-ਗੁਲਜ਼ਾਰ ਸਿੰਘ ਸੰਧੂ
ਜਦੋਂ ਸ਼ਿਵਾਲਿਕ ਦੀ ਪੱਬੀ ਦੇ ਘਟ ਵਸੋਂ ਵਾਲੇ ਇਲਾਕੇ ਵਿਚ ਇਧਰਲੇ ਪੰਜਾਬ ਦੀ ਰਾਜਧਾਨੀ ਵਜੋਂ ਚੰਡੀਗੜ੍ਹ ਦਾ ਵਿਉਂਤਬਧ ਸ਼ਹਿਰ ਉਸਾਰਿਆ ਗਿਆ ਤਾਂ ਇਸ ਦੀ ਦਿੱਖ ਦੇਸ਼-ਵਿਦੇਸ਼ ਦੇ ਯਾਤਰੀਆਂ ਨੂੰ ਆਪਣੇ ਵਲ ਖਿੱਚਦੀ ਸੀ ਪਰ ਛੇਤੀ ਹੀ ਇਸ ਦੇ ਹਰਿਆਣਾ ਤੇ ਪੰਜਾਬ ਦੇ ਸਾਂਝੇ ਖਾਤੇ ਵਿਚ ਪੈਣ ਨਾਲ ਇਸ ਦੀ ਬੁਕਲ ਵਿਚ ਅਧਿਕਾਰਤ ਤੇ ਅਣ ਅਧਿਕਾਰਿਤ ਕਾਲੋਨੀਆਂ ਦੀ ਉਸਾਰੀ ਨਾਲ ਦੂਜੇ ਰਾਜਾਂ ਦੇ ਵਪਾਰੀ ਟੋਲੇ ਤੇ ਮਜ਼ਦੂਰ ਏਨੀ ਗਿਣਤੀ ਵਿਚ ਆ ਵਸੇ ਕਿ ਇਥੋਂ ਦੇ ਬਾਗ ਬਗੀਚੇ ਤੇ ਫਲਦਾਰ ਬੂਟੇ ਬੌਣੇ ਜਾਪਣ ਲੱਗੇ। ਅੱਜ ਇਸ ਦੇ 36 ਸੈਕਟਰ ਦਾ ਫਰੈਗਰੈਂਸ ਗਾਰਡਨ ਭਾਵ ਸੁਗੰਧਤ ਬਗੀਚਾ ਹਰ ਤਰ੍ਹਾਂ ਦੇ ਕੂੜੇ ਕਰਕਟ ਦਾ ਕੇਂਦਰ ਬਣ ਚੁਕਿਆ ਹੈ। ਹਰ ਬੈਂਚ ਦੇ ਥੱਲੇ ਤੇ ਹਰ ਪੌਦੇ ਦੀ ਛਾਂਵੇਂ ਫਲਾਂ ਦੇ ਛਿਲਕੇ, ਕਾਗਜ਼ ਪੱਤਰ ਤੇ ਨਿੱਕ ਸੁੱਕ ਖਿੰਡਿਆ ਪਿਆ ਹੈ। ਕੀੜੇ ਮਕੌੜੇ, ਚੂਹੇ ਤੇ ਕਿਰਲੀਆਂ ਇਨ੍ਹਾਂ ਨਾਲ ਖੇਡਦੇ ਹਨ। ਜਾਪਦਾ ਹੈ ਨਗਰਪਾਲਿਕਾ ਤੇ ਸਰਕਾਰੀ ਸਿਹਤ ਸੰਸਥਾਵਾਂ ਨੂੰ ਇਸ ਦੀ ਚਿੰਤਾ ਹੀ ਨਹੀਂ। ਇਥੋਂ ਤੱਕ ਕਿ ਕੂੜੇਦਾਨਾਂ ਦਾ ਕੂੜਾ ਵੀ ਉਡ ਕੇ ਸੜਕਾਂ ਉਤੇ ਖਿਲਰਿਆ ਮਿਲਦਾ ਹੈ। ਕੂੜੇਦਾਨਾਂ ਵਿਚ ਫਲਾਂ ਤੇ ਸਬਜ਼ੀਆਂ ਦੇ ਛਿਲਕੇ, ਦਵਾਈਆਂ ਵਾਲੇ ਪੱਤੇ, ਕਾਗਜ਼ਾਂ ਦੇ ਟੁਕੜੇ, ਬਦਬੂ ਮਾਰ ਰਹੀਆਂ ਦੁੱਧ ਦੀਆਂ ਥੈਲੀਆਂ ਰਲਗੱਡ ਹੋਈਆਂ ਪਈਆਂ ਹਨ। ਘਰਾਂ ਦੀਆਂ ਸੁਆਣੀਆਂ ਨੂੰ ਯੂਰਪੀ ਮੇਮਾਂ ਵਾਲੀ ਸਿਖਲਾਈ ਦੇਣ ਵਾਲਾ ਵੀ ਕੋਈ ਨਹੀਂ ਜੋ ਆਪਣੀ ਪੱਧਰ ਉਤੇ ਇਨ੍ਹਾਂ ਦਾ ਨਿਖੇੜ ਕਰਨ। ਬਾਹਰਲੇ ਦੇਸ਼ਾਂ ਵਿਚ ਨਗਰ ਪਾਲਿਕਾਵਾਂ ਆਪਣੇ ਸ਼ਹਿਰੀਆਂ ਨੂੰ ਘਰੋਗੀ ਕੂੜਾ ਨਿਖੇੜ ਕੇ ਪਾਉਣ ਲਈ ਵੱਖੋ ਵਖਰੇ ਰੰਗਾਂ ਦੇ ਥੈਲੇ ਵੰਡਦੇ ਹਨ। ਕੂੜੇ ਦਾ ਰਲਗਡ ਹੋਣਾ ਹੀ ਬਦਬੂ ਦੀ ਜੜ੍ਹ ਹੈ।
ਦਿਲਦਾਰ ਸਿੰਘ ਤੇ ਅਮੀਰ ਸੁਲਤਾਨਾ ਜੋੜੀ: ਮੈਂ ਦਿਲਦਾਰ ਤੇ ਸੁਲਤਾਨਾ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਜਾਣਦਾ ਹਾਂ। ਵੀਹਵੀਂ ਸਦੀ ਦੇ ਸਠਵਿਆਂ ਵਿਚ ਦਿਲਦਾਰ ਸਿੰਘ ਦੇ ਪਿਤਾ ਤੇਰਾ ਸਿੰਘ ਚੰਨ ਤੇ ਅਮੀਰ ਸੁਲਤਾਨਾ ਦੇ ਪਿਤਾ ਗੁਲਾਮ ਹੈਦਰ ਨਵੀਂ ਦਿੱਲੀ ਵਿਖੇ ਰੂਸੀ ਸਫਾਰਤਖਾਨੇ ਦੇ ਸੂਚਨਾ ਵਿਭਾਗ ਵਿਚ ਕ੍ਰਮਵਾਰ ਪੰਜਾਬੀ ਤੇ ਉਰਦੂ ਅਨੁਵਾਦ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ। ਮੇਰਾ ਉਸ ਦਫਤਰ ਨਾਲ ਚੰਗਾ ਸਬੰਧ ਸੀ। ਪੰਜਾਬੀ ਦੇ ਅਨੁਵਾਦਕ ਉਰਦੂ ਵਾਲਿਆਂ ਨੂੰ ਆਪਣਾ ਹੀ ਸਮਝਦੇ ਸਨ। ਇਕ ਦੂਜੇ ਦੇ ਬਾਲ ਬੱਚਿਆਂ ਨੂੰ ਵੀ। ਦਿਲਦਾਰ ਦੀ ਸੁਲਤਾਨਾ ਨਾਲ ਸਾਂਝ ਉਦੋਂ ਤੋਂ ਚਲੀ ਆ ਰਹੀ ਹੈ। ਪੂਰੇ 35 ਸਾਲਾਂ ਤੋਂ। ਉਨ੍ਹਾਂ ਦੇ ਵਿਆਹ ਦੀ 25ਵੀਂ ਵਰ੍ਹੇਗੰਢ ਸਮੇਂ ਮੈਂ ਸੁਲਤਾਨਾ ਦੀ ਮੰਮੀ ਤੇ ਭਰਾ ਨੂੰ ਪਹਿਲੀ ਵਾਰ ਮਿਲਿਆ।
ਏਸ ਇਕੱਠ ਸਮੇਂ ਤੇਰਾ ਸਿੰਘ ਚੰਨ ਦੀ ਉਦਾਰਤਾ ਵੀ ਚੇਤੇ ਕੀਤੀ ਗਈ ਜਿਸ ਨੇ ਆਪਣੇ ਧੀਆਂ ਪੁਤਰਾਂ ਨੂੰ ਜ਼ਾਤ, ਗੋਤ ਤੇ ਬਰਾਦਰੀ ਦੇ ਬੰਧਨ ਤੋੜ ਕੇ ਮਨ ਮਰਜ਼ੀ ਦੇ ਵਿਆਹਾਂ ਦੀ ਖੁੱਲ੍ਹ ਦਿੱਤੀ। ਨਤੀਜੇ ਵਜੋਂ ਉਸ ਦੇ ਛੇ ਬੱਚਿਆਂ ਵਿਚੋਂ ਇਕ ਧੀ ਸੁਲੇਖਾ ਤੇ ਦੋ ਪੁੱਤਰਾਂ ਦਿਲਦਾਰ ਤੇ ਮਨਦੀਪ ਨੇ ਮਨ ਮਰਜ਼ੀ ਦੇ ਵਿਆਹ ਕੀਤੇ। ਸੁਲੇਖਾ ਦਾ ਸਾਥੀ ਰਘਬੀਰ ਸਿੰਘ ‘ਸਿਰਜਣਾ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪ੍ਰੋਫੈਸਰ ਦੀ ਉਪਾਧੀ ਤੱਕ ਪਹੁੰਚਿਆ, ਮਨਦੀਪ ਦੀ ਸਾਥਣ ਅਮਰਜੀਤ ਕੌਰ ਆਪਣੇ ਪਤੀ ਵਾਂਗ ਕਾਲਜ ਵਿਚ ਪੜ੍ਹਾਉਂਦੀ ਹੈ। ਉਹ ਵਿਰਕ ਜੱਟਾਂ ਦੀ ਧੀ ਹੈ ਤੇ ਹਰ ਰੋਜ਼ ਚੰਡੀਗੜ੍ਹ ਤੋਂ ਕਰਨਾਲ ਆਉਣ ਜਾਣ ਕਰਦੀ ਹੈ। ਦਿਲਦਾਰ ਤੇ ਸੁਲਤਾਨਾ ਦਾ ਧਰਮ ਸਪਸ਼ਟ ਹੈ। ਬੋਲੀ ਵੀ। ਜਾਨਣ ਵਾਲੇ ਜਾਣਦੇ ਹਨ ਕਿ ਪਿਆਰ ਵਿਆਹ ਵੀ ਓਨੇ ਹੀ ਸਫਲ ਰਹੇ ਜਿੰਨੇ ਦੂਜੇ ਤਿੰਨ ਬੱਚਿਆਂ ਦੇ ਆਮ ਵਿਆਹ। ਚਾਰ ਛੇ ਦਰਜੇ ਵਧ ਹੋਣਗੇ ਘਟ ਨਹੀਂ। ਬਰਨਾਰਡ ਸ਼ਾਅ ਦੇ ਸ਼ਬਦਾਂ ਵਿਚ ਹਾਈਬ੍ਰਿਡ ਕਲਚਰ ਦੀਆਂ ਨੀਹਾਂ ਰੱਖਣ ਵਾਲੇ। ਉਤਮ ਸਭਿਆਚਾਰ ਦੇ ਪੀੜ੍ਹੇ।
ਸਤਿੰਦਰ ਸਰਤਾਜ ਦੇ ਬੋਲ: ਪਿਛਲੇ ਹਫਤੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਮੈਨੂੰ ਸਤਿੰਦਰ ਸਰਤਾਜ ਨੂੰ ਪਹਿਲੀ ਤੇ ਆਖਰੀ ਬਾਰ ਸੁਣਨ ਦੇਖਣ ਦਾ ਮੌਕਾ ਮਿਲਿਆ। ਲੋਹੜੇ ਦੀ ਆਵਾਜ਼ ਤੇ ਟਪੂਸੀਆਂ ਭਰਦੀ ਪੇਸ਼ਕਾਰੀ। ਇਹ ਪ੍ਰੋਗਰਾਮ ਰਾਣੀ ਬਰੈਸਟ ਕੈਂਸਰ ਟਰੱਸਟ ਵਲੋਂ ਏਸ ਰੋਗ ਬਾਰੇ ਲੋੜੀਂਦੀ ਜਾਣਕਾਰੀ ਦੇਣ ਲਈ ਰਚਾਇਆ ਗਿਆ ਸੀ। ਆਪਣੀ ਹਾਜ਼ਰੀ ਨੂੰ ਪਹਿਲੀ ਤੇ ਆਖਰੀ ਮੰਨਣ ਦਾ ਕਾਰਨ ਇਹ ਹੈ ਕਿ ਰੇਡੀਓ ਅਤੇ ਟੀæ ਵੀæ ਸੂਫੀਆਨਾ ਕਲਾਮ ਦੀ ਖੂਬਸੂਰਤ ਪੇਸ਼ਕਾਰੀ ਕਰਨ ਵਾਲੇ ਸਰਤਾਜ ਨੂੰ ਸਾਹਮਣੇ ਬੈਠ ਕੇ ਸੁਣਨ ਦੇਖਣ ਦੀ ਇੱਛਾ ਪੂਰੀ ਹੋ ਗਈ ਤੇ ਆਖਰੀ ਏਸ ਲਈ ਕਿ ਮੁੜ ਸੁਣਨ ਦੀ ਲੋੜ ਨਹੀਂ ਰਹੀ। ਹੁਣ ਉਸ ਨੇ ਸੂਫੀ ਗਾਇਕੀ ਤੋਂ ਮੂੰਹ ਮੋੜ ਕੇ ਆਪਣੀਆਂ ਹੀ ਤੁਕਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਨ੍ਹਾਂ ਵਿਚ ਉਡਾਣ ਭਰਨਾ ਉਸ ਦੀ ਸੁਰੀਲੀ ਆਵਾਜ਼ ਦੇ ਵੀ ਵੱਸ ਦੀ ਗੱਲ ਨਹੀਂ। ਫੇਰ ਵੀ ਆਪਣੇ ਇਲਾਕੇ ਦੇ ਬਜਰੌੜ ਪਿੰਡ (ਚੱਬੇਵਾਲ) ਵਿਚ ਜੰਮੇ ਜਾਏ ਸਰਤਾਜ ਨੂੰ ਵਧਾਈ ਤਾਂ ਦੇਣੀ ਹੀ ਬਣਦੀ ਹੈ। ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਕਾਲ ਵਿਚ ਏਸ ਪਿੰਡ ਦੇ ਰੰਘੜਾਂ ਤੇ ਗੁਜਰਾਂ ਨੇ ਗੁਰੂ ਜੀ ਦੇ ਦਰਸ਼ਨਾਂ ਨੂੰ ਆ ਰਹੀ ਸੰਗਤ ਲੁੱਟੀ ਸੀ ਤਾਂ ਗੁਰੂ ਸਾਹਿਬ ਨੂੰ ਖੁਦ ਉਥੇ ਪਹੁੰਚ ਕੇ ਸੋਧਣਾ ਪਿਆ ਸੀ। ਹੁਣ ਇਸ ਪਿੰਡ ਦੀ ਮਿੱਟੀ ਨੇ ਲੁੱਟਣ ਵਾਲੀ ਆਵਾਜ਼ ਨੂੰ ਜਨਮ ਦਿੱਤਾ ਹੈ। ਰੱਬ ਖੈਰ ਕਰੇ। ਸੂਫੀਆਨਾ ਗਾਇਕੀ ਇੱਕੋ ਇੱਕ ਹੱਲ ਹੈ।
ਅੰਤਿਕਾ: (ਸੂਫੀ ਤਬੱਸਮ)
ਅੱਲਾ ਕਰੇ ਜਹਾਂ ਕੋ ਮੇਰੀ ਯਾਦ ਭੂਲ ਜਾਏ,
ਅੱਲਾ ਕਰੇ ਤੁਮ ਕਭੀ ਐਸਾ ਨਾ ਕਰ ਸਕੋ।
Leave a Reply