ਹਰਚਰਨ ਸਿੰਘ ਪਰਹਾਰ
ਫੋਨ: 403-681-8689
ਪਿਛਲੇ ਅੰਕ ਵਿਚ ‘ਮੀਰੀ-ਪੀਰੀ’ ਦੀ ਪ੍ਰਤੀਨਿਧਤਾ ਕਰਨ ਵਾਲ਼ੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਦਾ ਪਿਛਲੇ 50-60 ਵਰਿ੍ਹਆਂ ਦੀ ਕਾਰਗੁਜ਼ਾਰੀ ਦਾ ਸੰਖੇਪ ਜਿਹਾ ਲੇਖ-ਜੋਖਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਲੇਖ ਦੇ ਇਸ ਹਿੱਸੇ ਵਿਚ ਇਸੇ ਅਰਸੇ ਦੌਰਾਨ ਇਨ੍ਹਾਂ ਕੇਂਦਰੀ ਸੰਕਲਪਾਂ ਅਤੇ ਧਰਮ ਤੇ ਰਾਜਨੀਤੀ ਦੇ ਆਪਸੀ ਰਿਸ਼ਤੇ ਬਾਰੇ ਪ੍ਰਮੁੱਖ ਸਿੱਖ ਚਿੰਤਕਾਂ ਵਲੋਂ ਸਮੇਂ-ਸਮੇਂ ‘ਤੇ ਪ੍ਰਗਟਾਏ ਵਿਚਾਰਾਂ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਧਰਮ ਤੇ ਰਾਜਨੀਤੀ ਦੇ ਰਿਸ਼ਤੇ ਬਾਰੇ ਬਹਿਸ ਸਦੀਆਂ ਪੁਰਾਣੀ ਹੈ। ਜੇ ਇਹ ਕਹਿ ਲਿਆ ਜਾਵੇ ਕਿ ਇਸ ਬਾਰੇ ਚਰਚਾ ਦੀ ਸ਼ੁਰੂਆਤ ਇਸਾਈ ਧਰਮ ਵਿਚ ਪੰਜਵੀਂ ਸਦੀ ਦੇ ਉਘੇ ਧਰਮਸ਼ਾਸਤਰੀ ਅਤੇ ਫਿਲਾਸਫਰ ਸੰਤ ਔਗੱਸਟਾਈਨ ਦੀ ਵੱਡ ਅਕਾਰੀ ਪੁਸਤਕ ‘ਦੀ ਸਿਟੀ ਆਫ ਗਾਡ’ ਨਾਲ਼ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਅਨੇਕਾਂ ਨਾਮਵਰ ਇਸਾਈ ਫਿਲਾਸਫਰਾਂ ਨੇ ਇਸ ਬਾਰੇ ਚਰਚਾ ਕੀਤੀ। ਇਸਲਾਮ ਵਿਚ ਵੀ ਇਹ ਡੀਬੇਟ ਮੁਹੰਮਦ ਦੇ ਸਮੇਂ ਹੀ ਚੱਲ ਪਈ ਸੀ, ਜੋ ਅੱਜ ਤੱਕ ਜਾਰੀ ਹੈ। ਇਸੇ ਤਰ੍ਹਾਂ ਸਿੱਖਾਂ ਵਿਚ ਵੀ ਇਹ ਚਰਚਾ ਦੇਸ਼ ਦੀ ਅਜ਼ਾਦੀ ਤੋਂ ਬਾਅਦ ਸ਼ੁਰੂ ਹੋ ਗਈ ਸੀ, ਜੋ ਅਜ ਤੱਕ ਜਾਰੀ ਹੈ। ਸਿੱਖ ਪੰਥ ਵਿਚ, ‘ਧਰਮ ਤੇ ਰਾਜਨੀਤੀ’ ਦੇ ਸੁਮੇਲ ਨੂੰ ‘ਮੀਰੀਪੀਰੀ’ ਦਾ ਨਾਮ ਦਿੱਤਾ ਜਾਂਦਾ ਹੈ। ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਵਿਚ ਇਹ ਮਾਨਤਾ ਪ੍ਰਚਲਿਤ ਹੈ ਕਿ ਮੀਰੀ-ਪੀਰੀ ਦਾ ਸਿਧਾਂਤ ਗੁਰੂ ਹਰਿਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾ ਕੇ ਦਿੱਤਾ ਸੀ ਅਤੇ ਫਿਰ ਅਕਾਲ ਤਖਤ ਸਾਹਿਬ (ਅਕਾਲ ਬੁੰਗਾ) ਦੀ ਸਿਰਜਨਾ ਕਰਕੇ ਇਸ ਉਪਰ ਮੋਹਰ ਲਗਾ ਦਿੱਤੀ ਸੀ ਕਿ ਮੀਰੀ-ਪੀਰੀ ਦਾ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਸਾਰੇ ਦੁਨਿਆਵੀ ਤਖਤਾਂ ‘ਤੋਂ ਉਪਰ ਹੈ ਅਤੇ ਇਸਦਾ ਜਥੇਦਾਰ ਕਿਸੇ ਸਰਕਾਰ ਜਾਂ ਦੇਸ਼ ਦੇ ਕਨੂੰਨ ਨੂੰ ਜਵਾਬਦੇਹ ਨਹੀਂ ਹੈ।
‘ਧਰਮ ਤੇ ਰਾਜਨੀਤੀ’(ਮੀਰੀ-ਪੀਰੀ) ਦੇ ਸਬੰਧਾਂ ਨੂੰ ਗੁਰਮਤਿ ਦੀ ਸੋਝੀ ਅਨੁਸਾਰ ਸਮਝਣ ਲਈ ਪਿਛਲੀ ਸਦੀ ਦੇ ਸ਼੍ਰੋਮਣੀ ਸਿੱਖ ਚਿੰਤਕ ਪ੍ਰੋ ਪੂਰਨ ਸਿੰਘ ਦੀ ਪੁਸਤਕ ‘ਖਾਲਸੇ ਦਾ ਆਦਰਸ਼’ (ਸੰਪਾਦਕ ਪ੍ਰੋ ਗੁਰਮੁੱਖ ਸਿੰਘ, ਪੰਨਾ 163- 165) ਵਿਚਲੇ ਲੇਖ ‘ਸ੍ਰੀ ਦਰਬਾਰ ਸਾਹਿਬ’ ਸਿਰਲੇਖ ਹੇਠ ਲਿਖੇ ਲੇਖ ਤੋਂ ਕਾਫੀ ਸਪੱਸ਼ਟਤਾ ਮਿਲ ਸਕਦੀ ਹੈ। ਇਹ ਲੇਖ ਉਨ੍ਹਾਂ ਨੇ 100 ਕੁ ਸਾਲ ਪਹਿਲਾਂ ਲਿਖਿਆ ਸੀ। ਉਹ ਲਿਖਦੇ ਹਨ: ‘ਸਿੱਖੀ ਦੀ ਕਾਇਮੀ ਲਈ ਸਤਿਗੁਰਾਂ ਖਾਲਸਾ ਪੰਥ ਸਾਜਿਆ…ਸ੍ਰੀ ਦਰਬਾਰ ਸਹਿਬ ਸਿੱਖੀ ਦੇ ਕੇਂਦਰੀ ਧਾਰਮਿਕ ਅਸਥਾਨ ਹਨ, ਜਿੱਥੇ ਗੁਰੂ ਦੀ ਤਾਬਿਆ ਗੁਰੂ ਪੰਥ, ਕੀਰਤਨ ਤੇ ਨਾਮ ਸਿਮਰਨ ਨਾਲ਼ ਜਗਤ-ਜਲੰਦੇ ਨੂੰ ਠਾਰਦਾ ਹੈ। ਸ੍ਰੀ ਦਰਬਾਰ ਸਾਹਿਬ ਅਖੰਡ ਕੀਰਤਨ ਦਾ ਕੇਂਦਰ ਹੈ। ਜਗਤ ਵਿਚ ਕਿਸੇ ਮੰਦਰ ਵਿਚ ਦਿਨ-ਰਾਤ ਕੀਰਤਨ ਜਾਰੀ ਨਹੀਂ ਰਹਿੰਦਾ। ਇਸ ਵਾਸਤੇ ਇਹ ਹਰਿਮੰਦਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਤੇ ਸਿੱਖ ਪੰਥ ਅੰਦਰ ਮੀਰੀ-ਪੀਰੀ! ਸਾਰੇ ਜਗਤ ਦੇ ਧਰਮ ਦਾ ਕੇਂਦਰ ਹੈ, ਇਹ ਨਿਰੋਲ ਧਰਮ ਦਾ ਪਵਿੱਤਰ ਟਿਕਾਣਾ ਹੈ, ਇੱਥੇ ਧਰਮ ਦਾ ਸੂਰਜ ਸਦਾ ਚਮਕਣਾ ਚਾਹੀਏ। ਭਾਈਚਾਰਕ, ਪਦਾਰਥਕ, ਰਾਜਸੀ ਅੰਦੋਲਨਾਂ ਦੇ ਵਧਾਓਘਟਾਓ, ਜਗਤ ਵਿਚ ਹੁੰਦੇ ਰਹੇ ਹਨ ਤੇ ਹੁੰਦੇ ਰਹਿਣਗੇ, ਪਰ ਸਿੱਖ ਧਰਮ ਦੀ ਟੇਕ ਹੈ ਕਿ ‘ਸੁੱਚ ਧਰਮ’ ਅਬਚਲ ਵਸਤੂ ਹੈ। ਇਹ ਸਭ ਤੋਂ ਉਚੀ ਹੈ। ਭਾਈਚਾਰਕ, ਪਦਾਰਥਕ, ਰਾਜਸੀ ਟਿਕਾਣੇ ਅਨੇਕਾਂ ਹਨ, ਪਰ ਸ੍ਰੀ ਦਰਬਾਰ ਸਾਹਿਬ ਸੱਚੇ ਧਰਮ ਦਾ ਕੇਂਦਰ ਹੈ। ਜਿੱਥੇ ਨਾਮ ਦਾ ਚੱਕਰ ਅਤੇ ਸ਼ਬਦ ਦਾ ਕੇਂਦਰੀ ਲਹਿਰਾਓ, ਸਤਗਿੁਰਾਂ ਨੇ ਆਪ ਦਿੱਤਾ ਹੈ। ਇਹ ਹੋਰ ਥਾਂ ਨਹੀਂ ਹੋ ਸਕਦਾ। ਇਸ ਲਈ ਇਸ ਸਥਾਨ ਨੂੰ ‘ਸਿਰਮੌਰ’ ਰਖਣਾ ਸਿੱਖਾਂ ਦਾ ਮੁੱਖ ਧਰਮ ਹੈ। ਇਸ ਅਸਥਾਨ ਨੂੰ ਸਿੱਖਾਂ ਦਾ ਰਾਜਸੀ ਕੇਂਦਰ ਬਣਾਉਣਾ ਵਾਜਿਬ ਨਹੀਂ’।
ਇਸ ਤੋਂ ਅੱਗੇ ਉਨ੍ਹਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਮੁਗਲਾਂ ਵਿਰੁੱਧ ਲੜੇ ਯੁੱਧਾਂ ਦੀ ਚਰਚਾ ਕੀਤੀ ਹੈ ਕਿ ਕਿਵੇਂ ਮੁਗਲ ਸੈਨਾਪਤੀ ਮੁਖਲਸ ਖਾਨ ਵਲੋਂ ਅਚਾਨਕ ਹਮਲਾ ਕਰਨ ਲਈ ਆਉਣ ਦੀ ਖ਼ਬਰ ਮਿਲਣ ‘ਤੇ ਗੁਰੂ ਸਾਹਿਬ ਨੇ ਆਪਣੇ 25 ਗੁਰਸਿੱਖਾਂ ਨੂੰ ਲੋਹਗੜ੍ਹ ਭੇਜ ਕੇ ਹਰਿਮੰਦਰ ਸਾਹਿਬ ਆਉਣ ‘ਤੋਂ ਰੋਕਿਆ ਅਤੇ ਪਵਿਤਰ ਅਸਥਾਨ ਨੂੰ ਆਂਚ ਨਹੀਂ ਆਉਣ ਦਿੱਤੀ ਸੀ। ਭਵਿੱਖ ਵਿਚ ਇਸ ਪਵਿੱਤਰ ਅਸਥਾਨ ਦਾ ਕੋਈ ਨੁਕਸਾਨ ਹੋਵੇ, ਗੁਰੂ ਸਾਹਿਬ ਨੇ ਅੰਮ੍ਰਿਤਸਰ ਛੱਡ ਕੇ ਕੀਰਤਪੁਰ ਦੀਆਂ ਪਹਾੜੀਆਂ ਵਿਚ ਜਾ ਡੇਰੇ ਲਾਏ ਸਨ। ਇਸ ਪ੍ਰਥਾਏ ਪ੍ਰੋ ਪੂਰਨ ਸਿੰਘ ਨੇ ਕਵੀ ਸੰਤੋਖ ਸਿੰਘ ਦੇ ਗ੍ਰੰਥ ‘ਸੂਰਜ ਪ੍ਰਕਾਸ਼’ ਵਿਚੋਂ ਹਵਾਲਾ ਦਿੱਤਾ ਹੈ; ‘ਜੰਗ ਨਾ ਭਲੋ ਸੁਦਾ ਸਰ ਮਾਹਿ, ਆਵਹਿ ਤੁਰਕ ਅਦਬ ਰਹਿ ਨਾਹਿ’। ਪ੍ਰੋ ਪੂਰਨ ਸਿੰਘ ਅਨੁਸਾਰ ਗੁਰੂ ਸਾਹਿਬ ਦਾ ਹਰਿਮੰਦਰ ਸਾਹਿਬ ਨੂੰ ਜੰਗ-ਯੁੱਧ ਦਾ ਅੱਡਾ ਨਾ ਬਣਾਉਣਾ, ਉਸ ਅਸਥਾਨ ਨੂੰ ਛੱਡ ਕੇ ਚਲੇ ਜਾਣ ਦਾ ਮਕਸਦ, ਸਿਰਫ ਇਸ ਅਸਥਾਨ ਨੂੰ ‘ਸਿੱਖਾਂ ਦਾ ਰਾਜਸੀ ਕੇਂਦਰ’ ਬਣਨ ਤੋਂ ਬਚਾਉਣ ਦਾ ਹੀ ਸੀ। ਸਿੱਖ ਪੰਥ ਦੇ ਵਿਦਵਾਨ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਹੋਂਦ ‘ਚ ਆਉਣ ਸਮੇਂ ਹੀ ਭਾਂਪ ਲਿਆ ਸੀ ਕਿ ਸਾਰੀ ਮਨੁੱਖਤਾ ਦੇ ਸਾਂਝੇ ਅਸਥਾਨ ਦਰਬਾਰ ਸਾਹਿਬ ਨੂੰ ‘ਸਿੱਖ ਰਾਜਨੀਤੀ ਦਾ ਕੇਂਦਰ’ ਨਹੀਂ ਬਣਨ ਦੇਣਾ ਚਾਹੀਦਾ; ਹਿੰਸਕ ਸਿੱਖ ਰਾਜਨੀਤੀ ਦਾ ਬਿਲਕੁਲ ਵੀ ਨਹੀਂ। ਜੇ ਕਿਤੇ ਸਿੱਖਾਂ ਨੇ ਪ੍ਰੋ ਪੂਰਨ ਸਿੰਘ ਦੀ ਸਲਾਹ ਮੰਨੀ ਹੁੰਦੀ ਤਾਂ ਸ਼ਾਇਦ ਪੰਥ ਨੂੰ ਜੂਨ, 84 ਵਰਗੇ ਘੱਲੂਘਾਰੇ ਨਾ ਦੇਖਣੇ ਪੈਂਦੇ!
ਇੱਥੇ ਸਿੱਖ ਪੰਥ ਦੇ ਇੱਕ ਹੋਰ ਸਿਰਮੌਰ ਰਾਜਸੀ ਵਿਦਵਾਨ ਸਿਰਦਾਰ ਕਪੂਰ ਸਿੰਘ ਦੀ ਪ੍ਰੋ ਗੁਰਮੁੱਖ ਸਿੰਘ ਵਲੋਂ ਸੰਪਾਦਿਤ ਕਿਤਾਬ ‘ਰਾਜ ਕਰੇਗਾ ਖਾਲਸਾ’ ਦਾ ਹਵਾਲਾ ਦੇਣਾ ਬੇਹੱਦ ਰੌਚਕ ਰਹੇਗਾ ਕਿਉਂਕਿ ਕਪੂਰ ਸਿੰਘ ਆਪਣੀ ਲਿਖਤ ਵਿਚ ਪ੍ਰੋ ਪੂਰਨ ਸਿੰਘ ‘ਤੋਂ ਬਿਲਕੁਲ ਉਲਟ ਪੁਜ਼ੀਸ਼ਨ ਲੈਂਦੇ ਹਨ। ਕਪੂਰ ਸਿੰਘ ਨੇ ਆਪਣੀ ਇਹ ਲਿਖਤ ਇੱਕ ਹੋਰ ਵੱਡੇ ਸਿੱਖ ਵਿਦਵਾਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਸਾਬਕਾ ਵਾਈਸ ਚਾਂਸਲਰ ਭਾਈ ਜੋਧ ਸਿੰਘ ਦੇ ਇੱਕ ਲੈਕਚਰ ਦੇ ਵਿਰੋਧ ਵਿਚ ਲਿਖੀ ਸੀ, ਜਿਹੜਾ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਪਟਿਆਲ਼ਾ ਵਿਚ ਇੱਕ ਸੈਮੀਨਾਰ ਦੌਰਾਨ ਦਿੱਤਾ ਸੀ। ਉਨ੍ਹਾਂ ਕਿਹਾ ਸੀ: ‘ਇਹ ‘ਗਲਤ ਵਿਸ਼ਵਾਸ’ ਹੈ ਕਿ ਕਿਸੇ ਧਰਮ (ਸਮੇਤ ਸਿੱਖ ਧਰਮ) ਦੇ ਜ਼ਿੰਦਾ ਰਹਿਣ ਲਈ ਰਾਜ ਸੱਤਾ ਦਾ ਹੋਣਾ ਜਰੂਰੀ ਹੈ। ਇਸ ‘ਗਲਤ ਵਿਸ਼ਵਾਸ’ ਨੂੰ ਉਚੇਰੇ ਯਤਨਾਂ ਰਾਹੀਂ ਧਾਰਮਿਕ ਯੋਜਨਾਵਾਂ ਨਾਲ਼ ਜੋੜ ਕੇ ਸਿੱਖਾਂ ਦੀਆਂ ਸੰਗਠਿਤ ਵਿਉਂਤਬੰਦੀਆਂ ਦਾ ਭਾਗ ਬਣਾ ਕੇ, ਨਵਿਰਤ ਕਰਨਾ ਚਾਹੀਦਾ ਹੈ। ਸਿੱਖ ਸਿਆਸਤ ਧਰਮ ਨਾਲ਼ੋਂ ਬਿਲਕੁਲ ਵੱਖ ਹੋਣੀ ਚਾਹੀਦੀ ਹੈ’। ਸ. ਕਪੂਰ ਸਿੰਘ ਕਹਿੰਦੇ ਹਨ ਕਿ ਭਾਈ ਜੋਧ ਸਿੰਘ ਦੀਆਂ ਇਹ ਟਿੱਪਣੀਆਂ ਬਰਦਾਸ਼ਤ ਕਰਨਯੋਗ ਨਹੀਂ ਹਨ ਕਿਉਂਕਿ ਸਿੱਖ ਆਪਣੀ ਅਰਦਾਸ ਵਿਚ ਰੋਜ਼ਾਨਾ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਦੋਹਰਾ ‘ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ’ ਪੜ੍ਹਦੇ ਹਨ। (ਬਹੁਤੇ ਸਿੱਖ ਵਿਦਵਾਨ ਇਸ ਗੱਲ ਨਾਲ਼ ਸਹਿਮਤ ਹਨ ਕਿ ਅਰਦਾਸ ਵਾਲ਼ਾ ਦੋਹਰਾ ਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਨਹੀਂ ਹੈ, ਬੇਸ਼ੱਕ ਇਹ 18ਵੀਂ ਸਦੀ ਵਿਚ ਮਿਸਲਾਂ ਦੇ ਦੌਰ ਵਿਚ ਕਿਸੇ ਨਾ ਕਿਸੇ ਰੂਪ ‘ਚ ਪ੍ਰਚਲਤ ਜਰੂਰ ਸੀ, ਜਿਸਨੂੰ 19ਵੀਂ ਸਦੀ ਵਿਚ ਗਿਆਨੀ ਗਿਆਨ ਸਿੰਘ ਨੇ ‘ਸ੍ਰੀ ਗੁਰ ਪੰਥ ਪ੍ਰਕਾਸ਼’ ਵਿਚ ਕਵਿਤਾ ਰੂਪ ਵਿਚ ਲਿਖ ਕੇ ਸ਼ਾਮਿਲ ਕੀਤਾ ਸੀ) ਉਹ ਅੱਗੇ ਲਿਖਦੇ ਹਨ ਕਿ ਭਾਈ ਜੋਧ ਸਿੰਘ ਨੇ ਸਿੱਖਾਂ ਨੂੰ ਜੋ ਉਪਦੇਸ਼ ਦਿੱਤਾ ਹੈ; ਉਹ ਸਿੱਖੀ ਸਿਧਾਂਤਾਂ, ਸਿੱਖ ਇਤਿਹਾਸ ਦੇ ਪੂਰਨਿਆਂ, ਸਿੱਖ ਗੁਰੂਆਂ ਦੀਆਂ ਸਪੱਸ਼ਟ ਤੇ ਅਟੱਲ ਸਿਖਿਆਵਾਂ ਦਾ ਸਿੱਧਾ ਵਿਰੋਧ ਹੈ। 20- 25 ਪੰਨਿਆਂ ਦੀ ਇਸ ਲਿਖਤ ਵਿਚ ਕਪੂਰ ਸਿੰਘ ਜੀ ਗੁਰਬਾਣੀ, ਗੁਰ-ਇਤਿਹਾਸ, ਸਿੱਖ ਸਿਧਾਂਤਾਂ, ਗੁਰ-ਉਪਦੇਸ਼ਾਂ ਦਾ ਇੱਕ ਵੀ ਹਵਾਲਾ ਦੇ ਕੇ ਭਾਈ ਜੋਧ ਸਿੰਘ ਦਾ ਵਿਰੋਧ ਨਹੀਂ ਕਰਦੇ ਅਤੇ ਨਾ ਹੀ ‘ਧਰਮ ਤੇ ਰਾਜਨੀਤੀ’ ਦੇ ਸੁਮੇਲ ਜਾਂ ‘ਰਾਜ ਬਿਨਾਂ ਧਰਮ ਚੱਲ ਨਹੀਂ ਸਕਦਾ’ ਦੇ ਹੱਕ ਵਿਚ ਕੋਈ ਪੁਖਤਾ ਸਬੂਤ ਪੇਸ਼ ਕਰਦੇ ਹਨ। ਸਗੋਂ ਸਿੱਖਾਂ ਦੇ ‘ਜੰਗਜੂ ਕਿਰਦਾਰ’ ਅਤੇ ਜਮਾਂਦਰੂ ‘ਸ਼ਾਹਾਨਾ ਅਧਿਕਾਰ’ ਨੂੰ ਤਰਕਪੂਰਨ ਸਾਬਤ ਕਰਨ ਲਈ, ਉਹ ਦੁਨੀਆਂ ਭਰ ਦੇ ਰੱਬ ਦੀ ਹੋਂਦ ਤੋਂ ਵੀ ਇਨਕਾਰੀ ਵਿਦਵਾਨਾਂ, ਮਾਓ-ਜ਼ੇ-ਤੁੰਗ, ਨੀਤਸ਼ੇ, ਸਿਗਮੰਡ ਫਰਾਇਡ, ਓਸਵਾਰਡ ਸਪੈਂਗਲਰ, ਕਨਫਿਊਸ਼ੀਅਸ ਆਦਿ ਦੇ ਵਿਚਾਰਾਂ ਰਾਹੀਂ, ਪਤਾ ਨਹੀਂ ਕਿਵੇਂ ‘ਮੀਰੀ-ਪੀਰੀ’ ਜਾਂ ‘ਰਾਜ ਕਰੇਗਾ ਖਾਲਸਾ’ ਦਾ ਸਿਧਾਂਤ, ਕੱਢ ਰਹੇ ਹਨ? ਜਦਕਿ ਇਨ੍ਹਾਂ ਵਿਚਾਰਾਂ ਦਾ ਸਿੱਖੀ ਸਿਧਾਂਤਾਂ ਜਾਂ ਗੁਰਉਪਦੇਸ਼ਾਂ ਨਾਲ਼ ਕੋਈ ਸਰੋਕਾਰ ਨਹੀਂ ਬਣਦਾ। ਇਸ ਸੰਦਰਭ ਵਿਚ ਉਹ ਅੱਗੇ ਲਿਖਦੇ ਹਨ: ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ॥ ਖ਼ੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨਿ ਜੋ ਹੋਇ॥ ‘ਇਹ ਇੱਕ ਦੈਵੀ ਸੱਚ ਦਾ ਹੀ ਪ੍ਰਗਟਾਵਾ ਨਹੀਂ, ਬਲਕਿ ਭਲੀ-ਭਾਂਤ ਸਥਾਪਿਤ ਵਿਗਿਆਨਕ ਸਚਾਈ ਹੈ। ਲੌਰੰਜ, ਐਂਡਰੇ ਅਤੇ ਮੋਰਿਸ ਆਦਿ ਵਿਦਵਾਨਾਂ ਨੇ ਆਪਣੇ ਸਿਧਾਂਤ ਹਵਾ ਵਿਚੋ ਨਹੀਂ ਚੁਣੇ। ਉਨ੍ਹਾਂ ਦਾ ਸਬੰਧ ਪੂਰਨ ਤੌਰ ‘ਤੇ ਸਥਾਪਿਤ ਸ਼ੋਹਰਤ ਵਾਲ਼ੀ ਉਸ ਪੱਛਮੀ ਵਿਚਾਰਧਾਰਾ ਅਤੇ ਵਿਗਿਆਨਕ ਖੋਜਾਂ ਨਾਲ਼ ਹੈ, ਜਿਨ੍ਹਾਂ ਦਾ ਪਾਸਾਰ ਸਪੈਂਗਲਰ ਤੋਂ ਥਾਮਸ ਹੋਬਜ਼ ਰਾਹੀਂ ਸਿਗਮੰਡ ਫਰਾਇਡ ਤੱਕ ਫੈਲਿਆ ਹੋਇਆ ਹੈ। ਸਪੈਂਗਲਰ ਆਪਣੀ ਸਭ ਤੋਂ ਉਤਕ੍ਰਿਸ਼ਟ ਰਚਨਾ ‘ਡਿਕਲਾਈਨ ਆਫ ਦੀ ਵੈਸਟ’ ਵਿਚ ਲੜਾਕੇਪਨ ਸਬੰਧੀ ਆਪਣੇ ਦਾਅਵਿਆਂ ਬਾਰੇ ਬੜਾ ਦ੍ਰਿੜ ਰਹਿ ਚੁੱਕਾ ਹੈ। ਉਹ ਕਹਿੰਦਾ ਹੈ: ਮਾਸਾਹਾਰੀ ਜਾਨਵਰ, ਕਿਰਿਅਸ਼ੀਲ ਜੀਵਨ ਦਾ ਸਭ ਤੋਂ ਉਤਮ ਨਮੂਨਾ ਹਨ। ਮਨੁੱਖੀ ਨਸਲ ਇਸ ਕਰਕੇ ਉਚੀ ਮੰਨੀ ਜਾਂਦੀ ਹੈ ਕਿਉਂਕਿ ਇਹ ਮਾਸਾਹਾਰੀ ਜਾਨਵਰਾਂ ਦੀ ਸ਼੍ਰੇਣੀ ਨਾਲ਼ ਸਬੰਧ ਰੱਖਦੀ ਹੈ। ਮਨੁੱਖ ਝਗੜਨ, ਮਾਰਨ ਅਤੇ ਤਬਾਹ ਕਰਨ ਵਿਚ ਲੱਗਾ ਰਹਿੰਦਾ ਹੈ: ‘ਖਾਲਸਾ ਸੋ ਜੋ ਕਰੇ ਨਿੱਤ ਜੰਗ।’ (ਪੁਸਤਕ ਰਾਜ ਕਰੇਗਾ ਖਾਲਸਾ ਪੰਨਾ 124) ਪਰ ‘ਰਾਜ ਕਰੇਗਾ ਖਾਲਸਾ’ ਲੇਖ ਤੋਂ ਕਈ ਵਰ੍ਹੇ ਪਹਿਲਾਂ ਆਪਣੀ ਕਲਾਸਿਕ ਕ੍ਰਿਤ ‘ਪਾਰਾਸ਼ਰ ਪ੍ਰਸ਼ਨ’ ਵਿਚ ਕਪੂਰ ਸਿੰਘ, ਖਾਲਸਿਆਂ ਵਲੋਂ 70- 80 ਸਾਲਾਂ ਦੇ ਖੂਨੀ ਸੰਘਰਸ਼ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਰਾਹੀਂ ਆਏ ਸਿੱਖ ਰਾਜ ਦਾ ਵਿਰੋਧ, ਇਨ੍ਹਾਂ ਸ਼ਬਦਾਂ ਵਿਚ ਕਰਦੇ ਹਨ: ‘ਸ਼ੁਕਰਚੱਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨੇ 1799 ਵਿਚ ਲਾਹੌਰ ਅਤੇ ਆਲ਼ੇਦੁਆਲੇ ਦਾ ਇਲਾਕਾ ਦੂਜੀਆਂ ਪੰਥਕ ਧਿਰਾਂ (ਮਿਸਲਾਂ) ਪਾਸੋਂ ਖੋਹ ਲਿਆ। ਮਿਥੀ ਯੋਜਨਾ ਅਨੁਸਾਰ 1801 ਵਿਚ ਉਸਨੇ ਹਿੰਦੂ ਤਾਨਾਸ਼ਾਹ ਦੀ ਪਰੰਪਰਾ ਅਨੁਸਾਰ ਗੈਰ-ਸਿੱਖ ਰੁਤਬਾ ‘ਮਹਾਰਾਜਾ’ ਪਦ ਗ੍ਰਹਿਣ ਕਰ ਲਿਆ। ਜਿਸਨੇ ਸਿੱਖ ਸਿਆਸਤ ਦੇ ਆਧਾਰ ਉਪਰ ਗਹਿਰੀ ਸੱਟ ਮਾਰੀ। ਉਸਨੇ ਸਿੱਖ ਸਿਆਸਤ ਦੀ ਸ਼੍ਰੋਮਣੀ ਸੱਤਾ ‘ਗੁਰਮਤਾ’ ਦਾ ਭੋਗ ਪਾ ਦਿੱਤਾ। ਸਟੇਟ ਦੀ ਸਾਰੀ ਸ਼ਕਤੀ ਦਾ ਉਹ ਇਕੱਲਾ ਮਾਲਕ ਬਣ ਗਿਆ’। (ਪਾਰਾਸ਼ਰ ਪ੍ਰਸ਼ਨ ਪੰਨਾ: 215) ਮਹਾਰਾਜਾ ਰਣਜੀਤ ਸਿੰਘ ਬਾਰੇ ਉਹ ਅੱਗੇ ਲਿਖਦੇ ਹਨ: ‘ਰਣਜੀਤ ਸਿੰਘ ਦਾ ਕਿਰਦਾਰ ਰੂਹਾਨੀ ਤੌਰ ‘ਤੇ ਕਰੂਪ ਸੀ, ਉਸਨੇ ਮੌਤ ਤੋਂ ਪਹਿਲਾਂ ਆਪਣੇ ਵਾਰਿਸ ਦਾ ਹੱਥ ਨਮਕ ਹਰਾਮੀ ਧਿਆਨ ਸਿੰਘ ਡੋਗਰੇ ਨੂੰ ਫੜਾ ਦਿੱਤਾ ਤਾਂ ਕਿ ਉਸਦਾ ਖਾਨਦਾਨੀ ਰਾਜ ਕਾਇਮ ਰਹੇ। ਉਸਨੇ ਡੋਗਰਿਆਂ ਨੂੰ ਆਪਣੇ ਰਾਜ ਦਾ ਭਾਈਵਾਲ ਤਾਂ ਬਣਾਇਆ ਸੀ ਕਿ ਖਾਲਸਾ ਪੰਥ ਨੂੰ ਨਕੇਲ ਪਾਈ ਜਾ ਸਕੇ’। (ਪਾਰਾਸ਼ਰ ਪ੍ਰਸ਼ਨ ਪੰਨਾ: 220) ਸਿੱਖ ਭਾਈਚਾਰੇ ਵਿਚ ਧਾਰਨਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਿਚ ਚੰਦ ਕੁ ਨਿੱਜ਼ੀ ਕਮਜ਼ੋਰੀਆਂ ਹੋ ਸਕਦੀਆਂ, ਪਰ ਉਸਨੇ 40 ਕੁ ਸਾਲ ਦੇ ਰਾਜ ਵਿਚ ਇੱਕ ਸਫਲ, ਧਰਮ ਨਿਰਪੱਖ ਤੇ ਨਿਆਂਕਾਰੀ ਰਾਜੇ ਵਾਲਾ ਰਾਜ ਚਲਾਇਆ, ਜਿਸ ‘ਤੇ ਸਿੱਖਾਂ ਸਮੇਤ ਸਾਰੇ ਪੰਜਾਬੀਆਂ ਨੂੰ ਫਖਰ ਹੈ। ਭਾਈ ਜ ੋਧ ਸਿ ੰਘ ਪ ੍ਰ ੋ. ਪ ੂਰਨ ਸਿ ੰਘ ਇਸੇ ਅਧਾਰ ‘ਤੇ ਸਿੱਖ ਚਿੰਤਕ ਅਜਮੇਰ ਸਿੰਘ ਵਾਂਗ ਸਿੱਖ ਵਿਦਵਾਨਾਂ ਦਾ ਇੱਕ ਵੱਡਾ ਵਰਗ ਭਾਰਤ ਤੋਂ ਵੱਖਰੇ ਦੇਸ਼ ‘ਖਾਲਿਸਤਾਨ’ ਦਾ ਦਾਅਵਾ ਪੇਸ਼ ਕਰਦਾ ਹੈ, ਜਿਸ ਵਿਚ ਕਪੂਰ ਸਿੰਘ ਦੀ ਸੋਚ ਦੇ ਵਾਰਿਸ ਵੀ ਸ਼ਾਮਿਲ ਹਨ। ਪਰ ਜਦੋਂ ਕੋਈ ਪਾਠਕ ਇਸੇ ਕਿਤਾਬ ਦੇ ਚੈਪਟਰ ‘ਸਿੱਖ ਪੌਲੀਟੀ’ (ਸਿੱਖ ਰਾਜਨੀਤੀ) ਨੂੰ ਇਸ ਉਤਸ਼ਾਹ ਨਾਲ਼ ਪੜ੍ਹਦਾ ਹੈ ਕਿ ਸਿਰਦਾਰ ਸਾਹਿਬ ਦੀ ਵਿਦਵਤਾ ਰਾਹੀਂ ਪਤਾ ਲੱਗ ਸਕੇ ਕਿ ਸਿੱਖ ਪੌਲਿਟੀ (ਰਾਜਨੀਤੀ) ਦਾ ਸੁਭਾਓ ਕਿਹੋ ਜਿਹਾ ਹੋਵੇਗਾ ਤਾਂ ਉਸਨੂੰ ਇਹ ਚੈਪਟਰ ਪੜ੍ਹ ਕੇ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਜਦੋਂ ਉਹ ਲਿਖਦੇ ਹਨ: ‘ਇਹ ਬੜੀ ਬਚਕਾਨਾ ਦਲੀਲ ਹੈ ਕਿ ਰਣਜੀਤ ਸਿੰਘ ਨੇ ਵਿਗੜੀਆਂਤਿਗੜੀਆਂ ਸਿੱਖ ਮਿਸਲਾਂ ਨੂੰ ਲਾਮਬੰਦ ਕਰਕੇ ਸਿੱਖ ਰਾਜ ਕਾਇਮ ਕੀਤਾ।’ ਪੰਨਾ-221 (ਇੱਥੇ ਵਰਨਣਯੋਗ ਤੱਥ ਇਹ ਹੈ ਕਿ ਬਹੁਤੇ ਇਤਿਹਾਸਕਾਰਾਂ ਦਾ ਮੱਤ ਹੈ ਕਿ ਸਿੱਖ ਮਿਸਲਾਂ ਬਾਹਰਲੇ ਹਮਲੇ ਵੇਲੇ ਦੁਸ਼ਮਣ ਨਾਲ਼ ਲੜਦੀਆਂ ਸਨ ਅਤੇ ਜਦੋਂ ਬਾਹਰੋਂ ਹਮਲਾ ਨਾ ਹੋਵੇ ਤਾਂ ਆਪਸ ‘ਚ ਲੜਦੀਆਂ ਸਨ। ਜਿਸਦਾ ਲਾਭ ਉਠਾ ਕੇ ਮਹਾਰਾਜੇ ਨੇ ਆਪਣੀ ਤਾਕਤ ਤੇ ਕੂਟਨੀਤੀ ਨਾਲ਼ ਇਨ੍ਹਾਂ ਮਿਸਲਾਂ ਰਾਹੀਂ ਸਿੱਖ ਰਾਜ ਕਾਇਮ ਕੀਤਾ)। ਇਨ੍ਹਾਂ ਇਤਿਹਸਾਕ ਤੱਥਾਂ ਨਾਲ਼ ਸ. ਕਪੂਰ ਸਿੰਘ ਸਹਿਮਤ ਨਹੀਂ, ਉਨ੍ਹਾਂ ਅਨੁਸਾਰ: ‘ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨੀ ਸਿੱਖ ਰਾਜ ਨੇ ਉਸ ਕੁਦਰਤੀ ਵਹਿਣ ਨੂੰ ਰੋਕ ਦਿੱਤਾ, ਜੋ ਭਾਰਤ ਵਰਸ਼ ਵਿਚ ਹਜ਼ਾਰਾਂ ਸਾਲਾਂ ਤੋਂ ਵਗਦਾ ਆ ਰਿਹਾ ਸੀ ਅਤੇ ਜਿਸਨੂੰ ਸਿੱਖ ਗੁਰੂ ਸਾਹਿਬਾਨ ਨੇ ਪਵਿਤਰ ਮੰਨ ਕੇ ਖੁਦ ਪ੍ਰਵਾਨ ਚਾੜ੍ਹਿਆ ਸੀ। ਜੇ ਹਾਲਾਤ ਸਾਜ਼ਗਰ ਹੁੰਦੇ ਤਾਂ ਸਿੱਖਾਂ ਨੇ ਇਨ੍ਹਾਂ ਪਰੰਪਰਾਵਾਂ ਦੇ ਰੁਝਾਣ ਸਦਕਾ ਆਪਣੀ ਇੱਕ ਸ਼ਾਨਦਾਰ ਰਾਜ ਪ੍ਰਣਾਲ਼ੀ ਉਸਾਰ ਕੇ ਬਰਤਾਨੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਵਧੀਆ ਰਾਜ ਕਾਇਮ ਕਰ ਲੈਣਾ ਸੀ’। ਅਸਲ ਵਿਚ ਕਪੂਰ ਸਿੰਘ ਦਾ ਮੱਤ ਸੀ ਕਿ ਸਿੱਖ ਮੱਤ ਦੀਆਂ ਜੜ੍ਹਾਂ ਪ੍ਰਾਚੀਨ ਭਾਰਤੀ ਸੰਸਕ੍ਰਿਤੀ, ਸਨਾਤਨ ਮੱਤ, ਆਰੀਅਨ ਤੇ ਵੈਦਿਕ ਪਰੰਪਰਾ ਵਿਚ ਪਈਆਂ ਹਨ। ਇਸਨੂੰ ਸਪੱਸ਼ਟ ਕਰਨ ਲਈ ਉਹ ਇਸੇ ਕਿਤਾਬ ਦੇ ਪੰਨਾ 201 ‘ਤੇ ਲਿਖਦੇ ਹਨ: ‘ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਖਾਲਸੇ ਨੂੰ ਸੰਪੂਰਨ ਕਰਕੇ ਉਸਨੂੰ ਅਲੌਕਿਕ ਸੁਤੰਤਰਤਾ ਦਾ ਮਾਲਕ ਬਣਾਇਆ ਸੀ, ਉਸ ਦੀਆਂ ‘ਜੜ੍ਹਾਂ ਸਨਾਤਨ ਆਰੀਆ ਪਰੰਪਰਾ ਅਤੇ ਸਿਆਸਤ’ ਵਿਚ ਪਈਆਂ ਹਨ’। ਸਰਦਾਰ ਸਾਹਿਬ ਅਨੁਸਾਰ ਭਾਰਤ ਦੀ ਵੈਦਿਕ ਆਰੀਅਨ ਪਰੰਪਰਾ ਅਨੁਸਾਰ ਇੱਥੇ ਛੋਟੇ-ਛੋਟੇ ਲੋਕਤੰਤਰੀ ਗਣਰਾਜ ਹੁੰਦੇ ਸਨ। ਰਾਜਾਸ਼ਾਹੀ ਵਾਲ਼ਾ ਸਿਸਟਮ ਬਾਅਦ ਵਿਚ ਆਇਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਖਾਨਦਾਨੀ ਰਜਵਾੜਾਸ਼ਾਹੀ ਰਾਜ ਬਣਾ ਕੇ ਸਿੱਖਾਂ ਨੂੰ ਪ੍ਰਾਚੀਨ ਆਰੀਅਨ ਵੈਦਿਕ ਪਰੰਪਰਾਵਾਂ ਨਾਲ਼ੋਂ ਤੋੜ ਦਿੱਤਾ। ਸਿੱਖਾਂ ਦੇ ਰਾਜਨੀਤੀ ਵਿਚ ਫੇਲ੍ਹ ਹੋਣ ਦੇ ਕਾਰਨਾਂ ਬਾਰੇ ਚਰਚਾ ਕਰਦਿਆਂ, ਕਪੂਰ ਸਿੰਘ ‘ਪਾਰਾਸ਼ਰ ਪ੍ਰਸ਼ਨ’ ਦੇ ਪੰਨਾ 189 ‘ਤੇ ਲਿਖਦੇ ਹਨ: ‘ਸ਼ਿਵਾ ਜੀ ਅਤੇ ਸਿੱਖਾਂ ਵਿਚ ਜਦੋਂ ਪੁਨਰਜਾਗਰਣ ਦੀ ਲਹਿਰ ਪੈਦਾ ਹੋਈ, ਬਤੌਰ ਸਿਆਸਤ, ਸਿੱਖ ਨਾਕਾਮਯਾਬ ਰਹੇ ਕਿਉਂਕਿ ਉਨ੍ਹਾਂ ਨੇ ਆਪਣੇ-ਆਪ ਨੂੰ ‘ਮੂਲ’ (ਸਨਾਤਨ ਆਰੀਅਨ ਵੈਦਿਕ ਪਰੰਪਰਾ) ਨਾਲ਼ ਨਹੀਂ ਜੋੜਿਆ। ਉਨ੍ਹਾਂ ਨੇ ਉਹੋ ਰਾਜ ਪ੍ਰਣਾਲ਼ੀ ਅਪਨਾ ਲਈ, ਜੋ ਉਸ ਸਮੇਂ ਆਲ਼ੇ-ਦੁਆਲ਼ੇ ਪ੍ਰਚਲਤ ਸੀ’। ਭਾਵ ਹਿੰਦੂ ਤੇ ਮੁਗਲ ਰਾਜਿਆਂ ਵਾਲ਼ੀ ਰਜਵਾੜਾਸ਼ਾਹੀ ਦੀ ਰਾਜਨੀਤੀ ਅਪਨਾ ਲਈ। -ਚੱਲਦਾ-