ਕਲਾ ਭਵਨ ਦੇ ਵਿਹੜੇ ਮਹਾ-ਉਤਸਵ ਦਾ ਆਗਾਜ਼

ਗੁਲਜ਼ਾਰ ਸਿੰਘ ਸੰਧੂ
ਪੰਜਾਬ ਕਲਾ ਪ੍ਰੀਸ਼ਦ ਵਲੋਂ ਹਰ ਸਾਲ ਕਰਵਾਏ ਜਾਂਦੇ ‘ਰੰਧਾਵਾ ਉਤਸਵ’ ਵਿਚ ਪੰਜਾਬੀ ਦੇ ਹਰਮਨ-ਪਿਆਰੇ ਕਵੀ ਸੁਰਜੀਤ ਪਾਤਰ ਦੀਆਂ ਯਾਦਾਂ ਤੇ ਮਾਤ ਭਾਸ਼ਾ ਪੰਜਾਬੀ ਨੂੰ ਦਰਪਰੇਸ਼ ਔਕੜਾਂ ਜੋੜ ਕੇ ਇਸਦਾ ਘੇਰਾ ਤੇ ਸਮਾਂ ਏਨਾ ਲੰਮਾ ਕਰ ਦਿੱਤਾ ਗਿਆ ਹੈ ਕਿ ਇਸਨੂੰ ਉਤਸਵ ਦੀ ਥਾਂ ਮਹਾ-ਉਤਸਵ ਕਹਿਣਾ ਹੀ ਯੋਗ ਹੈ|

ਪੰਜਾਬ ਦੇ ਨੌਂ ਵੱਡੇ ਸ਼ਹਿਰਾਂ ਵਿਚ 2 ਫਰਵਰੀ ਤੋਂ 29 ਮਾਰਚ ਤੱਕ ਵਿਉਂਤੇ ਗਏ ਵੱਖ-ਵੱਖ ਪ੍ਰੋਗਰਾਮਾਂ ਵਿਚ ਸਾਹਿਤ, ਸੰਗੀਤ ਤੇ ਕਲਾ ਹੀ ਨਹੀਂ ਮਸਨੂਈ ਬੁੱਧੀ (Artificial Intelligence) ਵੀ ਚਰਚਾ ਦਾ ਵਿਸ਼ਾ ਰਹੇ ਸੀ| ਇਸ ਕਲਾ ਉਤਸਵ ਨੂੰ ਪੰਜਾਬ ਦੀਆਂ ਚਾਰ ਯੂਨੀਵਰਸਟੀਆਂ ਤੋਂ ਬਿਨਾ ਹਿਮਾਚਲ ਪ੍ਰਦੇਸ਼ ਦੀ ਸੈਂਟਰਲ ਯੂਨੀਵਰਸਿਟੀ ਆਫ ਧਰਮਸ਼ਾਲਾ ਅਤੇ ਪੰਜਾਬ ਯੂਨੀਵਰਸਿਟੀ ਦਾ ਚੰਡੀਗੜ੍ਹ ਕੈਂਪਸ ਵੀ ਸਹਿਯੋਗ ਦੇ ਰਿਹਾ ਹੈ| ਪ੍ਰਮੁੱਖਤਾ ਦਾ ਸਿਹਰਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਦੇ ਸਿਰ ਬੱਝਦਾ ਹੈ ਜਿਸਨੇ ਇਸ ਮਹਾ-ਉਤਸਵ ਦਾ ਆਗਾਜ਼ ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਭਾਸ਼ਣ ਨਾਲ ਕੀਤਾ| ਇਸਦੀ ਗੱਲ ਵੀ ਹੋਵੇਗੀ ਪਹਿਲਾਂ ਇਹ ਦੱਸ ਲਈਏ ਕਿ ਇਸ ਲੜੀ ਵਿਚ ਖੇਤੀ ਯੂਨੀਵਰਸਿਟੀ ਨੇ 25 ਫਰਵਰੀ ਨੂੰ ਆਪਣੇ ਕੈਂਪਸ ਵਿਚ ਸੁਰਜੀਤ ਪਾਤਰ ਕਲਾ ਉਤਸਵ ਨੂੰ ਵੀ ਨਿਵਾਜਣਾ ਹੈ| ‘ਜੀਵੇ ਜਵਾਨੀ’ ਨਾਂ ਦੇ ਇਸ ਉਤਸਵ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਨਾਟਕ ਤੇ ਕਲਾ ਪ੍ਰਦਰਸ਼ਨੀਆਂ ਦੇ ਨਾਲ-ਨਾਲ ਲੋਕ ਪੇਸ਼ਕਾਰੀਆਂ ਵੀ ਦਰਸ਼ਕਾਂ ਨੂੰ ਨਿਹਾਲ ਕਰਨਗੀਆਂ| ਅੰਮ੍ਰਿਤਸਰ ਤੇ ਬਠਿੰਡਾ ਸਥਿਤ ਯੂਨੀਵਰਸਿਟੀਆਂ ਦੇ ਪ੍ਰੋਗਰਾਮ ਵਿਚ ਵੀ ਸੰਗੀਤ ਨਾਟਕ ਪੇਸ਼ਕਾਰੀਆਂ ਤੋਂ ਬਿਨਾ ਮਸਨੂਈ ਬੁੱਧੀ ਦੀਆਂ ਬਰਕਤਾਂ ਉੱਤੇ ਰੌਸ਼ਨੀ ਪਾਈ ਜਾਵੇਗੀ| ਇਸ ਦੋ ਮਾਹ ਚੱਲਣ ਵਾਲੇ ਮਹਾ-ਉਤਸਵ ਦਾ ਅੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਵਿਚ ਚਾਰ-ਰੋਜ਼ਾ ਪ੍ਰੋਗਰਾਮਾਂ ਨਾਲ ਹੋਵੇਗਾ ਜਿੱਥੇ ਪੰਜਾਬ ਦਾ ਕਲਾ ਪ੍ਰੇਮੀ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰੀ ਭਰੇਗਾ|
ਇਨ੍ਹਾਂ ਪੇਸ਼ਕਾਰੀਆਂ ਤੇ ਪ੍ਰੋਗਰਾਮਾਂ ਦਾ ਚਿਹਰਾ-ਮੁਹਰਾ ਤੇ ਅਦਾਇਗੀ ਕਿਹੋ ਜਿਹੀ ਹੋਵੇਗੀ ਇਸਦਾ ਅੰਦਾਜ਼ਾ ਪ੍ਰੋਫੈਸਰ ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਉਦਘਾਟਨੀ ਸ਼ਬਦਾਂ ਅਤੇ ਐੱਨ.ਐੱਫ.ਐਲੇ ਦੇ ਸਾਬਕਾ ਸੀ.ਐੱਮ.ਡੀ ਨਿਰਲੇਪ ਸਿੰਘ ਦੇ ਪ੍ਰਧਾਨਗੀ ਭਾਸ਼ਨ ਤੋਂ ਪ੍ਰਤੱਖ ਸੀ| ਬਾਅਦ ਦੁਪਹਿਰ ਕਲਾ ਭਵਨ ਦੇ ਖੁੱਲ੍ਹੇ ਵਿਹੜੇ ਵਾਲੀਆਂ ਲੋਕ ਪੇਸ਼ਕਾਰੀਆਂ ਨੇ ਅਜਿਹਾ ਰੰਗ ਬੰਨਿ੍ਹਆ ਕਿ ਸਾਰੇ ਦਰਸ਼ਨ ਤੇ ਸਰੋਤੇ ਅਸ਼-ਅਸ਼ ਕਰ ਉਠੇ| ਉਂਝ ਤਾਂ ਇਹ ਪੇਸ਼ਕਾਰੀਆਂ ਅਸੀਂ ਆਪਣੇ ਘਰਾਂ ਦੇ ਰੇਡੀਓ ਅਤੇ ਟੀ.ਵੀ. ਯੰਤਰਾਂ `ਤੇ ਰੋਜ਼ ਵੇਖਦੇ ਹਾਂ ਪਰ ਖੁੱਲ੍ਹੇ ਵਿਹੜੇ ਵਾਲੀ ਕਲਾਕਾਰੀ, ਫੁਰਤੀ ਤੇ ਸਾਦਗੀ ਦਾ ਕੋਈ ਜਵਾਬ ਨਹੀਂ| ਖਾਸ ਕਰਕੇ ਹਰਫਨ ਮੌਲਾ ਪ੍ਰੀਤਮ ਰੁਪਾਲ ਦੀ ਨਿਰਦੇਸ਼ਨਾ ਵਾਲੇ ਮਲਵਈ ਗਿੱਧੇ ਅਤੇ ਮੁਟਿਆਰਾਂ ਦੀ ਲੁੱਡੀ ਦਾ| ਭਾਵੇਂ ਪਿਛਲੇ ਵਰਿ੍ਹਆਂ ਵਿਚ ਮਰਦਾਂ ਦਾ ਗਿੱਧਾ ਇਨ੍ਹਾਂ ਨਾਚਾਂ ਦਾ ਪ੍ਰਧਾਨ ਰਿਹਾ ਹੈ ਪਰ ਚੰਡੀਗੜ੍ਹ ਦੇ ਇੰਟਰਜ਼ੋਨ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਉਪਰੰਤ ਮੁਟਿਆਰਾਂ ਦੀ ਲੁੱਡੀ ਵੀ ਉਨੀ ਹੀ ਮਕਬੂਲ ਹੋ ਗਈ ਹੈ| ਇਸ ਵਾਰ ਦੇ ਮਹਾ-ਉਤਸਵ ਵਿਚ ਧਮਾਲ ਦੀ ਆਮਦ ਨੇ ਇਨ੍ਹਾਂ ਨਾਚਾਂ ਦੀ ਬੱਲੇ-ਬੱਲੇ ਨੂੰ ਬੋਚ ਕੇ ਇਸ ਵਿਚ ਸੂਫੀਆਨਾ ਸੋਚ, ਸੇਧ ਤੇ ਸਾਧਨ ਭਰ ਦਿੱਤੀ ਹੈ|
ਇਨ੍ਹਾਂ ਤਿੰਨਾਂ ਨਾਚਾਂ ਦੀ ਵੱਡੀ ਸਿਫਤ ਇਹ ਸੀ ਕਿ ਇਨ੍ਹਾਂ ਵਿਚ ਪੰਜਾਬ ਦੇ ਲੋਕ ਸਾਜ਼ਾਂ ਨੂੰ ਆਧਾਰ ਬਣਾ ਕੇ ਮਹਾ-ਉਤਸਵ ਨੂੰ ਵਿਰਾਸਤੀ ਰੰਗ ਵਿਚ ਰੰਗਿਆ ਗਿਆ| ਇਨ੍ਹਾਂ ਨਾਚਾਂ ਨੂੰ ਦਰਸ਼ਕਾਂ ਵੱਲੋਂ ਮਿਲੀ ਪ੍ਰਵਾਨਗੀ ਦੇਖ ਕੇ ਪ੍ਰਬੰਧਕਾਂ ਨੇ ਇਹ ਵੀ ਐਲਾਨ ਕੀਤਾ ਕਿ ਇਨ੍ਹਾਂ ਨੂੰ ਪ੍ਰਚੱਲਤ ਰੱਖਣ ਦੇ ਯਤਨ ਭਵਿੱਖ ਵਿਚ ਵੀ ਜਾਰੀ ਰਹਿਣਗੇ ਤਾਂ ਕਿ ਪੰਜਾਬ ਦੀ ਸਭਿਆਚਾਰਕ ਨਵ-ਸਿਰਜਣਾ ਦਾ ਸੁਪਨਾ ਸਹੀ ਰੂਪ ਵਿਚ ਸਾਕਾਰ ਹੋ ਸਕੇ|
ਖੇਤੀ ਤੇ ਖੇਤਾਂ ਵਿਚਲੀ ਮਹਿਕ ਦੇ ਖੁਰਨ ਦੀ ਚਿੰਤਾ ਜਤਾਉਣ ਦਾ ਕੰਮ ਡਾ. ਗੋਸਲ ਦੇ ਭਾਸ਼ਨ ਨੇ ਕੀਤਾ| ਇਸ ਵਿਚ ਪੰਜਾਬੀ ਕਿਸਾਨਾਂ ਦੀਆਂ ਮੱਲਾਂ ਤੇ ਪ੍ਰਾਪਤੀਆਂ ਦੀ ਬਾਤ ਪਾਉਣ ਉਪਰੰਤ ਉਨ੍ਹਾਂ ਤਰੁੱਟੀਆਂ ਦਾ ਜ਼ਿਕਰ ਵੀ ਹੈ ਜਿਹੜੀਆਂ ਪੰਜਾਬ ਦੇ ਭਵਿੱਖ ਨੂੰ ਵੱਡਾ ਖੋਰਾ ਲਾ ਸਕਦੀਆਂ ਹਨ|
ਡਾ. ਗੋਸਲ ਦੇ ਸ਼ਬਦਾਂ ਵਿਚ ਕਣਕ ਝੋਨੇ ਦੀ ਸਮਰਥਨ ਮੁੱਲ ਵਾਲੀ ਖੇਤੀ ਨੇ ਨਵਰਚਨਾ ਤੇ ਨਵੀਨ ਉਪਰਾਲਿਆਂ ਦੇ ਪੈਰੀਂ ਬੇੜੀਆਂ ਪਾ ਰੱਖੀਆਂ ਹਨ| ਅਸੀਂ ਖੇਤੀ ਵਿਭਿੰਨਤਾ ਦਾ ਰਾਹ ਨਹੀਂ ਅਪਣਾ ਰਹੇ| ਸਾਨੂੰ ਫਲ, ਸਬਜ਼ੀਆਂ ਤੇ ਸਰ੍ਹੋਂ ਦੀ ਖੇਤੀ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਧਰਤੀ ਦੇ ਥੱਲੇ ਵਾਲਾ ਪਾਣੀ ਬਚੇ ਅਤੇ ਉਪਜ ਤੇ ਆਮਦਨ ਵਧੇ| ਵਧੀ ਹੋਈ ਆਮਦਨ ਦਾ ਵੱਡਾ ਲਾਭ ਪੰਜਾਬ ਦੀ ਜੁਆਨੀ ਨੂੰ ਪਰਦੇਸਾਂ ਵੱਲ ਭੱਜਣ ਤੋਂ ਰੋਕਣ ਦਾ ਕੰਮ ਕਰੇਗਾ| ਨਵੀਆਂ ਵਾਤਾਵਰਣਿਕ ਲੋੜਾਂ ਨੂੰ ਮੁੱਖ ਰੱਖਦਿਆਂ ਪੌਸ਼ਟਿਕ ਗੁਣਾਂ ਵਾਲੀਆਂ ਤੇ ਪੱਕਣ ਵਿਚ ਘੱਟ ਸਮਾਂ ਲੈਣ ਵਾਲੀਆਂ ਫਸਲਾਂ ਤਿਆਰ ਕਰਨ ਦੀ ਲੋੜ ਹੈ ਜਿਹੜੀ ਖੇਤੀ ਵਿਭਿੰਨਤਾ, ਸਪੀਡ ਬਰੀਡਿੰਗ ਤੇ ਜੈਵਿਕ ਖਾਦਾਂ, ਕੀਟ ਨਾਸ਼ਕਾਂ ਤੇ ਸੂਰਜੀ ਊਰਜਾ ਦੀ ਵਰਤੋਂ ਬਿਨਾ ਸੰਭਵ ਨਹੀਂ| ਸਮਾਂ ਆ ਗਿਆ ਹੈ ਕਿ ਸਾਨੂੰ ਮਸਨੂਈ ਬੁੱਧੀ ਦੀ ਵਰਤੋਂ ਦੁਆਰਾ ਡਿਜੀਟਲ ਖੇਤੀ ਖੋਜ ਯੰਤਰਾਂ ਦੀ ਵਰਤੋਂ ਵੱਲ ਵੀ ਹੌਸਲੇ ਵਾਲੇ ਕਦਮ ਪੁੱਟਣੇ ਚਾਹੀਦੇ ਹਨ| ਅਸਲ ਮੁੱਦਾ ਅਧਿਆਪਕ, ਖੋਜ ਤੇ ਸੰਚਾਰ ਦੇ ਪਹੀਆਂ ਵਿਚ ਵਪਾਰ ਦਾ ਪਹੀਆ ਜੋੜਨ ਦਾ ਹੈ ਜਿਸ ਨਾਲ ਧਰਤੀ ਨੂੰ ਦਰਪੇਸ਼ ਖਤਰੇ ਘਟਣਗੇ|
ਉਦਘਾਟਨੀ ਸੈਸ਼ਨ ਦਾ ਸਾਰ ਅੰਸ਼ ਕਣਕ ਤੇ ਝੋਨੇ ਦੀ ਖੇਤੀ ਨਾਲੋਂ ਸਰ੍ਹੋਂ ਤੇ ਤਾਰਾਮੀਰਾ ਆਦਿ ਤੇਲ ਵਾਲੇ ਬੀਜਾਂ ਦੀ ਕਾਸ਼ਤ ਲਈ ਪ੍ਰੇਰਨਾ ਸੀ ਜਿਹੜੀ ਸਰ੍ਹੋਂ ਦੇ ਤੇਲ ਦੀ ਉਪਜ ਵਧਾ ਕੇ ਡਾਵਾਂਡੋਲ ਹੋਈ ਕਿਸਾਨੀ ਨੂੰ ਮੁੜ ਪੈਰਾਂ ਉੱਤੇ ਖੜ੍ਹੀ ਕਰ ਸਕਦੀ ਹੈ| ਰਾਸ਼ਟਰੀ ਖਾਦਾਂ ਦੇ ਵੱਡੇ ਮਸਲੇ ਨਜਿੱਠਣ ਵਾਲੇ ਨਿਰਲੇਪ ਨੇ ਇੱਕ ਪਿੰਡ ਦੇ ਵਸਨੀਕਾਂ ਨੂੰ ਸਾਂਝੀ ਖੇਤੀ ਦਾ ਮਾਡਲ ਅਪਨਾਉਣ ਲਈ ਪ੍ਰੇਰਿਆ| ਉਸ ਦਾ ਮੱਤ ਹੈ ਕਿ ਅੱਜ ਦੇ ਦਿਨ ਪਿੰਡ ਵਾਸੀਆਂ ਨੂੰ ਆਪੋ-ਆਪਣੇ ਵਿਚਾਰ ਵਿਰੋਧ ਮਿਟਾ ਕੇ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ| ਸਾਂਝੀ ਖੇਤੀ ਦੇ ਮਾਰਗ ਤੁਰਿਆਂ ਇਕ ਪਿੰਡ ਦੀ ਕੁਲ ਭੂਮੀ ਲਈ ਟਰੈਕਟਰਾਂ ਦੀ ਗਿਣਤੀ ਘਟ ਜਾਵੇਗੀ ਤੇ ਫਸਲਾਂ ਦੀ ਉਪਜ ਵਧ ਜਾਵੇਗੀ ਜਿਸਦੇ ਨਤੀਜੇ ਵਜੋਂ ਪੰਜਾਬ ਦੀ ਨੌਜਵਾਨੀ ਪਰਦੇਸਾਂ ਨੂੰ ਭੱਜਣ ਦੀ ਥਾਂ ਆਪਣੀ ਜਨਮ ਭੂਮੀ ਵਿਚ ਰਹਿ ਕੇ ਮੌਜਾਂ ਮਾਣ ਸਕਦੀ ਹੈ| 2 ਫਰਵਰੀ ਨੂੰ ਪੰਜਾਬ ਕਲਾ ਪ੍ਰੀਸ਼ਦ ਦੇ ਵਿਹੜੇ ਤੋਂ ਤੁਰਿਆ ਅੱਠ ਹਫਤੇ ਦਾ ਇਹ ਕਾਫਲਾ ਪੰਜਾਬ ਦੀ ਜਵਾਨੀ ਲਈ ਵਧੀਆ ਸੁਪਨੇ ਲੈ ਕੇ ਆਇਆ ਹੈ|

ਅੰਤਿਕਾ
ਸੁਰਜੀਤ ਪਾਤਰ॥
ਜਦੋਂ ਮਿਲਿਆ ਸੀ ਹਾਣ ਦਾ ਸੀ ਸਾਵਰਾ ਜਿਹਾ,
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣਕੇ|