ਅੰਮ੍ਰਿਤਸਰ: ਗਣਤੰਤਰ ਦਿਵਸ ਪਰੇਡ ‘ਚ ਐਤਵਾਰ ਨੂੰ ਜਿਸ ਸਮੇਂ ਰਾਜਧਾਨੀ ਦਿੱਲੀ ‘ਚ ਕਰਤੱਵਿਆ ਪਥ ‘ਤੇ ਸੰਵਿਧਾਨ ਦੀ ਝਾਕੀ ਕੱਢੀ ਜਾ ਰਹੀ ਸੀ, ਲਗਪਗ ਉਸੇ ਸਮੇਂ ਅੰਮ੍ਰਿਤਸਰ ‘ਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ‘ਤੇ ਇਕ ਨੌਜਵਾਨ ਨੇ ਹਥੌੜਾ ਚਲਾ ਦਿੱਤਾ। ਉਹ ਪੌੜੀ ਲਾ ਕੇ ਉਚਾਈ ‘ਤੇ ਸਥਾਪਤ ਬੁੱਤ ਤੱਕ ਜਾ ਪੁੱਜਾ।
ਹਥੌੜਾ ਚਲਾਉਣ ਦੇ ਨਾਲ ਹੀ ਉਸ ਨੇ ਬੁੱਤ ਦੇ ਹੇਠਾਂ ਪੱਥਰ ਨਾਲ ਬਣੀ ਸੰਵਿਧਾਨ ਦੀ ਕਿਤਾਬ ਨੂੰ ਵੀ ਅੱਗ ਲਾ ਦਿੱਤੀ। ਧਾਤੂ ਨਾਲ ਬਣੇ ਬੁੱਤ ਨੂੰ ਤਾਂ ਹਥੌੜੇ ਦੀ ਸੱਟ ਨਾਲ ਕੁਝ ਨਹੀਂ ਹੋਇਆ ਪਰ ਉਸ ਦੀ ਸੱਟ ਨਾਲ ਪੱਥਰ ਨਾਲ ਬਣੀ ਸੰਵਿਧਾਨ ਦੀ ਕਿਤਾਬ ਦਾ ਕੰਢਾ ਟੁੱਟ ਗਿਆ ਤੇ ਅੱਗ ਨਾਲ ਉਹ ਕਾਲੀ ਪੈ ਗਈ। ਘਟਨਾ ਵਾਲੀ ਥਾਂ ‘ਤੇ ਪ੍ਰਾਈਵੇਟ ਸੁਰੱਖਿਆ ਮੁਲਾਜ਼ਮਾਂ ਨੇ ਨੌਜਵਾਨ ਨੂੰ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਤੋਂ ਤੁਰੰਤ ਬਾਅਦ ਰੋਸ ਵਜੋਂ ਐਤਵਾਰ ਅਤੇ ਸੋਮਵਾਰ ਨੂੰ ਪੰਜਾਬ ਦੇ ਕਈ ਸ਼ਹਿਰ ਬੰਦ ਰਹੇ।
ਇਸ ਘਟਨਾ ਨਾਲ ਅਨੁਸੂਚਿਤ ਸਮਾਜ ਦੇ ਲੋਕਾਂ ‘ਚ ਗੁੱਸਾ ਫੈਲ ਗਿਆ ਤੇ ਸਮਾਜ ਨੇ ਸੋਮਵਾਰ ਨੂੰ ਸ਼ਹਿਰ ਬੰਦ ਰੱਖਿਆ। ਇਸ ਘਟਨਾ ਨੂੰ ਲੈ ਕੇ ਸਿਆਸੀ ਪਾਰਟੀਆਂ ਦੀ ਸਿਆਸਤ ਵੀ ਤੇਜ਼ ਹੋ ਗਈ। ਅੰਬੇਡਕਰ ਦਾ ਬੁੱਤ ਤੋੜਣ ਅਤੇ ਸੰਵਿਧਾਨ ਦੀ ਕਿਤਾਬ ਸਾੜਨ ਦੇ ਰੋਸ ਵਜੋਂ ਸੋਮਵਾਰ ਨੂੰ ਅੰਮ੍ਰਿਤਸਰ ਬੰਦ ਦਾ ਪੂਰਾ ਅਸਰ ਦਿਖਾਈ ਦਿੱਤਾ। ਇਸ ਘਟਨਾ ਦੇ ਵਿਰੋਧ ‘ਚ ਅਨੁਸੂਚਿਤ ਜਾਤੀ ਦੇ ਵੱਖ-ਵੱਖ ਸੰਗਠਨਾਂ ਤੇ ਸੰਤ
ਸਮਾਜ ਦੇ ਲੋਕ ਭੰਡਾਰੀ ਪੁਲ ‘ਤੇ ਇਕੱਠੇ ਹੋਏ ਤੇ ਸਾਰੇ ਰਾਹ ਬੰਦ ਕਰ ਕੇ ਰੋਸ ਜ਼ਾਹਰ ਕੀਤਾ। ਸਵੇਰੇ 11 ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਪ੍ਰਦਰਸ਼ਨ ਕੀਤਾ ਗਿਆ।