ਪੁਰਾਣਾ ਸ਼ਹਿਦ: ਧੂਆਂ

ਲੇਖਕ: ਗੁਲਜ਼ਾਰ
ਅਨੁਵਾਦਕ: ਸੁਭਾਸ਼ ਰਾਬੜਾ
…ਗੱਲ ਧੁਖੀ ਤਾਂ ਬੜੀ ਹੌਲੀ-ਹੌਲੀ ਸੀ ਪਰ ਵੇਖਦਿਆਂ ਹੀ ਵੇਖਦਿਆਂ ਪੂਰਾ ਕਸਬਾ ‘ਧੂੰਏਂ’ ਨਾਲ ਭਰ ਗਿਆ। ਚੌਧਰੀ ਸਾਹਿਬ ਦੀ ਮੌਤ ਸਵੇਰੇ ਚਾਰ ਵਜੇ ਹੋਈ, ਸੱਤ ਵਜੇ ਤੱਕ ਚੌਧਰਾਇਣ ਨੇ ਰੋ-ਧੋ ਕੇ ਆਪਾ ਸੰਭਾਲਿਆ। ਸਭ ਤੋਂ ਪਹਿਲਾਂ ਮੌਲਵੀ ਖੈਰੂਦੀਨ ਨੂੰ ਸੱਦ ਬੁਲਾਇਆ। ਨਾਲ ਹੀ ਨੌਕਰ ਨੂੰ ਤਾਕੀਦ ਕੀਤੀ ਕਿ ਗੱਲ ਬਾਹਰ ਨਾ ਨਿਕਲੇ।

ਨੌਕਰ ਜਦੋਂ ਮੌਲਵੀ ਸਾਹਿਬ ਨੂੰ ਵਿਹੜੇ `ਚ ਛੱਡ ਕੇ ਗਿਆ ਤਾਂ ਚੌਧਰਾਇਣ ਉਨ੍ਹਾਂ ਨੂੰ ਛੱਤ `ਤੇ ਬਣੇ ਸੌੰਣ ਵਾਲੇ ਕਮਰੇ ‘ਚ ਲੈ ਗਈ, ਜਿੱਥੇ ਚੌਧਰੀ ਦੀ ਲਾਸ਼ ਪਲੰਘ ਤੋਂ ਲਾਹ ਕੇ ਭੁੰਜੇ ਰੱਖ ਦਿੱਤੀ ਹੋਈ ਸੀ। ਦੋ ਚਿੱਟੀਆਂ ਚਾਦਰਾਂ ‘ਚ ਲਿਪਟਿਆ ਸਫੈਦ ਜ਼ਰਦ ਚਿਹਰਾ, ਸਫੈਦ ਭਰਵੱਟੇ, ਸਫੈਦ ਵਾਲ, ਸਫੈਦ ਦਾੜ੍ਹੀ। ਚਿਹਰਾ ਬੜਾ ਨੂਰਾਨੀ ਲੱਗ ਰਿਹਾ ਸੀ।
ਮੌਲਵੀ ਨੇ ਬੈਠਦਿਆਂ ਹੀ ‘ਇੰਨਾਲਾਹੇ ਵ ਇਨਾਂ ਇਲੇਹੇ ਰਾਜ਼ੇ ਉਨ’ ਪੜ੍ਹਿਆ ਅਤੇ ਕੁਝ ਰਸਮੀ ਜਿਹੇ ਜੁਮਲੇ ਕਹੇ। ਅਜੇ ਉਹ ਠੀਕ ਤਰ੍ਹਾਂ ਬੈਠਿਆ ਵੀ ਨਹੀਂ ਸੀ ਕੀ ਚੌਧਰਾਇਣ ਅਲਮਾਰੀ ‘ਚੋਂ ਵਸੀਅਤਨਾਮਾ ਕੱਢ ਲਿਆਈ, ਉਨਹੂੰ ਮੌਲਵੀ ਸਾਹਿਬ ਨੂੰ ਵਿਖਾਇਆ ਵੀ ਤੇ ਪੜ੍ਹਾਇਆ ਵੀ। ਚੌਧਰੀ ਸਾਹਿਬ ਦੀ ਆਖਿਰੀ ਖਵਾਹਿਸ਼ ਸੀ ਕਿ ਉਨ੍ਹਾਂ ਦੀ ਲਾਸ਼ ਨੂੰ ਚਿਤਾ ਉੱਤੇ ਰੱਖ ਕੇ ਜਲਾਇਆ ਜਾਵੇ ਅਤੇ ਸੁਆਹ ਨੂੰ ਪਿੰਡ ਨਾਲ ਲੱਗਦੀ ਉਸ ਨਦੀ ‘ਚ ਪ੍ਰਵਾਹ ਕਰ ਦਿੱਤਾ ਜਾਵੇ ਜਿਹੜੀ ਉਨ੍ਹਾਂ ਦੇ ਖੇਤਾਂ ਨੂੰ ਸਿੰਜਦੀ ਰਹੀ ਹੈ।
ਮੌਲਵੀ ਜੀ ਨੇ ਵਸੀਅਤਨਾਮਾ ਪੜ੍ਹਿਆ ਅਤੇ ਚੁੱਪ ਹੋ ਗਏ। ਚੌਧਰੀ ਸਾਹਿਬ ਨੇ ਜਿਉਂਦੇ ਜੀ ਦੀਨ-ਈਮਾਨ ਦੇ ਬੜੇ ਕੰਮ ਕੀਤੇ। ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕੋ ਜਿਹਾ ਦਾਨ ਦਿੰਦੇ। ਪਿੰਡ ਦੀ ਕੱਚੀ ਮਸਜਿਦ ਪੱਕੀ ਕਰਵਾ ਦਿੱਤੀ ਸੀ। ਹੋਰ ਤਾਂ ਹੋਰ ਹਿੰਦੂਆਂ ਦੇ ਸ਼ਮਸ਼ਾਨ ਘਾਟ ਨੂੰ ਵੀ ਪੱਕਾ ਕਰਵਾ ਦਿੱਤਾ ਸੀ। ਪਿਛਲੇ ਲੰਬੇ ਸਮੇਂ ਤੋਂ ਉਹ ਬੀਮਾਰ ਚੱਲ ਰਹੇ ਸਨ ਪਰ ਇਸ ਬੀਮਾਰੀ ਦੌਰਾਨ ਵੀ ਰਮਜ਼ਾਨ ਦੇ ਦਿਨੀਂ ਗਰੀਬ-ਗੁਰਬੇ ਲਈ ਅਫਗਰੀ (ਰੋਟੀ-ਪਾਣੀ) ਦਾ ਇੰਤਜ਼ਾਮ ਮਸਜਿਦ ‘ਚ ਉਨ੍ਹਾਂ ਵੱਲੋਂ ਹੀ ਹੁੰਦਾ। ਇਲਾਕੇ ਦੇ ਮੁਸਲਮਾਨ ਬੜੇ ਹੀ ਮੁਰੀਦ ਸਨ ਉਨ੍ਹਾਂ ਦੇ। ਬੜਾ ਹੀ ਇਤਬਾਰ ਕਰਿਆ ਕਰਦੇ ਸਨ ਉਹ ਚੌਧਰੀ ਸਾਹਿਬ ‘ਤੇ, ਪਰ ਹੁਣ ਚੌਧਰੀ ਸਾਹਿਬ ਦੀ ਵਸੀਅਤ ਪੜ੍ਹ ਕੇ ਮੌਲਵੀ ਸਾਹਿਬ ਨੂੰ ਬੜਾ ਧੱਕਾ ਲੱਗਾ। ਕਿਤੇ ਕੋਈ ਹੋਰ ਹੀ ਪੰਗਾ ਨਾ ਖੜਾ ਹੋ ਜਾਏ। ਮੁਲਕ ਦੀ ਹਵਾ ਅੱਜ ਕੱਲ ਵੈਸੇ ਹੀ ਖਰਾਬ ਹੋ ਰਹੀ ਹੈ। ਮੁਸਲਮਾਨ ਕੁਝ ਜ਼ਿਆਦਾ ਹੀ ਮੁਸਲਮਾਨ ਬਣਦੇ ਜਾ ਰਹੇ ਹਨ ਤੇ ਹਿੰਦੂ ਕੁਝ ਜ਼ਿਆਦਾ ਹੀ ਹਿੰਦੂ।
ਚੌਧਰਾਇਣ ਨੇ ਮੌਲਵੀ ਸਾਹਿਬ ਨੂੰ ਕਿਹਾ, ‘ਵੇਖੋ ਮੌਲਵੀ ਜੀ! ਮੈਂ ਕੋਈ ਪੂਜਾ-ਪਾਠ ਤਾਂ ਕਰਵਾਉਣਾ ਨਹੀਂ…ਮੈਂ ਤਾਂ ਬਸ ਇਹੋ ਚਾਹੁਨੀ ਹਾਂ ਕਿ ਸ਼ਮਸ਼ਾਨ ‘ਚ ਇਨ੍ਹਾਂ ਦਾ ਦਾਹ-ਸੰਸਕਾਰ ਹੋ ਜਾਏ। ਮੈਂ ਪੰਡਿਤ ਰਾਮ ਚੰਦਰ ਨੂੰ ਵੀ ਸੱਦ ਬੁਲਾਉਂਦੀ, ਪਰ ਫਿਰ ਸੋਚਿਆ ਗੱਲ ਵਿਗੜ ਨਾ ਜਾਵੇ।
ਗੱਲ ਤਾਂ ਦੱਸਣ ਨਾਲ ਹੀ ਵਿਗੜ ਗਈ, ਜਦੋਂ ਮੌਲਵੀ ਸਾਹਿਬ ਨੇ ਪੰਡਿਤ ਰਾਮ ਚੰਦਰ ਨੂੰ ਬੁਲਾਇਆ ਤੇ ਕਿਹਾ, ‘ਪੰਡਿਤ! ਤੁਸੀਂ ਆਪਣੇ ਸ਼ਮਸ਼ਾਨ ‘ਚ ਚੌਧਰੀ ਸਾਹਿਬ ਨੂੰ ਜਲਾਉਣ ਨਾ ਦੇਣਾ… ਮੁਸਲਮਾਨਾਂ ਵੱਲੋਂ ਐਵੇਂ ਨਾ ਕੋਈ ਹੋਰ ਪੰਗਾ ਖੜਾ ਹੋ ਜਾਏ…ਆਖਿਰਕਾਰ ਚੌਧਰੀ ਸਾਹਿਬ ਕਸਬੇ ਦੇ ਮੁਅਜ਼ਜ਼ ਸਨ…ਕੋਈ ਆਮ ਆਦਮੀ ਨਹੀਂ…ਹਰ ਪਾਸੇ ਦੇ ਲੋਕ ਕਈ ਤਰ੍ਹਾਂ ਉਨ੍ਹਾਂ ਨਾਲ ਜੁੜੇ ਹੋਏ ਸਨ।
ਪੰਡਿਤ ਰਾਮ ਚੰਦਰ ਨੇ ਭਰੋਸਾ ਦਿਵਾਇਆ ਕਿ ਉਹ ਆਪਣੇ ਇਲਾਕੇ ‘ਚ ਕਿਸੇ ਕਿਸਮ ਦੀ ਸ਼ਰ ਅੰਗੇਜ਼ੀ ਨਹੀਂ ਚਾਹੁੰਦੇ। ਇਸ ਤੋਂ ਪਹਿਲਾਂ ਕਿ ਗੱਲ ਫੈਲੇ, ਮੈਂ ਆਪਣੇ ਲੋਕਾਂ ਨੂੰ ਸਮਝਾ ਦਿਆਂਗਾ।
ਅੱਗ ਜਿਹੜੀ ਹੁਣ ਤੱਕ ਧੁਖ ਰਹੀ ਸੀ, ਲਪਟਾਂ ‘ਚ ਬਦਲਣ ਲੱਗੀ। ਗੱਲ ਚੌਧਰੀ ਤੇ ਚੌਧਰਾਇਣ ਦੀ ਨਹੀਂ ਸੀ, ਗੱਲ ਤਾਂ ਅਕੀਦਿਆਂ ਦੀ ਸੀ… ਪੂਰੀ ਕੌਮ ਦਾ, ਪੂਰੇ ਮਜ਼ਹਬ ਦਾ। ਚੌਧਰਾਇਣ ਦੀ ਆਖਿਰ ਇਹ ਹਿੰਮਤ ਕਿਵਂੇ ਪਈ ਕਿ ਉਸ ਨੇੰ ਚੌਧਰੀ ਨੂੰ ਦਫਨਾਉਣ ਦੀ ਬਜਾਏ ਜਲਾਉਣ ਦੀ ਗੱਲ ਛੇੜੀ…ਐਨੀਂ ਗਾਫਿਲ ਤਾਂ ਉਹ ਨਹੀਂ, ਇਸਲਾਮ ਦੇ ਕਾਇਦੇ ਕæਾਨੂਨਾਂ ਤੋਂ।
ਕੁਝ ਲੋਕਾਂ ਚੌਧਰਾਇਣ ਨੂੰ ਮਿਲਣ ਦੀ ਜਿਦ ਵੀ ਕੀਤੀ। ਚੌਧਰਾਇਣ ਨੇ ਬੜੀ ਹੀ ਤਹਮੱਲ ਮਿਜਾਜੀ ਨਾਲ ਜੁਆਬ ਦਿੱਤਾ, ‘ਭਾਈ ਜਾਂ! ਇਹ ਉਨ੍ਹਾਂ ਦੀ ਆਖਿਰੀ ਖਵਾਹਿਸ਼ ਸੀ…ਹੁਣ ਮਿੱਟੀ ਹੀ ਤਾਂ ਹੈ…ਸਾੜ ਦਿਓ ਭਾਵੇਂ ਦੱਬ ਦਿਓ…ਬਸ ਉਨ੍ਹਾਂ ਦੀ ਰੂਹ ਨੂੰ ਤਸਕੀਨ ਮਿਲਣੀ ਚਾਹੀਦੀ ਹੈ…ਤੁਹਾਨੂੰ ਭਲਾ ਇਸ ‘ਚ ਕੀ ਇਤਰਾਜ਼ ਹੋ ਸਕਦੈ?’
ਇੱਕ ਸਾਹਿਬ ਕੁਝ ਜ਼ਿਆਦਾ ਹੀ ਤੈਸ਼ ਚ ਆ ਗਏ…ਪੁਛਣ ਲੱਗੇ, ‘ਉਨ੍ਹਾਂ ਨੂੰ ਜਲਾ ਕੇ ਤੁਹਾਨੂੰ ਤਸਕੀਨ ਮਿਲੇਗੀ? ਚੌਧਰਾਇਣ ਦਾ ਜੁਆਬ ਸੀ, ‘ਹਾਂ ਉਨ੍ਹਾਂ ਦੀ ਆਖਿਰੀ ਖਵਾਹਿਸ਼ ਪੂਰੀ ਕਰ ਕੇ ਮੈਨੂੰ ਤਸਕੀਨ ਮਿਲੇਗੀ।’
ਦਿਨ ਚੜ੍ਹਦਿਆਂ-ਚੜ੍ਹਦਿਆਂ ਚੌਧਰਾਇਣ ਦੀ ਬੇਚੈਨੀ ਵਧਣ ਲੱਗੀ। ਜਿਸ ਗੱਲ ਨੂੰ ਉਹ ਸੁਲਾਹ-ਸਫਾਈ ਨਾਲ ਨਿਪਟਾਣਾ ਚਾਹੁੰਦੀ ਸੀ, ਉਹ ਤਾਂ ਹੱਥੋਂ ਬਾਹਰ ਹੁੰਦੀ ਜਾ ਰਹੀ ਸੀ। ਚੌਧਰੀ ਸਾਹਿਬ ਦੀ ਇਸ ਖਾਹਿਸ਼ ਪਿਛੇ ਨਾ ਤਾਂ ਕੋਈ ਰਾਜ਼ ਸੀ ਤੇ ਨਾਂ ਕੋਈ ਗੁੰਝਲਦਾਰ ਪਲਾਟ…ਨਾ ਹੀ ਕੋਈ ਫਲਸਫਾ, ਜਿਹੜਾ ਕਿਸੇ ਦੀਨ ਜਾਂ ਮਜ਼ਹਬ ਨਾਲ ਜੁੜਿਆ ਹੋਇਆ ਹੋਵੇ। ਇੱਕ ਸਿਧੀ-ਸਾਧੀ ਇਨਸਾਨੀ ਖਾਹਿਸ਼ ਸੀ ਕਿ ਮਰਨ ਤੋਂ ਬਾਅਦ ਮੇਰਾ ਕੋਈ ਨਾਮੋਂ-ਨਿਸ਼ਾਂ ਨਾਂ ਰਹੇ।
‘ਜਦ ਤੱਕ ਹਾਂ ਤਦ ਤੱਕ ਹਾਂ…ਜਦ ਨਹੀਂ ਤਾਂ ਕਿਤੇ ਵੀ ਨਹੀਂ’
ਵਰਿ੍ਹਆਂ ਪਹਿਲਾਂ ਚੌਧਰੀ ਸਾਹਿਬ ਨੇ ਗੱਲ ਛੇੜੀ ਸੀ, ਪਰ ਜਿਉਂਦੇ-ਜੀਅ ਕਿਹੜਾ ਐਨੀਆਂ ਡੂੰਘਾਈਆਂ ‘ਚ ਜਾਂਦਾ ਹੈ। ਚੌਧਰੀ ਸਾਹਿਬ ਦੀ ਆਖਿਰੀ ਖਵਾਹਿਸ਼ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਰਾਹੀਂ ਤਾਂ ਜਿਵੇਂ ਉਹ ਚੌਧਰੀ ਸਾਹਿਬ ਦੀ ਮੁਹਬੱਤ ਤੇ ਭਰੋਸੇ ਉੱਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰ ਰਹੀ ਸੀ। ਆਖਿਰ ਇਹ ਵੀ ਕੀ ਗੱਲ ਹੋਈ ਕਿ ਓਧਰ ਕਿਸੇ ਨੇ ਅੱਖਾਂ ਮੀਟੀਆਂ ਤੇ ਐਧਰ ਸਾਰੇ ਕੌਲ-ਕਰਾਰ ਮਿੱਟੀ ਘੱਟੇ ‘ਚ।
ਚੌਧਰਾਇਣ ਨੇ ਵੀਰੂ ਨੂੰ ਇੱਕ ਵਾਰ ਫਿਰ ਭੇਜ ਕੇ ਪੰਡਤ ਰਾਮ ਚੰਦਰ ਨੂੰ ਬੁਲਾਉਣ ਦੀ ਕੋਸ਼ਿਸ਼ ਵੀ ਕੀਤੀ। ਪੰਡਿਤ ਨਹੀਂ ਮਿਲਿਆ, ਉਸ ਦੇ ਚੌਕੀਦਾਰ ਨੇ ਕਿਹਾ, ‘ਵੇਖ ਭਰਾਵਾ! ਜਲਾਉਣ ਤੋਂ ਪਹਿਲਾਂ ਮੰਤਰ ਪੜ੍ਹ ਕੇ ਅਸੀਂ ਚੌਧਰੀ ਦੇ ਤਿਲਕ ਜਰੂਰ ਲਾਂਵਾਂਗੇ’
‘ਪਰ ਭਰਾਵਾ! ਜਿਹੜਾ ਹੁਣ ਮਰ ਹੀ ਗਿਆ ਉਹਦਾ ਧਰਮ ਕਿਵੇਂ ਬਦਲੋਗੇ?’
‘ਵੇਖ! ਤੂੰ ਸਾਡੇ ਨਾਲ ਜਿਆਦਾ ਬਹਿਸ ਤਾਂ ਕਰ ਨਾ। ਭਲਾ ਇਹ ਕਿਵੇਂ ਹੋ ਸਕਦੈ ਕਿ ਅਸੀਂ ਗੀਤਾ ਦੇ ਚਾਰ ਸ਼ੑਲੋਕ ਪੜ੍ਹੇ ਬਿਨਾ ਹੀ ਚਿਤਾ ਨੂੰ ਅਗਨ ਭੇਂਟ ਕਰ ਦਈਏ? ਇਓਂ ਨਾ ਕੀਤਾ ਤਾਂ ਚੌਧਰੀ ਸਾਹਿਬ ਦੀ ਆਤਮਾ ਨੇ ਨਾ ਸਾਨੂੰ ਬਖਸ਼ਣਾ ਨਾ ਤੁਹਾਨੂੰ। ਚੌਧਰੀ ਸਾਹਿਬ ਦੇ ਸਾਡੇ ਤੇ ਬੜੇ ਅਹਿਸਾਨ ਰਹੇ ਹਨ ਇਸ ਲਈ ਅਸੀਂ ਉਨ੍ਹਾਂ ਦੀ ਆਤਮਾ ਨੂੰ ਭਟਕਦਾ ਨਹੀਂ ਛੱਡ ਸਕਦੇ।
ਵੀਰੂ ਵਾਪਿਸ ਮੁੜ ਆਇਆ। ਵੀਰੂ ਜਦੋਂ ਪੰਡਿਤ ਜੀ ਦੇ ਘਰੋਂ ਨਿੱਕਲ ਰਿਹਾ ਸੀ ਤਾਂ ਪੰਨੇ ਨੇ ਵੇਖ ਲਿਆ ਤੇ ਜਾ ਮਸੀਤੇ ਖਬਰ ਕੀਤੀ।
ਅੱਗ ਜਿਹੜੀ ਥੋੜੀ-ਥੋੜੀ ਠੰਡੀ ਹੋਣ ਲੱਗੀ ਸੀ, ਫਿਰ ਭੜਕਣ ਲੱਗੀ। ਛਾਰ-ਪੰਜ ਮੁਹਤਬਿਰ ਮੁਸਲਮਾਨਾਂ ਨੇ ਤਾਂ ਇੱਕ ਟੁੱਕ ਆਪਣਾ ਫੈਸਲਾ ਵੀ ਸੁਣਾ ਦਿੱਤਾ…ਉਹ ਚੌਧਰੀ ਦੀ ਰੂਹ ਨੂੰ ਭਟਕਣ ਨਹੀਂ ਦੇਣਗੇ। ਚੌਧਰੀ ਸਾਹਿਬ ਦੇ ਉਨ੍ਹਾਂ ਤੇ ਬਹੁਤ ਹੀ ਅਹਿਸਾਨ ਜੋ ਸਨ। ਮਸਜਿਦ ਦੇ ਪਿਛਵਾੜੇ ਕਬਰ ਪੱਟੀ ਜਾਣ ਲੱਗੀ।
ਸ਼ਾਮ ਢਲਦਿਆਂ-ਢਲਦਿਆਂ ਕੁਝ ਲੋਕ ਫਿਰ ਹਵੇਲੀ ਚ ਆ ਧਮਕੇ। ਉਨ੍ਹਾਂ ਫੈਸਲਾ ਕਰ ਲਿਆ ਸੀ ਕਿਵੇਂ ਨਾ ਕਿਵੇਂ, ਡਰਾ-ਧਮਕਾ ਕੇ ਚੌਧਰਾਇਣ ਤੋਂ ਵਸੀਅਤਨਾਮਾ ਹਥਿਆ ਲਿਆ ਜਾਵੇ ਤੇ ਫਿਰ ਸਾੜ ਦਿੱਤਾ ਜਾਵੇ…ਜਦੋਂ ਵਸੀਅਤਨਾਮਾ ਹੀ ਨਾ ਹੋਊ, ਬੁਢੀ ਕੀ ਕਰ ਲਊ?
ਚੌਧਰਾਇਣ ਨੇ ਇਹ ਚਾਲ ਸੁੰਘ ਲਈ। ਉਸ ਨੇ ਵਸੀਅਤਨਾਮਾ ਕਿਤੇ ਲੁਕਾ ਦਿੱਤਾ। ਜਦੋਂ ਲੋਕਾਂ ਨੇ ਡਰਾਇਆ-ਧਮਕਾਇਆ ਤਾਂ ਉਸ ਨੇ ਕਿਹਾ, ‘ਮੌਲਵੀ ਖੈਰੂਦੀਨ ਨੂੰ ਪੁਛ ਲਵੋ…ਉਸ ਨੇ ਵਸੀਅਤ ਵੇਖੀ ਵੀ ਹੈ ਤੇ ਪੜ੍ਹੀ ਵੀ’।
‘ਤੇ ਜੇ ਉਹ ਨਾਂਹ ਕਰ ਦੇਵੇ ਤਾਂ?’
‘ਤਾਂ ਉਹ ਕੁਰਾਨ ਸ਼ਰੀਫ਼ ਉੱਤੇ ਹਥ ਰੱਖ ਕੇ ਕਹਿ ਦੇਵੇ…ਵਰਨਾ’
‘ਵਰਨਾ ਕੀ?
‘ਵਰਨਾ ਕਚਿਹਰੀ ‘ਚ ਵੇਖ ਲਿਆ ਜੇ’
ਇੱਕ ਗੱਲ ਤਾਂ ਸਾਫ਼ ਹੋ ਗਈ ਸੀ ਕਿ ਮਾਮਲਾ ਕੋਰਟ-ਕਚਿਹਰੀ ਤੱਕ ਵੀ ਜਾ ਸਕਦੈ। ਹੋ ਸਕਦੈ, ਬੁਢੀ ਆਪਣੇ ਵਕੀਲ ਨੂੰ ਸੱਦ ਲਵੇ ਅਤੇ ਪੁਲੀਸ ਨੂੰ ਵੀ ਤੇ ਫਿਰ ਉਨ੍ਹਾਂ ਦੀ ਮੌਜੂਦਗੀ ‘ਚ ਉਹ ਵਸੀਅਤਨਾਮੇ ਉੱਤੇ ਅਮਲ ਕਰਵਾ ਲਵੇ…ਹੋ ਸਕਦੈ ਉਨ੍ਹੇ ਐਸਾ ਕਰ ਹੀ ਲਿਆ ਹੋਵੇ…ਨਹੀਂ ਤਾਂ ਭਲਾ ਆਪਨੇ ਖਾਵੰਦ ਦੀ ਲਾਸ਼ ਬਰਫ਼ ਦੀਆਂ ਸਿੱਲੀਆਂ ਹੇਠ ਰੱਖ ਕੇ ਕੋਈ ਐਨੀ ਤਹੱਮਲ-ਮਿਜਾਜੀ ਨਾਲ ਗੱਲ ਕਰ ਸਕਦੈ?
ਰਾਤ ਦੇ ਵੇਲੇ ਖਬਰਾਂ ਅਫਵਾਹਾਂ ਵਾਂਗ ਹੀ ਖੰਭ ਲਾ-ਲਾ ਉਡਦੀਆਂ ਹਨ।
ਕਿਸੇ ਕਿਹਾ, ‘ਇੱਕ ਘੋੜ ਸਵਾਰ ਚੌਧਰਾਇਣ ਦੀ ਹਵੇਲੀ ‘ਚੋਂ ਨਿੱਕਲ ਸ਼ਹਿਰ ਵੱਲ ਜਾਂਦਾ ਵੇਖਿਆ ਹੈ…ਉਸ ਦਾ ਮੂੰਹ ਸਿਰ ਲਪੇਟਿਆ ਹੋਇਆ ਸੀ’
ਦੂਜਾ ਕਹਿਣ ਲੱਗਾ, ‘ਚੌਧਰਾਇਣ ਦੀ ਹਵੇਲੀ ‘ਚੋਂ ਲੱਕੜਾਂ ਕੱਟਣ ਦੀ ਆਵਾਜ਼ ਉਸ ਆਪ ਸੁਣੀ ਹੈ…ਇੱਕ ਦਰਖਤ ਕੱਟਣ ਦੀ ਵੀ’।
ਚੌਧਰਾਇਣ ਯਕੀਨਨ ਮਕਾਨ ਦੇ ਪਿਛਵਾੜੇ ਚਿਤਾ ਤਿਆਰ ਕਰਨ ਲਈ ਲੱਕੜਾਂ ਤਿਆਰ ਕਰ ਰਹੀ ਸੀ। ਕੱਲੂ ਦਾ ਖੂਨ ਖੌਲ ਪਿਆ, ‘ਬੁਜਦਿਲੋ ਅੱਜ ਰਾਤ ਇੱਕ ਮੁਸਲਮਾਨ ਨੂੰ ਅੱਗ ਹਵਾਲੇ ਕੀਤਾ ਜਾਵੇਗਾ ਤੇ ਤੁਸੀਂ ਸਾਰੇ ਐਥੇ ਬੈਠੇ ਲਾਟਾਂ ਵੇਖੋਗੇ…ਕੁਝ ਤੇ ਗੈਰਤ ਕਰੋ’।
ਕੱਲੂ ਆਪਣੇ ਅੱਡਿਓਂ ਬਾਹਰ ਨਿੱਕਲਿਆ। ਕਤਲੋ-ਗਾਰਤ ਉਸ ਦਾ ਪੇਸ਼ਾ ਹੋਇਆ ਤਾਂ ਵੀ ਕੀ? ਈਮਾਨ ਨਾਲੋਂ ਵੱਡੀ ਸ਼ੈ ਕਿਹੜੀ। ‘ਈਮਾਨ ਨਾਲੋਂ ਵੱਡੀ ਤਾਂ ਮਾਨ ਵੀ ਨਹੀਂ ਹੁੰਦੀ’ ਉਸ ਕਿਹਾ।
ਚਾਰ ਪੰਜ ਸਾਥੀਆਂ ਨੂੰ ਨਾਲ ਲੈ ਕੇ ਉਹ ਹਵੇਲੀ ਦੀ ਪਿਛਲੀ ਕੰਧ ਟੱਪ ਗਿਆ। ਚੌਧਰਾਇਣ ਕੱਲਮ-ਕੱਲੀ ਲਾਸ਼ ਕੋਲ ਬੈਠੀ ਸੀ। ਇਸ ਤੋਂ ਪਹਿਲਾਂ ਕਿ ਉਹ ਸੰਭਲਦੀ, ਕੱਲੂ ਦੀ ਕੁਹਾੜੀ ਗਰਦਨ ਚੀਰਦੀ ਬਾਹਰ ਲੰਘ ਗਈ ਸੀ।
‘ਸਵੇਰੇ ਜਦੋਂ ਚੌਧਰਾਇਣ ਦੀ ਲਾਸ਼ ਮਿਲੇਗੀ ਤਾਂ ਕੀ ਹੋਵੇਗਾ?’
‘ਬੁਢੀ ਮਰ ਗਈ ਕਿ ਨਹੀਂ?’
‘ਸਿਰ ਤਾਂ ਵਢਿਆ ਹੀ ਗਿਆ ਸੀ…ਸਵੇਰ ਤੱਕ ਕਿਹੜਾ ਬਚ ਜਾਊ’
ਕੱਲੂ ਰੁਕਿਆ…ਉਸ ਚੌਧਰਾਇਣ ਦੀ ਖਵਾਬ ਗਾਹ ਵੱਲ ਵੇਖਿਆ…ਪੰਨਾਂ ਕੱਲੂ ਦੇ ਦਿਲ ਦੀ ਗੱਲ ਸਮਝ ਗਿਆ ਸੀ।
‘ਤੂੰ ਚੱਲ ਉਸਤਾਦ! ਤੇਰੇ ਦਿਲ ‘ਚ ਕੀ ਹੈ…ਸਮਝ ਰਿਹਾ ਹਾਂ…ਕੰਮ ਹੋ ਜਾਊਗਾ’ ਪੰਨੇ ਨੇ ਕਿਹਾ।
ਕੱਲੂ ਚੱਲ ਪਿਆ ਕਬਰਿਸਤਾਨ ਵੱਲ।
ਰਾਤ ਜਦੋਂ ਚੌਧਰੀ ਦੀ ਖਵਾਬ ਗਾਹ ‘ਚੋਂ ਅੱਗ ਦੀਆਂ ਲਪਟਾਂ ਨਿੱਕਲ ਰਹੀਆਂ ਸਨ ਤਾਂ ਪੂਰਾ ਕਸਬਾ ਧੂਏਂ ਨਾਲ ਭਰਿਆ ਪਿਆ ਸੀ।
ਜਿਉਂਦਿਆਂ ਨੂੰ ਸਾੜ ਦਿੱਤਾ ਗਿਆ ਸੀ…ਅਤੇ…ਮੁਰਦੇ ਦਫਨ ਕਰ ਦਿੱਤੇ ਆਏ ਸਨ।