ਹਰਦਿਆਲ ਸਿੰਘ ਥੂਹੀ
ਫੋਨ: 84271-00341
ਲਹਿੰਦੇ ਪੰਜਾਬ ਦੇ ਤੂੰਬੇ ਜੋੜੀ ਦੀ ਗਾਇਕੀ ਦੀ ਲੁਧਿਆਣਾ ਗਾਇਣ ਸ਼ੈਲੀ ਨਾਲ ਜੁੜੇ ਰਾਗੀਆਂ ਵਿਚ ਰਾਗੀ ਵਲਾਇਤ ਅਲੀ ਦਾ ਵੱਡਾ ਨਾਂ ਸੀ। ਉਸਨੇ ਕਈ ਦਹਾਕੇ ਰੱਜ ਕੇ ਗਾਇਆ ਅਤੇ ਲਹਿੰਦੇ ਪੰਜਾਬ ਦੇ ਕੋਨੇ ਕੋਨੇ ਵਿੱਚ ਪੈੜਾਂ ਕੀਤੀਆਂ। ਪਿਛਲੇ ਕੁੱਝ ਮਹੀਨਿਆਂ ਤੋਂ ਉਸਦੀ ਸਿਹਤ ਕੁੱਝ ਢਿੱਲੀ-ਮੱਠੀ ਰਹਿੰਦੀ ਸੀ। ਅਖ਼ੀਰ ਇੱਕ ਨਵੰਬਰ 2024 ਦਿਨ ਸ਼ੁਕਰਵਾਰ ਨੂੰ ਉਸਨੂੰ ਜ਼ੋਰਾਵਰ ਦੀ ਚਿੱਠੀ ਆ ਗਈ ਅਤੇ ਉਹ ਭਰਿਆ ਤ੍ਰਿੰਝਣ ਛੱਡ ਕੇ ਤੁਰ ਗਿਆ।
ਵਲਾਇਤ ਦਾ ਜਨਮ ਪੱਛਮੀ ਪੰਜਾਬ ਦੇ ਫੈਸਲਾਬਾਦ ਵਿਖੇ 1961 ਨੂੰ ਪਿਤਾ ਸ੍ਰੀ ਜਮਾਲਦੀਨ ਦੇ ਘਰ ਮਾਤਾ ਕਰਮਤ ਬੀਬੀ ਦੀ ਕੁੱਖੋਂ ਹੋਇਆ। ਪੰਜਾਬ ਵੰਡ ਤੋਂ ਪਹਿਲਾਂ ਇਹ ਪਰਵਾਰ ਸਾਂਝੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੌਦ ਨੇੜੇ ਮਲੌਦ ਵਿਖੇ ਰਹਿੰਦਾ ਸੀ। ਉਧਰ 61 ਚੱਕ ਟਿੱਬੀ ਧਰੌੜਾਂ, ਅਮੀਨਪੁਰ ਰੋਡ, ਫੈਸਲਾਬਾਦ ਵਿਖੇ ਟਿਕਾਣਾ ਮਿਲਿਆ। ਪਿਤਾ ਜਮਾਲਦੀਨ ਆਪ ਭਾਵੇਂ ਗਾਉਂਦਾ ਨਹੀਂ ਸੀ, ਪਰੰਤੂ ਉਸਨੂੰ ‘ਗੌਣ` ਨਾਲ ਬਹੁਤ ਲਗਾਉ ਸੀ। ਉਸਦੀ ਇੱਛਾ ਸੀ ਕਿ ਉਸਦਾ ਪੁੱਤਰ ‘ਰਾਗੀ` ਬਣੇ। ਰਾਗੀਆਂ ਨੂੰ ਸੁਣ ਸੁਣ ਕੇ ਵਲਾਇਤ ਨੂੰ ਵੀ ਇਸ ਰਾਗ ਦੀ ਲਗਨ ਲੱਗ ਗਈ। 15-16 ਸਾਲ ਦੀ ਉਮਰ ਵਿਚ ਉਹ ਪੱਕੇ ਤੌਰ `ਤੇ ਇਸ ਰਾਗ ਨਾਲ ਜੁੜ ਗਿਆ। ਸਭ ਤੋਂ ਪਹਿਲਾਂ ਉਸਨੇ ਅਬਦੁਲ ਅਜ਼ੀਜ (ਮਹਿੰਦੀ) ਰਾਗੀ ਨਾਲ ਢੱਡ ਵਜਾਉਣੀ ਸ਼ੁਰੂ ਕੀਤੀ। ਫੇਰ ਪੰਜ ਸਾਲ ਮਕਬੂਲ ਜੱਟ ਨਾਲ ਬਤੌਰ ਪਾਛੂ ਗਾਇਆ। ਉਸਤੋਂ ਬਾਅਦ ਉਸਤਾਦ ਰਾਗੀ ਸਦਰਦੀਨ ਅਤੇ ਉਮਰਦੀਨ ਨਾਲ ਵੀ ਦੋ-ਦੋ ਸਾਲ ਗਾਇਆ। ਇਸ ਤਰ੍ਹ ਦਸ ਸਾਲ ਬਤੌਰ ਪਾਛੂ ਵੱਖ-ਵੱਖ ਰਾਗੀਆਂ ਨਾਲ ਗਾ ਕੇ ਵਲਾਇਤ ਦਾ ਹੌਸਲਾ ਵਧਦਾ ਗਿਆ। ਇਸਦੇ ਬਾਵਜੂਦ ਵੀ ਉਸਦੀ ਤਸੱਲੀ ਨਹੀਂ ਹੋਈ। ਆਪਣੇ ਆਪ ਨੂੰ ਪ੍ਰਪੱਕ ਕਰਨ ਲਈ 1987 ਵਿਚ ਉਸਨੇ ਮੁਹੰਮਦ ਸ਼ਰੀਫ਼ ਰਾਗੀ ਨੂੰ ਵਿਧੀਵਤ ਉਸਤਾਦ ਧਾਰਿਆ। ਪੰਜ ਸਾਲ ਉਸਤਾਦ ਦੀ ਛਤਰ ਛਾਇਆ ਹੇਠ ਰਹਿਕੇ ਰਾਗ ਦੀਆਂ ਬਰੀਕੀਆਂ ਸਿੱਖੀਆਂ। ਉਸਤਾਦ ਤੋਂ ਥਾਪੜਾ ਲੈ ਕੇ 1992 ਵਿਚ ਆਪਣਾ ਗਰੁੱਪ ਬਣਾਕੇ ਆਗੂ ਬਣਕੇ ਗਾਉਣਾ ਸ਼ੁਰੂ ਕਰ ਦਿੱਤਾ। ਉਸਦੇ ਗਰੁੱਪ ਵਿਚ ਰਾਗੀ ਤਾਜਦੀਨ ਉਰਫ਼ ਤਾਜਾ ਬੰਗਿਆਂ ਵਾਲਾ ਤੂੰਬੇ `ਤੇ, ਮੁਹੰਮਦ ਅਲੀ ਜੋੜੀ `ਤੇ ਅਤੇ ਉਸਦਾ ਆਪਦਾ ਮੁੰਡਾ ਰਫ਼ਾਕਤ ਅਲੀ ਉਰਫ਼ ਤੋਤਾ ਢੱਡ `ਤੇ ਸਾਥ ਦਿੰਦੇ ਸਨ। ਕੁੱਝ ਸਮਾਂ ਸਦੀਕ ਘੁਮਾਰ ਨੇ ਵੀ ਜੋੜੀ `ਤੇ ਸਾਥ ਨਿਭਾਇਆ।
ਵਲਾਇਤ ਅਲੀ ਪੂਰੇ ਪੰਜਾਬ ਵਿਚ ਆਪਣੀ ਗਾਇਕੀ ਦੇ ਜੌਹਰ ਦਿਖਾ ਚੁੱਕਾ ਸੀ। ਵੱਖ-ਵੱਖ ਥਾਵਾਂ ‘ਤੇ ਲਗਦੇ ਉਰਸਾਂ ਦੇ ਅਖਾੜਿਆਂ ਤੋਂ ਇਲਾਵਾ ਛਿੰਝਾਂ‘ਤੇ ਲਗਦੇ ਅਖਾੜਿਆਂ ਵਿਚ ਵੀ ਉਹ ਗਾਉਂਦਾ ਸੀ। ਇਸ ਤੋਂ ਇਲਾਵਾ ਸਰਦੇ-ਪੁੱਜਦੇ ਲੋਕ ਉਸਨੂੰ ਵਿਆਹ-ਸ਼ਾਦੀਆਂ ਦੇ ਪ੍ਰੋਗਰਾਮਾਂ ਵਿਚ ਵੀ ਬੁਲਾਉਂਦੇ ਸਨ। ਹਰ ਤਰ੍ਹਾਂ ਦੇ ਪ੍ਰੋਗਰਾਮ ਨਿਭਾਉਣ ਲਈ ਉਸਨੂੰ ਹਰ ਵੰਨਗੀ ਦਾ ਬਹੁਤ ਸਾਰਾ ‘ਗੌਣ‘ (ਰਾਗ਼) ਕੰਠ ਸੀ। ਪੀਰਾਂ ਫ਼ਕੀਰਾਂ ਦੇ ਸਥਾਨਾਂ ‘ਤੇ ਲਗਦੇ ਉਰਸ-ਮੁਬਾਰਕਾਂ ‘ਤੇ ਉਹ ਪੀਰ ਗੌਂਸ ਪਾਕ, ਸ਼ਾਹ ਮਨਸੂਰ, ਹਜ਼ਰਤ ਇਬਰਾਹੀਮ, ਪੀਰ ਮੁਰਾਦੀਆ ਆਦਿ ਨਾਲ ਸੰਬੰਧਤ ਰਾਗ ਗਾਉਂਦਾ ਸੀ। ਵਿਆਹ ਸ਼ਾਦੀਆਂ ਅਤੇ ਸਭਿਆਚਾਰਕ ਪ੍ਰੋਗਰਾਮਾਂ ‘ਤੇ ਮਿਰਜ਼ਾ, ਹੀਰ, ਸੱਸੀ, ਮਲਕੀ, ਢੋਲ ਸੰਮੀ ਆਦਿ ਦੀ ਮੰਗ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਦੁੱਲਾ ਭੱਟੀ, ਜੈਮਲ ਫੱਤਾ, ਸ਼ਾਹ ਦਹੂਦ ਆਦਿ ਗਾਥਾਵਾਂ ਸਰੋਤਿਆਂ ਦੀ ਫਰਮਾਇਸ਼ ‘ਤੇ ਕਿਸੇ ਵੀ ਪ੍ਰੋਗਰਾਮ ਸਮੇਂ ਸੁਣਾ ਦਿੱਤੀਆਂ ਜਾਂਦੀਆਂ ਸਨ। ਲੜੀਬੱਧ ਗਾਥਾਵਾਂ ਤੋਂ ਬਿਨਾਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ‘ਰੰਗ‘ ਤਾਂ ਉਹ ਘੰਟਿਆਂ ਬੱਧੀ ਗਾ ਸਕਦਾ ਸੀ। ਮਲਕੀ ਕੀਮਾ ਦੀ ਗਾਥਾ ਨਾਲ ਸੰਬੰਧਤ ਪ੍ਰਸਿੱਧ ਸ਼ਾਇਰ ਫਰਜੰਦ ਅਲੀ ਪੱਤੋਵਾਲੀਆ ਦਾ ਲਿਖਿਆ ਇੱਕ ਰੰਗ ਨਮੂਨੇ ਵਜੋਂ ਪੇਸ਼ ਹੈ। ਵਲਾਇਤ ਅਲੀ ਸਰੋਤਿਆਂ ਨੂੰ ਸੰਬੋਧਤ ਹੋ ਕੇ ਕਹਿੰਦਾ ਹੈ।
‘‘ਲੈ ਬਈ ਸੱਜਣੋਂ ਵਲਾਇਤ ਅਲੀ ਰਾਗੀ ਫੈਸਲਾਬਾਦੀਆ ਆਪਣੇ ਜੁੱਟ ਮੁਹੰਮਦ ਸੂਬਾ ਤੂੰਬੇ ਆਲਾ ਅਤੇ ਮੁਹੰਮਦ ਸਦੀਕ ਜੋੜੀ ਆਲੇ ਦੇ ਨਾਲ ਤੁਹਾਡੀ ਖ਼ਿਦਮਤ ਕਰਨ ਲਈ ਅਮੀਨਪੁਰ, ਫੈਸਲਾਬਾਦ ਵਿਚ ਹਾਜ਼ਰ ਏ।“
‘‘ਜਨਾਬੇ ਅਲੀ ਜੱਟ ਕੀਮਾ ਹੋ ਕੇ ਘੋੜੀ ਦਾ ਸਵਾਰ ਸਹੁਰਿਆਂ ਨੂੰ ਮੁਕਲਾਵਾ ਲੈਣ ਵਾਸਤੇ ਜਾਂਦੈ। ਉਧਰ ਜੱਟੀ ਮਲਕੀ ਸੱਠਾਂ ਸਹੇਲੀਆਂ ਨੂੰ ਨਾਲ ਲੈ ਕੇ ਪੀਂਘਾਂ ਝੂਟਣ ਵਾਸਤੇ ਜਾਂਦੀ ਐ। ਜਿਸ ਵੇਲੇ ਦੇਖੀ ਘੋੜੀ ਆਲੇ ਦੀ ਸ਼ਕਲ, ਜੱਟ ਕੀਮੇ ਦੀ ਘੋੜੀ ਦਾ ਪਿਆ ਚਮਕਾਰਾ, ਨਾਲੇ ਮਲਕੀ ਜੱਟੀ ਨੇ ਪੀਂਘ ਦਾ ਲਿਆ ਹੁਲਾਰਾ। ਇੱਕ ਜਾਂਦੇ ਜੱਟ ਨੂੰ ਆਵਾਜ਼ਾਂ ਮਾਰਦੀ ਐ, ਭਲਾ ਬਈ ਸਦੀਕ ਜੋੜੀ ਆਲਿਆ ਕਿਹੜੇ ਕਲਾਮ ਕਰਕੇ ਦਸਦੀ ਐ…?“
ਮਲਕੀ:
ਮੈਂ ਤਾਂ ਮੁੰਡਿਆਂ ਵੇ ਕੁੜੀ ਗੜ੍ਹ ਮੁਗਲਾਣੇ ਦੀ।
ਤੈਨੂੰ ਪੁੱਛਦੀ ਵੇ ਜੱਟੀ ਗੜ੍ਹ ਮਗਲਾਣੇ ਦੀ।
ਸਾਉਣ ਦਾ ਮਹੀਨਾ ਪੀਂਘਾਂ ਪਾਈਆਂ ਦੂਰ ਦੂਰ ਵੇ।
ਕਾਲੀ ਕਾਲੀ ਘਟ ਪੈਂਦੀ ਮਿੰਨ੍ਹੀ ਮਿੰਨ੍ਹੀ ਭੂਰ ਵੇ।
ਠੰਢੀ ਠੰਢੀ ਹਵਾ ਵਿਚ ਪਿਆਰ ਦਾ ਸਰੂਰ ਵੇ।
ਏਨੀ ਗੱਲ ਰਾਹੀਆ ਮੈਨੂੰ ਦੱਸ ਜਾ ਜ਼ਰੂਰ ਵੇ।
ਮੈਨੂੰ ਵੀ ਉਡੀਕ ਅੱਜ ਮਾਹੀ ਮੇਰੇ ਆਣੇ ਦੀ।
ਮੈਂ ਤਾਂ ਮੁੰਡਿਆ ਵੇ ਕੁੜੀ ਗੜ੍ਹ ਮਗਲਾਣੇ ਦੀ।
ਕੀਮਾ:
ਸੁਣ ਮੁਟਿਆਰੇ ਪਰਦੇਸੀਆਂ ਦੀ ਗੱਲ ਨੀ।
ਫੈਸਲਾ ਹਦੀਸ ਤੇ ਕੁਰਾਨ ਦਾ ਅਟੱਲ ਨੀ।
ਐਵੇਂ ਨਾ ਵਿਖਾਲ ਕੁੜੇ ਬਹੁਤਾ ਕਰ ਝੱਲ ਨੀ।
ਸਾਂਭ ਸਾਂਭ ਰੱਖ ਲੈ ਜਵਾਨੀ ਦੇ ਮਹੱਲ ਨੀ।
ਲੈ ਲਾ ਕੁੜੀਏ ਨੀ ਝੂਟਾ ਮੀਂਘ ਦੇ ਹੁਲਾਰੇ ਦਾ।
ਮੈਂ ਵੀ ਕੁੜੀਏ ਨੀ ਜੱਟ ਤਖਤ ਹਜ਼ਾਰੇ ਦਾ।
ਮਲਕੀ:
ਚੰਨ ਜਿਹੇ ਚਾਨਣਾ ਵੇ ਸੋਹਣੀ ਘੋੜੀ ਵਾਲਿਆ।
ਕਿਹੜੀ ਤੇਰੀ ਮਾਂ ਸ਼ੀਰ ਜਿਸਨੇ ਚੁੰਘਾ ਲਿਆ।
ਕਿਹੜੀ ਤੇਰੀ ਸੱਸ ਜੀਹਦੇ ਘਰ ਤੂੰ ਵਿਆਹ ਲਿਆ।
ਭਾਗਾਂ ਵਾਲੇ ਬਾਪ ਤੇਰਾ ਨਾਂ ਕੀ ਰਖਾ ਲਿਆ।
ਕਿਥੇ ਆ ਸਕੀਰੀ ਤੇਰੇ ਬਾਪ ਰਾਜੇ-ਰਾਣੇ ਦੀ।
ਮੈਂ ਤਾਂ ਮੁੰਡਿਆ ਵੇ ਕੁੜੀ ਗੜ੍ਹ ਮੁਗਲਾਣੇ ਦੀ।
ਤੈਨੂੰ ਪੁੱਛਦੀ ਵੇ ਜੱਟੀ ਗੜ੍ਹ ਮੁਗਲਾਣੇ ਦੀ।
ਕੀਮਾ:
ਕੰਨ ਲਾ ਕੇ ਸੁਣ ਐਵੀਂ ਸ਼ੋਰ ਕਾਹਦਾ ਪਾਇਆ ਨੀ।
ਲਾਲੇ ਮੇਰੀ ਮਾਂ ਸੀਰ ਜਿਸਨੇ ਚੁੰਘਾਇਆ ਨੀ।
ਗੋਂਦਲਾਂ ਹੈ ਸੱਸ ਜੀਹਦੇ ਘਰ ਮੈਂ ਵਿਆਹਿਆ ਨੀ।
ਲੈਣ ਮੁਕਲਾਵਾ ਜੱਟੀ ਮਲਕੀ ਦਾ ਆਇਆ ਨੀ।
ਝੂਲਦਾ ਹੈ ਝੰਡਾ ਜਾਨੀ ਬਾਬਲ ਪਿਆਰੇ ਦਾ।
ਮੈਂ ਵੀ ਕੁੜੀਏ ਨੀ ਜੱਟ ਤਖਤ ਹਜ਼ਾਰੇ ਦਾ।
ਮਲਕੀ:
ਜੇ ਤੂੰ ਕੀਮਾ ਜੱਟ ਮੈਂ ਵੀ ਗੋਂਦਲਾਂ ਦੀ ਜਾਈ ਵੇ।
ਮਲਕੀ ਮੇਰਾ ਨਾਂ ਤੇਰੇ ਨਾਲ ਮੈਂ ਵਿਆਹੀ ਵੇ।
ਤੇਰੀ ਮੇਰੀ ਜੋੜੀ ਸੱਚੇ ਰੱਬ ਨੇ ਬਣਾਈ ਵੇ।
ਵੇਖੀਂ ‘ਫਰਜ਼ੰਦ ਅਲੀ` ਪਾਵੀਂ ਨਾ ਜੁਦਾਈ ਵੇ।
ਲੋੜ ਮੈਨੂੰ ਤੇਰੇ ਨਾਲ ਜ਼ਿੰਦਗੀ ਨਿਭਾਣੇ ਦੀ।
ਮੈਂ ਤਾਂ ਮੁੰਡਿਆ ਵੇ ਕੁੜੀ ਗੜ੍ਹ ਮਗਲਾਣੇ ਦੀ।
ਇਸ ਤਰ੍ਹਾਂ ਵਲਾਇਤ ਅਲੀ ਸਰੋਤਿਆਂ ਦੀ ਰਜ਼ਾ ਅਤੇ ਸਮੇਂ ਦੇ ਅਨੁਸਾਰ ਆਪਣੀ ਗਾਇਕੀ ਦੇ ਰੰਗ ਬਿਖ਼ੇਰਦਾ ਸੀ। ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਉਹ ਸਰੋਤਿਆਂ ਦੀ ਰੂਹ ਰਾਜ਼ੀ ਕਰਦਾ ਆ ਰਿਹਾ ਸੀ।
1979 ਵਿਚ ਵਲਾਇਤ ਅਲੀ ਦਾ ਨਿਕਾਹ ਹੋਇਆ। ਸਫੀਆ ਬੀਬੀ ਉਸਦੀ ਸ਼ਰੀਕ-ਏ-ਹਯਾਤ ਬਣੀ। ਇਸ ਜੋੜੇ ਦੇ ਪੁੱਤਰਾਂ ਵਿਚੋਂ ਦੋ ਆਪਣੇ ਪਿਉ ਦੇ ਨਕਸ਼ੇ ਕਦਮਾਂ ‘ਤੇ ਚਲਦੇ ਹੋਏ ਤੂੰਬੇ ਜੋੜੀ ਦੇ ਰਾਗ਼ ਨਾਲ ਜੁੜੇ ਹੋਏ ਹਨ। ਰਫ਼ਾਕਤ ਅਲੀ ਉਰਫ ਤੋਤਾ ਢੱਡ ਵਜਾਉਂਦਾ ਹੈ ਅਤੇ ਆਰਫ਼ ਅਲੀ ਤੂੰਬਾ ਵਜਾਉਂਦਾ ਹੈ, ਦੋਵੇਂ ਪਾਛੂ ਗਾਉਂਦੇ ਹਨ।
-ਪਿੰਡ ਤੇ ਡਾਕ: ਥੂਹੀ, ਤਹਿ: ਨਾਭਾ ਜ਼ਿਲ੍ਹਾ ਪਟਿਆਲਾ।
