ਦਿਲਚਸਪ ਕਿੱਸੇ: ਪਤੀ-ਪਤਨੀ ਦੇ ਸੁਖਾਵੇਂ ਸੰਬੰਧਾਂ ਬਾਰੇ ਨੁਸਖਾ

ਵਰਿਆਮ ਸਿੰਘ ਸੰਧੂ
ਫੋਨ: 647-535-1539
ਨਿੱਜੀ ਤੌਰ ‘ਤੇ ਜਿæੰਦਗੀ ਵਿਚ ਅਪਣਾਇਆ ਇਹ ਨੁਸਖਾ, ਮੈਂ ਬੜੇ ਸਾਲ ਪਹਿਲਾਂ ਬਰੈਂਪਟਨ ਵਿਚ ਇਕ ਵਿਆਹੁਤਾ ਜੋੜੇ ਦੇ ਆਨੰਦ ਕਾਰਜ ਦੀ ਰਸਮ ਵੇਲੇ ਆਸ਼ੀਰਵਾਦੀ ਸ਼ਬਦ ਕਹਿੰਦਿਆਂ ਸਾਂਝਾ ਕੀਤਾ ਸੀ। ਬੜੇ ਸਿਆਣੇ-ਨਿਆਣੇ ਲੋਕਾਂ ਨੇ ਇਹਦੇ ਫ਼ਾਇਦੇਮੰਦ ਹੋਣ ਦੀ ਗਵਾਹੀ ਦਿੱਤੀ ਸੀ। ਗੱਲ ਕੁਝ ਇੰਜ ਕੀਤੀ ਸੀ।

-ਮੇਰਾ ਦਾਦਾ ਕਦੀ-ਕਦੀ ਕਿਸੇ ਗੱਲੋਂ ਮੇਰੀ ਦਾਦੀ ਨਾਲ ਲੜ ਪੈਂਦਾ। ਰੁੱਸ ਪੈਂਦਾ ਤੇ ਰੋਟੀ ਖਾਣੀ ਬੰਦ ਕਰ ਦਿੰਦਾ। ਦਾਦੀ ਮਾਂ ਬੜੀ ਸਾਊ ਤੇ ਸਮਝਦਾਰ ਔਰਤ ਸੀ। ਪਰ ਪਤੀ-ਪ੍ਰਮੇਸ਼ਰ ਰੁਸਿਆ ਹੋਵੇ ਤਾਂ ਮਨ ਨੂੰ ਚੈਨ ਕਿਵੇਂ ਆਵੇ! ਪੂਰੇ ਘਰ ਵਿਚ ਉਦਾਸੀ ਤੇ ਬੇਚੈਨੀ ਦਾ ਆਲਮ ਹੁੰਦਾ। ਉਹ ਰੋਟੀ ਦਾ ਥਾਲ ਲੈ ਕੇ ਬਾਪੂ ਕੋਲ ਜਾਂਦੀ ਤੇ ਬੜੀ ਆਜਜ਼ੀ ਨਾਲ ਆਖਦੀ, ‘ਦੀਦਾਰ ਦੇ ਬਾਪੂ! ਲਓ ਹੱਥ ਧੋ ਲਓ।’
ਦਾਦਾ ਚਿਣਕ ਕੇ ਆਖਦਾ, ‘ਦੂਰ ਹੋ ਜਾ ਮੇਰੀਆਂ ਅੱਖਾਂ ਅੱਗੋਂ। ਮੈਨੂੰ ਸ਼ਕਲ ਨਾ ਵਿਖਾਈਂ।’
ਮਾਯੂਸ ਹੋ ਕੇ ਬੱਬੋਲਿੱਕੀ ਹੋਈ ਮਾਂ ਮੁੜ ਆਉਂਦੀ ਤੇ ਮੇਰੇ ਪਿਓ ਨੂੰ ਆਖਦੀ, ‘ਜਾਹ! ਤੂੰ ਆਖ ਵੇਖ।’
ਮੇਰਾ ਪਿਓ ਜਾਂਦਾ ਤਾਂ ਬਾਪੂ ਆਖਦਾ, ‘ਤੁਹਾਨੂੰ ਟੱਬਰ ਨੂੰ ਸਮਝ ਕਿਉਂ ਨਹੀਂ ਪੈਂਦੀ, ਜਦੋਂ ਮੈਂ ਆਖਿਐ, ਪਈ ਨਹੀਂ ਖਾਣੀ, ਤਾਂ, ਨਹੀਂ ਖਾਣੀ।’
ਜੇ ਮੇਰਾ ਪਿਤਾ ਜ਼ਿਦ ਕਰਦਾ ਤਾਂ ਬਾਪੂ ਦਾ ਪਾਰਾ ਸਤਵੇਂ ਅਸਮਾਨ ਚੜ੍ਹ ਜਾਂਦਾ, ‘ਬੰਦੇ ਦਾ ਪੁੱਤ ਬਣ ਕੇ ਤੁਰ ਜਾਹ। ਹੋਰ ਨਾ ਮੇਰੇ ਤੋਂ ਸਲੋਕ ਸੁਣਦਾ ਹੋਵੀਂ।’
ਪਿਤਾ ਮੁਸਕੜੀਆਂ ਵਿਚ ਹੱਸਦਾ ਮੁੜ ਆਉਂਦਾ, ‘ਮਾਂ! ਤੂੰ ਬਹੁਤੇ ਤਰਲੇ ਨਾ ਮਾਰ। ਜਦੋਂ ਭੁੱਖ ਲੱਗੂ ਆਪੇ ਖਾ ਲੂ।’
-ਦਾਦੀ ਮਾਂ, ਫਿਰ, ਸਾਨੂੰ ਬੱਚਿਆਂ ਨੂੰ ‘ਟਰਾਈ’ ਕਰਦੀ। ਨਤੀਜਾ ਓਹੀ ‘ਢਾਕ ਕੇ ਤੀਨ ਪਾਤ!’
ਅਸਲ ਗੱਲ ਇਹ ਸੀ ਕਿ ਸਾਡਾ ਘਰ ਬਜ਼ਾਰ ਵਿਚ ਹੋਣ ਕਰ ਕੇ ਬਾਪੂ ਦੁਕਾਨ ਤੋਂ ਦੁੱਧ ਤੇ ਖੋਆ ਵਗ਼ੈਰਾ ਖਾ ਕੇ ‘ਆਨੰਦ’ ਲੈ ਰਿਹਾ ਹੁੰਦਾ ਤੇ ਰੋਸਾ ਵੀ ਕਾਇਮ ਰੱਖੀ ਰੱਖਦਾ। ਦਾਦੀ ਦਾ ਰੋਜ਼ ਓਹੋ ਤਰਲਾ। ਸਾਰਿਆਂ ਦੇ ਯਤਨ ਫ਼ੇਲ ਹੁੰਦੇ। ਘਰ ਦਾ ਮਾਹੌਲ ਨਰਕ ਬਣਿਆ ਰਹਿੰਦਾ। ਦਾਦੀ ਬੁਰਾ-ਭਲਾ ਸੁਣ ਕੇ ਅੱਥਰੂ ਪੂੰਝਦੀ ਰਹਿੰਦੀ। ਬਾਲ ਉਮਰੇ ਹੀ ਮੈਨੂੰ ਬੁਰੀ ਤਰ੍ਹਾਂ ਮਹਿਸੂਸ ਹੁੰਦਾ ਕਿ ਬਾਪੂ ਦਾਦੀ-ਮਾਂ ਨਾਲ ਬਹੁਤ ਜ਼ਿਆਦਤੀ ਕਰ ਰਿਹਾ ਏ। ਪਰ ਕੀ ਕਰ ਸਕਦਾ ਸਾਂ।
-ਜਦੋਂ ਹਫ਼ਤੇ ਕੁ ਬਾਅਦ ਬਾਪੂ ਦਾ ਦੁੱਧ ਤੇ ਮਿੱਠੇ ਤੋਂ ਮੂੰਹ ਮੁੜ ਜਾਂਦਾ ਤਾਂ ਮੇਰੇ ਜਾਂ ਹੋਰ ਕਿਸੇ ਨਿੱਕੇ ਨਿਆਣੇ ਦੇ ਆਖਣ ‘ਤੇ, ‘ਬਾਪੂ ਲੈ ਹੱਥ ਧੋ ਲੈ।’ ਬਾਪੂ ਬਨਾਉਟੀ ਗੁੱਸੇ ਨਾਲ ਆਖਦਾ, ‘ਭੱਜ ਜਾਹ! ਮੈਂ ਨਹੀਂ ਧੋਣੇ ਹੱਥ।’
-ਫਿਰ ਉਹ ਮੇਰੇ ਜਾਂ ਕਿਸੇ ਮੇਰੇ ਭੈਣ-ਭਰਾ ਵੱਲ ਵੇਖ ਕੇ ਆਖਣਾ, ‘ਹੱਛਾਅਅ! ਤੂੰ ਆਂ। ਲੈ ਤੇਰੇ ਆਖੇ ਖਾ ਲੈਂਦਾਂ। ਨਹੀਂ ਤਾਂ।’
ਤੇ ਕਿਲ੍ਹਾ ਫ਼ਤਿਹ ਹੋ ਜਾਂਦਾ। ਹਫ਼ਤੇ ਭਰ ਦੀ ਬੇਸਵਾਦੀ ਤੇ ਬਦਮਗਜ਼ੀ ਤੋਂ ਬਾਅਦ ਘਰ ਦਾ ਜੀਵਨ ਮੁੜ ਰਵਾਂ ਚਾਲੇ ਤੁਰਨ ਲੱਗਦਾ। ਬਾਪੂ, ਮਾਂ ਨਾਲ ਨਿੱਕੇ ਮੋਟੇ ਮਖ਼ੌਲ ਵੀ ਕਰਨ ਲੱਗਦਾ। ਆਖਦਾ, ‘ਵੇਖ ਉਏ ਵਰਿਆਮ! ਤੇਰੀ ਦਾਦੀ ਕੁੱਬੀ ਹੋਈ ਜਾਂਦੀ ਏ।
ਪਰ ਪਹਿਲਾਂ, ਜਵਾਨੀ ਵਾਰੇ, ਕਿਹੜੀ ਇਹ ਹੀਰ ਦੀ ਭੈਣ ਸੀ?’
-ਦਾਦੀ ਵੀ ਆਖਦੀ, ‘ ਹੇ ਖਾਂ! ਵੱਡੇ ਰਾਂਝੇ ਦਾ ਮੂੰਹ ਤਾਂ ਵੇਖ।’
-ਪਰ ਮੇਰੇ ਮਨ ਵਿਚ ਇਕ ਗੰਢ ਜਿਹੀ ਬੱਝ ਗਈ ਕਿ ਬਾਪੂ ਦੇ ਮਾਂ ਨਾਲ ਰੋਸੇ ਨੇ ਉਨ੍ਹਾਂ ਦੋਵਾਂ ਦਾ ਹੀ ਨਹੀਂ ਸਾਰੇ ਟੱਬਰ ਦਾ ਜੀਵਨ ਹੀ ਹਫ਼ਤਾ ਭਰ ਕਲੇਸ਼ ਨਾਲ ਭਰ ਦਿੱਤਾ ਸੀ। ਹਫ਼ਤੇ ਭਰ ਦਾ ਇਹ ਜਿਊਣਾ ਕੋਈ ਜਿਊਣਾ ਥੋੜਾ ਸੀ, ਨਰਕ ਸੀ ਇਹ ਤਾਂ! ਨਾਲੇ ਦਾਦੀ ਵਿਚਾਰੀ ਦਾ ਤਾਂ ਕਸੂਰ ਵੀ ਕੋਈ ਨਹੀਂ ਸੀ। ਬਾਪੂ ਦੀ ਮਰਦਾਵੀਂ ਹੈਂਕੜ ਸੀ ਬੱਸ! ਮੈਂ ਇਹ ਵੀ ਸੋਚਣਾ ਕਿ ਜੇ ਹਫ਼ਤੇ ਬਾਅਦ ਮੰਨ ਹੀ ਜਾਣਾ ਹੈ ਤਾਂ ਸੱਤ ਦਿਨ ਆਪਣਾ, ਮਾਂ ਤੇ ਸਾਰੇ ਟੱਬਰ ਦਾ ਜੀਵਨ ਕਿਉਂ ਸੂਲੀ ਉਤੇ ਟੰਗ ਛੱਡਿਆ ਸੀ?
-ਜਿਹੜੇ ਕਲੇਸ਼ ਦੇ ਦਿਨ ਜ਼ਿੰਦਗੀ ਵਿਚੋਂ ਨਿਕਲ ਗਏ, ਉਹ ਕਿਸ ਲੇਖੇ ਗਏ? ਜੇ ਬਾਪੂ ਆਪਣੀ ਹਿੰਡ ਛੇਤੀ ਛੱਡ ਦਿੰਦਾ ਤਾਂ ਇਹ ਦਿਨ ਖ਼ੁਸ਼ੀ ਨਾਲ ਵੀ ਤਾਂ ਲੰਘਾਏ ਜਾ ਸਕਦੇ ਸਨ।
-ਆਪਣੇ ਵਿਆਹ ਤੋਂ ਬਾਅਦ ਮੈਂ ਸੋਚਿਆ ਕਿ ਜੇ ਆਪਣੀ ‘ਏਸੇ ਹੀ’ ਪਤਨੀ ਨਾਲ ਜੀਵਨ ਜਿਊਣਾ ਹੈ ਤਾਂ ਮੈਂ ਬਾਪੂ ਵਾਂਗ ਹਰ ਚੌਥੇ-ਪੰਜਵੇਂ ਮਹੀਨੇ, ਹਫ਼ਤਾ-ਹਫ਼ਤਾ ਕਰ ਕੇ ਆਪਣੀ ਜ਼ਿੰਦਗੀ ਦੇ ਖ਼ੂਬਸੂਰਤ ਦਿਨ ਬਰਬਾਦ ਨਹੀਂ ਹੋਣ ਦੇਣੇ। ਜੇ ਸੱਤਾਂ ਦਿਨਾਂ ਬਾਅਦ ਸੁਲਾਹ ਹੋ ਹੀ ਜਾਣੀ ਏਂ ਤਾਂ ਇਹ ਸੱਤ ਦਿਨ ਕਿਉਂ ਗਵਾਏ ਜਾਣ? ਗਵਾਉਣਾ ਤਾਂ ਇਕ ਪਲ ਨਹੀਂ ਚਾਹੀਦਾ।
-ਲੜਾਈ ਕਿੱਥੇ ਨਹੀਂ ਹੁੰਦੀ ਤੇ ਈਗੋ ਜਾਂ ਹਉਂ ਦਾ ਮਸਲਾ ਕਿਹੜੇ ਟੱਬਰ ਤੇ ਕਿਹੜੀ ਦੰਪਤੀ ਵਿਚ ਨਹੀਂ ਹੁੰਦਾ। ਮੈਂ ਸੋਚਿਆ ਕਿ ਜਦੋਂ ਵੀ ਸਾਡੇ ਦੋਵਾਂ ਜੀਆਂ ਵਿਚ ਮਨ-ਮੁਟਾਓ ਹੋਵੇਗਾ ਤਾਂ ਸੱਤਾਂ ਦਿਨਾਂ ਦੀ ਥਾਂ ਮੈਂ ਆਪਣੀ ਪਤਨੀ ਨੂੰ ਸੱਤਾਂ ਮਿੰਟਾਂ ਵਿਚ ਹੀ ਮਨਾ ਲੈਣਾ ਏਂ। ਕਸੂਰ ਭਾਵੇਂ ਉਹਦਾ ਹੋਵੇ ਭਾਵੇਂ ਮੇਰਾ। ਤੇ ਮੈਂ ਇੰਜ ਹੀ ਕੀਤਾ। ਆਪਣੀ ਲੜਾਈ ਨੂੰ ਕਦੀ ਵੀ ਬਾਪੂ ਦੀ ਲੜਾਈ ਵਾਂਗ ਲੰਮਾ ਨਾ ਹੋਣ ਦਿੱਤਾ। ਅਸੀਂ ਅਨੇਕਾਂ ਉਹ ਖ਼ੂਬਸੂਰਤ ਦਿਨ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਏ ਜੋ ਸਾਡੀ ਹਉਂ ਦੀ ਭੇਟਾ ਚੜ੍ਹ ਜਾਣੇ ਸਨ। ਉਂਜ ਸਾਡਾ ਇਸ ਗੱਲ ਬਾਰੇ ਸਦਾ ‘ਮਤਭੇਦ’ ਬਣਿਆ ਰਹਿੰਦਾ ਏ। ਪਤਨੀ ਕਹਿੰਦੀ ਏ ਕਿ ਉਹ ਜ਼ਿਆਦਾ ਵਾਰ ਮਨਾਉਂਦੀ ਰਹੀ ਏ। ਆਪਾਂ ਇਹ ਵੀ ਮੰਨ ਲੈਂਦੇ ਹਾਂ। ਪਰਿਵਾਰਕ ਜੀਵਨ ਵਿਚ ਅੜਨ ਦੀ ਥਾਂ ਮੰਨਣ ਵਿਚ ਹੀ ਭਲਾਈ ਹੁੰਦੀ ਏ। ਏਸੇ ਵਿਚ ਸੁਖ ਹੈ।
-ਮੇਰਾ ਸੱਤਾਂ ਮਿੰਟਾਂ ਵਾਲਾ ਇਹ ਨੁਸਖਾ ਉਸ ਸਮਾਗਮ ਵਿਚ ਬੈਠੇ ਨਾਮੀ-ਗਰਾਮੀ ਲੋਕਾਂ ਨੇ ਸੁਣਿਆਂ ਤੇ ਬਾਅਦ ਵਿਚ ਜਦੋਂ ਮਿਲਦੇ ਰਹੇ ਤਾਂ ਦੱਸਦੇ ਕਿ ਉਨ੍ਹਾਂ ਨੇ ਇਸ ‘ਤੇ ਅਮਲ ਸ਼ੁਰੂ ਕਰ ਦਿੱਤਾ ਏ। ਬਰੈਂਪਟਨ ਦੀ ਨਾਮੀ ਸਿੱਖ ਹਸਤੀ ਇੰਦਰਜੀਤ ਸਿੰਘ ਬੱਲ ਅਤੇ ਪ੍ਰਸਿੱਧ ਸ਼ਾਇਰ ਤੇ ਚਿੰਤਕ ਅਮਰਜੀਤ ਸਾਥੀ ਹੁਰਾਂ ਦੀਆਂ ਸਤਿਕਾਰਯੋਗ ਪਤਨੀਆਂ ਨੇ ਬਾਅਦ ਵਿਚ ਮਿਲਣ ਸਮੇਂ ਮੈਨੂੰ ਇਹ ਆਖ ਕੇ ਸਕੂਨ ਨਾਲ ਭਰ ਦਿੱਤਾ, ‘ਭਾਅ ਜੀ! ਅਸੀਂ ਤੁਹਾਡੇ ਸੱਤਾਂ ਮਿੰਟਾਂ ਵਾਲੇ ਫਾਰਮੂਲੇ ‘ਤੇ ਅਮਲ ਸ਼ੁਰੂ ਕਰ ਦਿੱਤਾ ਏ’
-ਉਸ ਵੇਲੇ ਪੰਝੀ-ਤੀਹ ਸਾਲਾ ਵਿਆਹੁਤਾ ਜੀਵਨ ਵਾਲੇ ਏਡੇ ਨਾਮਵਰ ਸੱਜਣਾਂ ਦੀਆਂ ਪਤਨੀਆਂ ਜੇ ਇਹ ਗੱਲ ਕਹਿੰਦੀਆਂ ਨੇ, ਤਾਂ ਇਹ ਨੁਸਖ਼ਾ ਵਾਕਿਆ ਹੀ ਵਰਤਣ ਯੋਗ ਹੋਵੇਗਾ। ਤੇ ਬਾਅਦ ਵਿਚ ਮੈਂ ਕਈ ਨਵੇਂ ਵਿਆਹੇ ਜੋੜਿਆਂ ਨੂੰ ਇਹੋ ਨੁਸਖਾ ਅਪਨਾਉਣ ਦੀ ਸਲਾਹ ਦਿੱਤੀ ਤੇ ਉਨ੍ਹਾਂ ਦੀ ਕਿਰੜ-ਕਿਰੜ ਕਰਦੀ ਗੱਡ ਠੀਕ ਚਾਲੇ ਤੁਰਨ ਲੱਗੀ।
-ਅੱਜ ਤੋਂ ਬਾਅਦ ਤੁਸੀਂ ਵੀ ਇਹ ਫ਼ਾਰਮੂਲਾ ਅਪਣਾ ਵੇਖਿਓ। ਫ਼ਾਇਦਾ ਈ ਫ਼ਾਇਦਾ। ਨੁਕਸਾਨ ਕੋਈ ਨਹੀਂ। ਵਿਆਹੁਤਾ ਜੀਵਨ ਨੂੰ ਭਾਵੇਂ ਜਿੰਨੇ ਸਾਲ ਮਰਜ਼ੀ ਹੋ ਗਏ ਹੋਣ।
-ਦੇਰ-ਆਇਦ ਦਰੁਸਤ ਆਇਦ!ਪਤੀ-ਪਤਨੀ ਦੇ ਸੁਖਾਵੇਂ ਸੰਬੰਧਾਂ ਬਾਰੇ ਨੁਸਖਾ