ਗਲੋਬਲ ਵਾਰਮਿੰਗ: ਇੱਕ ਭਿਆਨਕ ਸੱਚਾਈ

ਲੇਖਕ ਅਨੁਵਾਦਕ
ਡਾਕਟਰ ਗੁਲਸ਼ਨ ਸਿੰਘ ਬਹਿਲ ਗੁਰਚਰਨ ਕੌਰ ਥਿੰਦ
ਆਮ ਭਾਸ਼ਾ ਵਿਚ ਗਲੋਬਲ ਵਾਰਮਿੰਗ ਦਾ ਅਰਥ, ਮਨੁੱਖ ਵਲੋਂ ਜੰਗਲਾਂ ਨੂੰ ਬੇਤਹਾਸ਼ਾ ਕੱਟਣ ਅਤੇ ਜੈਵਿਕ ਬਾਲਣ ਦੀ ਵਧ ਮਾਤਰਾ ਵਿਚ ਵਰਤੋਂ ਦੇ ਨਤੀਜੇ ਵਜੋਂ ਵਾਯੂਮੰਡਲ ਵਿਚ ਕਾਰਬਨ ਡਾਇਔਕਸਾਈਡ, ਕਾਰਬਨ ਮਾਨੌਔਕਸਾਈਡ ਅਤੇ ਮੀਥੇਨ ਵਰਗੀਆਂ ਗਰੀਨ ਹਾਊਸ ਗੈਸਾਂ ਦੀ ਮਾਤਰਾ ਦਾ ਵਧ ਜਾਣਾ ਹੈ। ਗਲੋਬਲ ਵਾਰਮਿੰਗ ਕਾਰਨ ਜਿੱਥੇ ਸਮੁੰਦਰਾਂ ਦੇ ਪਾਣੀ ਦਾ ਤਾਪਮਾਨ ਵਧਦਾ ਹੈ ਉਥੇ ਹੀ ਬਹੁਤ ਜ਼ਿਆਦਾ ਗਰਮੀ ਤੇ ਠੰਡ ਵੀ ਵਧੀ ਹੈ ਅਤੇ ਇਹ ਅਣਕਿਆਸੀਆਂ ਮੌਸਮ ਤਬਦੀਲੀਆਂ ਜਿਵੇਂ ਬਾਰਸ਼, ਤਾਪਮਾਨ, ਜੰਗਲਾਂ ਦੀ ਅੱਗ ਅਤੇ ਹੜ੍ਹਾਂ ਦੇ ਵਧਣ ਦਾ ਸਬੱਬ ਬਣਦਾ ਹੈ।

ਯੂਰਪੀਅਨ ਯੂਨੀਅਨ ਦੇ ਵਾਤਾਵਰਣ ਵਿਗਿਆਨੀਆਂ ਨੇ ਸਾਲ 2024 ਨੂੰ 1800 ਦੇ ਅੱਧ ਤੋਂ ਲੈ ਕੇ, ਜਦੋਂ ਤੋਂ ਗਲੋਬਲ ਧਰਾਤਲ ਦੇ ਤਾਪਮਾਨ ਦਾ ਰਿਕਾਰਡ ਰੱਖਣਾ ਸ਼ੁਰੂ ਹੋਇਆ ਹੈ, ਅੱਜ ਤੱਕ ਦਾ ਦੁਨੀਆ ਦਾ ਸਭ ਤੋਂ ਵਧ ਗਰਮ ਸਾਲ ਰਿਕਾਰਡ ਕੀਤਾ ਹੈ, ਕਿਉਂਕਿ ਇਹ ਨਾਜ਼ੁਕ ਹੱਦ ਨੂੰ ਟੱਪ ਗਿਆ ਅਤੇ 24 ਫਰਵਰੀ, 2024 ਨੂੰ ਧਰਤੀ ਦੇ ਧਰਾਤਲ ਦਾ ਤਾਪਮਾਨ 1.5 ਡਿਗਰੀ ਸੈਂਟੀਗ੍ਰੇਡ ਤੋਂ ਵੀ ਵਧ ਗਿਆ ਹੈ।
ਮਸਲੇ ਦਾ ਆਰੰਭ: ਐਂਟਾਰਕਟਿਕਾ ਦੇ ਕੇਂਦਰ ਤੋਂ ਖੋਦੇ ਗਏ ਕੁੱਝ ਬਰਫ਼ ਦੇ ਨਮੂਨੇ ਇਤਿਹਾਸਕ ਰਿਕਾਰਡ ਪ੍ਰਗਟਾਅ ਰਹੇ ਹਨ। 1750 ਵਿਚ ਗਲੋਬਲ ਤਬਦੀਲੀਆਂ ਜਿਵੇਂ ਜ਼ਮੀਨ ਦੀ ਵਰਤੋਂ ਅਤੇ ਖੇਤੀਬਾੜੀ ਦੇ ਨਵੇਂ ਤਰੀਕੇ ਤੇ ਪਸ਼ੂ ਪਾਲਣ ਧੰਦਿਆਂ ਦੇ ਕਾਰਨਵੱਸ ਕਾਰਬਨ ਡਾਇਔਕਸਾਈਡ ਵਧਣੀ ਸ਼ੁਰੂ ਹੋ ਗਈ। 1765 ਵਿਚ ਇਹ ਪੱਧਰ 280 ਹਿੱਸੇ ਪ੍ਰਤੀ ਮਿਲੀਅਨ (ਪੀਪੀਐਮ) `ਤੇ ਪਹੁੰਚ ਗਿਆ ਅਤੇ ਫਿਰ 1915 ਵਿਚ ਵਧ ਕੇ 300 ਪੀਪੀਐਮ ਹੋ ਗਿਆ। 1954 ਵਿਚ ਰੇਡੀਓ ਐਕਟਿਵ ਉਤਪਾਦਾਂ ਦੀ ਹੋਂਦ ਪਤਾ ਲੱਗੀ ਜੋ ਕਿ ਨਿਊਕਲੀਅਰ ਟੈਸਟਾਂ ਦਾ ਨਤੀਜਾ ਹੈ। ਜਦੋਂ ਸਾਲ 1970 ਆਇਆ ਤਾਂ ਮੀਥੇਨ ਦੀ ਮਾਤਰਾ ਉਦਯੋਗਿਕ ਕ੍ਰਾਂਤੀ ਦੇ ਪਹਿਲਾਂ (1850-1900) ਦੀ ਵੱਧ ਤੋਂ ਵੱਧ ਮਾਤਰਾ ਨਾਲੋਂ ਦੁੱਗਣੀ ਹੋ ਗਈ। 2016 ਵਿਚ ਕਾਰਬਨ ਡਾਇਔਕਸਾਈਡ ਦੀ ਸੰਘਣਤਾ ਵਧ ਕੇ 400 ਪੀਪੀਐਮ ਹੋ ਗਈ।
ਗਲੋਬਲ ਵਾਰਮਿੰਗ ਦੇ ਨਤੀਜੇ: ਵਾਤਾਵਰਣ ਵਿਗਿਆਨੀ ਕਹਿੰਦੇ ਹਨ ਕਿ ਵਾਤਾਵਰਣ ਜੋ ਕਿ ਪਹਿਲਾਂ ਹੀ ਵਧੀਆਂ ਹੋਈਆਂ ਗਰਮੀ ਦੀਆਂ ਲਹਿਰਾਂ, ਤੂਫਾਨਾਂ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਹੈ, 1.5 ਡਿਗਰੀ ਸੈਂਟੀਗਰੇਡ ਦਾ ਵਾਧਾ (ਗਲੋਬਲ ਵਾਰਮਿੰਗ ਦਾ ਉਹ ਨਿਸ਼ਾਨਾ ਜੋ ਕਿ ਪੈਰਿਸ ਵਿਚ ਸੰਨ 2015 ਵਿਚ ਗਲੋਬਲ ਵਾਰਮਿੰਗ ਨੂੰ ਸੀਮਿਤ ਕਰਨ ਲਈ ਮਿਥਿਆ ਗਿਆ ਸੀ), ਜਲਵਾਯੂ ਨੂੰ ਇਸ ਨਾਲ ਹੀ ਬੇਮਿਸਾਲ ਵਾਤਾਵਰਣਿਕ ਸੰਕਟਾਂ ਦਾ ਸਾਹਮਣਾ ਕਰਨਾ ਪਵੇਗਾ। ਜੇਕਰ ਸਮੇਂ ਸਿਰ ਇਸ ਮੁੱਦੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ 2-3 ਡਿਗਰੀ ਸੈਂਟੀਗਰੇਡ ਵਾਧੇ ਦੀ ਸੰਭਾਵਨਾ ਦੇ ਬਹੁਤ ਤਬਾਹਕੁਨ ਨਤੀਜੇ ਹੋਣਗੇ ਅਤੇ ਕਰੋੜਾਂ ਲੋਕ ਖਾਧ-ਅਸੁਰੱਖਿਆ ਅਤੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਣਗੇ।
ਗਰਮੀ ਕਾਰਨ ਮੌਤਾਂ ਦੀ ਗਿਣਤੀ ਵਿਚ ਖੌਫ਼ਨਾਕ ਵਾਧਾ ਹੋਵੇਗਾ ਜੋ ਕਿ ਲੋਕਾਂ ਨੂੰ ਪਰਵਾਸ ਵੱਲ= ਧੱਕੇਗੀ। ਕੇਵਲ ਮਨੁੱਖੀ ਜਨਸੰਖਿਆ ਨਹੀਂ ਬਲਕਿ ਧਰਤੀ ਉੱਪਰ ਰਹਿੰਦੇ ਦੂਸਰੇ ਜੀਵ ਵੀ ਪ੍ਰਭਾਵਿਤ ਹੋਣਗੇ। ਇਸ ਸਬੰਧੀ ਅਧਿਐਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਸੰਨ 2024 ਵਾਲੀਆਂ ਗਰਮੀਆਂ ਆਮ ਹੋ ਜਾਣਗੀਆਂ। ਲੰਡਨ ਦੇ ਐਮਪੀਰੀਅਲ ਕਾਲਜ ਦੇ ਵਿਗਿਆਨੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਮਨੁੱਖ ਦੁਆਰਾ ਪੈਦਾ ਕੀਤੇ ਸੰਕਟਾਂ ਨੇ ਗਰਮੀ ਦੀਆਂ ਲਹਿਰਾਂ ਵਿਚ 30 ਗੁਣਾ ਵਾਧਾ ਹੋਣ ਦੀ ਸੰਭਾਵਨਾ ਕਰ ਦਿੱਤੀ ਹੈ।
ਸੀਐਨਐਨ ਦੀ ਰਿਪੋਰਟ ਅਨੁਸਾਰ, ਐਂਟਾਰਕਟਿਕਾ ਵਿਚ ‘ਥਵੇਟਸ ਗਲੇਸ਼ੀਅਰ, ਜਿਸ ਨੂੰ ‘ਡੂਮਜ਼ਡੇ ਗਲੇਸ਼ੀਅਰ’ ਕਿਹਾ ਜਾਂਦਾ ਹੈ, ਜੋ ਕਿ ਫਲੋਰਿਡਾ (ਯੂ.ਐਸ.ਏ.) ਦੇ ਅਕਾਰ ਦੇ ਬਰਾਬਰ 191,660 ਕਿਲੋਮੀਟਰ ਵਿਚ ਫੈਲਿਆ ਹੈ, ਆਸ਼ਾ ਦੇ ਉਲਟ ਤੇਜ਼ੀ ਨਾਲ ਪਿਘਲ ਰਿਹਾ ਹੈ ਅਤੇ ਇਸ ਦੀ ਵਾਪਸੀ ਵੀ ਨਹੀਂ ਹੈ। ਇਹ ਪਿਛਲੇ ਤਿੰਨ ਦਹਾਕਿਆਂ ਤੋਂ ਬਹੁਤ ਸੰਜੀਦਾ ਸੁਆਲ ਪੈਦਾ ਕਰ ਰਿਹਾ ਹੈ। ਇਸ ਗਲੇਸ਼ੀਅਰ ਵਿਚ ਐਨੀ ਜ਼ਿਆਦਾ ਬਰਫ਼ ਹੈ ਕਿ ਜੇਕਰ ਕਿਸੇ ਕਾਰਨਵੱਸ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਤਾਂ ਸਮੁੰਦਰ ਦਾ ਪੱਧਰ ਅੰਦਾਜ਼ਨ ਤਿੰਨ ਮੀਟਰ ਵਧ ਜਾਵੇਗਾ, ਅਜਿਹਾ ਆਉਣ ਵਾਲੇ ਕੁਝ ਦਹਾਕਿਆਂ ਵਿਚ ਵਾਪਰ ਜਾਵੇਗਾ ਜੇਕਰ ਗਲੇਸ਼ੀਅਰ ਦੇ ਪਿਘਲਣ ਦੀ ਦਰ ਅਜੋਕੀ ਦਰ `ਤੇ ਜਾਰੀ ਰਹੀ। ਇਹ ਪ੍ਰਕਿਰਿਆ 1940 ਵਿਚ ਸ਼ੁਰੂ ਹੋਈ ਲਗਦੀ ਹੈ, ਸੰਭਵ ਹੈ ਜੋ ਕਿ ਵੱਡੀ ਈਆਈ ਨੀਨੋ ਘਟਨਾ (ਸਾਗਰ ਦੇ ਪਾਣੀਆਂ ਦਾ ਗਰਮ ਹੋਣਾ) ਕਾਰਨ ਤੇਜ਼ ਹੋ ਗਈ। ‘ਡੂਮਜ਼ ਡੇ ਗਲੇਸ਼ੀਅਰ’ ਦਾ ਪਿਘਲਣਾ ਦੂਸਰੇ ਗਲੇਸ਼ੀਅਰਾਂ ਦੇ ਪਿਘਲਾਅ ਵਿਚ ਵਾਧੇ ਨੂੰ ਤੇਜ਼ ਕਰ ਦੇਵੇਗਾ ਜਿਸ ਦੇ ਫਲਸਰੂਪ ਖੇਤਰ ਵਿਚ ਅਸਥਿਰਤਾ ਬਣ ਜਾਵੇਗੀ। ਅਜਿਹੀਆਂ ਪ੍ਰਤੀਕੂਲ ਪ੍ਰਸਥਿਤੀਆਂ ਅਧੀਨ ਸਾਰੇ ਵੱਡੇ ਗਲੇਸ਼ੀਅਰਾਂ ਦੇ 2100 ਈਸਵੀ ਤੱਕ ਅਲੋਪ ਹੋ ਜਾਣ ਦੀ ਸੰਭਾਵਨਾ ਬਾਰੇ ਰਿਪੋਰਟ ਪੇਸ਼ ਕਰ ਦਿੱਤੀ ਗਈ ਹੈ।
ਗਲੇਸ਼ੀਅਰ ਬਰਫ਼ ਦੇ ਪਿਘਲਣ ਦੇ ਨਤੀਜੇ ਵਜੋਂ ਸਮੁੰਦਰ ਦੇ ਪੱਧਰ ਵਿਚ ਵਾਧਾ ਹੋਣ ਨਾਲ ਤੱਟੀ ਇਲਾਕਿਆਂ ਦੇ ਡੁੱਬਣ ਦਾ ਖਤਰਾ ਹੈ। ਨਾਸਾ ਅਤੇ ਨੈਸ਼ਨਲ ਸਨੋਅ ਐਂਡ ਆਈਸ ਸੈਂਟਰ ਅਨੁਸਾਰ ਜਿਉਂ ਜਿਉਂ ਧਰਤੀ ਦੀ ਗਰਮਾਇਸ਼ ਵਧ ਰਹੀ ਹੈ, ਕੈਨੇਡਾ ਦੇ ਆਰਕਟਿਕ ਖੇਤਰ ਵਿਚ ਹਰ ਸਾਲ 77800 ਵਰਗ ਕਿਲੋਮੀਟਰ ਸਮੁੰਦਰੀ ਬਰਫ਼ ਅਲੋਪ ਹੋ ਰਹੀ ਹੈ। ਪ੍ਰੰਤੂ ਇਸ ਸਾਲ ਕੈਨੇਡਾ ਦੇ ਆਰਕਟਿਕ ਖੇਤਰ ਵਿਚ ਕੀਤੇ ਗਏ ਕੁੱਝ ਤਜਰਬੇ ਆਸਵੰਦ ਕਰਦੇ ਹਨ, ਜੋ ਦਰਸਾਉਂਦੇ ਹਨ ਕਿ ਜੇਕਰ ਆਰਕਟਿਕ ਸਮੁੰਦਰ ਦੀ ਤਹਿ ਉੱਪਰ ਪਾਣੀ ਪੰਪ ਕੀਤਾ ਜਾਵੇ ਤਾਂ ਉਹ ਬਰਫ਼ ਨੂੰ ਮੋਟਾ ਕਰੇਗਾ, ਇਸ ਤਰ੍ਹਾਂ ਇਹ ਗਰਮੀਆਂ ਵਿਚ ਸਮੁੰਦਰ ਦੀ ਬਰਫ਼ ਦੀ ਤਹਿ ਨੂੰ ਸੰਭਾਲਣ ਦੀ ਸੰਭਾਵਿਤ ਵਿਧੀ ਹੈ। ਇਹ ਲੋਕਾਈ ਲਈ ਖੇਤਰ ਦੀ ਅਲੋਪ ਹੋ ਰਹੀ ਬਰਫ਼ ਨੂੰ ਬਚਾਉਣ ਦਾ ਆਖਰੀ ਮੌਕਾ ਹੋ ਸਕਦਾ ਹੈ।
ਗਲੇਸ਼ੀਅਰਾਂ ਦੇ ਅਲੋਪ ਹੋ ਜਾਣ ਨਾਲ, ‘ਪਰਮਾਫ੍ਰੌਸਟ’ (ਗਲੇਸ਼ੀਅਰਾਂ ਦੇ ਹੇਠਾਂ -35 ਡਿਗਰੀ ਸੈਂਟੀਗਰੇਡ `ਤੇ ਜੰਮੀ ਹੋਈ ਧਰਤੀ) ਅਣਗਿਣਤ ਰੋਗਾਣੂਆਂ ਨੂੰ ਵਾਯੂਮੰਡਲ ਵਿਚ ਸ਼ਾਮਲ ਕਰ ਦੇਵੇਗੀ, ਜਿਸ ਵਿਚ ਲੱਖਾਂ ਕਰੋੜਾਂ ਸਾਲਾਂ ਤੋਂ ਧਰਤੀ ਹੇਠਾਂ ਦੱਬੇ ਅਗਿਆਤ ਵਾਇਰਸ ਵੀ ਹੋਣਗੇ। ਫਲਸਰੂਪ ਪੂਰੀ ਦੁਨੀਆਂ ਵਿਚ ਸਿਹਤ ਸਬੰਧੀ ਭਿਆਨਕ ਮੁਸ਼ਕਲਾਂ ਪੈਦਾ ਹੋਣਗੀਆਂ। ਚੀਨੀ ਵਿਗਿਆਨੀਆਂ ਅਨੁਸਾਰ, ਜਿਉਂ ਜਿਉਂ ਧਰਤੀ ਦਾ ਵਾਤਾਵਰਣ ਬਦਲਦਾ ਹੈ, ਜਿਸ ਢੰਗ ਤਰੀਕੇ ਨਾਲ ਰੋਗਾਣੂ ਪੈਦਾ ਹੁੰਦੇ ਹਨ ਅਤੇ ਪਰਿਵਰਤਿਤ ਹੁੰਦੇ ਹਨ, ਉਹ ਵੀ ਬਦਲਦੇ ਹਨ। ਜਿਉਂ-ਜਿਉਂ ਧਰਤੀ ਗਰਮ ਹੁੰਦੀ ਹੈ ਬੈਕਟੀਰੀਆ ਤੇ ਵਾਇਰਸ ਦਾ ਭੰਡਾਰ ਵੀ ਵਧਦਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਗਲੋਬਲ ਵਾਰਮਿੰਗ ਤੇ ਜਲਵਾਯੂ ਤਬਦੀਲੀ ਧਰਤੀ ਦੀ ਸਤ੍ਹਾ ਦੇ ਹੇਠਲੀਆਂ ਤਹਿਆਂ ਦਾ, ਇਥੋਂ ਤੱਕ ਕਿ ਪਰਮਾਪਫ੍ਰੌਸਟ ਦੇ ਹੇਠਲਾ, ਸੰਤੁਲਨ ਵੀ ਬਦਲ ਰਹੀ ਹੈ।
ਵਿਗਿਆਨੀਆਂ ਨੇ ਨੋਟ ਕੀਤਾ ਕਿ ਜਲਵਾਯੂ ਤਬਦੀਲੀ ਕਾਰਨ ਰੂਸ ਦੇ ਉੱਤਰ ਵਿਚ ਸਾਇਬੇਰੀਆ ਵਿਖੇ ਜ਼ਮੀਨ ਵਿਚ ਵਿਸਫੋਟ ਕਾਰਨ ਵੱਡੀਆਂ ਖੱਡਾਂ ਬਣ ਗਈਆਂ ਹਨ। ਤਾਪਮਾਨ ਦੇ ਵਾਧੇ ਕਾਰਨ ਪਰਮਾਫ੍ਰੌਸਟ ਅਤੇ ਹੇਠਲੇ ਪਾਣੀ ਨੇ ਵਹਿਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਪਰਮਾਫ੍ਰੌਸਟ ਵਿਚ ਤਰੇੜਾਂ ਉੱਭਰ ਆਈਆਂ ਹਨ। ਖਾਸ ਤੌਰ `ਤੇ ਸਾਈਬੇਰੀਆ ਹੇਠਲੇ ਪਰਮਾਫ੍ਰੌਸਟ ਵਿਚ ਬਹੁਤ ਮਾਤਰਾ ਵਿਚ ਮੀਥੇਨ ਛੁਪੀ ਹੋਈ ਹੈ ਜੋ ਕਿ ਤਰੇੜਾਂ ਰਾਹੀਂ ਬਾਹਰ ਨਿਕਲਣ ਲਈ ਦਬਾਓ ਪਾਉਂਦੀ ਹੈ, ਨਤੀਜੇ ਵਜੋਂ ਅਚਾਨਕ ਵਿਸਫੋਟ ਹੁੰਦਾ ਹੈ ਅਤੇ ਖੱਡਾਂ ਬਣਦੀਆਂ ਹਨ।
ਜਰਮਨ ਵਿਗਿਆਨੀਆਂ ਦੁਆਰਾ ਛਾਪੇ ਗਏ ਅਧਿਐਨ ਦਾ ਅੰਦਾਜ਼ਾ ਹੈ ਕਿ ਜਲਵਾਯੂ ਤਬਦੀਲੀ ਅਗਲੇ 25-30 ਸਾਲਾਂ ਵਿਚ ਦੁਨੀਆਂ ਦੇ ਲਗਪਗ ਸਾਰੇ ਦੇਸ਼ਾਂ ਵਿਚ ਭਾਰੀ ਆਰਥਿਕ ਨੁਕਸਾਨ ਦਾ ਕਾਰਨ ਬਣੇਗੀ। ਉਹ ਦੇਸ਼ ਜਿਹੜੇ ਕਿ ਇਸ ਸਭ ਕਾਸੇ ਲਈ ਸਭ ਤੋਂ ਘੱਟ ਜ਼ਿੰਮੇਵਾਰ ਹਨ ਅਤੇ ਜਿਨ੍ਹਾਂ ਕੋਲ ਇਸ ਪ੍ਰਭਾਵ ਅਨੁਸਾਰ ਢਾਲਣ ਲਈ ਬਹੁਤ ਘੱਟ ਸੋਮੇ ਹਨ, ਉਹ ਸਭ ਤੋਂ ਵੱਧ ਪੀੜਤ ਹੋਣਗੇ। ਇਤਫਾਕਨ, ਯੂਨਾਈਟਡ ਨੇਸ਼ਨਜ਼ ਦੀ ਜਲਵਾਯੂ ਤਬਦੀਲੀ ਕਾਨਫਰੰਸ (ਪੈਰਿਸ 2015) ਵਿਖੇ, 196 ਤੋਂ ਵੱਧ ਮੁਲਕਾਂ ਵਲੋਂ ਧਰਤੀ ਦਾ ਤਾਪਮਾਨ ਵਾਧਾ 1.5 ਡਿਗਰੀ ਸੈਂਟੀਗਰੇਡ ਤੱਕ ਸੀਮਤ ਰੱਖਣ ਦੀ ਲਈ ਗਈ ਕਸਮ ਵੀ ਦੁਬਿਧਾ ਵਿਚ ਹੈ। ਯੂਨਾਈਟਡ ਨੇਸ਼ਨਜ਼ ਦੁਆਰਾ ਆਯੋਜਤ ‘ਜਲਵਾਯੂ ਤਬਦੀਲੀ ਕਾਨਫਰੰਸਾਂ’ ਦੁਆਰਾ ਇਸ ਨੂੰ ਨਿਯੰਤਰਤ ਕਰਨ ਦੇ ਯਤਨਾਂ ਦੇ ਬਾਵਜੂਦ ਅਜਿਹਾ ਸੰਭਵ ਨਹੀਂ ਲਗਦਾ।
ਭਾਰਤ ਵਿਚ ਗਰਮੀਆਂ ਦੇ ਮੌਸਮ ਵਿਚ ਗਰਮੀ ਅਤੇ ਨਮੀ ਅਸਾਧਾਰਨ ਨਹੀਂ ਹੈ, ਪਰ ਜਲਵਾਯੂ ਸੰਕਟ ਗਰਮੀ ਦੀਆਂ ਲਹਿਰਾਂ ਨੂੰ ਲੰਮਾ, ਬਾਰ-ਬਾਰ ਅਤੇ ਤੇਜ਼ ਕਰ ਰਿਹਾ ਹੈ। 2024 ਦੀਆਂ ਗਰਮੀਆਂ ਵਿਚ ਵਾਯੂਮੰਡਲ ਦਾ ਤਾਪਮਾਨ 48 ਡਿਗਰੀ ਸੈਂਟੀਗ੍ਰੇਡ ਅਤੇ ਕਈ ਥਾਵਾਂ `ਤੇ ਇਸ ਤੋਂ ਵੀ ਵੱਧ ਰਿਹਾ। ਇਸ ਸਾਲ ਦੀ ਅਨਿਯਮਤ ਮੌਨਸੂਨ ਕਈ ਰਾਜਾਂ ਵਿਚ ਤਬਾਹਕੁਨ ਹੜ੍ਹ ਲਿਆਈ ਅਤੇ ਪਹਾੜੀਆਂ ਉਪਰੋਂ ਜ਼ਮੀਨ ਖਿਸਕੀ, ਜਦੋਂ ਕਿ ਦੂਸਰੇ ਰਾਜਾਂ ਵਿਚ ਬਾਰਸ਼ ਦੀ ਘਾਟ ਰਹੀ। ਮੌਨਸੂਨ ਪੌਣਾਂ ਦੇ ਦੂਸਰੇ ਮੱਧ ਵਿਚ ‘ਲਾ ਨੀਨਾ ਈਫੈਕਟ’ (ਸਮੁੰਦਰੀ ਪਾਣੀ ਦਾ ਠੰਡਾ ਹੋਣਾ) `ਤੇ ਕੀਤੀ ਗਈ ਭਵਿੱਖਬਾਣੀ ਵੀ ਲਗਦਾ ਹੈ ਕਿ ਜਲਵਾਯੂ ਤਬਦੀਲੀ ਕਾਰਨ ਗੜਬੜਾ ਗਈ ਹੈ। 2050 ਤੱਕ ਭਾਰਤ ਦੇ ਕੁੱਝ ਹਿੱਸੇ ਗਰਮੀਆਂ ਵਿਚ ਐਨੇ ਗਰਮ ਹੋ ਜਾਣਗੇ ਕਿ ਉੱਥੇ ਰਹਿਣਾ ਅਸੰਭਵ ਹੋ ਜਾਵੇਗਾ। ਗਰਮੀ ਦਾ ਤਣਾਓ ਸਿਹਤ ਦੀਆਂ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ, ਸਮੇਤ ਪ੍ਰਜਣਨ ਦਾ ਘਟਣਾ, ਸਿਰਦਰਦ, ਜੀਅ ਕੱਚਾ ਹੋਣਾ, ਅਤੇ ਸਟ੍ਰੋਕ ਆਦਿ ਅਲਾਮਤਾਂ ਦੇ।
1945 ਵਿਚ ਸਥਾਪਤ ਕੀਤਾ ਗਿਆ ਨਿਊਕਲੀ ਵਿਗਿਆਨੀਆਂ ਦਾ ਬੁਲਿਟਨ (ਡੂਮਜ਼ਡੇ ਕਲਾਕ) ਨੂੰ ਚਿੰਤਾ ਹੈ ਕਿ ਪੂਰੀ ਦੁਨੀਆਂ ਅੰਦਰ ਚਲ ਰਹੇ ਝਗੜੇ, (ਉਦਾਹਰਣ ਦੇ ਤੌਰ `ਤੇ ਚੱਲ ਰਹੇ ਜੰਗ) ਨਿਊਕਲੀਅਰ ਖਤਰੇ ਦਰਸਾਉਂਦੇ ਹਨ। ਜਲਵਾਯੂ ਤਬਦੀਲੀ ਦੇ ਨਾਲ ਨਾਲ, ਜੋ ਕਿ ਪਹਿਲਾਂ ਹੀ ਮੌਤਾਂ ਤੇ ਤਬਾਹੀ ਦਾ ਕਾਰਨ ਬਣ ਰਹੀ ਹੈ, ਜੈਵਿਕ ਖੋਜ ਦੀ ਟੈਕਨੌਲੌਜੀ ਵਿਚ ਵਿਘਨ ਪਾ ਕੇ ਨਵੇਂ ਮਾਰੂ ਵਾਇਰਸਾਂ ਦਾ, ਇਨ੍ਹਾਂ ਤੋਂ ਬਚਾਓ ਦੇ ਢੰਗ ਤਰੀਕੇ ਖੋਜੇ ਜਾਣ ਨਾਲੋਂ ਵੱਧ ਤੇਜ਼ੀ ਨਾਲ ਪੈਦਾ ਹੋ ਜਾਣਾ, ਸੰਕਟ ਨੂੰ ਹੋਰ ਜ਼ਿਆਦਾ ਗੁੰਝਲਦਾਰ ਬਣਾਉਂਦਾ ਹੈ ਅਤੇ ਵਾਤਾਵਰਣ ਦੀ ਅਨਿਸ਼ਚਤਾ ਦੇ ਖੌਫ਼ ਨੂੰ ਵਧਾ ਰਿਹਾ ਹੈ।
ਸੰਭਾਵਿਤ ਖਾਤਮਾ: ਵਾਤਾਵਰਣ ਤਬਦੀਲੀਆਂ ਅਤੇ ਇਸ ਦਾ ਪ੍ਰਗਟਾਅ ਦੁਨੀਆ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੁਚੇਤ, ਜੁਆਬਦੇਹ ਅਤੇ ਅੰਤਰ-ਰਾਸ਼ਟਰੀ ਮਿਲਵਰਤਣ ਦੇਣ ਲਈ, ਜਾਗਰੂਕ ਹੋਣ ਦਾ ਸੱਦਾ ਹੈ।
ਭਾਵੇਂ ਜਲਵਾਯੂ ਦੀ ਤਬਦੀਲੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਮੁਸ਼ਕਲ ਹੈ ਪ੍ਰੰਤੂ ਵਿਗਿਆਨੀਆਂ ਦੀ ਰਾਏ ਹੈ ਕਿ ਹੇਠ ਲਿਖੇ ਕੁੱਝ ਕਦਮ ਅਤਿ-ਪ੍ਰਭਾਵਾਂ ਨੂੰ ਬਦਲ ਸਕਦੇ ਹਨ।
1. ਕਾਰਬਨ ਦੇ ਨਿਕਾਸ ਨੂੰ 40% ਤੋਂ ਘਟਾਉਣਾ ਲਾਜ਼ਮੀ ਹੈ ਅਤੇ ਦੁਨੀਆ ਨੂੰ 2050 ਤੱਕ ਕਾਰਬਨ ਮੁਕਤ ਹੋਣ ਦੀ ਲੋੜ ਹੈ। ਵਿਗਿਆਨੀਆਂ ਵਲੋਂ ਗੈਸਾਂ ਦੇ ਨਿਕਾਸ ਦੇ ਦੁਰ-ਪ੍ਰਭਾਵਾਂ ਨੂੰ ਘਟਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ‘ਦਾ ਪ੍ਰਿੰਟ’ ਵਿਚ ਹੁਣੇ ਹੁਣੇ ਛਪੀ ਰਿਪੋਰਟ ਵਿਚ ਇੱਕ ਕੈਨੇਡੀਅਨ ਵਿਗਿਆਨੀ ਦੇ ਸਾਇੰਸ ਜਰਨਲ ਵਿਚ ਛਪੇ ਅਧਿਐਨ ਨੂੰ ਉਜਾਗਰ ਕੀਤਾ ਗਿਆ ਹੈ। ਜਿਸ ਨੇ ਕਾਰਬਨ ਨੂੰ ਮੁਰਦਾ ਲੱਕੜ ਵਿਚ ਜਮ੍ਹਾਂ ਕਰਨ ਦਾ ਇੱਕ ਵਿਲੱਖਣ ਤਰੀਕਾ ਤਜਵੀਜ਼ ਕੀਤਾ ਹੈ। ਉਹ ਮੁਰਦਾ ਲੱਕੜ ਨੂੰ ਚੰਗੀ ਤਰ੍ਹਾਂ ਚੀਕਨੀ ਮਿੱਟੀ ਨਾਲ ਢੱਕ ਕੇ ਅਤੇ ਇਸ ਨੂੰ ਜ਼ਮੀਨ ਹੇਠਾਂ ਦੱਬ ਕੇ ਕਾਰਬਨ ਦੇ ਨਿਕਾਸ ਨੂੰ ਘੱਟ ਕਰਨਾ ਹੈ। ਮੈਰੀਲੈਂਡ ਯੂਨੀਵਰਸਿਟੀ ਦੇ ਖੋਜੀਆਂ ਨੇ ਇਸ ਅਧਾਰ `ਤੇ ਦਰਸਾਇਆ ਹੈ ਕਿ ਜੈਵਿਕ ਪਦਾਰਥਾਂ ਦਾ ਗਲਣਾ ਸੜਨਾ ਤੇ ਦੱਬਿਆ ਜਾਣਾ ਵਾਤਾਵਰਣ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਕਾਰਬਨ ਡਾਇਆਕਸਾਈਡ ਭੇਜਦਾ ਹੈ, ਜਿਸਨੂੰ ਕਾਰਬਨ ਕੈਪਚਰ ਤਰੀਕੇ ਨਾਲ ਰੋਕਿਆ ਜਾਂ ਤਬਦੀਲ ਕੀਤਾ ਜਾ ਸਕਦਾ ਹੈ। ਜਿਵੇਂ ਕਿ ਰੁੱਖਾਂ ਦੇ ਡਿੱਗਣ ਵਾਲੀ ਲੱਕੜ ਨੂੰ ਦਬਾ ਦੇਣਾ, ਤੂਫ਼ਾਨ ਅਤੇ ਤੇਜ਼ ਹਵਾ ਕਾਰਨ ਹੋਏ ਰੁੱਖਾਂ ਦੇ ਨੁਕਸਾਨ ਅਤੇ ਸ਼ਹਿਰੀਕਰਨ ਲਈ ਜੰਗਲ ਕੱਟਣ ਤੋਂ ਪ੍ਰਾਪਤ ਲੱਕੜ ਨੂੰ ਇਸ ਨਵੇਂ ਕਾਰਬਨ-ਜਜ਼ਬ ਕਰਨ ਵਾਲੀ ਵਿਧੀ ਲਈ ਵਰਤਿਆ ਜਾ ਸਕਦਾ ਹੈ। ਲੰਮੇ ਸਮੇਂ ਲਈ ਧਰਤੀ ਹੇਠਾਂ ਦੱਬੀ ਲੱਕੜੀ ਦੇ ਵਿਸ਼ਲੇਸ਼ਣ ਤੋਂ ਵਿਗਿਆਨੀਆਂ ਨੇ ਵੇਖਿਆ ਕਿ ਲੱਕੜੀ ਉਪਰ ਜੰਮੀ ਮਿੱਟੀ ਦੀ ਤਹਿ ਇਸ ਨੂੰ ਆਕਸੀਜਨ ਪ੍ਰਾਪਤ ਕਰਨ ਤੋਂ ਰੋਕਦੀ ਹੈ ਜੋ ਕਿ ਇਸ ਦੇ ਗਲਣ-ਸੜਨ ਲਈ ਜ਼ਰੂਰੀ ਹੈ। ਫਿਰ ਵੀ ਇਹ ਅਧਿਐਨ ਅਜੇ ਮੁੱਢਲੀ ਸਟੇਜ `ਤੇ ਹੈ ਅਤੇ ਇਸ ਸਬੰਧੀ ਹੋਰ ਖੋਜ ਦੀ ਲੋੜ ਹੈ।
2. ਜੰਗਲ ਉਗਾਉਣ ਦੀ ਮੁਹਿੰਮ ਤੇਜ਼ ਕਰਨਾ।
3. ਖਾਧ-ਪਦਾਰਥਾਂ ਦੀ ਪੈਦਾਵਾਰ ਦੇ ਪੱਧਰ ਨੂੰ ਕਾਇਮ ਰੱਖਣ ਲਈ ਵਾਤਾਵਰਣ-ਸਹਿਣਯੋਗ ਫ਼ਸਲਾਂ ਦਾ ਪ੍ਰਜਣਨ ਅਤੇ ਪ੍ਰੋਮੋਟ ਕਰਨਾ, ਵਾਤਾਵਰਣ ਅਨੁਸਾਰ ਖੇਤੀਬਾੜੀ ਦੇ ਵਧੀਆ ਢੰਗ ਤਰੀਕੇ ਅਪਨਾਉਣਾ, ਖੇਤੀ ਦੀ ਇੰਸ਼ੋਰੈਂਸ ਦਾ ਪ੍ਰਬੰਧਨ ਕਰਨਾ।
4. ਲੋਕ ਜਾਗਰੂਕਤਾ ਮੁਹਿੰਮ ਅਤੇ ਰਾਜਨੀਤਕ ਫੈਸਲੇ।
5. ਹਰ ਪ੍ਰਕਾਰ ਦੀਆਂ ਗੈਸਾਂ ਦੇ ਨਿਕਾਸ ਕਾਰਨ ਪ੍ਰਦੂਸ਼ਣ ਦੇ ਵਧਦੇ ਪੱਧਰ `ਤੇ ਨਕੇਲ ਕੱਸਣਾ।