ਜ਼ਿੰਦਗੀ ਦੀ ਤਾਂਘ: ਉਲਜ਼ਾਨ

ਜਤਿੰਦਰ ਮੌਹਰ
ਫੋਨ: 91-97799-34747
ਮੌਤ, ਜ਼ਿੰਦਗੀ, ਸਫ਼ਰ, ਰੱਬ, ਮੁਕਤੀ, ਇਤਿਹਾਸ, ਫ਼ਲਸਫ਼ਾ ਅਤੇ ਵਿਗਿਆਨ ਹਮੇਸ਼ਾ ਮਨੁੱਖੀ ਜਗਿਆਸਾ ਦਾ ਵਿਸ਼ਾ ਰਹੇ ਹਨ। ਮਨੁੱਖ ਮੌਤ ਨੂੰ ਡਰ, ਤ੍ਰਾਸਦੀ, ਮੁਕਤੀ, ਭੇਤ ਅਤੇ ਸ਼ਹਾਦਤ ਦੇ ਹਵਾਲੇ ਨਾਲ ਬਿਆਨਦਾ ਰਿਹਾ ਹੈ। ਫ਼ਿਲਮ ‘ਉਲਜ਼ਾਨ’ ਅਜਿਹੇ ਹੀ ਅਹਿਸਾਸ ਨਾਲ ਜੁੜੀ ਫ਼ਿਲਮ ਹੈ ਜੋ 2007 ਵਿਚ ਪਰਦਾਪੇਸ਼ ਹੋਈ ਸੀ। ਫ਼ਿਲਮ ਕਜ਼ਾਖਸਤਾਨ ਵਿਚ ਫ਼ਿਲਮਾਈ ਗਈ ਸੀ। ਫ਼ਿਲਮ ਦੇ ਕਿਰਦਾਰਾਂ ਦੀ ਮੁੱਖ ਬੋਲੀ ਕਜ਼ਾਖੀ, ਫ਼ਰੈਂਚ ਅਤੇ ਅੰਗਰੇਜ਼ੀ ਹੈ। ਵਿੱਤ ਪੱਖੋਂ ਇਹ ਜਰਮਨ, ਫ਼ਰਾਂਸ ਅਤੇ ਕਜ਼ਾਖਸਤਾਨ ਮੁਲਕਾਂ ਦਾ ਸਾਂਝਾ ਉੱਦਮ ਸੀ। ਤੇਲ ਦੇ ਖ਼ਜ਼ਾਨੇ ਦੀ ਲੱਭਤ ਕਜ਼ਾਖਸਤਾਨ ਦੇ ਅਰਥਚਾਰੇ ਦੀ ਚੂਲ ਬਣੀ ਹੈ। ਤੇਲ ਦੇ ਪੈਸੇ ਨੇ ਕਜ਼ਾਖਸਤਾਨ ‘ਚ ਫ਼ਿਲਮ ਸਨਅਤ ਨੂੰ ਹੁਲਾਰਾ ਦਿੱਤਾ ਹੈ। ਕਈ ਮੁਲਕ ਕਜ਼ਾਖ ਖਿੱਤੇ ਬਾਬਤ ਫ਼ਿਲਮਾਂ ਬਣਾਉਣ ‘ਚ ਦਿਲਚਸਪੀ ਲੈ ਰਹੇ ਹਨ ਜਿਨ੍ਹਾਂ ‘ਚ ਯੂਰਪੀ ਮੁਲਕ ਮੋਹਰੀ ਹਨ। ਹੁਣ ਇਨ੍ਹਾਂ ਫ਼ਿਲਮਾਂ ਰਾਹੀਂ ਇਸ ਖਿੱਤੇ ਦੀ ਲੋਕਧਾਰਾ ਅਤੇ ਇਤਿਹਾਸ ਨੂੰ ਖੰਗਾਲਿਆ ਜਾ ਰਿਹਾ ਹੈ ਪਰ ਇਨ੍ਹਾਂ ਦੀ ਪੇਸ਼ਕਾਰੀ ਅਤੇ ਪ੍ਰਸੰਗ ਦੀ ਸਿਆਸਤ ਪੜਚੋਲ ਦਾ ਵਿਸ਼ਾ ਲਾਜ਼ਮੀ ਰਹੇਗੀ।
‘ਉਲਜ਼ਾਨ’ ‘ਪੰਧ’ (ਰੋਡ ਮੂਵੀ) ਸ਼ੈਲੀ ਦੀ ਫ਼ਿਲਮ ਹੈ। ਫ਼ਿਲਮ ਦੀ ਕਹਾਣੀ ਸਫ਼ਰ ਵਿਚ ਵਾਪਰਦੀ ਹੈ। ਪੰਧ ਭੇਤ ਅਤੇ ਜਗਿਆਸਾ ਦਾ ਬਿੰਬ ਹੈ ਜਿੱਥੇ ਅਣਜਾਣ ਪਾਂਧੀ ਮਿਲਦੇ ਹਨ। ਸਫ਼ਰ ਦੌਰਾਨ ਕਿਸੇ ਵੀ ਪਲ ਅਣਕਿਆਸਿਆ ਵਾਪਰ ਸਕਦਾ ਹੈ। ਫ਼ਿਲਮ ‘ਚ ਅਜਨਬੀ ਫ਼ਰਾਂਸੀਸੀ ਪਾਂਧੀ ਚਾਰਲਸ ਕਜ਼ਾਖਸਤਾਨ ਦੇ ਅਣਜਾਣ ਪਹਾੜਾਂ ਵੱਲ ਜਾ ਰਿਹਾ ਹੈ। ਉਸ ਕੋਲ ਤਸਵੀਰ, ਖ਼ਤ ਅਤੇ ਨਕਸ਼ਾ ਹੈ। ਤਸਵੀਰ ਉਹਦੀ ਪਤਨੀ ਅਤੇ ਦੋ ਬੱਚਿਆਂ ਦੀ ਹੈ। ਰਸਤੇ ‘ਚ ਉਹਨੂੰ ਕਜ਼ਾਖ ਕੁੜੀ ‘ਉਲਜ਼ਾਨ’ ਮਿਲਦੀ ਹੈ। ਕੁੜੀ ਪਾਂਧੀ ਵੱਲ ਖਿੱਚੀ ਜਾਂਦੀ ਹੈ। ਕੁੜੀ ਦੀ ਦਾਦੀ ਦਾ ਚਾਰਲਸ ਬਾਰੇ ਕਹਿਣਾ ਹੈ ਕਿ ਇਸ ਬੰਦੇ ਦੀ ਸ਼ਕਲ ‘ਤੇ ਮੌਤ ਲਿਖੀ ਹੈ। ਇਹ ਗੱਲ ਉਲਜ਼ਾਨ ਨੂੰ ਪਾਂਧੀ ਵੱਲ ਹੋਰ ਖਿੱਚਦੀ ਹੈ। ਉਹ ਚਾਰਲਸ ਦਾ ਪਿੱਛਾ ਕਰਦੀ ਹੈ।
ਰਸਤੇ ‘ਚ ਉਨ੍ਹਾਂ ਨੂੰ ਸ਼ਕੁਨੀ ਮਿਲਦਾ ਹੈ ਜੋ ‘ਸ਼ਬਦਾਂ ਦੇ ਸੌਦਾਗਰ’ ਦੇ ਨਾਮ ਨਾਲ ਮਸ਼ਹੂਰ ਹੈ। ਉਹ ਇਧਰੋਂ-ਉਧਰੋਂ ਸ਼ਬਦ ਇਕੱਠੇ ਕਰਦਾ ਹੈ ਅਤੇ ਲੋਕਾਂ ਨੂੰ ਵੇਚਦਾ ਹੈ। ਉਹਦਾ ਪਿਉ ਵੀ ਇਹੀ ਕੰਮ ਕਰਦਾ ਸੀ। ਅੱਜਕੱਲ੍ਹ ਸ਼ਕੂਨੀ ਦਾ ਧੰਦਾ ਮੰਦੇ ‘ਚ ਹੈ। ਉਹਦੇ ਪਿਉ ਦੇ ਵੇਲੇ ਇਹ ਧੰਦਾ ਫ਼ਾਇਦੇਮੰਦ ਹੁੰਦਾ ਸੀ। ਉਹ ਕਈ ਦਹਾਕੇ ਪਹਿਲਾਂ ਦੀ ਗੱਲ ਕਰ ਰਿਹਾ ਹੈ। ਇਹ ਧੰਦਾ ਉਨ੍ਹਾਂ ਮੁਲਕਾਂ ‘ਚ ਵਧੇਰੇ ਫ਼ਾਇਦੇਮੰਦ ਸੀ ਜਿੱਥੇ ਲੋਕ ਪੜ੍ਹ ਨਹੀਂ ਸਕਦੇ ਸਨ। ਉਹਨੇ ਆਪਣਾ ਨਾਮ ਮਹਾਂਭਾਰਤ ਦੇ ਕਿਰਦਾਰ ਸ਼ਕੁਨੀ ਤੋਂ ਰੱਖਿਆ ਹੈ ਜੋ ਹੁਨਰਮੰਦ ਜੁਆਰੀ ਸੀ।
ਫ਼ਿਲਮਸਾਜ਼ ਕਹਾਣੀ ‘ਚ ਭਰਮ ਪੈਦਾ ਕਰੀ ਰੱਖਦਾ ਹੈ ਕਿ ਅਸਲ ‘ਚ ਚਾਰਲਸ ਕਿਸ ਚੀਜ਼ ਦੀ ਤਲਾਸ਼ ‘ਚ ਹੈ? ਫ਼ਿਲਮ ‘ਚ ਆਉਂਦੀਆਂ ਇਤਿਹਾਸਕ ਥਾਂਵਾਂ ਬਿਰਤਾਂਤ ਨੂੰ ਬਹੁ-ਪਰਤੀ ਬਣਾਉਂਦੀਆਂ ਹਨ; ਬੇਸ਼ੱਕ ਇਨ੍ਹਾਂ ਨੂੰ ਚੁਣਨ ਪਿੱਛੇ ਹਦਾਇਤਕਾਰ ਦੀ ਖ਼ਾਸ ਸੋਚ ਰਹੀ ਹੋਵੇ। ਫ਼ਿਲਮ ‘ਚ ਇੱਕ ਥਾਂ ਉਜਾੜ ਗੁਲਾਗ ਡੇਰੇ ਦਾ ਦ੍ਰਿਸ਼ ਆਉਂਦਾ ਹੈ ਜਿਹਨੂੰ ਸਟਾਲਿਨ ਨੇ ਭੇਡਵਾੜੇ ਅਤੇ ਮੁਰਗੀਖਾਨੇ ਦੀ ਸ਼ਕਲ ਦਿੱਤੀ ਸੀ ਤਾਂ ਕਿ ਅਮਰੀਕੀ ਜਸੂਸੀ ਜਹਾਜ਼ ਇਸ ਥਾਂ ਨੂੰ ਸੁੰਘ ਵੀ ਨਾ ਸਕਣ। ਸ਼ਕੂਨੀ ਦਾ ਕਹਿਣਾ ਹੈ ਕਿ ਅਸਲ ‘ਚ ਇੱਥੇ ਦੋ ਲੱਤਾਂ ਵਾਲੇ ਜਾਨਵਰ ਹੀ ਰਹਿੰਦੇ ਸਨ। ਇੱਕ ਦ੍ਰਿਸ਼ ‘ਚ ਸੁੱਕਾ ਅਰਾਲ ਸਾਗਰ ਦਿਖਾਈ ਦਿੰਦਾ ਹੈ। ਇਹਦੇ ‘ਚ ਡਿਗਣ ਵਾਲੀਆਂ ਦੋ ਨਦੀਆਂ ਅਮੂ ਅਤੇ ਸਾਈਰ ਦਾ ਵਹਿਣ ਬਦਲ ਦੇਣ ਕਰ ਕੇ ਇਹ ਲੋਪ ਹੋਣ ਕਿਨਾਰੇ ਹੈ। ਸੱਠਵਿਆਂ ਵਿਚ ਸੋਵੀਅਤ ਯੂਨੀਅਨ ਨੇ ਮਾਰੂਥਲੀ ਇਲਾਕਿਆਂ ‘ਚ ਖੇਤੀ ਲਈ ਪਾਣੀ ਪਹੁੰਚਾਉਣ ਲਈ ਇਨ੍ਹਾਂ ਦਰਿਆਵਾਂ ਦਾ ਪਾਣੀ ਅਰਾਲ ਸਾਗਰ ਵਿਚ ਪੈਣ ਤੋਂ ਰੋਕ ਦਿੱਤਾ ਸੀ।
ਉਜਾੜ ਪਏ ਕੋਲਖੋਜ਼ (ਸਮੂਹਕ ਪੈਲੀ/ਖੇਤੀ) ਵਿਚ ਦੱਬੀ ਪਈ ਮਨੁੱਖੀ ਖੋਪੜੀ ਦਿਖਾਉਣਾ ਹਦਾਇਤਕਾਰ ਦੀ ਆਪਣੀ ਸਿਆਸਤ ਹੈ। ਕੋਲਖੋਜ਼ 1917 ਦੇ ਅਕਤੂਬਰ ਇਨਕਲਾਬ ਤੋਂ ਬਾਅਦ ਸਮੂਹਕ ਖੇਤੀ ਦੇ ਵਿਚਾਰ ਦਾ ਅਮਲੀ ਰੂਪ ਸੀ ਜਿਸ ਨੂੰ ਸੋਵੀਅਤ ਰੂਸ ਦੇ ਰਵਾਇਤੀ ਕਮਿਊਨ ਦੇ ਨੇੜੇ ਦੇਖਿਆ ਜਾ ਸਕਦਾ ਹੈ। ਸਟਾਲਿਨ ‘ਤੇ ਇਲਜ਼ਾਮ ਲਗਦਾ ਹੈ ਕਿ ਉਹਨੇ 1928 ਤੋਂ ਬਾਅਦ ਸਮੂਹਕ ਪੈਲੀ ਵਿਚ ਜਮਹੂਰੀਅਤ ਨੂੰ ਖੋਰਾ ਲਾਇਆ। ਹਦਾਇਤਕਾਰ ਦਾ ਸਮੂਹਕ ਪੈਲੀ ਵਿਚ ਮਨੁੱਖੀ ਖੋਪੜੀ ਦਿਖਾਉਣਾ ਸਟਾਲਿਨ ਦੇ ਭਮਡੀ-ਪ੍ਰਚਾਰ ਦਾ ਮਹੀਨਤਮ ਰੂਪ ਹੈ। ਕਜ਼ਾਖਸਤਾਨ ਦੀ ਚੌਥੀ ਇਤਿਹਾਸਕ ਥਾਂ ਉਹ ਦਿਖਾਈ ਗਈ ਹੈ ਜਿੱਥੇ ਸੋਵੀਅਤ ਯੂਨੀਅਨ ਨੇ 1949 ਤੋਂ ਬਾਅਦ ਦੋ ਸੌ ਵਾਰ ਪਰਮਾਣੂ ਪਰਖ ਕੀਤੀ ਸੀ। ਇਸ ਥਾਂ ਨੂੰ ਹੁਣ ‘ਖ਼ਤਰਨਾਕ ਧਰਤੀ’ ਕਹਿੰਦੇ ਹਨ। ਇੱਥੇ ਕੁਦਰਤ-ਘਾਤੀ ਵਿਕਿਰਨਾਂ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ। ‘ਠੰਢੀ ਜੰਗ’ ਦੇ ਸਮਿਆਂ ਵਿਚ ਦੋਵੇਂ ਧਿਰਾਂ ਪਰਮਾਣੂ ਹਥਿਆਰਾਂ ਦੀ ਅੰਨ੍ਹੀ ਦੌੜ ਵਿਚ ਸ਼ਾਮਲ ਸਨ। ਪੂੰਜੀਵਾਦੀ ਧਿਰ ਦੀ ਅਗਵਾਈ ਅਮਰੀਕਾ ਅਤੇ ਕਮਿਉਨਿਸਟ ਧਿਰ ਦੀ ਨੁਮਾਇੰਦਗੀ ਸੋਵੀਅਤ ਯੂਨੀਅਨ ਕਰ ਰਿਹਾ ਸੀ। ਅਮਰੀਕਾ ਨੇ ਸੋਵੀਅਤ ਰੂਸ ਤੋਂ 369 ਵਾਰ ਵੱਧ ਪਰਮਾਣੂ ਪਰਖ ਕੀਤੀ ਹੈ। ਵੱਡੀ ਗਿਣਤੀ ਵਿਚ ਲੋਕ ਪਰਮਾਣੂ ਵਿਕਿਰਨਾਂ ਦਾ ਸ਼ਿਕਾਰ ਹੋਏ ਅਤੇ ਅੱਜ ਵੀ ਪਰਖ ਦੇ ਨੇੜਲੀਆਂ ਥਾਂਵਾਂ ਦੂਰ-ਦੂਰ ਤੱਕ ਵਿਕਿਰਨਾਂ ਨਾਲ ਸਰਾਪੀਆਂ ਹੋਈਆਂ ਹਨ। ਕੈਂਸਰ ਅਤੇ ਚਮੜੀ ਰੋਗ ਵੱਡੇ ਪੱਧਰ ‘ਤੇ ਅਸਰ-ਅੰਦਾਜ਼ ਹਨ।
ਫ਼ਿਲਮ ਦੇ ਪਿਛਲੇ ਅੱਧ ਵਿਚ ਪਰਮਾਣੂ ਟੈਸਟ ਵਾਲੀ ਥਾਂ ‘ਤੇ ਆ ਕੇ ਭੇਤ ਖੁੱਲ੍ਹਦਾ ਹੈ ਕਿ ਅਸਲ ‘ਚ ਚਾਰਲਸ ਕਜ਼ਾਖਸਤਾਨ ਦੇ ਦੂਰ ਦੁਰੇਡੇ ਇਲਾਕੇ ‘ਚ ਆਤਮਘਾਤ ਕਰਨ ਆਇਆ ਹੈ। ਉਹਦਾ ਪਰਿਵਾਰ ਮਰ ਚੁੱਕਿਆ ਹੈ ਅਤੇ ਉਹਨੂੰ ਜਿਉਣ ਦਾ ਕੋਈ ਕਾਰਨ ਨਹੀਂ ਦਿਸ ਰਿਹਾ। ਇਹਦੇ ਬਾਵਜੂਦ ਉਹ ਮਰਨ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ। ਉਹ ਪਰਮਾਣੂ ਪਰਖ ਵਾਲੀ ਥਾਂ ‘ਤੇ ਮਾਰੂ ਵਿਕਰਨਾਂ ਦੇ ਅਸਰ ਨਾਲ ਮਰਨ ਲੋਚਦਾ ਹੈ ਪਰ ਕਾਮਯਾਬ ਨਹੀਂ ਹੁੰਦਾ। ਸ਼ਕੂਨੀ ਦੱਸਦਾ ਹੈ ਕਿ ਮੁਕਾਮੀ ਕਿਸਾਨ ਪਰਮਾਣੂ ਪਰਖ ਲਈ ਜ਼ਮੀਨ ਦੇਣ ਲਈ ਤਿਆਰ ਨਹੀਂ ਸਨ ਕਿਉਂਕਿ ਉਸ ਸਾਲ ਸ਼ਾਨਦਾਰ ਘਾਹ ਉੱਗ ਰਿਹਾ ਸੀ। ਅਗਲੇ ਦ੍ਰਿਸ਼ ‘ਚ ਤੇਲ ਦਾ ਖ਼ਜ਼ਾਨਾ ਸਾਂਭੀ ਬੈਠੇ ਮੁਲਕ ਦੀ ਇਸ ਥਾਂ ‘ਤੇ ਚਿੱਤਰਕਾਰ ਪਰਮਾਣੂ ਧਮਾਕੇ ਦੇ ਤੇਲ-ਰੰਗ ਚਿੱਤਰ ਬਣਾ ਰਿਹਾ ਹੈ। ਮਨੁੱਖ-ਘਾਤੀ ਵਿਕਿਰਨਾਂ ਨਾਲ ਸਰਾਪੀ ਖ਼ਤਰਨਾਕ ਧਰਤੀ ਹੁਣ ਚਿੱਤਰਾਂ ਦੇ ਰੂਪ ‘ਚ ਵਿਕਦੀ ਹੈ!
ਫ਼ਿਲਮ ਕਜ਼ਾਖਸਤਾਨ ਵਿਚ ਕਮਿਉਨਿਜ਼ਮ ਤੋਂ ਇਕਦਮ ਪੂੰਜੀਵਾਦੀ ਮੋੜੇ ਕਰ ਕੇ ਕਜ਼ਾਖੀ ਸਮਾਜ ‘ਤੇ ਪਏ ਅਸਰ ਨੂੰ ਦਰਸਾਉਂਦੀ ਹੈ। ਇੱਕ ਦ੍ਰਿਸ਼ ਵਿਚ ਉਲਜ਼ਾਨ ਅਤੇ ਚਾਰਲਸ ਦੇ ਆਪਸੀ ਸੰਵਾਦ ਇਸ ਅਸਰ ਨੂੰ ਉਘੜਵੇਂ ਰੂਪ ਵਿਚ ਪੇਸ਼ ਕਰਦੇ ਹਨ। ਉਲਜ਼ਾਨ ਰੋਹੀ ਬੀਆਬਾਨ ‘ਚ ਉਜਾੜ ਪਏ ਡੇਰੇ ਬਾਰੇ ਦੱਸਦੀ ਹੈ, “ਇੱਥੇ ਵੱਡੀ ਗਿਣਤੀ ਵਿਚ ਲੋਕ ਪਰਿਵਾਰਾਂ ਅਤੇ ਜਾਨਵਰਾਂ ਸਮੇਤ ਮਿਲ-ਜੁਲ ਕੇ ਰਹਿੰਦੇ ਸਨ।  ਕੰਮ ਕਰਦੇ, ਖਾਂਦੇ ਅਤੇ ਜੁਆਕ ਜੰਮਦੇ ਸਨ। ਉਨ੍ਹਾਂ ਨੂੰ ਇਹ ਸਭ ਕੁਝ ਕਰਨ ਲਈ ਕਿਹਾ ਗਿਆ ਸੀ। æææ ਹੁਣ ਸਭ ਕੁਝ ਬਦਲ ਗਿਆ ਹੈ। ਕਦੇ ਇਹ ਚਿੜੀਆਘਰ  ਹੁੰਦਾ ਸੀ, ਹੁਣ ਜੰਗਲ ਬਣ ਗਿਆ ਹੈ।” ਚਾਰਲਸ ਪੁੱਛਦਾ ਹੈ, “ਜੰਗਲ ਵਧੀਆ ਹੈ?” ਉਲਜ਼ਾਨ ਦਾ ਜਵਾਬ ਹੈ, “ਨਹੀਂ æææ ਉਨ੍ਹਾਂ ਲੋਕਾਂ ਲਈ ਨਹੀਂ ਹੈ ਜੋ ਚਿੜੀਆਘਰ ‘ਚ ਜੰਮੇ ਸਨ।” ਚਾਰਲਸ ਦਾ ਸਵਾਲ ਹੈ, “ਉਨ੍ਹਾਂ ਨੂੰ ਕੋਈ ਅਫ਼ਸੋਸ ਨਹੀਂ ਹੁੰਦਾ?” ਉਲਜ਼ਾਨ ਕਹਿੰਦੀ ਹੈ, “ਜੰਗਲ ਨੇ ਜਿਨ੍ਹਾਂ ਨੂੰ ਮਾਲਾ-ਮਾਲ ਕਰ ਦਿੱਤਾ, ਉਹ ਜੰਗਲ ਦਾ ਹੀ ਪੱਖ ਪੂਰਨਗੇ।” ਚਾਰਲਸ ਇਹ ਕਹਿ ਕੇ ਗੱਲ ਖਤਮ ਕਰਦਾ ਹੈ ਕਿ ਆਪਣੀ ਗੁਫ਼ਾ ਛੱਡਣਾ ਕਦੇ ਸੌਖਾ ਨਹੀਂ ਹੁੰਦਾ।
ਫ਼ਿਲਮ ਦੇ ਅੰਤ ਵਿਚ ਚਾਰਲਸ ਇਕਾਂਤ ਵਿਚ ਆਤਮਘਾਤ ਕਰਨ ਲਈ ਬਰਫੀਲੇ ਪਹਾੜਾਂ ਦੀ ਚੋਣ ਕਰ ਲੈਂਦਾ ਹੈ ਜਿੱਥੇ ਖਾਣ-ਪੀਣ ਨੂੰ ਕੁਝ ਨਹੀਂ ਹੈ। ਉਲਜ਼ਾਨ ਉਹਦੇ ਕਹਿਣ ‘ਤੇ ਦੋਵੇਂ ਘੋੜੇ ਲੈ ਕੇ ਵਾਪਸ ਜਾ ਰਹੀ ਹੈ। ਜਾਣ ਤੋਂ ਪਹਿਲਾਂ ਆਖ਼ਰੀ ਵਾਰ ਜੱਫੀ ਪਾ ਕੇ ਮਿਲਦੀ ਹੈ। ਉਹਦੇ ਜਾਣ ਤੋਂ ਬਾਅਦ ਚਾਰਲਸ ਆਖ਼ਰੀ ਵਾਰ ਪਰਿਵਾਰ ਦੀ ਤਸਵੀਰ ਦੇਖਦਾ ਹੈ ਅਤੇ ਘਰਵਾਲੀ ਦਾ ਲਿਖਿਆ ਖ਼ਤ ਪੜ੍ਹ ਕੇ ਪੱਥਰ ਹੇਠ ਰੱਖ ਜਾਂਦਾ ਹੈ। ਉਲਜ਼ਾਨ ਕੁਝ ਸੋਚ ਕੇ ਇੱਕ ਘੋੜਾ ਰਸਤੇ ‘ਚ ਬੰਨ੍ਹ ਜਾਂਦੀ ਹੈ ਜਿਵੇਂ ਉਹਨੂੰ ਪੱਕਾ ਯਕੀਨ ਹੋਵੇ ਕਿ ਚਾਰਲਸ ਵਾਪਸ ਆਵੇਗਾ। ਚਾਰਲਸ ਅੰਤਾਂ ਦੀ ਠੰਢ ‘ਚ ਮਰਨ ਲਈ ਹਿੰਮਤ ਜੁਟਾ ਰਿਹਾ ਹੈ। ਅਚਾਨਕ ਉਹਦੀ ਨਜ਼ਰ ਦੂਰ ਖੜ੍ਹੇ ਘੋੜੇ ‘ਤੇ ਪੈਂਦੀ ਹੈ। ਫ਼ਿਲਮ ਖੁੱਲ੍ਹੇ ਅੰਤ ਨਾਲ ਖਤਮ ਹੁੰਦੀ ਹੈ। ਆਲਮ ਜਿੰਨਾ ਮਰਜ਼ੀ ਦੁੱਖ ਅਤੇ ਨਫ਼ਰਤ ਨਾਲ ਭਰਿਆ ਹੋਵੇ ਪਰ ਹਰ ਹੀਲੇ ਜ਼ਿੰਦਗੀ ਜਿਉਣ ਦੀ ਚਾਹਤ ਬੰਦੇ ਦੇ ਕਿਰਦਾਰ ਦਾ ਖ਼ਾਸਾ ਹੈ। ਮਨੁੱਖੀ ਜ਼ਿੰਦਗੀ ਦੀ ਬਿਹਤਰੀ ਲਈ ਮਨੁੱਖ ਦਾ ਸੰਘਰਸ਼ ਸਦੀਆਂ ਤੋਂ ਜਾਰੀ ਹੈ। ਉਲਜ਼ਾਨ ਦਾ ਯਕੀਨ ਦਰਸ਼ਕ ਦਾ ਭਰੋਸਾ ਬਣ ਜਾਂਦਾ ਹੈ ਕਿ ਚਾਰਲਸ ਜ਼ਿੰਦਗੀ ਹੀ ਚੁਣੇਗਾ!

Be the first to comment

Leave a Reply

Your email address will not be published.