ਬੰਦਿਆਂ ਖ਼ੁਦ ਤੋਂ ਹੀ ਬਣਵਾਸ ਨਾ ਲੈ ਲਈਂ

ਡਾ ਗੁਰਬਖ਼ਸ਼ ਸਿੰਘ ਭੰਡਾਲ
ਅਕਸਰ ਪੜ੍ਹਦੇ ਹਾਂ ਕਿ ਸ਼੍ਰੀ ਰਾਮ ਨੂੰ ਉਨ੍ਹਾਂ ਦੀ ਮਤਰੇਈ ਮਾਂ ਕੈਕੇਈ ਦੇ ਕਹਿਣ ਤੇ ਪਿਤਾ ਦਸ਼ਰਥ ਨੇ 14 ਸਾਲਾਂ ਦਾ ਬਣਵਾਸ ਦਿੱਤਾ ਸੀ। ਬਣਵਾਸ ਦੌਰਾਨ ਸੀਤਾ ਜੀ ਦਾ ਰਾਵਣ ਵੱਲੋਂ ਅਪਹਰਨ ਕੀਤਾ ਗਿਆ। ਇਸ ਤੋਂ ਬਾਅਦ ਹੋਏ ਯੁੱਧ ਦੀ ਧਰਾਤਲ ਤੇ ਦੁਸ਼ਹਿਰਾ ਅਤੇ ਦੀਵਾਲੀ ਤਿਉਹਾਰ ਹੋਂਦ ਵਿਚ ਆਏ ਅਤੇ ਬਾਲਮੀਕ ਰਮਾਇਣ ਲਿਖੀ ਗਈ। ਇਹ ਬਣਵਾਸ ਤਾਂ ਸਮਝ ਆਉਂਦਾ

ਕਿ ਕੈਕੇਈ ਨੇ ਆਪਣੇ ਪੁੱਤਰ ਲਛਮਣ ਨੂੰ ਰਾਜ ਗੱਦੀ ਦਾ ਵਾਰਸ ਬਣਾਉਣ ਲਈ ਮਤਰੇਏ ਪੁੱਤ ਰਾਮ ਨੂੰ ਦਿਵਾਇਆ ਸੀ। ਲੱਗਦਾ ਸੀ ਕਿ ਇਸ ਬਣਵਾਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਕੁਝ ਸਿੱਖ ਜਾਣਗੀਆਂ ਅਤੇ ਭਵਿੱਖ ਵਿਚ ਕਿਸੇ ਨੂੰ ਬਣਵਾਸ ਦੀ ਜ਼ਿੰਦਗੀ ਜਿਊਂਦਿਆਂ ਖ਼ੁਦ ਤੋਂ ਦੂਰ ਹੋਣ ਦਾ ਦਰਦ ਨਹੀਂ ਹੰਢਾਉਣਾ ਪਵੇਗਾ। ਕੀ ਅਜੋਕਾ ਮਨੁੱਖ ਅਜਿਹੀ ਬਿਰਤੀ ਤੋਂ ਬਚਿਆ ਹੈ? ਇਹ ਬਣਵਾਸ ਬਹੁਤ ਹੀ ਸੂਖਮ ਅਤੇ ਸਹਿਜ ਰੂਪ ਵਿਚ ਅਜੋਕੀ ਜੀਵਨ-ਜਾਚ ਦਾ ਹਿੱਸਾ ਹੀ ਬਣਦਾ ਜਾ ਰਿਹਾ। ਇਸ ਦੀਆਂ ਕਈ ਪਰਤਾਂ ਅੱਜ ਕੱਲ੍ਹ ਦੀ ਜ਼ਿੰਦਗੀ ਵਿਚ ਲੁਕੀਆਂ ਹੋਈਆਂ ਹਨ।
ਬਣਵਾਸ, ਆਪਣੇ ਪਿਆਰਿਆਂ ਤੋਂ ਆਪਣਿਆਂ ਦਾ ਦੂਰ ਕਰਨਾ। ਜੀਵਨ ਦੀਆ ਸੁੱਖ ਸਹੂਲਤਾਂ ਖੋਹ ਲੈਣਾ। ਤੁਹਾਡੀ ਧਰਤੀ ਜਾਂ ਤੁਹਾਡੀ ਜੰਮਣ ਭੌਂ ਤੋਂ ਤੁਹਾਨੂੰ ਵਿਰਵਾ ਕਰ ਦੇਣਾ। ਕੋਈ ਊਝ ਲਾ ਕੇ, ਕਿਸੇ ਸਾਜ਼ਿਸ਼ ਅਧੀਨ ਜਾਂ ਕਿਸੇ ਨਿੱਜੀ ਮੁਫ਼ਾਦ ਦੀ ਖ਼ਾਤਰ ਆਪਣੇ ਸਾਹਾਂ ਵਰਗੇ ਭੈਣ-ਭਰਾਵਾਂ, ਜੀਵਨ-ਦਾਤੇ ਮਾਤਾ/ਪਿਤਾ ਜਾਂ ਸੰਗੀ ਸਾਥੀਆਂ ਤੋਂ ਬਣਵਾਸੀ ਬਣਾ ਦੇਣਾ।
ਬਣਵਾਸ ਦੌਰਾਨ ਬੰਦਾ ਸਿਰਫ਼ ਸਾਹ ਪੂਰੇ ਕਰਦਾ। ਆਪਣੇ ਆਖ਼ਰੀ ਸਮੇਂ ਨੂੰ ਹੀ ਉਡੀਕਦਾ। ਜੀਵਨ-ਚਾਅ ਖ਼ਤਮ ਹੋ ਜਾਂਦਾ। ਸੁਪਨੇ ਲੈਣ ਦੀ ਰੁੱਤ ਉੱਜੜ ਜਾਂਦੀ। ਬੰਦਾ ਹਾਵੇ ਅਤੇ ਹਿਚਕੀਆਂ ਵਿਚੋਂ ਹੀ ਸਿਸਕੀਆਂ ਨੂੰ ਸਾਹ ਬਣਾਉਣ ਦੇ ਆਹਰ ਵਿਚ ਜੁਟਿਆ ਰਹਿੰਦਾ।
ਬਣਵਾਸ ਆਪਣੀ ਧਰਾਤਲ ਤੋਂ ਟੁੱਟਣਾ, ਮੂਲ ਤੋਂ ਵਿਛੜਨਾ, ਬਚਪਨੀ ਦਾਇਰੇ ਵਿਚੋਂ ਮਨਫ਼ੀ ਹੋ ਜਾਣਾ, ਵਿਰਸਾਈ ਰੀਤੀ-ਰਿਵਾਜਾਂ ਤੋਂ ਦੂਰ ਕਰ ਦੇਣਾ। ਬੰਦਾ ਸਮਾਜ ਤੋਂ ਦੂਰ ਹੋ ਅਤੇ ਇਕੱਲਤਾ ਮਾਣਦਿਆਂ ਭਲਾ ਕਿੰਨਾ ਕੁ ਚਿਰ ਜਿਊਂਦਾ ਰਹਿ ਸਕਦਾ?
ਬਣਵਾਸ ਬਹੁਪਰਤੀ ਹੁੰਦਾ। ਸਰੀਰਕ, ਮਾਨਸਿਕ, ਸਮਾਜਿਕ, ਭਾਵਨਾਤਮਿਕ, ਆਰਥਿਕ ਅਤੇ ਧਾਰਮਿਕ ਆਦਿ ਬਣਵਾਸ ਦੀਆਂ ਪਰਤਾਂ ਵਿਚੋਂ ਬਣਵਾਸ ਦੇ ਅਜੇਹੇ ਰੰਗ ਨਜ਼ਰ ਆਉਂਦੇ ਕਿ ਇਨ੍ਹਾਂ ਨੂੰ ਸੋਚ ਕੇ ਸੰਵੇਦਨਸ਼ੀਲ ਵਿਅਕਤੀ ਦਾ ਮਨ ਤ੍ਰਹਿਕਦਾ। ਮਨੁੱਖ ਕਦੇ ਵੀ ਇਕੱਲਾ ਨਹੀਂ ਹੁੰਦਾ। ਉਸ ਨਾਲ ਬਹੁਤ ਸਾਰੀਆਂ ਤੰਦਾਂ ਜੁੜੀਆਂ ਹੁੰਦੀਆਂ ਜਿਨ੍ਹਾਂ ਨੇ ਮਨੁੱਖ ਨੂੰ ਦਰਅਸਲ ਸਭਿਅਕ ਮਨੁੱਖ ਬਣਾਉਣਾ ਹੁੰਦਾ। ਪਰ ਕੀ ਅਸੀਂ ਸੱਚਮੁੱਚ ਦੇ ਮਨੁੱਖ ਰਹਿ ਗਏ ਹਾਂ ਜਾਂ ਅਸੀਂ ਅਮਨੁੱਖ ਬਣਨ ਵੱਲ ਪਹਿਲਕਦਮੀ ਕਰ ਰਹੇ ਹਾਂ?
ਬਣਵਾਸ ਚਾਹਿਆ ਵੀ ਅਤੇ ਅਣਚਾਹਿਆ ਵੀ। ਕਈ ਵਾਰ ਬਣਵਾਸ ਕੁਝ ਅਣਚਾਹੀਆਂ ਹਾਲਤਾਂ ਵਿਚ ਬੰਦਾ ਖ਼ੁਦ ਲੈਂਦਾ। ਕਈ ਵਾਰ ਬੰਦੇ ਨੂੰ ਮਜਬੂਰ ਕੀਤਾ ਜਾਂਦਾ ਕਿ ਉਹ ਬਣਵਾਸ ਲੈ ਲਵੇ। ਕਈ ਵਾਰ ਅਜਿਹਾ ਵੀ ਹੁੰਦਾ ਕਿ ਬੰਦਾ ਸੋਚਦਾ ਕਿ ਮੇਰੇ ਲਈ ਬਣਵਾਸ ਹੀ ਇਕ ਬਿਹਤਰ ਰਸਤਾ ਬਚਿਆ ਹੈ।
ਜਦ ਵੀ ਕੋਈ ਮਨੁੱਖ ਪਰਵਾਸ ਕਰਦਾ ਤਾਂ ਉਹ ਖ਼ੁਦ ਬਣਵਾਸ ਲੈਂਦਾ, ਕਿਉਂਕਿ ਉਸ ਨੂੰ ਜਾਪਦਾ ਹੈ ਕਿ ਮੈਂ ਆਪਣੇ ਸੁਪਨਿਆਂ ਦੀ ਪੂਰਤੀ ਤਾਂ ਹੀ ਕਰ ਸਕਦਾ ਜੇਕਰ ਮੈਂ ਇਸ ਦਾਇਰੇ ਵਿਚੋਂ ਬਾਹਰ ਨਿਕਲਾਂ। ਆਪਣੇ ਚੌਗਿਰਦੇ ਨੂੰ ਤਿਲਾਂਜਲੀ ਦੇਵਾਂ। ਆਪਣੇ ਲਈ ਆਪਣੇ ਹਿੱਸੇ ਦਾ ਅੱਡਰਾ ਜੇਹਾ ਅੰਬਰ ਤਲਾਸ਼ਾਂ। ਜ਼ਿਆਦਾਤਰ ਪੰਜਾਬੀਆਂ ਦਾ ਪਰਵਾਸ ਕਰਨਾ ਦਰਅਸਲ ਖ਼ੁਦ ਹੀ ਲਿਆ ਹੋਇਆ ਬਣਵਾਸ ਹੁੰਦਾ ਭਾਵੇਂ ਕਿ ਅਸੀਂ ਸਾਰੀ ਉਮਰ ਇਸ ਬਣਵਾਸ ਨੂੰ ਕੋਸਦੇ, ਵਾਪਸ ਪਰਤਣਾ ਲੋਚਦੇ ਪਰ ਚਾਹੁੰਦਿਆਂ ਵੀ ਕਦੇ ਵਾਪਸ ਨਹੀਂ ਪਰਤਦੇ।
ਅਜੋਕੇ ਮਨੁੱਖ ਨੇ ਤਾਂ ਆਪਣੇ ਪਰਿਵਾਰ ਤੋਂ ਵੀ ਲਗਭਗ ਬਣਵਾਸ ਹੀ ਲਿਆ ਹੋਇਆ। ਘਰ ਦੇ ਸਾਰੇ ਜੀਅ ਆਪਣੇ ਤੀਕ ਸੀਮਤ ਹੋ ਕੇ ਰਹਿ ਗਏ ਨੇ। ਆਪਣੇ ਕਮਰਿਆਂ ਵਿਚ ਆਪੋ-ਆਪਣੇ ਹਿੱਸੇ ਦਾ ਬਣਵਾਸ ਹੰਢਾਉਂਦੇ, ਜੀਵਨ ਦੀ ਭਰਮ-ਖ਼ਿਆਲੀ ਸਿਰਜ ਰਹੇ ਨੇ।
ਇੱਟਾਂ-ਪੱਥਰਾਂ ਦੇ ਰੈਣ ਬਸੇਰੇ ਵਿਚੋਂ ਘਰ ਨੇ ਕਿਹਾ ਬਣਵਾਸ ਲਿਆ ਕਿ ਅਸੀਂ ਵੱਸਦੇ-ਰਸਦੇ ਘਰਾਂ ਨੂੰ ਮਕਾਨ ਬਣਾਉਣ ਲੱਗਿਆਂ ਦੇਰ ਹੀ ਨਹੀਂ ਲਾਈ।
ਘਰਾਂ ਵਿਚੋਂ ਜਦ ਦਾ ਬਜ਼ੁਰਗ ਮਾਪਿਆਂ ਨੂੰ ਬਣਵਾਸ ਮਿਲਿਆ ਅਤੇ ਉਹ ਬਜ਼ੁਰਗ ਘਰਾਂ ਦੇ ਵਾਸੀ ਬਣ ਗਏ ਤਾਂ ਘਰ ਨੇ ਘਰ ਕੀ ਰਹਿਣਾ ਸੀ? ਫਿਰ ਤਾਂ ਬੂਹਿਆਂ ‘ਤੇ ਲਟਕਦੇ ਜੰਦਰਿਆਂ ਨੂੰ ਜੰਗਾਲ ਲੱਗਣਾ ਸੀ। ਦਰਾਂ ਨੇ ਚੋਏ ਜਾਣ ਵਾਲੇ ਤੇਲ ਤੋਂ ਬਿਨਾਂ ਆਪਣਿਆਂ ਦੇ ਆਮਦ ਦੀ ਆਸ ਨੇ ਸਿਰਫ਼ ਜ਼ਾਰ-ਜ਼ਾਰ ਹੋ ਰੋਣਾ ਸੀ। ਘਰਾਂ ਦੇ ਜੰਦਰੇ ਜਦ ਦੂਰ ਚਲੇ ਜਾਣ ਤਾਂ ਘਰ, ਘਰ ਨਹੀਂ ਰਹਿੰਦੇ। ਬੱਚਿਆਂ ਨੂੰ ਮਿਲਣ ਵਾਲੀਆਂ ਅਸੀਸਾਂ ਤੇ ਦੁਆਵਾਂ ਖ਼ਾਮੋਸ਼ ਹੋ ਜਾਂਦੀਆਂ। ਆਪਣੇ ਸਿਰ ‘ਤੇ ਬਲਾਵਾਂ ਲੈਣ ਦੀ ਬਜ਼ੁਰਗੀ ਤਮੰਨਾ ਹਤਾਸ਼ ਤੇ ਉਦਾਸ ਹੋ ਜਾਂਦੀ। ਫਿਰ ਸੁੰਨ ਬਨੇਰਿਆਂ ਤੇ ਬੋਲਦਾ ਨਹੀਂ ਕਾਂ, ਨਹੀਂ ਥਿਆਉਂਦੀ ਮਾਂ। ਬਾਪ ਦੀ ਨਿਸ਼ਾਨੀਆਂ ਨੂੰ ਸੰਭਾਲਣ ਲਈ ਕੋਈ ਵੀ ਨਹੀਂ ਰਹਿੰਦੀ ਥਾਂ ਅਤੇ ਹੌਲੀ ਹੌਲੀ ਘਰ ਦਾ ਮਿਟ ਜਾਂਦਾ ਨਾਮੋ-ਨਿਸ਼ਾਂ।
ਮਨੁੱਖੀ ਸੋਚ ਵਿਚੋਂ ਜਦ ਤੋਂ ਭਾਵਨਾ, ਸਹਿਣਸ਼ੀਲਤਾ, ਸਾਦਗੀ, ਸਮਰਪਿਤਾ, ਮੁਹੱਬਤ ਵਰਗੇ ਮਾਨਵੀ ਗੁਣ ਬਣਵਾਸ ਕਰ ਗਏ ਤਦ ਤੋਂ ਮਨੁੱਖੀ ਫ਼ਿਤਰਤ ਵਿਚ ਘ੍ਰਿਣਾ ਨਫ਼ਰਤ, ਈਰਖਾ, ਗ਼ੁੱਸਾ, ਅਤੇ ਬਦਲਾਖੋਰੀ ਨੇ ਆਪਣੇ ਪੈਰ ਪਸਾਰ ਲਏ।
ਮਾਨਵੀ ਰਹਿਤਲ ਵਿਚੋਂ ਜਦ ਤੋਂ ਕੋਮਲ ਕਲਾਵਾਂ ਸੰਗੀਤ, ਸਾਹਿਤ, ਸਭਿਆਚਾਰ ਵਰਗੀਆਂ ਰੂਹ ਨੂੰ ਸਕੂਨ ਦੇਣ ਵਾਲੀਆਂ ਬਿਰਤੀਆਂ ਨੇ ਬਣਵਾਸ ਧਾਰਨ ਕੀਤਾ ਤਾਂ ਮਨੁੱਖ ਕੋਲ ਬਲਵਾਨ ਪੱਥਰ-ਬਿਰਤੀ ਹੀ ਬਚੀ ਹੈ। ਇਸ ਨੇ ਬੰਦੇ ਨੂੰ ਕਠੋਰ ਚਿੱਤ ਬਣਾ ਕੇ ਇਸ ਦੇ ਦਿਲ ਵਿਚ ਪਨਪਣ ਵਾਲੀਆਂ ਪਿਆਰ ਰੱਤੀਆਂ ਧਾਰਨਾਵਾਂ ਨੂੰ ਪੁੰਗਰਨ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ।
ਕਦੇ ਸਮਾਂ ਸੀ ਬੰਦੇ ਦਾ ਕੀਤਾ ਵਾਅਦਾ, ਉਸ ਦੇ ਬੋਲ ਜਾਂ ਦਿੱਤੀ ਜ਼ੁਬਾਨ ਸਭ ਤੋਂ ਵੱਡੀ ਜ਼ਮਾਨਤ ਹੁੰਦੀ। ਬਿਨਾ ਕਿਸੇ ਲਿਖਾ-ਪੜ੍ਹੀ ਤੋਂ ਸਮਾਜ ਵਿਚਲਾ ਖ਼ੂਬਸੂਰਤ ਸੰਤੁਲਨ ਇਸ ਦੀ ਅਹਿਮ ਵਿਰਾਸਤ ਸੀ। ਪਰ ਮਨੁੱਖੀ ਸੋਚ ਦੀ ਸੰਕੀਰਨਤਾ ਨੇ ਅਬੋਲ ਹਲਫ਼ਨਾਮਿਆਂ ਨੂੰ ਕਿਹਾ ਬਣਵਾਸ ਦਿੱਤਾ ਕਿ ਅਸੀਂ ਆਪਣੇ ਰਿਸ਼ਤਿਆਂ, ਸਬੰਧਾਂ ਤੋਂ ਹੀ ਬਣਵਾਸ ਧਾਰੀ ਬੈਠੇ ਹਾਂ। ਅਜੋਕੇ ਨੌਜਵਾਨਾਂ ਵਿਚ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਫ਼ਰਜ਼ਾਂ ਨੂੰ ਬਣਵਾਸ ਦੇਣ ਦੀ ਕੇਹੀ ਧਾਰਨਾ ਭਾਰੀ ਕਿ ਹੁਣ ਉਹ ਵਿਆਹ ਦੀ ਪਰੰਪਰਾ ਤੋਂ ਹੀ ਮੁਨਕਰ ਹੋ ਰਹੇ ਹਨ। ਲਿਵ ਇਨ ਰਿਲੇਸ਼ਨ ਰਾਹੀਂ ਮਨ ਦਾ ਸਕੂਨ ਭਾਲਣ ਵਾਲੇ ਇਹ ਨੌਜਵਾਨ ਸਿਰਫ਼ ਸਰੀਰਕ ਸੰਬੰਧਾਂ ਤੀਕ ਹੀ ਸੀਮਤ। ਇਨ੍ਹਾਂ ਵਿਚ ਰੂਹਦਾਰੀ ਨਾਲ ਰਿਸ਼ਤਿਆਂ ਨੂੰ ਨਿਭਾਉਣ ਦੀ ਤਾਂਘ ਹੀ ਨਹੀਂ, ਕਿਉਂਕਿ ਇਹ ਸਮਾਜਿਕ ਅਤੇ ਪਰਿਵਾਰਕ ਫ਼ਰਜ਼ਾਂ ਨੂੰ ਬਣਵਾਸ ਦੇ ਕੇ ਸਿਰਫ਼ ਨਿੱਜ ਤੀਕ ਹੀ ਸੀਮਤ ਹੋਣਾ ਚਾਹੁੰਦੇ। ਕਮਾਲ ਦੀ ਗੱਲ ਹੈ ਕਿ ਕੁਝ ਕੁ ਅਜੋਕੇ ਜੋੜਿਆਂ ਨੇ ਬੱਚੇ ਪੈਦਾ ਕਰਨ ਲਈ ਕਿਰਾਏ ਦੀਆਂ ਕੁੱਖਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਸਰੀਰਕ ਦਿੱਖ ਵਿਚ ਕੋਈ ਫ਼ਰਕ ਨਾ ਪਵੇ। ਬੱਚੇ ਨੂੰ ਆਪਣੀ ਕੁੱਖ ਵਿਚ ਗਰਭ ਧਾਰਨ ਤੋਂ ਲੈ ਕੇ ਨੌਂ ਮਹੀਨੇ ਤੀਕ ਪਾਲਣ, ਉਸ ਨਾਲ ਬੋਲ ਕੇ ਜਾਂ ਅਬੋਲ ਲਾਡ ਲਡਾਉਣੇ, ਚਾਅ ਮਨਾਉਣੇ, ਨਿੱਕੀਆਂ ਗੱਲਾਂ ਵਿਚੋਂ ਹੁਲਾਸ ਮਾਣਨਾ, ਮਨ ਦੀ ਖ਼ੁਸ਼ੀ ਵਿਚ ਖੀਵੇ ਹੋਣਾ ਆਦਿ ਸੂਖਮ ਅਤੇ ਸੁਚੇਤਨਾ ਵਾਲੀਆਂ ਭਾਵਨਾਵਾਂ ਨੂੰ ਬਣਵਾਸ ਦੇਣ ਦੀ ਨਵੀਨ ਪਰੰਪਰਾ ਦਾ ਆਗਾਜ਼ ਹੀ ਕਿਹਾ ਜਾ ਸਕਦਾ। ਕੀ ਅਜੇਹੇ ਬਣਵਾਸ ਦੌਰਾਨ ਪੈਦਾ ਹੋਈ, ਅਖਵਾਈ ਜਾਂਦੀ ਔਲਾਦ ਸੱਚੀਂ ਤੁਹਾਡੀ ਹੋਵੇਗੀ? ਤੁਸੀਂ ਭਾਵਨਾਤਮਕ ਤੌਰ ‘ਤੇ ਕਿੰਨੇ ਕੁ ਉਸ ਬੱਚੇ ਨਾਲ ਜੁੜੇ ਹੋ ਸਕਦੇ ਹੋ? ਬਹੁਤ ਗੰਭੀਰ ਪ੍ਰਸ਼ਨ ਨੇ ਮਨੁੱਖ ਲਈ ਪਰ ਬਣਵਾਸ ਦਾ ਮਾਰਗੀ ਬਣੇ ਮਨੁੱਖ ਕੋਲ ਵਿਹਲ ਹੀ ਕਿਥੇ ਕਿ ਉਹ ਇਸ ਬਾਰੇ ਕੁਝ ਸੰਵੇਦਨਸ਼ੀਲ ਹੋਵੇ।
ਬੰਦਾ ਤਰੱਕੀ ਅਤੇ ਆਧੁਨਿਕਤਾ ਦੀ ਹੋੜ ਵਿਚ ਕਿਹਾ ਗਵਾਚਿਆ ਕਿ ਉਸ ਨੇ ਕੁਦਰਤ ਤੋਂ ਵੀ ਬਣਵਾਸ ਲੈ ਲਿਆ। ਕੀ ਉਸੇ ਇਮਾਰਤਾਂ ਵਿਚ ਵੱਸਦਿਆਂ ਨੇ ਕਦੇ ਰਾਤ ਨੂੰ ਅੰਬਰ ਵਿਚ ਤਾਰਿਆਂ ਦੇ ਅਕਾਰਾਂ ਅਤੇ ਅਕਾਸ਼ ਮੰਡਲ ਵੱਲ ਝਾਤੀ ਮਾਰੀ ਹੈ? ਕਦੇ ਜੰਗਲਾਂ, ਪਹਾੜਾਂ, ਸਮੁੰਦਰੀ ਬੀਚਾਂ ਦੀ ਸੁੰਦਰਤਾ ਨੂੰ ਮਾਣਿਆ ਹੈ? ਕਦੇ ਟਿੱਕੀ ਰਾਤ ਵਿਚ ਕਿਸੇ ਝੀਲ ਦੇ ਕੰਢੇ ਸੈਰ ਕਰਦਿਆਂ ਨਾਲ-ਨਾਲ ਤੁਰੇ ਜਾ ਰਹੇ ਚੰਨ ਦਾ ਸਾਥ ਮਾਣਿਆ ਹੈ? ਕਦੇ ਵਗਦੇ ਦਰਿਆ ਦੇ ਕੰਢੇ ਸੈਰ ਕਰਦਿਆਂ ਇਸ ਦੀਆਂ ਲਹਿਰਾਂ ਦਾ ਰਾਗ-ਰੰਗ ਸੁਣਿਆ ਹੈ? ਕਦੇ ਕੰਢਿਆਂ ਨਾਲ ਖਹਿੰਦੇ ਪਾਣੀਆਂ ਦੀਆਂ ਛੱਲਾਂ ਦਾ ਵੇਗ ਅਤੇ ਇਨ੍ਹਾਂ ਵਿਚਲੀ ਚਾਹਤ ਨੂੰ ਆਪਣੇ ਮਨ ਦੇ ਕੋਨਿਆਂ ਵਿਚ ਕੋਈ ਥਾਂ ਦਿੱਤੀ ਹੈ? ਕੀ ਕਦੇ ਮੀਂਹ ਤੋਂ ਬਾਅਦ ਧਰਤੀ ਵਿਚੋਂ ਉੱਠ ਰਹੀ ਮਿੱਟੀ ਦੀ ਮਹਿਕ ਨੂੰ ਸੁੰਘਿਆ ਹੈ? ਕੀ ਕਦੇ ਤਰੇਲੀ ਵੱਟ ਤੇ ਸਰਘੀ ਵੇਲੇ ਖੇਤਾਂ ਦੀ ਸੈਰ ਕੀਤੀ ਹੈ? ਕੀ ਕਦੇ ਸਵੇਰੇ ਸ਼ਾਮ ਸਤਸੰਗ ਵਿਚ ਰੁੱਝੇ ਪਰਿੰਦਿਆਂ ਦੀ ਸੱਥ ਵਿਚ ਹਾਜ਼ਰੀ ਲਗਵਾਈ ਹੈ? ਸੋਚਣਾ! ਕੁਦਰਤ ਤੋਂ ਬਣਵਾਸ ਲੈ ਕੇ ਅਸੀਂ ਕਿੰਨੇ ਕੁ ਹੀਣੇ ਹੋ ਗਏ ਹਾਂ? ਕੀ ਖੱਟਿਆ ਤੇ ਕੀ ਗਵਾਇਆ?
ਕੱਚੇ ਘਰਾਂ ਨੂੰ ਤਿਲਾਂਜਲੀ ਦੇ ਕੇ ਅਸੀਂ ਇੱਟਾਂ ਪੱਥਰਾਂ ਦੇ ਮਕਾਨਾਂ ਦੇ ਵਾਸੀ ਤਾਂ ਹੋ ਗਏ ਪਰ ਅਸੀਂ ਘਰਾਂ ਤੋਂ ਬੇਘਰ ਹੋ ਗਏ। ਘਰ ਜਿਸ ਦੇ ਦਲਾਨ ਵਿਚ ਸਾਰੇ ਪਰਿਵਾਰ ਦੇ ਮੰਜੇ ਹੁੰਦੇ ਸਨ, ਕੋਠੜੀਆਂ ਸਰਦੀਆਂ ਨੂੰ ਨਿੱਘੀਆਂ ਅਤੇ ਗਰਮੀਆਂ ਨੂੰ ਠੰਢੀਆਂ ਹੁੰਦੀਆਂ ਸਨ। ਇਕ ਹੀ ਦੀਵੇ ਦੁਆਲੇ ਸਾਰੇ ਬੱਚੇ ਪੜ੍ਹਦੇ ਸਨ। ਹੁਣ ਅਸੀਂ ਪੱਥਰ-ਨਗਰ ‘ਚ ਰਹਿੰਦੇ ਪੱਥਰ ਯੁੱਗ ਦੇ ਵਾਸੀ ਹੀ ਹੋ ਗਏ ਹਾਂ। ਫਿਰ ਪੱਥਰ ਯੁੱਗ ਵਿਚ ਘਰਾਂ ਦੀ ਆਸ ਰੱਖਣਾ ਵੀ ਫ਼ਜ਼ੂਲ ਹੈ।
ਬੰਦਾ ਆਪਣੇ ਰੁਤਬਿਆਂ, ਜਾਇਦਾਦ ਅਤੇ ਮਹਿਲ-ਮੁਨਾਰਿਆਂ ਦਾ ਕਿਹਾ ਮਾਣ ਕਰੇਂਦਾ ਕਿ ਉਸ ਨੇ ਆਪਣੇ ਮਨ ਵਿਚ ਰਹਿਣ ਵਾਲੀਆਂ ਰੱਬੀ ਰਹਿਮਤਾਂ ਸੁਖਨ, ਸਹਿਜਤਾ, ਸੰਤੁਸ਼ਟੀ ਨੂੰ ਕਿਹਾ ਬਣਵਾਸ ਦਿੱਤਾ ਕਿ ਉਹ ਨਾਸ਼ੁਕਰੇ ਦਾ ਜੀਵਨ ਜਿਊਂਦਾ, ਖ਼ੁਦ ਤੋਂ ਵੀ ਹਮੇਸ਼ਾ ਨਰਾਜ਼ ਰਹਿੰਦਾ ਹੈ। ਖ਼ੁਦ ਤੋਂ ਇਹੀ ਬੇਭਰੋਸਗੀ ਅਤੇ ਉਕਤਾਹਟ ਹੀ ਹੈ ਕਿ ਉਹ ਵੱਖ-ਵੱਖ ਅਲਾਮਤਾਂ ਦਾ ਸ਼ਿਕਾਰ ਹੋਇਆ, ਰਾਤਾਂ ਨੂੰ ਉਨੀਂਦਰੇ ਕੱਟਦਾ, ਜ਼ਿੰਦਗੀ ਨੂੰ ਉਲ੍ਹਾਮਾ ਬਣਾ ਰਿਹਾ ਹੈ। ਯਾਦ ਰੱਖਣਾ! ਨਾਸ਼ੁਕਰਾ ਬੰਦਾ ਸਮਾਜ ਜਾਂ ਕੁਦਰਤ ਤੋਂ ਹੀ ਨਾਸ਼ੁਕਰਾ ਨਹੀਂ ਹੁੰਦਾ ਸਗੋਂ ਉਹ ਸਭ ਤੋਂ ਪਹਿਲਾਂ ਖ਼ੁਦ ਤੋਂ ਨਾਸ਼ੁਕਰਾ ਹੁੰਦਾ ਜੋ ਉਸ ਦੀ ਕਬਰ ਬਣ ਜਾਂਦਾ।
ਸਭ ਤੋਂ ਭਿਆਨਕ ਬਣਵਾਸ ਤਾਂ ਬੰਦੇ ਨੇ ਆਪਣੇ ਅੰਦਰਲੇ ਬੱਚੇ ਨੂੰ ਦਿੱਤਾ ਹੈ ਜਿਸ ਨੇ ਬੰਦੇ ਨੂੰ ਮਸੂਮੀਅਤ, ਸਚਾਈ, ਪਾਕੀਜ਼ਗੀ, ਕੋਮਲਤਾ ਨਾਲ ਨਿਵਾਜਿਆ ਸੀ। ਇਹੀ ਬੇਰੁਖ਼ੀ ਨੇ ਇਨਸਾਨ ਨੂੰ ਹੈਵਾਨੀਅਤ ਦਾ ਮਾਰਗੀ ਬਣਾ ਦਿੱਤਾ। ਉਸ ਲਈ ਕਿਸੇ ਰਿਸ਼ਤੇ, ਸਾਥੀ ਜਾਂ ਮਨੁੱਖੀ ਭਾਵਨਾਵਾਂ ਦੀ ਕੋਈ ਅਹਿਮੀਅਤ ਨਹੀਂ। ਇਸ ਸੋਚਧਾਰਾ ਨੇ ਮਨੁੱਖੀ ਵਿਗਾੜਾਂ ਦਾ ਮੁੱਢ ਬੰਨਿ੍ਹਆ ਜਿਸ ਨੇ ਮਨੁੱਖ ਦੀ ਝੋਲੀ ਵਿਚ ਮਹਾਂਮਾਰੂ ਵਿਚਾਰ ਪਾਏ। ਇਸ ਨੇ ਹੀ ਚੌਗਿਰਦੇ ਵਿਚ ਮੁਰਦਾਹਾਨੀ ਛਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਯਾਦ ਰਹੇ ਕਿ ਬਣਵਾਸ ਦੇਣਾ ਮਾੜਾ ਨਹੀਂ, ਪਰ ਦੇਖਣਾ ਹੈ ਕਿ ਤੁਸੀਂ ਕਿਸ ਨੂੰ ਬਣਵਾਸ ਦਿੰਦੇ ਹੋ? ਬਣਵਾਸ ਦੇਣਾ ਹੈ ਮਨਾਂ ਵਿਚ ਪਸਰੇ ਹਨੇਰ ਨੂੰ, ਸੋਚਾਂ ਵਿਚ ਵੱਸਦੇ ਚੋਰ ਨੂੰ, ਕਿਸੇ ਨਾਲ ਕਰਨ ਵਾਲੇ ਜ਼ੁਲਮ ਅਤੇ ਅਨਿਆਂ ਨੂੰ, ਕਿਸੇ ਨੂੰ ਪੀੜਤ ਕਰਨ ਦੀ ਤਾਂਘ ਨੂੰ, ਕਿਸੇ ਨੂੰ ਰੁਆਉਣ ਦੀ ਹੋੜ ਨੂੰ, ਕਿਸੇ ਦੇ ਸਾਹਾਂ ਨੂੰ ਸੂਲੀ ‘ਤੇ ਟੰਗਣ ਦੀ ਕਮੀਨਗੀ ਨੂੰ, ਕਿਸੇ ਬੇਜਾਨ ਅਤੇ ਬੇਗੁਨਾਹ ਦੇ ਸੀਰਮੇ ਪੀਣ ਨੂੰ ਜਾਂ ਕਿਸੇ ਨੂੰ ਮਰਨ ਲਈ ਉਕਸਾਹਟ ਪੈਦਾ ਕਰਨ ਦੀ ਨੀਚਤਾ ਨੂੰ ਦਿਓ। ਇੰਝ ਵੀ ਹੁੰਦਾ ਕਿ;
ਜੇ ਹੁਣ ਕਾਲੀ ਰਾਤ ਹੈ ਤਾਂ ਕੱਲ੍ਹ ਸਵੇਰਾ ਹੋਵੇਗਾ।
ਹਰ ਬਣਵਾਸ ਤੋਂ ਬਾਅਦ ਇਕ ਦੁਸਹਿਰਾ ਹੋਵੇਗਾ।
ਐ ਬੰਦੇ! ਵਕਤ ਕਦੇ ਵੀ ਕਿਸੇ ਦਾ ਮਿੱਤ ਨਹੀਂ ਹੁੰਦਾ
ਜੇ ਅੱਜ ਸਮਾਂ ਤੇਰਾ ਹੈ ਤਾਂ ਕੱਲ੍ਹ ਨੂੰ ਮੇਰਾ ਹੋਵੇਗਾ।
ਦਰਅਸਲ ਮਨੁੱਖੀ ਜ਼ਿੰਦਗੀ ਵੀ ਇਕ ਬਣਵਾਸ ਵਰਗੀ ਹੀ ਹੁੰਦੀ। ਸਿਰਫ਼ ਸਾਨੂੰ ਜਾਚ ਹੋਣੀ ਚਾਹੀਦੀ ਹੈ ਕਿ ਅਸੀਂ ਰਾਮ ਵਾਂਗ ਬਣਵਾਸ ਦੌਰਾਨ ਜ਼ਿੰਦਗੀ ਨੂੰ ਕਿਵੇਂ ਜਿਊਣਾ ਹੈ? ਪਰ ਕਦੇ ਕੈਕੇਈ ਵਾਂਗ ਕਿਸੇ ਨੂੰ ਬਣਵਾਸ ‘ਤੇ ਨਾ ਤੋਰਨਾ। ਕਈ ਵਾਰ ਬਣਵਾਸੀ ਹੋਇਆ ਮਨ ਸੋਚਦਾ ਕਿ ਪਤਾ ਨਹੀਂ ਕਦੋਂ ਮੇਰਾ ਬਣਵਾਸ ਖ਼ਤਮ ਹੋਵੇਗਾ। ਰਾਮ ਦਾ ਬਣਵਾਸ ਤਾਂ 14 ਸਾਲਾਂ ਬਾਅਦ ਖ਼ਤਮ ਹੋ ਗਿਆ ਸੀ।
ਕਈ ਵਾਰ ਵਿਛੋੜੇ ਦਾ ਬਣਵਾਸ ਹੰਢਾ ਰਹੀ ਵਿਯੋਗਣ ਕੂਕਦੀ ਕਿ ਮੇਰੇ ਜਿਉਂਦੇ ਜੀਅ ਮਿਲਣ ਦੀ ਆਸ ਨੂੰ ਬੇਆਸ ਕਰਨ ਵਾਲਿਆ! ਮੇਰੇ ਬੁੱਝੇ ਸਿਵੇ ਦੀ ਰਾਖ ਨੂੰ ਮੱਥੇ ਤੇ ਛੁਹਾ ਲੈਣਾ ਤਾਂ ਕਿ ਮੇਰੀ ਭਟਕਦੀ ਆਤਮਾ ਨੂੰ ਵਿਯੋਗ ਦੇ ਬਣਵਾਸ ਤੋਂ ਮੁਕਤੀ ਤਾਂ ਮਿਲ ਜਾਵੇ।
ਅਗਰ ਬਣਵਾਸ ਦੇਣਾ ਹੀ ਹੈ ਤਾਂ ਆਪਣੇ ਮਨ ਵਿਚ ਵੱਸਦੇ ਵਿਕਾਰਾਂ, ਕਾਮ, ਕਰੋਧ, ਲੋਭ, ਮੋਹ, ਹੰਕਾਰ, ਹਉਮੈਂ, ਸਾੜਾ, ਈਰਖਾ, ਸੰਕੀਰਨਤਾ ਅਤੇ ਕਮੀਨਗੀ ਨੂੰ ਦਿਓ। ਭਰਾ ਮਾਰੂ ਸੋਚਾਂ ਨੂੰ ਦਿਓ। ਸਭ ਕੁਝ ਹੜੱਪਣ ਦੀ ਲਾਲਸਾ ਨੂੰ ਦਿਓ। ਕਿਸੇ ਨੂੰ ਨੀਵਾਂ ਦਿਖਾਉਣ ਅਤੇ ਮਾੜਾ ਚਿਤਰਨ ਦੀ ਭਾਵਨਾ ਨੂੰ ਦਿਓ। ਜੀਵਨ ਵਿਚਲੀ ਨਕਾਰਤਮਿਕਤਾ ਨੂੰ ਦਿਓ। ਜੀਵਨ ਦੇ ਉਨ੍ਹਾਂ ਸਰੋਕਾਰਾਂ ਅਤੇ ਸੰਵੇਦਨਾਵਾਂ ਨੂੰ ਦਿਓ ਜੋ ਮਾਨਵਤਾ ਦਾ ਘਾਣ ਕਰਦੀਆਂ ਨੇ। ਦੇਖਣਾ ਇਹ ਬਣਵਾਸ ਤੁਹਾਨੂੰ ਮਨੁੱਖ ਤੋਂ ਇਨਸਾਨ ਬਣਾਉਣ ਵੱਲ ਖ਼ੁਦ-ਬ-ਖ਼ੁਦ ਹੀ ਪ੍ਰੇਰਤ ਕਰੇਗਾ।
ਕਦੇ ਕੋਸ਼ਿਸ਼ ਤਾਂ ਕਰਿਓ ਅਜਿਹਾ ਬਣਵਾਸ ਧਾਰਨ ਦੀ।