ਸਰਦੂਲ ਸਿੰਘ ਲੱਖਾ
ਫੋਨ: 91-75269-48794
ਇਹ ਹਵਾਈ ਅੱਡਾ ਅਜ਼ਾਦੀ ਤੋਂ ਪਹਿਲਾਂ, ਬੱਸ ਇਕ ਹਵਾਈ ਪਟੜੀ ਹੀ ਸੀ, ਨਿੱਕੇ ਹਵਾਈ ਜਹਾਜ਼ ਦੇ ਉਤਰਨ ਲਈ, ਇੱਕ ਛੋਟਾ ਹੈਂਗਰ ਅੰਦਰ ਖੜ੍ਹਾਉਣ ਲਈ ਸੀ। ਇੱਕ ਛੋਟਾ ਜਿਹਾ ਸੰਸਾਰ ਇਸ ਜ਼ਮੀਨੀ ਟੁਕੜੇ ’ਤੇ ਵਸਿਆ ਹੋਇਆ ਸੀ। ਚੌਕੀਦਾਰ ਦਿਨ ਰਾਤ ਪਹਿਰਾ ਰੱਖਦੇ ਸਨ। ਉਨ੍ਹਾਂ ਦੀਆਂ ਆਪਣੀਆਂ ਝੁੱਗੀਆਂ ਬਣਾਈਆਂ ਹੋਈਆਂ ਸਨ। ਸੜਕ ਦੇ ਇੱਕ ਪਾਸੇ ਹਵਾਈ ਪਟੜੀ `ਤੇ ਟੈਕਨੀਕਲ ਏਰੀਆ ਹੈ ਤੇ ਦੂਜੇ ਪਾਸੇ ਫ਼ੈਮਿਲੀ ਕੁਆਰਟਰਜ਼ ਤੇ ਬੈਠਕਾਂ ਹਨ, ਜਿੱਥੇ ਏਅਰਮੈਨਾਂ ਦੀਆਂ ਮੈੱਸਾਂ ਵੀ ਹਨ। ਹੁਣ ਇਹ ਭਾਰਤ ਦਾ ਏਅਰ ਫੋਰਸ ਦਾ ਬਹੁਤ ਵੱਡਾ ਬੇਸ ਬਣ ਚੁੱਕਾ ਹੈ।
ਰਿਹਾਇਸ਼ ਏਰੀਏ ਦੇ ਉਪਰੋਂ ਕੰਡਿਆਲੀ ਤਾਰ ਲਾਈ ਹੋਈ ਹੈ। ਕਈ ਗੇਟ ਵੀ ਰੱਖੇ ਹੋਏ ਹਨ ਜੋ ਕਿ ਬੰਦ ਹੀ ਹਨ। ਪਰ ਛਿਪਦੇ ਵਾਲਾ ਪਾਸਾ, ਬੀ.ਐਸ.ਐਫ਼ ਯੂਨਿਟ ਵੱਲ ਖੁਲ੍ਹਦਾ ਹੈ ਤੇ ਉੱਥੇ ਹਮੇਸ਼ਾ ਸਿਪਾਹੀ ਤਾਇਨਾਤ ਰਹਿੰਦਾ ਹੈ। ਬੀ.ਐਸ.ਐਫ਼ ਦੀ ਤਾਰ ਦੇ ਨਾਲ ਹੀ ਬੜਾ ਸੁੰਦਰ ਹਾਕੀ ਦਾ ਗਰਾਊਂਡ ਲਗਦਾ ਸੀ। ਉਹ ਇਨ੍ਹਾਂ ਨੌਜਵਾਨਾਂ ਨੇ ਲਿੱਪ-ਪੋਚ ਕੇ ਥਾਲੀ ਵਰਗਾ ਪੱਧਰਾ ਕਰ ਰੱਖਿਆ ਸੀ। ਇਹ ਦੇਖ ਕਿਸੇ ਨੂੰ ਵੀ ਖ਼ਿਆਲ ਆ ਸਕਦਾ ਹੈ ਕਿ ਇੱਥੋਂ ਦਾ ਕਮਾਂਡਰ ਹਾਕੀ ਪ੍ਰੇਮੀ ਹੋਵੇਗਾ।
ਮੇਰੀ ਬਦਲੀ ਇੱਥੇ ਬੰਬਰ ਜਹਾਜ਼ਾਂ ਵਿਚ ਹੋ ਗਈ। ਮੈਂ ਇੱਥੇ ਪਹੁੰਚ ਕੇ ਆਪਣੀ ਯੂਨਿਟ ਵਿਚ ਹਾਕੀ ਗਰਾਊਂਡ ਭਾਲਦਾ ਰਿਹਾ। ਇੱਥੇ ਤਾਂ ਹਾਕੀ ਦਾ ਨਾਂ-ਥੇਹ ਵੀ ਨਹੀਂ ਸੀ। ਹਾਂ, ਬਾਸਕਿਟਬਾਲ ਦਾ ਗਰਾਊਂਡ ਸੀ ਤੇ ਪ੍ਰੈਕਟਿਸ ਵੀ ਹੋ ਰਹੀ ਸੀ। ਗੱਲ ਇਹ ਕਿ ਏਅਰ ਫੋਰਸ ਵਿਚ ਜਿਹੜੀ ਗੇਮ ਦਾ ਕੋਚ ਜਿੱਥੇ ਹੈ, ਉੱਥੇ ਉੱਭਰਦੇ ਖਿਡਾਰੀਆਂ ਦੀ ਬਦਲੀ ਕਰ ਦਿੰਦੇ ਹਨ ਤਾਂ ਕਿ ਤਕੜੀ ਟੀਮ ਬਣ ਸਕੇ। ਮੈਂ ਹਾਕੀ ਦਾ ਚੰਗਾ ਖਿਡਾਰੀ ਤਾਂ ਨਹੀਂ ਸਾਂ, ਸਿਖਾਂਦਰੂ ਹੀ ਸੀ। ਸਕੂਲ ਵਿਚ ਹੀ ਮੇਰੇ ਤੇ ਹਾਕੀ ਦਾ ਭੂਤ ਸਵਾਰ ਸੀ। ਇਸ ਭੂਤ ਨੇ ਮੈਨੂੰ ਕਿਤੇ ਵੀ ਸ਼ਾਮ ਨੂੰ ਗਰਾਊਂਡ ਦਾ ਨਾਗਾ ਨਹੀਂ ਪਾਉਣ ਦਿੱਤਾ। ਦੂਜੇ ਪਾਸੇ ਬੀ.ਐਸ.ਐਫ਼ ਦਾ ਹਾਕੀ ਦਾ ਗਰਾਊਂਡ ਦੇਖ ਕੇ ਮੇਰੇ ਅੰਦਰ ਲੂਰ੍ਹੀਆਂ ਉੱਠਦੀਆਂ ਬਈ ਕਦੋਂ ਮੈਂ ਇਸ ਗਰਾਊਂਡ ਵਿਚ ਪੈਰ ਪਾਵਾਂ? ਨਵਾਂ-ਨਵਾਂ ਅਠਾਰਾਂ ਸਾਲ ਦਾ ਮੁੰਡਾ, ਜੀਹਦੇ ਮੂੰਹ ’ਚ ਤੇ ਅਜੇ ਤਾਜ਼ੀ ਟਿੱਡੇ ਦੇ ਲੂਆਂ ਜਿੰਨੀ ਵੀ ਦਾੜ੍ਹੀ ਨਹੀਂ ਉਤਰੀ ਸੀ।
ਨੇਕ ਨੀਅਤਾਂ ਨੂੰ ਮੁਰਾਦਾਂ ਹੁੰਦੀਆਂ ਨੇ। ਹਰ ਰੋਜ਼ ਇੱਕ ਅਫ਼ਸਰ ਦੀ ਔਰਡਲੀ ਅਫ਼ਸਰ ਵਜੋਂ ਡਿਊਟੀ ਲਾਈ ਜਾਂਦੀ ਹੈ। ਸਮਝੋ ਉਹ ਸਾਰੇ ਏਅਰਫੀਲਡ ਦਾ ਕਮਾਂਡਰ ਹੁੰਦਾ। ਕੰਮ ਵਾਲੇ ਘੰਟਿਆਂ ਤੋਂ ਬਾਅਦ ਉਸ ਦੀ ਜ਼ਿੰਮੇਵਾਰੀ ਵੱਡੀ ਹੁੰਦੀ ਹੈ। ਉਸ ਦੀ ਜੀਪ ਘੁੰਮਦੀ ਰਹਿੰਦੀ ਐ, ਖ਼ਾਸ ਕਰ ਕੇ ਫੈਸਿੰਗ ਦੇ ਗੇਟਾਂ ਉਪਰ ਜਾਣਾ ਹੀ ਪੈਂਦਾ। ਮੈਂ ਬੀ.ਐ.ਐਫ਼. ਦੇ ਗੇਟ ‘ਤੇ ਖੜ੍ਹਾ ਦੇਖ ਰਿਹਾ ਸਾਂ, ਪਿੱਛੋਂ ਜੀਪ ਆਈ ਤੇ ਮੇਰੇ ਕੋਲ ਰੋਕ ਕੇ ਅਫ਼ਸਰ ਨੇ ਅੰਗਰੇਜ਼ੀ ਵਿਚ ਪੁੱਛਿਆ, ‘ਐਥੇ ਖੜ੍ਹਾ ਕੀ ਦੇਖ ਰਿਹਾ ਏਂ?’ ਮੈਂ ਦੇਖਿਆ ਆਰਡਲੀ ਅਫ਼ਸਰ ਸਾਡੇ ਸੁਕਾਰਡਨ ਦਾ ਹੀ ਸਪੋਰਟਸ ਅਫ਼ਸਰ ਸੀ, ਉਸ ਨੇ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਫਿਰ ਪੁੱਛਿਆ, ‘ਜਵਾਨ, ਤੂੰ ਹਾਕੀ ਖੇਡਦਾ ਏਂ?’ ਮੈਂ ਕਿਹਾ, ‘ਯੈਸ ਸਰ।’ ਉਸਨੇ ਕਿਹਾ ਜੰਪ ਇਨ ਜੀਪ। ਮੈਂ ਡਰ ਗਿਆ ਸਾਂ ਕਿ ਹੁਣ ਗਾਰਡ ਰੂਮ ਦੀ ਪੁਲਸ ਕੋਲ ਪੇਸ਼ੀ ਹੋਵੇਗੀ। ਮੈਂ ਹੈਰਾਨ ਹੋ ਗਿਆ ਜਦ ਉਸ ਨੇ ਗਾਰਡ ਨੂੰ ਗੇਟ ਖੋਲ੍ਹਣ ਦਾ ਹੁਕਮ ਦਿੱਤਾ।
ਸਾਡੀ ਜੀਪ ਗਰਾਉਂਡ ਦੀ ਸਾਈਡ ’ਤੇ ਜਾ ਕੇ ਰੁਕ ਗਈ। ਪ੍ਰੈਕਟਿਸ ਅਜੇ ਸ਼ੁਰੂ ਹੀ ਹੋਣੀ ਸੀ। ਉਨ੍ਹਾਂ ਨੂੰ ਵਾਰਮਅੱਪ ਕਰਵਾ ਰਿਹਾ ਸੀਨੀਅਰ ਜਾਪਦਾ ਖਿਡਾਰੀ ਸਾਡੇ ਕੋਲ ਆ ਕੇ ਕਹਿਣ ਲੱਗਾ, ‘ਜੀ ਆਇਆਂ ਨੂੰ। ਤੁਸੀਂ ਮੇਰੀ ਯੂਨਿਟ ਵਿਚ ਆਏ ਹੋ। ਦੱਸੋ, ਕੀ ਸੇਵਾ ਕਰ ਸਕਦਾ ਹਾਂ?’ ਸਾਡੇ ਅਫ਼ਸਰ ਨੇ ਉਸ ਨੂੰ ਸਲੂਟ ਮਾਰਿਆ। ਮੈਂ ਜਾਣਿਆ ਕਿ ਉਹ ਓਥੋਂ ਦਾ ਓ.ਸੀ. ਹੀ ਹੋਵੇਗਾ। ਸਾਡੇ ਅਫ਼ਸਰ ਨੇ ਉਸ ਨੂੰ ਕਿਹਾ, ‘ਸਰ, ਇਹ ਸਾਡਾ ਏਅਰਮੈਨ ਹਾਕੀ ਖਿਡਾਰੀ ਹੈ। ਜੇ ਤੁਹਾਡੇ ਗਰਾਊਂਡ ਵਿਚ ਆ ਜਾਇਆ ਕਰੇ ਤਾਂ ਬੜੀ ਮਿਹਰਬਾਨੀ ਹੋਵੇਗੀ। ਕਿਰਪਾ ਕਰਕੇ ਇਹਦਾ ਪਾਸ ਬਣਾ ਦਿਉ।’
ਸਾਡੇ ਉੱਥੇ ਖੜ੍ਹੇ-ਖੜ੍ਹੇ ਹੀ ਇੱਕ ਜਵਾਨ ਮੇਰੇ ਲਈ ਪਾਸ ਲੈ ਆਇਆ।
ਬੱਸ ਉਸ ਦਿਨ ‘ਤੋਂ ਮੇਰਾ ਨਿੱਤਨੇਮ ਹੀ ਬਣ ਗਿਆ। ਹਰ ਰੋਜ਼ ਸ਼ਾਮ ਨੂੰ ਮੈਂ ਇੱਕ ਪੁਲੀ ਜਿਹੀ ’ਤੇ ਬੈਠ ਉਡੀਕਦਾ ਰਹਿੰਦਾ ਕਿ ਕਦੋਂ ਕੋਈ ਗਰਾਊਂਡ ਵਿਚ ਆਵੇ ਤੇ ਮੈਂ ਅੰਦਰ ਜਾ ਸਕਾਂ। ਕਈ ਦਿਨ ਤਾਂ ਉਨ੍ਹਾਂ ਦੇ ਕੋਚ ਨੇ ਮੇਰੇ ਵੱਲ ਧਿਆਨ ਨਾ ਦਿੱਤਾ, ਜਿਵੇਂ ਮੈਂ ਮੈਦਾਨ ਵਿਚ ਹੀ ਨਾ ਹੋਵਾਂ। ਫਿਰ ਇੱਕ ਦਿਨ ਉਸ ਨੇ ਮੈਨੂੰ ਬੜੇ ਮੋਹ ਨਾਲ ਮੋਢੇ ’ਤੇ ਹੱਥ ਰੱਖਦਿਆਂ ਕਿਹਾ ਕਿ ਤੂੰ ਇਸ ਪੁਜੀਸ਼ਨ ’ਤੇ ਖੇਡ। ਪਾਰਖੂ ਅੱਖ ਹੁੰਦੀ ਏ ਕੋਚਾਂ ਦੀ, ਤੇ ਹੋਣੀ ਵੀ ਚਾਹੀਂਦੀ ਹੈ।
ਜੁਆਨਾਂ ਦੇ ਰਿਹਾਇਸ਼ੀ ਮਕਾਨ ਵੀ ਨੇੜੇ ਸਨ। ਕਈ ਕੁੜੀਆਂ ਵੀ ਪ੍ਰੈਕਟਿਸ ਦੇਖਣ ਆ ਜਾਂਦੀਆਂ । ਕਈਆਂ ਕੋਲ ਹਾਕੀਆਂ ਵੀ ਹੁੰਦੀਆਂ। ਸਾਡੇ ਮਗਰੋਂ ਉਹ ਸਿੱਖਦਿਆਂ ਹੋਣੀਆਂ ਹਾਕੀ। ਸਕੂਲ ’ਚ ਖੇਡਦੀਆਂ ਹੋਣ। ਕੋਚ ਨੇ ਮੇਰੀ ਪੁਜੀਸ਼ਨ ਬਦਲ ਕੇ ਸਾਈਡ ਲਾਈਨ ’ਤੇ ਕਰ ਦਿੱਤੀ। ਮੈਂ ਦੋ ਤਿੰਨ ਦਿਨ ਤੋਂ ਨੋਟ ਕਰ ਰਿਹਾ ਸਾਂ ਕਿ ਅਫ਼ਸਰਾਂ ਵਾਲੀਆਂ ਕੁਰਸੀਆਂ ’ਤੇ ਇੱਕ ਕੁੜੀ ਰੋਜ਼ ਆ ਕੇ ਬੈਠਦੀ ਹੈ। ਉਮਰ ਵਿਚ ਵੀ ਮੈਥੋਂ ਵੱਡੀ ਤੇ ਚੰਗੀ ਖਿਡਾਰਨ ਵੀ ਲਗਦੀ ਸੀ। ਪਰ ਉਸ ਦੀ ਤੋਰ ਅਤੇ ਚਿਹਰੇ ‘ਤੋਂ ਉਹ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਜਾਪਦੀ ਸੀ। ਆਮ ਕਰਕੇ ਖਿਡਾਰੀ ਹੀ ਪ੍ਰੈਕਟਿਸ ਦੇਖਦੇ ਹਨ। ਉਸ ਦੇ ਉੱਥੇ ਬੈਠਣ ਤੇ ਤੱਕਣ ਨਾਲ ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ। ਇੰਝ ਲੱਗੇ ਉਹ ਮੈਨੂੰ ਹੀ ਦੇਖ ਰਹੀ ਹੈ। ਜਦੋਂ ਕਿਸੇ ਖਿਡਾਰੀ ਨੂੰ ਇਹ ਮਹਿਸੂਸ ਹੋਵੇ ਕਿ ਕੋਈ ਉਸਦਾ ਆਪਣਾ ਜਾਂ ਸ਼ੁਭਚਿੰਤਕ ਉਸ ਨੂੰ ਦੇਖ ਰਿਹਾ ਹੈ ਤਾਂ ਉਸਦਾ ਹੌਸਲਾ ਦੁੱਗਣਾ ਹੋ ਜਾਂਦਾ ਹੈ।
ਇੱਕ ਦਿਨ ਕੋਚ ਨੇ ਗੇਮ ਤੋਂ ਪਹਿਲਾਂ ਟੀਮ ਨੂੰ ਕਿਹਾ, ‘ਆਪਣਾ ਬੀ.ਐਸ.ਐਫ਼ ਦਾ ਇੱਕ ਵੱਡਾ ਟੂਰਨਾਮੈਂਟ ਆ ਗਿਆ ਹੈ, ਅਗਲੇ ਮਹੀਨੇ ਅੱਜ ਤੋਂ ਵਾਧੂ ਖੁਰਾਕ ਮਿਲੇਗੀ। ਆਪਾਂ ਜਾਨ ਮਾਰਨੀ ਹੈ ਤੇ ਜਿੱਤਣਾ ਵੀ ਹੈ।’ ਫਿਰ ਮੇਰੇ ਵੱਲ ਤੱਕ ਕੇ ਕਿਹਾ, ‘ਤੂੰ ਸਾਡੇ ਨਾਲ ਹੀ ਪ੍ਰੈਕਟਿਸ ਕਰਦਾ ਰਹੀਂ।’ ਫਿਰ ਉਹ ਮੈਨੂੰ ਲਗਾਤਾਰ ਦੋ ਘੰਟੇ ਸਖ਼ਤ ਸਰੀਰਕ ਸਿਖਲਾਈ ਦੇਣ ਲੱਗਿਆ। ਕਮਾਂਡਰ ਖ਼ੁਦ ਗੇਮ ਦੇਖਦਾ। ਉਸ ਦੇ ਨਾਲ ਹੀ ਉਹ ਲੜਕੀ ਵੀ ਬੈਠੀ ਹੁੰਦੀ।
ਇਕ ਦਿਨ ਉਸ ਲੜਕੀ ਨੇ ਚਲਦੀ ਗੇਮ ’ਚ ਪਤਾ ਨਹੀਂ ਮੇਰੀ ਕੀ ਗਲਤੀ ਫੜੀ ਹੋਵੇਗੀ, ਚੇਅਰ ਤੋਂ ਉੱਠ ਕੇ ਮੇਰੇ ਕੋਲ ਆ ਕੇ ਹਾਕੀ ਫੜੀ ਤੇ ਕੋਚ ਤੋਂ ਬਾਲ ਮੰਗੀ। ਸਾਰੇ ਖਿਡਾਰੀਆਂ ਦਾ ਧਿਆਨ ਮੇਰੇ ਵੱਲ ਹੋ ਗਿਆ। ਉਸ ਲੜਕੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ, ‘ਤੇਰੇ ਨਾਲ ਦਸ ਹੋਰ ਵੀ ਹੈਗੇ ਆ, ਪਾਸ ਕਿਉਂ ਨਹੀਂ ਦਿੰਦਾ। ਬਾਲ ਫੇਰ ਆ ਜਾਏਗੀ ਤੇਰੇ ਕੋਲ।’ ਮੈਂ ਨੀਵੀਂ ਪਾ ਕੇ ‘ਸੌਰੀ’ ਕਿਹਾ ਤੇ ਹਾਕੀ ਫੜ ਲਈ।
ਇਸ ਤਰ੍ਹਾਂ ਮਹੀਨਾ ਵੀ ਲੰਘ ਗਿਆ। ਉਨ੍ਹਾਂ ਦੀ ਟੀਮ ਚਲੀ ਗਈ, ਕੈਂਪ ਲੱਗਾ ਸੀ ਕਿਤੇ। ਮੇਰੇ ਲਈ ਬੜਾ ਸੰਤਾਪ ਖੜ੍ਹਾ ਹੋ ਗਿਆ। ਬੈਰਕਾਂ ਵਿਚ ਦਿਲ ਨਾ ਲੱਗਦਾ। ਮੈਂ ਨਵਾਂ ਰਾਹ ਲੱਭ ਲਿਆ। ਚਾਰ ਵਜੇ ਟਰੈਕ ਸੂਟ ਪਾਉਂਦਾ ਤੇ ਜੰਗਲ ਵੱਲ ਹੋ ਲੈਂਦਾ। ਮੈਂ ਵੀ ਉਧਰ ਜੰਗਲ ਨੂੰ ਬੀ.ਐਸ.ਐਫ਼. ਦੇ ਗੇਟ ਲੰਘ ਕੇ ਫੈਂਸਿੰਗ ਦੇ ਰਾਹ ਪੈ ਜਾਂਦਾ। ਮੈਂ ਹਾਕੀ ਵਿਚ ਕੁਝ ਕਰਨਾ ਚਾਹੁੰਦਾ ਸੀ, ਆਪਣਾ ਨਾਮ ਚਮਕਾਉਣਾ ਚਾਹੁੰਦਾ ਸੀ। ਖੇਡ ਪ੍ਰੇਮ ਵੀ ਤਾਂ ਇੱਕ ਜਾਦੂ ਹੁੰਦਾ ਹੈ, ਜੋ ਬੰਦੇ ਨੂੰ ਵਲ ਲੈਂਦਾ ਹੈ।
ਮੇਰੇ ਸਾਹ ਸੁੱਕ ਗਏ ਜਦੋਂ ਫੈਸਿੰਗ ਦੇ ਨਾਲ ਅਫ਼ਸਰਾਂ ਦੇ ਕੁਆਟਰਾਂ ਕੋਲ ਬਣੇ ਛੋਟੇ ਗੇਟ ਕੋਲ ਉਹ ਸਰਦਾਰ ਕਮਾਂਡਰ ਤੇ ਉਹੀ ਲੜਕੀ ਖੜ੍ਹੇ ਦੇਖੇ। ਮੈਂ ਕੋਲ ਦੀ ਲੰਘਣ ਵੇਲੇ ‘ਗੁੱਡ ਈਵਨਿੰਗ ਸਰ’ ਕਿਹਾ। ਮੈਂ ਡਰ ਵੀ ਰਿਹਾ ਸੀ ਕਿ ਅਫ਼ਸਰ ਕਹੇਗਾ ਕਿ ਤੁਸੀਂ ਵਰਜਿਤ ਏਰੀਏ ਵਿਚ ਕਿਉਂ ਫਿਰ ਰਹੇ ਹੋ? ਇਹ ਏਰੀਆ ਤੁਹਾਡੇ ਲਈ ‘ਆਊਟ ਆਫ਼ ਬਾਊਂਡ’ ਹੈ। ਪਰ ਮੈਂ ਹੈਰਾਨ ਰਹਿ ਗਿਆ ਜਦ ਉਸ ਨੇ ਅੰਗਰੇਜ਼ੀ ਵਿਚ ਪੁੱਛਿਆ, ‘ਕਿੱਥੇ ਤੱਕ ਜਾਨਾ ਹੁੰਨਾ’ ਮੈਂ ਅੰਗਰੇਜ਼ੀ ਵਿਚ ਹੀ ਜਵਾਬ ਦਿੱਤਾ, ‘ਬਹੁਤੀ ਦੂਰ ਨਹੀਂ ਜਾਂਦਾ. ਇੱਥੇ ਹੀ ਕਈ ਗੇੜੇ ਲਾ ਲੈਨਾਂ।’ ਫਿਰ ਉਸ ਨੇ ਲੜਕੀ ਵੱਲ ਇਸ਼ਾਰਾ ਕਰ ਕੇ ਕਿਹਾ, ‘ਇਹ ਤੇਰੇ ਨਾਲ ਜਾਇਆ ਕਰੇਗੀ। ਜੰਗਲ ਵੱਲ ਨਹੀਂ ਜਾਣਾ। ਇੱਥੇ ਭੈੜੇ ਅਨਸਰ ਫਿਰਦੇ ਰਹਿੰਦੇ ਹਨ। ਫਿਰ ਵੀ ਫ਼ਿਕਰ ਦੀ ਕੋਈ ਗੱਲ ਨਹੀਂ।’
ਅਗਲੇ ਤਿੰਨ ਦਿਨ ਅਸੀਂ ਬਹੁਤ ਘੱਟ ਬੋਲੇ। ਉਹ ਆਪਣੀ ਚਾਲ ਚਲਦੀ ਰਹਿੰਦੀ ਤੇ ਮੈਂ ਆਪਣਾ ਸਟੈਮਿਨਾ ਵਧਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਜਦ ਅਸੀਂ ਵਾਪਸ ਗੇਟ ਕੋਲ ਆਉਂਦੇ ਤਾਂ ਉਹ ਬਿਨਾਂ ਮੇਰੇ ਵੱਲ ਦੇਖੇ ਓ.ਕੇ. ਕਹਿ ਕੇ ਅੰਦਰ ਚਲੀ ਜਾਂਦੀ। ਹੌਲੀ-ਹੌਲੀ ਸਾਡੀ ਝਿਜਕ ਖੁਲ੍ਹ ਗਈ। ਹੁਣ ਉਹ ਮੈਨੂੰ ਪੰਜਾਬੀ ਵਿਚ ‘ਓਏ ਮੁੰਡਿਆ’ ਤੇ ਅੰਗਰੇਜ਼ੀ ਵਿਚ ‘ਯੂ ਚੈਂਪ’ ਕਹਿ ਕੇ ਕੋਈ ਨਾ ਕੋਈ ਕਸਰਤ ਕਰ ਕੇ ਦਿਖਾਉਂਦੀ। ਇੱਕ ਵਾਰ ਕਸਰਤ ਕਰਾਉਂਦੀ ਨੇ ਕੋਚ ਵਾਂਗ ਜਦੋਂ ਇਹ ਆਖਿਆ , ‘ਦੇਖ ਬੁਆਇ, ਤੂੰ ਆਪਣੇ ਸਰੀਰ ਨੂੰ ਲੋਹਾ ਬਣਾ ਲੈ। ਮੈਂ ਤੇਰੇ ਸਰੀਰ ‘ਚੋਂ ਪਸੀਨੇ ਦਾ ਤੁਪਕਾ-ਤੁਪਕਾ ਬਾਹਰ ਦੇਖਣਾ ਚਾਹੁੰਦੀ ਹਾਂ। ਤੇਰੇ ਵਿਚ ਕੁਝ ਕਰਨ ਦੀ ਸਮਰੱਥਾ ਅਤੇ ਲਗਨ ਹੈ।’ ਮੈਂ ਅੱਖਾਂ ਨੀਵੀਆਂ ਕਰ ਲਈਆਂ ਤੇ ਇਹੀ ਉਹ ਸਮਾਂ ਸੀ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਇਹ ਕੁੜੀ ਨਹੀਂ ਦੇਵੀ ਹੈ ਜੋ ਇੱਥੇ ਉਤਰ ਕੇ ਮੇਰਾ ਸਿਦਕ ਦੇਖ ਕੇ ਕਹਿ ਰਹੀ ਹੈ।
ਮੈਂ ਉਸ ਵਿਚੋਂ ਇੱਕ ਗੁਰੂ ਦੇਖਣ ਲੱਗਾ। ਦਿਨੋ-ਦਿਨ ਮੇਰਾ ਸਟੈਮਿਨਾ ਵਧਦਾ ਜਾ ਰਿਹਾ ਸੀ। ਉਹ ਵੀ ਹੁਣ ਦੌੜਣ ਲੱਗ ਗਈ ਸੀ। ਕੁੱਝ ਹੀ ਦਿਨਾਂ ਵਿਚ ਉਸ ਦੀ ਸਿਹਤ ਵਿਚ ਸੁਧਾਰ ਹੋਣ ਲੱਗਿਆ ਸੀ। ਉਸ ਅੰਦਰੋਂ ਯੂਨੀਵਰਸਿਟੀ ਦੀ ਹਾਕੀ ਖਿਡਾਰਨ ਫਿਰ ਜਾਗ ਪਈ ਲਗਦੀ ਸੀ। ਕਦੇ ਕਦੇ ਉਹਦੇ ਮੰਮੀ ਡੈਡੀ ਵੀ ਉਧਰ ਆ ਜਾਂਦੇ ਤੇ ਸਾਡੇ ਕੋਲ ਦੀ ਮੁਸਕਰਾ ਕੇ ਲੰਘ ਜਾਂਦੇ।
ਇਕ੍ਹਤਰ ਦੀ ਲੜਾਈ ਲੱਗ ਗਈ। ਸਾਡਾ ਸੁਕੈਡਰਨ ਆਗਰੇ ਚਲਾ ਗਿਆ। ਬੀ.ਐਸ. ਐਫ਼ ਪਤਾ ਨਹੀਂ ਕਿਹੜੀ ਬਾਰਡਰ ’ਤੇ ਚਲੀ ਗਈ। ਇੱਕ ਵਾਰ ਸਭ ਕੁਝ ਖ਼ਤਮ ਹੋ ਗਿਆ ਲੱਗਿਆ। ਮੈਂ ਵੀਹ ਸਾਲ ਨੌਕਰੀ ਕਰ ਕੇ ਏਅਰਫੋਰਸ ਵਿਚੋਂ ਹਾਕੀ ਦਾ ਕੋਚ ਬਣ ਕੇ ਨਿਕਲਿਆ। ਪਿੰਡ ਆਇਆ, ਥੋੜ੍ਹਾ ਸਮਾਂ ਲੰਘਿਆ, ਸਿੱਖਿਆ ਵਿਭਾਗ ਵੱਲੋਂ ਕੋਚ ਦੀ ਨੌਕਰੀ ਮਿਲ ਗਈ। ਸਾਡੇ ਪਿੰਡ ਦੇ ਨੇੜੇ ਹੀ ਪਿੰਡ ਲੋਪੋ ਵਿਖੇ ਹਾਕੀ ਦਾ ਕੇਂਦਰ ਸੀ। ਅਸੀਂ ਪੰਜਾਬ ਦੀ ਸਿਰਕੱਢਵੀਂ ਟੀਮ ਤਿਆਰ ਕਰ ਲਈ। ਸਟਾਫ਼ ਅਤੇ ਇਲਾਕੇ ਦੇ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ। ਇਸੇ ਲਈ ਹੀ ਤਾਂ ਸਾਡੀ ਟੀਮ ਦੇ ਕਈ ਖਿਡਾਰੀ ਪੰਜਾਬ ਦੀ ਟੀਮ ਵਿਚ ਖੇਡਦੇ ਸਨ।
ਇੰਟਰ ਸਕੂਲ ਮੁਕਾਬਲੇ ਲੋਪੋ ਹੀ ਹੋਏ। ਸਾਡੀ ਟੀਮ ਪਹਿਲੇ ਨੰਬਰ ’ਤੇ ਆਈ। ਪ੍ਰਿਸੀਪਲ ਮੈਡਮ ਨੇ ਮੈਨੂੰ ਬੁਲਾ ਕੇ ਕਿਹਾ, ‘ਇਨਾਮ ਵੰਡ ਲਈ ਸੰਸਾਰਪੁਰ ਤੋਂ ਇੱਕ ਰਿਟਾਇਰਡ ਕਰਨਲ ਸਾਹਿਬ ਆ ਰਹੇ ਹਨ। ਮੈਂ ਚਾਹੁੰਦੀ ਹਾਂ, ਤੁਸੀਂ ਸਵਾਗਤੀ ਕਮੇਟੀ ਵਿਚ ਹੋਵੋ।’
ਕਰਨਲ ਸਾਹਿਬ ਦਾ ਚਿਹਰਾ ਦੇਖ ਕੇ ਮੇਰੇ ਚੇਤਿਆਂ ਵਿਚ ਖਲਬਲੀ ਮੱਚਣ ਲੱਗੀ। ਵਾਰ ਵਾਰ ਯਾਦ ਕਰਨ ਦੀ ਕੋਸ਼ਿਸ਼ ਕੀਤੀ। ਚਾਹ-ਪੀਣ ਲੱਗਿਆਂ ਸਾਹਿਬ ਕੋਲ ਜਾ ਕੇ ਪੁੱਛ ਹੀ ਲਿਆ, ‘ਸਰ, ਤੁਸੀਂ ਗੋਰਖਪੁਰ ਵੀ ਸੀ?’
ਉਸ ਨੇ ਮੇਰੇ ਮੋਢੇ ’ਤੇ ਹੱਥ ਰੱਖ ਕੇ ਕਿਹਾ, ਤੈਥੋਂ ਇਹੀ ਆਸ ਰੱਖੀ ਜਾ ਸਕਦੀ ਹੈ। ਤੇਰੀ ਟੀਮ ਬਹੁਤ ਵਧੀਆ ਹੈ। ਮੁਬਾਰਕਾਂ! ਮੈਂ ਤੈਨੂੰ ਪਛਾਣ ਲਿਆ ਸੀ। ਦੇਖ ਰਿਹਾ ਸਾਂ ਕਿ ਤੂੰ ਪਛਾਣਦਾ ਕਿ ਨਹੀਂ? ਫਿਰ ਉਸ ਨੇ ਮੈਨੂੰ ਮੈਡਮ ਕੋਲ ਲਿਜਾ ਕੇ ਕਿਹਾ, ‘ਕੀ ਤੁਹਾਨੂੰ ਯਾਦ ਹੈ, ਇਹ ਉਹੀ ਮੁੰਡਾ ਹੈ, ਜਿਹੜਾ ਆਪਣੀ ਪਾਸੀ ਨਾਲ ਦੌੜਣ ਜਾਂਦਾ ਸੀ। ਉਮੀਦ ਹੈ ਤੈਨੂੰ ਯਾਦ ਆ ਗਿਆ ਹੋਣਾ।’ ਮੈਂ ਸਤਿਕਾਰ ਨਾਲ ਝੁਕਿਆ ਹੀ ਸਾਂ, ਉਨ੍ਹਾਂ ਮੇਰੇ ਮੋਢੇ ਫੜ ਲਏ। ਇਸ ਤੋਂ ਪਹਿਲਾਂ ਕਿ ਮੈਂ ਕੁਝ ਪੁੱਛਦਾ, ਮੇਰੇ ਮੂੰਹ ਵੱਲ ਦੇਖ ਕੇ ਕਿਹਾ, ‘ਪਾਸੀ ਇਜ਼ ਨੋ ਮੋਰ! ਸ਼ੀ ਲੈਫ਼ਟ ਅੱਸ ਟਵੰਟੀ ਯੀਅਰਜ਼ ਅਗੋ।’ ਮੈਂ ਜਜ਼ਬਾਤ ਰੋਕ ਕੇ ਕਿਹਾ, ‘ਸਰ! ਇਹ ਸਾਡੀ ਟੀਮ ਦੀ ਜਿੱਤ ਪਾਸੀ ਦੀ ਜਿੱਤ ਹੈ। ਉਹ ਦੇਵੀ ਸੀ, ਮੈਨੂੰ ਕੋਚ ਬਣਾਉਣ ਵਾਲੀ। ਪਾਸੀ ਦੇ ਬੋਲ ਮੈਂ ਕਦੇ ਨਹੀਂ ਭੁਲਾ ਸਕਿਆ, ‘ਮੈਂ ਤੇਰੇ ਸਰੀਰ ’ਚੋਂ ਪਸੀਨੇ ਦਾ ਤੁਪਕਾ-ਤੁਪਕਾ ਬਾਹਰ ਦੇਖਣਾ ਚਾਹੁੰਦੀ ਹਾਂ!’ ਦੋਨਾਂ ਨੇ ਮੇਰੇ ਮੋਢਿਆਂ ’ਤੇ ਹੱਥ ਰੱਖੇ ਹੋਏ ਸਨ ਪਰ ਮੈਡਮ ਦੀਆਂ ਅੱਖਾਂ ’ਚੋਂ ਅੱਥਰੂ ਰੁਕਣ ਦਾ ਨਾਮ ਨਹੀਂ ਸਨ ਲੈ ਰਹੇ।