ਬਲਜੀਤ ਬਾਸੀ
ਫੋਨ: 734-259-9353
ਭਾਰਤ ਵਿਚ ਘੱਟ ਗਿਣਤੀਆਂ, ਖਾਸ ਤੌਰ `ਤੇ ਮੁਸਲਮਾਨਾਂ ਪ੍ਰਤੀ ਜਿਸ ਪ੍ਰਕਾਰ ਦਾ ਨਫਰਤ-ਜਿਹਾਦ ਖੜ੍ਹਾ ਕੀਤਾ ਜਾ ਰਿਹਾ ਹੈ ਉਸ ਦੇ ਅੰਤਰਗਤ ਇਸ ਸਮੁਦਾਇ ਲਈ ਆਪਣੀ ਪਛਾਣ ਦਾ ਕਿਸੇ ਵੀ ਤਰ੍ਹਾਂ ਦਾ ਇਜ਼ਹਾਰ ਕਰਨਾ ਖਤਰੇ ਤੋਂ ਖਾਲੀ ਨਹੀਂ ਰਿਹਾ। ਉਨ੍ਹਾਂ ਦੇ ਇਬਾਦਤਗਾਹਾਂ `ਤੇ ਨਾ ਸਿਰਫ਼ ਹਮਲੇ ਹੀ ਹੋ ਰਹੇ ਹਨ, ਬਲਕਿ ਸਰਕਾਰੀ ਸ਼ਹਿ ਨਾਲ
ਉਨ੍ਹਾਂ ਨੂੰ ਹਿੰਦੂ ਧਾਰਮਿਕ ਸਥਾਨ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਪੁਸ਼ਾਕ, ਖਾਣ-ਪੀਣ, ਇਤਿਹਾਸ/ਮਿਥਹਾਸ, ਅਕੀਦੇ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਸਿੱਖ ਅਤੇ ਇਸਾਈ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ। ਦੇਸ਼ ਦੇ ਵਿਸ਼ਾਲ ਹਿੰਦੂ ਜਨ-ਸਮੂਹ ਦੇ ਅੰਦਰ ਇਸ ਤਰ੍ਹਾਂ ਦਾ ਪ੍ਰਭਾਵ ਪੈਦਾ ਕੀਤਾ ਜਾ ਰਿਹਾ ਹੈ ਕਿ ਸਿੱਖ ਖਾਲਿਸਤਾਨੀ ਹੁੰਦੇ ਹਨ। ਗਾਇਕ ਦਿਲਜੀਤ ਦੁਸਾਂਝ ਨੇ ਇੱਕ ਟਵੀਟ ਵਿਚ ਪੰਜਾਬ ਦੇ ਅੰਗ੍ਰੇਜ਼ੀ ਸ਼ਬਦ ਜੋੜਾਂ ਵਿਚ ‘ਯੂ’ ਅੱਖਰ ਦੇ ਥਾਂ ‘ਏ’ ਕੀ ਪਾ ਦਿੱਤਾ, ਖਰਦਿਮਾਗ ਭਗਤਾਂ ਨੇ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੱਤਾ ਕਿ ਦਿਲਜੀਤ ਅੰਦਰੋਂ ਪਾਕਿਸਤਾਨੀ ਹੈ ਕਿਉਂਕਿ ਉਧਰ ਪੰਜਾਬ ਦੇ ਹੇਜੇ ਵਿਚ ‘ਏ’ ਲਾਇਆ ਜਾਂਦਾ ਹੈ, ਹਾਲਾਂਕਿ ਪਾਕਿਸਤਨੀ ਪੰਜਾਬ ਯੂਨੀਵਰਸਿਟੀ ਵਿਚ ਪੰਜਾਬ ਦੇ ਨਾਂ ਵਿਚ ‘ਯੂ’ ਹੈ ਜਦ ਕਿ ਭਾਰਤ ਦੀ ਪੰਜਾਬ ਯੂਨੀਵਰਸਿਟੀ ਵਿਚ ‘ਏ’ ਹੀ ਹੈ।
ਹਿੰਦੂ ਤੁਅੱਸਬ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਤੇ ਅੱਜ ਵੀ ਸੱਜ-ਪਿਛਾਕੜੀ/ਹਿੰਦੂਤਵ ਰਾਜ ਅਧੀਨ ਘੱਟ ਗਿਣਤੀਆਂ ਖ਼ਿਲਾਫ਼ ਕਈ ਤਰ੍ਹਾਂ ਦੇ ਭਾਸ਼ਾਈ ਹਮਲੇ ਹੋ ਰਹੇ ਹਨ। ਮੁਸਲਮਾਨਾਂ ਨੂੰ ਰਾਖਸ਼ ਤੱਕ ਕਿਹਾ ਜਾ ਰਿਹਾ ਹੈ। ਇਸਲਾਮੀ ਇਤਿਹਾਸ ਨਾਲ ਜੁੜੇ ਕਿੰਨੇ ਹੀ ਸਥਾਨ-ਨਾਂ ਬਦਲ ਦਿੱਤੇ ਗਏ ਹਨ ਅਤੇ ਕਿੰਨਿਆਂ ਦੇ ਬਦਲਣ ਦੀ ਤਜਵੀਜ਼ ਸਮੇਂ-ਸਮੇਂ ਸਾਹਮਣੇ ਆ ਰਹੀ ਹੈ। ਮਿਸਾਲ ਵਜੋਂ ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਕਰ ਦਿੱਤਾ ਗਿਆ ਹੈ। ਅਮਿਤ ਸ਼ਾਹ ਨੇ ਸੰਕੇਤ ਦਿੱਤਾ ਹੈ ਕਿ ਕਸ਼ਮੀਰ ਦਾ ਨਾਂ ਕਸ਼ਿਅਪ ਚਾਹੀਦਾ ਹੈ ਕਿਉਂਕਿ ਹਿੰਦੂ ਮਿਥਿਹਾਸ ਅਨੁਸਾਰ ਕਸ਼ਿਅਪ ਰਿਸ਼ੀ ਨੇ ਕਸ਼ਮੀਰ ਪੈਦਾ ਕੀਤਾ। ਹੈਦਰਾਬਾਦ ਦਾ ਨਾਂ ਭਾਗਯਨਗਰ ਰੱਖਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਤਾਜ ਮਹਿਲ ਦਾ ਨਾਂ ਤਾਜੋ ਮਾਈ ਰੱਖਣ ਦੀਆਂ ਗੱਲਾਂ ਤਾਂ ਚਿਰਾਂ ਤੋਂ ਸੁਣਦੇ ਆਏ ਹਾਂ। ਮੁਸਲਮਾਨਾਂ `ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਇੱਕ ਏਜੰਡੇ ਅਧੀਨ ਲਵ-ਜਿਹਾਦ ਕਰਕੇ ਹਿੰਦੂ ਕੁੜੀਆਂ ਨੂੰ ਫਸਾਉਂਦੇ ਹਨ ਤੇ ਉਨ੍ਹਾਂ ਨਾਲ ਵਿਆਹ ਕਰਕੇ ਉਨ੍ਹਾਂ ਨੂੰ ਮੁਸਲਮਾਨ ਬਣਾ ਰਹੇ ਹਨ। ਇਸੇ ਤਰ੍ਹਾਂ ਉਨ੍ਹਾਂ ਸਿਰ ਲੈਂਡ-ਜਿਹਾਦ, ਵੋਟ ਜਿਹਾਦ, ਪਾਪੂਲੇਸ਼ਨ ਜਿਹਾਦ ਤੇ ਪਤਾ ਨਹੀਂ ਹੋਰ ਕਿਹੜੇ-ਕਿਹੜੇ ਜਿਹਾਦ ਖੜ੍ਹੇ ਕਰਨ ਦਾ ਸ਼ੋਰ ਮਚਾਇਆ ਜਾ ਰਿਹਾ ਹੈ। ਕੁਝ ਸਾਲ ਪਹਿਲਾਂ ਇੱਕ ਕੰਪਨੀ ਨੇ ਦੀਵਾਲੀ ਦੇ ਤਿਉਹਾਰ ਲਈ ਅਖਬਾਰਾਂ ਵਿਚ ਦਿੱਤੇ ਆਪਣੇ ਇਸ਼ਤਿਹਾਰ ਦਾ ਸਿਰਲੇਖ ‘ਜਸ਼ਨੇ-ਰਿਵਾਜ’ ਛਪਵਾ ਦਿੱਤਾ ਤਾਂ ਇਸ `ਤੇ ਏਨਾ ਬਵਾਲ ਉਠਿਆ ਕਿ ਕੰਪਨੀ ਨੂੰ ਇਹ ਇਸ਼ਤਿਹਾਰ ਵਾਪਸ ਲੈਣਾ ਪਿਆ ਅਖੇ ‘ਜਸ਼ਨੇ-ਰਿਵਾਜ’ ਮੁਸਲਮਾਨ/ਉਰਦੂ ਅਭਿਵਿਅੰਜਨ ਹੈ। ਉਰਦੂ ਨੂੰ ਮੁਸਲਮਾਨਾਂ ਦੀ ਜ਼ਬਾਨ ਸਮਝਦਿਆਂ ਇਸ ਦੇ ਲਫਜ਼ ਹਿੰਦੀ ਵਿਚੋਂ ਚੁਣ ਚੁਣ ਕੇ ਕੱਢੇ ਜਾ ਰਹੇ ਹਨ। ਏਥੋਂ ਤੱਕ ਕਿ ਹਿੰਦੂ ਧਰਮ ਲਈ ਵੀ ਅੱਛੋਪਲੇ ਸਨਾਤਨ ਧਰਮ ਦੀ ਵਰਤੋਂ ਜ਼ੋਰ ਫੜ ਰਹੀ ਹੈ ਕਿਉਂਕਿ ਹਿੰਦੂ ਸ਼ਬਦ ਮੁਸਲਮਾਨਾਂ ਦੀ ਜ਼ਬਾਨ ਅਰਬੀ ਨੇ ਬਣਾਇਆ ਹੈ। ਦੇਸ਼ ਦੇ ਸੰਵਿਧਾਨ ਵਲੋਂ ਪ੍ਰਵਾਨਤ ਇੱਕ ਨਾਂ ‘ਇੰਡੀਆ’ ਵੀ ਹਟਾ ਕੇ ਸਿਰਫ਼ ਭਾਰਤ ਰੱਖਣ ਦੀਆਂ ਸਕੀਮਾਂ `ਤੇ ਵਿਚਾਰ ਹੋਣ ਲੱਗ ਪਿਆ ਸੀ। ਹੋਰ ਹਾਸੋ-ਹੀਣੀ ਗੱਲ ਦੇਖੋ। ਵਰਤਮਾਨ ਵਿਚ ਚੱਲ ਰਹੇ ਮਹਾਂਕੁੰਭ ਮੇਲੇ ਦੌਰਾਨ ਸਾਧੂਆਂ ਨੇ ਘੋਸ਼ਣਾ ਕੀਤੀ ਹੈ ਕਿ ਉਹ ਕੁੰਭ ਵਿਚ ਸਾਧੂਆਂ ਵਲੋਂ ਕੀਤੇ ਜਾਂਦੇ ‘ਸ਼ਾਹੀ ਸਨਾਨ’ ਅਤੇ ‘ਪੇਸ਼ਵਾਈ ਸਨਾਨ’ ਨੂੰ ਸਨਾਤਨ ਧਰਮ ਅਨੁਸਾਰ ਕ੍ਰਮਵਾਰ ‘ਰਾਜਸੀ ਸਨਾਨ’ ਅਤੇ ‘ਛਾਵਣੀ ਪ੍ਰਵੇਸ਼’ ਆਖਣਗੇ ਕਿਉਂਕਿ ‘ਸ਼ਾਹੀ’ ਤੇ ‘ਪੇਸ਼ਵਾਈ’ ਸ਼ਬਦਾਂ ਤੋਂ ਉਰਦੂ-ਫਾਰਸੀ ਦੀ ਬੂ ਆਉਂਦੀ ਹੈ। ਰਾਜਸਥਾਨ ਪੁਲੀਸ ਨੂੰ ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਉਹ ਲਿਖਤ-ਪੜ੍ਹਤ ਦੀ ਕਾਰਵਾਈ ਕਰਦਿਆਂ ਉਰਦੂ ਲਫਜ਼ ਜਿਵੇਂ ਇਤਲਾਹ, ਮੁਕੱਦਮਾ, ਮੁਲਜ਼ਿਮ, ਇਲਜ਼ਾਮ, ਚਸ਼ਮਦੀਦ ਆਦਿ ਦੀ ਥਾਂ ਹਿੰਦੀ ਸ਼ਬਦ ਵਰਤਣ। ਅੱਜ ਜੇ ਤੁਸੀਂ ਹਿੰਦੀ ਦੀਆਂ ਲਿਖਤਾਂ ਪੜ੍ਹੋ ਤਾਂ ਤੁਹਾਨੂੰ ਪ੍ਰਭਾਵ ਮਿਲੇਗਾ ਕਿ ਉਸ ਵਿਚ ਆਮ ਵਰਤੀਂਦੇ ਅਰਬੀ-ਫਾਰਸੀ ਪਿਛੋਕੜ ਦੇ ਸ਼ਬਦਾਂ ਦਾ ਪ੍ਰਯੋਗ ਸੁਚੇਤ ਤੌਰ `ਤੇ ਘਟਾਇਆ ਜਾ ਰਿਹਾ ਹੈ। ਸੰਸਕ੍ਰਿਤ ਦੇ ਬੋਝ ਥੱਲੇ ਦੱਬੀਆਂ ਇਨ੍ਹਾਂ ਰਚਨਾਵਾਂ ਦੀ ਭਾਸ਼ਾ ਵਿਚ ਸਹਿਜਤਾ ਅਤੇ ਸੰਚਾਰ ਦੀ ਢੇਰ ਕਮੀ ਦਿਸਦੀ ਹੈ।
ਮੁਸਲਮਾਨਾਂ ਖਿਲਾਫ਼ ਭਾਸ਼ਾਈ ਹਮਲੇ ਦੇ ਹੋਰ ਅਨੇਕਾਂ ਸਥੂਲ ਤੇ ਸੂਖਮ ਆਯਾਮ ਹਨ ਪਰ ਅੱਜ ਅਸੀਂ ਇਕ ਨਾਂ ਦੀ ਚਰਚਾ ਕਰਨੀ ਹੈ ਜਿਸ ਉਪਰ ਸੰਘੀ ਅੰਧਭਗਤਾਂ ਨੇ ਆਪਣੀ ਘਿਰਣਾ ਦਾ ਬਹੁਤ ਹੋਛੇ ਪੱਧਰ `ਤੇ ਦਿਖਾਵਾ ਕੀਤਾ ਹੈ। ਐਕਟਰ ਜੋੜੀ ਕਰੀਨਾ ਕਪੂਰ ਅਤੇ ਸੈਫ਼ ਅਲੀ ਖਾਨ ਨੇ ਜਦ 2016 ਵਿਚ ਜਨਮੇ ਆਪਣੇ ਬੇਟੇ ਨੂੰ 14ਵੀਂ ਸਦੀ ਦੇ ਤੁਰਕ ਰਾਜੇ ਤੈਮੂਰ ਦਾ ਨਾਂ ਦਿੱਤਾ ਤਾਂ ਹਿੰਦੂਤਵ ਜਗਤ ਵਿਚ ਉਨ੍ਹਾਂ ਪ੍ਰਤੀ ਘਿਰਣਾ ਦਾ ਭੂਚਾਲ ਹੀ ਉਮਡ ਆਇਆ। ਉਸ ਬੇਕਸੂਰ ਬੱਚੇ ਨੂੰ ਵੀ ਨਾ ਬਖਸ਼ਦਿਆਂ ਅਤਿਵਾਦੀ ਗਰਦਾਨ ਦਿੱਤਾ ਗਿਆ। ਇਹ ਬਕ-ਬਕ ਅਜੇ ਮੱਠੀ ਹੀ ਹੋ ਰਹੀ ਸੀ ਕਿ ਕੁਮਾਰ ਵਿਸ਼ਵਾਸ ਨਾਂ ਦੇ ਕਵੀ ਅਤੇ ਘਟੀਆ ਰਾਜਨੀਤੀ ਕਰਨ ਵਾਲੇ ਨੇ ਉਸ ਦੇ ਬੇਟੇ ਤੈਮੂਰ `ਤੇ ਘਿਨਾਉਣੀ ਟਿੱਪਣੀ ਕਰਦਿਆਂ ਧਮਕਾਇਆ ਕਿ ‘ਇਹ ਨਹੀਂ ਚੱਲੇਗਾ’। ਸੈਫ਼ ਅਲੀ ਦੇ ਘਰ ਅੱਧੀ ਰਾਤੀਂ ਇੱਕ ਬੰਦੇ ਦੇ ਵੜਨ ਅਤੇ ਉਸ ਵਲੋਂ ਸੈਫ਼ `ਤੇ ਕਾਤਲਾਨਾ ਹਮਲਾ ਕਰਨ ਦੀ ਘਟਨਾ ਨੇ ਇਸ ਨੂੰ ਫੇਰ ਹਵਾ ਦੇ ਦਿੱਤੀ। ਕਾਰਨ? ਤੈਮੂਰ ਮੁਸਲਮਾਨ ਸੀ ਅਤੇ ਉਸ ਨੇ ਭਾਰਤ `ਤੇ ਹਮਲਾ ਕਰ ਕੇ ਏਥੇ ਦੇ ਲੋਕਾਂ `ਤੇ ਜ਼ੁਲਮ ਢਾਹੇ। ਚਲੋ ਤੈਮੂਰ ਦੀ ਏਸ਼ੀਆ ਮਾਰੋ-ਮਾਰ ਬਾਰੇ ਕੁਝ ਜਾਣਕਾਰੀ ਲੈ ਲਈਏ।
ਤੈਮੂਰ ਤੁਰਕ-ਮੰਗੋਲ ਪਿਛੋਕੜ ਦਾ ਅਜੋਕੇ ਉਜ਼ਬੇਕਿਸਤਾਨ ਵਿਚ ਜਨਮਿਆ ਯੋਧਾ ਸੀ ਜਿਸ ਨੇ ਚੌ੍ਹਦਵੀਂ ਸਦੀ ਦੀ ਤੀਸਰੀ ਚੌਥਾਈ ਦੌਰਾਨ ਪੱਛਮੀ ਅਤੇ ਮੱਧ ਏਸ਼ੀਆ `ਤੇ ਭਾਰੀ ਜਿੱਤਾਂ ਪ੍ਰਾਪਤ ਕਰ ਕੇ ਵਿਸ਼ਾਲ ਤੈਮੂਰ ਰਾਜਵੰਸ਼ ਦੀ ਨੀਂਹ ਰੱਖੀ। ਜਵਾਨੀ ਵਿਚ ਹੀ ਉਸ ਦੀ ਇੱਕ ਲੱਤ `ਤੇ ਸੱਟ ਲੱਗਣ ਕਾਰਨ ਉਹ ਲੰਗੜਾ ਹੋ ਗਿਆ ਜਿਸ ਕਰਕੇ ਇਤਿਹਾਸ ਵਿਚ ਉਹ ਤੈਮੂਰ ਲੰਗ ਦੇ ਕੁਨਾਂ ਵਜੋਂ ਕੁਖਿਆਤ ਕੀਤਾ ਗਿਆ। ਹੋਰ ਭਾਸ਼ਾਵਾਂ ਵਿਚ ਇਸ ਨਾਂ ਦੇ ਹੋਰ ਰੁਪਾਂਤਰ ਵੀ ਹਨ। ਸਾਡੀ ਭਾਸ਼ਾ ਵਿਚ ਹੀ ਇਸ ਨਾਂ ਨੂੰ ਵਿਗਾੜ ਕੇ ਤੇ ਉਸ ਨੂੰ ਹੋਰ ਨੀਚਾ ਦਿਖਾਉਣ ਹਿੱਤ ‘ਤਿਮਿਰਲਿੰਗ’ ਵੀ ਕਿਹਾ ਜਾਣ ਲੱਗਾ। ਹੋਰ ਤਾਂ ਹੋਰ ਕਿਸੇ ਵੀ ਲੰਗੜੇ ਆਦਮੀ ਲਈ ਉਸ ਦੀ ਪਿੱਠ ਪਿੱਛੇ ਲੋਕ ਤਿਮਿਰਲਿੰਗ ਛੇੜ ਪਾ ਦਿੰਦੇ ਹਨ। ਤੈਮੂਰ ਦਾ ਸਾਮਰਾਜ ਅਜੋਕੇ ਤੁਰਕੀ, ਸੀਰੀਆ, ਇਰਾਕ, ਕੁਵੈਤ, ਕਜ਼ਾਖਸਤਾਨ, ਅਫਗਾਨਿਸਤਾਨ, ਉਜ਼ਬੇਕਿਸਤਾਨ, ਰੂਸ, ਚੀਨ ਅਤੇ ਭਾਰਤ ਤੱਕ ਫੈਲ ਗਿਆ। ਆਪਣੇ ਰਾਜ ਵਿਸਤਾਰ ਦੌਰਾਨ ਉਸ ਨੇ ਮਾਰ-ਧਾੜ ਦੀ ਹੱਦ ਟੱਪ ਦਿੱਤੀ ਜਿਸ ਕਾਰਨ ਦਮਿਸ਼ਕ, ਬਗਦਾਦ, ਦਿੱਲੀ ਅਤੇ ਫਾਰਸ, ਅਰਬ ਤੇ ਤੁਰਕ ਇਲਾਕੇ ਦੇ ਹੋਰ ਕਈ ਸ਼ਹਿਰ ਬੁਰੀ ਤਰ੍ਹਾਂ ਲੁੱਟੇ ਅਤੇ ਨੇਸਤੋ-ਨਾਬੂਦ ਕੀਤੇ ਗਏ। ਪਰ ਮੱਧ ਏਸ਼ੀਆ ਦਾ ਇਲਾਕਾ ਇਸ ਦੌਰ ਵਿਚ ਵਿਕਾਸ ਦੇ ਸਿਰੇ `ਤੇ ਪੁੱਜ ਗਿਆ। ਇਸੇ ਕਰਕੇ ਉਸ ਨੂੰ ਮੱਧ ਏਸ਼ੀਆ ਵਿਚ ਵਡਿਆਇਆ ਜਾਂਦਾ ਹੈ ਜਦ ਕਿ ਹੋਰ ਥਾਈਂ ਉਸ ਪ੍ਰਤੀ ਅਤਿ ਘਿਰਣਾ ਹੈ। ਪੱਛਮੀ ਏਸ਼ੀਆ ਦੇ ਦੇਸ਼ਾਂ ਵਿਚ ਅਜੇ ਵੀ ਲੋਕ ਆਪਣੇ ਬੱਚਿਆਂ ਦਾ ਨਾਂ ਫਖ਼ਰ ਨਾਲ ਤੈਮੂਰ ਰੱਖਦੇ ਹਨ। ਫਾਰਸੀ ਸਾਹਿਤ ਵਿਚ ਉਸ ਨੂੰ ਫਤਿਹ ਜਹਾਨ ਕਰ ਕੇ ਵਡਿਆਇਆ ਜਾਂਦਾ ਹੈ।
ਉਸ ਨੇ ਚੰਗੇਜ਼ ਖਾਂ ਦੇ ਪਰਿਵਾਰ ਵਿਚ ਵਿਆਹ ਕਰਕੇ ਆਪਣਾ ਨਾਂ ਤੈਮੂਰ ਗੁਰਕਾਨੀ ਰੱਖ ਲਿਆ ਤੇ ‘ਮਹਾਨ’ ਚੰਗੇਜ਼ ਪਰੰਪਰਾ ਦਾ ਪੇਸ਼ਵਾ ਬਣ ਬੈਠਾ। ਮੰਗੋਲ ਭਾਸ਼ਾ ਦੇ ‘ਗੁਰਕਾਨੀ’ ਸ਼ਬਦ ਦਾ ਮਤਲਬ ਹੈ ਜਵਾਈ। ਤੈਮੂਰ ਬਚਪਨ ਤੋਂ ਹੀ ਬੇਹੱਦ ਬਹਾਦਰ, ਬੁੱਧੀਵਾਨ, ਪੜ੍ਹਿਆ-ਲਿਖਿਆ ਅਤੇ ਸੁਨੱਖਾ ਸੀ। ਉਸ ਵਿਚ ਮਾਰ-ਧਾੜ ਕਰਨ ਅਤੇ ਇਲਾਕੇ ਜਿੱਤਣ ਦੀ ਅਮੁੱਕ ਲਾਲਸਾ ਸੀ। ਫੌਜੀ ਜਿੱਤਾਂ ਹਾਸਿਲ ਕਰਦਿਆਂ ਉਸ ਨੇ ਚੰਗੇਜ਼ ਖਾਂ ਦੇ ਪੁੱਤਰ ਚਗਤਾਈ ਖਾਂ ਦੇ ਇਲਾਕੇ `ਤੇ ਅਧਿਕਾਰ ਜਮਾ ਲਿਆ। ‘ਚਗਤਾਈ’ ਇਸ ਇਲਾਕੇ ਦੇ ਇੱਕ ਕਬੀਲੇ ਅਤੇ ਭਾਸ਼ਾ ਦਾ ਨਾਂ ਵੀ ਹੈ। ਪੰਜਾਬੀ ਵਿਚ ਇਨ੍ਹਾਂ ਨੂੰ ‘ਚੁਗੱਤੇ’ ਕਿਹਾ ਜਾਂਦਾ ਹੈ। ਇਨ੍ਹਾਂ ਬਾਰੇ ਇਕ ਕਹਾਵਤ ਸੁਣੋ, ‘ਖਸਮ ਕੀਤਾ ਚੁਗੱਤਾ, ਉਹੀ ਚੱਕੀ ਉਹੀ ਪੀਠਾ’; ਪੋਠੋਹਾਰ ਵਿਚ ਇਸ ਕਬੀਲੇ ਦੇ ਕਈ ਲੋਕ ਰਹਿੰਦੇ ਹਨ।
1398 ਵਿਚ ਤੈਮੂਰ ਨੇ ਭਾਰਤ ਵੱਲ ਰਜੂਹ ਕੀਤਾ। ਉਦੋਂ ਭਾਰਤ ਵਿਚ ਨਿਘਾਰ ਨੂੰ ਪੁੱਜਾ ਸੁਲਤਾਨ ਤੁਗਲਕ ਦਾ ਰਾਜ ਸੀ। ਤੈਮੂਰ ਦੀਆ ਫੌਜਾਂ ਨੇ ਜ਼ਬਰਦਸਤ ਕਤਲੋ-ਗਾਰਦ ਕਰਕੇ ਤੁਲਾਂਬਾ ਤੇ ਮੁਲਤਾਨ ਦੇ ਇਲਾਕੇ ਹਥਿਆਏ ਤੇ ਫਿਰ ਦਿੱਲੀ `ਤੇ ਹਮਲਾ ਕੀਤਾ। ਤੁਗਲਕ ਦੇ ਹਾਥੀਆਂ ਦਾ ਮੁਕਾਬਲਾ ਕਰਨ ਲਈ ਤੈਮੂਰ ਨੇ ਆਪਣੇ ਊਠਾਂ `ਤੇ ਲੱਕੜੀਆਂ ਲਦਵਾ ਕੇ ਉਨ੍ਹਾਂ ਨੂੰ ਅੱਗ ਲਵਾ ਦਿੱਤੀ ਜਿਸ ਕਾਰਨ ਤੁਗਲਕ ਦੇ ਹਾਥੀ ਡਰ ਕੇ ਪਿੱਛੇ ਭੱਜ ਗਏ ਤੇ ਆਪਣੀ ਸੈਨਾ ਨੂੰ ਹੀ ਮਾਰਨ ਦਾ ਕਾਰਨ ਬਣੇ। ਉਹ ਏਨਾ ਕਰੂਰ ਸੀ ਕਿ ਉਸ ਨੇ ਲਗਭਗ ਸਾਰੀ ਦਿੱਲੀ ਤਬਾਹ ਕਰ ਦਿੱਤੀ, ਬਾਸ਼ਿੰਦੇ ਮਾਰ ਸੁੱਟੇ ਤੇ ਖੂਬ ਮਾਲ ਲੁੱਟਿਆ। ਉਸ ਨੇ ਇਸ ਮੁਹਿੰਮ ਦੌਰਾਨ ਬਣਾਏ ਇੱਕ ਲੱਖ ਗੁਲਾਮਾਂ ਨੂੰ ਇਸ ਡਰੋਂ ਮਾਰ ਮੁਕਾਇਆ ਕਿ ਉਹ ਬਗਾਵਤ ਨਾ ਕਰ ਦੇਣ। ਤੈਮੂਰ ਦੀਆਂ ਕਈ ਸਿਫਤਾਂ ਵੀ ਸਨ। ਉਹ ਮੌਲਿਕ ਰਣਨੀਤੀਕਾਰ, ਬੇਹੱਦ ਕਲਾਪ੍ਰੇਮੀ ਤੇ ਦਾਨਿਸ਼ਮੰਦਾਂ ਦਾ ਕਦਰਦਾਨ ਸੀ। ਉਹ ਲੜਾਈ ਦੌਰਾਨ ਪ੍ਰਤਿਭਾਸ਼ਾਲੀ ਲੋਕਾਂ ਨੂੰ ਆਪਣੇ ਨਾਲ ਲੈ ਜਾਂਦਾ ਸੀ। ਉਸ ਨੇ ਆਪਣੀ ਰਾਜਧਾਨੀ ਅਜੋਕੇ ਉਜ਼ਬੇਕਿਸਤਾਨ ਦੇ ਸ਼ਹਿਰ ਸਮਰਕੰਦ ਵਿਚ ਅਲੀਸ਼ਾਨ ਇਮਾਰਤਾਂ ਬਣਵਾਈਆਂ। ਤੈਮੂਰ ਪਿਛੋਂ ਉਸ ਦੇ ਸਭ ਤੋਂ ਛੋਟੇ ਪੁੱਤਰ ਸ਼ਾਹ ਰੁਖ ਨੇ ਰਾਜ ਸੰਭਾਲਿਆ। ਇਸ ਨਾਂ ਦਾ ਅਰਥ ਹੈ ਸ਼ਾਹੀ ਚਿਹਰਾ। ਉਜ਼ਬੇਕਿਸਤਾਨ ਵਿਚ ਦੋਨਾਂ ਪਿਉ ਪੁੱਤਰਾਂ ਦੀ ਖੂਬ ਮਾਨਤਾ ਹੈ। ਉਜ਼ਬੇਕਿਸਤਾਨ ਦੀ ਸੈਰ ਕਰਨ ਪਿੱਛੋਂ ਮੇਰੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਉਥੇ ਸਾਡੇ ਫਿਲਮੀ ਐਕਟਰ ਸ਼ਾਹ ਰੁਖ ਖਾਨ ਪ੍ਰਤੀ ਬੇਹੱਦ ਸ਼ਰਧਾ ਹੈ। ਮੈਂ ਉਸ ਨੂੰ ਦੱਸਿਆ ਕਿ ਤੁਹਾਨੂੰ ਭੁਲੇਖਾ ਲੱਗਾ ਹੋਵੇਗਾ, ਤੈਮੂਰ ਦਾ ਬੇਟਾ ਸ਼ਾਹ ਰੁਖ ਉਥੋਂ ਦਾ ਹਾਕਿਮ ਰਿਹਾ ਹੈ, ਸ਼ਰਧਾ ਉਸ ਪ੍ਰਤੀ ਹੈ। ਦੱਸ ਦੇਈਏ ਕਿ ‘ਤੈਮੂਰ’ ਮੁੱਢਲੇ ਤੌਰ `ਤੇ ਅਲਤਾਇਕ ਭਾਸ਼ਾ ਪਰਿਵਾਰ ਦੀ ਤੁਰਕ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਲੋਹਾ ਤੇ ਨਾਂ ਵਜੋਂ ਅਰਥ ਹੋਇਆ ਲੋਹੇ ਜਿੰਨਾ ਸ਼ਕਤੀਸ਼ਾਲੀ, ਬਹਾਦਰ; ਜਿਵੇਂ ਸਾਡਾ ਤੇਗ ਬਹਾਦਰ। ਬਹੁਤ ਸਾਰੇ ਸ੍ਰੋਤ ਇਸ ਨੂੰ ਫਾਰਸੀ ਜਾਂ ਅਰਬੀ ਸ਼ਬਦ ਦੱਸਦੇ ਹਨ ਪਰ ਅਜਿਹਾ ਨਹੀਂ ਹੈ। ਹਾਂ ਕਈ ਮੁਸਲਮਾਨੀ ਦੇਸ਼ਾਂ ਵਿਚ ਲੋਕ ਇਹ ਨਾਂ ਅੱਜ ਵੀ ਰੱਖਦੇ ਹਨ।
ਇਤਿਹਾਸਕਾਰਾਂ ਨੇ ਤੈਮੂਰ ਨੂੰ ‘ਇਸਲਾਮ ਦੀ ਤਲਵਾਰ’ ਕਿਹਾ ਹੈ ਕਿਉਂਕਿ ਉਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਏਸ਼ੀਆ ਭਰ ਵਿਚ ਇਸਲਾਮ ਫੈਲਾਉਣ ਲਈ ਤਲਵਾਰ ਉਠਾਈ। ਇਹ ਗੱਲ ਅਰਧ-ਸੱਚ ਕਹੀ ਜਾ ਸਕਦੀ ਹੈ। ਰਾਜਾਸ਼ਾਹੀ ਯੁੱਗ ਵਿਚ ਸਭ ਦੇਸ਼ਾਂ ਵਿਚ ਸਭ ਧਰਮਾਂ ਦੇ ਰਾਜਿਆਂ ਦਾ ਮੁੱਖ ਮਨੋਰਥ ਰਾਜ ਵਿਸਤਾਰ ਹੁੰਦਾ ਸੀ ਜਿਸ ਦੀ ਲੋਕ ਪ੍ਰਵਾਨਗੀ ਲਈ ਉਹ ਧਰਮ ਦਾ ਸਹਾਰਾ ਲੈਂਦੇ ਸਨ। ਤੈਮੂਰ ਨੇ ਦਿੱਲੀ ਸਮੇਤ ਅਨੇਕਾਂ ਥਾਵਾਂ `ਤੇ ਮੁਸਲਮਾਨ ਰਾਜਿਆਂ ਨੂੰ ਹੀ ਹਰਾਇਆ। ਇਤਿਹਾਸਕਾਰ ਮੰਨਦੇ ਹਨ ਕਿ ਨਿੱਜੀ ਤੌਰ `ਤੇ ਉਹ ਧਰਮ ਪੱਖੋਂ ਉਦਾਰਵਾਦੀ ਸੀ। ਭਾਰਤ ਵਿਚ ਉਸ ਦੇ ਖਿਲਾਫ਼ ਨਫ਼ਰਤ ਵਧੇਰੇ ਕਰਕੇ ਉਸ ਦੇ ਮੁਸਲਮਾਨ ਹੋਣ ਕਰਕੇ ਹੀ ਹੈ।
ਭਾਵੇਂ ਆਪਣੇ ਬੱਚੇ ਦਾ ਨਾਂ ਰੱਖਣਾ ਹਰ ਇੱਕ ਦਾ ਨਿੱਜੀ ਫੈਸਲਾ ਹੈ ਫਿਰ ਵੀ ਮੈਂ ਕਹਾਂਗਾ ਕਿ ਸੈਫ਼ ਅਲੀ ਨੂੰ ਘੱਟੋ-ਘੱਟ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਸੀ ਕਿ ਦੇਸ਼ ਵਿਚ ਜ਼ਬਰਦਸਤ ਤੁਅੱਸਬੀ ਮਾਹੌਲ ਦੇ ਹੁੰਦਿਆਂ ਅੰਧ ਭਗਤ ਲੋਕਾਂ ਵਲੋਂ ਕਿਸ ਤਰ੍ਹਾਂ ਦਾ ਪ੍ਰਤਿਕਰਮ ਹੋ ਸਕਦਾ ਹੈ ਜਿਸ ਦਾ ਖਮਿਆਜ਼ਾ ਉਸ ਨੂੰ ਖੁਦ ਤੇ ਉਸ ਦੇ ਬੱਚੇ ਨੂੰ ਵੀ ਭੁਗਤਣਾ ਪੈ ਸਕਦਾ ਹੈ। ਉਸ ਦੀ ਪਤਨੀ ਕਰੀਨਾ ਕਪੂਰ ਨੇ ਦੱਸਿਆ ਕਿ ਸ਼ੈਫ਼ ਅਲੀ ਇਤਿਹਾਸ ਦਾ ਖੂਬ ਜਾਣਕਾਰ ਹੈ ਪਰ ਉਸ ਨੇ ਇਹ ਨਾਂ ਇਸ ਲਈ ਰੱਖਿਆ ਕਿ ਇਸ ਦੀ ਧੁਨੀ ਬਹੁਤ ਮੋਹਕ ਹੈ ਤੇ ਅਰਥ ਤਾਂ ਸ਼ਕਤੀਸ਼ਾਲੀ ਹੈ ਹੀ। ਸੈਫ਼ ਅਲੀ ਨੇ ਏਥੇ ਬੇਸਮਝੀ ਦਾ ਹੀ ਵਿਖਾਵਾ ਕੀਤਾ ਹੈ।