ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਇਨ੍ਹਾਂ ਸਤਰਾਂ ਦੇ ਲਿਖੇ ਜਾਣ ਸਮੇਂ ਇਸ ਵਰ੍ਹੇ ਦਾ ਗਣਤੰਤਰ ਦਿਵਸ ਮਨਾਉਣ ਦੀ ਵਿਉਂਤਬੰਦੀ ਹੋ ਰਹੀ ਹੈ| ਦੇਸ਼ ਦਾ ਭਵਿੱਖ ਕਿਧਰੋਂ ਕਿਧਰ ਜਾ ਰਿਹਾ ਹੈ ਤੇ ਦੇਸ਼ ਵੰਡ ਤੋਂ ਪਿੱਛੇ ਅਣਵੰਡਿਆ ਪੰਜਾਬ ਤੇ ਅਖੰਡ ਹਿੰਦੁਸਤਾਨ ਜਿਨ੍ਹਾਂ ਹਾਲਤਾਂ ਵਿਚੋਂ ਲੰਘਿਆ ਤੇ ਸੰਵਿਧਾਨ ਕੀ ਕਹਿੰਦਾ ਹੈ ਇਸਦਾ ਲੇਖਾ-ਜੋਖਾ ਵੀ ਹੋ ਰਿਹਾ ਹੈ| ਏਥੋਂ ਤੱਕ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਵੀ ਸੰਵਿਧਾਨ ਦੇ 75 ਸਾਲਾਂ ਦੇ ਸ਼ਾਨਦਾਰ ਸਫਰ ਨੂੰ ਸਮਰਪਤ ਸੀ| ਇਹ ਗੱਲ ਵੱਖਰੀ ਹੈ ਕਿ ਹਾਕਮ ਪਾਰਟੀ ਦੇ ਪ੍ਰਮੁੱਖ ਬੁਲਾਰਿਆਂ ਨੇ ਇਸ ਸਫਰ ਦੀਆਂ ਬੁਲੰਦੀਆਂ ਮਾਪਣ ਦੀ ਥਾਂ ਵਿਰੋਧੀ ਧਿਰ ਦੇ ਕੱਪੜੇ ਫਰੋਲਣ ਵਾਲਾ ਤਵਾ ਹੀ ਲਾਈ ਰਖਿਆ|
ਸਰਦ ਰੁੱਤ ਸੈਸ਼ਨ ’ਚ ਮਹਿੰਗਾਈ, ਬੇਰੋਜ਼ਗਾਰੀ, ਦੂਜੀ ਤਿਮਾਹੀ ’ਚ ਘਟੀ ਵਾਧਾ ਦਰ ਅਤੇ ਵਧ ਰਹੀ ਆਰਥਿਕ ਨਾਬਰਾਬਰੀ ’ਤੇ ਭਖ਼ਵੀਂ ਬਹਿਸ ਹੋਣੀ ਚਾਹੀਦੀ ਸੀ ਪਰ ਜਵਾਹਰ ਲਾਲ ਨਹਿਰੂ ਬਾਰੇ ਤੋਹਮਤਾਂ ਭਰੇ ਭਾਸ਼ਣ ਹੀ ਹੁੰਦੇ ਰਹੇ| ਆਖ਼ਰੀ ਦਿਨਾਂ ’ਚ ਬਾਬਾ ਸਾਹਿਬ ਅੰਬੇਦਕਰ ਬਾਰੇ ਹੋਈ ਚਰਚਾ ਦਾ ਜਵਾਬ ਦਿੰਦੇ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਜਿਹਾ ਫ਼ਿਕਰਾ ਬੋਲ ਦਿੱਤਾ ਜੋ ਦੇਸ਼ ਦੇ ਗ੍ਰਹਿ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ| ਉਸਦੇ ਸ਼ਬਦ ਸਨ ‘‘ਅੰਬੇਦਕਰ ਨਾਮ ਲੈਣਾ ਅੱਜ-ਕੱਲ੍ਹ ਫੈਸ਼ਨ ਹੋ ਗਿਆ ਹੈ| ਅੰਬੇਦਕਰ, ਅੰਬੇਦਕਰ, ਅੰਬੇਦਕਰ, ਅੰਬੇਦਕਰ, ਅੰਬੇਦਕਰ… ਜੇ ਕਰ ਤੁਸੀਂ ਪ੍ਰਮਾਤਮਾ ਦਾ ਨਾਮ ਐਨੀ ਵਾਰ ਲਿਆ ਹੁੰਦਾ ਤਾਂ ਸੱਤ ਜਨਮਾਂ ਲਈ ਸਵਰਗ ਚਲੇ ਜਾਂਦੇ|’’ ਇਸ ’ਤੇ ਵਿਰੋਧੀ ਪਾਰਟੀਆਂ ਦੇ ਆਗੂ ਮਲਿਕਾਰੁਜਨ ਖੜਗੇ ਨੇ ਫੌਰੀ ਪ੍ਰਤੀਕਰਮ ਦਿੰਦਿਆਂ ਕਿਹਾ ‘’ਜਨਾਬ, ਤੁਸੀਂ ਜੋ ਕਿਹਾ ਹੈ, ਉਸ ਤੋਂ ਲੱਗਦਾ ਹੈ ਕਿ ਤੁਹਾਨੂੰ ਅੰਬੇਦਕਰ ਨਾਲ ਬਹੁਤ ਸਮੱਸਿਆ ਹੈ, ਪਰ ਕਿਉਂ…?’’ ਇਹ ਗੱਲ ਸੁਣ ਕੇ ਅਮਿਤ ਸ਼ਾਹ ਦੇ ਬਿਆਨ ’ਤੇ ਅਜਿਹਾ ਹੰਗਾਮਾ ਹੋਇਆ ਕਿ ਗ੍ਰਹਿ ਮੰਤਰੀ ਨੂੰ ਸੋਸ਼ਲ ਮੀਡੀਆ ਤੋਂ ਆਪਣੀ ਤਕਰੀਰ ਹਟਾਉਣ ਲਈ ਕਹਿਣਾ ਪਿਆ|
ਭਾਰਤੀ ਜਨਤਾ ਪਾਰਟੀ, ਇਸ ਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ 26 ਨਵੰਬਰ ਨੂੰ ਮਨਾਏ ਗਏ ਸੰਵਿਧਾਨ ਦਿਵਸ ਤੋਂ ਬਾਅਦ ਬਾਬਾ ਸਾਹਿਬ ਅੰਬੇਦਕਰ ਪ੍ਰਤੀ ਆਦਰ ਅਤੇ ਸਨੇਹ ਜਤਾਉਣਾ ਬਣਦਾ ਸੀ ਪਰ ਰਾਸ਼ਟਰੀ ਸਵੈਮ ਸੇਵਕ ਸਿੰਘ ਅਤੇ ਜਨ ਸੰਘ ਦੀ ਬਹੁਲਤਾ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਤਾਂ ਭਾਰਤ ਦਾ ਸੰਵਿਧਾਨ, ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਰਾਹ ’ਚ ਮੁੱਖ ਰੁਕਾਵਟ ਲੱਗਦਾ ਹੈ| ਉਨ੍ਹਾਂ ਨੇ ਇਸ ਪਾਸੇ ਕੋਈ ਧਿਆਨ ਹੀ ਨਹੀਂ ਦਿੱਤਾ|
ਕੌਣ ਨਹੀਂ ਜਾਣਦਾ ਕਿ ਵਰਤਮਾਨ ਹਾਕਮਾਂ ਦੇ ਕਾਨੂੰਨ ਘਾੜੇ ਵੀ ਕਾਰਪੋਰੇਟ ਸੰਸਥਾਵਾਂ ਦੇ ਹੱਥਾਂ ਵਿਚ ਖੇਡ ਰਹੇ ਹਨ| ਖੇਤੀ ਅਤੇ ਖੇਤਾਂ ਦੀ ਉਪਜ ਨੂੰ ਵੱਢਣ-ਵੇਚਣ ਲਈ ਘੜੇ ਗਏ ਤਿੰਨ ਕਾਲੇ ਕਾਨੂੰਨਾਂ ਦੀ ਫੂਕ ਕੱਢਣ ਲਈ ਦੇਸ਼ ਭਰ ਦੇ ਕਿਸਾਨਾਂ ਨੂੰ ਇਕ ਮੰਚ ’ਤੇ ਇੱਕਠੇ ਹੋਣਾ ਪਿਆ ਤੇ ਉਨ੍ਹਾਂ ਦੀ ਸ਼ਕਤੀ ਵੇਖਦਿਆਂ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਪਏ| ਹਰ ਕੋਈ ਜਾਣਦਾ ਹੈ ਕਿ ਕਾਰਪੋਰੇਟ ਸੰਸਥਾਵਾਂ ਤਾਂ ਪਿੱਛੇ ਹਟ ਗਈਆਂ ਪਰ ਹਾਕਮ ਧਿਰ ਉਨ੍ਹਾਂ ਨਿਯਮਾਂ ਦਾ ਰੂਪ ਬਦਲ ਕੇ ਮੁੜ ਮੈਦਾਨ ਵਿਚ ਨਿੱਤਰ ਆਈ ਹੈ| ਘੱਟੋ-ਘੱਟ ਸਮਰਥਨ ਮੁੱਲ ਦੀ ਧਾਰਨਾ ਨੂੰ ਵੀ ਬੂਰ ਨਹੀਂ ਪੈਣ ਦਿੰਦੀ| ਕਿਸਾਨ ਵਡਭਾਗੇ ਹਨ ਕਿ ਉਨ੍ਹਾਂ ਨੂੰ ਜੁਗਿੰਦਰ ਸਿੰਘ ਤੂਰ ਤੇ ਐਸ.ਐਸ. ਬੋਪਾਰਾਏ ਵਰਗੇ ਬੁੱਧੀਜੀਵੀ ਮਿਲ ਗਏ ਜਿਨ੍ਹਾਂ ਨੇ ਦਿਨ-ਰਾਤ ਇਕ ਕਰ ਕੇ ਇਨ੍ਹਾਂ ਕਾਨੂੰਨਾਂ ਵਿਚਲੀ ਕਾਲਖ ਨੂੰ ਲਿਖਤੀ ਰੂਪ ਦਿੱਤਾ ਤੇ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਕਾਸ਼ਤ ਕਰ ਕੇ ਲੋਕਾਂ ਵਿਚ ਵੰਡਿਆ| ਚੇਤੇ ਰਹੇ ਕਿ ਤੂਰ ਪੇਸ਼ੇ ਵਜੋਂ ਵਕੀਲ ਹੈ ਤੇ ਬੋਪਾਰਾਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਈਸ ਚਾਂਸਲਰ ਰਹਿ ਚੁੱਕਿਆ ਹੈ| ਉਨ੍ਹਾਂ ਦੇ ਇਸ ਉਦੇਸ਼ ਦਾ ਨਤੀਜਾ ਸੀ ਕਿ ਕਿਸਾਨਾਂ ਨੇ ਧਰਨੇ ਸਮੇਂ ਆਪਣੇ ਪੈਰ ਚੰਗੀ ਤਰ੍ਹਾਂ ਧਰਤੀ ਵਿਚ ਗੱਡ ਦਿਤੇ| ਹਾਕਮ ਧਿਰ ਇਹ ਨਹੀਂ ਜਾਣਦੀ ਕਿ ਕਿਸਾਨਾਂ ਦਾ ਦਮ-ਖਮ ਹਾਲੀ ਵੀ ਕਾਇਮ ਹੈ|
ਜਿਥੋਂ ਤੱਕ ਤੂਰ ਦੇ ਗ੍ਰਾਮੀਣ ਜੀਵਨ ਪ੍ਰਤੀ ਮੋਹ ਤੇ ਵਿਸ਼ਵਾਸ ਦਾ ਸਬੰਧ ਹੈ ਤਾਂ ਉਸਦੀ ਪੁਸਤਕ ‘ਵੰਡ ਦੀ ਅਕੱਥ ਕਥਾ’ (ਲੋਕਗੀਤ ਪ੍ਰਕਾਸ਼ਨ, ਪੰਨੇ 288, ਮੁੱਲ 400 ਰੁਪਏ) ਇਸਦਾ ਦੁਰਲੱਭ ਪ੍ਰਮਾਣ ਹੈ ਜਿਹੜੀ 2024 ਦੇ ਅੰਤਲੇ ਸਪਤਾਹ ਵਿਚ ਚੰਡੀਗੜ੍ਹ ਦੇ ਲਾਅ ਭਵਨ ਵਿਚ ਲੋਕ ਅਰਪਣ ਕੀਤੀ ਗਈ| ਇਸ ਵਿਚ ਸੇਵਾ ਮੁਕਤ ਪ੍ਰੋਫੈਸਰਾਂ, ਕਾਇਮ-ਮੁਕਾਮ ਵਕੀਲਾਂ ਤੇ ਸਾਹਿਤ ਰਸੀਆਂ ਤੇ ਵੱਡੇ ਅਖਬਾਰਾਂ ਦੇ ਸੰਪਾਦਕਾਂ ਦੀ ਸ਼ਿਰਕਤ ਦਸਦੀ ਹੈ ਕਿ ਉਨ੍ਹਾਂ ਨੂੰ ਤੂਰ ਦੀ ਤਿੰਨ ਸਾਲ ਪਹਿਲਾਂ ਵਾਲੀ ਕਿਸਾਨ-ਮੁਖੀ ਭਾਵਨਾ ਭੁੱਲੀ ਨਹੀਂ ਸੀ| ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਅਜੀਤ ਸਮਾਚਾਰ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦਾ ਜਲੰਧਰ ਤੋਂ ਆਉਣਾ ਵੀ ਘੱਟ ਅਰਥ ਨਹੀਂ ਸੀ ਰੱਖਦਾ| ਏਸ ਲਈ ਵੀ ਕਿ ਬਰਜਿੰਦਰ ਸਿੰਘ ਨੂੰ ਤੂਰ ਤੇ ਉਸਦੀ ਜੀਵਨ ਸਾਥਣ ਦੇ ਪਰਿਵਾਰਾਂ ਵਲੋਂ 1947 ਵਿਚ ਹੰਢਾਈਆਂ ਕਠਿਨਾਈਆਂ ਦਾ ਪੂਰਾ ਗਿਆਨ ਸੀ|
ਉਨ੍ਹਾਂ ਦੋਨਾਂ ਤੋਂ ਉਮਰ ਵਿਚ ਥੋੜ੍ਹਾ ਵੱਡਾ ਹੋਣ ਦੇ ਨਾਤੇ ਮੈਂ ਵੀ ਉਸ ਸਮੇਂ ਦੀਆਂ ਅਕੱਥ ਕਥਾਵਾਂ ਦਾ ਚਸ਼ਮਦੀਦ ਗਵਾਹ ਹਾਂ| ਇਹੀਓ ਕਾਰਨ ਹੈ ਕਿ ਤੂਰ ਦੀ ਇਹ ਰਚਨਾ ਮੈਨੂੰ ਵੀ ਆਪਣੇ ਆਪ ਨਾਲ ਤੋਰਨ ਵਾਲੀ ਹੈ| ਜੇ ਫਰਕ ਹੈ ਤਾਂ ਕੇਵਲ ਏਨਾ ਕਿ ਮੈਂ ਏਧਰੋਂ ਓਧਰ ਧੱਕੇ ਗਏ ਮੁਸਲਮਾਨਾਂ ਦਾ ਦਰਦ ਪਛਾਣਿਆ ਹੈ ਤੇ ਤੂਰ ਨੇ ਓਧਰੋਂ ਏਧਰ ਆਏ ਹਿੰਦੂ ਸਿੱਖਾਂ ਦਾ|
ਨਿੱਜੀ ਵਾਰਦਾਤਾਂ ਤੋਂ ਤੂਰ ਨੇ ਇਸ ਵਰਤਾਰੇ ਨੂੰ ਵਕੀਲੀ ਅੱਖਾਂ ਨਾਲ ਜਾਨਣ ਦਾ ਯਤਨ ਵੀ ਕੀਤਾ ਹੈ| ਵੰਡ ਕਿਉਂ ਹੋਈ ਤੇ ਇਸ ਦੌਰਾਨ ਹੋਈਆਂ ਬੀਤੀਆਂ ਘਟਨਾਵਾਂ ਦਾ ਪਿਛੋਕੜ ਦੱਸਣਾ ਤਾਂ ਬਣਦਾ ਹੀ ਸੀ ਪਰ ਲੇਖਕ ਨੇ ਇਸਨੂੰ ਰਾਜਿਆਂ ਨਵਾਜਾਂ ਤੇ ਮਹਾਰਾਜਿਆਂ ਦੀ ਰਾਜਸ਼ਾਹੀ ਨਾਲ ਜੋੜ ਕੇ ਏਨੀ ਇਤਿਹਾਸਕ ਜਾਣਕਾਰੀ ਦਿੱਤੀ ਹੈ ਕਿ ਦੇਸ਼ ਵੰਡ ਦੇ ਮਸਲੇ ਨੂੰ ਅਜੋਕੀਆਂ ਸੰਵਿਧਾਨਕ ਗਤੀਵਿਧੀਆਂ ਨਾਲ ਜੋੜ ਦਿੱਤਾ ਹੈ|
ਦੇਸ਼ ਵੰਡ ਸਮੇਂ ਅਖੰਡ ਹਿੰਦੁਸਤਾਨ ਵਿਚ 565 ਰਿਆਸਤਾਂ ਸਨ ਜਿਨ੍ਹਾਂ ਅਧੀਨ ਭਾਰਤ ਦੇ ਕੁੱਲ ਰਕਬੇ ਦਾ ਤੀਜਾ ਹਿੱਸਾ ਤੇ ਕੁੱਲ ਵਸੋਂ ਦਾ ਚੌਥਾ ਭਾਗ ਆਉਂਦਾ ਸੀ| ਗੋਰੀ ਸਾਰਕਾਰ ਨੇ ਉਨ੍ਹਾਂ ਨੂੰ ਆਪਣੇ ਅਧੀਨ ਰੱਖਣ ਲਈ ਉਨ੍ਹਾਂ ਦੇ ਵਸਨੀਕਾਂ ਨੂੰ ਨਹਿਰਾਂ, ਰੇਲ ਗੱਡੀਆਂ, ਆਵਾਜਾਈ ਦੇ ਸਾਧਨਾਂ ਤੇ ਡਾਕ ਤਾਰ ਦੇ ਢਾਂਚੇ ਨਾਲ ਵਰਚਾਇਆ ਤੇ ਹਾਕਮ ਨੂੰ ਅਖੌਤੀ ਪਦਵੀਆਂ ਤੇ ਰੁਤਬੇ ਪ੍ਰਦਾਨ ਕਰ ਕੇ ਲੁਭਾਅ ਰੱਖਿਆ ਸੀ| ਸੁਤੰਤਰਤਾ ਪ੍ਰਾਪਤੀ ਤੋਂ ਪਿਛੋਂ ਉਨ੍ਹਾਂ ਦੀ ਮੂਲ ਚਾਹਨਾ ਇਹ ਸੀ ਕਿ ਬਰਤਾਨਵੀ ਹਾਕਮਾਂ ਦੀ ਅਧੀਨਗੀ ਪ੍ਰਾਪਤ ਕਰਦੇ ਸਮੇਂ ਅਸੀਂ ਆਪਣੀ ਪ੍ਰਭੂਸੱਤਾ ਤਾਜ ਬਰਤਾਨੀਆ ਨੂੰ ਸੌਂਪ ਦਿੱਤੀ ਸੀ ਜਿਹੜੀ ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਉਨ੍ਹਾਂ ਨੂੰ ਵਾਪਸ ਮਿਲਣੀ ਚਾਹੀਦੀ ਹੈ| ਏਥੋਂ ਤੱਕ ਕਿ ਕਈ ਰਾਜਿਆਂ ਨੇ ਆਪਣੇ ਰਾਜਾਂ ਵਿਚੋਂ ਰੇਲਵੇ ਲਾਈਨਾਂ ਤੇ ਡਾਕ ਤਾਰ ਦੇ ਵਸੀਲੇ ਚੁੱਕੇ ਜਾਣ ਦੀ ਪੇਸ਼ਕਸ਼ ਵੀ ਕੀਤੀ ਜਿਸ ਨਾਲ ਨਵੇਂ ਭਾਰਤ ਦੀ ਏਕਤਾ ਤੇ ਅਖੰਡਤਾ ਭੰਗ ਹੋਣ ਦੀ ਸਥਿਤੀ ਬਣ ਜਾਂਦੀ ਸੀ| ਰਾਜੇ-ਮਹਾਰਾਜਿਆਂ ਦੇ ਆਪੋ ਵਿਚ ਵੀ ਸਿੰਗ ਫਸਣ ਦੀ ਪੂਰੀ ਸੰਭਾਵਨਾ ਸੀ ਤੇ ਗੈਰ-ਰਿਆਸਤੀ ਹਲਕਿਆਂ ਉੱਤੇ ਵੀ ਪ੍ਰਭਾਵ ਪੈ ਸਕਦਾ ਸੀ| ਇਨ੍ਹਾਂ ਰਾਜਿਆਂ ਤੇ ਨਵਾਬਾਂ ਨੂੰ ਡਰਾਉਣ, ਧਮਕਾਉਣ ਤੇ ਵਰਚਾਉਣ ਦਾ ਕੰਮ ਸੌਖਾ ਤਾਂ ਨਹੀਂ ਸੀ ਪਰ ਉਸ ਵੇਲੇ ਕੀਤਾ ਗਿਆ ਤੇ ਉਹ ਵੀ ਪੂਰੀ ਸਮਰੱਥਾ ਨਾਲ| ਇਹ ਪੁਸਤਕ ਅਸਿੱਧੇ ਤੌਰ ’ਤੇ ਉਨ੍ਹਾਂ ਰਾਜਨੀਤਕਾਂ ਦਾ ਮਾਰਗ-ਦਰਸ਼ਨ ਕਰਦੀ ਹੈ ਜਿਹੜੇ ਸੰਸਦ ਵਿਚ ਬਿਨਾ ਤੋਲੇ ਬੋਲਣ ਦੇ ਆਦੀ ਹੋ ਚੁੱਕੇ ਹਨ ਜਾਂ ਹੋ ਰਹੇ ਹਨ|
ਮਸਲਾ ਵੱਡਾ ਹੈ| ਪੂਰਾ ਵਿਸਥਾਰ ਕਦੀ ਫੇਰ ਸਹੀ|
ਅੰਤਿਕਾ
ਆਜ਼ਾਦੀ ਤਰੰਗ/ਰਾਮ ਪ੍ਰਸਾਦ ਬਿਸਮਲ/ਪ੍ਰਸੰਗ ਗਣਤੰਤਰ॥
ਸਰ ਫਰੋਸ਼ੀ ਦੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ,
ਦੇਖਨਾ ਹੈ ਜ਼ੋਰ ਕਿਤਨਾ ਬਾਜੂ-ਏ-ਕਾਤਲ ਮੇਂ ਹੈ|
ਵਕਤ ਆਨੇ ਦੇ ਬਤਾ ਦੇਂਗੇ ਤੁਝੇ ਐ ਆਸਮਾਂ,
ਹਮ ਅਭੀ ਸੇ ਕਿਆ ਬਤਾਏਂ ਕਿਆ ਹਮਾਰੇ ਦਿਲ ਮੇਂ ਹੈ|
