ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੀ ਹੋਵੇਗੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਭਰਤੀ: ਜਥੇਦਾਰ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ 28 ਜਨਵਰੀ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਅਚਾਨਕ ਮੁਲਤਵੀ ਕੀਤੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਵਿੱਚ ਨਵੀਂ ਮੈਂਬਰਸ਼ਿਪ ਕਰਨ ਬਾਰੇ ਇਕ ਵਾਰ ਫੇਰ ਭੰਬਲਭੂਸੇ ਵਾਲੀ ਸਥਿਤੀ ਪੈਦਾ ਹੋ ਗਈ ਹੈ।

ਭਾਵੇਂ ਅਕਾਲ ਦੇ ਸਕੱਤਰੇਤ ਵਲੋਂ ਜਾਰੀ ਸੂਚਨਾ ਅਨੁਸਾਰ ਮੀਟਿੰਗ ਮੁਲਤਵੀ ਕਰਨ ਦਾ ਕਾਰਨ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਕੁਝ ਨਿੱਜੀ ਰੁਝੇਵਿਆਂ ਨੂੰ ਦੱਸਿਆ ਗਿਆ, ਪਰ ਪੰਥਕ ਹਲਕਿਆਂ ‘ਚ ਚੱਲ ਰਹੀ ਚਰਚਾ ਅਨੁਸਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਪਿਛਲੇ ਦਿਨੀਂ ਲੱਗੇ ਦੋਸ਼ਾਂ ਦੀ ਸ਼੍ਰੋਮਣੀ ਕਮੇਟੀ ਵਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਵਲੋਂ ਚੱਲ ਰਹੀ ਜਾਂਚ ਕਾਰਨ ਉਨ੍ਹਾਂ ਨੂੰ ਇਸ ਅਹਿਮ ਇਕੱਤਰਤਾ ਵਿਚ ਸ਼ਾਮਿਲ ਕੀਤੇ ਜਾਣ ਜਾਂ ਬਾਹਰ ਰੱਖੋ ਜਾਣ ਦੀ ਦੁਬਿਧਾ ਨੂੰ ਵੀ ਸਮਝਿਆ ਜਾ ਰਿਹਾ ਹੈ। ਫਿਲਹਾਲ ਸਿੰਘ ਸਾਹਿਬਾਨ ਦੀ ਇਕੱਤਰਤਾ ਦੀ ਨਵੀਂ ਤਾਰੀਖ ਦਾ ਕੋਈ ਐਲਾਨ ਨਹੀਂ ਕੀਤਾ ਗਿਆ, ਪਰ ਜਥੇਦਾਰ ਵਲੋਂ ਇਹ ਜ਼ਰੂਰ ਕਿਹਾ ਗਿਆ। ਹੈ ਕਿ ਸਿੰਘ ਸਾਹਿਬਾਨ ਦੀ ਇਕੱਤਰਤਾ ਜਲਦੀ ਸੱਦੀ ਜਾਵੇਗੀ। ਇਸੇ ਦੌਰਾਨ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ(ਬਾਦਲ) ਦੀ ਵਰਕਿੰਗ ਕਮੇਟੀ ਨੂੰ ਮੁੜ ਆਦੇਸ਼ ਜਾਰੀ ਕੀਤਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਾਰੀ ਆਦੇਸ਼ਾਂ ਅਨੁਸਾਰ ਦਲ ਦੀ ਨਵੀਂ ਮੈਂਬਰਸ਼ਿਪ ਭਰਤੀ ਲਈ 7 ਮੈਂਬਰੀ ਨਿਗਰਾਨ ਕਮੇਟੀ ਨੂੰ ਕਾਰਜਸ਼ੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਰਤੀ ਮੁਹਿੰਮ ਦੀ ਸਾਰੀ ਨਿਗਰਾਨੀ ਇਸ ਸੱਤ ਮੈਂਬਰੀ ਕਮੇਟੀ ਨੇ ਕਰਨੀ ਹੈ। ਸੰਖੇਪ ਗੱਲਬਾਤ ਦੌਰਾਨ 7 ਮੈਂਬਰੀ ਕਮੇਟੀ ‘ਚ ਵਾਧਾ ਕੀਤੇ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਪੂਰੇ ਭਾਰਤ ਵਿਚ ਹੀ ਮੈਂਬਰਸ਼ਿਪ ਭਰਤੀ ਕੀਤੀ ਜਾਣੀ ਹੈ, ਜੇ ਵਰਕਿੰਗ ਕਮੇਟੀ ਜ਼ਰੂਰਤ ਮਹਿਸੂਸ ਕਰੇਗੀ ਤਾਂ ਉਹ ਇਸ ਵਿਚ ਵਾਧਾ ਕਰ ਸਕਦੀ ਹੈ। ਗਿਆਨੀ ਹਰਪ੍ਰੀਤ ਸਿੰਘ ‘ਤੇ ਲੱਗੇ ਦੋਸ਼ਾਂ ਦੀ ਤਿੰਨ ਮੈਂਬਰੀ ਕਮੇਟੀ ਵਲੋਂ ਕੀਤੀ ਜਾ ਰਹੀ ਜਾਂਚ ਬਾਰੇ ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਸਮੇਤ ਹਰ ਪਦਵੀ ਦਾ ਮਾਣ-ਸਨਮਾਨ ਜ਼ਰੂਰ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਗਿਆਨੀ ਹਰਪ੍ਰੀਤ ਸਿੰਘ ਵਲੋਂ ਤਿੰਨ ਮੈਂਬਰੀ ਕਮੇਟੀ ਮੈਂਬਰ ਨੂੰ ‘ਮੈਸੰਜਰ ਆਫ਼ ਬਾਦਲ’ ਆਖੇ ਜਾਣ ‘ਤੇ ਉਨ੍ਹਾਂ ਕਿਹਾ। ਕਿ ਇਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਹੀ ਦੱਸ ਸਕਦੇ ਹਨ ਕਿ ਉਹ ਕੌਣ ਹੈ ਤੇ ਉਨ੍ਹਾਂ ਕਿਸ ਸੰਦਰਭ ਵਿਚ ਆਖਿਆ ਹੈ। ਸਿੰਘ ਸਾਹਿਬਾਨ ਦੀ ਇਕੱਤਰਤਾ ਦੀਆਂ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਬਾਰੇ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ, ਕਿਉਂਕਿ ਹਰ ਅਹੁਦੇ ਦੀ ਇਕ ਮਰਿਆਦਾ ਹੁੰਦੀ ਹੈ। ਪਰ ਇਸ ਮਾਮਲੇ ਦੀ ਜਾਂਚ ਪੜਤਾਲ ਕਰਾਉਣ ਬਾਰੇ ਉਨ੍ਹਾਂ ਕਿਹਾ। ਕਿ ਅਜੇ ਇਸ ਬਾਰੇ ਕੋਈ ਵਿਚਾਰ ਨਹੀਂ ਹੈ, ਅੱਗੇ ਜਾ ਕੇ ਦੇਖਾਂਗੇ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ 28 ਜਨਵਰੀ ਦੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਮੁਲਤਵੀ ਕੀਤੇ ਜਾਣ ‘ਤੇ ਗਿਆਨੀ ਹਰਪ੍ਰੀਤ ਸਿੰਘ ਨੇ ਰੋਸ ਭਰਿਆ ਬਿਆਨ ਜਾਰੀ ਕੀਤਾ ਹੈ। ਮੀਟਿੰਗ ਮੁਲਤਵੀ ਕੀਤੇ ਜਾਣ ਦੀ ਜਾਣਕਾਰੀ ਜਨਤਕ ਕੀਤੇ ਜਾਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਇਸ ਮੀਟਿੰਗ ‘ਚ ਸੋਚ ਤੋਂ ਪਰੇ ਗੁਰਮਤਿ ਦੀ ਰੋਸ਼ਨੀ ‘ਚ ਫ਼ੈਸਲੇ ਹੋਣੇ ਸਨ। ਪਰ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਕੇਵਲ ਮੀਟਿੰਗ ਮੁਲਤਵੀ ਨਹੀਂ ਹੋਈ ਬਲਕਿ ਉਨ੍ਹਾਂ ਖ਼ਿਲਾਫ਼ ਤਿੰਨ ਮੈਂਬਰੀ ਜਾਂਚ ਕਮੇਟੀ ਨੇ ਜਾਂਚ ਦੀ ਰਫ਼ਤਾਰ ਵਧਾ ਦਿੱਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੱਢੇ ਹੋਏ ਲੀਡਰ ਆਪਣੀ ਗੱਡੀ ‘ਚ ਬਿਠਾ ਕੇ ਉਨ੍ਹਾਂ ਖ਼ਿਲਾਫ਼ ਗਵਾਹ ਭੁਗਤਾ ਰਹੇ ਹਨ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਖ਼ਿਲਾਫ਼ ਗਵਾਹੀ ਦੇਣ ਲਈ ਕਿਹਾ ਜਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜਿਹੜੇ ਜਥੇਦਾਰ ਘਰ ਜਾ ਕੇ ਫ਼ੈਸਲਿਆਂ ਨੂੰ ਪ੍ਰਵਾਨ ਕਰ ਲੈਂਦੇ ਹਨ ਜਾਂ ਈਨ ਮੰਨ ਲੈਂਦੇ ਹਨ, ਉਹ ਬਿਲਡਿੰਗਾਂ ਬਣਾ ਲੈਣ, ਬਿਜਨਸ ਖੜ੍ਹੇ ਕਰ ਲੈਣ, ਕਰੋੜਾਂ ਰੁਪਏ ਕਮਾ ਲੈਣ, ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਂਦਾ। ਸੇਵਾ ਮੁਕਤ ਹੋਣ ਦੇ ਅੱਠ-ਅੱਠ ਸਾਲ ਬਾਅਦ ਵੀ ਉਨ੍ਹਾਂ ਨੂੰ ਸਹੂਲਤਾਂ ਜਾਰੀ ਰਹਿੰਦੀਆਂ ਹਨ। ਪਰ ਉਨ੍ਹਾਂ (ਗਿਆਨੀ ਹਰਪ੍ਰੀਤ ਸਿੰਘ) ਦੀਆਂ ਬੁਰਕੀਆਂ ਤੱਕ ਦਾ ਹਿਸਾਬ ਕੀਤਾ ਜਾ ਰਿਹਾ ਹੈ ਕਿ ਜਥੇਦਾਰ ਨੇ ਕਦੋਂ ਕਿੰਨੀਆਂ ਗਰਾਹੀਆਂ ਖਾਧੀਆਂ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਜਲਦੀ ਕਰੋ, ਮੇਰੇ ਤੇ ਦੋਸ਼ ਲਾਓ, ਬਾਹਰ ਕੱਢੋ, ਸੇਵਾਵਾਂ ਖਤਮ ਕਰੋ, ਉਸ ਤੋਂ ਬਾਅਦ ਮੈਂ ਦੇਖਾਂਗਾ। ਮੈਂ ਆਪਣੇ ਪੰਥ ਦੇ ਸਹਿਯੋਗ ਨਾਲ, ਆਪਣੀ ਕੌਮ ਦੇ ਸਹਿਯੋਗ ਨਾਲ ਕਿਸ ਤਰ੍ਹਾਂ ਮਿਲ ਕੇ ਇਸ ਦਾ ਜਵਾਬ ਦੇਵਾਂਗਾ।
ਜਥੇਦਾਰਾਂ ਦਾ ਅਪਮਾਨ ਤਖ਼ਤਾਂ ਦਾ ਅਪਮਾਨ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਥੇਦਾਰਾਂ ਨੂੰ ਮਿਲਣ ਵਾਲਾ ਸਨਮਾਨ ਤਖ਼ਤਾਂ ਦਾ ਸਨਮਾਨ ਹੈ ਤੇ ਜਥੇਦਾਰਾਂ ਦਾ ਕੀਤਾ ਜਾਣ ਵਾਲਾ ਅਪਮਾਨ ਵੀ ਤਖ਼ਤਾਂ ਦਾ ਹੀ ਅਪਮਾਨ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਨਾਲ ਟਕਰਾਉਣ ਵਾਲੇ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ ਹੈ। ਉਹ ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਬਾਬਾ ਕੁਲਵੰਤ ਸਿੰਘ ਦੀ ਬਤੌਰ ਜਥੇਦਾਰ 25 ਵਰ੍ਹੇ ਸੇਵਾ ਪੂਰੀ ਹੋਣ ‘ਤੇ ਕਰਵਾਏ ਗਏ ਵਿਸ਼ੇਸ਼ ਸਨਮਾਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਹਜੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਸਮੇਤ ਵੱਡੀ ਗਿਣਤੀ ‘ਚ ਸੰਤ ਮਹਾਪੁਰਖ ਮੌਜੂਦ ਸਨ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ਜਿਹੜਾ ਵੀ ਤਖ਼ਤ ਸਾਹਿਬ ਤੋਂ ਮੁਖ ਮੋੜਦਾ ਹੈ ਉਸ ਦਾ ਨਸਲਾਂ ਤੱਕ ਨਾਸ ਹੋ ਜਾਂਦਾ ਹੈ ਚਾਹੇ ਉਹ ਜਥੇਦਾਰ ਹੀ ਕਿਉਂ ਨਾ ਹੋਵੇ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਸੇ ਹਾਕਮ ਨੇ ਤਖ਼ਤ ਸਾਹਿਬ ਨਾਲ ਟਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਮੂੰਹ ਦੀ ਖਾਣੀ ਪਈ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੇ ਤਖ਼ਤ ਕੇਵਲ ਇਮਾਰਤਾਂ ਨਹੀਂ ਸਗੋਂ ਖਾਲਸਾ ਪੰਥ ਦਾ ਸੱਚਾ ਸੁੱਚਾ ਸੰਕਲਪ ਹੈ। ਇਨ੍ਹਾਂ ਤਖ਼ਤ ਸਾਹਿਬਾਨ ਤੋਂ ਸੇਧ ਲੈ ਕੇ ਹੀ ਸਿੱਖ ਪੰਥ ਸਮਾਜਿਕ, ਰਾਜਨੀਤਿਕ ਤੇ ਆਰਥਿਕ ਤੌਰ ‘ਤੇ ਅੱਗੇ ਵਧਦਾ ਹੈ। ਤਖ਼ਤ ਸਾਹਿਬ ਨੇ ਹਮੇਸ਼ਾ ਪੰਥ ਦੀ ਅਗਵਾਈ ਕਰਦਿਆਂ ਆਪਣੀ ਅਹਿਮ ਭੂਮਿਕਾ ਨਿਭਾਈ ਹੈ।
ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਤਖਤ ਸਾਹਿਬਾਨ ਤੋਂ ਸਮੇਂ ਦੇ ਹਾਕਮ ਪੂਰੀ ਤਰ੍ਹਾਂ ਭੈਅ ਖਾਂਦੇ ਰਹੇ ਹਨ, ਜੇਕਰ ਕਿਸੇ ਹਾਕਮ ਨੇ ਤਖ਼ਤ ਸਾਹਿਬ ਨਾਲ ਟਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਮੂੰਹ ਦੀ ਖਾਣੀ ਪਈ, ਭਾਵੇਂ ਉਹ ਕੋਈ ਮੁਗ਼ਲ ਸੀ ਜਾਂ ਅੰਗਰੇਜ਼ ਜਾਂ ਫਿਰ ਕੋਈ ਹੋਰ। ਉਨ੍ਹਾਂ ਕਿਹਾ ਕਿ ਪੰਥ ਕਦੇ ਵੀ ਤਖ਼ਤ ਸਾਹਿਬਾਨ ਨੂੰ ਪਿੱਠ ਨਹੀਂ ਵਿਖਾਉਂਦਾ ਸਗੋੰ ਤਖਤ ਸਾਹਿਬਾਨ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਤਖਤ ਸਾਹਿਬ ਤੋਂ ਮੁੱਖ ਮੋੜਦਾ ਹੈ ਉਸ ਵਿਅਕਤੀ ਦਾ ਨਸਲਾਂ ਤੱਕ ਨਾਸ਼ ਹੋ ਜਾਂਦਾ। ਗਿਆਨੀ ਗੁਰਪ੍ਰੀਤ ਸਿੰਘ ਨੇ ਸਵਾਲ ਉਠਾਇਆ ਕਿ ਤਖ਼ਤ ਦੇ ਜਥੇਦਾਰ ਦੇ ਪੁਤਲੇ ਫੂਕਣੇ ਕਿਸ ਦਾ ਅਪਮਾਨ ਹੈ? ਉਨ੍ਹਾਂ ਕਿਹਾ ਕਿ ਇਥੇ ਸਾਥੀ ਸਿੰਘ ਸਾਹਿਬਾਨ ਬੈਠੇ ਹਨ, ਸਾਡਾ ਪੰਜਾਂ ਦਾ ਬੜਾ ਪਿਆਰ ਹੈ।