ਪ੍ਰਿੰ. ਸਰਵਣ ਸਿੰਘ
1960ਵਿਆਂ ’ਚ ਮੈਂ ਖ਼ਾਲਸਾ ਕਾਲਜ ਦਿੱਲੀ ਦਾ ਵਿਦਿਆਰਥੀ ਸਾਂ ਤੇ ਫੇਰ ਉਥੇ ਹੀ ਲੈਕਚਰਾਰ ਲੱਗ ਗਿਆ। ਜਦੋਂ ਮੈਂ ਦਿੱਲੀ ਤੋਂ ਪਿੰਡ ਮੁੜਦਾ ਤਾਂ ਘਰ `ਚ ‘ਪੀਬੀ 18’ ਤੇ ‘ਕਲਿਆਣ’ ਕਣਕ ਦੇ ਬੀਜ ਦੀਆਂ ਗੱਲਾਂ ਹੁੰਦੀਆਂ। ਮੈਨੂੰ ਵਾਰ-ਵਾਰ ਕਿਹਾ ਜਾਂਦਾ, “ਦਿੱਲੀਓਂ ਕਲਿਆਣ ਦਾ ਬੀ ਮਿਲੇ ਤਾਂ ਲਿਆਈਂ।”
ਘਰਦਿਆਂ ਨੂੰ ਕਿਸੇ ਨੇ ਦੱਸ ਪਾ ਰੱਖੀ ਸੀ ਕਿ ਦਿੱਲੀ ਦੇ ਪੂਸਾ ਇੰਸਟੀਚਿਊਟ ਤੋਂ ਕਲਿਆਣ ਦਾ ਬੀਜ ਮਿਲਦੈ। ਕਲਿਆਣ ਦੇ ਦਾਣੇ ਸ਼ਰਬਤੀ ਸਨ ਜਦ ਕਿ ਪੀਬੀ 18 ਦੇ ਸਾਂਵਲੇ। ਝਾੜ ਦੋਹਾਂ ਬੀਜਾਂ ਦਾ ਹੀ ਪਹਿਲੀਆਂ ਕਣਕਾਂ ਤੋਂ ਦੁੱਗਣਾ ਸੀ। ਦੇਸੀ ਕਣਕ ਕਿੱਲੇ `ਚੋਂ 20-22 ਮਣ ਨਿਕਲਦੀ ਸੀ। ਮੈਕਸੀਕਨ ਕਣਕਾਂ ਬਾਰੇ ਕਿਹਾ ਜਾਂਦਾ ਸੀ ਕਿ ਕਿੱਲੇ `ਚੋਂ 40-45 ਮਣ ਨਿਕਲਦੀਐਂ।
1960ਵਿਆਂ `ਚ ਪੰਜਾਬ ਦੇ ਕਿਸਾਨਾਂ ਦੀਆਂ ਗੱਲਾਂ ਦਾ ਧੁਰਾ ਮੈਕਸੀਕਨ ਕਣਕਾਂ ਦੇ ਬੀਜ ਰਿਹਾ। ਪਿੰਡਾਂ ਦੀਆਂ ਸੱਥਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਡੇਰਿਆਂ, ਕਚਹਿਰੀਆਂ, ਮੇਲਿਆਂ ਤੇ ਵੱਟਾਂ-ਬੰਨਿਆਂ `ਤੇ ਜਦੋਂ ਕਿਸਾਨ ਇਕ ਦੂਜੇ ਨੂੰ ਮਿਲਦੇ ਤਾਂ ਕਲਿਆਣ ਤੇ ਪੀਬੀ 18 ਦੀਆਂ ਗੱਲਾਂ ਕਰਦੇ। ਉਹ ਖੀਸਿਆਂ `ਚੋਂ ਨਵੇਂ ਬੀਜ ਦੇ ਦਾਣੇ ਕੱਢ ਕੇ ਵਿਖਾਉਂਦੇ ਇਕ ਦੂਜੇ ਨਾਲ ਨਿਰਖਦੇ। ਅਸਲੀ ਨਕਲੀ ਬੀਜ ਦੀ ਪਛਾਣ ਕਰਦੇ। ਕੋਈ ਕਹਿੰਦਾ ਦਿੱਲੀ ਦੇ ਪੂਸਾ ਇੰਸਟੀਚਿਊਟ ਤੋਂ ਲਿਆਂਦੈ ਤੇ ਕੋਈ ਕਹਿੰਦਾ ਜ਼ਰਾਇਤੀ ਯੂਨੀਵਰਸਿਟੀ ਲੁਧਿਆਣੇ ਤੋਂ। ਕਸੀਰਾਂ ਤੋਂ ਘੋਨੀ ਕਣਕ ਦਾ ਨਾਂ ਕਿਸੇ ਨੇ ‘ਗੇਬੋ’ ਰੱਖ ਦਿੱਤਾ ਜਦ ਕਿ ਉਸ ਦਾ ਨਾਂ ਕੁਝ ਹੋਰ ਸੀ। ਉਵੇਂ ਜਿਵੇਂ ਆਇਸ਼ਰ ਟ੍ਰੈਕਟਰ ਨੂੰ ਆਸ਼ਾ ਟ੍ਰੈਕਟਰ ਕਹਿਣ ਲੱਗ ਪਏ ਸਨ।
ਉਨ੍ਹੀਂ ਦਿਨੀਂ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਸਾਬਕਾ ਪ੍ਰਿੰਸੀਪਲ ਡਾ. ਹਰਬੰਤ ਸਿੰਘ ਦਿੱਲੀ ਆਉਂਦਾ ਜਾਂਦਾ ਸੀ। ਉਹ ਪ੍ਰੋ. ਜਸਵੰਤ ਸਿੰਘ ਫੁੱਲ ਕੋਲ ਠਹਿਰਦਾ। ਮੇਰਾ ਪ੍ਰੋ. ਫੁੱਲ ਕੋਲ ਆਉਣ-ਜਾਣ ਸੀ। ਉਥੇ ਮੇਰੀ ਡਾ. ਹਰਬੰਤ ਸਿੰਘ ਨਾਲ ਜਾਣ-ਪਛਾਣ ਹੋ ਗਈ। ਉਦੋਂ ਉਹ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਦਾ ਪ੍ਰਿੰਸੀਪਲ ਸੀ ਤੇ ਕਾਲਜ ਲਈ ਕੁਝ ਨਾ ਕੁਝ ਲੈਣ ਲਈ ਦਿੱਲੀ ਗੇੜਾ ਮਾਰਦਾ ਰਹਿੰਦਾ ਸੀ। ਪ੍ਰੋ. ਫੁੱਲ ਰੁੱਝਿਆ ਹੁੰਦਾ ਤਾਂ ਮੈਂ ਉਹਦਾ ਸਾਥ ਦਿੰਦਾ। ਉਹਦੀ ਉਮਰ ਭਾਵੇਂ ਸੱਠ ਸਾਲ ਦੇ ਨੇੜ ਸੀ ਪਰ ਦਿੱਖ ਜੁਆਨਾਂ ਵਰਗੀ ਸੀ। ਇਕ ਦਿਨ ਕਨਾਟ ਪਲੇਸ `ਚ ਘੁੰਮਦਿਆਂ ਕਹਿਣ ਲੱਗਾ, “ਜੁਆਨਾਂ, ਔਹ ਦੇਖ ਓਡੀਅਨ ਸਿਨਮੇ `ਚ ‘ਸੰਗਮ’ ਫਿਲਮ ਲੱਗੀ ਐ। ਜੇ ਟਿਕਟਾਂ ਦਾ ਹੱਲਾ ਮਾਰ ਲਵੇਂ ਤਾਂ ਦੇਖ ਈ ਲਈਏ।”
ਮੈਂ ਹੱਲਾ ਮਾਰਿਆ ਤੇ ਧੱਕੋ-ਧੱਕੀ ਹੁੰਦੀ ਲਾਈਨ `ਚ ਲੱਗ ਕੇ ਧੱਕੇ ਨਾਲ ਦੋ ਟਿਕਟਾਂ ਲੈ ਆਇਆ। ਪ੍ਰਿੰਸੀਪਲ ਨੇ ਮੈਨੂੰ ਸ਼ਾਬਾਸ਼ੇ ਦਿੱਤੀ ਕਿ ਜੁਆਨ ਹੋਵੇ ਤਾਂ ਤੇਰੇ ਵਰਗਾ ਹੋਵੇ। ਅਸੀਂ ਫਿਲਮ ਵੇਖੀ ਜੀਹਦਾ ਇਕ ਗਾਣਾ ਮੈਨੂੰ ਅਜੇ ਵੀ ਯਾਦ ਹੈ: ਤੇਰੇ ਮਨ ਕੀ ਗੰਗਾ, ਮੇਰੇ ਮਨ ਕੀ ਜਮਨਾ ਕਾ, ਬੋਲ ਰਾਧਾ ਬੋਲ ਸੰਗਮ ਹੋਗਾ ਯਾ ਨਹੀਂ…।”
ਡਾ. ਹਰਬੰਤ ਸਿੰਘ ਬੌਟਨੀ ਦਾ ਪੀ.ਐੱਚਡੀ ਸੀ। ਜਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਉਦੋਂ ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਪ੍ਰਿੰਸੀਪਲ ਸੀ। ਕੈਰੋਂ ਨੇ ‘ਪੰਜਾਬੀ ਸੂਬਾ ਜ਼ਿੰਦਾਬਾਦ’ ਦੇ ਨਾਹਰੇ ਲਾਉਣ ਉਤੇ ਪਾਬੰਦੀ ਲਾ ਦਿੱਤੀ। ਡਾ. ਹਰਬੰਤ ਸਿੰਘ ਨੇ ਇਕ ਲੇਖ ਲਿਖ ਕੇ ਪਾਬੰਦੀ ਦਾ ਵਿਰੋਧ ਕੀਤਾ ਤਾਂ ਕਾਲਜ ਦੀ ਕਾਂਗਰਸੀ ਕਮੇਟੀ ਨੇ ਉਸ ਨੂੰ ਪ੍ਰਿੰਸੀਪਲ ਦੇ ਅਹੁਦੇ ਤੋਂ ਹਟਾ ਦਿੱਤਾ। ਸੰਤ ਫਤਹਿ ਸਿੰਘ ਤੇ ਸੰਤ ਚੰਨਣ ਸਿੰਘ ਨੇ ਪ੍ਰਿੰਸੀਪਲ ਨੂੰ ਉਸੇ ਗਰੇਡ `ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੱਤਰ ਲਾ ਲਿਆ। ਪ੍ਰਿੰਸੀਪਲ ਹਰਬੰਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਕਾਲਜ ਦੇ ਹਿਸਾਬ ਨਾਲ ਚਲਾਉਣਾ ਚਾਹਿਆ। ਹਜ਼ਾਰਾਂ ਰੁਮਾਲੇ, ਪ੍ਰਸ਼ਾਦ ਲਈ ਸੈਂਕੜੇ ਘਿਉ ਦੇ ਪੀਪੇ ਤੇ ਲੰਗਰ ਲਈ ਆਟੇ ਦਾਲ ਦੀਆਂ ਅਣਗਿਣਤ ਬੋਰੀਆਂ ਦੀ ਗਿਣਤੀ-ਮਿਣਤੀ ਸ਼ੁਰੂ ਕੀਤੀ ਤਾਂ ਸੰਤਾਂ ਨੇ ਸਮਝ ਲਿਆ ਕਿ ਇਹ ਭਾਈ ਕਮੇਟੀ ਦੀ ਸਕੱਤਰੀ ਕਰਨ ਦੇ ‘ਲੈਕ’ ਨਹੀਂ। ਇਹਨੂੰ ਤਾਂ ਕੋਈ ਨਵਾਂ ਕਾਲਜ ਈ ਖੋਲ੍ਹ ਕੇ ਦੇਣਾ ਪਊ!
ਸੰਤਾਂ ਨੇ ਡਾ. ਹਰਬੰਤ ਸਿੰਘ ਨੂੰ ਪ੍ਰਿੰਸੀਪਲ ਲਾਉਣ ਲਈ ਤਲਵੰਡੀ ਸਾਬੋ `ਚ ਗੁਰੂ ਕਾਸ਼ੀ ਕਾਲਜ ਖੋਲ੍ਹ ਦਿੱਤਾ। ਉਹ ਕਾਲਜ ਫਿਰ ਉਸ ਨੇ ਆਪਣੀ ਮਰਜ਼ੀ ਮੂਜਬ ਚਲਾਇਆ। ਇਕ ਵਾਰ ਮੈਂ ਦਿੱਲੀਓਂ ਮੁੜਦਾ ਉਸ ਨੂੰ ਦਮਦਮਾ ਸਾਹਿਬ ਮਿਲਣ ਗਿਆ। ਮਈ ਦਾ ਮਹੀਨਾ ਸੀ। ਧੂੜਾਂ ਉੱਡ ਰਹੀਆਂ ਸਨ। ਗੁਰਦੁਆਰਾ ਦਮਦਮਾ ਸਾਹਿਬ ਦੇ ਸਫੈਦ ਗੁੰਬਦ ਚੜ੍ਹੀ ਹੋਈ ਖੱਖ `ਚ ਘਸਮੈਲੇ ਜਿਹੇ ਦਿਸਦੇ ਸਨ। ਕਾਲਜ ਦਾ ਰਾਹ ਪੁੱਛ ਕੇ ਮੈਂ ਪ੍ਰਿੰਸੀਪਲ ਦੇ ਦਫਤਰ ਗਿਆ ਤਾਂ ਡਾ. ਸਾਹਿਬ ਬੜੇ ਤਪਾਕ ਨਾਲ ਮਿਲੇ। ਚਾਹ ਪਾਣੀ ਪੀ ਕੇ ਮੈਂ ਜਾਣ ਦੀ ਆਗਿਆ ਮੰਗੀ ਤਾਂ ਉਨ੍ਹਾਂ ਨੇ ਕਿਹਾ, “ਐਡੀ ਦੂਰੋਂ ਆਇਐਂ। ਰਾਤ ਏਥੇ ਈ ਰਹਿ। ਨਾਲੇ ਤੈਨੂੰ ਕਲਿਆਣ ਤੇ ਪੀਬੀ 18 ਦਾ ਬੀਜ ਵੀ ਦੇਣਾ।”
ਦਿੱਲੀ ਦੀ ਪਿਛਲੀ ਫੇਰੀ ਸਮੇਂ ਉਹਨੇ ਕਿਹਾ ਸੀ ਕਿ ਕਾਲਜ ਦੇ ਫਾਰਮ ਵਿਚ ਮੈਂ ਮੈਕਸੀਕਨ ਤੇ ਪੀਬੀ 18 ਕਣਕ ਬਿਜਾਈ ਹੈ। ਉਸ ਨੇ ਮੈਨੂੰ ਪੰਜ ਕਿਲੋ ਕਲਿਆਣ ਦਾ ਬੀਜ ਤੇ ਵੀਹ ਕਿਲੋ ਪੀਬੀ 18 ਦਾ ਬੀਜ ਦੇਣ ਦਾ ਬਚਨ ਦਿੱਤਾ ਸੀ। ਇਕ ਕਿਸਾਨ ਦੇ ਪੁੱਤਰ ਲਈ ਏਦੂੰ ਵੱਡਾ ਤੋਹਫ਼ਾ ਹੋਰ ਕੀ ਹੋ ਸਕਦਾ ਸੀ? ਉਹਦੇ ਨਾਲ ਸਾਡੇ ਘਰ ਹਰਾ ਇਨਕਲਾਬ ਆਉਣਾ ਸ਼ੁਰੂ ਹੋ ਜਾਣਾ ਸੀ। ਮੈਂ ਰਾਤ ਰਹਿਣ ਲਈ ਰੁਕ ਗਿਆ।
ਦਿਨ ਛਿਪੇ ਅਸੀਂ ਪਾਣੀ ਛਿੜਕਾ ਕੇ ਖੁੱਲ੍ਹੇ ਥਾਂ ਮੰਜੇ ਡਹਾ ਲਏ। ਸਿਰ੍ਹਾਣੇ ਪਾਣੀ ਦਾ ਘੜਾ ਰਖਵਾ ਲਿਆ। ਪਤਨੀ ਪੇਕੇ ਗਈ ਹੋਣ ਕਰਕੇ ਸੇਵਾਦਾਰ ਨੂੰ ਗੁਰਦੁਆਰੇ ਤੋਂ ਲੰਗਰ ਲੈਣ ਭੇਜ ਦਿੱਤਾ ਤੇ ਮੈਨੂੰ ਦੱਸਣ ਲੱਗਾ, “ਲੰਗਰ ਦਾ ਦਾਲ-ਪਰਸ਼ਾਦਾ ਬੜਾ ਸੁਆਦ ਹੁੰਦੈ। ਤੂੰ ਕਾਕੇ ਦੇ ਢਾਬੇ ਤੋਂ ਰੋਟੀ ਖੁਆਈ ਸੀ, ਅੱਜ ਲੰਗਰ ਦੀ ਖਾ ਕੇ ਵੇਖੀਂ। ਇਕੇਰਾਂ ਪ੍ਰਿੰਸੀਪਲ ਸਾਹਿਬ ਨੂੰ ਅਸੀਂ ਸੱਚਮੁੱਚੀਂ ਕਨਾਟ ਪਲੇਸ ਵਾਲੇ ਕਾਕੇ ਦੇ ਢਾਬੇ ਤੋਂ ਰੋਟੀ ਖੁਆਈ ਸੀ ਜੋ ਉਸ ਨੂੰ ਯਾਦ ਸੀ।
ਸੇਵਾਦਾਰ ਨੂੰ ਲੰਗਰ ਲੈਣ ਗਿਆਂ ਅਜੇ ਥੋੜ੍ਹਾ ਹੀ ਚਿਰ ਹੋਇਆ ਸੀ ਕਿ ਕਾਲੀ ਬੋਲੀ ਹਨ੍ਹੇਰੀ ਆ ਗਈ। ਘੰਟਾ ਕੁ ਬੀਤ ਜਾਣ `ਤੇ ਪ੍ਰਿੰਸੀਪਲ ਨੇ ਕਿਹਾ, “ਸਰਵਣ ਸਿਆਂ, ਲੱਗਦੈ ਸੇਵਾਦਾਰ ਰਾਹ ਭੁੱਲ ਗਿਆ ਹੋਊ। ਲੰਗਰ ਦੇ ਪਰਸ਼ਾਦੇ ਅੱਜ ਆਪਣੇ ਕਰਮਾਂ `ਚ ਨੀ। ਅਏਂ ਕਰਦੇ ਆਂ, ਬਿਸਕੁਟ ਖਾ ਕੇ ਸੌਂ ਜਾਨੇ ਆਂ। ਸਵੇਰੇ ਆਮਲੇਟ ਨਾਲ ਪਰੌਂਠੇ ਛਕਾਂਗੇ।”
ਸਵੇਰੇ ਉੱਠੇ ਤਾਂ ਸਾਡੇ ਮੂੰਹ ਸਿਰ ਰੇਤ ਨਾਲ ਅੱਟੇ ਪਏ ਸਨ। ਮੈਂ ਡਾਕਟਰ ਸਾਹਿਬ ਦੀ ਦਾੜ੍ਹੀ ਵੇਖ ਕੇ ਹੱਸੀ ਜਾਵਾਂ ਤੇ ਉਹ ਮੇਰਾ ਜੂੜਾ ਵੇਖ ਕੇ ਹੱਸੀ ਜਾਵੇ। ਨ੍ਹਾ ਧੋ ਕੇ ਅਸੀਂ ਸੱਚੀਓਂ ਆਮਲੇਟ ਨਾਲ ਪਰੌਂਠੇ ਖਾਧੇ। ਫਿਰ ਕਾਲਜ ਦੇ ਕੈਂਪਸ ਦਾ ਚੱਕਰ ਲਾਉਂਦਿਆਂ ਸਟੋਰ ਤੋਂ ਬੀਜ ਦਾ ਪਤਾ ਕੀਤਾ। ਪਤਾ ਲੱਗਾ ਕਿ ਕਲਿਆਣ ਦਾ ਬੀਜ ਤਾਂ ਮੁੱਕ ਗਿਐ ਪਰ ਪੀਬੀ 18 ਦਾ ਹੈਗਾ। ਉਸ ਨੂੰ ਅਫਸੋਸ ਹੋਇਆ ਕਿ ਉਹ ਹੁਣ ਕਲਿਆਣ ਦਾ ਬੀਜ ਨਹੀਂ ਸੀ ਦੇ ਸਕਦਾ। ਉਹਦੇ ਮੂੰਹੋਂ ਨਿਕਲ ਗਿਆ, “ਕਲਿਆਣ ਦੇ ਬੀ ਦੀ ਕਸਰ ਤੂੰ ਪੀਬੀ 18 ਦਾ ਬੀ ਵੱਧ ਲਿਜਾ ਕੇ ਪੂਰੀ ਕਰ-ਲੀਂ।” ਮੈਂ ਖੜ੍ਹਾ ਖੜੋਤਾ ਦੋ ਮਣ ਬੀਜ ਲੈਣ ਬਾਰੇ ਸੋਚ ਗਿਆ ਤੇ ਕਿਹਾ, “ਅੱਜ ਮੈਂ ਕਿਤੇ ਹੋਰ ਜਾਣੈ। ਭਲਕੇ ਆਵਾਂਗਾ ਤੇ ਬੀ ਲੈ ਜਾਵਾਂਗਾ।”
ਹੋਰ ਕਿਤੇ ਜਾਣ ਦੀ ਥਾਂ ਮੈਂ ਪਿੰਡ ਨੂੰ ਚੱਲ ਪਿਆ। ਬਰਨਾਲੇ ਤੋਂ ਬੱਸ ਫੜੀ ਤੇ ਬੌਡੇ ਜਾ ਉਤਰਿਆ। ਉਥੋਂ ਸਾਡਾ ਪਿੰਡ ਚਕਰ ਨੇੜੇ ਈ ਪੈਂਦਾ ਸੀ। ਦਿਨ ਛਿਪਿਆ ਹੋਣ ਕਰਕੇ ਅੱਡੇ ਤੋਂ ਸੌਂਫੀਏ ਦਾ ਪਊਆ ਲੈ ਲਿਆ। ਕੁਛ ਪੀ ਲਿਆ ਤੇ ਬਚਦੇ `ਚ ਪਾਣੀ ਪਾ ਕੇ ਨੇਫ਼ੇ `ਚ ਟੁੰਗ ਲਿਆ। ਤੁਰਦਿਆਂ ਸਰੂਰ ਚੜ੍ਹਨ ਲੱਗਾ। ਪਹਿਲਾਂ ਮੈਂ ਦੋ ਮਣ ਬੀਜ ਲੈਣ ਬਾਰੇ ਸੋਚਿਆ ਸੀ। ਫਿਰ ਕੁਇੰਟਲ ਬੀਜ ਲਿਆਉਣ ਬਾਰੇ ਸੋਚਣ ਲੱਗ ਪਿਆ। ਹੋਰ ਘੁੱਟ ਲਾਈ ਤਾਂ ਡੂਢ ਕੁਇੰਟਲ ਤੇ ਅਗਲੀ ਘੁੱਟ ਨਾਲ ਦੋ ਕੁਇੰਟਲ `ਤੇ ਪਹੁੰਚ ਗਿਆ! ਅੰਦਰੋਂ ਮਨ ਹੁੰਗਾਰਾ ਭਰੀ ਜਾਵੇ, “ਪ੍ਰਿੰਸੀਪਲ ਨੇ ਸਾਫ ਕਿਹੈ, ਕਲਿਆਣ ਦੀ ਕਸਰ ਪੀਬੀ 18 ਦਾ ਬੀ ਵੱਧ ਲਿਜਾ ਕੇ ਪੂਰੀ ਕਰ-ਲੀਂ। ਕਸਰ ਕਿਉਂ ਛੱਡੀਏ? `ਕੱਠਾ ਦੋ ਕੁਇੰਟਲ ਲਿਆਵਾਂਗੇ…।”
ਪਿੰਡ ਪਹੁੰਚਦਿਆਂ ਮੈਂ ਸਾਰੇ ਖੇਤ ਪੀਬੀ 18 ਨਾਲ ਬੀਜਣ ਦੀ ਕਲਪਨਾ ਕਰ ਗਿਆ ਤੇ ਸ਼ੇਖ ਚਿਲੀ ਬਣਿਆ ਘਰ ਪਹੁੰਚਾ। ਕੁਰਲੀ ਮੈਂ ਬਾਹਰਲੇ ਨਲਕੇ ਤੋਂ ਈ ਕਰ ਗਿਆ ਪਈ ਪੀਤੀ ਦਾ ਪਤਾ ਨਾ ਲੱਗੇ। ਫਿਰ ਵੀ ਰੋਟੀ ਖਾਂਦਿਆਂ ਮੈਂ ਫੜ੍ਹ ਮਾਰ ਬੈਠਾ, “ਪ੍ਰਿੰਸੀਪਲ ਆਪਣਾ ਘਰ ਦਾ ਬੰਦੈ। ਭਲਕੇ ਮੈਂ ਸਾਰੇ ਖੇਤਾਂ ਵਾਸਤੇ ਪੀਬੀ 18 ਦਾ ਬੀ ਲਿਆਊਂ ਜਿਸ ਨਾਲ ਦਿੱਲੀ ਤੋਂ ਕਰਾਈ ਪੜ੍ਹਾਈ ਦਾ ਮੁੱਲ ਮੋੜ-ਦੂੰ। ਮੈਂ ਦਮਦਮੇ ਜਾਊਂ ਤੇ ਬੀਜ ਦੀਆਂ ਬੋਰੀਆਂ ਬੱਸ `ਤੇ ਰੱਖੀ ਆਊਂ। ਗੱਡਾ ਲੈ ਕੇ ਬੱਧਨੀ ਪਹੁੰਚ ਜਿਓ।”
ਘਰ ਦੇ ਹੈਰਾਨ ਕਿ ਅੱਗੇ ਤਾਂ ਇਹਨੇ ਕਦੇ ਦਿੱਲੀ ਤੋਂ ਪੰਜ ਕਿਲੋ ਬੀ ਲਿਆਉਣ ਦੀ ਵੀ ਹਾਮੀ ਨੀ ਭਰੀ। ਅੱਜ ਦਿੱਲੀ ਦਾ ਨਵਾਬ ਬਣਿਆ ਬੈਠਾ! ਪੀਬੀ 18 ਦਾ ਤਾਂ ਕਿਲੋ ਬੀ ਵੀ ਕਿਤੋਂ ਬੰਦਾ ਮਾਰਿਆਂ ਨੀ ਸੀ ਮਿਲਦਾ ਤੇ ਇਹ ਚੌਦਾਂ ਕਿੱਲੇ ਬੀਜਣ ਦੇ ਫੈਂਟਰ ਮਾਰੀ ਜਾਂਦੈ!
ਸਵੇਰੇ ਚਾਹ ਨਾਲ ਖਾਲੀ ਬੋਰੀਆਂ ਵੀ ਆ ਗਈਆਂ। ਕਹਿੰਦੇ, “ਚੱਲ ਸੈਂਕਲ `ਤੇ ਬੌਡਿਆਂ ਤੋਂ ਬੱਸ ਚੜ੍ਹਾ ਆਉਨੇ ਆਂ।” ਚਾਹ ਪੀਂਦਿਆਂ ਮੈਂ ਸੋਚਿਆ, “ਰਾਤ ਮੈਥੋਂ ਕੁਝ ਵੱਡਾ ਈ ਫੈਂਟਰ ਵੱਜ ਗਿਐ। ਚਲੋ ਦੇਖਦੇ ਆਂ ਕੀ ਬਣਦੈ?” ਮੈਂ ਪੈਸੇ ਜੇਬ `ਚ ਪਾਏ ਤੇ ਬੋਰੀਆਂ ਦਾ ਬੰਡਲ ਲੈ ਕੇ ਬੌਡਿਆਂ ਨੂੰ ਚਾਲੇ ਪਾ ਲਏ। ਬੱਸ ਚੜ੍ਹਨ ਲੱਗਾ ਮੈਂ ਠੇਕੇ ਵੱਲ ਕੁਣੱਖਾ ਝਾਕਿਆ ਕਿ ਏਸੇ ਨੇ ਈ ਪੰਗਾ ਪਾਇਆ। ਨਾ ਇਹ ਏਥੇ ਹੁੰਦਾ, ਨਾ ਮੈਂ ਪੀਂਦਾ ਤੇ ਨਾ ਮੈਥੋਂ ਏਡੀ ਵੱਡੀ ਫੜ੍ਹ ਵੱਜਦੀ। ਮਣ ਦੋ ਮਣ ਬੀਜ ਤਾਂ ਮੰਨਿਆ ਪਰ ਨੌਂ ਦਸ ਮਣ ਬੀਜ ਕਿਵੇਂ ਲਿਆਵਾਂਗਾ? ਫਿਰ ਵੀ ਮਨ `ਚ ਸਕੀਮਾਂ ਲਾਉਂਦਾ ਗਿਆ।
ਬਣਾਈ ਸਕੀਮ ਮੁਤਾਬਿਕ ਮੈਂ ਅਰਜ਼ ਗੁਜ਼ਾਰੀ, “ਡਾ. ਸਾਹਿਬ ਸਾਡੇ ਰਿਸ਼ਤੇਦਾਰ ਤੇ ਸਕੇ ਸੋਧਰੇ ਸਾਰੇ ਈ ਕਿੱਲੇ ਕਿੱਲੇ ਦਾ ਬੀ ਮੰਗਦੇ ਐ। ਸਾਨੂੰ ਚੌਦਾਂ ਕਿੱਲਿਆਂ ਦਾ ਬੀ ਚਾਹੀਦੈ। ਜੇ ਕਿੱਲੇ `ਚ ਪੱਚੀ ਕਿੱਲੋ ਈ ਪਾਈਏ ਤਾਂ ਵੀ ਸਾਢੇ ਤਿੰਨ ਕੁਇੰਟਲ ਬਣਦੈ।”
ਡਾ. ਹਰਬੰਤ ਸਿੰਘ ਦਾਖਾ ਦਰਿਆ ਦਿਲ ਬੰਦਾ ਸੀ ਤੇ ਮੇਰੀ ਦਿੱਲੀ ਦੀ ਸੇਵਾ ਦਾ ਅਹਿਸਾਨਮੰਦ ਵੀ। ਉਸ ਨੇ ਸਟੋਰ ਕੀਪਰ ਨੂੰ ਸਾਢੇ ਤਿੰਨ ਕੁਇੰਟਲ ਕਣਕ ਤੋਲਣ ਦਾ ਆਰਡਰ ਦੇ ਦਿੱਤਾ। ਮੈਂ ਪੈਸੇ ਜਮ੍ਹਾਂ ਕਰਾਏ ਤੇ ਸੱਤ ਬੋਰੀਆਂ `ਚ ਪੰਜਾਹ ਪੰਜਾਹ ਕਿੱਲੋ ਬੀਜ ਪੁਆ ਲਿਆ। ਰੇੜ੍ਹੀ ਵਾਲੇ ਨੇ ਬੋਰੀਆਂ ਬੱਸ ਅੱਡੇ `ਤੇ ਪੁਚਾ ਦਿੱਤੀਆਂ। ਦਮਦਮਾ ਸਾਹਿਬ ਤੋਂ ਬਰਨਾਲੇ ਜਾਣ ਵਾਲੀ ਬੱਸ ਆਈ ਤਾਂ ਮੈਂ ਡਰਾਈਵਰ ਨੂੰ ਪੁੱਛਿਆ, “ਬਾਈ ਜੀ, ਕਣਕ ਦੇ ਸੱਤ ਗੱਟੂ ਬਰਨਾਲੇ ਲਿਜਾਣੇ ਆਂ। ਚੜ੍ਹਾ ਲਾਂ?” ਉਸ ਨੇ ਖੁੱਲ੍ਹਦਿਲੀ ਨਾਲ ਕਿਹਾ, “ਚੜ੍ਹਾ ਲੈ।” ਪਰ੍ਹਾਂ ਸੁਰਮਾ ਪਾਈ ਸ਼ੁਕੀਨ ਬਣਿਆ ਕੰਡਕਟਰ ਕਹਿਣ ਲੱਗਾ, “ਅਸੀਂ ਬੱਸ ਦੀ ਛੱਤ ਨੀ ਤੁੜਾਉਣੀ।” ਮੈਂ ਨਰਮੀ ਨਾਲ ਕਿਹਾ, “ਵੀਰ ਜੀ, ਮੈਂ ਭਾਰ ਦਾ ਕਿਰਾਇਆ ਦੇਵਾਂਗਾ।” ਉਹ ਕਹਿੰਦਾ, “ਕਿਰਾਇਆ ਤਾਂ ਹਰੇਕ ਦਿੰਦਾ। ਅਸੀਂ ਇਕੋ ਸਵਾਰੀ ਦਾ ਏਨਾ ਭਾਰ ਨੀ ਲੱਦ ਸਕਦੇ।”
ਮੈਨੂੰ ਨਹੀਂ ਸੀ ਪਤਾ ਕਿ ਇਕ ਸਵਾਰੀ ਕਿੰਨਾ ਭਾਰ ਲਿਜਾ ਸਕਦੀ ਹੈ? ਖੁੱਲ੍ਹਦਿਲੇ ਡਰਾਈਵਰ ਨੂੰ ਮੈਂ ਫਿਰ ਬੇਨਤੀ ਕੀਤੀ। ਉਹ ਕਹਿਣ ਲੱਗਾ, “ਏਸ ਸ਼ੁਕੀਨ ਦੀ ਪਰਵਾਹ ਨਾ ਕਰ। ਚੁੱਪ ਕਰ ਕੇ ਬੋਰੀਆਂ ਬੱਸ `ਤੇ ਰਖਵਾ ਲੈ।”
ਡਰਾਈਵਰ ਮੈਨੂੰ ਨਰ ਬੰਦਾ ਲੱਗਾ। ਉਹਦੇ ਖਾਕੀ ਵਰਦੀ ਪਾਈ ਤੇ ਖਾਕੀ ਹੀ ਪੱਗ ਬੰਨ੍ਹੀ ਹੋਈ ਸੀ। ਮੈਂ ਬੋਰੀਆਂ ਬੱਸ `ਤੇ ਚੜਵ੍ਹਾਉਣ ਲਈ ਕੁਲੀ ਲੱਭਣ ਲੱਗਾ ਪਰ ਉਨ੍ਹੀਂ ਦਿਨੀਂ ਉਥੇ ਕੋਈ ਕੁਲੀ ਨਹੀਂ ਸੀ। ਹਾਰ ਕੇ ਮੈਂ ਆਪ ਹੀ ਪੰਜਾਹ ਕਿੱਲੋ ਦੀ ਬੋਰੀ ਮੋਢੇ `ਤੇ ਰੱਖੀ ਤੇ ਬੱਸ ਦੀਆਂ ਪੌੜੀਆਂ ਚੜ੍ਹਨ ਲੱਗਾ। ਬੋਰੀ ਬੱਸ ਦੀ ਛੱਤ `ਤੇ ਉਲਟਾਉਣ ਲੱਗਾ ਤਾਂ ਉਹ ਉਲਟ ਕੇ ਭੁੰਜੇ ਡਿੱਗ ਪਈ। ਮੈਨੂੰ ਲੱਗਾ ਕਿ ਇਹ ਮੈਥੋਂ `ਕੱਲੇ ਤੋਂ ਨੀ ਚੜ੍ਹਨੀਆਂ। ਆਪਣੇ ਆਪ ਨੂੰ ਕੋਸਣ ਲੱਗਾ ਕਿ ਏਡਾ ਪੰਗਾ ਕਾਹਨੂੰ ਲੈਣਾ ਸੀ?
ਚਾਹ ਪੀ ਕੇ ਮੁੜੇ ਡਰਾਈਵਰ ਨੇ ਮੈਨੂੰ ਪੁੱਛਿਆ, “ਤੂੰ ਬੋਰੀਆਂ ਕਿਉਂ ਨੀ ਚੜ੍ਹਾਉਂਦਾ? ਸਾਡਾ ਤਾਂ ਚੱਲਣ ਦਾ ਟੈਮ ਹੋ ਗਿਆ।” ਮੈਂ ਮਜਬੂਰੀ `ਚ ਆਖਿਆ, “ਏਥੇ ਬਾਈ ਜੀ ਕੋਈ ਬੋਰੀਆਂ ਚੜ੍ਹਵਾਉਣ ਵਾਲਾ ਨੀ ਮਿਲਿਆ। `ਕੱਲੇ ਤੋਂ ਮੈਥੋਂ ਚੜ੍ਹੀਆਂ ਨੀ।” ਉਸ ਨੇ ਕਿਹਾ, “ਆ ਮੈਂ ਚੜ੍ਹਵਾਉਨਾਂ।” ਅਸੀਂ ਦੋਹਾਂ ਨੇ ਬੋਰੀ ਚੁੱਕੀ। ਮੇਰੀ ਪੋਚਵੀਂ ਪੱਗ ਦਾ ਲਿਹਾਜ ਕਰਦਿਆਂ ਉਸ ਨੇ ਮੈਥੋਂ ਪਹਿਲਾਂ ਈ ਆਪਣਾ ਖਾਕੀ ਪੱਗ ਵਾਲਾ ਸਿਰ ਬੋਰੀ ਹੇਠਾਂ ਦੇ ਦਿੱਤਾ। ਇਕ ਇਕ ਕਰ ਕੇ ਸੱਤੇ ਬੋਰੀਆਂ ਬੱਸ ਦੀ ਛੱਤ `ਤੇ ਰੱਖੀਆਂ ਗਈਆਂ। ਮੇਰਾ ਮਨ ਉਸ ਭਲੇ ਪੁਰਸ਼ ਲਈ ਸ਼ੁਕਰਾਨੇ ਨਾਲ ਭਰ ਗਿਆ। ਉਸ ਨੇ ਰੁਮਾਲ ਨਾਲ ਪੱਗ ਝਾੜਦਿਆਂ ਕਿਹਾ, “ਲੈ ਐਸ ਮਾੜੇ ਜੇ ਕੰਮ ਲਈ ਕੁਲੀ ਨੇ ਪੰਜ ਰੁਪਏ ਲੈ ਲੈਣੇ ਸੀ।”
ਸ਼ੁਕਰਾਨਾ ਕਰਦਿਆਂ ਮੈਂ ਮਲਕ ਦੇਣੇ ਪੰਜਾਂ ਦਾ ਨੋਟ ਉਹਦੀ ਜੇਬ `ਚ ਪਾ ਦਿੱਤਾ। ਉਸ ਨੇ ਨੋਟ ਮੋੜਨ ਦੀ ਬਥੇਰੀ ਵਾਹ ਲਾਈ ਪਰ ਮੈਂ ਉਹਦੀ ਪੇਸ਼ ਨਾ ਜਾਣ ਦਿੱਤੀ ਤੇ ਕਿਹਾ “ਇਹ ਤਾਂ ਤੁਹਾਡੇ ਬੱਚਿਆਂ ਨੂੰ ‘ਪਿਆਰ’ ਐ।”
ਬੱਸ ਚੱਲ ਪਈ। ਕੋਟ ਸ਼ਮੀਰ ਦੇ ਅੱਡੇ `ਤੇ ਇਕ ਸਵਾਰੀ ਬੱਤਾ ਪੀਣ ਉੱਤਰ ਗਈ। ਡਰਾਈਵਰ ਹਾਰਨ ਮਾਰੀ ਗਿਆ ਪਰ ਸਵਾਰੀ ਮਿਜਾਜ਼ ਨਾਲ ਬੱਤਾ ਪੀ ਕੇ ਈ ਆਪਣੀ ਸੀਟ `ਤੇ ਆਈ। ਡਰਾਈਵਰ ਨੇ ਕਿਹਾ, “ਭਾਈ ਸਾਹਬ ਆਪਾਂ ਅੱਗੇ ਈ ਲੇਟ ਆਂ। ਤੁਸੀਂ ਹੋਰ ਲੇਟ ਕਰ ਦਿੱਤੈ।” ਅੱਗੋਂ ਸਵਾਰੀ ਨੇ ਹੋਰ ਹੀ ਸਲੋਕ ਸੁਣਾਇਆ, “ਲੇਟ ਤਾਂ ਤੂੰ ਆਪ ਬੋਰੀਆਂ ਚੜ੍ਹਵਾਉਂਦਾ ਹੋਇਐਂ, ਸਿਰ ਮੇਰੇ ਲਾਉਨੈਂ। ਪਹਿਲਾਂ ਆਪਣੀ ਪੱਗ ਤਾਂ ਝਾੜ ਲੈ।” ਉਸ ਦੀ ਇਹ ਚੁਭਵੀਂ ਚੋਟ ਮੈਨੂੰ ਬੜੀ ਰੜਕੀ ਪਰ ਡਰਾਈਵਰ ਤੇ ਮੈਂ ਦੋਵੇਂ ਕਸੀਸ ਵੱਟ ਕੇ ਚੁੱਪ ਰਹੇ।
ਮੈਂ ਡਰਾਈਵਰ ਦੀ ਸੀਟ ਤੋਂ ਕੁਝ ਸੀਟਾਂ ਪਿੱਛੇ ਬੈਠਾ ਸਾਂ। ਮੂਹਰੇ ਲੱਗੇ ਸ਼ੀਸ਼ੇ `ਚ ਜਦੋਂ ਸਾਡੀ ਨਜ਼ਰ ਮਿਲਦੀ ਤਾਂ ਅਸੀਂ ਨਜ਼ਰਾਂ ਨੀਵੀਆਂ ਕਰ ਲੈਂਦੇ ਮਤਾਂ ਇਕ ਦੂਜੇ ਨੂੰ ਸ਼ਰਮਿੰਦਗੀ ਹੋਵੇ। ਮੈਂ ਨਮੋਸ਼ੀ `ਚ ਡੁੱਬਾ ਸੋਚ ਰਿਹਾ ਸਾਂ ਕਿ ਮੇਰੀਆਂ ਬੋਰੀਆਂ ਚੜ੍ਹਾਉਣ ਕਰਕੇ ਵਿਚਾਰੇ ਡਰਾਈਵਰ ਨੂੰ ਬੇਇਜ਼ਤ ਹੋਣਾ ਪਿਆ ਸੀ। ਮੈਨੂੰ ਉਸ ਸਵਾਰੀ `ਤੇ ਗੁੱਸਾ ਆ ਰਿਹਾ ਸੀ ਜੋ ਪਿੱਛੇ ਬੈਠਾ ਯੱਕੜ ਮਾਰੀ ਜਾ ਰਿਹਾ ਸੀ।
ਬੱਸ ਬਰਨਾਲੇ ਪਹੁੰਚੀ ਤਾਂ ਮੈਂ ਕੁਲੀ ਦੀ ਮਦਦ ਨਾਲ ਬੋਰੀਆਂ ਲੁਹਾ ਲਈਆਂ ਤੇ ਬੱਧਨੀ ਵਾਲੀ ਬੱਸ `ਤੇ ਚੜ੍ਹਵਾ ਲਈਆਂ। ਬੱਸ ਚੱਲਣ `ਚ ਹਾਲੇ ਟਾਈਮ ਸੀ। ਮੈਂ ਡਰਾਈਵਰ ਨੂੰ ਸੁਲ੍ਹਾ ਮਾਰੀ, “ਆਓ ਬਾਈ ਜੀ ਚਾਹ ਪੀਈਏ।” ਉਸ ਨੂੰ ਚਾਹ ਪਿਆ ਕੇ ਮੈਂ ਉਹਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਸਾਂ ਜਾਂ ਇਉਂ ਸਮਝ ਲਓ ਕੋਟ ਸ਼ਮੀਰ ਦੇ ਅੱਡੇ `ਤੇ ਹੋਈ ਬਦਮਜ਼ਗੀ ਭੁਲਾਉਣੀ ਚਾਹੁੰਦਾ ਸਾਂ। ਉਸ ਨੇ ਕਿਹਾ, “ਬੱਸ ਅੱਡੇ `ਤੇ ਚਾਹ ਪਿਆਉਣੀ ਤਾਂ ਸਾਡਾ ਫਰਜ਼ ਐ।” ਤੇ ਅਸੀਂ ਚਾਹ ਪੀਣ ਜਾ ਬੈਠੇ।
ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਸ ਨੇ ਦੁਕਾਨਦਾਰ ਨੂੰ ਚਾਹ ਬਣਾਉਣ ਤੇ ਨਾਲ ਕੁਛ ਖਾਣ ਦਾ ਆਰਡਰ ਦੇ ਦਿੱਤਾ। ਮੈਂ ਉਸ ਤੋਂ ਪਹਿਲਾਂ ਚਾਹ ਪੀ ਕੇ ਦੁਕਾਨਦਾਰ ਨੂੰ ਪੈਸੇ ਦੇਣ ਲੱਗਾ ਤਾਂ ਉਸ ਨੇ ਹੰਮੇ ਨਾਲ ਦੁਕਾਨਦਾਰ ਨੂੰ ਰੋਕ ਦਿੱਤਾ, “ਇਨ੍ਹਾਂ ਤੋਂ ਪੈਸੇ ਨੀ ਲੈਣੇ। ਜੇ ਲਏ ਤਾਂ ਮੈਂ ਪਿਛਲੇ ਵੀ ਨੀ ਦੇਣੇ।” ਜ਼ੋਰ ਲਾਉਣ ਦੇ ਬਾਵਜੂਦ ਦੁਕਾਨਦਾਰ ਨੇ ਮੇਰੇ ਪੈਸੇ ਨਾ ਫੜੇ।
ਉਥੋਂ ਉਠ ਕੇ ਅਸੀਂ ਬੱਸਾਂ ਵੱਲ ਤੁਰ ਪਏ। ਮੁੜ ਮਿਲਣ ਦਾ ਇਕਰਾਰ ਕਰਦਿਆਂ ਮੈਂ ਡਰਾਈਵਰ ਨਾਲ ਬਗਲਗੀਰ ਹੋਇਆ ਤਾਂ ਉਸ ਨੇ ਉਹੀ ਤਲਵੰਡੀ ਸਾਬੋ ਵਾਲਾ ਪੰਜਾਂ ਦਾ ਨੋਟ ਮਲਕ ਦੇਣੇ ਮੇਰੀ ਜੇਬ `ਚ ਪਾ ਦਿੱਤਾ। ਮੈਂ ਤੁਰਤ ਨੋਟ ਕੱਢਿਆ ਤੇ ਉਹਦੇ ਲੱਖ ਰੋਕਣ ਦੇ ਬਾਵਜੂਦ ਉਹਦੀ ਜੇਬ `ਚ ਤੁੰਨਦਿਆਂ ਕਿਹਾ, “ਬਾਈ ਜੀ ਇਹ ਥੋਡੇ ਵਾਸਤੇ ਨਹੀਂ। ਇਹ ਤਾਂ ਥੋਡੇ ਬੱਚਿਆਂ ਦੇ ਖੰਡ ਖੇਲ੍ਹਣਿਆਂ ਲਈ ਐ। ਇਹਨੂੰ ਮੇਰਾ ਪਿਆਰ ਸਮਝੋ।”
ਪਤਾ ਨਹੀਂ ਕਿਉਂ ਉਹਦੀਆਂ ਅੱਖਾਂ ਭਰ ਆਈਆਂ ਤੇ ਮੇਰੀਆਂ ਵੀ ਸਿੱਲ੍ਹੀਆਂ ਹੋ ਗਈਆਂ। ਬੱਸ ਦੇ ਸ਼ੀਸ਼ੇ `ਚ ਨਜ਼ਰਾਂ ਨੀਵੀਆਂ ਕਰ ਲੈਣ ਵਾਂਗ ਸਾਨੂੰ ਫਿਰ ਇਕ ਦੂਜੇ ਤੋਂ ਨਜ਼ਰਾਂ ਨੀਵੀਆਂ ਕਰਨੀਆਂ ਪਈਆਂ। ਡਰ ਸੀ ਕਿ ਹੰਝੂ ਕਿਸੇ ਨੂੰ ਦਿਸ ਨਾ ਜਾਣ। ਅਚਾਨਕ ਮਿਲੇ ਰਾਹਗੀਰਾਂ ਦਾ ਕੈਸਾ ਰਿਸ਼ਤਾ ਸੀ ਇਹ? ਜਕੋਤਕੀ `ਚ ਅਸੀਂ ਡੋਲਦੇ ਜਿਹੇ ਆਪੋ ਆਪਣੀਆਂ ਬੱਸਾਂ ਵੱਲ ਤੁਰ ਪਏ। ਮੈਂ ਭਉਂ ਕੇ ਸਿੰਮਦੀਆਂ ਅੱਖਾਂ `ਚੋਂ ਧੁੰਦਲਾ ਜਿਹਾ ਵੇਖਿਆ, ਅਧਖੜ ਉਮਰ ਦਾ ਉਹ ਮੇਰਾ ਅਨੋਭੜ ਬਾਈ, ਬੋਰੀਆਂ ਦੇ ਭਾਰ ਹੇਠਾਂ ਓਨਾ ਨਹੀਂ ਸੀ ਝੰਵਿਆਂ ਜਿੰਨਾ ਪੰਜਾਂ ਰੁਪਿਆਂ ਦੇ ਭਾਰ ਹੇਠਾਂ ਝੁਕਿਆ ਜਾ ਰਿਹਾ ਸੀ!
ਬਾਅਦ ਵਿਚ ਮੈਂ ‘ਭਾਰ’ ਨਾਂ ਦੀ ਕਹਾਣੀ ਲਿਖੀ ਜੋ ਢੁੱਡੀਕੇ ਦੀ ਸਾਹਿਤ ਸਭਾ ਵਿਚ ਪੜ੍ਹੀ ਗਈ ਤੇ ‘ਆਰਸੀ’ ਵਿਚ ਛਪੀ। ਉਸ ਬਾਰੇ ਪੰਜਾਬੀ ਕਹਾਣੀ ਦੇ ਸਿਰਮੌਰ ਲੇਖਕ ਵਰਿਆਮ ਸਿੰਘ ਸੰਧੂ ਦੀ ਲਿਖੀ ਟਿੱਪਣੀ ਮੈਨੂੰ ਅਜੇ ਵੀ ਯਾਦ ਹੈ: ‘ਪੰਜ ਰੁਪਿਆਂ ਦਾ ਭਾਰ’ ਕਹਾਣੀ ਮਨੁੱਖੀ ਮਨ ਦੀ ਬਹੁ-ਰੰਗਤਾ, ਤਰਲਤਾ ਤੇ ਤਰੰਗਤਾ ਦਾ ਦਿਲ ਨੂੰ ਛੂਹ ਜਾਣ ਵਾਲਾ ਅਜਿਹਾ ਸਜਿੰਦ ਬਿਰਤਾਂਤ ਹੈ ਕਿ ਕਹਾਣੀ ਪੜ੍ਹਦਿਆਂ ਬਿਰਤਾਂਤਕਾਰ ਤੇ ਬੱਸ ਦੇ ਡਰਾਈਵਰ ਦੇ ਨਾਲ ਪਾਠਕ ਦੀਆਂ ਅੱਖਾਂ ਵੀ ਸਿੱਲ੍ਹੀਆਂ ਹੋ ਜਾਂਦੀਆਂ ਹਨ। ਬਿਰਤਾਂਤਕਾਰ ਆਪਣੀ ਗੱਲ ਕਹਿ ਕੇ ਤੇ ਡਰਾਈਵਰ ਬੱਸ ਵਿਚ ਬਹਿ ਕੇ ਆਪ ਤਾਂ ਦ੍ਰਿਸ਼ ਤੋਂ ਅਲੋਪ ਹੋ ਜਾਂਦੇ ਹਨ ਪਰ ਜਾਂਦੇ-ਜਾਂਦੇ ਦੋਵੇਂ ਜਣੇ ਆਪਣੇ ਮਨ ਦਾ ਸਾਰਾ ਭਾਰ ਪਾਠਕ ਦੇ ਮਨ `ਤੇ ਉਲੱਦ ਜਾਂਦੇ ਹਨ। ਮੈਂ ਜਦ ਵੀ ਇਸ ਕਹਾਣੀ ਦੇ ਅੰਤ ਨੂੰ ਚੇਤੇ ਕਰਦਾ ਹਾਂ ਤਾਂ ਓਸੇ ਵੇਲੇ ਦੋਵਾਂ ਪਾਤਰਾਂ ਦੇ ਮਨ ਦਾ ਭਾਰ ਮੇਰੇ ਮਨ ਉਤੇ ਆ ਟਿਕਦਾ ਹੈ।
ਪਰਿਨਚਿਪਅਲਸਅਰੱਅਨਸਿਨਗਹ@ਗਮiਅਲ.ਚੋਮ
