ਸੁਰਿੰਦਰ ਸਿੰਘ ਤੇਜ
ਫੋਨ: 91-98555-01488
ਕਿਸੇ ਫ਼ਿਲਮ ਅਦਾਕਾਰਾ ਤੋਂ ਘੱਟ ਖੂਬਸੂਰਤ ਨਹੀਂ ਸੀ ਮੀਨਾ ਕਪੂਰ। ਕਿਸੇ ਹੋਰ ਗਾਇਕਾ ਤੋਂ ਊਣੀ ਵੀ ਨਹੀਂ ਸੀ ਉਹ ਆਪਣੇ ਜ਼ਮਾਨੇ ਵਿਚ। ਫ਼ਿਲਮਸਾਜ਼ ਖਵਾਜਾ ਅਹਿਮਦ ਅੱਬਾਸ ਦੀ ਫ਼ਿਲਮ ‘ਪਰਦੇਸੀ’ (1957) ਦਾ ਗੀਤ ‘ਰਸੀਆ ਰੇ ਮਨ ਬਸੀਆ ਰੇ’ ਉਸ ਦੀ ਪੁਰਸੋਜ਼ ਆਵਾਜ਼ ਦਾ ਜਾਦੂ ਅੱਜ ਵੀ ਵਿਵਿਧ ਭਾਰਤੀ ‘ਤੇ ਬਿਖੇਰਦਾ ਰਹਿੰਦਾ ਹੈ। ਫ਼ਿਲਮ ‘ਛੋਟੀ ਛੋਟੀ ਬਾਤੇਂ’ (1965) ਦਾ ਗੀਤ ‘ਕੁਛ ਔਰ ਜ਼ਮਾਨਾ ਕਹਿਤਾ ਹੈ’ ਉਸ ਦੀ ਆਵਾਜ਼ ਅੰਦਰਲੀ ਕੋਮਲਤਾ ਦੀ ਜ਼ਿੰਦਾ ਮਿਸਾਲ ਹੈ। ਇਹ ਘੀਤ ਅੱਜ ਵੀ ਗਾਏ ਤੇ ਸੁਣੇ ਜਾਂਦੇ ਹਨ। ਇਹੀ ਤੱਥ ਮੀਨਾ ਕਪੂਰ ਦੇ ਗਲੇ ਅੰਦਰਲੀ ਮਿਕਨਾਤੀਸੀ ਖਿੱਚ ਦਾ ਪ੍ਰਮਾਣ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਦੀ ਪੀੜ੍ਹੀ ਇਸ ਆਵਾਜ਼ ਨੂੰ ਕਦੇ ਸੁਰੱਈਆ ਦੀ ਆਵਾਜ਼ ਸਮਝ ਬੈਠਦੀ ਹੈ ਅਤੇ ਕਦੇ ਗੀਤਾ ਦੱਤ ਦੀ। ਇਤਵਾਕਵੱਸ, ਮੀਨਾ ਗਾਇਕਾ ਵਜੋਂ ਆਪਣੇ ਕਰੀਅਰ ਪੱਖੋਂ ਇਨ੍ਹਾਂ ਦੋਵਾਂ ਤੋਂ ਸੀਨੀਅਰ ਸੀ, ਪਰ ਨਾਲ ਹੀ ਦੋਵਾਂ ਦੀ ਪੱਕੀ ਸਹੇਲੀ ਵੀ ਸੀ। ਗੀਤਾ ਦੱਤ ਨਾਲ ਤਾਂ ਉਸ ਦੀ ਦੋਸਤੀ ਗੀਤਾ ਦੀ ਬੇਵਕਤੀ ਮੌਤ ਤਕ ਨਿਭੀ।
ਫ਼ਿਲਮ ਗਾਇਕੀ ਦੇ ਖੇਤਰ ਵਿਚ ਮੀਨਾ ਕਪੂਰ ਦਾ ਜੀਵਨ ਦੋ ਦਹਾਕੇ ਚੱਲਿਆ- 1946 ਤੋਂ 1965 ਤਕ। ਇਸ ਅਰਸੇ ਦੌਰਾਨ ਉਸ ਨੇ ਨੌਸ਼ਾਦ ਅਲੀ, ਗ਼ੁਲਾਮ ਮੁਹੰਮਦ, ਸ਼ੰਕਰ ਜੈਕਿਸ਼ਨ ਤੇ ਮਦਨ ਮੋਹਨ ਨੂੰ ਛੱਡ ਕੇ ਬਾਕੀ ਸਾਰੇ ਮਸ਼ਹੂਰ ਸੰਗੀਤਕਾਰਾਂ ਦੇ ਨਿਰਦੇਸ਼ਨ ਹੇਠ ਗੀਤ ਗਾਏ। ਇਹ ਸਮਾਂ ਮੰਗੇਸ਼ਕਰ ਭੈਣਾਂ, ਖਾਸ ਕਰ ਕੇ ਲਤਾ ਮੰਗੇਸ਼ਕਰ ਦਾ ਯੁੱਗ ਸੀ ਪਰ ਲਤਾ ਦੇ ਸਿਫ਼ਤਨਿਗਾਰਾਂ ਨੇ ਵੀ ਮੀਨਾ ਤੋਂ ਗੀਤ ਗਵਾਉਣ ਪ੍ਰਤੀ ਝਿਜਕ ਨਹੀਂ ਦਿਖਾਈ। ਸੰਗੀਤਕਾਰ ਸੀæ ਰਾਮਚੰਦਰ ਨੇ ਜਦੋਂ ‘ਆਨਾ ਮੇਰੀ ਜਾਨ, ਮੇਰੀ ਜਾਨ ਸੰਡੇ ਕੇ ਸੰਡੇ’ (ਸ਼ਹਿਨਾਈ) ਰਿਕਾਰਡ ਕਰਨਾ ਸੀ ਤਾਂ ਉਨ੍ਹਾਂ ਨੇ ਨਾ ਤਾਂ ਲਤਾ ਨੂੰ ਬੁਲਾਉਣਾ ਵਾਜਬ ਸਮਝਿਆ ਅਤੇ ਨਾ ਹੀ ਗੀਤਾ ਦੱਤ ਨੂੰ। ਉਨ੍ਹਾਂ ਨੇ ਸੱਦਾ ਮੀਨਾ ਕਪੂਰ ਨੂੰ ਦਿੱਤਾ। ਰਾਮਚੰਦਰ ਜੋ ਖ਼ੁਦ ਚਿਤਲਕਰ ਦੇ ਨਾਮ ਨਾਲ ਗਾਉਂਦੇ ਸਨ, ਨੇ ਮੀਨਾ ਦੀ ਆਵਾਜ਼ ਅੰਦਰਲੀ ਖਣਕ ਨੂੰ ਉਭਾਰਨ ਦਾ ਤਜਰਬਾ ਕੀਤਾ।
ਮੀਨਾ ਕਪੂਰ ਪੰਜਾਬੀ ਸੀ ਪਰ ਉਹ ਜੰਮੀ-ਪਲੀ ਕੋਲਕਾਤਾ ਵਿਚ। ਉਹ ਫ਼ਿਲਮਸਾਜ਼ ਪ੍ਰਥਮੇਸ਼ ਚੰਦਰ (ਪੀæਸੀæ) ਬਰੂਆ ਦੀ ਦੂਰ ਦੀ ਰਿਸ਼ਤੇਦਾਰ ਸੀ ਅਤੇ ਉਸ ਦੇ ਪਿਤਾ ਬਿਕਰਮ ਕਪੂਰ, ਪੀæਸੀæਬਰੂਆ ਦੀ ਕੰਪਨੀ ਨਿਊ ਥੀਏਟਰਜ਼ ਵਿਚ ਅਦਾਕਾਰ ਸਨ। ਕੁੰਦਨ ਲਾਲ ਸਹਿਗਲ ਇਸ ਪਰਿਵਾਰ ਦੇ ਕਰੀਬੀ ਸਨ ਅਤੇ ਮੀਨਾ ਦੀ ਤੋਤਲੀ ਆਵਾਜ਼ ਵਿਚ ਆਪਣਾ ਗੀਤ ‘ਸੋ ਜਾ ਰਾਜਕੁਮਾਰੀ’ ਸੁਣ ਕੇ ਬਹੁਤ ਖੁਸ਼ ਹੁੰਦੇ ਸਨ। ਉਹ ਮੀਨਾ ਨੂੰ ‘ਲਾਜਕੁਮਾਰੀ’ ਕਹਿ ਕੇ ਬੁਲਾਉਂਦੇ ਸਨ ਕਿਉਂਕਿ ਮੀਨਾ ਉਪਰੋਕਤ ਗੀਤ ‘ਛੋ ਜਾ ਲਾਜਕੁਮਾਰੀ’ ਦੇ ਉਚਾਰਨ ਨਾਲ ਗਾਉਂਦੀ ਸੀ। ਮੀਨਾ ਅਜੇ ਗਿਆਰਾਂ ਸਾਲਾਂ ਦੀ ਸੀ ਜਦੋਂ ਸੰਗੀਤਕਾਰ ਨੀਨੂ ਮਜੂਮਦਾਰ ਨੇ ਉਸ ਦੀ ਆਵਾਜ਼ ਅੰਦਰਲੇ ਜਾਦੂ ਨੂੰ ਪਛਾਣਦਿਆਂ ਫ਼ਿਲਮ ‘ਪਲ’ (1946) ਲਈ ਉਸ ਦਾ ਗੀਤ ਰਿਕਾਰਡ ਕਰਵਾਇਆ। ਬਿਕਰਮ ਕਪੂਰ ਨੇ ਮੀਨਾ ਨੂੰ ਇੰਨੀ ਛੋਟੀ ਉਮਰ ਵਿਚ ਬ੍ਰੇਕ ਦੇਣ ਦਾ ਵਿਰੋਧ ਕੀਤਾ। ਉਹ ਚਾਹੁੰਦੇ ਸਨ ਕਿ ਮੀਨਾ ਪਹਿਲਾਂ ਆਪਣੀ ਸਕੂਲੀ ਪੜ੍ਹਾਈ ਮੁਕੰਮਲ ਕਰ ਲਏ, ਪਰ ਨੀਨੂ ਮਜੂਮਦਾਰ ਨੇ ਮੀਨਾ ਨੂੰ ਅਜ਼ਮਾਉਣ ਦੀ ਜ਼ਿਦ ਕੀਤੀ। ਜਦੋਂ ਸੰਗੀਤਕਾਰ ਸਚਿਨ ਦੇਵ ਬਰਮਨ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਵੀ ਮੀਨਾ ਦੇ ਗਲੇ ਦੀ ਪਾਕੀਜ਼ਗੀ ਨੂੰ ਅਜ਼ਮਾਉਣ ਦੀ ਜ਼ਿਦ ਕੀਤੀ। ਫ਼ਿਲਮ ‘ਏਟ ਡੇਅਜ਼’ (ਆਠ ਦਿਨ-1946) ਦੇ ਗੀਤ ‘ਪਲ’ ਤੋਂ ਪਹਿਲਾਂ ਰਿਲੀਜ਼ ਹੋ ਗਏ। ਸੰਗੀਤਕਾਰ ਵਜੋਂ ਸਚਿਨ-ਦਾ ਦੀ ਇਹ ਦੂਜੀ ਹਿੰਦੀ ਫ਼ਿਲਮ ਸੀ। ਇਤਫਾਕਵੱਸ, ਇਸ ਫ਼ਿਲਮ ਦੀ ਪਟਕਥਾ ਤੇ ਸੰਵਾਦ ਸਆਦਤ ਹਸਨ ਮੰਟੋ ਦੇ ਲਿਖੇ ਹੋਏ ਸਨ ਅਤੇ ਮੰਟੋ ਨੇ ਇਸ ਫ਼ਿਲਮ ਵਿਚ ਕਿਰਦਾਰ ਵੀ ਨਿਭਾਇਆ।
ਮੀਨਾ ਕਪੂਰ ਨੂੰ ਗਾਇਕਾ ਵਜੋਂ ਅਸਲ ਪ੍ਰਸਿੱਧੀ 1950 ਵਿਚ ਗਾਏ ਗੀਤ ‘ਮੋਰੀ ਅਟਰੀਆ ਪੇ ਬੋਲੇ ਕਾਗਾ’ ਤੋਂ ਮਿਲੀ। ਉਸ ਨੇ 125 ਦੇ ਕਰੀਬ ਗੀਤ ਗਾਏ ਜਿਨ੍ਹਾਂ ਵਿਚੋਂ 73 ਸੋਲੋ ਸਨ। ਇਨ੍ਹਾਂ ਵਿਚੋਂ ‘ਏਕ ਧਰਤੀ ਏਕ ਹੀ ਹੈ ਗਗਨ’ (ਅਧਿਕਾਰ, 1954) ਸੁਪਰਹਿੱਟ ਹੋਇਆ। ਉਸ ਦਾ ਕਰੀਅਰ ਵੀ ਲੰਬਾ ਹੋ ਸਕਦਾ ਸੀ ਅਤੇ ਗੀਤਾਂ ਦੀ ਗਿਣਤੀ ਵੀ ਕਈ ਸੈਂਕੜਿਆਂ ਤਕ ਪੁੱਜ ਸਕਦੀ ਸੀ, ਪਰ ਫ਼ਿਲਮ ਸੰਗੀਤ ਦੇ ਖੇਤਰ ਵਿਚਲੀ ਸਿਆਸਤ ਨੇ ਅਜਿਹਾ ਸੰਭਵ ਨਾ ਹੋਣ ਦਿੱਤਾ। ਸੰਗੀਤਕਾਰ ਅਨਿਲ ਬਿਸਵਾਸ ਨਾਲ ਉਸ ਦੀ ਮੁਲਾਕਾਤ 1952 ਵਿਚ ਫ਼ਿਲਮ ‘ਅਨੋਖਾ ਪਿਆਰ’ ਦੇ ਗੀਤਾਂ ਦੀ ਰਿਕਾਰਡਿੰਗ ਸਮੇਂ ਹੋਈ ਸੀ। ਇਹ ਮੁਲਾਕਾਤ ਆਪਸੀ ਸਨੇਹ ਤੇ ਰੋਮਾਂਸ ਵਿਚ ਬਦਲ ਗਈ। 1959 ਵਿਚ ਮੀਨਾ ਨੇ ਅਨਿਲ ਬਿਸਵਾਸ ਨਾਲ ਵਿਆਹ ਕਰਵਾ ਲਿਆ। 1963 ਵਿਚ ਜਦੋਂ ਅਨਿਲ ਬਿਸਵਾਸ ਨੇ ਫ਼ਿਲਮ ਸੰਗੀਤ ਨੂੰ ਅਲਵਿਦਾ ਕਹਿ ਕੇ ਦਿੱਲੀ ਵਿਚ ਆਕਾਸ਼ਬਾਣੀ ਦੇ ਡਾਇਰੈਕਟਰ (ਸੰਗੀਤ) ਦਾ ਅਹੁਦਾ ਸੰਭਾਲਣ ਦਾ ਫ਼ੈਸਲਾ ਕੀਤਾ ਤਾਂ ਮੀਨਾ ਕਪੂਰ ਨੇ ਵੀ ਦਿੱਲੀ ਚਾਲੇ ਪਾ ਦਿੱਤੇ। ਫ਼ਿਲਮ ‘ਪਿਆਰ ਕੀ ਜੀਤ’ (1949) ਵਿਚ ਹੁਸਨ ਲਾਲ-ਭਗਤ ਰਾਮ ਦੇ ਸੰਗੀਤ ਨਿਰਦੇਸ਼ਨ ਹੇਠ ਉਸ ਵੱਲੋਂ ਸੁਰੱਈਆ ਤੇ ਸੁਰਿੰਦਰ ਕੌਰ ਨਾਲ ਮਿਲ ਕੇ ਗਾਇਆ ਗੀਤ ‘ਕਭੀ ਪਨਘਟ ਪੇ ਆ ਜਾ’ ਅਤੇ ਇਸੇ ਫ਼ਿਲਮ ਵਿਚ ਹੀ ਇਨ੍ਹਾਂ ਤਿੰਨਾਂ ਵੱਲੋਂ ਗਾਇਆ ਇਕ ਹੋਰ ਗੀਤ ‘ਰੁਤ ਰੰਗੀਲੀ ਹੈ ਸੁਹਾਨੀ ਰਾਤ ਹੈ’ ਵੀ ਹਿੰਦੀ ਫ਼ਿਲਮ ਸੰਗੀਤ ਦੇ ਅਨੂਠੇ ਗੀਤਾਂ ਵਿਚ ਸ਼ਾਮਲ ਕੀਤੇ ਜਾਂਦੇ ਹਨ।
Leave a Reply