ਸਿਰੋਪਾਓ ਦੀ ਗੱਲ

ਸੰਪਾਦਕ ਜੀ,
ਸਭ ਤੋਂ ਪਹਿਲਾਂ ਪੰਜਾਬ ਟਾਈਮਜ਼ ਨੂੰ ਇੰਨੀਆਂ ਉਚਾਈਆਂ ‘ਤੇ ਲੈ ਜਾਣ ਲਈ ਤੁਹਾਨੂੰ ਦਿਲੋਂ ਵਧਾਈ। ਮੇਰਾ ਵਿਸ਼ਵਾਸ ਹੈ ਕਿ ਇਸ ਸਮੇਂ ਪੰਜਾਬ ਟਾਈਮਜ਼ ਦੁਨੀਆਂ ਭਰ ਦਾ ਸਭ ਤੋਂ ਵਧੀਆ ਹਫਤਾਵਾਰ ਪੰਜਾਬੀ ਅਖਬਾਰ ਹੈ। ਖਬਰਾਂ ਦੀਆਂ ਸੁਰਖੀਆਂ, ਸ਼ਬਦਾਂ ਦੀ ਚੋਣ ਅਤੇ ਨਿਰਪੱਖ ਪਹੁੰਚ ਇਸ ਅਖਬਾਰ ਨੂੰ ਸੱਚਮੁੱਚ ਹੀ ਬੇਲਾਗ ਤੇ ਬੇਬਾਕ ਸਾਬਤ ਕਰਦੀਆਂ ਹਨ। ਇਸ ਵਿਚ ਛਪਦੇ ਵੱਖ ਵੱਖ ਮੁੱਦਿਆਂ ਬਾਰੇ ਲੇਖ ਹਰ ਅੰਕ ਨੂੰ ਇਕ ਵਿਲੱਖਣ ਅੰਕ ਬਣਾਉਂਦੇ ਹਨ। ਇਸ ਸਮੇਂ ਛਪਦੇ ਕਈ ਹੋਰ ਪੰਜਾਬੀ ਅਖਬਾਰਾਂ ਦੇ ਉਲਟ ਇਸ ਵਿਚ ਲੱਚਰਪੁਣਾ, ਹਲਕੇ ਪੱਧਰ ਦੇ ਦੋਸ਼ ਅਤੇ ਲੋਕਾਂ ਨੂੰ ਸਿਰਫ ਠੱਗਣ ਵਾਲੇ ਇਸ਼ਤਿਹਾਰ ਨਹੀਂ ਛਪਦੇ। ਮੈਂ ਪੰਜਾਬ ਟਾਈਮਜ਼ ਨਾਲ ਸੁæਰੂ ਤੋਂ ਹੀ ਜੁੜਿਆ ਹੋਇਆ ਹਾਂ ਅਤੇ ਮੇਰਾ ਯਕੀਨ ਹੈ ਕਿ ਇਕ ਸੰਪਾਦਕ ਦੇ ਤੌਰ ‘ਤੇ ਤੁਸੀਂ ਉਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ ਜਿਨ੍ਹਾਂ ਦੀ ਕਿਸੇ ਜ਼ਿੰਮੇਵਾਰ ਸੰਪਾਦਕ ਤੋਂ ਆਸ ਕੀਤੀ ਜਾਂਦੀ ਹੈ।
ਮੈਂ ਇਸ ਖਤ ਰਾਹੀਂ ਸਿੱਖ ਪੰਥ ਵਿਚ ‘ਸਿਰੋਪਾਓ’ ਦੇ ਸਨਮਾਨ ਦੀ ਗੱਲ ਕਰਨੀ ਚਾਹੁੰਦਾ ਹਾਂ। ਸਿਰੋਪਾਓ ਉਸ ਸਿੱਖ ਨੂੰ ਗੁਰੂ ਦੀ ਬਖਸ਼ਿਸ਼ ਵਜੋਂ ਬਖਸ਼ਿਆ ਜਾਂਦਾ ਹੈ ਜਿਸ ਨੇ ਭਾਈਚਾਰੇ ਲਈ ਕੋਈ ਨਿਸ਼ਕਾਮ ਸੇਵਾ ਕੀਤੀ ਹੋਵੇ। ਇਹ ਇਕ ਤਰ੍ਹਾਂ ਗੁਰੂ ਪ੍ਰਤੀ ਤੁਹਾਡੀ ਨਿਸ਼ਕਾਮ ਸੇਵਾ ਨੂੰ ਗੁਰੂ ਦੀਆਂ ਨਜ਼ਰਾਂ ਵਿਚ ਮਾਨਤਾ ਸੀ। ਇਹ ਇਕ ਬਹੁਤ ਵੱਡਾ ਮਾਣ ਸੀ ਜੋ ਗੁਰੂ ਤੋਂ ਹਾਸਲ ਕਰਕੇ ਹਾਸਲ ਕਰਨ ਵਾਲਾ ਧੰਨ ਧੰਨ ਹੋ ਜਾਂਦਾ ਸੀ ਪਰ ਅਜੋਕੇ ਯੁਗ ਵਿਚ ਸਿਰੋਪਾਓ ਮਹਿਜ ਇਕ ਰਸਮ ਬਣ ਕੇ ਰਹਿ ਗਏ ਹਨ। ਇਸ ਦੀ ਸਿਆਸੀ ਮਨੋਰਥਾਂ ਲਈ ਵਰਤੋਂ ਨੇ ਇਸ ਦੀ ਅਹਿਮੀਅਤ ਨੂੰ ਸੱਟ ਮਾਰੀ ਹੈ। ਅੱਜ ਗੁਰੂ ਘਰਾਂ ਵਿਚ ਹਰ ਐਰੇ-ਗੈਰੇ, ਨੱਥੂ ਖੈਰੇ ਨੂੰ ਸਿਰੋਪਾਓ ਦਿੱਤਾ ਜਾ ਰਿਹਾ ਹੈ, ਸਿਰਫ ਤੇ ਸਿਰਫ ਸਿਆਸੀ ਮਨੋਰਥਾਂ ਲਈ। ਉਨ੍ਹਾਂ ਸਿਆਸਤਦਾਨਾਂ ਨੂੰ ਵੀ ਸਿਰੋਪਾਓ ਦਿੱਤਾ ਜਾ ਰਿਹਾ ਹੈ ਜੋ ਸਿਵਾਏ ਝੂਠ ਬੋਲਣ ਤੇ ਨਿੱਤ ਦਿਹਾੜੇ ਪਾਰਟੀਆਂ ਬਦਲਣ ਤੋਂ ਵੱਧ ਕੁਝ ਨਹੀਂ ਕਰਦੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਸਿਰੋਪਾਓ ਅੰਮ੍ਰਿਤਧਾਰੀ ਸਿੱਖਾਂ ਹੱਥੋਂ ਉਨ੍ਹਾਂ ਲੋਕਾਂ ਨੂੰ ਵੀ ਦੁਆਇਆ ਜਾ ਰਿਹਾ ਹੈ ਜੋ ਸਿੱਖੀ ਦੇ ਵਿਰੁਧ ਭੁਗਤਦੇ ਆਏ ਹਨ ਜਾਂ ਜਿਨ੍ਹਾਂ ਦੇ ਜੀਵਨ ਵਿਚ ਸਿੱਖੀ ਵਾਲੀ ਕੋਈ ਗੱਲ ਹੀ ਨਹੀਂ। ਸਾਡੇ ਜਥੇਦਾਰ ਇਨ੍ਹਾਂ ਗੱਲਾਂ ਬਾਰੇ ਸਿਰਫ ਚੁੱਪ ਹੀ ਨਹੀਂ ਸਗੋਂ ਮੀਸਣੇ ਬਣ ਕੇ ਇਹ ਸਭ ਕੁਝ ਦੇਖੀ ਜਾ ਰਹੇ ਹਨ। ਡਰ ਲੱਗਦਾ ਹੈ ਕਿ ਸਿੱਖ ਪੰਥ, ਸਿੱਖ ਧਰਮ ਕਿੱਧਰ ਨੂੰ ਜਾ ਰਿਹਾ ਹੈ? ਇਹ ਸਭ ਕੀ ਹੋ ਰਿਹਾ ਹੈ? ਕੀ ਸਾਡੇ ਸਿਆਸਤਦਾਨ ਅਤੇ ਜਥੇਦਾਰ ਸਮਝਦੇ ਹਨ ਕਿ ਉਨ੍ਹਾਂ ਨੂੰ ਸਿਰੋਪਾਓ ਦੀ ਅਹਿਮੀਅਤ ਬਾਰੇ ਸਾਡੇ ਗੁਰੂ ਸਾਹਿਬਾਨ ਤੋਂ ਵੱਧ ਪਤਾ ਹੈ? ਮੈਨੂੰ ਆਪਣੇ ਸਿੱਖ ਹੋਣ ਉਪਰ ਮਾਣ ਹੈ ਪਰ ਨਾਲ ਹੀ ਇਹ ਦੁੱਖ ਵੀ ਹੁੰਦਾ ਹੈ ਕਿ ਕੀ ਅਸੀਂ ਸਾਰੇ ਸਿੱਖ ਇਹ ਸਭ ਕੁਝ ਮੂਕ ਦਰਸ਼ਕ ਬਣ ਕੇ ਹੀ ਦੇਖਦੇ ਰਹਾਂਗੇ, ਗਲਤ ਹੋ ਰਹੇ ਇਸ ਸਭ ਦਾ ਵਿਰੋਧ ਨਹੀਂ ਕਰਾਂਗੇ?
-ਠਾਕਰ ਸਿੰਘ ਬਸਾਤੀ
ਸ਼ਿਕਾਗੋ।

Be the first to comment

Leave a Reply

Your email address will not be published.