ਸਰਬਜੀਤ ਧਾਲੀਵਾਲ
ਫੋਨ: 98141-23338
ਨਵਦੀਪ ਸਿੰਘ ਗਿੱਲ। ਕੌਣ ਹੈ ਇਹ? ਇਸਦਾ ਇੱਥੇ ਜ਼ਿਕਰ ਕਿਉਂ ਹੋ ਰਿਹਾ ਹੈ। ਫਿਲਹਾਲ ਰੁਕੋ। ਇਸ ਬਾਰੇ ਬਾਅਦ ‘ਚ ਗੱਲ ਕਰਦੇ ਹਾਂ। ਪਹਿਲਾਂ ਉਸਦੇ ਵਿਅਕਤਿਤਵ ਬਾਰੇ ਗੱਲ ਕਰਦੇ ਹਾਂ। ਨਵਦੀਪ ਗਿੱਲ ਨੂੰ ਦੇਖ ਕੇ ਚਾਅ ਚੜ੍ਹ ਜਾਂਦਾ ਹੈ। ਉਸਨੂੰ ਮਿਲ ਕੇ, ਗੱਲਾਂ ਕਰਕੇ ਉਦਾਸੀ ਪਲਾਂ ਵਿਚ ਹੀ ਖੇੜੇ, ਖੁਸ਼ੀ ‘ਚ ਬਦਲ ਜਾਂਦੀ ਹੈ। ਆਲੇ-ਦੁਆਲੇ ਰੌਣਕ ਲੱਗ ਜਾਂਦੀ ਹੈ।
ਉਸਦਾ ਹੱਸਣਾ ਖਿੜੀ ਦੁਪਹਿਰ ਵਰਗਾ ਹੈ। ਉਸਦਾ ਮੂੰਹ ਹੀ ਨਹੀਂ, ਉਸ ਦਾ ਸਾਰਾ ਸਰੀਰ ਗੱਲਾਂ ਕਰਦਾ ਹੈ। ਗੱਲਾਂ ਕਰਦਾ-ਕਰਦਾ ਉਹ ਏਨਾ ਖੋ ਜਾਂਦਾ ਹੈ ਕਿ ਉਸ ਨੂੰ ਸਮੇਂ ਦਾ ਚਿੱਤ-ਚੇਤਾ ਨਹੀਂ ਰਹਿੰਦਾ। ਉਸਦੇ ਅੰਦਰ ਬੇਥਾਹ ਐਨਰਜੀ ਹੈ ਤੇ ਡੁੱਲ੍ਹ-ਡੁੱਲ੍ਹ ਪੈਂਦਾ ਜਜ਼ਬਾ। ਉਸਨੇ ਹੁਣ ਤੱਕ ਆਪਣੇ ਅੰਦਰ ਏਨਾ ਕੁਝ ਸਮੋ ਲਿਆ ਹੈ ਕਿ ਉਸਦਾ ਦੁਬਾਰਾ ਸ਼ੁਰੂ ਕੀਤਾ ਬਿਰਤਾਂਤ ਮੁਕਣ ‘ਚ ਹੀ ਨਹੀਂ ਆਉਂਦਾ।
ਕੌਣ ਹੈ ਇਹ ਨਵਦੀਪ ਗਿੱਲ? ਉਹ ਖੇਡ ਸੰਸਾਰ ‘ਚ ਵਿਚਰਣ ਵਾਲਾ ਬਹੁਤ ਹੀ ਜਜ਼ਬਾਤੀ ਤੇ ਸਿਰੜੀ ਲੇਖਕ ਹੈ। ਉਸਨੂੰ ਨਾਮੀ ਖਿਡਾਰੀਆਂ ਨੂੰ ਮਿਲ ਕੇ, ਗੱਲਾਂ ਕਰਕੇ ਤੇ ਉਨ੍ਹਾਂ ਬਾਰੇ ਲਿਖ ਕੇ ਮਾਣ ਮਹਿਸੂਸ ਹੁੰਦਾ ਹੈ। ਉਸਨੂੰ ਅਦਬੀ ਲੋਕਾਂ ਦੀ ਸੰਗਤ ਕਰਨ ਦਾ ਭੁਸ ਵੀ ਹੈ। ਬਤੌਰ ਖੇਡ ਲਿਖਾਰੀ ਉਹ ਪ੍ਰਿੰਸੀਪਲ ਸਰਵਣ ਸਿੰਘ ਦਾ ਸੁਲਝਿਆ ਤੇ ਨਿਖਰਿਆ ਹੋਇਆ ਵਾਰਿਸ ਹੈ। ਭਾਵੇਂ ਪ੍ਰਿੰਸੀਪਲ ਨੇ ਹੋਰ ਵੀ ਬਹੁਤ ਕੁਝ ਹੀਰੇ-ਮੋਤੀਆਂ ਜੜ੍ਹਿਆ ਲਿਖਿਆ ਹੈ ਪਰ ਮੂਲ ਰੂਪ ਵਿਚ ਉਹ ਖੇਡ ਲਿਖਾਰੀ ਦੇ ਤੌਰ ‘ਤੇ ਹੀ ਟੀਸੀ ਦਾ ਬੇਰ ਬਣਿਆ ਹੈ। ਨਵਦੀਪ ਗਿੱਲ ਪ੍ਰਿੰਸੀਪਲ ਸਾਹਿਬ ਦਾ ਚੇਲਾ ਹੈ। ਇਹ ਗੱਲ ਉਨ੍ਹਾਂ ਲਿਖੀ ਵੀ ਹੈ। ਨਵਦੀਪ ਗਿੱਲ ਹੁਣ ਤਕ ਦਰਜਨ ਤੋਂ ਵੱਧ ਖੇਡਾਂ ਤੇ ਖਿਡਾਰੀਆਂ ਬਾਰੇ ਪੁਸਤਕਾਂ ਪੰਜਾਬੀਆਂ ਦੀ ਝੋਲੀ ਪਾ ਚੁੱਕਿਆ ਹੈ। ਇਨ੍ਹਾਂ ਕਿਤਾਬਾਂ ‘ਚ-ਖੇਡ ਅੰਬਰ ਦੇ ਪੰਜਾਬੀ ਸਿਤਾਰੇ; ਮੈਂ ਇਵੇਂ ਵੇਖੀਆਂ ਏਸ਼ਿਆਈ ਖੇਡਾਂ; ਅੱਖੀਂ ਵੇਖੀਆਂ ਓਲੰਪਿਕ ਖੇਡਾਂ; ਨੌਂ-ਲੱਖਾ ਬਾਗ; ਉਡਣਾ ਬਾਜ਼; ਫਰਾਟਾ ਕਿੰਗ ਉਸੈਨ ਬੋਲਟ; ਗੋਲਡਨ ਬੋਏ ਨੀਰਜ ਚੋਪੜਾ; ਹਾਕੀ ਦਾ ਜਾਦੂਗਰ ਧਿਆਨ ਚੰਦ ਅਤੇ ਟੋਕਿਓ ਓਲੰਪਿਕਸ ਦੇ ਸਾਰੇ ਹਾਕੀ ਸਿਤਾਰੇ ਸ਼ਾਮਿਲ ਹਨ।
ਇਥੇ ਨਵਦੀਪ ਗਿੱਲ ਦਾ ਜ਼ਿਕਰ ਉਸਦੀ ਨਵੀਂ ਕਿਤਾਬ ਨੂੰ ਲੈ ਕੇ ਹੋ ਰਿਹਾ ਹੈ। ਕਿਤਾਬਾਂ ਛਪਦੀਆਂ ਰਹਿੰਦੀਆਂ ਨੇ। ਕੁੱਝ ਪੜ੍ਹੀਆਂ ਜਾਣ ਵਾਲੀਆਂ ਹੁੰਦੀਆਂ ਨੇ ਤੇ ਕੁਝ ਸਿਰਫ ਲਾਇਬ੍ਰੇਰੀਆਂ ਦੇ ਖਾਨਿਆਂ ਚ ਰੁਦਨ ਕਰਨ ਲਈ ਹੁੰਦੀਆਂ ਹਨ। ਨਵਦੀਪ ਦੀ ਨਵੀਂ ਕਿਤਾਬ ਪੜ੍ਹੀ ਜਾਣ ਵਾਲੀ ਹੈ। ਇਸ ਦੀ ਵਿਲੱਖਣਤਾ ਇਹ ਹੈ ਕੇ ਇਹ ਗੁਰਮੁਖੀ ਦੇ ਨਾਲ ਸ਼ਾਹਮੁਖੀ ਵਿਚ ਵੀ ਛਪੀ ਹੈ। ਸਪਸ਼ਟ ਹੈ ਕਿ ਇਸ ਵਿਚ ਲਹਿੰਦੇ ਪੰਜਾਬ ਬਾਰੇ ਵੀ ਕੁੱਝ ਦਿਲਚਸਪ ਹੋਵੇਗਾ। ਕਿਤਾਬ ਦਾ ਨਾਂ ਹੈ: ‘ਪੰਜ-ਆਬ ਦੇ ਸ਼ਾਹ ਅਸਵਾਰ’ ਕਿਤਾਬ ਖੇਡ ਸੰਸਾਰ ‘ਚ ਚਮਕ ਚੁਕੇ ਤੇ ਚਮਕ ਰਹੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖੇਡ ਸਿਤਾਰਿਆਂ ਬਾਰੇ ਹੈ। ਸ਼ਾਹਮੁਖੀ ਐਡੀਸ਼ਨ ‘ਤੋਂ ਪਰਦਾ ਲਾਹੌਰ ‘ਚ ਪੰਜਾਬੀ ਲੇਖਕਾਂ ਦੇ ਇਕੱਠ `ਚ ਹਟਾਇਆ ਗਿਆ ਹੈ। ਨਵਦੀਪ ਵੀ ਲਾਹੌਰ ਪਹੁੰਚਿਆ ਹੋਇਆ ਹੈ।
ਖੇਡਾਂ ਤੇ ਖੇਡ ਸੰਸਾਰ ਦੇ ਨਾਇਕਾਂ ਨਾਲ ਮੋਹ ਰੱਖਣ ਵਾਲਿਆਂ ਦਾ ਇਹ ਕਿਤਾਬ ਪੜ੍ਹ ਕੇ ਮਨ ਖੇਡ ਜਗਤ ਦੇ ਡੂੰਘੇ ਸਮੁੰਦਰਾਂ ‘ਚ ਤਾਰੀਆਂ ਲਾਉਣ ਲਗੇਗਾ। ਇਹ ਮੇਰੀ ਧਾਰਨਾ ਹੈ। ਜੋ ਵੱਡੀ ਉਮਰ ਦੇ ਨੇ ਉਨ੍ਹਾਂ ਨੂੰ ਬਹੁਤ ਕੁਝ ਜਵਾਨੀ ਦੇ ਦਿਨਾਂ ਦਾ ਯਾਦ ਆਵੇਗਾ। ਜਦੋਂ ਨਵਦੀਪ ਆਪਣੀ ਕਿਤਾਬ ‘ਚ ਸਮੀਉਲਾ ਦਾ ਜ਼ਿਕਰ ਕਰਦਾ ਹੈ, ਉਦੋਂ ਮੇਰੇ ਦਿਮਾਗ ‘ਚ ਚਲ ਰਹੀ ਘੜੀ ਕੋਈ 50 ਸਾਲ ਪਿਛੇ ਵਲ ਪਟਿਆਲੇ ਦੇ ਯਾਦਵਿੰਦਰਾ ਪਬਲਿਕ ਸਕੂਲ ਦੇ ਸਟੇਡੀਅਮ ਵਿਚ ਆ ਰੁਕਦੀ ਹੈ। ਇਥੇ ਭਾਰਤ ਤੇ ਪਾਕਿਸਤਾਨ ਦੇ ਚੋਟੀ ਦੇ ਹਾਕੀ ਖਿਡਾਰੀਆਂ ਤੋਂ ਇਲਾਵਾ ਇਕ-ਦੋ ਹੋਰ ਦੇਸ਼ਾਂ ਦੇ ਖਿਡਾਰੀਆਂ ਨੂੰ ਲੈ ਕੇ ਤੇਹਰਾਨ ਏਸ਼ਿਆਈ ਗੇਮਜ਼ ਤੋਂ ਬਾਅਦ ਬਣੀ ਆਲ ਏਸ਼ੀਅਨ ਸਟਾਰ ਟੀਮ ਦਾ ਪ੍ਰਦਰਸ਼ਨੀ ਮੈਚਾਂ ਦੀ ਲੜੀ ਤਹਿਤ ਮੈਚ ਹੋਣਾ ਸੀ। ਸਾਡੇ ਕਾਲਜ ਦੇ ਡੀ.ਪੀ.ਈ. ਸ. ਮੱਘਰ ਸਿੰਘ ਸਾਨੂੰ ਇਹ ਮੈਚ ਦਿਖਾਉਣ ਲਈ ਲੈ ਕੇ ਆਏ। ਸਟੇਡੀਅਮ ਵਿਚ ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਲੋਹੜੇ ਦੀ ਭੀੜ। ਜਿਥੇ ਕਿਤੇ ਕਿਸੇ ਦਾ ਪੈਰ ਅਟਕਦਾ, ਉੱਥੇ ਹੀ ਫਸਾ ਕੇ ਖੜ ਜਾਂਦਾ। ਇਸ ਵਿਚ ਏਸ਼ੀਅਨ ਸਟਾਰ ਟੀਮ ਵਲੋਂ ਭਾਰਤ ਤੇ ਪਾਕਿਸਤਾਨ ਦੇ ਅੰਤਰਰਾਸ਼ਟਰੀ ਪੱਧਰ ‘ਤੇ ਸਿੱਕਾ ਜਮਾ ਚੁਕੇ ਖਿਡਾਰੀਆਂ ਨੇ ਖੇਡਣਾ ਸੀ। ਇਨ੍ਹਾਂ ਖਿਡਾਰੀਆਂ ਚ ਸਮੀਉਲਾ (ਸਮੀ) ਤੇ ਇਸਲਾਉਦੀਨ, ਫਿਲਿਪਸ, ਗਣੇਸ਼, ਰਸ਼ੀਦ, ਅਖਤਰ ਰਸੂਲ ਅਤੇ ਅਸ਼ੋਕ ਕੁਮਾਰ ਵੀ ਸ਼ਾਮਿਲ ਸੀ। ਮੈਚ ਸ਼ੁਰੂ ਹੋਇਆ ਤੇ ਚੁੱਪ ਵਰਤ ਗਈ। ਲੋਕ ਇਸ ਮੈਚ ਦਾ ਪਲ-ਪਲ ਮਾਨਣ ਲਈ ਆਏ ਸਨ। ਸਮੀਉਲਾ ਤੇ ਇਸਲਾਉਦੀਨ ਨੂੰ ਖੇਡਦੇ ਵੇਖ ਕੇ ਸਰੀਰ ‘ਚ ਲੋਰ ਉੱਠਦੀ ਸੀ ਤੇ ਨਸ਼ੇ ਵਾਂਗ ਚੜ੍ਹ ਜਾਂਦੀ ਸੀ।
ਸਮੀ ਦਾ ਸਟਿੱਕ ਵਰਕ, ਉਸਦੀ ਸਪੀਡ ਤੇ ਬਾਲ ਕੰਟਰੋਲ, ਬਸ ਤੌਬਾ-ਤੌਬਾ। ਜਦੋਂ ਬਾਲ ਸਮੀ ਜਾਂ ਇਸਲਾਉਦੀਨ ਕੋਲ ਆਉਂਦੀ ਤਾਂ ਹਜ਼ਾਰਾਂ ਸਿਰ ਉਧਰ ਹੀ ਘੁੰਮ ਜਾਂਦੇ। ਕਿਤਾਬ ਪੜ੍ਹ ਕੇ ਪਤਾ ਲਗਦਾ ਹੈ ਕਿ ਲਹਿੰਦੇ ਪੰਜਾਬ ‘ਚ ਹਾਕੀ ਪਿਤਾ-ਪੁਰਖੀ ਵਰਤਾਰਾ ਹੈ। ਸਮੀ ਨੂੰ ਹਾਕੀ ਦੀ ਗੁੜ੍ਹਤੀ ਆਪਣੇ ਚਾਚੇ ਮੋਤੀਉਲ੍ਹਾ ਤੋਂ ਮਿਲੀ, ਜੋ ਲਗਾਤਾਰ ਤਿੰਨ ਓਲੰਪਿਕਾਂ ਖੇਡਿਆ ਤੇ 1960 ਵਿਚ ਰੋਮ ਓਲੰਪਿਕ ਵਿਚ ਸੋਨੇ ਦਾ ਤਗਮਾ ਜਿਤਿਆ ਤੇ ਦੋ ਓਲੰਪਿਕਾਂ ਵਿਚ ਚਾਂਦੀ ਦਾ। ਸਮੀ ਨੇ ਹਾਕੀ ਖੇਡ ਸੰਸਾਰ ‘ਚ ਜੋ ਧੂਮਾਂ ਪਾਈਆਂ, ਕਿਤਾਬ ਪੜ੍ਹ ਕੇ ਹੀ ਪਤਾ ਲੱਗਦਾ ਹੈ। ਨਵਦੀਪ ਲਿਖਦਾ ਹੈ ਕਿ ਸਮੀ ਉਸ ਹਾਕੀ ਟੀਮ ਦਾ ਕਪਤਾਨ ਸੀ, ਜਿਸ ਨੇ 1982 ਵਿਚ ਨਵੀਂ ਦਿੱਲੀ ‘ਚ ਹੋਈਆਂ ਏਸ਼ੀਆਈ ਖੇਡਾਂ ‘ਚ ਭਾਰਤ ਨੂੰ 7-1 ਗੋਲਾਂ ਨਾਲ ਹਰਾਇਆ। ਇਸ ਮੁਕਾਬਲੇ ਨੂੰ ਦੇਖਣ ਲਈ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਟੇਡੀਅਮ ‘ਚ ਹਾਜ਼ਰ ਸਨ। ਸਮੀ ਅਣਖੀ ਮਿਜ਼ਾਜ ਦਾ ਖਿਡਾਰੀ ਸੀ ਤੇ ਇਸ ਕਰਕੇ ਉਸਦੀ ਆਪਣੇ ਦੇਸ਼ ਦੀ ਹਾਕੀ ਫੈਡਰੇਸ਼ਨ ਨਾਲ ਖੜਕਦੀ ਰਹਿੰਦੀ ਸੀ।
ਸਮੀ ਦਾ ਭਰਾ ਕਾਲੀਮਉਲ੍ਹਾ ਵੀ ਆਪਣੇ ਦੇਸ਼ ਵਲੋਂ ਹਾਕੀ ਖੇਡਿਆ। ਇਕ ਸਮਾਂ ਇਹੋ ਜਿਹਾ ਵੀ ਸੀ ਕਿ ਦੋਨੇ ਭਰਾ ਹੀ ਪਾਕਿਸਤਾਨ ਦੀ ਟੀਮ ਵਿਚ ਇਕੱਠੇ ਖੇਡੇ। ਸਮੀ ਫਾਰਵਰਡ ਕਤਾਰ ਦੀ ਤੇਜ਼-ਤਰਾਰ ਖੇਡ ਖੇਡਦਾ ਸੀ। ਕਿਤਾਬ ‘ਚ ਅਖਤਰ ਰਸੂਲ ਦਾ ਵੀ ਜ਼ਿਕਰ ਹੈ। ਰਸੂਲ ਨੂੰ ਵੀ ਹਾਕੀ ਖੇਡ ਵਿਰਸੇ ‘ਚ ਮਿਲੀ ਸੀ। ਰਸੂਲ ਦਾ ਜ਼ਿਕਰ ਪੜ੍ਹਦੇ ਹੀ ਹਾਕੀ ਕਮੈਂਟਰੀ ਦਾ ਸਹਿਨਸ਼ਾਹ ਸਵਰਗੀ ਜਸਦੇਵ ਸਿੰਘ ਯਾਦ ਆ ਜਾਂਦਾ ਹੈ। ਉਹ ਕੁਮੈਂਟਰੀ ਕਰਦਾ ਰੰਗ ਬੰਨ੍ਹ ਦਿੰਦਾ ਸੀ। ਜਦੋਂ ਕਹਿੰਦਾ ਕਿ ਹੁਣ ਬਾਲ ਪਾਕਿਸਤਾਨ ਦੇ ਬਹੁਤ ਹੀ ਖ਼ਤਰਨਾਕ ਖਿਡਾਰੀ ਅਖਤਰ ਰਸੂਲ ਕੋਲ ਹੈ ਤਾਂ ਘਬਰਾਹਟ ਹੋਣ ਲੱਗਦੀ। ਅਸਲ ਵਿਚ ਜਸਦੇਵ ਸਿੰਘ ਦੀ ਕੁਮੈਂਟਰੀ ਕਰਕੇ ਹੀ ਬਹੁਤ ਵੱਡੇ ਹਾਕੀ ਖਿਡਾਰੀਆਂ ਦੀਆਂ ਯਾਦਾਂ ਤੇ ਨਾਂਅ, ਜਿਨ੍ਹਾਂ ਨੂੰ ਅਸੀਂ ਖੇਡਦੇ ਨਹੀਂ ਦੇਖਿਆ, ਅੱਜ ਤਕ ਸਾਡੇ ਮਨ-ਮੰਦਿਰ ‘ਚ ਵਸੇ ਹੋਏ ਨੇ।
ਕਿਤਾਬ ਵਿਚ ਅਜੀਤਪਾਲ ਸਿੰਘ ਬਾਰੇ ਵੱਡਾ ਲੇਖ ਹੈ। ਅਜੀਤਪਾਲ ਹਾਕੀ ਖੇਡ ਜਗਤ ਦਾ ਧਰੂ-ਤਾਰਾ ਰਿਹਾ ਹੈ। ਉਸਦੀ ਅਗਵਾਈ ‘ਚ ਭਾਰਤ ਨੇ ਪਹਿਲੀ ਵਾਰ 1975 ‘ਚ ਕੁਆਲਾਲੰਪੁਰ ਵਿਖੇ ਵਰਲਡ ਕਪ ਜਿਤਿਆ ਸੀ। ਅਜੀਤਪਾਲ ਵਰਗਾ ਸੈਂਟਰ ਹਾਫ ਅਜੇ ਤਕ ਮੁੜ ਕੇ ਪੈਦਾ ਨਹੀਂ ਹੋਇਆ। ਖੇਡ ‘ਚ ਲੋਹੜੇ ਦੀ ਸਫਾਈ ਤੇ ਸੁਭਾਅ ‘ਚ ਲੋਹੜੇ ਦੀ ਜੀਰਾਂਦ ਅਜੀਤਪਾਲ ਦੇ ਮੁਢਲੇ ਗੁਣਾਂ ‘ਚੋਂ ਸਨ। ਉਸਦੇ ਕੋਲ ਦੀ ਬਾਲ ਲੈ ਕੇ ਲੰਘਣਾ ਸੂਈ ਦੇ ਨੱਕੇ ਵਿਚ ਦੀ ਨਿਕਲਣ ਵਾਲੀ ਗੱਲ ਸੀ। ਆਪਣੀ ਖੇਡ ਸਦਕਾ ਉਸਨੂੰ ਏਸ਼ੀਅਨ ਆਲ ਸਟਾਰ ਟੀਮ ਦੀ ਕਪਤਾਨੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਅਜੀਤਪਾਲ ਦਾ ਜਨਮ ਸੰਸਾਰਪੁਰ ਪਿੰਡ ‘ਚ ਹੋਇਆ। ਉਸ ਪਿੰਡ ‘ਚ ਜਨਮ ਲੈਣ ਵਾਲੇ ਨੂੰ ਗੁੜਤੀ ਹੀ ਹਾਕੀ ਦੀ ਦਿਤੀ ਜਾਂਦੀ ਹੈ। ਕਿਤਾਬ ‘ਚ ਜ਼ਿਕਰ ਹੈ ਕਿ ਇਸ ਪਿੰਡ ਨੇ ਦੇਸ਼ ਨੂੰ 14 ਓਲੰਪੀਅਨ ਖਿਡਾਰੀਆਂ ਸਮੇਤ ਸੈਂਕੜੇ ਹੋਰ ਕੌਮੀ ਹਾਕੀ ਖਿਡਾਰੀ ਦਿੱਤੇ ਹਨ। ਜਿਸ ਸਾਲ ਅਜੀਤਪਾਲ ਸਿੰਘ ਦੀ ਅਗਵਾਈ ‘ਚ ਭਾਰਤ ਨੇ ਆਲਮੀ ਹਾਕੀ ਕਪ ਜਿਤਿਆ, ਉਸ ਸਮਂੇ ਭਾਰਤੀ ਹਾਕੀ ਟੀਮ ਦੀ ਪੂਰੀ ਚੜ੍ਹਾਈ ਸੀ। ਹਾਫ ਲਾਇਨ ਤੇ ਅਜੀਤਪਾਲ ਨਾਲ ਹਰਮੀਕ ਸਿੰਘ ਤੇ ਵਰਿੰਦਰ ਸਿੰਘ ਵਰਗੇ ਖਿਡਾਰੀ ਸਨ।
ਕਿਤਾਬ ‘ਚ ਇਕ ਚੈਪਟਰ ਗਾਮੇ ਬਾਰੇ ਹੈ। ਉਹ ਗਾਮਾ ਜੋ ਸਾਡੇ ਲੋਕ-ਸਾਹਿਤ ਤੇ ਸਾਡੀ ਲੋਕ ਬਾਣੀ ‘ਚ ਇਕ ਮੈਟਾਫਰ ਬਣ ਚੁੱਕਿਆ ਹੈ। ਸਮੇਂ ਦੇ ਨਾਲ ਉਸ ਨਾਲ ਜੁੜੀਆਂ ਮਿਥਾਂ ਵੀ ਲੋਕ ਸਚਾਈਆਂ ਬਣ ਗਈਆਂ ਹਨ। ਗਾਮਾ ਮੂਲ ਰੂਪ ਵਿਚ ਅੰਮ੍ਰਿਤਸਰੀ ਮਝੈਲ ਸੀ। ਪਰ ਉਸਦੀ ਪਰਵਰਿਸ਼ ਮੱਧ ਪ੍ਰਦੇਸ਼ ‘ਚ ਹੋਈ ਤੇ ਉਸਦੇ ਮਾਮੇ ਨੇ ਹੀ ਉਸਨੂੰ ਘੁਲਣ ਦੀ ਚਿਣਗ ਲਾਈ। ਨਵਦੀਪ ਲਿਖਦਾ ਹੈ ਕਿ ਸਹੀ ਮਾਅਨਿਆਂ ‘ਚ ਗਾਮਾ ਸਾਂਝੇ ਪੰਜਾਬ ਦੀ ਕੁਸ਼ਤੀ ਦਾ ਹੀਰਾ ਹਰਨ ਹੈ। ਵੰਡ ਤੋਂ ਪਹਿਲਾਂ ਉਹ ਪਟਿਆਲੇ ਰਹਿੰਦਾ ਸੀ ਪਰ ਬਾਅਦ ਵਿਚ ਪਾਕਿਸਤਾਨ ਚਲਾ ਗਿਆ। ਪਟਿਆਲਾ ਰਿਆਸਤ ਵਿਚ ਉਹ ਸ਼ਾਹੀ ਪਹਿਲਵਾਨ ਸੀ ਤੇ ਮੋਤੀ ਬਾਗ਼ ‘ਚ ਉਸਨੂੰ ਕੋਠੀ ਤੇ ਤਿੰਨ ਰੋਸੀਏ ਮਿਲੇ ਹੋਏ ਸਨ। ਗਾਮੇ ਦੇ ਚਲੇ ਜਾਣ ਤੋਂ ਬਾਅਦ ਪਹਿਲਵਾਨੀ ਦਾ ਗੁਰਜ ਪਟਿਆਲੇ ‘ਚ ਚੀਮਾ ਪਰਿਵਾਰ ਦੇ ਕੋਲ ਚਲਾ ਗਿਆ ਤੇ ਇਸ ਪਰਿਵਾਰ ‘ਚ ਪਹਿਲਾਂ ਕੇਸਰ ਪਹਿਲਵਾਨ ਤੇ ਫਿਰ ਸੁਖਚੈਨ ਤੇ ਪਲਵਿੰਦਰ ਨਾਮੀ ਪਹਿਲਵਾਨ ਬਣੇ।
ਗਾਮੇ ਦੇ ਨਾਲ ਇਕ ਚੈਪਟਰ ਦਾਰਾ ਸਿੰਘ ਬਾਰੇ ਵੀ ਹੈ। ਨਵਦੀਪ ਨੇ ਦਾਰੇ ਨੂੰ ਪੰਜਾਬੀਆਂ ਦੀ ਤਾਕਤ ਦਾ ਪ੍ਰਤੀਕ ਦੱਸਿਆ ਹੈ। ਦਾਰੇ ਨੇ ਹਰ ਮੁਲਕ ਵਿਚ ਕੁਸ਼ਤੀ ਲੜੀ ਤੇ ਜਿੱਤੀ। ਉਹ ਫ੍ਰੀ ਸਟਾਈਲ ਪਹਿਲਵਾਨ ਸੀ ਤੇ ਉਸਨੂੰ ਇਸ ਵਿਚ ਸੰਸਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਹੋਇਆ। ਦਾਰਾ ਵੀ ਮਝੈਲ ਸੀ। ਉਸਦਾ ਪਿੰਡ ਧਰਮੂਚੱਕ ਅੰਮ੍ਰਿਤਸਰ ਤੋਂ ਕੁਝ ਦੂਰੀ ‘ਤੇ ਹੈ। ਇਸ ਦਾਰੇ ਤੋਂ ਪਹਿਲਾਂ ਵੀ ਇਕ ਹੋਰ ਦਾਰਾ ਹੋਇਆ ਪਰ ਜਿੰਨਾ ਮਾਣ ਇਸ ਦਾਰੇ ਨੂੰ ਮਿਲਿਆ, ਉਹ ਸ਼ਾਇਦ ਹੀ ਕਿਸੇ ਨੂੰ ਮਿਲੇ। ਦਾਰੇ ਨੇ ਬਹੁਤ ਸਾਰੀਆਂ ਫ਼ਿਲਮਾਂ ‘ਚ ਵੀ ਕੰਮ ਕੀਤਾ ਤੇ ਕਾਮਯਾਬੀ ਹਾਸਲ ਕੀਤੀ। ਉਸਨੇ ਰਾਮਾਇਣ ਟੀ ਵੀ ਸੀਰੀਅਲ ‘ਚ ਜੋ ਹਨੂੰਮਾਨ ਦਾ ਕਿਰਦਾਰ ਨਿਭਾਇਆ, ਇਸਨੇ ਉਸਨੂੰ ਹੋਰ ਵੀ ਵੱਡਾ ਮਾਣ ਦਿਵਾਇਆ। ਜਿਉਂਦੇ-ਜੀਅ ਵੱਡੇ ਰੁਸਤਮੇ-ਹਿੰਦ ਵਰਗੇ ਖਿਤਾਬ ਮਿਲੇ ਪਰ ਸਭ ਤੋਂ ਵੱਡਾ ਖਿਤਾਬ ਕਿ ਉਹ ਪੰਜਾਬੀ ਸੱਭਿਆਚਾਰ ਦੇ ਲੋਕ ਮੁਹਾਵਰੇ ਵਿਚ ਸ਼ਕਤੀ ਦਾ ਪ੍ਰਤੀਕ ਬਣ ਗਿਆ ਹੈ। ਕਿਸੇ ਵੇਲੇ ਤਾਕਤ ਘੋੜਿਆਂ ਦੀ ਤਾਕਤ ਨਾਲ ਮਿਣੀ ਜਾਂਦੀ ਸੀ। ਕਿਹਾ ਜਾਂਦਾ ਸੀ ਇਹ ਮੋਟਰ ਇੰਨੇ ਹੌਰਸ ਪਾਵਰ ਦੀ ਹੈ। ਪੰਜਾਬੀ ਹੁਣ ਆਪਣੀ ਜਿਸਮਾਨੀ ਤਾਕਤ ਦਾਰੇ ਨਾਲ ਤੁਲਨਾ ਕਰਕੇ ਅੰਗਦੇ ਨੇ। ਜੇ ਕਿਸਨੂੰ ਮੇਹਣਾ ਮਾਰਨਾ ਹੋਵੇ ਤੇ ਕਿਹਾ ਜਾਂਦਾ, ‘ਜਾਣਦਾ ਮੈਂ ਤੈਨੂੰ ਵੱਡੇ ਦਾਰੇ ਨੂੰ।’
ਦਾਰੇ ਵਰਗੇ ਪੁੱਤ ਪੰਜਾਬੀ ਮਾਂਵਾਂ ਨੇ ਹਜਾਰਾਂ ਹੀ ਪੈਦਾ ਕੀਤੇ ਨੇ, ਜਿਨ੍ਹਾਂ ਨੂੰ ਵੇਖ ਭੁੱਖ ਲਹਿੰਦੀ ਹੈ। ਪਰ ਲੋਕ-ਮਾਣ ਸਿਰਫ ਕੁਝ ਦੇ ਹਿੱਸੇ ਹੀ ਆਇਆ ਹੈ। ਅਜੇ ਕੁਝ ਸਾਲ ਪਹਿਲਾਂ ਦੀਆਂ ਗੱਲਾਂ ਨੇ, ਪੰਜਾਬ ਦੇ ਖੇਡ ਮੇਲਿਆਂ ‘ਚ ਦਾਰੇ ਵਰਗੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਦੇ ਦਰਸ਼ਨ ਹੋ ਜਾਂਦੇ ਸਨ। ਮੈਨੂੰ ਸੰਗਰੂਰ ‘ਚ ਹੋਈਆਂ ਪੰਜਾਬ ਅਥਲੈਟਿਕ ਮੀਟ ਅੱਜ ਤਕ ਯਾਦ ਹੈ। ਇਸ ਵਿਚ ਭਾਗ ਲੈਣ ਲਈ ਪ੍ਰਵੀਨ ਕੁਮਾਰ, ਅਜਮੇਰ ਸਿੰਘ, ਗੁਰਦੀਪ ਬਾਬੇ ਵਰਗੇ ਆਏ ਹੋਏ ਸੀ। ਪ੍ਰਵੀਨ ਕੁਮਾਰ, ਜਿਸਨੇ ਮਹਾਂ ਭਾਰਤ ਸੀਰੀਅਲ ਚ ਭੀਮ ਦਾ ਰੋਲ ਅਦਾ ਕੀਤਾ ਸੀ, ਨੂੰ ਵੇਖ ਕੇ ਬੰਦੇ ਦੀਆਂ ਅੱਖਾਂ ਖੜੀਆਂ ਹੀ ਰਹਿ ਜਾਂਦੀਆਂ ਸਨ। ਯਕੀਨ ਹੀ ਨਹੀਂ ਸੀ ਹੁੰਦਾ ਕਿ ਇਸ ਤਰ੍ਹਾਂ ਦੇ ਬੰਦੇ ਵੀ ਹੁੰਦੇ ਨੇ। ਉਹ ਲੰਬੇ-ਚੌੜੇ ਪਿੱਪਲ ਦੇ ਮੁੱਢ ਵਰਗਾ ਗੱਭਰੂ ਸੀ। ਉਸਦਾ ਕਦ-ਕਾਠ ਵੇਖ ਕੇ ਲੱਗਦਾ ਕਿ ਇਸਦਾ ਆਕਾਰ ਕਿਵੇਂ ਨਾਪਦੇ ਹੋਣਗੇ। ਉਸਦੀ ਲੰਬਾਈ ਮਿਣਨ ਲਈ ਪੌੜੀ ਲਾਉਣ ਦੀ ਜ਼ਰੂਰਤ ਜ਼ਰੂਰ ਪੈਂਦੀ ਹੋਵੇਗੀ। ਜਵਾਨੀ ‘ਚ ਉਹ ਹੈਮਰ ਸੁਟਦਾ ਸੀ। ਉਸਦੀਆਂ ਏਸ਼ੀਆ `ਚ ਧੁੰਮਾਂ ਸਨ। ਸੰਗਰੂਰ ਵਾਰ ਹੀਰੋ ਸਟੇਡੀਅਮ ‘ਚ ਜਿਸ ਪਾਸੇ ਦੀ ਪਰਵੀਨ ਕੁਮਾਰ, ਉਸਦਾ ਭਰਾ ਵੀਰੀ, ਅਜਮੇਰ ਸਿੰਘ ਤੇ ਗੁਰਦੀਪ ਬਾਬਾ ਲੰਘਦੇ, ਲੋਕ ਉਨ੍ਹਾਂ ਦੇ ਪਿੱਛੇ ਲੱਗ ਤੁਰਦੇ। ਇਸ ਤਰ੍ਹਾਂ ਹੀ ਮੈਨੂੰ ਸਰ ਛੋਟੂ ਰਾਮ ਸਟੇਡੀਅਮ, ਫਾਜ਼ਿਲਕਾ ‘ਚ ਹੋਈ ਪੰਜਾਬ ਅਥਲੈਟਿਕ ਮੀਟ ਯਾਦ ਆ ਰਹੀ ਹੈ। ਹਰਡਲ ਦੌੜ ‘ਚ ਲਹਿੰਬਰ ਸਿੰਘ ਮੰਡੇਰ ਵਰਗੇ ਅਥਲੀਟਾਂ ਦੀ ਉਸ ਸਮੇਂ ਚੜਾਈ ਸੀ। ਰਾਮਪੁਰੇ ਫੂਲ ਵਾਲਾ ਬਸੰਤ ਵੀ ਉਸਦੀ ਪੈੜ ‘ਚ ਪੈੜ ਧਰਦਾ ਸੀ। ਪੰਜਾਬ ਦੀ ਅਥਲੈਟਿਕ ਮੀਟ ਉਸ ਸਮੇਂ ਅਸਲ ਵਿਚ ਨੈਸ਼ਨਲ ਅਥਲੈਟਿਕ ਮੀਟ ਹੀ ਹੁੰਦੀ ਸੀ। ਜੋ ਪੰਜਾਬ ‘ਚ ਮੈਡਲ ਜਿੱਤ ਜਾਂਦੇ ਸੀ, ਉਹ ਨੈਸ਼ਨਲ ਪੱਧਰ ‘ਤੇ ਕੋਈ ਨਾ ਕੋਈ ਮੈਡਲ ਜ਼ਰੂਰ ਜਿੱਤ ਜਾਂਦੇ ਸੀ। ਸਾਲਾਂਬੱਧੀ ਪੰਜਾਬ ਅਥਲੈਟਿਕ ਮੁਕਾਬਲਿਆਂ ‘ਚ ਕੌਮੀ ਚੈਂਪੀਅਨ ਰਿਹਾ ਹੈ। ਥਰੋਆਂ ‘ਚ ਪੰਜਾਬ ਦੇ ਮੈਡਲ ਪੱਕੇ ਹੀ ਗਿਣੇ ਜਾਂਦੇ ਸੀ। ਪੰਜਾਬ ਦਾ ਜ਼ਿਆਦਾ ਮੁਕਾਬਲਾ ਕੇਰਲਾ ਨਾਲ ਹੁੰਦਾ ਸੀ। ਉਹ ਸੂਬਾ ਖੇਡਾਂ ‘ਚ ਖ਼ਾਸ ਕਰਕੇ ਅਥਲੈਟਿਕ ਵਿਚ ਕਾਫੀ ਉੱਪਰ ਸੀ।
ਗੱਲ ਫਾਜ਼ਿਲਕਾ ਮੀਟ ਦੀ ਚੱਲ ਰਹੀ ਸੀ, ਵਾਪਿਸ ਉੱਥੇ ਹੀ ਆਉਂਦੇ ਹਾਂ। ਉੱਥੇ ਇਕ ਮੁਕਾਬਲਾ ਇਸ ਤਰ੍ਹਾਂ ਹੋਇਆ, ਜਿਵੇਂ ਪਿੰਡਾਂ ‘ਚ ਸਾਨ੍ਹਾਂ ਦਾ ਭੇੜ ਹੁੰਦਾ ਹੈ ਤੇ ਪਿੰਡਾਂ ਦੇ ਪਿੰਡ ਇਹ ਭੇੜ ਵੇਖਣ ਲਈ ਇਕੱਠੇ ਹੋ ਜਾਂਦੇ ਨੇ। ਮੁਕਾਬਲਾ ਹੈਮਰ ਥਰੋ ਦਾ ਸੀ। ਇਸ ਦੇ ਮੁੱਖ ਪਾਤਰ ਸਨ ਬਹਾਲਾ ਤੇ ਸੁਖਵੰਤ। ਬਹਾਲਾ ਉਸ ਸਮਂੇ ਕਾਲਜ ‘ਚ ਸੀ ਤੇ ਸੁਖਵੰਤ ਸ਼ਾਇਦ ਰੇਲਵੇ ‘ਚ ਨੌਕਰੀ ਕਰਦਾ ਸੀ। ਬਹਾਲਾ ਵੀ ਪ੍ਰਵੀਨ ਵਾਂਗ ਦਰਸ਼ਨੀ ਜਵਾਨ ਸੀ, ਭਾਵੇ ਕੱਦ ਪ੍ਰਵੀਨ ਤੋਂ ਕੁਝ ਘੱਟ ਸੀ। ਸੁਖਵੰਤ ਵੀ ਬਹੁਤ ਸੋਹਣੀ ਡੀਲ-ਡੌਲ ਵਾਲਾ ਸੀ। ਦੁਪਹਿਰ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ। ਸਾਰਾ ਸਟੇਡੀਅਮ ਉਧਰ ਨੂੰ ਉਲਰ ਗਿਆ। ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਹਜਾਰਾਂ ਦੀ ਗਿਣਤੀ ‘ਚ ਖੇਡਾਂ ਦੇਖਣ ਆਏ ਹੋਏ ਸੀ। ਹੈਮਰ ਦਾ ਮੁਕਾਬਲਾ ਕਾਫੀ ਦੇਰ ਚਲਦਾ ਹੈ। ਮੁਕਾਬਲਾ ਪਹਿਲੇ ਰਾਉਂਡ ‘ਚ ਹੀ ਏਨਾ ਗਰਮ ਹੋ ਗਿਆ ਕਿ ਲਾਲਾ-ਲਾਲਾ ਹੋ’ਗੀ। ਕਦੇ ਬਹਾਲਾ ਅੱਗੇ ਤੇ ਕਦੇ ਸੁਖਵੰਤ। ਲੋਕ ਲਲਕਾਰੇ ਮਾਰਨ। ਇਕੱਠ ਜ਼ਿਆਦਾ ਬਹਾਲੇ ਵੱਲ ਝੁਕ ਗਿਆ ਸੀ। ਜਦੋਂ ਉਹ ਹੈਮਰ ਚੁੱਕਦਾ ਤਾਂ ਲੋਕ ਆਵਾਜਾਂ ਦਿੰਦੇ: ਚੱਲ ਉਏ ਸ਼ੇਰਾ ਚੱਕਦੇ, ਚੱਲ ਉਏ ਸ਼ੇਰਾ ਲਾ ਦੇ ਸਿਰੇ। ਇਕੱਠ ਘੰਟਾ ਭਰ ਮੁਕਾਬਲਾ ਮੁੱਕਣ ‘ਤੋਂ ਬਾਅਦ ਵੀ ਬਹਾਲੇ ਨੂੰ ਘੇਰਾ ਪਾਈ ਖੜਾ ਰਿਹਾ। ਕੋਈ ਪੁੱਛੇ ਤੇਰਾ ਕਿਹੜਾ ਪਿੰਡ ਸ਼ੇਰਾ, ਕੋਈ ਕਹੇ ਸ਼ੇਰਾ ਦੁੱਧ ਲੈ ਕੇ ਆਉਂਦੇ ਆਂ, ਥੋੜਾ ਰੁਕੀਂ।
ਨਵਦੀਪ ਨੇ ਪ੍ਰਿਥੀਪਾਲ ਸਿੰਘ ਬਾਰੇ ਵੀ ਲਿਖਿਆ ਹੈ। ਉਸਨੂੰ ਆਪਣੇ ਸਮੇਂ ‘ਚ ਪੈਨਲਟੀ ਕਾਰਨਰ ਦਾ ਕਿੰਗ ਕਿਹਾ ਜਾਂਦਾ ਸੀ। ਪ੍ਰਿਥੀਪਾਲ ਦਾ ਜਨਮ ਬਾਬੇ ਨਾਨਕ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਹੋਇਆ ਸੀ। ਹਾਕੀ ਉਹ ਉਥੇ ਹੀ ਖੇਡਣ ਲੱਗ ਪਿਆ ਸੀ। ਨਵਦੀਪ ਲਿਖਦਾ ਹੈ, 1964 ਦੀਆਂ ਟੋਕੀਓ ਓਲੰਪਿਕ ਖੇਡਾਂ ਵਿਚ ਭਾਰਤ ਨੇ ਹਾਕੀ ‘ਚ ਸੋਨੇ ਦਾ ਤਗਮਾ ਪ੍ਰਿਥੀਪਾਲ ਸਿੰਘ ਸਦਕਾ ਹੀ ਜਿਤਿਆ ਸੀ। ਉਸ ਟੂਰਨਾਮੈਂਟ ਵਿਚ ਭਾਰਤ ਨੇ 22 ਗੋਲ ਕੀਤੇ ਤੇ ਇਸ ਵਿੱਚੋ 11 ਗੋਲ ਪ੍ਰਿਥੀਪਾਲ ਸਿੰਘ ਨੇ ਕੀਤੇ ਸਨ। ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ‘ਚ ਡਾਇਰੈਕਟਰ ਖੇਡ ਤੇ ਡੀਨ, ਵਿਦਿਆਰਥੀ ਭਲਾਈ ਬਣੇ। ਉਥੇ ਉਸਦਾ ਵਿਦਿਆਰਥੀਆਂ ਦੇ ਇਕ ਧੜੇ ਨਾਲ ਟਕਰਾ ਹੋ ਗਿਆ ਤੇ ਨਤੀਜਾ ਇਹ ਨਿਕਲਿਆ ਕਿ ਉਸਦਾ 20 ਮਈ 1983 ਨੂੰ ਕਤਲ ਹੋ ਗਿਆ। ਯੂਨੀਵਰਸਿਟੀ ਦੀ ਗਰਮ ਤੇ ਤਿੱਖੀ ਵਿਚਾਰਧਾਰਕ ਵਿਦਿਆਰਥੀ ਸਿਆਸਤ ਕਰਕੇ ਉਥੇ ਦੋ-ਤਿੰਨ ਕਤਲ ਹੋਏ। ਪੰਜਾਬ ਸਟੂਡੈਂਟ ਯੂਨੀਅਨ (ਪੀ ਐਸ ਯੂ) ਦੇ ਵਿਦਿਆਰਥੀ ਆਗੂ ਪ੍ਰਿਥੀਪਾਲ ਸਿੰਘ ਰੰਧਾਵੇ ਦਾ ਕਤਲ ਵੀ ਉਨ੍ਹਾਂ ‘ਚੋਂ ਇਕ ਸੀ।
ਕਿਤਾਬ ‘ਚ ਤੁਹਾਨੂੰ ਮਾਲੀ ਦੀ ਬੇਟੀ ਤੇ ਪ੍ਰਸਿੱਧ ਹਾਕੀ ਖਿਡਾਰੀ ਰੂਪਾ ਸੈਣੀ; ਫ਼ੁਟਬਾਲ ਦੇ ਜਾਦੂਗਰ ਜਰਨੈਲ ਸਿੰਘ ਬਾਰੇ ਪੜ੍ਹ ਕੇ ਆਨੰਦ ਆਏਗਾ ਤੇ ਭਰਭੂਰ ਜਾਣਕਾਰੀ ਮਿਲੇਗੀ। ਰੂਪਾ ਸੈਣੀ ਦਾ ਪਿਤਾ ਫਰੀਦਕੋਟ ਬਰਜਿੰਦਰਾ ਕਾਲਜ ‘ਚ ਨੌਕਰੀ ਕਰਦਾ ਸੀ ਤੇ ਉਸਨੂੰ ਹਾਕੀ ਦੇ ਗਰਾਊਂਡ ਦੇ ਨਾਲ ਹੀ ਘਰ ਮਿਲਿਆ ਹੋਇਆ ਸੀ। ਰੂਪਾ ਤੇ ਉਸ ਦੀਆਂ ਭੈਣਾਂ ਨੇ ਉਸ ਗਰਾਊਂਡ ‘ਚ ਹੀ ਪ੍ਰੈਕਟਿਸ ਕੀਤੀ ਤੇ ਖੇਡ ਜਗਤ ‘ਚ ਸੈਣੀ ਸਿਸਟਰਜ ਦੇ ਤੌਰ ‘ਤੇ ਵੱਡਾ ਮਾਣ ਪਾਇਆ। ਪਾਕਿਸਤਾਨ ਦੇ ਅਥਲੈਟਿਕ ਜਗਤ ਦੀ ਸੁਨਹਿਰੀ ਅੱਖਰਾਂ ਚ ਇਬਾਰਤ ਲਿਖਣ ਵਾਲੇ ਅਰਸ਼ਦ ਨਦੀਮ ਬਾਰੇ ਜ਼ਿਕਰ ਹੈ ਕਿ ਪਾਕਿਸਤਾਨ ਦੇ ਇਤਿਹਾਸ ਵਿਚ ਨਦੀਮ ਪਹਿਲਾ ਖਿਡਾਰੀ ਹੈ, ਜਿਸ ਨੇ ਓਲੰਪਿਕ ਅਥਲੈਟਿਕ ਵਿਚ ਸੋਨੇ ਦਾ ਮੈਡਲ ਜਿਤਿਆ ਹੈ।
ਕਿਤਾਬ ‘ਚ ਅਬਦੁਲ ਖ਼ਾਲਿਕ, ਜਿਸ ਕਰਕੇ ਸਰਦਾਰ ਮਿਲਖਾ ਸਿੰਘ ਨੂੰ ਫਲਾਇੰਗ ਸਿੱਖ ਦਾ ਖਿਤਾਬ ਮਿਲਿਆ, ਬਾਰੇ ਵੀ ਲੇਖ ਹੈ। ਉਸ ਸਮੇ ਭਾਰਤ ਨੂੰ ਮਿਲਖਾ ਸਿੰਘ ਤੇ ਪਾਕਿਸਤਾਨ ਨੂੰ ਖ਼ਾਲਿਕ ‘ਤੇ ਵੱਡਾ ਮਾਣ ਸੀ। ਇਨ੍ਹਾਂ ਦੋਨਾਂ ਦੇ ਮੁਕਾਬਲੇ ‘ਚ ਏਸ਼ੀਆ ਤੇ ਖ਼ਾਸ ਕਰਕੇ ਭਾਰਤ ਤੇ ਪਾਕਿਸਤਾਨ ਦੇ ਲੋਕ ਗਹਿਰੀ ਦਿਲਚਸਪੀ ਰੱਖਦੇ। ਨਵਦੀਪ ਨੇ ਬੜੀਆਂ ਬਾਰੀਕ ਤੇ ਦਿਲਚਸਪ ਜਾਣਕਾਰੀਆਂ ਖਿਡਾਰੀਆਂ ਬਾਰੇ ਦਿਤੀਆਂ ਨੇ। ਉਸਨੂੰ ਵੱਡੇ ਖੇਡ ਮੇਲੇ ਦੇਖਣ ਦਾ ਸ਼ੌਕ ਹੈ। ਉਸਦਾ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਉਹ ਉਸੈਨ ਬੋਲਟ ਨਾਲ ਫੋਟੋ ਖਿਚਵਾ ਰਿਹਾ ਹੋਵੇ ਤੇ ਕਿਹੜੇ ਵੇਲੇ ਉਹ ਨੀਰਜ ਚੋਪੜਾ ਨੂੰ ਮਿਲ ਕੇ ਉਸ ਨਾਲ ਗੁਫ਼ਤਗੂ ਕਰ ਰਿਹਾ ਹੋਵੇ। ਕਹਿੰਦੇ ਨੇ, ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਗੱਲ ਬਰਨਾਲੇ ਦੇ ਕੋਲ ਸ਼ਹਿਣੇ ‘ਚ ਜਨਮੇਂ ਤੇ ਪੰਜਾਬੀ ਸਾਹਿਤ ਸੱਭ ਤੋਂ ਵੱਧ ਪੜ੍ਹਨ ਵਾਲੇ ਸ਼ਹਿਰ ਬਰਨਾਲੇ ਦੇ ਐਸ ਡੀ ਕਾਲਜ ‘ਚ ਪੜ੍ਹੇ ਨਵਦੀਪ ਗਿੱਲ ਤੇ ਪੂਰੀ ਤਰ੍ਹਾਂ ਢੁਕਦੀ ਹੈ। ਉਸਦੀ ਪ੍ਰਾਪਤੀ ਇਹ ਹੈ ਕਿ ਉਸਨੇ ਇਸ ਸ਼ੌਂਕ ਨੂੰ ਸਿਰਫ ਖੇਡਾਂ ਦੇਖਣ ਤੇ ਖਿਡਾਰੀਆਂ ਨੂੰ ਮਿਲਣ ਤਕ ਮਹਿਦੂਦ ਨਹੀਂ ਰੱਖਿਆ। ਉਸਨੇ ਆਪਣੀਆਂ ਮੁਲਾਕਾਤਾਂ ਨੂੰ ਅੱਖਰਾਂ ਰਾਹੀਂ ਕਿਤਾਬਾਂ ‘ਚ ਉਤਾਰਿਆ ਤੇ ਲੋਕਾਂ ਦੀ ਝੋਲੀ ਪਾਇਆ ਹੈ। ਉਸਦੇ ਗੁਰੂ ਸਰਵਣ ਸਿੰਘ ਦਾ ਮੰਨਣਾ ਹੈ ਕਿ ਸ਼ਾਹਸਵਾਰਾਂ ਵਾਂਗ ਧੂੜਾਂ ਪੁਟੀ ਆ ਰਿਹਾ ਨਵਦੀਪ ਗਿੱਲ ਜਲਦੀ ਹੀ ਮੇਰਾ ਖੇਡਾਂ ਤੇ ਖਿਡਾਰੀਆਂ ਬਾਰੇ 27 ਕਿਤਾਬਾਂ ਲਿਖਣ ਦੇ ਰਿਕਾਰਡ ਨੂੰ ਮਾਤ ਪਾ ਦੇਵੇਗਾ।
ਕਿਤਾਬ ‘ਚ ਜਿਨ੍ਹਾਂ ਹੋਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਬਾਰੇ ਲੰਬੇ ਲੇਖ ਹਨ, ਉਨ੍ਹਾਂ ਵਿਚ ਪਾਕਿਸਤਾਨ ਦੀ ਮਹਿਲਾ ਖਿਡਾਰੀ ਉਸ਼ਨਾ ਸੁਹੇਲ, ਕ੍ਰਿਕਟਰ ਇੰਜਮਾਮ ਉਲ ਹੱਕ; ਵਸੀਮ ਅਕਰਮ, ਸ਼ੋਏਬ ਅਖਤਰ; ਬਾਬਰ; ਵਕਾਰ ਯੂਨਿਸ; ਯੁਵਰਾਜ ਸਿੰਘ; ਹਾਕੀ ਖਿਡਾਰੀ ਸ਼ਾਹਬਾਜ ਸੀਨੀਅਰ; ਚੌਧਰੀ ਗੁਲਾਮ ਰਸੂਲ; ਸ਼ੂਟਰ ਅਵਨੀਤ ਕੌਰ ਸਿੱਧੂ; ਅਭਿਨਵ ਬਿੰਦਰਾ; ਹਾਕੀ ਖਿਡਾਰੀ ਰੂਪ ਸੈਣੀ; ਬਲਬੀਰ ਸੀਨੀਅਰ; ਹਰਮਨਪ੍ਰੀਤ ਸਿੰਘ; ਕਰਤਾਰ ਭਲਵਾਨ; ਤੇਜ ਰਫਤਾਰ ਦੌੜਾਕ ਗੁਰਬਚਨ ਰੰਧਾਵਾ; ਅਥਲੀਟ ਮੋਹਿੰਦਰ ਸਿੰਘ ਗਿੱਲ ਤੇ ਮਨਜੀਤ ਕੌਰ ਸ਼ਾਮਿਲ ਹਨ।
