ਜੰਗਬੰਦੀ: ਫ਼ਲਸਤੀਨੀ ਸਿਰੜ ਦਾ ਗਵਾਹ ਬਣੇਗੀ ਗਾਜ਼ਾ ਦੀ ਮੁੜ-ਉਸਾਰੀ

ਬੂਟਾ ਸਿੰਘ ਮਹਿਮੂਦਪੁਰ
ਹਮਾਸ ਅਤੇ ਇਜ਼ਰਾਈਲ ਦਰਮਿਆਨ ਜੰਗਬੰਦੀ ਸਮਝੌਤਾ ਬਿਨਾ-ਸ਼ੱਕ ਰਾਹਤ ਦੇਣ ਵਾਲਾ ਹੈ, ਪਰ ਸਮਝੌਤੇ ਨੂੰ ਲਾਗੂ ਕਰਨ ਦਾ ਅਮਲ ਤੌਖਲਿਆਂ ਤੇ ਸਵਾਲਾਂ ’ਚ ਘਿਰਿਆ ਹੋਇਆ ਹੈ। 6 ਹਫ਼ਤੇ ਦਾ ਪਹਿਲਾ ਪੜਾਅ ਹਮਾਸ ਵੱਲੋਂ ਬੰਦੀ ਬਣਾਏ 33 ਬੰਦੀਆਂ ਅਤੇ ਇਜ਼ਰਾਈਲ ਵੱਲੋਂ ਜੇਲ੍ਹਾਂ ਵਿਚ ਡੱਕੇ 1000 ਫ਼ਲਸਤੀਨੀਆਂ ਦੀ ਰਿਹਾਈ ਦਾ ਹੈ

ਜਦਕਿ ਦੂਜੇ ਅਤੇ ਤੀਜੇ ਪੜਾਵਾਂ ’ਚ ਜੰਗਬੰਦੀ ਨੂੰ ਵਧਾ ਕੇ ਗਾਜ਼ਾ ’ਚੋਂ ਸਾਰੀਆਂ ਇਜ਼ਰਾਇਲੀ ਫ਼ੌਜਾਂ ਵਾਪਸ ਬੁਲਾਈਆਂ ਜਾਣੀਆਂ ਹਨ ਅਤੇ ਗਾਜ਼ਾ ਪੱਟੀ ਦੀ ਮੁੜ-ਉਸਾਰੀ ਕੀਤੀ ਜਾਣੀ ਹੈ। ਸ਼ੁਰੂਆਤ ਵਜੋਂ ਹਮਾਸ ਨੇ ਤਿੰਨ ਇਜ਼ਰਾਇਲੀ ਬੰਦੀ ਅਤੇ ਇਜ਼ਰਾਇਲੀ ਹਕੂਮਤ ਨੇ 90 ਫਲਸਤੀਨੀ ਰਿਹਾਅ ਕਰ ਦਿੱਤੇ ਹਨ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਔਰਤਾਂ ਅਤੇ ਨਾਬਾਲਗ ਬੱਚੇ ਹਨ। ਇਸ ਦੌਰਾਨ ਇਜ਼ਰਾਈਲ ਨੇ ਪੱਛਮੀ ਕੰਢੇ ਉੱਪਰ ਹਮਲੇ ਤੇਜ਼ ਕਰ ਦਿੱਤੇ ਹਨ। ਨਾਲ ਹੀ, ਇੱਥੇ ਧੱਕੇ ਨਾਲ ਵਸਾਏ ਇਜ਼ਰਾਇਲੀਆਂ ਵੱਲੋਂ ਫਲਸਤੀਨੀ ਪਿੰਡਾਂ ਉੱਪਰ ਹਮਲੇ ਕਰਨ ਦੀਆਂ ਰਿਪੋਰਟਾਂ ਵੀ ਆਈਆਂ ਹਨ, ਜੋ ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕੀਤੇ ਜਾਣ ਤੋਂ ਖ਼ਫ਼ਾ ਹਨ।
ਇਹ ਸਮਝੌਤਾ ਨੇਤਨਯਾਹੂ ਲਈ ਥੁੱਕ ਕੇ ਚੱਟਣ ਬਰਾਬਰ ਹੈ, ਜੋ ਐਲਾਨ ਕਰਦਾ ਰਿਹਾ ਹੈ ਕਿ ‘ਜੰਗ ਤੋਂ ਬਾਅਦ ਵੀ ਗਾਜ਼ਾ ਦੀ ਸਕਿਉਰਿਟੀ ਉੱਪਰ ਸਾਡਾ ਕੰਟਰੋਲ ਰਹੇਗਾ’। ਕੀ ਇਜ਼ਰਾਇਲੀ ਨਸਲਵਾਦੀ ਰਾਜ ਆਪਣੀਆਂ ਪਸਾਰਵਾਦੀ ਯੋਜਨਾਵਾਂ ਤਿਆਗ ਦੇਵੇਗਾ, ਜਾਂ ਇਹ ਸਿਰਫ਼ ਕੌਮਾਂਤਰੀ ਦਬਾਅ ਹੇਠ ਅਤੇ ਅਮਰੀਕਾ ਦੀਆਂ ਗਿਣਤੀਆਂ-ਮਿਣਤੀਆਂ ਤਹਿਤ ਪਿੱਛੇ ਹਟਣ ਲਈ ਮਜਬੂਰ ਹੋਇਆ ਹੈ? ਕੀ ਇਜ਼ਰਾਇਲੀ-ਅਮਰੀਕੀ ਗੱਠਜੋੜ ਤਿੰਨ ਪੜਾਵੀ ਸਮਝੌਤੇ ਦੇ ਮੁੱਖ ਪੱਖ ਇਜ਼ਰਾਇਲੀ ਫ਼ੌਜਾਂ ਦੀ ਵਾਪਸੀ ਨੂੰ ਗੰਭੀਰਤਾ ਨਾਲ ਲਾਗੂ ਕਰੇਗਾ? ਕੀ ਇਹ ਸਮਝੌਤਾ ਫਲਸਤੀਨੀ ਲੋਕਾਂ ਨੂੰ ਇਜ਼ਰਾਈਲ-ਅਮਰੀਕਾ ਗੱਠਜੋੜ ਵੱਲੋਂ ਥੋਪੀ ਬੇਹੱਦ ਕਰੂਰ ਨਸਲਕੁਸ਼ੀ ਤੋਂ ਨਿਜ਼ਾਤ ਦਿਵਾ ਸਕੇਗਾ ਜਾਂ ਇਹ ਮਹਿਜ਼ ਵਕਤੀ ਰਾਹਤ ਬਣ ਕੇ ਰਹਿ ਜਾਵੇਗਾ? ਕੀ ਹੁਣ ਨੇਤਨਯਾਹੂ ਸਰਕਾਰ ‘ਤੇ ਮੁਕੰਮਲ ਸਮਝੌਤੇ ਨੂੰ ਲਾਗੂ ਕਰਨ ਦੀ ਪਾਬੰਦੀ ਰਹੇਗੀ ਜਾਂ ਇਹ ਪਹਿਲਾ ਪੜਾਅ ਮੁਕੰਮਲ ਹੋਣ ’ਤੇ ਮੁੜ ਜੰਗ ਵਿੱਢ ਦੇਵੇਗੀ, ਜਿਵੇਂ ਨੇਤਨਯਾਹੂ ਵਜ਼ਾਰਤ ਦੇ ਘੋਰ ਨਸਲਵਾਦੀ ਪਹਿਲਾਂ ਹੀ ਕਹਿ ਰਹੇ ਹਨ? ਜੰਗਬੰਦੀ ਸਮਝੌਤੇ ਤੋਂ ਨਾਰਾਜ਼ ਇਕ ਇਜ਼ਰਾਇਲੀ ਮੰਤਰੀ ਦੇ ਅਸਤੀਫ਼ੇ ਅਤੇ ਦੂਜੇ ਦੀ ਧਮਕੀ ਦਰਮਿਆਨ ਨੇਤਨਯਾਹੂ ਵੱਲੋਂ ਉਨ੍ਹਾਂ ਨੂੰ ਇਹ ਯਕੀਨ ਦਿਵਾਉਣ ਦੀਆਂ ਰਿਪੋਰਟਾਂ ਵੀ ਆਈਆਂ ਹਨ ਕਿ ਜੰਗਬੰਦੀ ਵਕਤੀ ਹੈ ਅਤੇ ਛੇਤੀ ਹੀ ਜੰਗ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ। ਹਾਲੀਆ ਸਮਝੌਤੇ ਤੋਂ ਪਾਰ ਸਭ ਤੋਂ ਵੱਡਾ ਸਵਾਲ ਫਲਸਤੀਨੀ ਸਰਜ਼ਮੀਨ ਉੱਪਰ ਫ਼ਲਸਤੀਨੀ ਲੋਕਾਂ ਦੇ ਵਾਹਦ ਹੱਕ ਨੂੰ ਤਸਲੀਮ ਕਰਨ, ਇਜ਼ਰਾਇਲੀ ਧਾੜਵੀ ਕਬਜ਼ੇ ਦੇ ਖ਼ਾਤਮੇ ਅਤੇ ਫ਼ਲਸਤੀਨ ਦੀ ਮੁਕਤੀ ਦਾ ਹੈ।
ਲਗਾਤਾਰ ਪੰਦਰਾਂ ਮਹੀਨੇ ਗਾਜ਼ਾ ਪੱਟੀ ਵਿਚ ਇਸ ਭਿਆਨਕ ਤਬਾਹੀ ਅਤੇ ਨਸਲਕੁਸ਼ੀ ਨੂੰ ਅੰਜਾਮ ਦੇਣ ’ਚ ਪੱਛਮੀ ਸਾਮਰਾਜੀ ਗੁੱਟ ਦੀ ਫ਼ੈਸਲਾਕੁਨ ਭੂਮਿਕਾ ਰਹੀ ਹੈ, ਜਿਨ੍ਹਾਂ ਦੇ ਮੱਧ ਪੂਰਬ ਵਿਚ ਧਾੜਵੀ ਹਿਤ ਹਨ। ਜੰਗਬੰਦੀ ਕਈ ਮਹੀਨੇ ਪਹਿਲਾਂ ਹੋ ਸਕਦੀ ਸੀ, ਪਰ ਅਮਰੀਕਾ ਦੀ ਮਿਲੀਭੁਗਤ ਨੇ ਇਜ਼ਰਾਈਲ ਨੂੰ ਵੱਧ ਤੋਂ ਵੱਧ ਤਬਾਹੀ ਕਰਨ ਦਾ ਮੌਕਾ ਦਿੱਤਾ। ਮੱਧ ਪੂਰਬ ਅੰਦਰਲੇ ਰਾਜਨੀਤਕ ਘਟਨਾਕ੍ਰਮ ਨੂੰ ਉਹ ਆਪਣੀ ਭੂਗੋਲਿਕ-ਰਾਜਨੀਤਕ ਹਿਤ ਪੂਰਤੀ ਲਈ ਬਾਖ਼ੂਬੀ ਮੈਨੇਜ ਕਰ ਰਹੇ ਹਨ ਅਤੇ ਅੜਿੱਕਾ ਬਣਨ ਵਾਲੀਆਂ ਤਾਕਤਾਂ ਤੇ ਹੁਕਮਰਾਨਾਂ ਦਾ ਵੱਧ ਤੋਂ ਵੱਧ ਸਫ਼ਾਇਆ ਕਰ ਦੇਣ ਲਈ ਯਤਨਸ਼ੀਲ ਹਨ। ਟਰੰਪ ਦੀ ਰਾਸ਼ਟਰਪਤੀ ਵਜੋਂ ਤਾਜਪੋਸ਼ੀ ਅਤੇ ਸਮਝੌਤਾ ਲਾਗੂ ਕਰਨ ਲਈ ਤੈਅ ਕੀਤੀ ਤਰੀਕ (19 ਜਨਵਰੀ) ਦਾ ਮੌਕਾ-ਮੇਲ ਇਤਫ਼ਾਕੀਆ ਨਹੀਂ ਹੈ। ਰਾਜਨੀਤਕ ਡਰਾਮੇਬਾਜ਼ ਟਰੰਪ ਨੇ ਇਸ ਮੌਕੇ ਨੂੰ ਵੀ ਬੇਸ਼ਰਮੀ ਨਾਲ ਰਾਜਨੀਤਕ ਲਾਹਾ ਲੈਣ ਲਈ ਵਰਤਿਆ ਹੈ। ਉਹ ਇਹ ਪ੍ਰਭਾਵ ਦੇਣਾ ਚਾਹੁੰਦਾ ਹੈ ਕਿ ਜੰਗਬੰਦੀ ਉਸੇ ਨੇ ਕਰਾਈ ਹੈ।
ਪਿਛਲੇ 15 ਮਹੀਨਿਆਂ ਤੋਂ ਗਾਜ਼ਾ ਪੱਟੀ ਦੇ 23 ਲੱਖ ਲੋਕ ਜਿਸ ਤਰ੍ਹਾਂ ਦਿਨ-ਰਾਤ ਲਗਾਤਾਰ ਬੰਬਾਰੀ, ਕਤਲੇਆਮ, ਜੇਲ੍ਹ ਜ਼ੁਲਮਾਂ, ਬਿਨਾਂ ਇਲਾਜ ਮੌਤਾਂ, ਭੁੱਖਮਰੀ ਤੇ ਬੀਮਾਰੀਆਂ ਸਮੇਤ ਭਿਆਨਕ ਤਬਾਹੀ ਦਾ ਸਾਹਮਣਾ ਕਰ ਰਹੇ ਹਨ, ਗਾਜ਼ਾ ਤੋਂ ਬਾਹਰ ਉਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪੂਰੀ ਵਸੋਂ ਵਾਰ-ਵਾਰ ਉਜਾੜੀ ਗਈ ਹੈ। ਘੱਟੋ-ਘੱਟ 47,000 ਲੋਕ ਮਾਰੇ ਗਏ ਹਨ ਅਤੇ 1,100,00 ਤੋਂ ਵੱਧ ਜ਼ਖ਼ਮੀ ਹਨ, ਜਦਕਿ ਅਸਲ ਗਿਣਤੀ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੈ। ਚੌਥਾ ਹਿੱਸਾ ਜ਼ਖ਼ਮੀ ਸਹਿਜ ਜ਼ਿੰਦਗੀ ਨਹੀਂ ਜੀ ਸਕਣਗੇ। ਘਰ, ਹਸਪਤਾਲ, ਸਕੂਲ, ਯੂਨੀਵਰਸਿਟੀਆਂ, ਲਾਇਬ੍ਰੇਰੀਆਂ, ਮਸਜਿਦਾਂ, ਚਰਚ, ਕਮਿਊਨਿਟੀ ਸੈਂਟਰ ਸਭ ਕੁਝ ਤਬਾਹ ਕਰ ਦਿੱਤਾ ਗਿਆ ਹੈ। 36 ਹਸਪਤਾਲਾਂ ’ਚੋਂ ਸਿਰਫ਼ ਅੱਧੇ ਹੀ ਕੁਝ ਕੰਮ ਰਹੇ ਹਨ। ਗਾਜ਼ਾ ਪੱਟੀ ਮਲ਼ਬੇ ਦਾ ਢੇਰ ਬਣਾ ਦਿੱਤੀ ਗਈ ਹੈ। ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਦੀ ਵਿਵਸਥਾ ਲਗਭਗ ਤਬਾਹ ਹੋ ਚੁੱਕੀ ਹੈ। ਬਾਰੂਦ ਦੀ ਵਾਛੜ ਨੇ ਪੌਣ-ਪਾਣੀ ਅਤੇ ਮਿੱਟੀ ਰਹਿਣ ਦੇ ਕਾਬਲ ਨਹੀਂ ਛੱਡੇ। ਇਜ਼ਰਾਇਲੀ ਹਮਲੇ ਫ਼ਲਸਤੀਨੀਆਂ ਦੀਆਂ ਜਾਨਾਂ ਅਜੇ ਵੀ ਲੈ ਰਹੇ ਹਨ। ਸ਼ਰਣਾਰਥੀ ਕੈਂਪਾਂ ਦੇ ਟੈਂਟ ਵਰਤਣ ਯੋਗ ਨਹੀਂ ਰਹੇ। ਤਬਾਹ ਹੋਈਆਂ ਇਮਾਰਤਾਂ ਦੇ ਮਲਬੇ ਨੂੰ ਹਟਾਉਣਾ ਵੀ ਵੱਡਾ ਮਸਲਾ ਹੈ। ਕਾਲ ਪੈਣ ਵਰਗੇ ਹਾਲਾਤ ’ਚ ਰਸਦ ਦੀ ਸਪਲਾਈ ਅਤੇ ਬੁਨਿਆਦੀ ਢਾਂਚੇ ਦੀ ਲਗਭਗ ਅਣਹੋਂਦ ’ਚ ਗਾਜ਼ਾ ਵਾਸੀ ਵਾਪਸ ਆ ਕੇ ਮੁੜ-ਵਸੇਬਾ ਕਿਵੇਂ ਕਰਨਗੇ, ਇਹ ਸਭ ਤੋਂ ਵੱਡਾ ਸਵਾਲ ਹੈ। ਸਮਝੌਤੇ ਦੇ ਭਵਿੱਖ ਬਾਰੇ ਯਕੀਨ ਨਾਲ ਕੁਝ ਵੀ ਕਹਿਣਾ ਮੁਸ਼ਕਲ ਹੈ, ਪਰ ਸਮਝੌਤੇ ’ਚ ਹਮਾਸ ਨੂੰ ਧਿਰ ਮੰਨਣ ਲਈ ਮਜਬੂਰ ਹੋਣਾ ਨੇਤਨਯਾਹੂ ਦੇ ਨਸਲਵਾਦੀ ਮਨਸੂਬਿਆਂ ਦੀ ਸਪਸ਼ਟ ਹਾਰ ਹੈ, ਜੋ ਹਮਾਸ ਦੇ ਮੁਕੰਮਲ ਸਫ਼ਾਏ ਤੋਂ ਬਾਅਦ ਹੀ ਜੰਗ ਰੋਕਣ ਦੇ ਦਮਗਜੇ ਮਾਰ ਰਿਹਾ ਸੀ। ਗਾਜ਼ਾ ਦੇ ਲੋਕਾਂ ਦੇ ਸਿਰੜ, ਸਿਦਕ ਤੇ ਲੜਾਕੂ ਜਜ਼ਬੇ ਨੇ ਇਕ ਵਾਰ ਫਿਰ ਸਿੱਧ ਕਰ ਦਿਖਾਇਆ ਹੈ ਕਿ ਕਰੂਰ ਤੋਂ ਕਰੂਰ ਨਸਲਕੁਸ਼ੀ ਵੀ ਮਨੁੱਖ ਦੀ ਆਜ਼ਾਦੀ ਦੀ ਰੀਝ ਨੂੰ ਖ਼ਤਮ ਨਹੀਂ ਕਰ ਸਕਦੀ। ਫ਼ਲਸਤੀਨੀਆਂ ਦਾ ਜੁਝਾਰੂ ਜਜ਼ਬਾ ਜ਼ਿੰਦਾਬਾਦ!