ਹਰਚਰਨ ਸਿੰਘ ਪ੍ਰਹਾਰ
ਸਾਲ 2017 ਦੀਆਂ ਚੋਣਾਂ ਦੌਰਾਨ ਅਕਾਲੀ ਦਲ, ਕਾਂਗਰਸ ਹੱਥੋਂ ਹਾਰ ਗਿਆ, 2022 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਵਿਚ ਅਕਾਲੀ ਦਲ ਦਾ ਸਫਾਇਆ ਹੋ ਗਿਆ। ਫਿਰ ਵੀ ਵੋਟਰ ਪ੍ਰਤੀਸ਼ਤ ਵਿਚ ਪੰਥਕ ਵੋਟਰਾਂ ਅੰਦਰ ਪਾਰਟੀ ਦੀ ਥੋੜ੍ਹੀ ਬਹੁਤ ਹਾਜ਼ਰੀ ਬਣੀ ਰਹੀ।
ਪ੍ਰੰਤੂ ਗੱਲ ਇੱਥੇ ਵੀ ਰੁਕੀ ਨਾ, ਕਹਾਣੀ ਉਸ ਸਮੇਂ ਸਿਰੇ ਲੱਗੀ, ਜਦੋਂ 2024 ਦੀਆਂ ਪਾਰਲੀਮਾਨੀ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਕੋਲ਼ੋਂ ਜ਼ਮਾਨਤਾਂ ਵੀ ਬਚਾਈਆਂ ਨਾ ਜਾ ਸਕੀਆਂ। ਸਭ ਨੂੰ ਪਤਾ ਹੈ ਕਿ ਲੋਕਾਂ ਵਲੋਂ ਸੁਖਬੀਰ ਬਾਦਲ ਤੇ ਉਸਦੀ ਪਾਰਟੀ ਨੂੰ ਇੱਕ ਵਾਰ ਨਹੀਂ, ਬਲਕਿ ਵਾਰ-ਵਾਰ ਰੱਦ ਕਰਕੇ ਸਖ਼ਤ ਤੋਂ ਸਖ਼ਤ ਰਾਜਸੀ ਸਜ਼ਾ ਸੁਣਾ ਦਿੱਤੀ ਗਈ ਸੀ। ਸਾਡੇ ਵਲੋਂ ਬਾਦਲਾਂ ਦਾ ਕੋਈ ਡੀਫੈਂਸ ਨਹੀਂ ਹੈ, ਅਤੇ ਇਸ ਲੇਖ ਵਿਚ ਸਾਡਾ ਸੁਖਬੀਰ ਬਾਦਲ ਦਾ ਡੀਫੈਂਸ ਲੈਣ ਦਾ ਕੋਈ ਇਰਾਦਾ ਵੀ ਨਹੀਂ ਹੈ। ਸਾਡਾ ਵਿਸ਼ਾ ਸ੍ਰੀ ਅਕਾਲ ਤਖਤ ਸਾਹਿਬ ‘ਤੇ ਉਸਦੀ ਹੋਈ ਪੇਸ਼ੀ ਤੋਂ ਪਹਿਲਾਂ ਅਤੇ ਬਾਅਦ ਵਿਚ ਹੋਈ ਪੈਰ ਗੱਡਵੀਂ ਸਿਆਸਤ ਦਾ ਹੈ। ਜੋ ਕਿ ਸ਼ਰ੍ਹੇਆਮ ਜਥੇਦਾਰਾਂ ਦੇ ਫੈਸਲਿਆਂ ਨੂੰ ਪ੍ਰਭਾਵਤ ਕਰਨ ਲਈ ਲਗਾਤਾਰ ਸ਼ਿਸਤ ਲਗਾ ਕੇ ਕੀਤੀ ਗਈ ਹੈ। ਅਸੀਂ ਕੇਵਲ ਇਹ ਦੇਖਣਾ ਹੈ ਕਿ ਇਹ ਸਾਰਾ ਕੁਝ ਕਿਵੇਂ ਹੋਇਆ? ਇਹ ਸਰਬ-ਪ੍ਰਵਾਨਤ ਨਿਯਮ ਹੈ ਕਿ ਕੋਰਟ ਅੰਦਰ ਲੱਗੇ ਕਿਸੇ ਅਹਿਮ ਕੇਸ ਬਾਰੇ ਮੀਡੀਆ ਅੰਦਰ ਅਜਿਹੀ ਕੋਈ ਟਿੱਪਣੀ ਨਾ ਕੀਤੀ ਜਾਵੇ, ਜਿਸਦੇ ਸਿੱਟੇ ਵਜੋਂ ਜੱਜ ਦਾ ਫੈਸਲਾ ਅਸਰ-ਅੰਦਾਜ਼ ਹੋਣ ਦੀ ਸੰਭਾਵਨਾ ਹੋਵੇ। ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸਨਮਾਨਿਤ ਕਚਹਿਰੀ ਦੇ ਕੇਸ ਵਿਚ ਤਾਂ ਅਜਿਹੀ ਕੋਈ ਇਜਾਜ਼ਤ ਨਹੀਂ ਹੋਣੀ ਚਾਹੀਦੀ। ਵੱਖ-ਵੱਖ ਦੇਸ਼ਾਂ ਦੀਆਂ ਰਵਾਇਤਾਂ ਅਨੁਸਾਰ ਅਹਿਮ ਫੈਸਲਿਆਂ ਵਾਸਤੇ ਕੋਰਟ ਦੇ ਜੱਜਾਂ ਲਈ ਜਿਊਰੀ ਦੀ ਵਿਵਸਥਾ ਹੁੰਦੀ ਹੈ। ਤਖਤਾਂ ਦੇ ਜਥੇਦਾਰ ਵੀ ਕਿਸੇ ਅਹਿਮ ਨਾਜ਼ੁਕ ਮਸਲੇ ਸਬੰਧੀ ਕੋਈ ਫੈਸਲਾ ਲੈਣ ਲਈ ਭਾਈਚਾਰੇ ਦੇ ਮੋਹਤਬਰ ਤੇ ਸਤਿਕਾਰਤ ਵਿਅਕਤੀਆਂ ਨਾਲ਼ ਸਲਾਹ-ਮਸ਼ਵਰਾ ਕਰ ਸਕਦੇ ਹਨ। ਪ੍ਰੰਤੂ ਕੀ ਅਜਿਹੇ ਸਲਾਹ-ਮਸ਼ਵਰੇ ਸੋਸ਼ਲ ਮੀਡੀਆ ‘ਤੇ ਨੰਗੀ ਚਿੱਟੀ ਪ੍ਰਵਚਨੀ ਦਹਿਸ਼ਤਗਰਦੀ ਨਾਲ਼ ਦਿੱਤੇ ਜਾਣੇ ਚਾਹੀਦੇ ਹਨ? ਜਿਸ ਤਰ੍ਹਾਂ ਕਿ ਇਸ ਵਿਵਾਦ ਦੇ ਸਾਰੇ ਅਰਸੇ ਦੌਰਾਨ ਭਾਂਤ-ਭਾਂਤ ਦੇ ਚੈਨਲਾਂ ਰਾਹੀਂ ਸਾਡੇ ਬੁੱਧੀਜੀਵੀਆਂ ਅਤੇ ਨਾਮਵਰ ਸੀਨੀਅਰ ਪੱਤਰਕਾਰਾਂ ਵਲੋਂ ਜਥੇਦਾਰਾਂ ਨੂੰ ਕਾਰਨਰ ਕਰਨ ਦੀ ਕੋਸ਼ਿਸ਼ ਕਰਦਿਆਂ, ਉਨ੍ਹਾਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਲਈ ਦਿੱਤੇ ਜਾਂਦੇ ਰਹੇ ਹਨ।
ਸ਼ੁਰੂ-ਸ਼ੁਰੂ ਵਿਚ ਇਨ੍ਹਾਂ ਦਾ ਸਾਰਾ ਜ਼ੋਰ ਜਥੇਦਾਰਾਂ ਨੂੰ ਇੱਕੋ ਗੱਲ ਜਚਾਉਣ ‘ਤੇ ਲੱਗਾ ਰਿਹਾ ਕਿ ਉਨ੍ਹਾਂ ਕੋਲ਼ ਦੋ ਹੀ ਰਾਹ ਹਨ: ‘ਉਨ੍ਹਾਂ ਨੇ ਅਕਾਲੀ ਫੂਲਾ ਸਿੰਘ ਬਣ ਕੇ ਜੱਸ ਖੱਟਣਾ ਹੈ ਜਾਂ ਜਥੇਦਾਰ ਗੁਰਬਚਨ ਸਿੰਘ ਵਾਂਗੂੰ ਆਪਣਾ ਮੂੰਹ ਕਾਲ਼ਾ ਕਰਾ ਕੇ ਪੰਥਕ ਕਚਹਿਰੀ ਵਿਚੋਂ ਬੇਆਬਰੂ ਹੋ ਕੇ ਬਾਹਰ ਜਾਣਾ ਹੈ’। ਇਨ੍ਹਾਂ ਵਿਚੋਂ ਜ਼ਿਆਦਾ ਜੋਸ਼ੀਲੇ ਸੱਜਣ, ਵਾਰ-ਵਾਰ ਇਹ ਵੀ ਦੁਹਰਾਈ ਜਾਂਦੇ ਸਨ ਕਿ ਅਸੀਂ ਤੁਹਾਨੂੰ ਸਲਾਹਾਂ ਦੇਣ ਵਾਲ਼ੇ ਕੌਣ ਹੁੰਦੇ ਹਾਂ। ਪਰ ਸਥਿਤੀ ਸਾਫ ਹੈ ਕਿ ਤੁਹਾਡੇ ਕੋਲ਼ ਸਿਰਫ ਦੋ ਹੀ ਰਾਹ ਹਨ, ਬਾਕੀ ਫੈਸਲਾ ਤੁਹਾਡੇ ਹੱਥ ਹੈ। ਚੈਨਲ ਸੁਣਦਿਆਂ ਹੈਰਾਨੀ ਹੁੰਦੀ ਹੈ ਕਿ ਇਹ ਗੱਲ ਇਨ੍ਹਾਂ ਭਲੇਮਾਣਸਾਂ ਵਲੋਂ ਆਪਣੀ ਹਰ ਵੀਡੀਓ ਵਿਚ ਨਹੀਂ ਤਾਂ ਦੂਜੀ-ਤੀਜੀ ਵੀਡੀਓ ਵਿਚ ਜ਼ਰੂਰ ਦੁਹਰਾਈ ਹੋਈ ਹੈ। ਕਈ ਵੀਡੀਓਜ਼ ਤਾਂ ਅਜਿਹੀਆਂ ਹਨ ਕਿ ਯੂਨੀਵਰਸਿਟੀ ਦੇ ਕਿਸੇ ਪ੍ਰੋਫੈਸਰ ਨੂੰ ਆਪਣੇ ਕਿਸੇ ਵਿਦਿਆਰਥੀ ਤੋਂ ਇਸ ਉਪਰ ਥੀਸਸ ਹੀ ਲਿਖਵਾ ਲੈਣਾ ਚਾਹੀਦਾ ਹੈ ਤਾਂ ਕਿ ਸਾਡੀਆਂ ਆਉਣ ਵਾਲ਼ੀਆਂ ਨਸਲਾਂ ਲਈ ਇਨ੍ਹਾਂ ਦੀ ਇਹ ਕਲਾਕਾਰੀ ਸਾਂਭੀ ਰਹੇ। ਦੂਸਰਾ ਅਹਿਮ ਫੰਡਾ ਇਨ੍ਹਾਂ ਸੱਜਣਾਂ ਦੇ ਹੱਥ 2 ਦਸੰਬਰ ਤੋਂ ਬਾਅਦ ਆ ਜਾਂਦਾ ਹੈ ਕਿ ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਸੁਣਾਉਂਦਿਆਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੀ ਲੀਡਰਸ਼ਿਪ ਨੂੰ ਇਖਲਾਕੀ ਤੌਰ ‘ਤੇ ਅਗਵਾਈ ਕਰਨ ਦੇ ਅਯੋਗ ਕਰਾਰ ਦਿੱਤਾ ਹੈ। ਹੁਕਮਨਾਮਾ-ਹੁਕਮਨਾਮਾ ਹੁੰਦਾ ਹੈ, ਇਹ ਇੰਨ-ਬਿੰਨ ਲਾਗੂ ਹੋਣਾ ਚਾਹੀਦਾ ਹੈ। ਜਥੇਦਾਰਾਂ ਨੂੰ ਵਾਰ-ਵਾਰ ਇਹ ਗੱਲ ਚੇਤੇ ਕਰਾਉਣ ਤੁਰ ਪੈਂਦੇ ਹਨ ਕਿ ਹੁਕਮਨਾਮਾ ਲਾਗੂ ਕਰਾਉਣ ਦੀ ਇਖਲਾਕੀ ਜ਼ਿੰਮੇਵਾਰੀ ਤੋਂ ਉਹ ਹੁਣ ਭੱਜ ਨਹੀਂ ਸਕਦੇ।
ਸੁਖਬੀਰ ਬਾਦਲ ਅਤੇ ਉਸਦੇ ਸਾਥੀ ਆਗੂ ਪਸ਼ਚਾਤਾਪ ਵਜੋਂ ਸ੍ਰੀ ਅਕਾਲ ਤਖਤ ਤੋਂ ਲੱਗੀ ਸਜ਼ਾ ਪੂਰੀ ਕਰ ਲੈਂਦੇ ਹਨ, ਸੌਦਾ ਸਾਧ ਨੂੰ ਦਿੱਤੀ ਮੁਆਫੀ ਨੂੰ ਜਸਟੀਫਾਈ ਕਰਨ ਲਈ ਦਿੱਤੇ ਇਸ਼ਤਿਹਾਰਾਂ ਦਾ ਖਰਚਾ ਵਿਆਜ ਸਮੇਤ ਸ਼੍ਰੋਮਣੀ ਕਮੇਟੀ ਦੇ ਖਾਤੇ ਵਿਚ ਜਮ੍ਹਾਂ ਵੀ ਕਰਾ ਦਿੰਦੇ ਹਨ। ਉਸ ਤੋਂ ਬਾਅਦ ਮੁਕਤਸਰ ਸਾਹਿਬ, ਵਿਖੇ ਮਾਘੀ ਮੇਲੇ ਦੌਰਾਨ ਆਪਣੀ ਕਾਨਫਰੰਸ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਦਾਲਤ `ਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਵਾਪਿਸ ਲਏ ‘ਫਖਰ-ਏ-ਕੌਮ’ ਅਵਾਰਡ ਦੇ ਫੈਸਲੇ ‘ਤੇ ਨਵੇਂ ਸਿਰਿਉਂ ਨਜ਼ਰਸਾਨੀ ਕਰਨ ਲਈ ਸੰਗਤ ਤੋਂ ਹੱਥ ਖੜ੍ਹੇ ਕਰਾ ਕੇ ਦਰਖਾਸਤ ਦਿੰਦੇ ਹਨ। ਹੁਣ ਇਹ ਸੱਜਣ ਇਸ ਅਪੀਲ ਨੂੰ ਅਕਾਲ ਤਖਤ ਤੋਂ ਆਏ ਹੁਕਮਨਾਮੇ ਨੂੰ ਚੁਣੌਤੀ ਦੱਸਣੀ ਸ਼ੁਰੂ ਕਰ ਦਿੰਦੇ ਹਨ। ਅਜਿਹਾ ਪ੍ਰਬੰਧ ਤਾਂ ਦੁਨਿਆਵੀ ਸੁਪਰੀਮ ਕੋਰਟਾਂ ਵਿਚ ਵੀ ਹੁੰਦਾ ਹੈ ਕਿ ਕਥਿਤ ਦੋਸ਼ੀ ਅਪੀਲ ਕਰ ਸਕਦਾ ਹੈ। ਭਾਵੇਂ ਕਿ ਬਾਦਲ ਇਸ ਗੱਲ ਨੂੰ ਉਥੇ ਹੀ ਛੱਡ ਦਿੰਦੇ ਹਨ ਅਤੇ ਮੁੜ ਕਿਤੇ ਜ਼ਿਕਰ ਨਹੀਂ ਕਰਦੇ। ਹੁਣ ਅਕਾਲੀ ਦਲ ਦੀ ਨਵੀਂ ਭਰਤੀ ਦੀ ਨਿਗਰਾਨੀ ਲਈ ਬਣਾਈ 7 ਮੈਂਬਰੀ ਕਮੇਟੀ ਦਾ ਗੁੰਝਲਦਾਰ ਮਸਲਾ ਆ ਜਾਂਦਾ ਹੈ। ਇਸ ਮਸਲੇ `ਤੇ ਅਕਾਲੀ ਆਗੂ ਜਥੇਦਾਰ ਕੋਲ਼ ਵਾਰ-ਵਾਰ ਗੁਹਾਰ ਲਗਾਉਂਦੇ ਹਨ ਕਿ ਅਜਿਹਾ ਕਰਨ ਨਾਲ਼ ਉਨ੍ਹਾਂ ਨੂੰ ਪਾਰਟੀ ਲਈ ਸੰਵਿਧਾਨਕ ਅੜਚਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਦੀ ਇਹ ਆਖਣ ਦੀ ਜ਼ੁਰਅਤ ਨਹੀਂ ਪੈਂਦੀ ਕਿ ਇਸ ਤਰ੍ਹਾਂ ਰਾਜਸੀ ਪਾਰਟੀਆਂ ਅੰਦਰ ਨਾ ਕਦੇ ਏਕਾ ਹੋਇਆ ਹੈ ਅਤੇ ਨਾ ਹੀ ਹੁਣ ਹੋਣਾ ਹੈ।
ਵੇਖਣਾ ਇਹ ਹੈ ਕਿ ਸਿੱਖ ਪੰਥ ਵਿਚ ਇਸ ਵਕਤ ਇੱਕ ਨਹੀਂ ਅਨੇਕ ਪੰਥਕ ਧਿਰਾਂ ਹਨ, ਕੀ ਇਨ੍ਹਾਂ ਸਾਰਿਆਂ ਦੀ ਹੁਕਮਨਾਮਿਆਂ ਰਾਹੀਂ ਧੱਕੇ ਨਾਲ਼ ਏਕਤਾ ਕਰਾਈ ਜਾ ਸਕਦੀ ਹੈ? ਕੀ ਕਿਸੇ ਵੀ ਪਾਰਟੀ ਦਾ ਕੋਈ ਆਗੂ, ਕਦੇ ਵੀ ਸ਼ਰ੍ਹੇਆਮ ਆਪਣੇ ਰਾਜਨੀਤਕ ਵਿਰੋਧੀ ਨਾਲ਼ ਇਕੱਠਿਆਂ ਚੱਲ ਸਕਦਾ ਹੈ? ਪਰ ਪੱਤਰਕਾਰਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ। ਉਹ ਹੁਕਮਨਾਮਾ-ਹੁਕਮਨਾਮਾ ਹੁੰਦਾ ਹੈ ਅਤੇ ਇਸਦੀ ਸਰਬਉਚਤਾ ‘ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਹੋ ਸਕਦਾ; ਜਥੇਦਾਰਾਂ ਨੂੰ ਵਾਰ-ਵਾਰ, ਇਹ ਪ੍ਰਵਚਨੀ ਚਿਤਾਵਨੀਆਂ ਜਾਰੀ ਰੱਖਦੇ ਹਨ ਕਿ ਜਥੇਦਾਰ ਜੇਕਰ ਰਤਾ ਵੀ ਪਿੱਛੇ ਹਟੇ ਤਾਂ ਉਨ੍ਹਾਂ ਨੇ ਸਾਰਾ ਕੇਸ ਦੁਬਾਰਾ ਸੰਗਤਾਂ ਦੀ ਕਚਹਿਰੀ ਵਿਚ ਲੈ ਜਾਣਾ ਹੈ।
ਰਾਜਸੀ ਲੀਡਰਾਂ ਦੀਆਂ ਅਜਿਹੀਆਂ ਏਕਤਾਵਾਂ ਨੂੰ ਸਮਝਣ ਲਈ ਇੰਦਰਾ ਗਾਂਧੀ ਦੇ ਸਮੇਂ ਕਾਂਗਰਸੀ ਲੀਡਰਾਂ ਦੀ ਫੁੱਟ ਤੇ ਏਕਤਾ ਦਾ ਵਰਤਾਰਾ ਸਹਾਈ ਹੋ ਸਕਦਾ ਹੈ। ਸਾਲ 1969 ਦੀਆਂ ਮੱਧਕਾਲੀ ਚੋਣਾਂ ਵਿਚ ਉਸਦੀ ਪਾਰਟੀ ਕਈ ਰਾਜਾਂ ਵਿਚ ਚੋਣਾਂ ਹਾਰ ਗਈ ਤਾਂ ਨਿਜਲਿਨਗੱਪਾ, ਕਾਮਰੇਜ਼, ਅਤੁਲਿਆ ਘੋਸ਼ ਵਰਗੇ ਸਿੰਡੀਕੇਟ ਦੇ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਉਸਨੂੰ ਪਾਰਟੀ ਵਿਚੋਂ ਕੱਢ ਮਾਰਿਆ ਸੀ। ਪਰ ਇੰਦਰਾ ਗਾਂਧੀ ਨੇ ਹੌਸਲਾ ਨਾ ਛੱਡਿਆ ਅਤੇ ਆਪਣੇ ਨਾਮ ‘ਤੇ ਇੰਦਰਾ ਕਾਂਗਰਸ ਨਵੀਂ ਪਾਰਟੀ ਬਣਾਈ। ਸਾਲ 1971-72 ਦੌਰਾਨ ਪਹਿਲਾਂ ਪਾਰਲੀਮਾਨੀ ਤੇ ਫਿਰ ਦੇਸ਼ ਭਰ ਵਿਚ ਸੂਬਾਈ ਚੋਣਾਂ ਦੌਰਾਨ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ। ਇਸ ਤੋਂ ਕੇਵਲ 2-3 ਵਰ੍ਹਿਆਂ ਬਾਅਦ ਹੀ ਲੋਕ ਉਸ ਦੀਆਂ ਨੀਤੀਆਂ ਤੋਂ ਬਦਜ਼ਨ ਹੋ ਗਏ। ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਹੇਠ ਪੂਰੇ ਦੇਸ਼ ਅੰਦਰ ਉਸ ਵਿਰੁੱਧ ਵਿਸ਼ਾਲ ਅੰਦੋਲਨ ਖੜਾ ਹੋ ਗਿਆ। ਅਜਿਹੇ ਹਾਲਤਾਂ ਵਿਚ ਉਸਨੇ 1975 ਵਿਚ ਐਮਰਜੈਂਸੀ ਲਗਾਉਣ ਦਾ ਫੈਸਲਾ ਕਰ ਲਿਆ। ਐਮਰਜੈਂਸੀ ਤੋਂ ਬਾਅਦ ਉਸਦੀ ਸਥਿਤੀ ਸੁਖਬੀਰ ਬਾਦਲ ਦੀ ਹੁਣ ਵਾਲ਼ੀ ਸਥਿਤੀ ਤੋਂ ਵੀ ਭੈੜੀ ਹੋ ਗਈ ਸੀ। ਫਰਵਰੀ, 1977 ਦੀਆਂ ਚੋਣਾਂ ਵਿਚ ਕਸ਼ਮੀਰ ਤੋਂ ਨਾਗਾਲੈਂਡ ਤੱਕ ਉਸਦਾ ਬੁਰੀ ਤਰ੍ਹਾਂ ਸਫਾਇਆ ਹੋ ਗਿਆ। 1978 ਦੇ ਸ਼ੁਰੂ ਵਿਚ ਹੀ ਬ੍ਰਹਮਾਨੰਦ ਰੈਡੀ, ਵਾਈ ਬੀ ਚੌਹਾਨ, ਸਵਰਨ ਸਿੰਘ ਆਦਿ ਕੱਦਾਵਰ ਆਗੂਆਂ ਨੇ ਉਸਨੂੰ ਪਾਰਟੀ ਵਿਚੋਂ ਮੁੜ ਬਾਹਰ ਦਾ ਰਸਤਾ ਦਿਖਾ ਦਿੱਤਾ। ਇਸ ਮੌਕੇ ਪੱਛਮੀ ਬੰਗਾਲ ਤੋਂ ਉਸਦੇ ਵਿਸ਼ਵਾਸਪਾਤਰ ਆਗੂ ਪ੍ਰੀਆ ਰੰਜਨਦਾਸ ਮੁਣਸ਼ੀ ਨੇ ਉਸਨੂੰ ਪਾਰਟੀ ਅੰਦਰ ‘ਕੈਂਸਰ ਦੀ ਗਦੂਦ’ ਦੱਸਿਆ ਸੀ, ਜਿਸਨੂੰ ਬਾਹਰ ਕੱਢ ਕੇ ਕੈਂਸਰ ਦਾ ਓਪਰੇਸ਼ਨ ਕਰ ਦਿੱਤਾ ਗਿਆ ਸੀ। ਜਦੋਂ ਉਸਦੀ ‘ਇੰਦਰਾ ਕਾਂਗਰਸ’ ਦੇ ਵੀ ਤਕਰੀਬਨ ਸਾਰੇ ਵੱਡੇ ਸੀਨੀਅਰ ਆਗੂ ਉਸਦਾ ਸਾਥ ਛੱਡ ਚੁੱਕੇ ਸਨ ਅਤੇ ਉਸ ਦਾ ਪੂਰੇ ਇੰਡੀਆ ਵਿਚ ਲਗਭਗ ਸਫਾਇਆ ਹੋ ਗਿਆ ਸੀ। ਜੇ ਇੰਦਰਾ ਗਾਂਧੀ ਦੀ ਸ਼ਰੂਡ ਰਾਜਨੀਤੀ ਕਿਸੇ ਨੂੰ ਚੰਗੀ ਨਾ ਲੱਗੇ ਤਾਂ ਅਕਾਲੀ ਨੇਤਾਵਾਂ ਲਈ ਆਪਣੀ ਪਾਰਟੀ ਦੇ ਇਤਿਹਾਸ ਵਿਚੋਂ ਮਾਸਟਰ ਤਾਰਾ ਸਿੰਘ ਦੀ ਮਿਸਾਲ ਢੁਕਵੀਂ ਹੋ ਸਕਦੀ ਹੈ। ਉਹ ਅਨੇਕਾਂ ਮੌਕਿਆਂ ‘ਤੇ ਇਕੱਲੇ ਰਹਿ ਜਾਂਦੇ ਰਹੇ। ਕਈ ਵਾਰ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਦਾ ਸਾਥ ਛੱਡਿਆ। ਉਹ ਇਕੱਲੇ ਆਪਣੀ ਵੱਖਰੀ ਅਕਾਲੀ ਪਾਰਟੀ ਬਣਾ ਕੇ ਕਾਮਯਾਬ ਹੁੰਦੇ ਰਹੇ ਸਨ ਕਿ ਨਹੀਂ? ਉਨ੍ਹਾਂ ਵਾਂਗ ਹੀ ਮੈਡਮ ਇੰਦਰਾ ਗਾਂਧੀ ਨੇ ਇੱਕ ਵਾਰ ਨਹੀਂ ਬਲਕਿ ਦੋ ਵਾਰੀ ਆਪਣੇ ਸੀਨੀਅਰ ਨੇਤਾਵਾਂ ਨਾਲੋਂ ਲੀਹਾਂ ਪਾੜ ਕੇ ਵੱਖਰੀ ਪਾਰਟੀ ਬਣਾਈ ਅਤੇ ਹਰ ਵਾਰ ਭਾਰੀ ਬਹੁਮਤ ਨਾਲ ਸਰਕਾਰਾਂ ਬਣਾਉਣ ਵਿਚ ਕਾਮਯਾਬ ਹੁੰਦੀ ਰਹੀ। ਚਾਹੀਦਾ ਤਾਂ ਇਹ ਸੀ ਕਿ ਬਾਦਲ ਅਕਾਲੀ ਦਲ ਦੇ ਬਾਗੀ ਆਗੂ, ਲੋਕਾਂ ਵਲੋਂ ਨਕਾਰੇ ਜਾ ਚੁੱਕੇ ਸੁਖਬੀਰ ਬਾਦਲ ਨਾਲ਼ੋਂ ਵੱਖ ਹੋ ਕੇ ਪੰਥਕ ਕਚਹਿਰੀ ਵਿਚ ਜਾਂਦੇ। ਪਰੰਤੂ ਉਨ੍ਹਾਂ ਅੰਦਰ ਅਜਿਹਾ ਕਰਨ ਲਈ ਲੋੜੀਂਦੀ ਇਖਲਾਕੀ ਜੁ਼ਰਅਤ ਬਿਲਕੁਲ ਨਹੀਂ ਸੀ। ਉਨ੍ਹਾਂ ਨੇ ਆਪਣੀ ਸਾਖ ਬਣਾਈ ਰੱਖਣ ਲਈ ਅਕਾਲ ਤਖਤ ਦਾ ਸਹਾਰਾ ਲੈਣਾ ਹੀ ਬੇਹਤਰ ਸਮਝਿਆ। ਕੀ ਉਨ੍ਹਾਂ ਨੂੰ ਕਹੇ ਜਾਂਦੇ ‘ਸੁਖਬੀਰ ਰੂਪੀ ਕੈਂਸਰ’ ਨੂੰ ਲਾਂਭੇ ਕਰਕੇ ਆਪਣਾ ਨਵਾਂ ਸ਼੍ਰੋਮਣੀ ਅਕਾਲੀ ਦਲ ਸਥਾਪਿਤ ਕਰਨ ਦਾ ਹੌਸਲਾ ਨਹੀਂ ਕਰਨਾ ਚਾਹੀਦਾ ਸੀ? ਜ਼ਰੂਰ ਇਉਂ ਹੀ ਹੋਣਾ ਚਾਹੀਦਾ ਸੀ।
1978 ਦੇ ਨਿਰੰਕਾਰੀ ਕਾਂਡ ਤੋਂ ਲੈ ਕੇ ਪਿਛਲੇ 50-60 ਵਰ੍ਹਿਆਂ ਤੋਂ ਸਾਡਾ ਭਾਈਚਾਰਾ ਪਹਿਲਾਂ ਹੀ ਅਨੇਕਾਂ ਦੁਸ਼ਵਾਰੀਆਂ, ਖੁਆਰੀਆਂ ਝੱਲ ਚੁੱਕਾ ਹੈ। ਕੀ ਸਿੱਖ ਲੀਡਰਾਂ, ਵਿਦਵਾਨਾਂ, ਬੁੱਧੀਜੀਵੀਨੁਮਾ ਪੱਤਰਕਾਰਾਂ ਦੀ ਸੁਪਨਸਾਜ਼ੀ ਦਾ ਅਮਲ ਛੱਡ ਕੇ ਭੋਲ਼ੀਆਂ-ਭਾਲ਼ੀਆਂ ਸਿੱਖ ਸੰਗਤਾਂ ਨੂੰ ਸਪੱਸ਼ਟ ਅਗਵਾਈ ਦੇਣ ਦੀ ਇਖਲਾਕੀ ਜ਼ਿੰਮੇਵਾਰੀ ਨਹੀਂ ਬਣਦੀ? ਕੀ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਪੂਰੇ ਸੰਜਮ ਤੇ ਦੂਰ-ਅੰਦੇਸ਼ੀ ਨਾਲ਼ ਨਹੀਂ ਨਿਭਾਉਣੀ ਚਾਹੀਦੀ? ਪ੍ਰੰਤੂ ਉਸ ਤਰ੍ਹਾਂ ਬਿਲਕੁਲ ਨਹੀਂ, ਜਿਸ ਅੰਦਾਜ਼ ਵਿਚ ਜਗਤਾਰ ਸਿੰਘ, ਜਤਿੰਦਰ ਪੰਨੂੰ, ਅਜਮੇਰ ਸਿੰਘ, ਹਮੀਰ ਸਿੰਘ, ਜਸਪਾਲ ਸਿੰਘ ਸਿੱਧੂ, ਹਰਵਿੰਦਰ ਭੱਟੀ, ਜਸਵੀਰ ਸਿੰਘ ਪੱਟੀ ਆਦਿ ਕਾਮਰੇਡੀ ਬਿਰਤੀ ਵਾਲ਼ੇ ਜਿਹਾਦੀ ਪੱਤਰਕਾਰਾਂ ਵਲੋਂ ਪਿਛਲੇ 6-7 ਮਹੀਨਿਆਂ ਦੇ ਵਾਦ-ਵਿਵਾਦ ਦੌਰਾਨ ਨਿਭਾਈ ਜਾ ਰਹੀ ਹੈ। ਕੀ ਇਨ੍ਹਾਂ ਸਾਬਕਾ ਕਾਮਰੇਡਾਂ ਦਾ ਸ੍ਰੀ ਅਕਾਲ ਤਖਤ ਅਤੇ ਅਕਾਲੀ ਰਾਜਨੀਤੀ ਪ੍ਰਤੀ ਅਨੋਖਾ ਹੇਰਵਾ ਦੇਖ ਕੇ ਹੈਰਾਨੀ ਨਹੀਂ ਹੁੰਦੀ? ਵੈਸੇ ਇਸ ਸਾਬਕਾ ਕਾਮਰੇਡੀ ਵਿਆਖਿਆ ਪ੍ਰਣਾਲ਼ੀ ਦਾ ਸ਼੍ਰੀ ਗਣੇਸ਼ 26 ਜਨਵਰੀ, 1986 ਨੂੰ ਸਿਰਮੌਰ ਪੱਤਰਕਾਰ ਭਾਅ ਜੀ ਦਲਬੀਰ ਸਿੰਘ ਵਲੋਂ ਕੀਤਾ ਗਿਆ ਸੀ। ਦਲਬੀਰ ਸਿੰਘ ਦੇ ਇਨ੍ਹਾਂ ਅਜੋਕੇ ਪੈਰੋਕਾਰਾਂ ਦੇ ਜਿਹਾਦੀ ਜੋਸ਼ ਅਤੇ ਉਤਸ਼ਾਹ ਨੂੰ ਵੇਂਹਦਿਆਂ, ਕੀ ਇਹ ਇਉਂ ਨਹੀਂ ਲਗਦਾ, ਜਿਵੇਂ ਕਹਿੰਦੇ ਹੁੰਦੇ ਆ ‘ਪਵਿੱਤਰ ਆਇਤਾਂ’ ਦੀ ਵਿਆਖਿਆ, ‘ਸ਼ੈਤਾਨ’ ਕਰ ਰਿਹਾ ਹੈ, ‘ਅੱਲਾ ਖ਼ੈਰ’ ਕਰੇ!
ਆਓ ਹੁਣ ਇਨ੍ਹਾਂ ਦੀ ਕਲਾਕਾਰੀ ਦੀਆਂ ਵੀਡੀਓਜ਼ ਦੇ ਕੁਝ ਵਿਸ਼ੇਸ਼ ਨਮੂਨੇ ਦੇਖੀਏ। ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਾਜ਼ਰ ਹੋਣ ਤੋਂ ਪਹਿਲਾਂ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਲਾਂਭੇ ਹੋ ਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਐਕਟਿੰਗ ਪ੍ਰਧਾਨ ਬਣਾ ਦਿੰਦਾ ਹੈ। ‘ਪੰਜਾਬ ਟੈਲੀਵਿਜਨ’ ਉਪਰ 29 ਅਗਸਤ, 2024 ਨੂੰ ‘ਪਾਲਿਟਿਕਸ ‘ਚ ਭੂਚਾਲ਼’ ਕਰ ਲਈ ਤਿਆਰੀ ਜਥੇਦਾਰਾਂ; ਰਾਜਨੀਤੀ ਹੇਠ ਪਿਛਾਂਹ ਹਟੇ ਸੁਖਬੀਰ ਬਾਦਲ’ ਦੇ ਸਿਰਲੇਖ ਹੇਠ ਇੱਕ ਵੀਡੀਓ ਹੈ। ਚੈਨਲ ਦਾ ਸੂਤਰਧਾਰ ਹਰਜਿੰਦਰ ਰੰਧਾਵਾ ਆਉਂਦੇ ਸਾਰ ਕਹਿੰਦਾ ਹੈ, ‘ਅਕਾਲੀ ਦਲ ਦੇ ਪ੍ਰਧਾਨ ਨੇ ਬੜੀ ਚੁਸਤ ਚਾਲ ਚੱਲਦਿਆਂ, ਆਪਣੀ ਜਗ੍ਹਾ ‘ਤੇ ਬਲਵਿੰਦਰ ਸਿੰਘ ਭੂੰਦੜ ਨੂੰ ਐਕਟਿੰਗ ਪ੍ਰਧਾਨ ਬਣਾ ਦਿੱਤਾ ਹੈ’। ਸ। ਜਗਤਾਰ ਸਿੰਘ ਜੀ ਮੇਰਾ ਪਹਿਲਾ ਸਵਾਲ ਹੈ ਕਿ ਜੇਕਰ ਸਿੰਘ ਸਾਹਿਬ ਨੇ ਪੰਥਕ ਰਹੁਰੀਤਾਂ ਅਨੁਸਾਰ ਫੈਸਲਾ ਲੈਣਾ ਹੋਵੇ ਤਾਂ ਭਲਾ ਦੱਸਿਓ, ਪੰਥਕ ਰਹੁਰੀਤਾਂ ਕੀ ਹਨ? ਇੱਥੇ ਦੋਸ਼ੀਆਂ ਦੇ ਕੋਰੜੇ ਵੀ ਵੱਜੇ, ਗਲ਼ਾਂ ‘ਚ ਤਖਤੀਆਂ ਵੀ ਪਈਆਂ, ਥਮਲਿਆਂ ਨਾਲ਼ ਵੀ ਬੰਨ੍ਹਿਆ ਗਿਆ। ਹੁਣ ਇੱਥੇ ਜਥੇਦਾਰਾਂ ਵਲੋਂ ਕਿਸ ਕਿਸਮ ਦਾ ਪੈਂਤੜਾ ਲਿਆ ਜਾਵੇਗਾ। ਅੱਗਿਓਂ ਜਗਤਾਰ ਸਿੰਘ ਕਹਿੰਦੇ: ਪੁਰਾਣਾ ਇਤਿਹਾਸ ਹੈ ਕਿ ਮੋਰਚਿਆਂ ਦੌਰਾਨ ਜੇਲ੍ਹਾਂ ‘ਚ ਜਾਣ ਸਮੇਂ ਪਾਰਟੀ ਪ੍ਰਧਾਨ ਵਲੋਂ, ਆਪਣੀ ਥਾਂ ਐਕਟਿੰਗ ਪ੍ਰਧਾਨ ਬਣਾ ਕੇ ਜਾਣ ਦੀ ਪ੍ਰਥਾ ਰਹੀ ਹੈ। ਪ੍ਰੰਤੂ ਅੱਜ ਵਾਂਗੂੰ ਕਦੇ ਵੀ ਨਹੀਂ ਸੀ। ਜਦੇ ਹੀ ਉਹ ਅਕਾਲੀ ਪਾਰਟੀ ਦੇ ਸੰਵਿਧਾਨ ਦੀ ਕਾਪੀ ਚੁੱਕ ਕੇ ਉਸ ਵਿਚੋਂ ਛੇਵੀਂ ਕਲਾਜ ਪੜ੍ਹ ਕੇ ਸੁਣਾਉਣੀ ਸ਼ੁਰੂ ਕਰ ਦਿੰਦੇ ਹਨ।
ਇਨ੍ਹਾਂ ਵਲੋਂ 16 ਅਕਤੂਬਰ, 2024 ਨੂੰ ‘ਪੰਜਾਬ ਟੈਲੀਵਿਜਨ’ ‘ਤੇ ਮਾਰੀਆਂ ਕੁਝ ਕਿਲਕਾਰੀਆਂ ਜ਼ਰਾ ਵੇਖੋ; ‘ਬਲੰਡਰ ਇੱਕ ਹੋਰ, ਠੁਕਿਆ ਇੱਕ ਹੋਰ ਕਿੱਲ’, ‘ਹੋਏਗਾ ਆਦੇਸ਼, ਅਸਤੀਫਾ ਨਾ-ਮਨਜ਼ੂਰ ਕਰਨ ਦਾ’, ਸਿਰਲੇਖ ਹੇਠਲੇ ਨਾਟਕੀ ਸੀਨ ਵਿਚ ਵਿਰਸਾ ਸਿੰਘ ਵਲਟੋਹਾ ਦੀ ਗੁਸਤਾਖੀ ਅਤੇ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਸਤੀਫਾ ਦੇਣ ਵਾਲ਼ੀ ਸ਼ਾਮ ਨੂੰ ਇਨ੍ਹਾਂ ਦੀ ਨਾਟਕੀ ਅਦਾਕਾਰੀ ਹਮੇਸ਼ਾਂ ਯਾਦ ਰੱਖੀ ਜਾਣ ਵਾਲ਼ੀ ਸੀ। ਨਾਟਕ ਦਾ ਸੂਤਰਧਾਰ ਹਰਜਿੰਦਰ ਸਿੰਘ ਰੰਧਾਵਾ, ਸੀਨ `ਤੇ ਆਉਂਦਿਆਂ ਹੀ ‘ਗਿਆਨੀ ਹਰਪ੍ਰੀਤ ਸਿੰਘ ਦੀ ਅਸਤੀਫਾ ਦਿੰਦਿਆਂ ਰੂਹ ਕੁਰਲਾ ਰਹੀ ਸੀ’, ਸ਼ਬਦ ਬੋਲ ਕੇ ਕਿਸੇ ਮੰਝੇ ਹੋਏ ਗੇਂਦਬਾਜ਼ ਵਾਂਗ ਜਗਤਾਰ ਸਿੰਘ ਅੱਗੇ ਗੁਗਲੀ ਸੁੱਟਦਾ ਹੋਇਆ ਕਹਿੰਦਾ ਹੈ: ‘ਕੀ ਇਸ ਅਸਤੀਫੇ ਨੇ ਪੰਥਕ ਸਿਆਸਤ ਵਿਚ ਵੱਡਾ ਸੰਕਟ ‘ਤੇ ਨਹੀਂ ਖੜਾ ਕਰ ਦਿੱਤਾ’? ਅੱਗੋਂ ਜਗਤਾਰ ਸਿੰਘ ਫੌਰਮ ਵਿਚ ਆਏ ਬੈਟਸਮੈਨ ਵਾਂਗੂੰ ਗੁਗਲੀ ‘ਤੇ ਛੱਕਾ ਮਾਰਦੇ ਹੋਏ ਕਹਿੰਦੇ ਹਨ: ‘ਇਸਨੂੰ ਸੰਕਟ ਕਹਿਣਾ ਤਾਂ ਬਹੁਤ ਛੋਟੀ ਗੱਲ ਹੈ, ਪੰਥਕ ਸੰਸਥਾਵਾਂ ਦੇ ਟਕਰਾਅ ‘ਚ ਆਉਣ ਨਾਲ਼ ਇਹ ਤਾਂ ਬਹੁਤ ਵੱਡਾ ਕਹਿਰ ਵਾਪਰ ਗਿਆ ਹੈ, ਟੈਂਕਾਂ ਜਾਂ ਤੋਪਾਂ ਦਾ ਵਾਰ ਤਾਂ ਕੌਮਾਂ ਸਹਾਰ ਲੈਂਦੀਆਂ ਹਨ। ਪਰ ਆਪਣੇ ਅੰਦਰਲੇ ਦੁਸ਼ਮਣਾਂ ਵਲੋਂ ਕੀਤੇ ਜਾਂਦੇ ਵਿਚਾਰਧਾਰਕ ਅਟੈਕਾਂ ਨਾਲ਼ ਤਾਂ ਕੌਮਾਂ ਕਦੇ ਉਠ ਹੀ ਨੀ ਸਕਦੀਆਂ’। ਇਸੇ ਤਰ੍ਹਾਂ ਉਹ 2 ਦਸੰਬਰ, 2024 ਨੂੰ ‘ਪੰਜਾਬ ਟੈਲਵਿਜਨ’ ‘ਤੇ ਆਪਣੀ ਪੇਸ਼ਕਾਰੀ ਇਸ ਸਨਸਨੀਖੇਜ਼ ਹੈਡਿੰਗ ਨਾਲ਼ ਕਰਦੇ ਹਨ: ‘ਮੁੱਕਿਆ ਦੌਰ ਦਹਾਕਿਆਂ ਤੱਕ ਫੈਲੀ ਪਰਿਵਾਰਕ ਸਿਆਸਤ ਦਾ’, ‘ਇੱਕ-ਇੱਕ ਨੁਕਤੇ ਤੋਂ ਇਤਿਹਾਸਕ ਹੈ ਫੈਸਲਾ, ਸਿੰਘ ਸਾਹਿਬ ਦਾ’। ਇਸ ਸਿਰਲੇਖ ਹੇਠ ਜਗਤਾਰ ਸਿੰਘ ਦੀ ਖੁਸ਼ੀ ਤੇ ਤਸੱਲੀ ਦਾ ਕੋਈ ਪਾਰਾਵਾਰ ਨਹੀਂ ਸੀ। ਉਹ ਕਹਿੰਦੇ ਹਨ, ਇਸ ਤਰ੍ਹਾਂ ਦੇ ਇਤਿਹਾਸਕ ਫੈਸਲੇ ਦਾ ਜਲਵਾ ਮੈਂ 1979 ਵਿਚ ਉਦੋਂ ਦੇਖਿਆ ਸੀ, ਜਦੋਂ ਅਕਾਲੀ ਲੀਡਰ ਜਗਦੇਵ ਸਿੰਘ ਤਲਵੰਡੀ ਤੇ ਸਾਥੀਆਂ ਦੀ ਪੇਸ਼ੀ ਅਕਾਲ ਤਖਤ ‘ਤੇ ਪਈ ਸੀ। ਮੈਨੂੰ ਅੱਜ ਪਤਾ ਲੱਗਾ ਕਿ ਛੇਵੇਂ ਪਾਤਸ਼ਾਹ ਵਲੋਂ ਸਥਾਪਿਤ ਤਖਤ ਦੀ ਪ੍ਰਭੂਸੱਤਾ ਦੀ ਆਨ-ਸ਼ਾਨ ਮੁੜ ਜਥੇਦਾਰਾਂ ਨੇ ਬਹਾਲ ਕਰ ਦਿੱਤੀ ਹੈ। ਜਿਹੜੀ ਪਿਛਲੇ 20-25 ਸਾਲਾਂ ਤੋਂ ਇੱਕ ਪਰਿਵਾਰ ਵਲੋਂ ਰੋਲ਼ੀ ਹੋਈ ਸੀ। ਸਾਡੇ ਇਨ੍ਹਾਂ ਵਿਦਵਾਨਾਂ ਦੀਆਂ ਯੂ-ਟਿਊਬ ਵੀਡੀਓਜ਼ ਦੇ ਸਨਸਨੀਖੇਜ਼ ਹੈਡਿੰਗ ਦੇਖੋ: ‘ਉਡਾਤਾ ਹੁਕਮ ਹਵਾ ‘ਚ ਸੁਪਰੀਮ ਸੰਸਥਾ ਦਾ’, ਲਾਹ ‘ਤੇ ਪਾਣੀ ‘ਚ ਅਣਖੀ ਆਗੂ ਨੇ’, ‘ਪਾਤੀ ਹੱਥਾਂ ਪੈਰਾਂ ਦੀ ਸ਼ਰੀਕਾਂ ਨੂੰ; ਖੇਡਤਾ ਮਾਸਟਰ ਸਟਰੋਕ’, ‘ਦਿਖਾਤੀ ਥਾਂ ਅਕਾਲੀਆਂ ਨੂੰ ਜਥੇਦਾਰਾਂ ਨੇ’, ‘ਪਾਤੀ ਗੁਗਲੀ, ਕਰਤੇ ਕਲੀਨ ਬੋਲਡ ਘਾਗ ਪਲੇਅਰ ਗੇਮ ਦੇ’ ਆਦਿ। ਇਸੇ ਤਰ੍ਹਾਂ 25 ਨਵੰਬਰ, 2024 ਦੀ; ‘ਰੌਂਅ ਸਖਤ; ਹੋਣਗੇ ਬਾਹਰ ਪ੍ਰਧਾਨ ਸਮੇਤ ਵਜ਼ੀਰ ਤੇ ਕੋਰ ਕਮੇਟੀ ਲੀਡਰ; ਕਰਨਗੇ ਇੰਕਸ਼ਾਫ ਤਿੰਨ ਸਾਬਕਾ ਜਥੇਦਾਰ’ ਸਿਰਲੇਖ ਹੇਠਲੀ ਵੀਡੀਓ ਵਿਚ ਰੰਧਾਵਾ ਸਵਾਲ ਸੁੱਟਦਾ ਹੈ। ਅੱਗੋਂ ਭੱਟੀ ਸਾਹਿਬ ਕਹਿੰਦੇ ਹਨ: ‘ਜਿਸ ਤਰ੍ਹਾਂ ਪਿਛਲੇ ਸਮੇਂ ‘ਚ ਅਕਾਲੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਪੰਥ ਦੀਆਂ ਤਿੰਨੋਂ ਪ੍ਰਮੁੱਖ ਸੰਸਥਾਵਾਂ ਦੀ ਹਰ ਢੰਗ ਨਾਲ਼ ਹੇਠੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਹੁਣ ਤਾਂ ਸਪੱਸ਼ਟ ਲੱਗਦਾ ਹੈ ਕਿ ਉਹ ਇਨ੍ਹਾਂ ਦੇ ਜਕੜਜੱਫੇ ਵਿਚੋਂ ਮੁਕਤ ਹੋ ਕੇ ਇੱਕ ਧਿਰ ਦੇ ਪਾਲ਼ੇ ‘ਚ ਖੜ ਗਏ ਹਨ। ਸੁਖਬੀਰ ਸਮੇਤ ਸਭ ਨੇਤਾਵਾਂ ਨੂੰ ਅਕਾਲ ਤਖਤ ਉਪਰ ਬੁਲਾ ਲਿਆ ਹੈ। ਇੱਥੋਂ ਨਵੀਂ ਸਿਆਸਤ ਦੀ ਸ਼ੁਰੂਆਤ ਹੋ ਸਕਦੀ ਹੈ, ਜਥੇਦਾਰਾਂ ਨੂੰ ਉਸ ਸਿਆਸਤ ਦਾ ਭੋਗ ਪਾਉਣਾ ਹੀ ਪੈਣਾ ਹੈ, ਜੋ 1996 ਤੋਂ ਆਨਵਰਡ ਚੱਲ ਰਹੀ ਸੀ।
ਇਸ ਚੱਲ ਰਹੀ ਚਰਚਾ ਵਿਚ ਇੱਕ ਹੋਰ ਅਨੁਭਵੀ ਸਿੱਖ ਚਿੰਤਕ ਪ੍ਰੋ। ਕੇਹਰ ਸਿੰਘ ਵੀ ਵੱਖ-ਵੱਖ ਚੈਨਲਾਂ ‘ਤੇ ਤਕਰੀਬਨ ਰੋਜ਼ਾਨਾ ਵਿਚਾਰ ਦਿੰਦੇ ਹਨ। ਉਨ੍ਹਾਂ ਦੀ ਸੁਰ ਜਗਤਾਰ ਸਿੰਘ, ਹਮੀਰ ਸਿੰਘ, ਜਤਿੰਦਰ ਪੰਨੂੰ ਆਦਿ ਦੀ ਹੁਕਮਰਾਨਾ ਸੁਰ ਤੋਂ ਬੇਸ਼ੱਕ ਥੋੜ੍ਹੀ ਵੱਖਰੀ ਹੈ। ਪਰ ਉਹ ਵੀ ਵਾਰ-ਵਾਰ ਇੱਕੋ ਰਾਗ ਅਲਾਪਦੇ ਰਹੇ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਬਉਚ ਹੈ, ਬਖਸ਼ਿੰਦ ਹੈ ਅਤੇ ਉਥੋਂ ਜਾਰੀ ਹੁਕਮਨਾਮਿਆਂ ਨੂੰ ਨਾ ਮੰਨ ਕੇ ਪੰਜਾਬ ਅੰਦਰ ਕਿਸੇ ਪੰਥਕ ਧਿਰ ਦਾ ਗੁਜ਼ਾਰਾ ਹੋ ਹੀ ਨਹੀਂ ਸਕਦਾ। ਉਹ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ ਕੀ ਅਕਾਲੀ ਧੜਿਆਂ ਦੀ ਅਜਿਹੀ ਜਬਰੀ ਏਕਤਾ ਕਦੇ ਸੰਭਵ ਹੋ ਸਕਦੀ ਹੈ? ਉਹ ਬੜੇ ਸੂਝਵਾਨ ਵਿਦਵਾਨ ਹਨ, ਪਰ ਪਤਾ ਨਹੀਂ ਕਿਸ ਆਧਾਰ `ਤੇ ਹੁਕਮਨਾਮਿਆਂ ਦੇ ਇੰਨ-ਬਿੰਨ ਲਾਗੂ ਹੋਣ ਦੀ ਮੁਹਾਰਨੀ ਪੜ੍ਹੀ ਜਾਂਦੇ ਹਨ? ਬੜੀ ਹੈਰਾਨੀ ਹੁੰਦੀ ਹੈ ਕਿ ਦਾਨਸ਼ਵਰ ਸਿੱਖ ਚਿੰਤਕ ਅੰਦਰ ਏਨੀ ਗੱਲ ਕਹਿਣ ਦੀ ਵੀ ਇਖਲਾਕੀ ਜ਼ੁਰਅਤ ਨਹੀਂ ਹੈ ਕਿ ਜਥੇਦਾਰਾਂ ਵਲੋਂ ਅਕਾਲੀ ਆਗੂਆਂ ਨੂੰ ਸਖਤ ਧਾਰਮਿਕ ਸਜ਼ਾਵਾਂ ਲਗਾਉਣੀਆਂ ਤਾਂ ਠੀਕ ਹੋ ਸਕਦੀਆਂ ਸਨ, ਪਰ ਇੱਕ ਦੂਜੇ ਦੇ ਜਾਨੀ-ਦੁਸ਼ਮਣ ਬਣੇ ਹੋਏ ਆਗੂਆਂ ਨੂੰ ਇਸ ਤਰੀਕੇ ਧੱਕੇ ਨਾਲ਼ ਇਕੱਠੇ ਹੋਣ ਲਈ ਮਜਬੂਰ ਕਰਨਾ, ਸੰਭਵ ਨਹੀਂ ਸੀ। ਪ੍ਰੋ। ਕੇਹਰ ਸਿੰਘ ਨੂੰ ਤਾਂ ਸਗੋਂ ਜਥੇਦਾਰਾਂ ਨੂੰ ਇਸ ਰਾਜਸੀ ਸੰਕਟ ਮੌਕੇ ਉਚੀ ਸੁਰ ਵਿਚ ਕਹਿਣਾ ਚਾਹੀਦਾ ਸੀ ਕਿ ਸੋਸ਼ਲ ਮੀਡੀਆ ਅੰਦਰ ਪੱਤਰਕਾਰਾਂ ਦੇ ਪ੍ਰਭਾਵ ਹੇਠ ਆ ਕੇ ਫੈਸਲੇ ਨਾ ਕਰਨ। ਗਿਆਨੀ ਹਰਪ੍ਰੀਤ ਸਿੰਘ ਦੀ ਬਗਾਵਤ ਗਲਤ ਪਿਰਤ ਪਾਵੇਗੀ, ਜੋ ਕਿਸੇ ਵੀ ਸੂਰਤ ਵਿਚ ਨਹੀਂ ਪਾਉਣੀ ਚਾਹੀਦੀ। ਪ੍ਰੋ। ਕੇਹਰ ਸਿੰਘ ਧਰਮ, ਰਾਜਨੀਤੀ ਤੇ ਇਤਿਹਾਸ ਦੇ ਵਿਦਿਆਰਥੀ ਹਨ। ਸ਼ਾਇਦ ਉਨ੍ਹਾਂ ਨੂੰ ਪਤਾ ਹੋਵੇ ਕਿ ਇੰਗਲੈਂਡ ਦੇ ਬਾਦਸ਼ਾਹ ਹੈਨਰੀ ਦੂਜੇ ਵਲੋਂ ਨਿਯੁਕਤ ਕੀਤੇ ਆਪਣੇ ਵਿਸ਼ਵਾਸ ਪਾਤਰ, ‘ਆਰਕ ਵਿਸ਼ਵ ਆਫ ਕੈਂਟਰਬਰੀ’, ਥਾਮਸ ਬੈਕਟ ਵਿਚਾਲ਼ੇ ਅਜਿਹੇ ਹੀ ਕਿਸੇ ਨੁਕਤੇ `ਤੇ ਇੱਕ ਦੂਜੇ ਦੇ ਅਧਿਕਾਰਾਂ ਦੇ ਸਵਾਲ `ਤੇ 1163 ਤੋਂ 1170 ਤੱਕ ਜਦੋਂ ਰੌਲ਼ਾ ਪਿਆ ਰਿਹਾ ਸੀ ਤਾਂ ਅਖੀਰੀ ਸਿੱਟੇ ਕਿਤਨੇ ਭਿਆਨਕ ਨਿਕਲੇ ਸਨ। ਬੇਸ਼ੱਕ ਪ੍ਰੋ। ਸਾਹਿਬ ਨੂੰ ਇਹ ਤਾਂ ਪਤਾ ਹੈ ਕਿ ਜਥੇਦਾਰਾਂ ਨੂੰ ਲਗਾਉਣ ਹਟਾਉਣ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ਼ ਹੀ ਹੈ, ਫਿਰ ਵੀ ਉਹ ਲੋਕਾਂ ਨੂੰ ਭੁਲੇਖੇ ਜਿਹੇ ਵਿਚ ਪਾਈ ਰੱਖਣ ਲਈ ਕਹਿ ਰਹੇ ਹਨ ਕਿ ਜਥੇਦਾਰ ਦੀ ਪੜਤਾਲ ਦਾ ਹੱਕ ਜਥੇਦਾਰ ਅਕਾਲ ਤਖਤ ਨੂੰ ਦੇ ਦਿੱਤਾ ਜਾਣਾ ਚਾਹੀਦਾ ਹੈ। ਗੁਰਦੁਆਰਾ ਐਕਟ ਵਿਚ ਤਾਂ ਜਥੇਦਾਰਾਂ ਕੋਲ਼ ਅਜਿਹਾ ਕੋਈ ਅਧਿਕਾਰ ਨਹੀਂ ਹੈ। ਲਗਦਾ ਹੈ ਕਿ ਪ੍ਰੋ। ਸਾਹਿਬ ਨੂੰ ਇਹ ਵੀ ਝੋਰਾ ਹੈ ਕਿ ਉਹ ਅਕਾਲੀ ਆਗੂਆਂ ਨੂੰ ਸਿਆਣੇ ਸਮਝਦੇ ਸਨ, ਪਰ ਉਹ ਉਤਨੇ ਸਿਆਣੇ ਨਿਕਲ਼ੇ ਨਹੀਂ। ਅਖੀਰ `ਚ ਉਹ ਵੀ ਇਸ ਗੱਲ ‘ਤੇ ਪਹੁੰਚ ਜਾਂਦੇ ਹਨ ਕਿ ਅਕਾਲੀਆਂ ਨੇ ਇਕੱਠੇ ਤਾਂ ਹੋਣਾ ਨਹੀਂ, ਹੁਣ ਸੰਗਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਹੀ ਫੈਸਲਾ ਕਰਨਗੀਆਂ। ਕੀ ਇਹੋ ਗੱਲ ਹਜ਼ਾਰਾ ਸਿੰਘ ਮਿਸੀਸਾਗਾ ਨੇ ‘ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਉਹਲੇ ਚੱਲ ਰਿਹਾ ਰਾਜਸੀ ਖੇਲ’ ਸਿਰਲੇਖ ਹੇਠਲੇ ਅਕਾਲ ਤਖਤ ਦੀ ਫਸੀਲ ਤੋਂ 2 ਦਸੰਬਰ ਨੂੰ ਜਾਰੀ ਹੋਏ ਹੁਕਮ ਤੋਂ ਤੁਰੰਤ ਬਾਅਦ ਲਿਖੇ ਲੇਖ ਵਿਚ ਪਹਿਲਾਂ ਹੀ ਬੜੀ ਸਪੱਸ਼ਟਤਾ ਨਾਲ਼ ਨਹੀਂ ਕਹੀ ਹੋਈ?
ਗਿਆਨੀ ਹਰਪ੍ਰੀਤ ਸਿੰਘ ਦੇ ਮੁੱਦੇ ‘ਤੇ ਵੀ ਪ੍ਰੋ। ਕੇਹਰ ਸਿੰਘ ਇੱਕ ਵਾਰ ਫਿਰ ਉਸੇ ਤਰ੍ਹਾਂ ਦੀ ਲਿੱਪਾ-ਪੋਚੀ ਕਰੀ ਜਾਂਦੇ ਹਨ। ਉਨ੍ਹਾਂ ਨੂੰ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਭ ਤੋਂ ਵੱਧ ਸਤਿਕਾਰਤ ਸੰਸਥਾ ਹੈ; ਜਿਹੋ-ਜਿਹੀ ਵੀ ਸ਼੍ਰੋਮਣੀ ਕਮੇਟੀ ਹੈ, ਉਹ ਹੀ ਸਰਬਉਚ ਹੋ ਸਕਦੀ ਹੈ ਕਿਉਂਕਿ ਉਹ ਸਿੱਖ ਸੰਗਤਾਂ ਵਲੋਂ ਚੁਣੀ ਹੋਈ ਸਿੱਖਾਂ ਦੀ ਪਾਰਲੀਮੈਂਟ ਹੈ। ਸ਼ਾਇਦ ਉਨ੍ਹਾਂ ਵਿਚ ਇਹ ਕਹਿਣ ਦਾ ਜ਼ੇਰਾ ਨਹੀਂ ਹੈ ਕਿ ਹਰਪ੍ਰੀਤ ਸਿੰਘ ਨੂੰ ਵੀ ਇਸੇ ਕਮੇਟੀ ਨੇ ਨਿਯੁਕਤ ਕੀਤਾ ਸੀ ਅਤੇ ਹੁਣ ਉਨ੍ਹਾਂ ਨੇ ਹੀ ਬਹੁ-ਗਿਣਤੀ ਮੈਂਬਰਾਂ ਦੀ ਰਾਏ ਨਾਲ਼ ਸੇਵਾ ਮੁਕਤ ਕਰਨ ਦਾ ਫੈਸਲਾ ਲੈ ਲਿਆ ਹੈ। ਇਸ ਫੈਸਲੇ ਨਾਲ਼ ਕਿਸੇ ਦੇ ਵੀ ਮੱਤਭੇਦ ਹੋ ਸਕਦੇ ਹਨ, ਪਰ ਕੁਝ ਪੱਤਰਕਾਰਾਂ ਵਲੋਂ ਫੈਲਾਈ ਜਾ ਰਹੀ ‘ਬੋ-ਪਾਹਰਿਆ’ ਦਾ ਲਾਹਾ ਲੈ ਕੇ ਜਥੇਦਾਰ ਨੂੰ ਕਿਸੇ ਕਿਸਮ ਦੀ ਰਾਜਨੀਤਕ ‘ਗੱਤਕੇਬਾਜ਼ੀ’ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਜਿਸ ਤਰ੍ਹਾਂ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ 11 ਫਰਵਰੀ ਨੂੰ ਸੁਖਬੀਰ ਸਿੰਘ ਬਾਦਲ ਨੂੰ ਉਸ ਦੀ ਖਬਰ ਲੈਣ ਲਈ ਜਲਦੀ ਹੀ ਕਿਸੇ ਭਾਈ ਬਚਿੱਤਰ ਸਿੰਘ ਵਰਗੇ ਯੋਧੇ ਦੇ ਬਹੁੜ ਪੈਣ ਵਰਗੀ ਬਿਆਨਬਾਜ਼ੀ ਨਾਲ ਸ਼ੁਰੂ ਕਰ ਵੀ ਦਿੱਤੀ ਹੋਈ ਹੈ। ਉਘੇ, ਦਬੰਗ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਤੋਂ ਵੀ ਜਥੇਦਾਰ ਦੇ ਅਜਿਹੇ ਲਹਿਜ਼ੇ `ਤੇ ਇਤਰਾਜ਼ ਜਤਾਉਣੋਂ ਰਿਹਾ ਨਹੀਂ ਗਿਆ।
ਅਜਿਹੀ ਰਾਜਨੀਤਕ ਖੇਡ ਖੇਡ ਕੇ ਸਿੱਖਾਂ ਦੀ ਇੱਕੋ-ਇੱਕ ਚੁਣੀ ਹੋਈ ਸੰਸਥਾ ਦੇ ਵਕਾਰ ਨੂੰ ਦਾਅ ‘ਤੇ ਨਹੀਂ ਲਗਾਉਣਾ ਚਾਹੀਦਾ। ਆਪਣੇ ਪ੍ਰਵਚਨਾਂ ਦੇ ਤਰਕ ਦੇ ਲੋਰ ਵਿਚ ਸ਼ਾਇਦ ਉਹ ਭੁੱਲ ਜਾਂਦੇ ਹਨ ਕਿ ਪੰਜਾਬ ਦੀਆਂ 5-5 ਸਾਲ ਚੱਲਣ ਵਾਲ਼ੀਆਂ ਤਿੰਨ ਮਾੜੀਆਂ-ਚੰਗੀਆਂ ਅਕਾਲੀ ਸਰਕਾਰਾਂ ਸ। ਪ੍ਰਕਾਸ਼ ਸਿੰਘ ਬਾਦਲ ਵਲੋਂ 1994 ਵਿਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਹੁਕਮਨਾਮੇ ਰਾਹੀਂ ਕਰਾਈ ਗਈ ਜਬਰੀ ਏਕਤਾ ਨੂੰ ਨਜ਼ਰਅੰਦਾਜ਼ ਕਰਕੇ ਹੀ ਸੰਭਵ ਹੋਈਆਂ ਸਨ। ਪ੍ਰੋ। ਕੇਹਰ ਸਿੰਘ ਉਸ ਵਕਤ ਜਥੇਦਾਰ ਪ੍ਰੋ। ਮਨਜੀਤ ਸਿੰਘ ਦੇ ਪ੍ਰਮੁੱਖ ਸਲਾਹਕਾਰ ਸਨ। ਕੀ ਉਨ੍ਹਾਂ ਨੂੰ ਯਾਦ ਨਹੀਂ ਕਿ ਉਹ ਏਕਤਾ ਕਿਤਨੇ ਕੁ ਦਿਨ ਚੱਲੀ ਸੀ।
ਪੱਤਰਕਾਰ ਹਮੀਰ ਸਿੰਘ ਵਲੋਂ ਚਲਾਏ ਜਾ ਰਹੇ ਯੂ ਟਿਊਬ ਚੈਨਲ ‘ਪੁਲਾਂਘ-ਇੱਕ ਉਮੀਦ’ ਵਿਚ ਪਾਈਆਂ ਜਾ ਰਹੀਆਂ ਵੀਡੀਓਜ਼ ਵੀ ਇਸ ਚਰਚਾ ਨੂੰ ਸਮਝਣ ਲਈ ਸੁਣਨਯੋਗ ਹਨ। ਉਸਦੀ ਪ੍ਰਵਚਨੀ ਵੰਨਗੀ ਦਾ ਨਮੂਨਾ ਵੀ ਦੇਖੋ: ‘ਭੰਨਿਆ ਬੁੱਕਲ਼ ‘ਚ ਗੁੜ; ਚੱਕ ‘ਤੇ ਪਰਦੇ ਗਿਆਨੀ ਹਰਪ੍ਰੀਤ ਸਿੰਘ ਨੇ’ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ, ਪ੍ਰੋ। ਮਨਜੀਤ ਸਿੰਘ ਨੂੰ ਨਾਲ਼ ਬਿਠਾ ਕੇ ਵੀਡੀਓ ਹੈ: ‘ਲਾਗੂ ਹੋਏਗਾ, ਹੁਕਮ ਸੁਪਰੀਮ ਸੰਸਥਾ ਦਾ, ਹੱਥ ਲਿਆ ਕੰਟਰੋਲ ਜਥੇਦਾਰਾਂ ਨੇ’। ਇਸ ਵੀਡੀਓ ਵਿਚ ਉਹ ਬੜੇ ਭੋਲ਼ੇ ਜਿਹੇ ਅੰਦਾਜ਼ ਵਿਚ ਕਹਿੰਦੇ ਹਨ: ‘2 ਦਸੰਬਰ ਵਾਲ਼ੇ ਅਹਿਮ ਫੈਸਲੇ ਵਿਚ ਜਥੇਦਾਰਾਂ ਨੇ ਅਕਾਲੀ ਫੂਲਾ ਸਿੰਘ ਵਾਂਗ ਫੈਸਲਾ ਲਿਆ, ਪਰ ਸਥਿਤੀ ਅਜੇ ਵੀ ਡਾਵਾਂਡੋਲ ਹੈ; ਸਹਿਮਤੀ ਦਾ ਮਾਹੌਲ ਬਣ ਨਹੀਂ ਰਿਹਾ’। ਅੱਗੋਂ ਪ੍ਰੋ। ਮਨਜੀਤ ਸਿੰਘ, ਸੰਤ ਸਿੰਘ ਮਸਕੀਨ ਵਾਲ਼ੇ ਮਾਖਿਓਂ ਮਿੱਠੇ ਅੰਦਾਜ਼ ਵਿਚ, ਆਪਣੀ ਸੁੱਚੀ ਭਾਵਨਾ ਵਾਲ਼ਾ ਪ੍ਰਵਚਨ ਸ਼ੁਰੂ ਕਰ ਦਿੰਦੇ ਹਨ: ‘ਹਮੀਰ ਸਿੰਘ ਜੀ, ਲੀਡਰਾਂ ਦੀ ਭਾਵਨਾ ਸੁੱਚੀ ਨਹੀਂ, ਪਰ ਇਸ ਵਾਰ ਜਥੇਦਾਰ ਚੇਤੰਨ ਹਨ। ਹੁਣ ਉਨ੍ਹਾਂ ਨੇ ਇਨ੍ਹਾਂ ਨੂੰ ਭੱਜਣ ਨਹੀਂ ਦੇਣਾ’।
ਪਿਛਲ਼ੇ ਸਾਲ ਜੁਲਾਈ ਮਹੀਨੇ ਦੌਰਾਨ ਜਦੋਂ ਅਕਾਲੀਆਂ ਦਾ ਬਾਗੀ ਧੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਆਗੂ ਸੁਖਬੀਰ ਬਾਦਲ ਕੋਲ਼ੋਂ ਆਪ ਹੋਈਆਂ ਅਤੇ ਉਨ੍ਹਾਂ ਤੋਂ ਕਰਾਈਆਂ ਗਈਆਂ ਬੱਜਰ ਭੁੱਲਾਂ ਲਈ ਸਜ਼ਾ ਦੀ ਜਾਚਨਾ ਸਬੰਧੀ ਮੰਗ ਪੱਤਰ ਦੇ ਕੇ ਆਇਆ ਸੀ ਤਾਂ ਬਾਦਲਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਕਾਇਮ ਰੱਖਣ ਲਈ ਦਰਜਨ ਕੁ ਸਾਬਕਾ ਪਿਛੋਕੜ ਵਾਲ਼ੇ ਪੱਤਰਕਾਰ ਮੈਦਾਨ ਵਿਚ ਆਏ, ਉਨ੍ਹਾਂ ਵਿਚੋਂ ਨਵੇਂ ਬਣੇ ਸਿੱਖ ਚਿੰਤਕਾਂ ਹਮੀਰ ਸਿੰਘ ਅਤੇ ਪ੍ਰੋ। ਹਰਵਿੰਦਰ ਸਿੰਘ ਭੱਟੀ ਦੇ ਜੋਸ਼ ਨੂੰ ਦੇਖਦਿਆਂ ਤਾਂ ਨਵੇਂ ਬਣੇ ਮੁਸਲਮਾਨਾਂ ਦੀ ਸ਼੍ਰੇਣੀ ਵਿਚ ਹੀ ਰੱਖਿਆ ਜਾ ਸਕਦਾ ਹੈ। ਉਂਜ ਪ੍ਰੋ। ਭੱਟੀ ਨੂੰ ਅਚਾਰੀਆ ਰਜਨੀਸ਼ ਵਾਂਗ ਸਰੋਤਿਆਂ ਨੂੰ ਆਪਣੇ ਲਤੀਫਿਆਂ ਰਾਹੀਂ ਮੰਤਰ-ਮੁਗਧ ਕਰਨ ਵਾਲ਼ੀ ਪ੍ਰਵਚਨ ਸ਼ੈਲੀ ਨਾਲ਼, ਇਸ ਸਾਰੇ ਨੀਰਸ ਨਾਟਕ ਨੂੰ ਸ਼ਿੰਗਾਰਨ ਦਾ ਸਿਹਰਾ ਜ਼ਰੂਰ ਜਾਂਦਾ ਹੈ। ਪ੍ਰੋ। ਭੱਟੀ ਦੀਆਂ ਇਸੇ ਅਰਸੇ ਦੌਰਾਨ ‘ਆਰਬਾਈਡ ਵਰਲਡ ਚੈਨਲ’ ‘ਤੇ ‘ਕੁਦਰਤ ਦੇ ਨਾਲ਼ ਮਨਾਂ ਨੂੰ ਵੀ ਗੰਦਗੀ ਤੋਂ ਬਚਾਉਣ ਦੀ ਲੋੜ’, ‘ਮਨੁੱਖ ਦੇ ਸਰਵਨਾਸ਼ ਦਾ ਇੱਕ ਵੱਡਾ ਕਾਰਨ ਕ੍ਰੋਧ’, ‘ਗੁਰਬਾਣੀ ‘ਚ ਮਨੂਵਾਦ, ਜਾਤ-ਪਾਤ ਤੇ ਨਿਵਾਰਨ’ ਵਰਗੀਆਂ ਕਈ ਸੰਜੀਦਾ ਵੀਡੀਓ ਪਈਆਂ ਹਨ। ਉਥੇ ਪ੍ਰਵਚਨ ਕਰਦਿਆਂ, ਉਹ ਉਚੇ ਮੁਕਾਮ ‘ਤੇ ਪਹੁੰਚੇ ਗੁਣੀ ਅਧਿਆਪਕ ਨਜ਼ਰ ਆਉਂਦੇ ਹਨ, ਪਰ ਹੈਰਾਨੀ ਹੁੰਦੀ ਹੈ ਕਿ ‘ਪੰਜਾਬ ਟੈਲੀਵਿਜਨ ਚੈਨਲ’ ਉਪਰ ਹਰਜਿੰਦਰ ਰੰਧਾਵਾ ਅਤੇ ਜਗਤਾਰ ਸਿੰਘ ਵਿਚਾਲ਼ੇ ਬਹਿੰਦਿਆਂ ਸਾਰ ਹੀ ਉਨ੍ਹਾਂ ਵਿਚ ਕਿੱਥੋਂ ਲੋਹੜੇ ਦਾ ਜੋਸ਼ ਆ ਜਾਂਦਾ ਹੈ ਕਿ ਉਨ੍ਹਾਂ ਤੋਂ ਵੀ ਵੱਧ ਉਚੀ ਸੁਰ ‘ਚ ਉਨ੍ਹਾਂ ਵਾਲ਼ੀ ਮੁਹਾਵਰੀ ਪੜ੍ਹਨ ਲੱਗ ਜਾਂਦੇ ਹਨ। ਸਾਡੇ ਇੱਕ ਦੋਸਤ ਨੇ ਇਨ੍ਹਾਂ ਵਿਦਵਾਨਾਂ ਦੇ ਪਿਛਲੇ 5-6 ਮਹੀਨਆਂ ਤੋਂ ਅਕਾਲੀਆਂ ਤੇ ਅਕਾਲ ਤਖਤ ਦੇ ਮਸਲੇ ‘ਤੇ ਦਿਖਾਏ ਜਾ ਰਹੇ ਜਾਹੋ-ਜਲਾਲ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ: ‘ਇਹ ਖੜਗਧਾਰੀ ਟੋਲਾ, ਰੋਜ਼ ਸਵੇਰੇ-ਸਵੇਰੇ ਆਪਣੀਆਂ ਘਰ ਵਾਲ਼ੀਆਂ ਕੋਲ਼ੋਂ ਦਹੀਂ ਨਾਲ਼ ਮੇਥੀ ਵਾਲ਼ੀਆਂ ਪਰਂੌਠੀਆਂ ਖਾ ਕੇ ਵੱਖ-ਵੱਖ ਚੈਨਲਾਂ `ਤੇ ਆ ਬਹਿੰਦਾ ਹੈ। ਮਹੀਨਿਆਂਬੱਧੀ ਇੱਕੋ ਸਾਹੇ ਘਰਾਟ ਰਾਗ ਅਲਾਪਦਿਆਂ, ਇਨ੍ਹਾਂ ਨੂੰ ਆਪਣੇ-ਆਪ ‘ਤੇ ਜ਼ਰਾ ਜਿੰਨਾ ਹਾਸਾ ਨਹੀਂ ਆਉਂਦਾ। ਪਤਾ ਨਹੀਂ ਇਨ੍ਹਾਂ ਨੂੰ ਇਸ ਵਿਚੋਂ ਲੱਭਦਾ ਕੀ ਹੈ? ਕਾਲੀ ਮਾਂ ਦੇ ਚਰਨਾਂ ‘ਚ ਲੇਟੇ ਪਏ ਸ਼ਿਵ ਜੀ ਵਾਂਗੂੰ ਸਿੱਖ ਵੋਟਰਾਂ ਦੀ ਕਚਹਿਰੀ ਅੰਦਰ ਚੌਫਾਲ਼ ਢੱਠੇ ਪਏ ਸੁਖਬੀਰ ਬਾਦਲ ਨੂੰ ਦੂ-ਹੋ-ਦੂ ਮਿੱਧਦੇ ਇਹ ਕਿੰਨੇ ਕਹਿਰੀ ਲਗਦੇ ਹਨ’! ਸਾਡੇ ਇਸ ਮਿੱਤਰ ਦਾ ਇਹ ਵੀ ਕਹਿਣਾ ਸੀ ਕਿ ਇਨ੍ਹਾਂ ਹੀ ਦਿਨਾਂ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਕਾਸ ਨਾਲ਼ ਪੂਰੀ ਇਨਸਾਨੀਅਤ ਲਈ ਸੰਭਾਵਿਤ ਖਤਰਿਆਂ ਤੋਂ ਜਾਣੂ ਕਰਾਉਂਦੀ ਪ੍ਰੋ। ਜਵਾਲ ਹਰਾਰੀ ਦੀ ਕਿਤਾਬ ‘ਨੈਕਸੱਸ’ ਆਈ ਹੈ। ਜੋ ਸਾਰੀ ਦੁਨੀਆ ਵਿਚ ਚਿੰਤਾ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਮਰੀਕਾ ਦੀ ਸ਼ਹਿ `ਤੇ ਇਜ਼ਰਾਈਲ ਦੇ ਜੰਗਬਾਜ਼ਾਂ ਨੇ ਗਾਜ਼ਾ ਦੇ ਨਿਹੱਥੇ ਮਾਸੂਮ ਲੋਕਾਂ ਦੀ ਬੇਸ਼ਰਮੀ ਤੇ ਬੇਦਰਦੀ ਨਾਲ਼ ਇਨ੍ਹਾਂ ਦਿਨਾਂ ‘ਚ ਤਬਾਹੀ ਕੀਤੀ ਜਾਂਦੀ ਰਹੀ ਹੈ। ਕੀ ਸਾਡੇ ਇਹ ਮਹਾਨ ਚਿੰਤਕ ਕਦੇ ਮਨੁੱਖਤਾ ਨੂੰ ਦਰਪੇਸ਼ ਅਜਿਹੇ ਖਤਰਿਆਂ ਲਈ ਵੀ ਕੋਈ ਸਮਾਂ ਕੱਢਣਗੇ?
ਪਰ ਕਾਮਰੇਡ ਜਤਿੰਦਰ ਪੰਨੂੰ ਦਾ ਤਾਂ ਰੱਬ ਹੀ ਰਾਖਾ ਹੈ। ਉਸ ਵਲੋਂ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ‘ਲੰਗਰ ਵਾਲ਼ੇ ਵਿਵਾਦਤ ਹੁਕਮਨਾਮੇ’ ਬਾਰੇ ਲੇਖਾਂ `ਤੇ ਆਧਾਰਤ ਸੰਪਾਦਿਤ ਪੁਸਤਕ ‘ਸੰਗਤ ਇੱਕੀ ਵਿਸਵੇ’, ਪਾਠਕਾਂ ਨੂੰ ਪੜ੍ਹ ਲੈਣੀ ਚਾਹੀਦੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਪੰਨੂੰ ਸਾਹਿਬ ਅਕਾਲ ਤਖਤ ਅਤੇ ਜਥੇਦਾਰਾਂ ਦੀ ਪਿਛਲੀ ਕਾਰਗੁਜ਼ਾਰੀ ਦਾ ਕਿਤਨਾ ਕੁ ਕਦਰਦਾਨ ਰਿਹਾ ਹੈ, ਜਦੋਂ ਉਹ ਹੁਕਮਨਾਮਿਆਂ ਨੂੰ ‘ਕੂੜਨਾਮੇ’ ਕਹਿੰਦਾ ਸੀ। ਇਸ ਪੁਸਤਕ ਦੀਆਂ ਕੁਝ ਲਾਈਨਾਂ ਹਨ: ‘ਮੁਕਤਸਰ ਤੋਂ ਇੱਕ ਸੱਜਣ ਨੇ ਮੇਰੇ ਲੇਖਾਂ ‘ਤੇ ਇਤਰਾਜ਼ ਕਰਦਿਆਂ ਲਿਖਿਆ ਹੈ; ‘ਤਖਤਾਂ ਦੇ ਜਥੇਦਾਰਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਕਿਸੇ ਵੀ ਗੱਲ ਨੂੰ ਨੁਕਤਾਚੀਨੀ ਦਾ ਅਧਾਰ ਨਹੀਂ ਬਣਾਉਣਾ ਚਾਹੀਦਾ’। ਪਰ ਮੈਂ ਦੋਨਾਂ ਧਾਰਨਾਵਾਂ ਨਾਲ਼ ਸਹਿਮਤ ਨਹੀਂ। ਲੰਗਰ ਦੇ ਹੁਕਮਨਾਮੇ ਵਾਲ਼ੀ ਸਮੱਸਿਆ ਇੱਕ ਅਜਿਹੇ ਜਨੂੰਨੀ ਵਿਅਕਤੀ ਵਲੋਂ ਖੜੀ ਕੀਤੀ ਗਈ ਹੈ, ਜੋ ਖਾਲਿਸਤਾਨੀ ਤੱਤਾਂ ਦੇ ਹੱਥਾਂ ‘ਚ ਖੇਡ ਰਿਹਾ ਹੈ। ਜਿੱਥੇ ਤੱਕ ਤਖਤਾਂ ‘ਤੇ ਸੁਸ਼ੋਭਿਤ ਜਥੇਦਾਰਾਂ ਦੇ ਸਤਕਿਾਰ ਦੀ ਗੱਲ ਹੈ, ਇਹ ਉਨ੍ਹਾਂ ਪਦਵੀਆਂ ‘ਤੇ ਬੈਠੇ ਵਿਅਕਤੀਆਂ ਦੇ ਆਚਾਰ-ਵਿਹਾਰ ਅਤੇ ਔਕਾਤ ‘ਤੇ ਨਿਰਭਰ ਕਰਦਾ ਹੈ। ਤਖਤ ‘ਤੇ ਬੈਠ ਜਾਣ ਨਾਲ਼ ਕੋਈ ਸਿਰਮੌਰ ਨਹੀਂ ਹੋ ਜਾਂਦਾ। (ਪੰਨਾ-79)
ਇਸੇ ਕਿਤਾਬ ਵਿਚ ਪੰਨੂੰ ਸਾਹਿਬ ਅੱਗੇ ਲਿਖਦੇ ਹਨ: ‘ਅਕਾਲ ਤਖਤ ਦੇ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਗੁਰਦੁਆਰਾ ਐਕਟ 1925 ਅਨੁਸਾਰ ਚੁਣਦੀ ਹੈ, ਜਥੇਦਾਰ ਸ਼੍ਰੋਮਣੀ ਕਮੇਟੀ ਦਾ ਇੱਕ ਮੁਲਾਜ਼ਮ ਹੈ। ਜੋ ਸ਼੍ਰੋਮਣੀ ਕਮੇਟੀ ਤੋਂ ਤਨਖਾਹ ਲੈਂਦਾ ਹੈ, ਉਹ ਤਾਂ ਆਪ ਤਨਖਾਹੀਆ ਹੈ। ਇਸ ਐਕਟ ਅਨੁਸਾਰ ਜਥੇਦਾਰ ਕੋਲ਼ ਕਿਸੇ ਵਿਅਕਤੀ ਨੂੰ ਸੰਮਣ ਕਰਨ, ਤਨਖਾਹੀਆ ਕਰਾਰ ਦੇਣ ਅਤੇ ਪੰਥ ਵਿਚੋਂ ਛੇਕਣ ਦਾ ਕੋਈ ਅਧਿਕਾਰ ਨਹੀਂ। ਕਿਸੇ ਵਿਅਕਤੀ ਨੂੰ ਆਪੇ ਗੁਨਾਹਗਾਰ ਠਹਿਰਾ ਕੇ ‘ਤਨਖਾਹੀਆ’ ਕਰਾਰ ਦੇਣਾ, ਭਾਰਤ ਦੇ ਕਾਲ਼ੇ ਕਨੂੰਨ ‘ਟਾਡਾ’ ਤੋਂ ਘੱਟ ਨਹੀਂ, ਜਿਸ ਅਨੁਸਾਰ ਸਰਕਾਰ ਕਿਸੇ ਨੂੰ ਵੀ ਦੋਸ਼ੀ ਐਲਾਨ ਕੇ ਸਾਲਾਂਬੱਧੀ ਜੇਲ੍ਹ ਵਿਚ ਸੁੱਟ ਸਕਦੀ ਹੈ। ਜਦਕਿ ਦੁਨੀਆ ਭਰ ਦੇ ਕਾਨੂੰਨਾਂ ਅਨੁਸਾਰ ਕੋਈ ਵੀ ਵਿਅਕਤੀ ਉਦੋਂ ਤੱਕ ਦੋਸ਼ੀ ਨਹੀਂ ਹੁੰਦਾ, ਜਦੋਂ ਤੱਕ ਸਬੂਤਾਂ ਸਮੇਤ ਉਸਦੇ ਸਾਰੇ ਦੋਸ਼ ਕੋਰਟ ‘ਚ ਸਾਬਿਤ ਨਾ ਹੋ ਜਾਣ’। ਤਖਤਾਂ ਦੇ ਜਥੇਦਾਰਾਂ ਨੂੰ ਇਖਲਾਕੀ ਹੱਲਾਸ਼ੇਰੀ ਦੇਣ ਲਈ ਚੱਲੀ ਇਸ ਮੀਡੀਆ ਮੁਹਿੰਮ ਦੌਰਾਨ ਕਾਮਰੇਡ ਪੰਨੂੰ; ਜਗਤਾਰ ਸਿੰਘ, ਹਰਜਿੰਦਰ ਸਿੰਘ ਰੰਧਾਵਾ ਟੀਮ ਨੂੰ ਵੀ ਪਿੱਛੇ ਛੱਡਦੇ ਨਜ਼ਰ ਆਉਂਦੇ ਹਨ।
ਕੀ ਕੋਈ ਸੂਝਵਾਨ ਵਿਦਵਾਨ ਦੱਸ ਸਕਦਾ ਹੈ ਕਿ ਮਨੁੱਖੀ ਇਤਿਹਾਸ ਵਿਚ ਵਿਟਰ ਗਏ ਦੋ ਰਾਜਸੀ ਧੜੇ ਤਾਂ ਛੱਡੋ, ਪਤੀ-ਪਤਨੀ ਵਿਚ ਵੀ ਇਸ ਤਰ੍ਹਾਂ ਦੀ ਜੋਰੋ-ਜਬਰੀ ਸੁਲਾਹ-ਸਫਾਈ ਹੁੰਦੀ ਕਦੇ ਕਿਸੇ ਨੇ ਦੇਖੀ ਹੈ? ਜਿਸ ਤਰ੍ਹਾਂ ਦੀ ਏਕਤਾ ਸਾਡੇ ਇਹ ਬੁੱਧੀਜੀਵੀਨੁਮਾ ਪੱਤਰਕਾਰ ਅਕਾਲ ਤਖਤ ਦੇ ਡੰਡੇ ਨਾਲ਼ ਕਰਵਾਉਣੀ ਚਾਹੁੰਦੇ ਹਨ? ਅਜਿਹੀ ਏਕਤਾ ਕਿਤਨੀ ਕੁ ਹੰਢਣਸਾਰ ਹੋਵੇਗੀ? ਕੀ ਇਨ੍ਹਾਂ ਮਹਾਂਪੁਰਸ਼ਾਂ ਨੇ ਪਿਛਲੇ 30-40 ਸਾਲਾਂ ਵਿਚ ਜਥੇਦਾਰਾਂ ਵਲੋਂ ਕਰਵਾਈਆਂ ਏਕਤਾਵਾਂ ਦਾ ਹਸ਼ਰ ਨਹੀਂ ਪੜ੍ਹਿਆ? ਲ਼ਗਦਾ ਹੈ ਕਿ ਜਿਤਨੀ ਇਨ੍ਹਾਂ ਮੀਡੀਆ ਮਹਾਰਥੀਆਂ ਨੇ ਮਿਹਨਤ ਅਤੇ ਸਿਰ-ਖਪਾਈ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ-ਮਰਿਯਾਦਾ ਦੀ ਰਾਖੀ ਕਰਨ ਲਈ ਕੀਤੀ ਹੈ, ਉਸਦਾ ਦਸਵਾਂ ਹਿੱਸਾ ਵੀ ਜੇ ਪੰਜਾਬ ਦੇ ਲੋਕਾਂ ਦੇ ਆਰਥਿਕ, ਰਾਜਨੀਤਕ ਅਤੇ ਹੋਰ ਮੁੱਦਿਆਂ ‘ਤੇ ਖਰਚ ਕਰ ਲੈਂਦੇ ਤਾਂ ਸ਼ਾਇਦ ਉਨ੍ਹਾਂ ਦੀ ਘਾਲਣਾ ਕਿਤੇ ਸਕਾਰਥ ਹੋ ਜਾਂਦੀ। ਇਨ੍ਹਾਂ ਸਾਰੇ ਵਿਦਵਾਨਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸ਼ਰਧਾ, ਸਤਿਕਾਰ ਜਾਂ ਸ਼ੁੱਭ ਇੱਛਾ ‘ਤੇ ਕਿਸੇ ਨੂੰ ਭਲਾ ਕੀ ਇਤਰਾਜ਼ ਹੋ ਸਕਦਾ ਹੈ? ਸਵਾਲ ਇਹ ਹੈ ਕਿ ਇਨ੍ਹਾਂ ਦੀਆਂ ਚਰਚਾਵਾਂ ਵਿਚੋਂ ਸਪੱਸ਼ਟ ਨਹੀਂ ਹੁੰਦਾ ਕਿ ਸਮਕਾਲੀ ਸਮੇਂ ਵਿਚ ਇਨ੍ਹਾਂ ਦੀ ਮੀਰੀ-ਪੀਰੀ ਦੇ ਸੰਕਲਪ ਤੋਂ ਮੁਰਾਦ ਕੀ ਹੈ? ਇਹ ਕਹਿਣਾ ਕੀ ਚਾਹੁੰਦੇ ਹਨ? ਇਨ੍ਹਾਂ ਦੇ ਸੁਪਨਿਆਂ ਨੂੰ ਸਮਕਾਲੀ ਸਿਆਸਤ ਦੇ ਸੰਦਰਭ ਵਿਚ ਇਕਸੁਰਤਾ ਨਾਲ਼ ਕਿਵੇਂ ਉਤਾਰਿਆ ਜਾਵੇ? ਇੱਕ ਪਾਸੇ ਤਕਰੀਬਨ ਸਾਰੇ ਸਿੱਖ ਵਿਦਵਾਨ ਇਸ ਗੱਲ ਨਾਲ਼ ਸਹਿਮਤ ਹਨ ਕਿ ਅਕਾਲ ਤਖਤ ਸਿਰਫ ਅਕਾਲੀਆਂ ਦਾ ਨਹੀਂ, ਸਗੋਂ ਸਾਰੇ ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ, ਜੇ ਅਜਿਹਾ ਹੈ ਤਾਂ ਵਿਦਵਾਨ ਇਸ ਮਸਲੇ ‘ਤੇ ਚੁੱਪ ਕਿਉਂ ਹਨ ਕਿ ਦੇਸ਼-ਵਿਦੇਸ਼ ਵਿਚ ਵਸਦੇ ਸਾਰੇ ਸਿੱਖ ਭਾਈਚਾਰੇ ਦੀ ਇਸ ਚੋਣ ਵਿਚ ਸ਼ਮੂਲੀਅਤ ਕਿਵੇਂ ਕੀਤੀ ਜਾਵੇ? ਜਿਥੋਂ ਜਥੇਦਾਰ ਵੇਦਾਂਤੀ ਨੇ ਗੱਲ ਛੱਡੀ ਸੀ, ਦੋ ਦਹਾਕੇ ਬਾਅਦ ਵੀ ਗੱਲ ਤਾਂ ਉਥੇ ਹੀ ਖੜੀ ਹੈ, ਇਸ ਬਾਰੇ ਸਾਡੇ ਵਿਦਵਾਨ ਗੱਲ ਕਰਨ ਤੋਂ ਕਿਉਂ ਝਿਜਕਦੇ ਹਨ। ਉਹ ਇਸ ਬਾਰੇ ਕਦੋਂ ਸੰਜੀਦਾ ਵਿਚਾਰ ਕਰਨਗੇ?
ਸ਼੍ਰੋਮਣੀ ਕਮੇਟੀ ਵਿਚ ਹਜ਼ਾਰਾਂ ਖਾਮੀਆਂ ਹੋ ਸਕਦੀਆਂ ਹਨ, ਪਰ ਉਸਦੇ ਮੈਂਬਰਾਂ ਨੂੰ ਸਿੱਖਾਂ ਵਲੋਂ ਲੋਕਤੰਤਰੀ ਢੰਗ ਨਾਲ਼ ਚੁਣਿਆ ਜਾਂਦਾ ਹੈ। ਫਿਰ ਕੀ ਲੋਕਾਂ ਦੁਆਰਾ ਚੁਣੀ ਹੋਈ ਸੰਸਥਾ ਸਿਰਮੌਰ ਹੈ ਜਾਂ ਉਸ ਵਲੋਂ ਚੁਣੇ ਹੋਏ ਜਥੇਦਾਰ ਸਿਰਮੌਰ ਹਨ? ਅੱਜ ਇੱਕ ਵਿਸ਼ੇਸ਼ ਰਾਜਨੀਤਕ ਸਥਿਤੀ ਵਿਚ ਸ਼੍ਰੋਮਣੀ ਕਮੇਟੀ ਬਾਦਲ ਦਲ ਦੇ ਪ੍ਰਭਾਵ ਵਿਚ ਹੈ, ਕੱਲ੍ਹ ਨੂੰ ਲੋਕ ਇਨ੍ਹਾਂ ਨੂੰ ਚੋਣਾਂ ਰਾਹੀਂ ਲਾਂਭੇ ਕਰ ਕੇ ਪੰਥ ਹਿਤੈਸ਼ੀ ਵਿਅਕਤੀਆਂ ਨੂੰ ਵੀ ਚੁਣ ਸਕਦੇ ਹਨ? ਕੀ ਉਸ ਸਰਬਉਚ ਸੰਸਥਾ ਤੋਂ ਲਾਂਭੇ ਹੋ ਕੇ ਸ੍ਰੀ ਅਕਾਲ ਤਖਤ ਦੀ ਸੰਸਥਾ ਦੇ ਸਰਬਉਚ ਹੋਣ ਦਾ ਤਸੱਵਰ ਕੀਤਾ ਜਾ ਸਕਦਾ ਹੈ? ਸਾਡੀ ਸਮਝ ਅਨੁਸਾਰ ਸੁਖਬੀਰ ਬਾਦਲ ਨੇ ਅਕਾਲ ਤਖਤ ਸਾਹਿਬ ਵਲੋਂ ਮਿਲ਼ੀ ਸਜ਼ਾ ਕਿਤਨੀ ਕੁ ਦਿਆਨਦਤਦਾਰੀ ਨਾਲ਼ ਭੁਗਤੀ ਹੈ ਜਾਂ ਇਸ ਨਾਲ਼ ਅਕਾਲੀ ਸਿਆਸਤ ਨੂੰ ਕਿਤਨਾ ਕੁ ਫਰਕ ਪੈਂਦਾ ਹੈ? ਜਾਂ ਅਕਾਲ ਤਖਤ ਵਲੋਂ ਸੁਖਬੀਰ ਬਾਦਲ ਨੂੰ ਸਜ਼ਾ ਮਿਲਦੀ ਜਾਂ ਨਾ ਮਿਲਦੀ? ਕੋਈ ਫਰਕ ਨਹੀਂ ਸੀ ਪੈਣਾ, ਉਸਨੂੰ ਤਾਂ ਵੋਟਰਾਂ ਵਲੋਂ ਪਿਛਲੇ ਇੱਕ ਦਹਾਕੇ ਵਿਚ ਕਈ ਵਾਰ ਸਜ਼ਾ ਦਿੱਤੀ ਹੀ ਗਈ ਸੀ। ਉਸਨੇ ਮੰਨੀ ਵੀ ਹੋਈ ਹੈ। ਇਹ ਵੀ ਪਤਾ ਨਹੀਂ ਕਿ ਲੋਕਾਂ ਵਲੋਂ ਇਹ ਸਜ਼ਾ ਅਜੇ ਹੋਰ ਕਿਤਨਾ ਕੁ ਚਿਰ ਜਾਰੀ ਰਹਿਣੀ ਹੈ। ਇਸ ਤੋਂ ਵੱਡੀ ਭਲਾ ਹੋਰ ਕੀ ਸਜ਼ਾ ਹੋ ਸਕਦੀ ਹੈ? ਇਸ ਵਿਚ ਜਥੇਦਾਰਾਂ ਨੂੰ ਘਸੀਟਣ ਨਾਲ਼ ਕੀ ਨਿਕਲ਼ਿਆ ਹੈ ਜਾਂ ਭਵਿੱਖ ਵਿਚ ਨਿਕਲੇਗਾ? ਕੀ ਇਸਦਾ ਜਵਾਬ ਕਿਸੇ ਕੋਲ਼ ਹੈ?
ਬਾਦਲਕਿਆਂ ਉਪਰ ਹੋਰ ਦੋਸ਼ਾਂ ਦੇ ਨਾਲ਼-ਨਾਲ਼ ਸਭ ਤੋਂ ਵੱਡਾ ਦੋਸ਼, ਆਰਥਿਕ ਪੱਖੋਂ ਪੰਜਾਬ ਦਾ ਭੱਠਾ ਬਿਠਾਉਣ ਦਾ ਵੀ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਅਹਿਦ ਦੌਰਾਨ ਪੰਜਾਬ ਸਿਰ ਲੱਖਾਂ ਕਰੋੜਾਂ ਦਾ ਕਰਜ਼ਾ ਚੜ੍ਹਿਆ। ਆਰਥਿਕ ਮਾਹਿਰ ਦੱਸਦੇ ਹਨ ਕਿ ਹਰਿਆਣਾ ਜਾਂ ਕੇਰਲਾ ਵਰਗੇ ਰਾਜਾਂ ਕੋਲ਼ ਵੀ ਕਰਜ਼ਾ, ਪੰਜਾਬ ਨਾਲ਼ੋਂ ਘੱਟ ਨਹੀਂ ਹੈ। ਕੀ ਰਾਜਾਂ ਸਿਰ ਕਰਜ਼ੇ ਵਧਦੇ ਜਾਣ ਦੇ ਕਾਰਨ ਕਿਤੇ ਹੋਰ ਜਗ੍ਹਾ ਛੁਪੇ ਹੋਏ ਤਾਂ ਨਹੀਂ ਹਨ? ਉਂਜ ਵੀ ਬਾਦਲਕੇ ਤਾਂ ਪਿਛਲੇ 8 ਵਰ੍ਹਿਆਂ ਤੋਂ ਸੱਤਾ ਤੋਂ ਲਾਂਭੇ ਹਨ। ਇਨ੍ਹਾਂ ਸਾਲਾਂ ਦੌਰਾਨ ਪੰਜਾਬ ਸਿਰੋਂ ਕਰਜ਼ਾ ਕਿਤਨਾ ਕੁ ਘਟਿਆ ਹੈ? ਮਾਹਿਰਾਂ ਅਨੁਸਾਰ 1990-91 ਵਿਚ ਚੀਨੀਆਂ ਦਾ ਆਰਥਿਕ ਕੰਗਾਲੀ ਪੱਖੋਂ ਹਾਲ, ਪੰਜਾਬ ਜਾਂ ਪੂਰੇ ਭਾਰਤ ਨਾਲ਼ੋਂ ਵੀ ਮਾੜਾ ਸੀ, ਪਰ ਉਨ੍ਹਾਂ ਨੇ ਸਾਲ 2000 ਤੱਕ ਅਗਲੇ 8 ਵਰ੍ਹਿਆਂ ਦੌਰਾਨ ਆਪਣੀ ਕੁੱਲ ਆਮਦਨ ਭਾਰਤ ਤੋਂ ਦੁੱਗਣੀ ਕਰ ਲਈ। ਉਨ੍ਹਾਂ ਆਪਣੇ ਚੇਅਰਮੈਨ ਮਾਓ ਵਾਲ਼ੀਆਂ ਸੁਪਨੇਸਾਜ਼ ਮਾਰਕੇਬਾਜ਼ ਨੀਤੀਆਂ ਤੋਂ ਖਹਿੜਾ ਛੁਡਾਇਆ; ਜ਼ਬਤ ਸਿਆਣਪ ਅਤੇ ਦੂਰ-ਅੰਦੇਸ਼ੀ ਨਾਲ਼ ਨਵੇਂ ਯੁੱਗ ਦੇ ਹਾਣ ਦੀਆਂ ਨੀਤੀਆਂ ਅਪਨਾ ਕੇ ਆਪਣੇ ਲੋਕਾਂ ਦੀ ਆਮਦਨ, ਸਾਡੇ ਲੋਕਾਂ ਦੇ ਮੁਕਾਬਲੇ 5 ਗੁਣਾਂ ਤੋਂ ਵੀ ਵੱਧ ਕਰ ਲਈ ਹੈ। ਸਾਡੇ ਸਾਬਕਾ ਕਾਮਰੇਡ, ਪੰਜਾਬ ਦੇ ਲੋਕਾਂ ਨੂੰ ਇਹ ਕਿਉਂ ਨਹੀਂ ਦੱਸਦੇ ਕਿ ਚੀਨ ਦੇ ਸਾਬਕਾ ਕਾਮਰੇਡਾਂ ਨੇ ਇਹ ਕ੍ਰਿਸ਼ਮਾ ਕਿਵੇਂ ਕੀਤਾ?
ਲੇਖ ਦੇ ਅਖੀਰ ਵਿਚ ਸਾਡੀ ਸਾਰੇ ਪਾਠਕਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਸਾਰੀਆਂ ਨਹੀਂ ਤਾਂ ਘੱਟ-ਘੱਟ 2 ਜਨਵਰੀ, 2025 ਨੂੰ ‘ਹਟਣਗੇ ਪਿਛਾਂਹ, ਸਿੰਘ ਸਾਹਿਬ ਭਾਈ ਰਘਬੀਰ ਸਿੰਘ, ਉਭਰੇ ਨਵੇਂ ਕੌਣ, ਐਨ ਸੱਤਾ ਕੇਂਦਰ ਵਿਚ’ ਹੇਠਲੇ ਸਿਰਲੇਖ ਵਾਲ਼ੀ ਵੀਡੀਓ ਯੂ-ਟਿਊਬ ਚੈਨਲ ‘ਪੰਜਾਬ ਟੈਲੀਵਿਜਨ’ ‘ਤੇ ਜ਼ਰੂਰ ਦੇਖਣ। ਹੋਸਟ ਹਰਜਿੰਦਰ ਸਿੰਘ ਰੰਧਾਵਾ ਪੂਰਾ ਸੁਆਦ ਲੈਂਦਿਆਂ, ਜਗਤਾਰ ਸਿੰਘ ਅੱਗੇ ਇਹ ਕਹਿ ਕੇ ਗੇਂਦ ਸੁੱਟਦਾ ਹੈ, ‘ਕੀ ਜਥੇਦਾਰ, ਸੁਖਬੀਰ ਅਤੇ ਸਾਥੀਆਂ ਦੀ ਈਨ ਮੰਨ ਲੈਣਗੇ-ਕੀ ਫਿਰ ਉਨ੍ਹਾਂ ਦਾ 2 ਦਸੰਬਰ ਵਾਲ਼ਾ ਸਾਰਾ ਹੁਕਮਨਾਮਾ ਬੇਮਾਇਨੇ ਨਹੀਂ ਹੋ ਜਾਵੇਗਾ’। ਇਵੇਂ ਲੱਗਦਾ ਸੀ, ਜਿਵੇਂ ਜਗਤਾਰ ਸਿੰਘ, ਸੁੱਟੀ ਹੋਈ ਗੇਂਦ `ਤੇ ਚੌਕਾ-ਛੱਕਾ ਲਗਉਣ ਲਈ ਪਹਿਲਾਂ ਹੀ ਤਿਆਰ ਸਨ। ਉਹ ਝੱਟ ਜਵਾਬ ਦਿੰਦੇ ਹਨ: ‘ਮੈਂ ਇਹੀ ਤਾਂ ਕਹਿੰਨਾਂ ਕਿ ਇਸਦਾ ਮਤਲਬ ਹੋਵੇਗਾ ਕਿ ਸਿੰਘ ਸਾਹਿਬ ਨੇ ਇਨ੍ਹਾਂ ਦੀ ਕਮੇਟੀ ਨੂੰ ਮੰਨ ਲਿਆ। ਇਹ ਤਾਂ ਅਕਾਲ ਤਖਤ ਦੀ ਇਮਾਰਤ ਢੱਠਣ ਤੋਂ ਕਿਤੇ ਵੱਡਾ ਘੱਲੂਘਾਰਾ ਵਾਪਰੇਗਾ। ਜਿਸ ਨਾਲ਼ ਅਕਾਲ ਤਖਤ ਦੀ ਸਰਬਉਚਤਾ ਦਾ ਸਾਰਾ ਸਿਧਾਂਤ ਹੀ ਢਹਿ-ਢੇਰੀ ਹੋ ਜਾਵੇਗਾ’। ਪ੍ਰੋ। ਹਰਵਿੰਦਰ ਭੱਟੀ ਆਪਣੀ ਨਪੀ-ਤੁਲੀ ਸੰਜਮੀ ਸ਼ੈਲੀ ਵਿਚ ਆਪਣੇ ਕਿਸੇ ਸਿਆਣੇ ਮਿੱਤਰ ਦੀ ਚਿੰਤਾ ਦਾ ਹਵਾਲਾ ਦਿੰਦਿਆਂ, ਮੋੜਵਾਂ ਸਵਾਲ ਕਰਦੇ ਹਨ, ਕੀ ਅਕਾਲ ਤਖਤ ਸਿਰਫ ਬਾਦਲ ਅਕਾਲੀ ਦਲ ਦੀ ਜਵਾਬ-ਤਲਬੀ ਤੱਕ ਹੀ ਸੀਮਤ ਹੈ। ਕੀ ਹੋਰ ਪੰਥਕ ਧਿਰਾਂ ਵਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ‘ਤੇ ਚੈਕ ਰੱਖਣ ਦਾ ਵੀ ਜਥੇਦਾਰਾਂ ਦਾ ਕੋਈ ਇਖਲਾਕੀ ਸਰੋਕਾਰ ਹੈ? ਵਿਦਵਾਨ ਪ੍ਰੋ। ਸਾਹਿਬ ਦੇ ਇਨ੍ਹਾਂ ਬੋਲਾਂ ਨੂੰ ਸੁਣਦਿਆਂ, ਵਿਚਾਰ ਚਰਚਾ ਦੇ ਕਿਸੇ ਸਹੀ ਦਿਸ਼ਾ ਵਿਚ ਜਾਣ ਦੀ ਉਮੀਦ ਬੱਝਦੀ ਹੈ। ਫਿਰ ਉਹ ਇੱਕਦਮ ਆਪਣੀ ਸੰਜਮੀ ਧਰਾਤਲ ਨੂੰ ਛੱਡਦਿਆਂ, ਪੁੱਠੀ ਛਲਾਂਗ ਮਾਰਦਿਆਂ, ਜਗਤਾਰ ਸਿੰਘ ਤੋਂ ਵੀ ਪਾਰ ਜਾ ਡਿਗਦੇ ਹਨ ਕਿ ਜਥੇਦਾਰ ਰਘਬੀਰ ਸਿੰਘ ਅਤੇ ਸੁਖਬੀਰ ਬਾਦਲ, ਕਿੱਧਰੇ ਉਨ੍ਹਾਂ ਦੀ ਘੇਰਾਬੰਦੀ ਵਿਚੋਂ ਨਿਕਲ਼ ਨਾ ਜਾਣ। ਉਹ ਉਨ੍ਹਾਂ ਦੀ ਗੁਗਲੀ ਪਿੱਚ ‘ਤੇ ਗੇਂਦਾਂ ਦੀ ਬੁਛਾੜ ਲਾ ਦਿੰਦੇ ਹਨ। ਉਹ ਅਜਿਹਾ ਅਲੌਕਿਕ ਨਜ਼ਾਰਾ ਕਿਵੇਂ ਬੰਨ੍ਹਦੇ ਹਨ, ਇਸਦੇ ਵਿਸਥਾਰ ਵਿਚ ਜਾਣ ਦੀ ਇਸ ਲੇਖ ਵਿਚ ਗੁੰਜਾਇਸ਼ ਨਹੀਂ ਹੈ। ਇਨ੍ਹਾਂ ਤਿੰਨਾਂ ਮਾਹਿਰਾਂ ਦੀ ‘ਗੁਗਲੀ ਕਲਾ’ ਦੀ ਕਰਤਾਰੀ ਪ੍ਰਤਿਭਾ ਨੂੰ ਦੇਖਣ ਲਈ ਸਰੋਤਿਆਂ ਨੂੰ ਪੂਰੀ ਵੀਡੀਓ ਦੇਖਣ ਦੀ ਸਿਫਾਰਸ਼ ਹੈ। ਇਸ ਸਾਰੇ ਨਾਟਕ ਵਿਚ ਇਨ੍ਹਾਂ ਪ੍ਰਮੁੱਖ ਪਾਤਰਾਂ ਤੋਂ ਥੋੜੀ ਵਿੱਥ ‘ਤੇ, ਪਰ ਇਨ੍ਹਾਂ ਵਾਂਗ ਹੀ ਪੂਰੇ ਜਾਹੋ-ਜਲਾਲ ਨਾਲ਼ ਆਪਣੀ ਭੂਮਿਕਾ ਨਿਭਾਉਣ ਵਾਲ਼ੇ ਅਤੇ ਥੋੜੀ ਜਿਹੀ ਕਾਮਰੇਡੀ ਲਾਗ ਵਾਲ਼ੇ ਚੰਚਲ ਮਨੋਹਰ ਸਿੰਘ ਬੇਦੀ ਦਾ ਜ਼ਿਕਰ ਨਾ ਕਰਨਾ, ਉਨ੍ਹਾਂ ਨਾਲ਼ ਸ਼ਾਇਦ ਬੇਇਨਸਾਫੀ ਹੋਵੇਗੀ। ਪ੍ਰੰਤੂ ਸ। ਬੇਦੀ, ਇਨ੍ਹਾਂ ਜਿੰਨਾ ਖਤਰਨਾਕ ਗਹਿਰ ਗੰਭੀਰਾ ਨਹੀਂ ਹੈ, ਉਸਦੀ ਪੇਸ਼ਕਾਰੀ ਤੋਂ ਸਾਫ ਪਤਾ ਲਗਦਾ ਹੈ ਕਿ ਉਹ ਢਿੱਡੋਂ ਹੱਸ ਰਿਹਾ ਹੈ। 1978 ਤੋਂ ਬਾਅਦ ‘ਸੱਚਾ ਸੌਦਾ’ ਵਾਲ਼ੇ ਵਿਵਾਦ ਨੇ ਸਾਡੇ ਭਾਈਚਾਰੇ ਦੇ ਵਿਦਵਾਨਾਂ ਨੂੰ ਪਿਛਲੀ ਅੱਧੀ ਸਦੀ ਤੋਂ ਬੁਰ੍ਹੀ ਤਰ੍ਹਾਂ ਉਲਝਾਇਆ ਹੋਇਆ ਹੈ। ਕੀ ਸਾਡੇ ਸਿੱਖ ਵਿਦਵਾਨਾਂ ਨੂੰ ਅਜਿਹੇ ਧਾਰਮਿਕ ਮੁੱਦਿਆਂ ਤੋਂ ਬਿਨਾ ਪੰਜਾਬ ਜਾਂ ਸਿੱਖਾਂ ਦੇ ਭਵਿੱਖ ਲਈ ਕੋਈ ਹੋਰ ਮੁੱਦੇ ਨਹੀਂ ਦਿਸਦੇ? ਜੇ ਵਿਦਵਾਨਾਂ ਨੇ ਸਿਰਫ ਅਜਿਹੇ ਧਾਰਮਿਕ ਮੁੱਦਿਆਂ ਤੱਕ ਹੀ ਸੀਮਤ ਰਹਿਣਾ ਹੈ ਤਾਂ ਕੀ ਇਨ੍ਹਾਂ ਮੁੱਦਿਆਂ ਬਾਰੇ ਵੀ ਦੂਰ-ਅੰਦੇਸ਼ੀ ਵਾਲ਼ੀ ਬੈਲੇਂਸ ਅਪਰੋਚ ਨਾਲ਼ ਪੁਨਰ-ਵਿਚਾਰ ਨਹੀਂ ਕਰਨਾ ਚਾਹੀਦਾ? ਕੀ ਅਸੀਂ ਖੁਦਗਰਜ਼ ਰਾਜਸੀ ਨੇਤਾਵਾਂ ਮਗਰ ਲੱਗ ਕੇ ਹਵਾ ‘ਚ ਨੰਗੀਆਂ ਤਲਵਾਰਾਂ ਘੁੰਮਾ-ਘੁੰਮਾ ਕੇ ਆਪਣੇ ਲੋਕਾਂ ਨੂੰ ਭੜਕਾਈ ਰੱਖਣ ਦੀ ਖੇਡ ਕਦੀ ਤਿਆਗਣੀ ਹੀ ਨਹੀਂ ਹੈ?
ਤਸੱਲੀ ਵਾਲੀ ਗੱਲ ਇਹ ਹੈ ਕਿ ਪਿਛਲੇ ਅੱਠ ਮਹੀਨਿਆਂ ਤੋਂ ਲਗਾਤਾਰ ਚੱਲਦੀ ਆ ਰਹੀ ਇਸ ਸਾਰੀ ਬਹਿਸ ਚਰਚਾ ਦੌਰਾਨ ਸ। ਚੰਚਲ ਮਨੋਹਰ ਸਿੰਘ ਦੇ ‘ਅੰਮ੍ਰਿਤ ਸੰਚਾਰ’ ਚੈਨਲ ਉਪਰ ਆਖਰ 11 ਫਰਵਰੀ ਨੂੰ ‘ਸਾਬਕਾ ਜਥੇਦਾਰਾਂ ਨੂੰ ਹਾਥੀ `ਤੇ ਬਿਠਾ ਕੇ ਲਿਆਇਆ ਜਾਂਦਾ’ ਸਿਰਲੇਖ ਹੇਠ ਸਾਬਕਾ ਵਾਈਸ ਚਾਂਸਲਰ ਅਤੇ ਨਿਮਰ ਸਿੱਖ ਚਿੰਤਕ ਡਾ। ਐਸ ਪੀ ਸਿੰਘ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਅਕਾਲੀ ਨੇਤਾਵਾਂ ਬਾਰੇ ਸੰਤੁਲਿਤ ਅਤੇ ਰੂਹ ਨੂੰ ਠਾਰਨ ਵਾਲਾ ਪ੍ਰਵਚਨ ਸੁਣਨ ਨੂੰ ਮਿਲਿਆ ਹੈ। ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਸੰਸਥਾ ਦੀ ਸ਼ਾਨ ਦੀ ਰਾਖੀ ਲਈ ਭਾਈਚਾਰੇ ਦੇ ਹਰ ਮੈਂਬਰ ਨੂੰ ਸੁਣਨਾ ਚਾਹੀਦਾ ਹੈ। ਬਿਹਤਰ ਹੈ ਕਿ ਡਾ। ਐਸ ਪੀ ਸਿੰਘ ਦੇ ਇਸ ਮੁੱਲਵਾਨ ਪ੍ਰਵਚਨ ਨੂੰ ਇਸੇ ਦਿਨ ‘ਪੰਜਾਬ ਟੈਲੀਵਿਜਨ’ ਉਪਰ ‘ਚੱਕ ਕੇ ਲਿਹਾਜ਼; ਛੇੜਤਾ ਯੁੱਧ ਜਥੇਦਾਰ ਨੇ’ ਸਿਰਲੇਖ ਹੇਠਲੀ ਵੀਡੀਓ ਅੰਦਰ ਸ। ਜਗਤਾਰ ਸਿੰਘ ਅਤੇ ਖਾਸ ਕਰਕੇ ਤਰਲੋਚਨ ਸਿੰਘ ਦਿੱਲੀ ਦੇ ਬੇਸਿਰ ਪੈਰ, ਭੜਕਾਊ ਪ੍ਰਵਚਨਾਂ ਨਾਲ ਜੋੜ ਕੇ ਪੜ੍ਹਿਆ ਜਾਵੇ।
ਕੀ ਉਪਰਲੀ ਸਾਰੀ ਬਹਿਸ ਚਰਚਾ ਦੇ ਪ੍ਰਸੰਗ ਵਿਚ ਪ੍ਰੋ। ਗੋਬਿੰਦਰ ਸਿੰਘ ਦਾ ਇਹ ਕਥਨ ਠੀਕ ਨਹੀਂ ਹੈ: ‘ਸਭ ਨੂੰ ਪਤਾ ਹੈ ਕਿ ਅਕਾਲ ਤਖਤ ‘ਤੇ ਜਥੇਦਾਰ ਨਹੀਂ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹਨ। ਅਕਾਲ ਤਖਤ ਦਾ ਜਥੇਦਾਰ ਤਾਂ ਉਨ੍ਹਾਂ ਦਾ ਸੇਵਾਦਾਰ ਹੈ। ਜਿਸਦਾ ਕੰਮ ਪੇਸ਼ ਹੋਏ ਮਸਲੇ ‘ਤੇ ਸ਼ਬਦ ਗੁਰੂ ਵਿਚਂੋ ਹੁਕਮਨਾਮਾ ਲੈ ਕੇ, ਇਸਦਾ ਭਾਵ ਦੂਜੇ ਸਿੰਘ ਸਾਹਿਬਾਨ ਦੀ ਮੱਦਦ ਨਾਲ਼ ਪ੍ਰਤੀਆਸ਼ੀ ਨੂੰ ਸਮਝਾ ਦੇਣਾ ਹੈ। ਸਭ ਕੁਝ ਜਾਣਦੇ ਹੋਏ ਵੀ ਸਾਡੇ ਵਿਦਵਾਨ ਅਜਿਹੇ ਕਾਰਜਾਂ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਮਗਰ ਕਿਉਂ ਪਏ ਰਹਿੰਦੇ ਹਨ, ਜੋ ਕਿ ਉਸਦੇ ਅਧਿਕਾਰ ਖੇਤਰ ਵਿਚ ਹੈ ਹੀ ਨਹੀਂ’?
ਅੰਤਿਕਾ: ‘ਸਾਕਾ ਨੀਲਾ ਤਾਰਾ’ ਦੀ ਤ੍ਰਾਸਦੀ ਦੀ ਯਾਦ ਸਿੱਖ ਮਾਨਸਿਕਤਾ ਅੰਦਰ ਸੂਲ਼ ਵਾਂਗੂੰ ਪੁੜੀ ਹੋਈ ਹੈ ਅਤੇ ਅਜੇ ਪਤਾ ਨਹੀਂ ਕਦੋਂ ਤੱਕ ਇਸਨੇ ਇਸੇ ਤਰ੍ਹਾਂ ਚਸਕਦੇ ਰਹਿਣਾ ਹੈ। ਇਸ ਲਈ ਮੈਡਮ ਇੰਦਰਾ ਗਾਂਧੀ ਦੀ ਜਿ਼ਦ ਅਤੇ ਮੁਜਰਮਾਨਾ ਕਾਰਵਾਈ ਨੂੰ ਸਾਡੇ ਆਪਣੇ ਤਾਂ ਕੀ ਵਿਰੋਧੀ ਵੀ ਗਲਤ ਮੰਨਦੇ ਹਨ। ਸੰਤ ਭਿੰਡਰਾਂਵਾਲ਼ੇ ਦੀ ਅਗਵਾਈ ਹੇਠ ਉਨ੍ਹਾਂ ਦੇ ਪੈਰੋਕਾਰਾਂ ਨੇ ਪੂਰੀ ਦਲੇਰੀ ਨਾਲ਼ `84 ਤੋਂ ਬਾਅਦ ਹਥਿਆਰਬੰਦ ਲੜਾਈ ਲੜੀ। ਉਨ੍ਹਾਂ ਦੀ ਜਾਂਬਾਜ਼ੀ ਦੇ ਕਿੱਸੇ ਲਿਖੇ ਗਏ ਹਨ ਅਤੇ ਹੋਰ ਬਥੇਰੇ ਲਿਖੇ ਜਾਂਦੇ ਰਹਿਣਗੇ। ਪ੍ਰੰਤੂ ਦੋਹਾਂ ਦੀ ਲੜਾਈ ਨੂੰ ਹਿੰਸਕ ਤੇ ਦੁਖਾਂਤਕ ਸਿਖਰ ਵੱਲ਼ ਧੱਕ ਕੇ ਲਿਜਾਣ ਲਈ ਪੇਸ਼ਾਵਰ ਸੁਪਨਸਾਜ਼ਾਂ ਅਤੇ ਗੁਗਲੀਬਾਜ਼ਾਂ ਦੀ ਅਹਿਮ ਭੂਮਿਕਾ ਅਜੇ ਤੱਕ ਹਨ੍ਹੇਰੇ ਵਿਚ ਹੀ ਰਹੀ ਹੈ। ਪ੍ਰੋ। ਬਲਕਾਰ ਸਿੰਘ ਵਰਗੇ ਇਨਸਾਨ ਤੋਂ ਵੱਧ ਇਸ ਕਿਸਮ ਦੀਆਂ ਫੌਜਾਂ ਦੇ ਖਤਰਨਾਕ ਸ਼ੌਕ ਬਾਰੇ ਸਾਰੀ ਜਾਣਕਾਰੀ ਕਿਸਨੂੰ ਹੋ ਸਕਦੀ ਹੈ? ਇਸ ਕਰਕੇ ਸਿੱਖ ਭਾਈਚਾਰੇ ਨੂੰ ਨਿਰੰਕਾਰੀ ਕਾਂਡ ਤੋਂ ਹੁਣ ਤੱਕ ਦੇ ਦੁਖਾਂਤ ਜਾਂ ਇਤਿਹਾਸ ਵਿਚ ਅਜਿਹੇ ਲੋਕਾਂ ਵਲੋਂ ਨਿਭਾਈ ਭੂਮਿਕਾ ਦਾ ਇਤਿਹਾਸ ਵੀ ਜ਼ਰੂਰ ਲਿਖ ਦੇਣਾ ਚਾਹੀਦਾ ਹੈ। (ਸਮਾਪਤ)