ਬਲਜੀਤ ਬਾਸੀ
ਫੋਨ: 734-259-9353
ਅਸੀਂ ਪੰਜਾਬੀ ਦੇਸ਼ ਵਿਚ ਤਰੀ ਵਾਲਾ ਜਾਂ ਰਸਮਿਸਾ ਮੁਰਗਾ ਬਣਾ ਕੇ ਸੁਆਦ ਨਾਲ ਖਾਂਦੇ ਰਹੇ ਹਾਂ ਪਰ ਅੱਜ-ਕੱਲ੍ਹ ਇਸ ਚੋਸੇ ਨੂੰ ਇੱਕ ਅਰਧ-ਅੰਗ੍ਰੇਜ਼ੀ ਜਿਹੇ ਹੋਰ ਹੀ ਨਾਂ ਨਾਲ ਬੁਲਾਇਆ ਜਾਣ ਲੱਗ ਪਿਆ ਹੈ।
ਮੇਰੀ ਮੁਰਾਦ ਚਿਕਨ ਕਰੀ ਤੋਂ ਹੈ। ਸੁੱਕੇ ਚਿਕਨ ਦੇ ਟਾਕਰੇ `ਤੇ ਅਸੀਂ ਤਰੀ ਵਾਲੀਆਂ ਹੋਰ ਵੀ ਦਾਲਾਂ ਭਾਜੀਆਂ ਖਾਂਦੇ ਰਹੇ ਹਾਂ ਜਿਵੇਂ ਛੋਲੇ, ਆਲੂ ਮਟਰ, ਆਲੂ ਵੜੀਆਂ, ਮੂੰਗੀ ਮਸਰ ਆਦਿ ਪਰ ਕਰੀ ਜਿਹਾ ਪਿਛੇਤਰ ਚਿਕਨ `ਤੇ ਹੀ ਲੱਗਣ ਲੱਗਾ ਸੀ। ਅੱਜ ਏਧਰ ਭਾਂਤ-ਭਾਂਤ ਦੇ ਰੇਸਤੋਰਾਂ ਦੇ ਮੈਨੂਆਂ `ਤੇ ਝਾਤ ਮਾਰਦਿਆਂ ਕਪਾਟ ਖੁੱਲ੍ਹਦੇ ਹਨ ਕਿ ਕਰੀਆਂ ਤਾਂ ਨਾ ਸਿਰਫ ਹੋਰ ਹੋਰ ਬਲਕਿ ਹੋਰ ਦੀਆਂ ਹੋਰ ਵੀ ਹੋਈ ਜਾਂਦੀਆਂ ਹਨ। ਬਹੁਤਾ ਬਾਹਰੋਂ ਖਾਣ ਵਾਲੇ ਸੱਜਣ ਜਾਣਦੇ ਹੋਣਗੇ ਕਿ ਹੁਣ ਬੇਸ਼ੁਮਾਰ ਕਿਸਮ ਦੇ ਭਾਰਤੀ ਪਕਵਾਨਾਂ ਨੂੰ ਕਰੀ ਕਿਹਾ ਜਾਣ ਲੱਗ ਪਿਆ ਹੈ। ਤੁਅੱਜਬ ਹੈ ਕਿ ਕਈ ਸਾਰੀਆਂ ਕਰੀਆਂ ਦੇ ਨਾਂ ਅੰਗ੍ਰੇਜ਼ੀ ਹਨ ਜਿਵੇਂ ਇੰਡੀਅਨ ਬੀਫ਼ ਕਰੀ, ਵੈਜੀਟੇਬਲ ਕਰੀ, ਅਨੀਅਨ ਕਰੀ, ਕੈਬਿਜ ਕਰੀ, ਬੀਨ ਕਰੀ, ਲੈਮ ਕਰੀ, ਫਿਸ਼ ਕਰੀ। ਹੁਣ ਤਾਂ ਸਾਗ ਕਰੀ ਦੀ ਹੀ ਉਡੀਕ ਹੈ। ਫਿਰ ਇਨ੍ਹਾਂ ਨਾਵਾਂ ਨਾਲ ਜਹਾਨ ਭਰ ਦੇ ਦੇਸ਼ਾਂ-ਪ੍ਰਦੇਸਾਂ, ਸ਼ਹਿਰਾਂ ਦੇ ਨਾਵਾਂ ਵਾਲੇ ਪਿਛੇਤਰ ਲਾ ਕੇ ਕਰੀ ਦੀਆਂ ਏਨੀਆਂ ਕਿਸਮਾਂ ਬਣ ਗਈਆਂ ਕਿ ਜੇ ਗਿਣਨ ਲੱਗਾਂ ਤਾਂ ਪੂਰਾ ਕਾਲਮ ਭਰ ਕੇ ਵੀ ਕਰੀਆਂ ਡੁੱਲ੍ਹਣ ਲੱਗ ਪੈਣਗੀਆਂ। ਕਰੀ ਦਾ ਏਨਾ ਘੜਮੱਸ ਹੈ ਕਿ ਇਸ ਨੂੰ ਕਿਸੇ ਪਰਿਭਾਸ਼ਾ ਵਿਚ ਬੰਨ੍ਹਣਾ ਮੁਸ਼ਕਿਲ ਹੋ ਰਿਹਾ ਹੈ। ਮੈਂ ਤਾਂ ਚਾਹੁੰਦਾ ਹਾਂ ਕਿ ਇਸ ਦਾ ਨਾਂ ਹੀ ਘੜਮੱਸ ਰੱਖ ਦੇਈਏ। ਨਾਲੇ ਪਾਕਿਸਤਾਨ ਦੇ ਮਜ਼ਾਹੀਆ ਪੰਜਾਬੀ-ਉਰਦੂ ਸ਼ਾਇਰ ਖ਼ਾਲਿਦ ਮਸੂਦ ਦਾ ਕਹਿਣਾ ਹੈ ਕਿ ਘੜਮੱਸ ਅਤੇ ਚਵਲ ਪੰਜਾਬੀ ਦੇ ਅਜਿਹੇ ਸ਼ਬਦ ਹਨ ਜਿਨ੍ਹਾਂ ਦੇ ਅਰਥ ਲਫ਼ਜ਼ਾਂ ਵਿਚ ਬਿਆਨ ਨਹੀਂ ਹੋ ਸਕਦੇ। ਬੋਲ ਕੇ ਸੁਣੋ ਜ਼ਰਾ ਇਹ ਰਸਭਿੰਨੇ ਨਾਂ, ‘ਚਿਕਨ ਘੜਮੱਸ’, ‘ਵੈਜੀਟੇਬਲ ਘੜਮੱਸ’, ‘ਬੰਗਲੂਰੂ ਫ਼ਿਸ਼ ਘੜਮੱਸ’।
ਕਈ ਦਹਾਕੇ ਪਹਿਲਾਂ ਤੋਂ ਹੀ ਦੁਨੀਆ ਭਰ ਵਿਚ, ਖਾਸ ਤੌਰ `ਤੇ ਬਰਤਾਨੀਆ ਵਿਚ ਹਰ ਭਾਰਤੀ ਖਾਣੇ ਨੂੰ ਕਰੀ ਕਿਹਾ ਜਾਣ ਲੱਗਾ। ਸੁਣਿਆ ਹੈ ਕਿ ਬਰਤਾਨੀਆ ਵਿਚ ‘ਪਾਕੀ’ ਦੀ ਤਰ੍ਹਾਂ ਕਰੀ ਵੀ ਇਕ ਨਸਲਵਾਦੀ ਛੇੜ ਬਣ ਗਿਆ ਹੈ; ਕਈ ਗੋਰੇ ਦੱਖਣ ਏਸ਼ਿਆਈਆਂ ਨੂੰ ਤਿਰਸਕਾਰ ਨਾਲ ‘ਕਰੀ ਮੰਚਰ’(ਕਰੀ ਚੱਬਣੇ) ਕਹਿਣ ਲੱਗ ਪਏ ਹਨ, ਐਨ ਇਸੇ ਤਰ੍ਹਾਂ ਜਿਵੇਂ ਅਸੀਂ ਬਿਹਾਰੀਆਂ ਨੂੰ ਛੁਟਿਆਉਣ ਲਈ ‘ਭਾਤ ਖਾਣੇ’ ਜਾਂ ‘ਚੌਲ ਖਾਣੇ’ ਕਹਿ ਦਿੰਦੇ ਹਾਂ। ਪਰ ਦੂਜੇ ਪਾਸੇ ਕਰੀ ਦਾ ਏਨਾ ਟੌਅਰ ਹੈ ਕਿ ਕਈ ਦੇਸ਼ ਇਸ ਨੁੂੰ ਆਪਣੇ ਦੇਸ਼ ਦਾ ਜੱਦੀ ਖਾਣਾ ਜਿਤਲਾ ਰਹੇ ਹਨ, ਇਹ ਸਾਬਤ ਕਰਨ ਲਈ ਕਾਨੂੰਨ ਦਾ ਸਹਾਰਾ ਵੀ ਲੈ ਰਹੇ ਹਨ। ਥਾਈਲੈਂਡ, ਮਲੇਸ਼ੀਆ, ਜਾਪਾਨ, ਕੋਰੀਆ, ਪੁਰਤਗਾਲ ਵਿਚ ਆਪਣੀਆਂ ਆਪਣੀਆਂ ਕਰੀਆਂ ਬਣਨ ਲੱਗ ਪਈਆਂ ਹਨ। ਕਿਉਂ ਨਾ ‘ਕੜ੍ਹੀ ਘੋਲੀਏ’ ਮੁਹਾਵਰੇ ਦੇ ਬੋਲ ਬਦਲ ਕੇ ‘ਕਰੀ ਘੋਲੀਏ’ ਕਰ ਦੇਈਏ।
ਵੱਡੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਭਾਰਤ ਵਿਚ ਕਦੇ ਕਿਸੇ ਖਾਣੇ ਨੂੰ ਕਰੀ ਨਹੀਂ ਕਿਹਾ, ਉਤਰੀ ਭਾਰਤ ਵਿਚ ਤਾਂ ਬਿਲਕੁਲ ਨਹੀਂ। ਫਿਰ ਵੀ ਏਧਰ ਭਾਰਤੀ ਰੈਸਤੋਰਾਂ ਦੇ ਅੱਧੇ ਖਾਣੇ ਕਰੀ ਵਾਲੇ ਹੁੰਦੇ ਹਨ। ਭਾਰਤੀ ਭੋਜਨ ਮਾਹਿਰਾਂ ਅਨੁਸਾਰ ਸਾਡੇ ਖਾਣਿਆਂ `ਤੇ ਇਹ ਨਾਂ ਮੜ੍ਹਿਆ ਜਾ ਰਿਹਾ ਹੈ। ਸਿਵਾਇ ਬੰਗਾਲੀ, ਮੈਨੂੰ ਕਿਸੇ ਵੀ ਉਤਰ ਭਾਰਤੀ ਭਾਸ਼ਾਵਾਂ ਦੀ ਡਿਕਸ਼ਨਰੀ ਵਿਚ ਕਰੀ ਸ਼ਬਦ ਨਹੀਂ ਮਿਲਿਆ। ਹਾਂ, ਅੰਗ੍ਰੇਜ਼ੀ ਦੇ ਕੋਸ਼ਾਂ ਵਿਚ ਇਹ ਸ਼ਬਦ ਇੰਦਰਾਜ ਵਲੋਂ ਵੀ ਮਿਲਦਾ ਹੈ ਅਤੇ ਕੁਝ ਖਾਣਿਆਂ ਦੀ ਪਰਿਭਾਸ਼ਾ ਵਿਚ ਵੀ। ਇੰਦਰਾਜ ਵਜੋਂ ਕੁਝ ਇਸ ਤਰ੍ਹਾਂ ਦੀ ਵਿਆਖਿਆ ਮਿਲੇਗੀ, ‘ਅਜਿਹਾ ਭਾਰਤੀ ਖਾਣਾ, ਡਿਸ਼ ਜਾਂ ਸੌਸ ਜਿਸ ਵਿਚ ਤੇਜ਼ ਮਸਾਲੇ ਮਿਲਾਏ ਹੋਣ ਜਾਂ ਜਿਸ ਨੂੰ ਕਰੀ ਪਾਊਡਰ ਵਿਚ ਪਕਾਇਆ ਹੋਵੇ’। ਦੱਸ ਦੇਈਏ ਕਿ ਬਣੇ ਬਣਾਏ ਕਰੀ ਮਸਾਲਾ/ਪਾਊਡਰ ਤਾਂ ਮੁੱਦਤਾਂ ਤੋਂ ਸਟੋਰਾਂ ਵਿਚ ਹਾਕਾਂ ਮਾਰਨ ਲੱਗ ਪਏ ਹਨ। ਇੱਕ ਹਿੰਦੀ-ਅੰਗ੍ਰੇਜ਼ੀ ਕੋਸ਼ ਨੇ ਕੜ੍ਹੀ ਦੀ ਪਰਿਭਾਸ਼ਾ ਕਰਦਿਆਂ ਇਸ ਨੂੰ ਵੇਸਣ ਤੇ ਲੱਸੀ ਦੀ ਕਰੀ ਲਿਖਿਆ। ਇਸੇ ਤਰ੍ਹਾਂ ਤਰੀ, ਤਰਕਾਰੀ, ਕੋਰਮਾ, ਸਾਲਨ, ਨਿਹਾਰੀ ਨੂੰ ਵੀ ਕਰੀ ਦੱਸਿਆ। ਕੁਝ ਸਿਆਣੇ ਗੁੱਸੇ ਵਿਚ ਕਹਿਣ ਲੱਗ ਪਏ ਹਨ ਕਿ ਕਰੀ ਸ਼ਬਦ ਨੂੰ ਭੋਜਨ ਸ਼ਾਲਾਵਾਂ ਵਿਚੋਂ ਕੱਢ ਹੀ ਦੇਣਾ ਚਾਹੀਦਾ ਹੈ। ਏਥੇ ਇਹ ਦੱਸਣਾ ਬਣਦਾ ਹੈ ਕਿ ਪਕਵਾਨਾਂ ਦੇ ਪ੍ਰਸੰਗ ਵਿਚ ਕੋਈ ਆਮ ਨਾਂ ਕਦੇ ਵੀ ਸਾਰੇ ਖਾਣਿਆਂ `ਤੇ ਢੁਕ ਨਹੀਂ ਸਕਦਾ ਹੈ। ਫਾਰਸੀ ਸਬਜ਼ੀ ਸ਼ਬਦ ਦਾ ਅਰਥ ਹਰੀ ਚੀਜ਼ ਹੈ ਤੇ ਇਸ ਲਿਹਾਜ਼ ਨਾਲ ਹਰੀਆਂ ਭਾਜੀਆਂ ਹੀ ਸਬਜ਼ੀ ਹੋ ਸਕਦੀਆਂ ਹਨ ਪਰ ਅਸੀਂ ਮਾੜੀ ਮੋਟੀ ਵੀ ਹਰਿਆਈ ਨਾ ਹੋਣ ਵਾਲੀਆਂ ਭਾਜੀਆਂ ਜਿਵੇਂ ਟਮਾਟਰ, ਸ਼ਲਗਮ, ਗੋਭੀ, ਗਾਜਰ, ਕੱਦੂ ਆਦਿ ਨੂੰ ਸਬਜ਼ੀ ਆਖ ਦਿੰਦੇ ਹਾਂ। ਵਾਕਈ ਹਰੀ ਭਰੀ ਭਾਜੀ ਨੂੰ ਹਰੀ ਸਬਜ਼ੀ ਕਿਹਾ ਜਾਂਦਾ ਹੈ। ਦਾਲ ਦੀ ਗੱਲ ਕਰ ਲਵੋ। ਕਈ ਲੋਕ ਰਿੱਧੀ-ਪੱਕੀ ਗੋਭੀ ਨੂੰ ਵੀ ਗੋਭੀ ਦੀ ਦਾਲ ਤੇ ਰਿੰਨ੍ਹੇ ਗੋਸ਼ਤ ਨੂੰ ਵੀ ਮੀਟ ਦੀ ਦਾਲ ਕਹਿ ਦਿੰਦੇ ਹਨ। ਅਸਲ ਵਿਚ ਭਾਰਤੀ ਲੋਕ ਬਹੁਤਾ ਦਾਲਾਂ ਹੀ ਖਾਂਦੇ ਸਨ। ਜਦ ਸਬਜ਼ੀ ਜਾਂ ਮੀਟ ਬਣਾਉਣ ਲੱਗੇ ਤਾਂ ਪਹਿਲਾਂ ਪਹਿਲ ਇਸ ਨੂੰ ਵੀ ਦਾਲ ਹੀ ਕਹਿਣ ਲੱਗ ਪਏ; ਘਰ ਦੀ ਮੁਰਗੀ ਦਾਲ ਬਰਾਬਰ ਐਵੇਂ ਨਹੀਂ ਮੁਹਾਵਰਾ ਬਣਿਆ। ਖੈਰ ਹੋਵੇ, ਸਾਗ ਸਾਗ ਹੀ ਹੈ, ਨਾ ਕੋਈ ਇਸ ਨੂੰ ਦਾਲ ਕਹਿੰਦਾ ਹੈ, ਨਾ ਸਬਜ਼ੀ।
ਘੋਖਿਆਂ ਪਤਾ ਲਗਦਾ ਹੈ ਕਿ ਇਨ੍ਹਾਂ ਅਖੌਤੀ ਕਰੀਆਂ ਵਿਚ ਇਸ ਗੱਲ ਦੀ ਸਾਂਝ ਹੈ ਕਿ ਇਹ ਰਸੇਦਾਰ ਤੇ ਮਸਾਲੇਦਾਰ ਹੁੰਦੀਆਂ ਹਨ। ਪੰਜਾਬੀ ਵਿਚ ਇਨ੍ਹਾਂ ਨੂੰ ਤਰੀ ਵਾਲੀ ਸਬਜ਼ੀ, ਦਾਲ ਜਾਂ ਮੀਟ ਕਿਹਾ ਜਾਂਦਾ ਹੈ, ਕਦੇ ਕਦੇ ਤਰਕਾਰੀ ਸ਼ਬਦ ਵੀ ਚਲਦਾ ਹੈ ਪਰ ਕਰੀਆਂ ਅਸਲ ਵਿਚ ਰਸ ਮਿਸੀਆਂ ਹੁੰਦੀਆ ਹਨ। ਚਲੋ ਦੇਖਦੇ ਹਾਂ ਕਿ ਬਾਹਰਲੇ ਦੇਸ਼ਾਂ ਵਿਚ ਕਰੀ ਸ਼ਬਦ ਭਾਰਤੀ ਪਕਵਾਨਾਂ ਲਈ ਕਿਉਂ ਪ੍ਰਚੱਲਤ ਹੋਇਆ ਹੈ। ਕਈ ਲੋਕ ਇਹ ਵੀ ਸਮਝਦੇ ਹਨ ਕਿ ਕਰੀ ਅਸਲ ਵਿਚ ‘ਕੜ੍ਹੀ’ ਵਾਲਾ ਹੀ ਸ਼ਬਦ ਹੈ ਜੋ ਵੇਸਣ ਨੂੰ ਖੱਟੇ ਦਹੀਂ ਵਿਚ ਘੋਲ ਕੇ ਤੇ ਕਾੜ੍ਹ ਕੇ ਬਣਾਈ ਜਾਂਦੀ ਹੈ। ਕਿਉਂਕਿ ਅੰਗ੍ਰੇਜ਼ ‘ੜ’ ਧੁਨੀ ਬੋਲ ਨਹੀਂ ਸਕਦੇ ਇਸ ਲਈ ‘ਰ’ ਲੈ ਆਂਦਾ ਪਰ ਇਹ ਸੱਚ ਨਹੀਂ ਹੈ। ‘ਹੌਬਸਨ ਜੌਬਸਨ’ ਨਾਂ ਦੇ ਕੋਸ਼ ਨੇ ਕਰੀ ਨੂੰ ਭਾਰਤ ਵਿਚ ਫਿੱਕੇ ਜਿਹੇ ਚੌਲ ਜਾਂ ਰੋਟੀ ਆਦਿ ਦੇ ਨਾਲ ਲਾ ਕੇ ਸੁਆਦ ਨਾਲ ਖਾਣ ਵਾਲਾ ਚੋਸਾ ਦੱਸਿਆ ਹੈ। ਅਸੀਂ ਪੰਜਾਬੀ ਰੋਟੀ ਖਾਣ ਲੱਗੇ ਆਮ ਹੀ ਪੁੱਛ ਲੈਂਦੇ ਹਾਂ, ਨਾਲ ਨੂੰ ਕੀ ਹੈ? ਕਰੀ ਇਹੋ ‘ਨਾਲ ਨੂੰ’ ਹੈ। ਇਹ ਸ਼ਬਦ ਮੁਢਲੇ ਤੌਰ `ਤੇ ਦੱਖਣ ਭਾਰਤੀਆਂ ਦੇ ਚੌਲ ਦੇ ‘ਨਾਲ ਨੂੰ’ ਇੱਕ ਤਰ੍ਹਾਂ ਦੇ ਰਸੇਦਾਰ ਖਾਣੇ ਲਈ ਵਰਤਿਆ ਗਿਆ ਹੈ। ਯੂਰਪੀਅਨਾਂ ਨੇ ਇਸ ਨੂੰ ਚੌਲਾਂ ਨਾਲ ਹਰ ਤਰ੍ਹਾਂ ਦੇ ਮਸਾਲੇਦਾਰ ਤਰੀਦਾਰ ਖਾਣੇ ਲਈ ਵਰਤਣਾ ਸ਼ੁਰੂ ਕਰ ਦਿੱਤਾ। ਦਰਾਵੜ ਭਾਸ਼ਾਵਾਂ ਵਿਚ ਕਰੀ ਸ਼ਬਦ ਮਿਲਦਾ ਹੈ। ਤਾਮਿਲ ਦੇ ਇੱਕ ਕੋਸ਼ ਵਿਚ ਇਸ ਦਾ ਅਰਥ ਕੁਝ ਇਸ ਤਰ੍ਹਾਂ ਦਿੱਤਾ ਹੋਇਆ ਹੈ,’1 ਕੱਚਾ ਜਾਂ ਪਕਾਇਆ ਮੀਟ, 2 ਇਕ ਸਬਜ਼ੀ ਜਾਂ ਗੋਸ਼ਤ ਵਿਚ ਰਿੰਨਿ੍ਹਆ ਹੋਇਆ ਨਾਲ ਨੂੰ ਖਾਣ ਵਾਲਾ ਠੋਸ ਜਾਂ ਤਰਲ ਵਿਅੰਜਨ, 3 ਰਿੱਝੇ ਚਾਵਲ ਨਾਲ ਖਾਧੀ ਜਾਣ ਵਾਲੀ ਚਟਣੀ। ਹੋਰ ਦਰਾਵੜੀ ਭਾਸ਼ਾਵਾਂ ਜਿਵੇਂ ਤੈਲਗੂ, ਕੰਨੜ, ਮਲਿਆਲਮ ਵਿਚ ਵੀ Lਲਗ ਭਗ ਅਜਿਹੇ ਹੀ ਅਰਥ ਹਨ। ਇਸ ਤੋਂ ਅੱਗੇ ਕਿਰਿਆ ਵਜੋਂ ਇਸ ਸ਼ਬਦ ਵਿਚ ਸਬਜ਼ੀਆਂ ਮੀਟ ਆਦਿ ਨੂੰ ਘਿਉ ਤੇ ਮਸਾਲਿਆਂ ਨਾਲ ਤੜਕਾ ਲਾਉਣ/ਭੁੰਨਣ ਦਾ ਭਾਵ ਹੈ। ਇਸ ਭਾਵ ਦਾ ਹੋਰ ਵਿਸਤਾਰ ਹੈ, ਕਿਸੇ ਸ਼ੈਅ ਦਾ ਧੁਪ ਜਾਂ ਅੱਗ ਦੇ ਸੇਕ ਨਾਲ ਭੁੱਜ ਜਾਣਾ ਤੇ ਭੁੱਜ ਕੇ ਕਾਲਾ ਹੋਣਾ। ਇਸ ਕਾਲੇਪਣ ਤੋਂ ਹੀ ਇਹ ਸ਼ਬਦ ਕਾਲੀ ਮਿਰਚ ਦਾ ਬੋਧਕ ਬਣ ਜਾਂਦਾ ਹੈ। ਸੋ ਮੁਢਲੇ ਤੌਰ `ਤੇ ਭੁੰਨੇ ਜਾਣ, ਕਾਲੀ ਮਿਰਚ ਪੈਣ ਤੇ ਬਾਅਦ ਵਿਚ ਹਜ਼ਾਰਾਂ ਮਸਾਲੇ ਪੈ ਜਾਣ ਵਾਲਾ ਵਿਅੰਜਨ ਕਰੀ ਕਹਾਇਆ।
ਇਹ ਸ਼ਬਦ ਪਹਿਲਾਂ ਦੱਖਣ ਭਾਰਤ ਵਿਚ ਆਉਣ ਵਾਲੇ ਪੁਰਤਗਾਲੀਆਂ ਨੇ ਦੱਖਣੀ ਭਾਰਤੀ ਵਿਅੰਜਨਾਂ ਲਈ ਵਰਤਿਆ, ਫਿਰ ਇਸ ਨੂੰ ਆਪਣੀ ਭਾਸ਼ਾ ਵਿਚ ‘ਕਰਿਲ’ ਵਜੋਂ ਅਪਣਾਇਆ। ਬਾਅਦ ਵਿਚ ਬਰਤਾਨਵੀ ਸ਼ਾਸਕਾਂ ਨੇ ਇਸ ਨੂੰ ਚੁੱਕਿਆ ਤੇ ਪਹਿਲਾਂ ਭਾਰਤ ਵਿਚ ਹੀ ਇਹ ਸ਼ਬਦ ਵਰਤਿਆ। ਇਨ੍ਹਾਂ ਸ਼ਾਸਕਾਂ ਨੇ ਦੱਖਣ ਭਾਰਤ ਪਿਛੋਂ ਬੰਗਾਲ ਵਿਚ ਡੇਰੇ ਜਮਾਏ ਤਾਂ ਇਹ ਸ਼ਬਦ ਉਨ੍ਹਾਂ ਦੇ ਖਾਣਿਆਂ ਵਿਚ ਰਚਮਿਚ ਗਿਆ। ਫਿਰ ਬਰਤਾਨੀਆ ਸਮੇਤ ਹੋਰ ਦੁਨੀਆਂ ਭਰ ਦੇ ਦੇਸ਼ਾਂ ਵਿਚ ਲੈ ਗਏ। ਦੱਖਣੀ ਵਿਅੰਜਨਾਂ ਦੀਆਂ ਕਰੀਆਂ ਵਿਚ ਵਰਤੇ ਜਾਂਦੇ ਇਕ ਦਰਖਤ ਦੇ ਪੱਤੇ ਨੂੰ ਕਰੀ/ਕੜ੍ਹੀ ਪੱਤਾ ਕਿਹਾ ਜਾਂਦਾ ਹੈ। ਵਿਅੰਜਨਾਂ ਵਿਚ ਵਰਤਿਆ ਜਾਣ ਕਰਕੇ ਇਸ ਦਰਖਤ ਨੂੰ ਅਸੀਂ ਮਿੱਠੀ ਨਿੰਮ ਵੀ ਆਖਦੇ ਹਾਂ। ਮਰਾਠੀ ਵਿਚ ਇਸ ਨੂੰ ਕਢੀਲਿੰਬ (ਕਢੀ = ਕਰੀ, ਲਿੰਬ = ਨਿੰਮ) ਕਹਿੰਦੇ ਹਨ ਤਾਮਿਲ ਵਿਚ ਹੀ ਇਸ ਦਾ ਅਜਿਹਾ ਇੱਕ ਹੋਰ ਨਾਂ ਹੈ ਕਰਿਯਾ-ਨਿੰਪਮ। ਹਾਲਾਂ ਕਿ ਇਹ ਨਿੰਮ ਪਰਿਵਾਰ ਦਾ ਨਾ ਹੋ ਕੇ ਸੰਤਰਾ ਪਰਿਵਾਰ ਦਾ ਦਰਖਤ ਹੈ। ਕਿਹਾ ਜਾਂਦਾ ਹੈ ਕਿ ਇਸ ਦੇ ਪੱਤਿਆਂ ਦਾ ਰੰਗ ਕਾਲਾ ਹੋਣ ਕਰਕੇ ਇਸ ਦਾ ਇਹ ਨਾਂ ਪਿਆ।
ਕਰੀ ਤਾਂ ਘੋਲ ਲਈ ਆਓ ਹੁਣ ਬੇਸਣ ਦੀ ਸਲੂਣੀ, ਮਤਲਬ ਕੜ੍ਹੀ ਘੋਲ ਲਈਏ। ਭਾਰਤ ਦੇ ਹਰ ਪ੍ਰਾਂਤ ਦੀ ਕੜ੍ਹੀ ਦਾ ਆਪਣਾ ਹੀ ਰੰਗ, ਸੁਆਦ ਤੇ ਬਣਾਉਣ ਢੰਗ ਹੈ। ਰਾਜਸਥਾਨੀਆਂ ਦੀ ਇਕ ਕੜ੍ਹੀ ਕੀੜੇ ਪੈ ਜਾਣ ਤੱਕ ਕਈ ਦਿਨ ਦਹੀਂ ਨੂੰ ਧੁੱਪੇ ਰੱਖ ਕੇ ਕਾੜ੍ਹੀ ਜਾਂਦੀ ਹੈ। ਡਰੋ ਨਾ, ਫਰਾਂਸੀਸੀਆਂ ਦਾ ਇੱਕ ਪਨੀਰ ਵੀ ਅਜਿਹਾ ਹੈ ਜਿਸ ਨੂੰ ਕੀੜੇ ਪੈ ਜਾਣ ਪਿੱਛੋਂ ਹੀ ਲਜ਼ੀਜ਼ ਤੇ ਨਫ਼ੀਸ ਸਮਝਿਆ ਜਾਂਦਾ ਹੈ। ਭਾਵੇਂ ਕੜ੍ਹੀ ਸ਼ਬਦ ਦੀ ਧੁਨੀ ਤੇ ਕੁਝ ਕੁਝ ਅਰਥ ਕਰੀ ਨਾਲ ਮਿਲਦੇ ਹਨ ਪਰ ਮੁਢਲੇ ਤੌਰ `ਤੇ ਇਹ ਵਿਅੰਜਨ ਵੀ ਹੋਰ ਹੈ ਤੇ ਇਸ ਸ਼ਬਦ ਦਾ ਮੂਲ ਵੀ ਭਿੰਨ ਹੈ। ਕੜ੍ਹੀ ਨੂੰ ਤਾਮਿਲ ਵਿਚ ਮੋਰ ਕੁਲੰਬ ਆਖਦੇ ਹਨ। ਕੜ੍ਹੀ ਸ਼ਬਦ ਕੜ੍ਹਨ ਨਾਲ ਜੁੜਦਾ ਹੈ ਅਰਥਾਤ ਜਿਸ ਚੀਜ਼ ਨੂੰ ਕਾੜ੍ਹਿਆ ਜਾਵੇ। ਅਸੀਂ ਦੁੱਧ ਨੂੰ ਵੀ ਭੜੋਲੀ ਵਿਚ ਰੱਖ ਕੇ ਸਾਰਾ ਦਿਨ ਕਾੜ੍ਹਦੇ ਹਾਂ ਪਰ ਇਹ ਕੜ੍ਹੀ ਨਹੀਂ। ਕਾੜ੍ਹਨ ਤੋਂ ਹੀ ਕਾੜ੍ਹਾ ਸ਼ਬਦ ਬਣਿਆ ਹੈ, ਕਾੜ੍ਹਨ ਵਾਲਾ ਬਰਤਨ ਕਾਲ੍ਹਣਾ ਹੈ। ਇਸ ਦਾ ਸੰਸਕ੍ਰਿਤ ਧਾਤੂ ਹੈ *ਕਵਥ ਜਿਸ ਵਿਚ ਉਬਾਲਣ ਦਾ ਭਾਵ ਹੈ। ਕੜ੍ਹੀ ਸ਼ਬਦ ਸੰਸਕ੍ਰਿਤ ਦੇ ਕਵਥਿਕ ਦਾ ਤਦਭਵ ਰੂਪ ਹੈ। ਹੋਰ ਭਾਸ਼ਾਵਾਂ ਵਿਚ ਇਸ ਦੇ ਕੁਝ ਸਕੇ ਸ਼ਬਦ ਮਿਲਦੇ ਹਨ ਜਿਵੇਂ ਪਾਲੀ ਕਠਿਤ = ਗਰਮ; ਪ੍ਰਾਕ੍ਰਿਤ ਕਢਿਆ = ਉਬਾਲਿਆ, ਕਾੜ੍ਹਾ; ਸ਼ੀਨਾ ਕਾਈ =ਰੋਟੀ ਦੇ ਟੁਕੜਿਆਂ ਨੂੰ ਪਾਣੀ ਵਿਚ ਉਬਾਲ ਕੇ ਬਣਾਇਆ ਸ਼ੋਰਬਾ, ਕਸ਼ਮੀਰੀ ਕੂਰ = ਫਿਟਾਏ ਦੁਧ ਵਿਚ ਮਸਾਲੇ ਪਾ ਕੇ ਪਕਾਇਆ ਖਾਣਾ। ਇੱਕ ਅਟਕਲ ਹੈ ਕਿ ਇਸ ਸ਼ਬਦ ਦਾ ਪਿੱਛਾ ਭਾਰੋਪੀ ਮੂਲ *ਕਵੈਥ ਹੈ ਜਿਸ ਵਿਚ ਝੱਗ ਬਣਨ, ਖਮੀਰ ਬਣਨ, ਖੱਟਾ ਹੋਣ ਦੇ ਭਾਵ ਹਨ। ਇਸ ਤੋਂ ਗੌਥਿਕ, ਪਰਾਚੀਨ ਗਰੀਕ, ਸਲਾਵਿਕ ਅਤੇ ਲਾਤੀਨੀ ਭਾਸ਼ਾਵਾਂ ਦੇ ਕੁਝ ਸ਼ਬਦ ਬਣੇ ਦੱਸੇ ਜਾਂਦੇ ਹਨ। ਲਾਤੀਨੀ ਦਾ ਇੱਕ ਸ਼ਬਦ caseus ਹੈ ਜਿਸ ਦਾ ਮਤਲਬ ਪਨੀਰ ਹੁੰਦਾ ਹੈ। ਇਸ ਸਬੰਧ ਵਿਚ ਵਧੇਰੇ ਖੋਜ ਦੀ ਲੋੜ ਹੈ। ਗੌਰਤਲਬ ਹੈ ਕਿ ਕੜਾਹੀ ਸ਼ਬਦ ‘ਕਵਥ’ ਧਾਤੂ ਤੋਂ ਵਿਉਤਪੰਨ ਹੋਇਆ ਨਹੀਂ ਮੰਨਿਆ ਜਾਂਦਾ। ਇਸ ਦਾ ਮੂਲ ਸੰਸਕ੍ਰਿਤ ‘ਕਟਾਹ’ ਹੈ ਜਿਸ ਦਾ ਪ੍ਰਾਕ੍ਰਿਤ ਰੂਪ ਕੜਾਹ ਬਣਿਆ ਤੇ ਫਿਰ ਹੋਰ ਭਾਸ਼ਾਵਾਂ ਵਿਚ ਇਹੋ ਰੂਪ ਲੈ ਕੇ ਆਇਆ। ਇਸ ਦਾ ਅਰਥ ਲੋਹੇ ਦਾ ਚੌੜੇ ਮੂੰਹ ਵਾਲਾ ਬਰਤਨ ਹੈ। ਇਸ ਤੋਂ ਹੋਰ ਸ਼ਬਦ ਬਣੇ ਕੜਾਹੀ, ਕੜਾਹਾ, ਕੜਾਹੀਆ। ਕੜਾਹ ਉਹ ਮਿਸ਼ਟਾਨ ਹੈ ਜੋ ਕੜਾਹੀ ਵਿਚ ਬਣਾਇਆ ਜਾਵੇ, ਜਿਵੇਂ ਦੇਗ ਵਿਚ ਦੇਗ ਬਣਾਈ ਜਾਂਦੀ ਹੈ।
ਅੱਜ ਮੈਂ ਕੜ੍ਹੀ ਵਿਚ ਕੰਕਰ ਪਾ ਹੀ ਦਿੱਤਾ ਹੈ।