ਹਰਦੇਵ ਸਿੰਘ ਤੋਂ ਮਾਸਟਰ ਹਰਦੇਵ, ਮਾਸਟਰ ਹਰਦੇਵ ਤੋਂ ਕਹਾਣੀਕਾਰ ਹਰਦੇਵ, ਕਹਾਣੀਕਾਰ ਹਰਦੇਵ ਸਿੰਘ ਤੋਂ ਹਰਦੇਵ ਦਿਲਗੀਰ, ਹਰਦੇਵ ਦਿਲਗੀਰ ਤੋਂ ਦੇਵ ਥਰੀਕੇ ਵਾਲਾ

ਅਸ਼ੋਕ ਬਾਂਸਲ ਮਾਨਸਾ
ਪੰਜਾਬੀ ਗੀਤਾਂ ਨੂੰ ਪਿਆਰ ਕਰਨ ਵਾਲਾ ਬੱਚਾ ਬੱਚਾ ‘ਦੇਵ ਥਰੀਕੇ ਵਾਲੇ’ ਦੇ ਨਾਮ ਤੋਂ ਭਲੀ-ਭਾਂਤ ਜਾਣੂੰ ਹੈ ਪਰ ‘ਹਰਦੇਵ ਸਿੰਘ’ ਤੋਂ ‘ਦੇਵ ਥਰੀਕੇ ਵਾਲੇ’ ਦਾ ਪੈਂਡਾ ਕਾਫੀ ਲੰਮਾ ਤੇ ਔਖਾ ਹੈ।

ਕਿਸ ਗੀਤ ਦੇ ਹਵਾਲੇ ਨਾਲ ਮੈਂ ਦੇਵ ਦੀ ਗੱਲ ਸ਼ੁਰੂ ਕਰਾਂ? ਇਹ ਬੇਇਨਸਾਫ਼ੀ ਵੀ ਹੋਵੇਗੀ ਤੇ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਕਹਾਵਤ ਵੀ ਬਣ ਜਾਵੇਗੀ, ਕਿਉਂਕਿ ਮੈਂ ਕਿਸ ਗੀਤ ਦਾ ਹਵਾਲਾ ਦੇਵਾਂ, ਦੇਵ ਦੇ ਤਾਂ ਇਕ ਤੋਂ ਇਕ ਵੱਧ ਕੇ ਗੀਤ ਪੰਜਾਬੀਆਂ ਦੇ ਦਿਲਾਂ ‘ਚ ਵਸੇ ਪਏ ਐ।
ਦੇਵ ਦਾ ਜਨਮ 1939 ਨੂੰ ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣੇ ਦੀ ਵੱਖੀ ‘ਚ ਵਸਦੇ ਪਿੰਡ ਥਰੀਕੇ ਵਿਚ ਪਿਤਾ ਸ. ਰਾਮ ਸਿੰਘ ਦੇ ਘਰ ਮਾਤਾ ਸ਼੍ਰੀ ਮਤੀ ਅਮਰ ਕੌਰ ਦੀ ਕੁੱਖੋਂ ਹੋਇਆ। ਭਾਵਂੇ ਦੇਵ ਦਾ ਜਨਮ ਥਰੀਕੇ ਪਿੰਡ ਹੀ ਹੋਇਆ। ‘ਥਰੀਕੇ’ ਪਿੰਡ ਨੂੰ ਦੇਵ ਨੇ ਦੁਨਿਆਂ ਦੇ ਨਕਸ਼ੇ ‘ਤੇ ਜਾਣ-ਪਹਿਚਾਣ ਦਿੱਤੀ ਪਰ ‘ਥਰੀਕੇ’ ਉਹਦਾ ਜੱਦੀ ਪਿੰਡ ਨਹੀਂ। ਅਸਲ ‘ਚ ਦੇਵ ਦਾ ਜੱਦੀ ਪਿੰਡ ਤਾਂ ਸੰਗਰੂਰ ਜਿਲ੍ਹੇ ‘ਚ ‘ਰਹੀੜਾਂ’ ਐ। ਦੇਵ ਦੀ ਭੂਆ ਕਿਰਪ ਕੌਰ ਥਰੀਕੇ ਪਿੰਡ ਦੇ ਹਰੀ ਸਿੰਘ ਨੂੰ ਵਿਆਹੀ ਹੋਈ ਸੀ, ਦੇਵ ਦਾ ਫੁੱਫੜ ਹਰੀ ਸਿੰਘ ਓਵਰਸੀਅਰ ਲੱਗਾ ਹੋਇਆ ਸੀ, ਜਿਸਦੀ ਡਿਊਟੀ ਸ਼ਿਮਲੇ ਸੀ। ਉਨ੍ਹਾਂ ਦਿਨਾਂ ਵਿਚ ਸ਼ਿਮਲਾ ਵੀ ਪੰਜਾਬ ਦਾ ਹੀ ਹਿੱਸਾ ਹੁੰਦਾ ਸੀ।
ਕੁਦਰਤੀ ਕਿਰਪ ਕੌਰ ਢਿੱਡੋਂ ਨਾ ਫੁੱਟੀ; ਇਸ ਤੋਂ ਅਗਲੀ ਦੁਖਦਾਇਕ ਘਟਨਾ ਕਿ ਕਿਰਪ ਕੌਰ ਦਾ ਛੋਟਾ ਭਰਾ ਰਾਮ ਧੰਨ ਸਿੰਘ ਤੇ ਉਸਦੀ ਪਤਨੀ ਥੋੜ੍ਹੇ-ਥੋੜ੍ਹੇ ਵਕਫੇ ਵਿਚ ਹੀ ਅਕਾਲ ਚਲਾਣਾ ਕਰ ਗਏ। ਉਸ ਵੇਲੇ ਕਿਰਪ ਕੌਰ ਦੇ ਭਤੀਜੇ ਤੇ ਰਾਮ ਧੰਨ ਸਿੰਘ ਦੇ ਪੁੱਤਰ ਦੀ ਉਮਰ ਸਿਰਫ ਚਾਰ ਵਰ੍ਹੇ ਹੀ ਸੀ, ਜਿਸਦਾ ਨਾਮ ਰਾਮ ਸਿੰਘ ਸੀ।
ਕਿਰਪ ਕੌਰ ਨੂੰ ਆਪਣੇ ਬਾਬਲ ਦੇ ਵੇਹੜੇ ਦੇ ਚਿਰਾਗ ਰਾਮ ਸਿੰਘ ਦੇ ਯਤੀਮ ਹੋਣ ਦਾ ਡਾਹਢਾ ਦੁੱਖ ਹੋਇਆ। ਉਹ ਆਪਣੇ ਭਤੀਜੇ ਰਾਮ ਸਿੰਘ ਨੂੰ ਆਪਣੇ ਕੋਲ ਸ਼ਿਮਲੇ ਹੀ ਲੈ ਗਈ। ਹਰੀ ਸਿੰਘ ਸੇਵਾ ਮੁੱਕਤ ਹੋ ਕੇ ਪਰਿਵਾਰ ਸਮੇਤ ਆਪਣੇ ਪਿੰਡ ਥਰੀਕੇ ਆ ਗਿਆ। ਉਸਨੇ ਰਾਮ ਸਿੰਘ ਦਾ ਪਾਲਣ ਪੋਸ਼ਣ ਪੁੱਤਾਂ ਵਾਂਗੂੰ ਹੀ ਕੀਤਾ, ਬਹੁਤੇ ਪਿੰਡ ਦੇ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਸੀ ਕਿ ਰਾਮ ਸਿੰਘ ਹਰੀ ਸਿੰਘ ਦਾ ਪੁੱਤਰ ਐ ਕਿ ਉਸਦੀ ਘਰ ਵਾਲੀ ਦਾ ਭਤੀਜਾ।
ਰਾਮ ਸਿੰਘ ਜਵਾਨ ਹੋਇਆ ਤੇ ਭਾਈਕੇ ਦਿਆਲਪੁਰੇ (ਜ਼ਿਲ੍ਹਾ ਬਠਿੰਡਾ) ਵਿਆਹਿਆ ਗਿਆ। ਉਸ ਦੇ ਘਰ ਦੋ ਬੇਟੇ ਪੈਦਾ ਹੋਏ ਹਰਦੇਵ ਸਿੰਘ ਤੇ ਗੁਰਦੇਵ ਸਿੰਘ; ਛੋਟਾ ਗੁਰਦੇਵ ਸਿੰਘ ਤੇ ਵੱਡਾ ਆਹੀ ਹਰਦੇਵ ਸਿੰਘ ਉਰਫ ਦੇਵ ਥਰੀਕੇ ਵਾਲਾ।
ਦੇਵ ਨੇ ਪ੍ਰਾਇਮਰੀ ਵਿਦਿਆ ਪਿੰਡ ਦੇ ਸਕੂਲ ਤੇ ਮਿਡਲ ਨਾਲ ਦੇ ਪਿੰਡ ਲਲਤੋਂ ਤੋਂ ਕੀਤੀ। ਲਲਤੋਂ ਸਕੂਲ ਪੜ੍ਹਦੇ ਸਮੇਂ ਉਸਨੂੰ ਮਾਸਟਰ ਹਰੀ ਸਿੰਘ ਦਿਲਬਰ ‘ਤੋਂ ਸਾਹਿਤਕ ਜਾਗ ਲਗ ਗਈ ਜੋ ਵਧੀਆ ਕਹਾਣੀਕਾਰ ਤੇ ਨਾਵਲਕਾਰ ਸਨ। ਦੇਵ ਵੀ ਕਹਾਣੀਆਂ ਲਿਖਣ ਲੱਗ ਪਿਆ, ਪਰ ਜੋ ਲਿਖਦਾ ਉਹ ਹਰੀ ਸਿੰਘ ਦਿਲਬਰ ਨੂੰ ਦਿਖਾਉਂਦਾ। ਦਿਲਬਰ ਦੇ ਮੂੰਹੋਂ ਅਚਨਚੇਤ ਹੀ ਨਿਕਲਿਆ, ‘ਕਾਕਾ ਤੂੰ ਇਕ ਦਿਨ ਵੱਡਾ ਲਿਖਾਰੀ ਬਣੇਂਗਾ।’
ਦੇਵ ਦੇ ਜਗਰਾਓਂ ਤੋਂ ਜੇ ਬੀ ਟੀ ਕਰਦਿਆਂ ਹੀ ਉਹਦਾ ਵਿਆਹ ਪਿੰਡ ਸਹੌਲੀ ਦੇ ਸ. ਅਰਜਨ ਸਿੰਘ ਦੀ ਧੀ ਪ੍ਰੀਤਮ ਕੌਰ ਨਾਲ ਹੋ ਗਿਆ। 1960 ਵਿਚ ਦੇਵ ਮਲਟੀ ਪਰਪਜ਼ ਸਕੂਲ ਲੁਧਿਆਣਾ ਵਿਚ ਅਧਿਆਪਕ ਲੱਗ ਗਿਆ।
ਦੇਵ ਦਾ ਇਕ ਮਿੱਤਰ ਪਰੇਮ ਕੁਮਾਰ ਸ਼ਰਮਾ ਸਿਓੜੇ ਤੇ ਇਕ ਹੋਰ ਮਿੱਤਰ ਡਾ. ਦੱਤਾ ਘੁਮਾਰ ਮੰਡੀ ਲੁਧਿਆਣਾ ‘ਤੋਂ ਸੀ। ਇਹ ਗੱਲ ਤਕਰੀਬਨ 1961 ਦੀ ਹੈ, ਪਰੇਮ ਕੁਮਾਰ ਸ਼ਰਮਾ ਚੰਗਾ ਗਾਉਂਦਾ ਸੀ, ਉਸਦੀ ਸਿਲੈਕਸ਼ਨ ਐਚ ਐਮ ਵੀ ਕੰਪਨੀ ਵਿਚ ਹੋ ਗਈ, ਹੁਣ ਪਰੇਮ ਕੁਮਾਰ ਨੂੰ ਗੀਤ ਚਾਹੀਦੇ ਸਨ ਉਨ੍ਹਾਂ ਦਿਨਾਂ ਵਿਚ ਥਰੀਕਿਆਂ ਦੇ ਨਾਲ ਦੇ ਪਿੰਡ ਹਸਨਪੁਰ ਦਾ ਇੰਦਰਜੀਤ ਗੀਤਕਾਰ ਵਜੋਂ ਚਰਚਾ ‘ਚ ਆ ਚੁੱਕਾ ਸੀ। ਪ੍ਰੇਮ ਨੇ ਦੇਵ ਨੂੰ ਕਿਹਾ ਕਿ ਤੂੰ ਮੈਨੂੰ ਹਸਨਪੁਰੀ ਤੋਂ ਗੀਤ ਲੈ ਕੇ ਦੇਹ ਕਿਉਂਕਿ ਇੰਦਰਜੀਤ ਤੇਰੇ ਗੁਆਂਢੀ ਪਿੰਡ ਦਾ ਐ।
ਦੇਵ ਨੇ ਦੋ ਤਿੰਨ ਗੇੜੇ ਹਸਨਪੁਰੀ ਕੋਲ ਲਾਏ ਪਰ ਹਸਨਪੁਰੀ ਉਸਨੂੰ ਟਾਲ ਦਿਆ ਕਰੇ, ਸ਼ਾਇਦ ਉਹ ਨਵੇਂ ਗਾਇਕ ਨੂੰ ਗੀਤ ਦੇਣੇ ਹੀ ਨਹੀਂ ਚਾਹੁੰਦਾ ਸੀ।
ਉਧਰੋਂ ਪ੍ਰੇਮ ਕੁਮਾਰ ਦੀ ਰਿਕਾਰਡਿੰਗ ਦੀ ਤਾਰੀਖ ਨੇੜੇ ਆ ਰਹੀ ਸੀ, ਪ੍ਰੇਮ ਕੁਮਾਰ ਤੇ ਡਾ. ਦੱਤਾ ਸਮੇਤ ਹੋਰ ਮਿਤਰਾਂ ਨੇ ਸਲਾਹ ਦਿਤੀ ਕਿ ਜੇ ਹਸਨਪੁਰੀ ਗੀਤ ਨਹੀਂ ਦਿੰਦਾ, ਦੇਵ ਤੂੰ ਆਪ ਈ ਲਿੱਖ ਲੈ, ਐਡੀ ਵਧੀਆ ਕਹਾਣੀ ਲਿਖਦੈਂ, ਗੀਤ ਵੀ ਲਿੱਖ ਸਕਦੈਂ, ਕਹਾਣੀਕਾਰ ਲਈ ਗੀਤ ਲਿਖਣੇ ਕੋਈ ਵੱਡੀ ਗੱਲ ਨਹੀਂ।
ਬੱਸ ਦੇਵ ਦੇ ਅੰਦਰ ਬੈਠਾ ਗੀਤਕਾਰ ਜਾਗ ਪਿਆ, ਪੈਂਦੀ ਸੱਟੇ ਦੇਵ ਨੇ ਚਾਰ ਗੀਤ ਲਿੱਖ ਧਰੇ, ਦੇਵ ਦੀ ਕਿਸਮਤ ਦੇਖੋ ਐਚ ਐਮ ਵੀ ਦੇ ਮੈਨੇਜਰ ਸੰਤ ਰਾਮ ਨੇ ਚਾਰੇ ਹੀ ਗੀਤ ਸਿਲੈਕਟ ਕਰ ਲਏ, ਤੇ ਪ੍ਰੇਮ ਕੁਮਾਰ ਸ਼ਰਮੇ ਦੀ ਰਿਕਾਰਡਿੰਗ ਸੰਪੂਰਨ ਹੋ ਗਈ, ਗਾਇਕ ਵੀ ਨਵਾਂ ਤੇ ਗੀਤਕਾਰ ਵੀ ਨਵਾਂ, ਐਚ ਐਮ ਵੀ ਨੇ ਦੋ-ਦੋ ਗੀਤਾਂ ਦੇ ਤਵੇ ਬਣਾ ਕੇ ਰੀਲੀਜ਼ ਕੀਤੇ। ਇਹ ਗੀਤ ਸਨ
-ਹੌਲੀ ਹੌਲੀ ਨੱਚ ਪਤਲੋ, ਤੇਰੀ ਗੁੱਤ ਗਿੱਟਿਆਂ ਵਿਚ ਵੱਜਦੀ।
-ਭਾਬੀ ਤੇਰੀ ਧੌਣ ਦੇ ਉੱਤੇ, ਗੁੱਤ ਮੇਹਲਦੀ ਨਾਗ ਬਣ ਕਾਲਾ।
-ਤੇਰੀ ਜੁੱਤੀ ਦੇ ਛਣਕਦੇ ਬੋਰ, ਪੈਰਾਂ ‘ਚ ਪੰਜੇਬਾਂ ਵਾਲੀਏ।
-ਹਾਕਾਂ ਮਾਰਦੇ ਬੱਕਰੀਆਂ ਵਾਲੇ।
ਬੱਸ ਇੱਥੋਂ ਈ ਸ਼ੁਰੂ ਹੰਦਾ ਹੈ ਦੇਵ ਦੀ ਗੀਤਕਾਰੀ ਦਾ ਸਫਰ, ਪ੍ਰੇਮ ਕੁਮਾਰ ਤਾਂ ਬੰਬਈ ਚਲਾ ਗਿਆ, ਪਰ ਪੰਜਾਬ ਨੂੰ ਇਕ ਉੱਤਮ ਗੀਤਕਾਰ ਦੇ ਗਿਆ। ਇਸ ਤੋਂ ਬਾਅਦ ਜਮਾਲਪੁਰ ਵਾਲੇ ਕਰਨੈਲ ਗਿੱਲ ਨੇ ਦੇਵ ਦੇ ਦੋ ਗੀਤ ਰਿਕਾਰਡ ਕਰਵਾਏ
-ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾ
-ਗੱਡੀ ਚੜ੍ਹਦੀ ਭੰਨਾ ਲਏ ਗੋਡੇ ਚਾਅ ਮੁਕਲਾਵੇ ਦਾ
ਉਸ ‘ਤੋਂ ਬਾਅਦ ਚੱਲ ਸੋ ਚੱਲ, ਦੇਵ ਨੇ ਕਦੀ ਪਿਛਾਂਹ ਮੁੜ ਕੇ ਨਹੀਂ ਤੱਕਿਆ। ਪੰਜਾਬ ਦੇ ਹਰ ਚੋਟੀ ਦੇ ਗਾਇਕ ਨੇ ਦੇਵ ਦੇ ਗੀਤ ਗਾਏ। ਇਕ ਵਾਰੀ ਦੇਵ ਨਰਿੰਦਰ ਬੀਬਾ ਦੇ ਘਰ ਗਿਆ ਤਾਂ ਮਹਿਸੂਸ ਕੀਤਾ ਕਿ ਨਰਿੰਦਰ ਬੀਬਾ ਤੇ ਉਸਦਾ ਪਤੀ ਹਰਪਾਲ ਸਿੰਘ ਪਾਲੀ ਵਿਚਕਾਰ ਕੋਈ ਮਾਮੂਲੀ ਜਿਹਾ ਝਗੜਾ ਹੋ ਕੇ ਹਟਿਐ ਤੇ ਬੀਬਾ ਦੀਆਂ ਅੱਖਾਂ ਸਿੱਲ੍ਹੀਆਂ ਨੇ। ਕੁੱਝ ਕਹੇ ਤੇ ਪੁੱਛੇ ਬਿਨਾ ਦੇਵ ਨੇ ਇਕ ਗੀਤ ਲਿਖਿਆ, ਜੋ ਬੀਬਾ ਆਪਣੇ ਪਤੀ ਪਾਲੀ ਨੂੰ ਸੰਬੋਧਨ ਕਰਕੇ ਗਾਉਂਦੀ ਐ। ਦੇਵ ਦਾ ਲਿਖਿਆ ਇਹ ਗੀਤ ਨਰਿੰਦਰ ਬੀਬਾ ਦੀ ਆਵਾਜ਼ ਵਿਚ ਸੁਪਰ ਹਿੱਟ ਹੋਇਆ, ਜਿਸ ਦੇ ਬੋਲ ਹਨ:
ਕਾਹਨੂੰ ਮਾਰਦੈਂ ਚੰਦਰਿਆ ਛਮਕਾਂ
ਮੈਂ ਕੱਚ ਦੇ ਗਲਾਸ ਵਰਗੀ
ਫੇਰ ਰੋਵੇਂਗਾ ਢਿੱਲੇ ਜਹੇ ਬੁੱਲ੍ਹ ਕਰਕੇ
ਵੇ ‘ਪਾਲੀ’ ‘ਬੀਬਾ’ ਜਦੋਂ ਮਰ ਗਈ
ਕਾਲਾ ਘੱਗਰਾ ਸੰਦੂਕ ਵਿਚ ਮੇਰਾ
ਤੂੰ ਦੇਖ ਦੇਖ ਰੋਵੇਂਗਾ ਜੱਟਾ
ਵੈਣ ਪਾਈਂ ਕਿੱਕਰਾਂ ਦੇ ਗਲ ਲੱਗ ਕੇ
ਤੂੰ ਦੇਖ ਮੇਰਾ ਡੋਰੀਆ ਖੱਟਾ
ਲਾਲੀ ਖਾ ਗਿਆ ਬੁਲ੍ਹਾਂ ਦੀ ਗ਼ਮ ਮੇਰੀ
ਪਤਾਸੇ ਵਾਂਗੂੰ ‘ਦੇਵ’ ਖੁਰ ਗਈ
ਫੇਰ ਰੋਵੇਂਗਾ ਢਿੱਲੇ ਜਹੇ ਬੁਲ੍ਹ ਕਰਕੇ
‘ਵੇ ਪਾਲੀ’ ‘ਬੀਬਾ’ ਜਦੋਂ ਮਰ ਗਈ।
ਦੇਵ ਦੇ ਲਿਖੇ ਹੋਏ ਗੀਤ ਚੋਟੀ ਦੇ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋਣ ਲੱਗ ਪਏ ਪਰ ਉਸਨੂੰ ਆਪਣੇ-ਆਪ ਨੂੰ ਕਮੀ ਜਿਹੀ ਮਹਿਸੂਸ ਹੋ ਰਹੀ ਸੀ, ਜਿਸਨੂੰ ਦੂਰ ਕਰਨ ਲਈ ਦੇਵ ਉਸਤਾਦ ਗੀਤਕਾਰ ਸ. ਗੁਰਦੇਵ ਸਿੰਘ ਮਾਨ ਦੇ ਚਰਨੀਂ ਜਾ ਲੱਗਾ। ਮਾਨ ਸਾਹਿਬ ਨੂੰ ਪੱਗ ਦੇ ਕੇ ਉਨ੍ਹਾਂ ਨਾਲ ਬਾਕਾਇਦਾ ਤੌਰ ‘ਤੇ ਉਸਤਾਦੀ-ਸ਼ਗਿਰਦੀ ਕੀਤੀ, ਮਾਨ ਦੇ ਲੜ ਲੱਗ ਕੇ ਦੇਵ ਪਰਪੱਕ ਗੀਤਕਾਰ ਬਣ ਗਿਆ। ਉਸਦੇ ਗੀਤ ਆਪਣੇ ਵੇਲਿਆਂ ਦੇ ਸਾਰੇ ਪ੍ਰਸਿੱਧ ਗਾਇਕਾਂ-ਚਾਂਦੀ ਰਾਮ ਤੇ ਸ਼ਾਂਤੀ ਦੇਵੀ, ਨਰਿੰਦਰ ਬੀਬਾ, ਸਵਰਨ ਲਤਾ, ਜਗਮੋਹਨ ਕੌਰ, ਸੁਰਿੰਦਰ ਕੌਰ, ਸਾਬਰ ਹੁਸੈਨ ਸਾਬਰ ਨੇ ਗਾਏ। ਇਕ ਗੱਲ ਹੋਰ ਦੱਸ ਦੇਵਾਂ ਕਿ ਪ੍ਰਸਿੱਧ ਗੀਤਕਾਰ ਤੇ ਗਾਇਕ ਦੀਦਾਰ ਸੰਧੂ ਦੀ ਆਵਾਜ਼ ਵਿਚ ਰਿਕਾਰਡ ਹੋਇਆ ਸਭ ਤੋਂ ਪਹਿਲਾ ਗੀਤ ਵੀ ਦੇਵ ਦਾ ਹੀ ਸੀ ਜਿਸਦੇ ਬੋਲ ਸਨ:
ਵਗਦੀ ਨਦੀ ਦੇ ਵਿਚ ਦੋ ਜਾਣੇਂ ਨ੍ਹਾਉਂਦੇ
ਚੱਕ ਦੇ ਪੱਲਾ ਨੀ ਤੇਰੇ ਪੈਰੀਂ ਹੱਥ ਲਾਉਂਦੇ
ਵਗਦੀ ਨਦੀ ਦੇ ਵਿਚ ਰੰਗ ਕੀਹਨੇ ਡ੍ਹੋਲਿਆ
ਜਦੋਂ ਦੀ ਵਿਆਹੀ, ਕਦੇ ਹੱਸ ਕੇ ਨਾ ਬੋਲਿਆ
ਪੰਜਾਬੀ ਦੋ-ਗਾਣਾ ਗਾਇਕੀ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਜਨਾਬ ਮੁਹੰਮਦ ਸਦੀਕ ਦੀ ਆਵਾਜ਼ ਵਿਚ ਵੀ ਦੇਵ ਦੇ ਕਈ ਗੀਤ ਰਿਕਾਰਡ ਹੋਏ ਜਿਨ੍ਹਾਂ ‘ਚ:
‘ਕੀਹਦੀ ਖਾਤਰ ਜਿਉਣ ਜੋਗਿਆ ਲਾ ਕੇ ਗਿਆ ਨਸੂੜ੍ਹਾ
ਰਾਤੀ ਰੋਂਦੀ ਦਾ ਭਿੱਜ ਜਾਏ ਲਾਲ ਪੰਘੂੜਾ
ਤੇ
ਆਹ ਲੈ ਲੌਂਗ ਨੀ ਬਿਸ਼ਨੀਏ ਤੇਰਾ
ਨਰਮੇਂ ‘ਚੋਂ ਸਾਨੂੰ ਲੱਭਿਆ’ ਸ਼ਾਮਲ ਹਨ।
ਕਰਮਜੀਤ ਸਿੰਘ ਧੂਰੀ ਦੀ ਆਵਾਜ਼ ਵਿਚ ਦੇਵ ਦੇ ਦੋ ਧਾਰਮਿਕ ਗੀਤ ਰਿਕਾਰਡ ਹੋਏ। ਉਹ ਗੀਤ ਪੰਜਾਬੀ ਧਾਰਮਿਕ ਗੀਤਕਾਰੀ ਦਾ ਸਰਮਾਇਆ ਹਨ। ਉਹ ਗੀਤ ਐਸੇ ਹਨ ਕਿ ਪੰਜਾਬ ਦੇ ਹਰ ਪਿੰਡ ਦੇ ਹਰ ਗੁਰੂਘਰ ਵਿਚ, ਅਖੰਡ ਪਾਠ ਦੇ ਭੋਗ ਸਮੇਂ ਹਰ ਇੱਕ ਵਿਆਹ ਸ਼ਾਦੀ ਵਿਚ ਅੰਮ੍ਰਿਤ ਵੇਲੇ ਸਭ ਤੋਂ ਵੱਧ ਸਪੀਕਰਾਂ ‘ਚ ਵੱਜਣ ਵਾਲੇ ਗੀਤ ਕਹੇ ਜਾ ਸਕਦੇ ਹਨ, ਜਿਨ੍ਹਾਂ ਦੇ ਬੋਲ ਹਨ:
ਹੁੰਦੀਆਂ ਸ਼ਹੀਦ ਜੋੜੀਆਂ
ਦਾਦੀ ਦੇਖਦੀ ਬੁਰਜ ‘ਤੇ ਖੜ੍ਹ ਕੇ
ਘੋੜੀ ਗਾਵੇ ਪੋਤਿਆਂ ਦੀ
ਬੈਠੀ ਕਾਲਜਾ ਹੱਥਾਂ ਵਿਚ ਫੜ੍ਹ ਕੇ।
ਅਤੇ
ਰੱਬ ਨਾਲ ਠੱਗੀਆਂ ਕਿਉਂ ਮਾਰੇਂ ਬੰਦਿਆ
ਦਿਨ ਰਾਤ ਪਾਪਾਂ ‘ਚ ਗੁਜ਼ਾਰੇਂ ਬੰਦਿਆ।
ਸੱਤਰਵਿਆਂ ਵਿਚ ਦੇਵ ਗਿਆਸਪੁਰੇ ਦੇ ਸਰਕਾਰੀ ਸਕੂਲ ‘ਚ ਪੜ੍ਹਾਉਂਦਾ ਸੀ, ਉਸ ਵੇਲੇ ਤੱਕ ਦੇਵ ਦੇ ਬਹੁਤ ਗੀਤ ਰਿਕਾਰਡ ਹੋ ਕੇ ਹਿੱਟ ਹੋ ਚੁੱਕੇ ਸਨ। ਗਿਆਸਪੁਰੇ ਹੀ ਮਾਸਟਰ ਗੁਰਦਿਆਲ ਸਿੰਘ ਨੇ ਦੇਵ ਕੋਲ ਇਕ ਦਿਨ ਮਾਣਕ ਦੀ ਗੱਲ ਕੀਤੀ ਕਿ ਇਕ ਮੁੰਡਾ ਨਵਾਂ ਆਇਆ ਐ ਵਧੀਆ ਗਾਉਂਦੈ, ਗੱਲ ਆਈ ਗਈ ਹੋ ਗਈ। ਉਸ ਵੇਲੇ ਮੁਹੰਮਦ ਸਦੀਕ ਰਣਜੀਤ ਕੋਰ ਦੀ ਆਵਾਜ਼ ਵਿਚ ਮਰਾੜ੍ਹਾਂ ਵਾਲੇ ਦੇ ਗੀਤ ਖੂਬ ਚੱਲ ਰਹੇ ਸਨ, ਇਸ ਕਰਕੇ ਦੇਵ ਨੂੰ ਵੀ ਕਿਸੇ ਵਧੀਆ ਨਵੀਂ ਆਵਾਜ਼ ਦੀ ਤਾਲਾਸ਼ ਸੀ।
ਦੇਵ ਸਕੂਲੋਂ ਸਾਈਕਲ ‘ਤੇ ਹੀ ਪਿੰਡ ਜਾਂਦਾ ਤੇ ਆਥਣੇ ਬੱਸ ਅੱਡੇ ਕੋਲ ਗਾਉਣ ਵਾਲਿਆਂ ਦੇ ਦਫਤਰਾਂ ਕੋਲ ਖੜ੍ਹ ਕੇ ਚਾਰ ਬੰਦਿਆਂ ਨੂੰ ਮਿਲ ਕੇ ਹਵਾ ਪਿਆਜੀ ਜਿਹਾ ਹੋ ਕੇ ਹੀ ਘਰੇ ਅੱਪੜਦਾ। ਇਕ ਦਿਨ ਸੋਮੇ ਦੇ ਢਾਬੇ ‘ਤੇ ਦੇਵ ਨੂੰ ਮਾਣਕ ਟੱਕਰ ਗਿਆ। ਦੇਵ ਦੇ ਨਾਨਕੇ ਬਠਿੰਡੇ ਜ਼ਿਲ੍ਹੇ ‘ਚ ਤੇ ਮਾਣਕ ਦਾ ਪਿੰਡ ਬਠਿੰਡੇ ਜ਼ਿਲ੍ਹੇ ‘ਚ, ਬੱਸ ਫੇਰ ਕੀ ਸੀ ਅਧੀਆ ਫੜ ਲਿਆ ‘ਤੂੰ ਮੇਰਾ ਬਾਈ ਤੇ ਮੈਂ ਤੇਰਾ ਬਾਈ ਹੋਗੀ’।
ਦੇਵ ਦੇ ਪਹਿਲਾਂ ਅਨੇਕਾਂ ਈ ਗੀਤ ਰਿਕਾਰਡ ਹੋ ਚੁੱਕੇ ਸੀ ਤੇ ਮਾਣਕ ਦੇ ਵੀ ਦੋ ਕੁ ਤਵੇ ਆ ਚੁੱਕੇ ਸੀ। ਇਕ ਦੋ-ਗਾਣਿਆਂ ਦਾ ਤੇ ਦੂਜਾ ਲੋਕ ਗਾਥਾਵਾਂ ਦਾ, ਦੇਵ ਨੂੰ ਮਾਣਕ ਦੀ ਆਵਾਜ਼ ਪਸੰਦ ਆਈ।
ਦੇਵ ਨੇ ਮਾਣਕ ਨੂੰ ਚਾਰ ਲੋਕ ਗਾਥਾਵਾਂ ਦਿੱਤੀਆਂ ਜਿਨ੍ਹਾਂ ਦਾ ਐਚ ਐਮ ਵੀ ਨੇ 1973 ਵਿਚ ਚਾਰ ਗੀਤਾਂ ਵਾਲਾ ਤਵਾ ਬਣਾਇਆ, ਓੰੌਓ 10543 ਜਿਸਦਾ ਨੰਬਰ ਹੈ।
ਇਸ ਰਿਕਾਰਡ ਵਿਚ:
ਆਖੇ ਅਕਬਰ ਬਾਦਸ਼ਾਹ (ਜੈਮਲ ਫੱਤਾ)
ਦੁਲਿਆ ਵੇ ਟੋਕਰਾ ਚੁਕਾਈਂ ਆਣ ਕੇ (ਦੁੱਲਾ ਭੱਟੀ)
ਤੇਰੀ ਖਾਤਰ ਹੀਰੇ (ਹੀਰ ਦੀ ਕਲੀ)
ਕਹੇ ਰਸਾਲੂ ਰਾਣੀਏ (ਸ਼ਾਹਣੀਂ ਕੌਲਾਂ)
ਇਸ ਰਿਕਾਰਡ ਨਾਲ ਬਾਜ਼ਾਰ ਵਿਚ ਮਾਣਕ ਦੀ ਗੱਲ ਤੁਰ ਪਈ ਤੇ ਇਹਦੇ ਨਾਲ ਹੀ ਐਚ ਐਮ ਵੀ ਨੇ ਦੇਵ ਦੇ ਪੰਜ ਹੋਰ ਗੀਤਾਂ ਦਾ ਤਵਾ ਰਿਕਾਰਡ ਕਰ ਲਿਆ। ਇਸ ਨਾਲ ਚਾਰੇ ਪਾਸੇ ਦੇਵ ਥਰੀਕੇ ਵਾਲਾ ਤੇ ਕੁਲਦੀਪ ਮਾਣਕ ਦੇ ਨਾਮ ਦੀਆਂ ਧੁੰਮਾਂ ਪੈ ਗਈਆਂ। ਅਗਲੇ ਵਰ੍ਹੇ ਫੇਰ ਗਿਆਰਾਂ ਗੀਤਾਂ ਵਾਲਾ ਵੱਡਾ ਐਲ ਪੀ ਤਵਾ ਬਣਾਇਆ, ਜੋ ਪੰਜਾਬੀ ਗੀਤਾਂ ਦਾ ਇਤਿਹਾਸਕ ਪੰਨਾ ਹੈ ਜਿਸ ਵਿਚ:
-ਤੇਰੇ ਟਿੱਲੇ ਤੋਂ ਓਹ ਸੂਰਤ ਦੀਂਹਦੀ ਐ ਹੀਰ ਦੀ
-ਛੇਤੀ ਕਰ ਸਰਵਣ ਪੁੱਤਰਾ
-ਚਿੱਠੀਆਂ ਸਾਹਿਬਾਂ ਜੱਟੀ ਨੇ
-ਸਿਖਰ ਦੁਪਹਿਰੇ ਵਰਗੀ ਬੇਗੋ
-ਯਾਰੋ ਰੰਨਾ ਚੈਂਚਲ ਹਾਰੀਆਂ
-ਗੜ੍ਹ ਮੁਗਲਾਣੇ ਦੀਆਂ ਨਾਰਾਂ…
ਸਮੇਤ ਕੁੱਲ ਗਿਆਰਾਂ ਗੀਤ ਸਨ। ਬੱਸ ਇੱਥੋਂ ਦੇਵ ਤੇ ਮਾਣਕ ਦੀ ਜੋੜੀ ਹੱਦਾਂ-ਸਰਹੱਦਾਂ ਟੱਪ ਗਈ।
ਇਸਤੋਂ ਬਾਅਦ 1977 ਵਿਚ ਜਸਵੰਤ ਭੰਵਰਾ ਜੀ ਦੇ ਸ਼ਗਿਰਦ ਸੁਰਿੰਦਰ ਛਿੰਦੇ ਨੂੰ ਚਾਰ ਲੋਕ ਗਾਥਾਵਾਂ ਨਾਲ ਲੋਕਾਂ ਦੇ ਰੂਬਰੂ ਕੀਤਾ। ਦੇਵ ਦੀਆਂ ਇਹ ਚਾਰ ਲੋਕ ਗਾਥਾਵਾਂ ਐਚ ਐਮ ਵੀ ਨੇ 1977 ਵਿਚ ਸੁਰਿੰਦਰ ਛਿੰਦੇ ਦੀ ਆਵਾਜ਼ ਵਿਚ ਤੇ ਰਾਮ ਸਰਨ ਦਾਸ ਦੇ ਸੰਗੀਤ ਵਿਚ ਰਿਕਾਰਡਿੰਗ ਕਰ ਕੇ ਚਾਰ ਗੀਤਾਂ ਵਾਲਾ ਤਵਾ ਬਣਾਇਆ, ਜਿਸਦਾ ਲੜੀ ਨੰਬਰ ਐ 7 ਓਫਓ 2023 (1977) ਇਸ ਵਿਚ ਚਾਰ ਗੀਤ ਇੰਝ ਸਨ:
-ਉੱਚਾ ਬੁਰਜ ਲਾਹੌਰ ਦਾ (ਹੀਰ ਦੀ ਕਲੀ)
-ਰੂਪ ਬਸੰਤ
-ਰਾਣੀ ਇੱਛਰਾਂ
-ਦਹੂਦ ਬਾਦਸ਼ਾਹ
ਇਸ ਰਿਕਾਰਡ ਨਾਲ ਦੇਵ ਦੀ ਬਦੌਲਤ ਲੋਕ ਗਾਥਾਵਾਂ ਦੇ ਪਿੜ ਵਿਚ ਇਕ ਹੋਰ ਕਲਾਕਾਰ ‘ਸੁਰਿੰਦਰ ਛਿੰਦੇ’ ਦਾ ਪ੍ਰਵੇਸ਼ ਹੋਇਆ। ਇੰਜ ‘ਦੇਵ’ ਦਾ ਲਿਖਿਆ ‘ਸੁਰਿੰਦਰ ਛਿੰਦੇ’ ਦਾ ਗਾਇਆ ਤੇ ‘ਚਰਨਜੀਤ ਆਹੂਜਾ’ ਦਾ ਸੰਗੀਤਬੱਧ ਕੀਤਾ ਉਪੇਰਾ ‘ਜਿਉਣਾ ਮੌੜ’ ਵੀ ਪੰਜਾਬੀ ਗੀਤਕਾਰੀ ਤੇ ਗਾਇਕੀ ਦਾ ਇਤਿਹਾਸਕ ਪੰਨਾ ਹੈ।
ਦੇਵ ਦੇ ਗੀਤ ਕਈ ਪੰਜਾਬੀ ਫਿਲਮਾਂ ‘ਚ ਵੀ ਰਿਕਾਰਡ ਹੋਏ। ਉਸ ਦੇ ਕਈ ਗੀਤ ਤਾਂ ਐਸੇ ਹਨ ਜੋ ਇਕ ਇਕ ਗੀਤ ਨੂੰ ਹੀ ਬੜੇ ਕਲਾਕਾਰ ਰਿਕਾਰਡ ਕਰਵਾ ਗਏ ਜਿਵੇਂ:
ਟਿੱਲੇ ਵਾਲਿਆ ਮਿਲਾ ਦੇ ਜੱਟੀ ਹੀਰ ਨੂੰ-ਕੁਲਦੀਪ ਮਾਣਕ, ਸੁਰਿੰਦਰ ਕੌਰ ਤੇ ਕਰਮਜੀਤ ਸਿੰਘ ਧੂਰੀ ਨੇ ਵਾਰੋ-ਵਾਰੀ ਰਿਕਾਰਡ ਕਰਵਾਇਆ। ਸੁਰਿੰਦਰ ਕੌਰ ਦੀ ਆਵਾਜ਼ ਵਿਚ
ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ
ਨੀ ਉੱਠ ਵੇਖ ਨਨਾਣੇ ਕੌਣ ਪ੍ਰਾਹੁਣਾ ਆਇਆ।
ਫੁੱਲਾਂ ਵਰਗੀ ਮਹਿਕ ਜਹੀ ਕੀ ਬੀਹੀ ਵਿਚੋਂ ਆਵੇ
ਰਾਤ ਵਾਲਾ ਰੱਬ ਕਰਕੇ ਨੀ ਸੁਪਨਾ ਸੱਚਾ ਹੋ ਜਾਵੇ
ਚੁਲ੍ਹੇ ਮੂਹਰੇ ਬੈਠੀ ਦਾ ਨੀ ਮੇਰਾ ਅੰਗ ਅੰਗ ਨਸ਼ਿਆਇਆ
ਨੀ ਉੱਠ ਵੇਖ ਨਨਾਣੇ, ਕੌਣ ਪ੍ਰਾਹੁਣਾ ਆਇਆ
ਭੁੱਲ-ਭੁਲੇਖੇ ਸ਼ੀਸ਼ੇ ਮੂਹਰੇ ਜਦ ਬੈਠਾਂ ਮੈਂ ਜਾ ਕੇ
ਪੁੱਠੀਆਂ-ਸਿੱਧੀਆਂ ਗੱਲਾਂ ਪਾ ਲੈਂਦੀਆਂ ਘੇਰਾ ਆ ਕੇ
ਪਰਸੋਂ ਰੋਂਦੀਆਂ ਰੀਝਾਂ ਨੂੰ ਮੈਂ ਲਾਰਿਆਂ ਨਾਲ ਮਨਾਇਆ
ਨੀ ਉੱਠ ਵੇਖ ਨਨਾਣੇ, ਕੌਣ ਪ੍ਰਾਹੁਣਾ ਆਇਆ
ਨੀ ਨਣਦੇ ਨੀ ਬੀਬੀਏ ਨਣਦੇ ਬਿੜਕ ਪੈਰਾਂ ਦੀ ਆਈ
ਇਊਂ ਜਾਪੇ ਜਿਉਂ ਬਾਹਰ ਖਲੋਤਾ ਚੰਨ ਵਰਗਾ ਤੇਰਾ ਭਾਈ
ਮੇਰਾ ਨਾਉਂ ਲੈ ਕੇ ਨੀ ਮੈਨੂੰ ਕਿਸਨੇ ਹੋਰ ਬੁਲਾਇਆ
ਨੀ ਉੱਠ ਵੇਖ ਨਨਾਣੇ, ਕੌਣ ਪ੍ਰਾਹੁਣਾ ਆਇਆ।
ਲੋਕ ਗੀਤਾਂ ਦਾ ਹਾਣੀ ਹੋ ਚੁੱਕਿਐ, ਇਹ ਦੇਵ ਦੀ ਲੇਖਣੀ ਦਾ ਕਮਾਲ ਹੀ ਹੈ, ਗੀਤ ਦੀ ਰੂਹ ਨੂੰ ਮਾਣਦੇ ਹੋਏ ਦੇਵ ਨੇ ਗੀਤ ਵਿਚ ਆਪਣਾ ਨਾਮ ਵੀ ਨਹੀਂ ਪਾਇਆ, ਇਹ ਉਹਦਾ ਗੀਤਕਾਰੀ ਪ੍ਰਤੀ ਸਮਰਪਣ ਐ। ਦੇਵ ਦੇ ਕਈ ਗੀਤ ਐਸੇ ਹਨ, ਜਿਨ੍ਹਾਂ ‘ਤੇ ਕੱਲੇ-ਕੱਲੇ ਗੀਤ ‘ਤੇ ਪੀ. ਐਚਡੀ. ਕੀਤੀ ਜਾਵੇਗੀ ਜਿਵੇਂ:
ਆ ਸੱਜਣਾ ਆ ਗਲ ਲੱਗ ਮਿਲੀਏ
ਮਿਲੀਏ ਤੇ ਮਰ ਜਾਈਏ ਵੇ
ਕੀ ਪਤਾ ਫਿਰ ਦੁਨੀਆਂ ਉੱਤੇ
ਆਈਏ ਜਾਂ ਨਾ ਆਈਏ ਵੇ
ਜਾਂ
ਮਾਂ ਦੀ ਪੂਜਾ ਰੱਬ ਦੀ ਪੂਜਾ
ਮਾਂ ਤਾਂ ਰੱਬ ਦਾ ਰੂਪ ਹੈ ਦੂਜਾ
ਮਾਂ ਹੈ ਰੱਬ ਦਾ ਨਾਂ ਓ ਦੁਨਿਆ ਵਾਲਿ“
ਮਾਂ ਬਿਨਾਂ ਕੋਈ ਨਾ ਲਾਡ ਲਡਾਉਂਦਾ
ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ
ਖੋਹ ਲੈਂਦੇ ਟੁੱਕ ਕਾਂ “ ਦੁਨੀਆਂ ਵਾਲਿ“
ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ
ਗਿੱਲੀ ਥਾਂ ‘ਤੇ ਆਪ ਹੈ ਪੈਂਦੀ
ਪਾਉਂਦੀ ਸੁੱਕੀ ਥਾਂ ਓ ਦੁਨੀਆਂ ਵਾਲਿਓ
ਦੇਵ ਸਮਰੱਥ ਗੀਤਕਾਰ ਸੀ। ਦੋ-ਗਾਣੇ, ਲੋਕ-ਗਾਥਾਵਾਂ, ਲੋਕ-ਤੱਥ, ਵਾਰਾਂ, ਕਲੀਆਂ, ਸੱਦ, ਧਾਰਮਿਕ ਗੀਤ, ਉਦਾਸ ਗੀਤ, ਉਪੇਰੇ, ਬੀਰ ਰਸ, ਸ਼ਿੰਗਾਰ ਰਸ, ਵਿਛੋੜੇ ਤੇ ਵਸਲ ‘ਤੇ ਦੇਵ ਨੇ ਕਮਾਲ ਦਾ ਲਿਖਿਆ। ਗੱਲ ਕੀ ਪੰਜਾਬੀ ਗੀਤਾਂ ਦੀ ਹਰ ਵਿਧਾ ਨੂੰ ਉਸਨੇ ਬਾਖੂਬੀ ਲਿਖਿਆ।
ਇਤਿਹਾਸ ਵਿਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਗੀਤਕਾਰ ਦੇ ਜਿਉਂਦੇ-ਜੀਅ ਉਹਦੇ ਨਾਮ ‘ਤੇ ਸੋਸਾਇਟੀ ਬਣਾਈ ਗਈ ਹੋਵੇ। ਇਹ ਸ਼ਰਫ ਸਿਰਫ ਦੇਵ ਨੂੰ ਹੀ ਹਾਸਲ ਹੋਇਆ ਹੈ ਕਿ ਇੰਗਲੈਂਡ ਵਸਦੇ ਦੇਵ ਦੇ ਗੀਤਾਂ ਦੇ ਆਸ਼ਕ ਸੋਖਾ ਉਦੇਪੁਰੀਆ ਨੇ ‘ਦੇਵ ਥਰੀਕੇ ਵਾਲਾ ਐਪਰੀਸੀਏਸ਼ਨ ਸੋਸਾਇਟੀ’ ਬਣਾ ਕੇ ਮਿਸਾਲ ਪੈਦਾ ਕਰ ਦਿੱਤੀ।
ਦੇਵ ਦੀ ਕਲਮ ਦਾ ਜਲੌਅ ਅੰਤ ਤੱਕ ਬਰਕਰਾਰ ਰਿਹਾ, ਮੈਂ ਦੇਵ ਨੂੰ ਇਕ ਨਹੀਂ ਅਨੇਕਾਂ ਵਾਰ ਮਿਲਿਆ। ਹਮੇਸ਼ਾਂ ਹੀ ਦੇਵ ਚੜ੍ਹਦੀ ਕਲਾ ‘ਚ ਈ ਮਿਲਿਆ। ਕਦੇ ਪੈਸੇ ਦੀ ਭੁੱਖ ਨਹੀਂ ਦੇਖੀ, ਕਦੇ ਕੋਈ ਲਾਲਚ ਨਹੀਂ ਦੇਖਿਆ।
25 ਜਨਵਰੀ 2022 ਦੀ ਮਨਹੂਸ ਸਵੇਰੇ ਦੇਵ ਦੇ ਤੁਰ ਜਾਣ ਦੀ ਖ਼ਬਰ ਨੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਪੰਜਾਬੀ ਗੀਤਕਾਰੀ ਲਈ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ। ਸਾਡਾ ਇਹ ਮਹਿਬੂਬ ਗੀਤਕਾਰ ਭਾਵੇਂ ਜਿਸਮਾਨੀ ਤੌਰ ‘ਤੇ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ, ਪਰ ਉਸ ਦੇ ਗੀਤ ਹਮੇਸ਼ਾਂ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣ ਕੇ ਧੜਕਦੇ ਰਹਿਣਗੇ।