦਾ ਜਿਹੜੇ ਮਾਂ ਨੇ ਤੁਹਾਡੇ ਦੀਦਿਆਂ ਵਿਚ ਧਰੇ। ਸੁਪਨਿਆਂ ਦੀ ਪੂਰਤੀ ਹਿਤ ਮਾਂ ਨੇ ਕਈ ਕਸ਼ਟ ਜਰੇ, ਦੁੱਖਾਂ ਦੇ ਦਰਿਆ ਤਰੇ ਤਾਂ ਕਿ ਬੱਚਿਆਂ ਦਾ ਸੁਪਨਾ ਨਾ ਮਰੇ ਸਗੋਂ ਇਹ ਸਿਰੇ ਚੜ੍ਹੇ।
ਠਾਠ ਕਦੇ ਵੀ ਮਕਾਨਾਂ ਦੀ ਗਿਣਤੀ ਨਹੀਂ ਹੁੰਦਾ ਸਗੋਂ ਠਾਠ ਤਾਂ ਇਕ ਹੀ ਘਰ ਹੁੰਦਾ। ਘਰ ਜਿਹੜਾ ਤੁਹਾਡੀ ਦਿਨ ਭਰ ਦੀ ਥਕਾਵਟ ਉਤਾਰਦਾ, ਜੋ ਸਵੇਰੇ ਘਰੋਂ ਨਿਕਲਣ ਵੇਲੇ ਤੁਹਾਡੀ ਕਾਮਯਾਬੀ ਲਈ ਦੁਆ ਕਰਦਾ ਅਤੇ ਤੁਹਾਡੇ ਸੁੱਖੀਂ-ਸਾਂਦੀ ਵਾਪਸ ਪਰਤਣ ਲਈ ਰਾਹਾਂ ਵੱਲ ਝਾਕਦਾ ਰਹਿੰਦਾ। ਘਰ ਜੋ ਤੁਹਾਡੇ ਕਰਕੇ ਹੀ ਘਰ ਹੈ। ਘਰ ਜਿਸ ਵਿਚ ਤੁਹਾਡੇ ਪਿਆਰੇ ਵੱਸਦੇ ਨੇ। ਤੁਹਾਡੀਆਂ ਸੋਚਾਂ ਅਤੇ ਸੱਧਰਾਂ ਵਿਚੋਂ ਉੱਗੀਆਂ ਰੀਝਾਂ ਦੀ ਪੂਰਤੀ ਨੇ ਘਰ ਨੂੰ ਸੰਪੂਰਨਤਾ ਦਾ ਰੁਤਬਾ ਦਿੱਤਾ ਹੈ। ਘਰ ਜੋ ਸਿਰਫ਼ ਘਰ ਹੁੰਦਾ, ਦਲਾਨ, ਵਿਹੜਾ, ਰਸੋਈ ਜਾਂ ਅੱਡ ਅੱਡ ਕਮਰੇ ਨਹੀਂ ਹੁੰਦਾ। ਘਰ ਜੋ ਤੁਹਾਡੇ ਅੰਦਰ ਵੀ ਅਤੇ ਬਾਹਰ ਵੀ ਵਸਿਆ ਹੁੰਦਾ ਅਤੇ ਤੁਹਾਡੀ ਸੋਚ-ਚਿੰਤਨ ਵਿਚ ਹਮੇਸ਼ਾ ਹਾਜ਼ਰ-ਨਾਜ਼ਰ।
ਠਾਠ ਵੱਡੀ ਕਾਰ ਵਿਚ ਜਾਂਦਿਆਂ ਕਾਲਾ ਸ਼ੀਸ਼ਾ ਹੇਠਾਂ ਕਰੇ ਕਿਸੇ ਭੀਖ ਮੰਗਦੇ ਭੁੱਖੇ-ਭਾਣੇ ਨੰਗ-ਧੜੰਗੇ ਬੱਚੇ ਨੂੰ ਮਾਰੀਆਂ ਝਿੜਕਾਂ ਨਹੀਂ ਸਗੋਂ ਠਾਠ ਤਾਂ ਇਹ ਹੁੰਦਾ ਕਿ ਉਸ ਬੱਚੇ ਨੂੰ ਦੇਖ ਕੇ ਤੁਹਾਡਾ ਮਨ ਕਿੰਨਾ ਕੁ ਪਸੀਜਿਆ? ਤੁਸੀਂ ਕੁਦਰਤ ਦਾ ਕਿੰਨਾ ਕੁ ਸ਼ੁਕਰਗੁਜ਼ਾਰ ਹੋਏ ਅਤੇ ਉਸ ਸ਼ੁਕਰਗੁਜ਼ਾਰੀ ਵਿਚੋਂ ਤੁਸੀਂ ਉਸ ਬੱਚੇ ਦੀ ਤਲੀ ‘ਤੇ ਕੀ ਟਿਕਾਇਆ? ਉਸ ਦੀਆਂ ਉਹਦੀਆਂ ਦੀ ਪੂਰਤੀ ਕਰਨਾ, ਇਕ ਬਸਤਾ ਲੈ ਕੇ ਦੇਣਾ, ਉਸ ਦੇ ਮਨ ਵਿਚ ਅੱਖਰ ਕਾਰੀ ਕਰਨ ਦੀ ਲੋਚਾ ਪੈਦਾ ਕਰਨ ਲਈ ਸੁੰਦਰ ਸਬੱਬ ਬਣਨਾ। ਇਹੀ ਬੱਚਾ ਜਦ ਤੁਹਾਡੀ ਦਰਿਆ-ਦਿਲੀ ਸਦਕਾ ਜੀਵਨ ਦੇ ਉੱਚੇ ਮੁਕਾਮ ‘ਤੇ ਪਹੁੰਚਿਆ ਤਾਂ ਤੁਹਾਡਾ ਉੱਚਾ ਠਾਠ ਹਰ ਇਕ ਨੂੰ ਨਜ਼ਰ ਆਵੇਗਾ ਅਤੇ ਤੁਹਾਨੂੰ ਵੀ ਖ਼ੁਦ ‘ਤੇ ਫ਼ਖਰ ਹੋਵੇਗਾ।
ਠਾਠ ਇਹ ਨਹੀਂ ਹੁੰਦਾ ਕਿ ਵੱਡੇ ਵੱਡੇ ਲੋਕਾਂ ਨਾਲ ਤੁਹਾਡਾ ਕਿੰਨਾ ਮੇਲ ਮਿਲਾਪ ਹੈ ਸਗੋਂ ਠਾਠ ਤਾਂ ਇਹ ਹੁੰਦਾ ਕਿ ਤੁਹਾਡੇ ਨੇੜਲੇ ਮਿੱਤਰ ਕਿੰਨੇ ਕੁ ਹਨ ਜਿਨ੍ਹਾਂ ਨਾਲ ਬਹਿ ਕੇ ਦੁੱਖ ਫਰੋਲਿਆ ਜਾ ਸਕਦਾ? ਕਿੰਨੀਆਂ ਕੁ ਗੂੜ੍ਹੀਆਂ ਰਿਸ਼ਤੇਦਾਰੀਆਂ ਜਿਨ੍ਹਾਂ ਨਾਲ ਮਨ ਦੇ ਭੇਤ ਸਾਂਝੇ ਕੀਤੇ ਜਾ ਸਕਦੇ? ਕਿੰਨੇ ਕੁ ਆਪਣੇ ਹਨ ਜਿਨ੍ਹਾਂ ਤੇ ਰੱਬ ਵਰਗਾ ਵਿਸ਼ਵਾਸ ਕੀਤਾ ਜਾ ਸਕਦਾ? ਕਿੰਨੇ ਕੁ ਸਾਕ-ਸੰਬੰਧੀ ਹਨ ਜਿਹੜੇ ਨਿੱਜੀ ਮੁਫ਼ਾਦ ਜਾਂ ਲੋਭ-ਲਾਲਚ ਤੋਂ ਬਗੈਰ ਤੁਹਾਡੇ ਸ਼ੁੱਭ ਚਿੰਤਕ ਹਨ? ਕਿੰਨੇ ਕੁ ਤੁਹਾਡੇ ਵਿਸ਼ਵਾਸਪਾਤਰ ਹਨ ਜੋ ਤੁਹਾਡੇ ਫੱਟਾਂ ਤੇ ਲੂਣ ਭੁੱਕਣ ਦੀ ਬਜਾਏ ਮਰਮ ਲਾਉਂਦੇ।
ਠਾਠ ਈਰਖਾ ਕਰਨ ਵਿਚ ਨਹੀਂ ਸਗੋਂ ਠਾਠ ਤਾਂ ਹੱਲਾਸ਼ੇਰੀ ਦੇਣ ਵਿਚ ਹੁੰਦਾ ਜੋ ਕਿਸੇ ਥੱਕੇ ਹਾਰੇ ਲਈ ਹੰਭਲਾ, ਕਿਸੇ ਟੁੱਟੇ ਹੋਏ ਲਈ ਹਿੰਮਤ ਅਤੇ ਕਿਸੇ ਵਿੱਛੜੇ ਹੋਏ ਲਈ ਮਿਲਾਪ ਦਾ ਸਬੱਬ ਸਿਰਜੇ।
ਠਾਠ ਝੂਠੀ ਸ਼ੁਹਰਤ, ਫੋਕੇ ਮਾਣ-ਸਨਮਾਨ ਜਾਂ ਅਡੰਬਰ ਵਿਚ ਨਹੀਂ ਹੁੰਦਾ। ਅਸਲੀ ਠਾਠ ਤਾਂ ਨਿਮਰਤਾ, ਦਇਆ ਭਾਵਨਾ, ਬੰਦਿਆਈ ਅਤੇ ਭਲਿਆਈ ਵਿਚ ਹੁੰਦਾ। ਸੁਚੇਤ ਨਾ ਅਤੇ ਸੁæੱਭਭਾਵਨਾ ਦਾ ਸੰਦੇਸ਼ ਅਤੇ ਅਦਬ-ਹਲੀਮੀ ਦਾ ਹਰਫ਼ਨਾਮਾ। ਬੰਦੇ ਨੂੰ ਬੰਦਾ ਸਮਝਣ ਅਤੇ ਹਰੇਕ ਦੀ ਪੀੜਾ ਨੂੰ ਆਪਣੀ ਪੀੜਾ ਸਮਝ ਕੇ ਉਸ ਵਿਚ ਪਿਘਲਣ ਦਾ ਨਾਮ ਹੁੰਦਾ।
ਠਾਠ ਬਾਹਰਲੇ ਸਫ਼ਰ ਵਿਚ ਨਹੀਂ ਕਿ ਤੁਸੀਂ ਕਿੰਨੇ ਦੇਸ਼-ਦਿਸ਼ਾਂਤਰ ਗਾਹੇ? ਕਿਹੜੇ ਪਹਾੜ, ਸਮੁੰਦਰ, ਮਾਰੂਥਲ ਜਾਂ ਦੇਖਣਯੋਗ ਥਾਵਾਂ ਦੀ ਸੈਰ ਕੀਤੀ? ਸਗੋਂ ਠਾਠ ਤਾਂ ਤੁਹਾਡੇ ਅੰਤਰੀਵੀ ਸਫ਼ਰ ਦਾ ਅਗਾਜ,æ ਖ਼ੁਦ ਨੂੰ ਜਾਣਨ ਤੇ ਸਮਝਣ ਦਾ ਰਾਜ਼ ਅਤੇ ਇਸ ਵਿਚੋਂ ਕਸ਼ੀਦ ਹੋਇਆ ਜੀਵਨ-ਰਿਆਜ਼ ਹੁੰਦਾ। ਬਾਹਰੀ ਸਫ਼ਰ ਦੀ ਬਜਾਏ ਅੰਦਰ ਦੀ ਯਾਤਰਾ ਤੇ ਕਦੇ ਕਦਾਈਂ ਨਿਕਲਿਆ ਕਰੋ।
ਦਰਅਸਲ ਠਾਠ ਤਾਂ ਖ਼ੁਦ ਨੂੰ ਪਿਆਰ ਕਰਨਾ ਹੁੰਦਾ ਕਿਉਂਕਿ ਜੇਕਰ ਤੁਸੀਂ ਆਪਣੇ ਆਪ ਨੂੰ ਹੀ ਪਿਆਰ ਨਹੀਂ ਕਰੋਗੇ ਤਾਂ ਕੌਣ ਕਰੇਗਾ ਤੁਹਾਨੂੰ ਮੁਹੱਬਤ।