ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
25 ਜੂਨ,1975 ਦਾ ਦਿਨ ਭਾਰਤ ਦੇ ਇਤਿਹਾਸ ਦਾ ਉਹ ਕਾਲਾ ਦਿਨ ਸੀ ਜਦੋਂ ਉਸ ਵੇਲੇ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਦੇਸ਼ ਵਿਚ ਐਮਰਜੈਂਸੀ ਭਾਵ ‘ਹੰਗਾਮੀ ਹਲਾਤ` ਲਾਗੂ ਕਰਨ ਦਾ ਐਲਾਨ ਕੀਤਾ ਸੀ।ਐਮਰਜੈਂਸੀ ਦਾ ਇਹ ਕਾਲਾ ਦੌਰ ਕੋਈ 21 ਮਹੀਨਿਆਂ ਤੱਕ ਜਾਰੀ ਰਿਹਾ ਸੀ।ਉਸ ਕਾਲੇ ਦੌਰ ਦੌਰਾਨ ਜ਼ਿਆਦਤੀਆਂ ਅਤੇ ਜ਼ੁਲਮ ਦਾ ਸਿਲਸਿਲਾ ਲਗਾਤਾਰ ਚੱਲਿਆ ਸੀ
ਤੇ ਉਸ ਦੌਰ ਨੂੰ ਫ਼ਿਲਮੀ ਪਰਦੇ `ਤੇ ਪੇਸ਼ ਕਰਨ ਲਈ ਬਾਲੀਵੁੱਡ ਅਤੇ ਖੇਤਰੀ ਸਿਨੇਮਾ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ।ਬਾਲੀਵੁੱਡ ਅਦਾਕਾਰਾ ਤੇ ਨਿਰਦੇਸ਼ਿਕਾ ਕੰਗਨਾ ਰਾਣੌਤ ਦੀ ਤਾਜ਼ਾ ਫ਼ਿਲਮ ‘ਐਮਰਜੈਂਸੀ` ਵੀ ਉਸ ਕਾਲੇ ਦੌਰ ਨੂੰ ਉਜਾਗਰ ਕਰਨ ਲਈ ਬਣਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ ਪਰ ਫ਼ਿਲਮਕਾਰ ਦੀਆਂ ਅਸਲ ਮੰਸ਼ਾ ਭਾਵ ਲੁਕਵੇਂ ਉਦੇਸ਼ ਦੀ ਸਿੱਖ ਹਲਕਿਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਕਰੜੀ ਆਲੋਚਨਾ ਕੀਤੀ ਜਾ ਰਹੀ ਹੈ। ਅੱਜ ਤੋਂ ਠੀਕ 50 ਸਾਲ ਪਹਿਲਾਂ ਦੇਸ਼ ਵਿਚ ਲਾਗੂ ਹੋਈ ਐਮਰਜੈਂਸੀ ਨਾਲ ਸਬੰਧਿਤ ਬਾਲੀਵੁੱਡ ਅਤੇ ਖੇਤਰੀ ਸਿਨੇਮਾ ਦੀਆਂ ਕੁਝ ਚੋਣਵੀਆਂ ਫ਼ਿਲਮਾਂ `ਤੇ ਆਓ ਝਾਤ ਮਾਰੀਏ :-
ਨਸਬੰਦੀ: ਐਮਰਜੈਂਸੀ ਦੌਰਾਨ ਜਨਸੰਖਿਆ ਕਾਬੂ ਹੇਠ ਲਿਆਉਣ ਦੇ ਨਾਂ ‘ਤੇ ਜਬਰੀ ਨਸਬੰਦੀ ਕਰਨ ਦੀ ਕੌਮੀ ਮੁਹਿੰਮ ਭਾਰਤ ਸਰਕਾਰ ਦੇ ਆਦੇਸ਼ਾਂ ‘ਤੇ ਸਿਹਤ ਵਿਭਾਗ ਵੱਲੋਂ ਬੜੇ ਹੀ ਜ਼ੋਰ-ਸ਼ੋਰ ਨਾਲ ਚਲਾਈ ਗਈ ਸੀ।ਬਾਲੀਵੁੱਡ ਦੇ ਹਾਸ ਅਦਾਕਾਰ, ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਆਈ.ਐਸ.ਜੌਹਰ ਨੇ ਇਸ ਮੁਹਿੰਮ ‘ਤੇ ਵਿਅੰਗ ਕੱਸਦਿਆਂ ਹੋਇਆਂ ਸੰਨ 1978 ਵਿਚ ‘ਨਸਬੰਦੀ‘ ਨਾਮਕ ਫ਼ਿਲਮ ਬਤੌਰ ਅਦਾਕਾਰ ਅਤੇ ਨਿਰਦੇਸ਼ਕ ਬਣਾਈ ਸੀ।ਇਸ ਫ਼ਿਲਮ ਵਿਚ ਸ੍ਰੀ ਜੌਹਰ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਦੇ ਡੁਪਲੀਕੇਟ ਅਦਾਕਾਰਾਂ ਦੀ ਭਰਪੂਰ ਵਰਤੋਂ ਕੀਤੀ ਸੀ।
ਆਂਧੀ: ਦੇਸ਼ ਵਿਚ ਐਮਰਜੈਂਸੀ ਲਾਗੂ ਕਰਕੇ ਤੜਥੱਲੀ ਮਚਾ ਦੇਣ ਵਾਲੀ ਰਾਜਨੇਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਆਪਣੇ ਪਤੀ ਨਾਲ ਸਬੰਧਾਂ ਨੂੰ ਕੇਂਦਰ ਵਿਚ ਰੱਖ ਕੇ ਬਣਾਏ ਜਾਣ ਵਾਲੀ ਫ਼ਿਲਮ ਵਜੋਂ ਇਲਜ਼ਾਮ ਸਹਿਣ ਵਾਲੀ ਫ਼ਿਲਮ ‘ਆਂਧੀ` ਸੰਨ 1977 ਵਿਚ ਰਿਲੀਜ਼ ਹੋਈ ਸੀ।ਫ਼ਿਲਮਕਾਰ ਗੁਲਜ਼ਾਰ ਦੀ ਇਸ ਫ਼ਿਲਮ ਵਿਚ ਅਦਾਕਾਰ ਸੰਜੀਵ ਕੁਮਾਰ ਅਤੇ ਅਦਾਕਾਰਾ ਸੁਚਿੱਤਰਾ ਸੇਨ ਨੇ ਕਮਾਲ ਦੀ ਅਦਾਕਾਰੀ ਵਿਖਾਈ ਸੀ ਤੇ ਕਿਹਾ ਗਿਆ ਸੀ ਕਿ ਸੁਚਿੱਤਰਾ ਸੇਨ ਦੁਆਰਾ ਨਿਭਾਇਆ ਗਿਆ ਕਿਰਦਾਰ ਅਤੇ ਬਾਹਰੀ ਦਿੱਖ ਸ੍ਰੀਮਤੀ ਇੰਦਰਾ ਗਾਂਧੀ ਦੇ ਕਿਰਦਾਰ ਨਾਲ ਹੂਬਹੂ ਮੇਲ ਖਾਂਦੇ ਸਨ।ਇਸ ਫ਼ਿਲਮ ਦਾ ਗੀਤ,‘‘ਤੇਰੇ ਬਿਨਾ ਜ਼ਿੰਦਗੀ ਸੇ ਕੋਈ ਸ਼ਿਕਵਾ ਤੋ ਨਹੀਂ ‘ ਤਾਂ ਬੇਹੱਦ ਮਕਬੂਲ ਰਿਹਾ ਸੀ।ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਦੀਆਂ ਆਵਾਜ਼ਾਂ ਵਿਚ ਗਾਇਆ ਗਿਆ ਇਹ ਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਦੀ ਪਹਿਲੀ ਪਸੰਦ ਹੈ।
ਕਿੱਸਾ ਕੁਰਸੀ ਕਾ: ਇਹ ਫ਼ਿਲਮ ਵੀ ਐਮਰਜੈਂਸੀ ਦੌਰਾਨ ਭਾਰਤੀ ਰਾਜਨੀਤੀ ਦੀ ਹਾਲਤ ‘ਤੇ ਵਿਅੰਗ ਕੱਸਣ ਲਈ ਬਣਾਈ ਗਈ ਸੀ। ਕਿਹਾ ਜਾਂਦਾ ਹੈ ਕਿ ਸੰਨ 1978 ਵਿਚ ਬਣੀ ਇਸ ਫ਼ਿਲਮ ਰਾਹੀਂ ਇੰਦਰਾ ਗਾਂਧੀ ਦੇ ਬੇਟੇ ਸੰਜੇ ਗਾਂਧੀ ਦੁਆਰਾ ਭਾਰਤ ਵਿਚ ਆਟੋਮੋਬਾਈਲ ਨਿਰਮਾਣ ਦੀਆਂ ਖ਼ਿਆਲੀ ਯੋਜਨਾਵਾਂ ਦਾ ਭਰਪੂਰ ਮਜ਼ਾਕ ਉਡਾਇਆ ਗਿਆ ਸੀ।
ਹਜ਼ਾਰੋਂ ਖ਼ੁਹਾਇਸ਼ੇਂ ਐਸੀ: ਬਾਲੀਵੁੱਡ ਦੇ ਨਾਮਵਰ ਫ਼ਿਲਮਕਾਰ ਸੁਧੀਰ ਮਿਸ਼ਰਾ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ ਐਮਰਜੈਂਸੀ ਨੂੰ ਪਿਛੋਕੜ ਵਿਚ ਰੱਖ ਕੇ ਕੁਝ ਲੋਕਾਂ ਦੇ ਜੀਵਨ ‘ਤੇ ਡੂੰਘਾ ਪ੍ਰਭਾਵ ਪਾਉਣ ਵਾਲੀਆਂ ਸਮਾਜਿਕ ਅਤੇ ਸਿਆਸੀ ਤਬਦੀਲੀਆਂ ਨੂੰ ਉਜਾਗਰ ਕਰਦੀ ਹੈ। ਸਾਲ 2003 ਵਿਚ ਆਈ ਇਸ ਫ਼ਿਲਮ ਦੇ ਮੁੱਖ ਸਿਤਾਰੇ ਕੇ.ਕੇ.ਮੈਨਨ,ਚਿਤਰਾਂਗਧਾ ਸਿੰਘ ਅਤੇ ਸ਼ਾਇਨੀ ਆਹੂਜਾ ਸਨ।
ਇੰਦੂ ਸਰਕਾਰ: ਸਾਲ 2017 ਦੌਰਾਨ ਭਾਰੀ ਚਰਚਾ ‘ਚ ਰਹਿਣ ਵਾਲੀ ਫ਼ਿਲਮਕਾਰ ਮਧੁਰ ਭੰਡਾਰਕਰ ਦੀ ਇਹ ਫ਼ਿਲਮ ਐਮਰਜੈਂਸੀ ਦੇ ਦੌਰ ਵਿਚ ਪੂਰੇ ਸਿਸਟਮ ਖ਼ਿਲਾਫ਼ ਸੰਘਰਸ਼ ਕਰਨ ਵਾਲੀ ਇਕ ਕਵਿੱਤਰੀ ਦੀ ਕਹਾਣੀ ਬਿਆਨ ਕਰ ਗਈ ਸੀ।ਇਸ ਫ਼ਿਲਮ ਦੇ ਮੁੱਖ ਕਿਰਦਾਰ ਕੀਰਤੀ ਕੁਲਹਾਰੀ,ਅਨੁਪਮ ਖੇਰ,ਨੀਲ ਨਿਤਿਨ ਮੁਕੇਸ਼ ਅਤੇ ਤੋਤਾ ਰਾਏ ਚੌਧਰੀ ਜਿਹੇ ਸੰਜੀਦਾ ਅਤੇ ਉਮਦਾ ਕਲਾਕਾਰਾਂ ਵੱਲੋਂ ਬਾਖ਼ੂਬੀ ਅਦਾ ਕੀਤੇ ਗਏ ਸਨ।
ਬਾਦਸ਼ਾਹੋ: ਸੰਨ 2017 ਵਿਚ ਹੀ ਆਈ ਅਦਾਕਾਰ ਅਜੇ ਦੇਵਗਨ,ਇਮਰਾਨ ਹਾਸ਼ਮੀ,ਵਿਧੁਤ ਜਮਵਾਲ,ਈਸ਼ਾ ਗੁਪਤਾ,ਇਲਿਆਨਾ ਡਿ ਕਰੂਜ਼ ਅਤੇ ਸੰਜੇ ਮਿਸ਼ਰਾ ਜਿਹੀ ਵੱਡੀ ਸਟਾਰਕਾਸਟ ਵਾਲੀ ਇਹ ਫ਼ਿਲਮ ਐਮਰਜੈਂਸੀ ਨੂੰ ਪਿਛੋਕੜ ਵਿਚ ਰੱਖ ਕੇ ਬਣਾਈ ਗਈ ਸੀ।ਇਸ ਫ਼ਿਲਮ ਵਿਚ ਉਸ ਵੇਲੇ ਰਾਣੀ ਗੀਤਾਂਜਲੀ ਦੇ ਜੈਪੁਰ ਵਿਖੇ ਸਥਿਤ ਮਹਿਲ ਵਿਚੋਂ ਸੋਨਾ ਬਰਾਮਦ ਕਰਨ ਲਈ ਕੀਤੀ ਗਈ ਛਾਪੇਮਾਰੀ ਅਤੇ ਬਰਾਮਦ ਕੀਤੇ ਸੋਨੇ ਨੂੰ ਸੜਕ ਮਾਰਗ ਰਾਹੀਂ ਦਿੱਲੀ ਲਿਜਾਏ ਜਾਣ ਦੀ ਕਹਾਣੀ ਬਿਆਨ ਕੀਤੀ ਗਈ ਹੈ।
ਐਮਰਜੈਂਸੀ: ਮਸ਼ਹੂਰ ਹੋਣ ਦੇ ਨਾਲ-ਨਾਲ ਸਦਾ ਹੀ ਵਿਵਾਦਾਂ ਵਿਚ ਰਹਿਣ ਵਾਲੀ ਅਤੇ ਹੁਣ ਅਦਾਕਾਰਾ ਤੋਂ ਰਾਜਨੇਤਾ ਅਤੇ ਫ਼ਿਲਮ ਨਿਰਦੇਸ਼ਿਕਾ ਬਣ ਚੁੱਕੀ ਕੰਗਨਾ ਰਾਣੌਤ ਦੀ ਤਾਜ਼ਾ ਫ਼ਿਲਮ ‘ਐਮਰਜੈਂਸੀ` ਪਿਛਲੇ ਸਾਲ ਤੋਂ ਹੀ ਵਿਵਾਦਾਂ ਵਿਚ ਸੀ ਤੇ ਰਿਲੀਜ਼ ਦੀ ਉਡੀਕ ਵਿਚ ਸੀ।ਪੰਜਾਬ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਵਿਚ ਮੌਜੂਦ ਕਈ ਸਿੱਖ ਸੰਗਠਨਾਂ ਵੱਲੋਂ ਇਸ ਫ਼ਿਲਮਾਂ ਵਿਚ ਇੰਦਰਾ ਗਾਂਧੀ ਨੂੰ ‘ਆਇਰਨ ਲੇਡੀ` ਦਰਸਾਉਣ ਦੇ ਨਾਂ `ਤੇ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੇ ਜਾਣ ਦੇ ਇਲਜ਼ਾਮ ਲਗਾਏ ਗਏ ਸਨ। ਕੇਂਦਰੀ ਫ਼ਿਲਮ ਸੈਂਸਰ ਬੋਰਡ ਨੇ ਇਸ ਫ਼ਿਲਮ ਦੇ ਕਈ ਵਿਵਾਦਤ ਦ੍ਰਿਸ਼ ਅਤੇ ਸੰਵਾਦ ਕੱਟਣ ਤੋਂ ਬਾਅਦ ਬੀਤੇ ਦਿਨੀਂ ਇਸ ਫ਼ਿਲਮ ਦੀ ਰਿਲੀਜ਼ ਦਾ ਰਸਤਾ ਸਾਫ਼ ਕਰ ਦਿੱਤਾ ਸੀ ਪਰ 16 ਜਨਵਰੀ,2025 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕਰਕੇ ਪੰਜਾਬ ਵਿਚ ਇਸ ਫ਼ਿਲਮ ਦੀ ਰਿਲੀਜ਼ ਨੂੰ ਰੋਕੇ ਜਾਣ ਦੀ ਮੰਗ ਕੀਤੀ ਗਈ ਸੀ ਤੇ ਇਸ ਫ਼ਿਲਮ ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲੇ ਨੂੰ ਖਲਨਾਇਕ ਬਣਾ ਕੇ ਵਿਖਾਏ ਜਾਣ ਦੀ ਕੋਸ਼ਿਸ਼ ਦਾ ਸਮੂਹ ਪੰਥਕ ਧਿਰਾਂ ਨੇ ਕਰੜਾ ਵਿਰੋਧ ਕੀਤਾ ਸੀ।ਦੂਜੀ ਗੱਲ ਇਹ ਵੀ ਸੀ ਕਿ ਪੰਜਾਬ ਦੇ ਕਿਸਾਨਾਂ ਦੁਆਰਾ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਬਣਾਏ ਗਏ ਕਿਸਾਨ ਅਤੇ ਪੰਜਾਬ ਵਿਰੋਧੀ ਕਾਨੂੰਨਾਂ ਦੀ ਸਖ਼ਤ ਵਿਰੋਧਤਾ `ਤੇ ਟਿੱਪਣੀ ਕਰਦਿਆਂ ਉਕਤ ਕੰਗਨਾ ਰਾਣੌਤ ਨੇ ਪੰਜਾਬ ਦੇ ਕਿਸਾਨਾਂ ਨੂੰ ‘ਅੱਤਵਾਦੀ`,‘ਗੁੰਡੇ` ਅਤੇ ‘ਖ਼ਾਲਿਸਤਾਨੀ` ਆਖ ਕੇ ਨਿੰਦਿਆ ਸੀ ਤੇ ਉਸਦੀਆਂ ਇਨ੍ਹਾ ਟਿੱਪਣੀਆਂ ਦਾ ਸਮੂਹ ਪੰਜਾਬਵਾਸੀਆਂ ਨੇ ਬੁਰਾ ਮਨਾਉਂਦਿਆਂ ਹੋਇਆਂ ਡਟ ਕੇ ਵਿਰੋਧ ਕੀਤਾ ਸੀ।
17 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਨੂੰ ਪੰਜਾਬ ਵਿਚ ਨਾ ਚੱਲਣ ਦੇਣ ਦੀ ਧਮਕੀ ਸਮੂਹ ਸਿੱਖ ਸੰਗਠਨਾਂ ਨੇ ਦੇ ਦਿੱਤੀ ਸੀ ਤੇ ਇਸ ਸਬੰਧ ਵਿਚ ਪੰਜਾਬ ਸਰਕਾਰ ਨੂੰ ਵੀ ਅਗਾਊਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਤੇ ਨਾਲ ਹੀ ਭਾਰਤ ਸਰਕਾਰ ਅਤੇ ਕੇਂਦਰੀ ਫ਼ਿਲਮ ਸੈਂਸਰ ਬੋਰਡ ਨੂੰ ਵੀ ਇਹ ਅਪੀਲ ਕੀਤੀ ਗਈ ਸੀ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੀ ਅਤੇ ਸੰਨ 1984 ਵਿਚ ਸਿੱਖ ਕੌਮ ਨੂੰ ਮਿਲੇ ਜ਼ਖ਼ਮਾਂ ਨੂੰ ਕੁਰੇਦ ਕੇ ਉਨ੍ਹਾ ‘ਤੇ ਲੂਣ ਛਿੜਕਣ ਵਾਲੀ ਇਸ ਵਿਵਾਦਤ ਫ਼ਿਲਮ ਦੀ ਰਿਲੀਜ਼ ਨੂੰ ਉਸੇ ਤਰ੍ਹਾਂ ਰੋਕ ਦਿੱਤਾ ਜਾਵੇ ਜਿਸ ਤਰ੍ਹਾਂ ਪੰਜਾਬ ਅੰਦਰ ਆਏ ਖਾੜਕੂਵਾਦ ਦੇ ਕਾਲੇ ਦੌਰ ਅਤੇ ਉਸ ਖਾੜਕੂਵਾਦ ਦੇ ਉਪਜਣ ਦੇ ਕਾਰਨਾਂ ਨੂੰ ਬਿਆਨ ਕਰਦੀਆਂ ਕਈ ਪੰਜਾਬੀ ਫਿਲਮਾਂ ਦੀ ਰਿਲੀਜ਼ ‘ਤੇ ਪਾਬੰਦੀਆਂ ਆਇਦ ਕਰ ਦਿੱਤੀਆਂ ਗਈਆਂ ਸਨ।
ਇਥੇ ਜ਼ਿਕਰਯੋਗ ਹੈ ਕਿ ਪੰਜਾਬ ਵਿਚ ਆਏ ਖਾੜਕੂਵਾਦ ਦੇ ਕਾਲੇ ਦੌਰ ਨਾਲ ਸਬੰਧਿਤ ਕਈ ਫ਼ਿਲਮਾਂ ਬਾਲੀਵੁੱਡ ਵੱਲੋਂ ਬੜੀ ਹੀ ਗੰਭੀਰਤਾ ਨਾਲ ਬਣਾਈਆਂ ਗਈਆਂ ਸਨ ਜਿਨ੍ਹਾ ਵਿਚ ਫ਼ਿਲਮਕਾਰ ਗੁਲਜ਼ਾਰ ਦੁਆਰਾ ਸੰਨ 1996 ਵਿਚ ਬਣਾਈ ਗਈ ਫ਼ਿਲਮ ‘ਮਾਚਿਸ` ਪ੍ਰਮੁੱਖ ਸੀ। ਇਸ ਫ਼ਿਲਮ ਵਿਚ ਇਕ ਨੌਜਵਾਨ ਅਤੇ ਉੱਭਰਦੇ ਖਿਡਾਰੀ ਅਤੇ ਉਸਦੀ ਪ੍ਰੇਮਿਕਾ ਦੇ ਅੱਤਵਾਦੀ ਬਣਨ ਦੀ ਦਾਸਤਾਨ ਬੜੇ ਹੀ ਭਾਵਪੂਰਤ ਢੰਗ ਨਾਲ ਬਿਆਨ ਕੀਤੀ ਗਈ ਸੀ।ਸੀ।ਇਸ ਫ਼ਿਲਮ ਤੋਂ ਇਲਾਵਾ ਸੰਨ 2005 ਵਿਚ ਬਣੀ ਫ਼ਿਲਮ ‘ਅਮੂ` ਅਤੇ ਸੰਨ 2022 ਵਿਚ ਓ.ਟੀ.ਟੀ.ਪਲੇਟਫਾਰਮ `ਤੇ ਆਈ ਫ਼ਿਲਮ ਸੀਰੀਜ਼ ‘ਕੈਟ` ਨੇ ਵੀ ਖਾੜਕੂਵਾਦ ਦੌਰਾਨ ਸਿੱਖ ਨੌਜਵਾਨਾਂ ਦੀ ਮਾਨਸਿਕਤਾ ਅਤੇ ਹਾਲਾਤਾਂ ਦਾ ਵਰਣਨ ਕਰਨ ਦਾ ਯਤਨ ਕੀਤਾ ਸੀ।ਪੰਜਾਬੀ ਸਿਨੇਮਾ ਨੇ ਵੀ ਸੰਨ 1984 ਵਿਚ ਵਾਪਰੇ ਭਿਆਨਕ ਇਤਿਹਾਸਕ ਅਤੇ ਖ਼ੂਨੀ ਸਾਕਿਆਂ ਦੌਰਾਨ ਅਤੇ ਉਸ ਤੋਂ ਬਾਅਦ ਵੀ ਪੰਜਾਬਵਾਸੀਆਂ ਵੱਲੋਂ ਤੇ ਵਿਸ਼ੇਸ ਕਰਕੇ ਸਿੱਖ ਨੌਜਵਾਨਾਂ ਵੱਲੋਂ ਝੱਲੇ ਗਏ ਜ਼ੁਲਮੋ-ਸਿਤਮ ਨੂੰ ਬਾਖ਼ੂਬੀ ਪੇਸ਼ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਸੀ।ਇਸ ਸਬੰਧ ਵਿਚ ‘ਚੌਥੀ ਕੂਟ`,‘ਕੈਟ`,‘ਸਾਡਾ ਹੱਕ`,‘ਦਿ ਮਾਸਟਰਮਾਈਂਡ :ਜਿੰਦਾ ਐਂਡ ਸੁੱਖਾ`,‘ਤੂਫ਼ਾਨ ਸਿੰਘ`,‘ਪੰਜਾਬ 1984`,‘ਵਨਸ ਅਪੌਨ ਏ ਟਾਈਮ ਇਨ ਅਮ੍ਰਿਤਸਰ` ਆਦਿ ਜਿਹੀਆਂ ਕਈ ਹੋਰ ਫ਼ਿਲਮਾਂ ਦਾ ਵੀ ਨਿਰਮਾਣ ਕੀਤਾ ਗਿਆ ਸੀ ਤੇ ਇਨ੍ਹਾ ਵਿਚੋਂ ਕੁਝ ਫ਼ਿਲਮਾਂ ਵਿਵਾਦਾਂ ਵਿਚ ਫਸ ਕੇ ਰਹਿ ਗਈਆਂ ਸਨ ਤੇ ਇਨ੍ਹਾ ਦੀ ਰਿਲੀਜ਼ ਵਿਚ ਕਈ ਸਾਰੀਆਂ ਰੁਕਾਵਟਾਂ ਪੇਸ਼ ਆਈਆਂ ਸਨ। ਫ਼ਰਵਰੀ,2025 ਵਿਚ ਰਿਲੀਜ਼ ਹੋਣ ਜਾ ਰਹੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਫ਼ਿਲਮ ‘ਪੰਜਾਬ 95` ਵੀ ਪੰਜਾਬ ਦੀ ਧਰਤੀ `ਤੇ ਆਏ ਖਾੜਕੂਵਾਦ ਦੇ ਦੌਰ ਦੌਰਾਨ ਪੁਲਿਸ ਵੱਲੋਂ ਮਾਰ ਮੁਕਾ ਦਿੱਤੇ ਗਏ 25 ਹਜ਼ਾਰ ਬੇਦੋਸ਼ੇ ਸਿੱਖ ਨੌਜੁਆਨਾਂ ਲਈ ਆਵਾਜ਼ ਉਠਾਉਣ ਵਾਲੇ ਤੇ ਆਪਣੀ ਜਾਨ ਦੀ ਬਾਜ਼ੀ ਲਗਾ ਦੇਣ ਵਾਲੇ ਸ.ਜਸਵੰਤ ਸਿੰਘ ਖਾਲੜਾ ਦੇ ਜੀਵਨ `ਤੇ ਆਧਾਰਿਤ ਹੈ।ਗ਼ੌਰਤਲਬ ਹੈ ਕਿ ਇਸ ਫ਼ਿਲਮ ਵਿਚ ਉਸ ਸਮੇਂ ਦੀ ਪੁਲਿਸ ਦੇ ਕਾਲੇ ਕਾਰਨਾਮਿਆਂ ਦਾ ‘ਕੌੜਾ ਸੱਚ` ਬਿਆਨ ਕਰਨ ਵਾਲੇ ਕਈ ਮਹੱਤਵਪੂਰਨ ਦ੍ਰਿਸ਼ ਸੈਂੋਸਰ ਬੋਰਡ ਨੇ ਕੱਟ ਦਿੱਤੇ ਹਨ।ਸਿੱਖ ਹਲਕਿਆਂ ਵਿਚ ਇਸੇ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਸਿੱਖਾਂ ਉੱਤੇ ਵਾਪਰੇ ਹੌਲਨਾਕ ਕਾਰਿਆਂ ਨਾਲ ਸਬੰਧਿਤ ਫ਼ਿਲਮਾਂ ਜਾਂ ਤਾਂ ਬਣਾਈਆਂ ਹੀ ਨਹੀਂ ਜਾਂਦੀਆਂ ਹਨ ਤੇ ਜੇ ਕੋਈ ਨਿਰਮਾਤਾ ਜਾਂ ਨਿਰਦੇਸ਼ਕ ਅਜਿਹੀ ਫ਼ਿਲਮ ਬਣਾਉਣ ਦਾ ਹੌਸਲਾ ਕਰਕੇ ਹਕੀਕਤ ਬਿਆਨ ਕਰਨ ਦੀ ਕੋਸ਼ਿਸ਼ ਵਾਲੀ ਫ਼ਿਲਮ ਬਣਾਉਂਦਾ ਵੀ ਹੈ ਤਾਂ ‘ਮਾਹੌਲ ਖ਼ਰਾਬ` ਹੋਣ ਦਾ ਹਵਾਲਾ ਦੇ ਕੇ ਕੇਂਦਰੀ ਫ਼ਿਲਮ ਸੈਂਸਰ ਬੋਰਡ ਉਸ ਫ਼ਿਲਮ ਦੇ ਕਈ ਮਹੱਤਵਪੂਰਨ ਦ੍ਰਿਸ਼ ਅਤੇ ਸੰਵਾਦ ਜਾਂ ਤਾਂ ਪੂਰੀ ਤਰ੍ਹਾਂ ਹੀ ਕੱਟ ਦਿੰਦਾ ਹੈ ਜਾਂ ਫਿਰ ਫ਼ਿਲਮ ਨੂੰ ਪ੍ਰਮਾਣ ਪੱਤਰ ਦੇਣ ਤੋਂ ਮਨ੍ਹਾ ਕਰਕੇ ਫ਼ਿਲਮ ਦੀ ਰਿਲੀਜ਼ ਹੀ ਰੋਕ ਦਿੰਦਾ ਹੈ ਪਰ ਸਿੱਖਾਂ ਦੇ ਖਿਲਾਫ਼ ਬਣੀਆਂ ‘ਐਮਰਜੈਂਸੀ` ਜਿਹੀਆਂ ਫ਼ਿਲਮਾਂ ਨੂੰ ਰਿਲੀਜ਼ ਕਰਨ ਲਈ ਕੇਂਦਰ ਸਰਕਾਰ ਅਤੇ ਕੇਂਦਰੀ ਫ਼ਿਲਮ ਸੈਂਸਰ ਬੋਰਡ ਬਹੁਤ ਹੀ ਨਰਮ ਰਵੱਈਆ ਰੱਖਦੇ ਹਨ।ਲੋੜ ਇਸ ਗੱਲ ਦੀ ਹੈ ਕਿ ਦੇਸ਼ ਵਿਚ ਲੱਗੀ ਐਮਰਜੈਂਸੀ,ਉਸਦੇ ਅਸਲ ਕਾਰਨਾਂ ਅਤੇ ਐਮਰਜੈਂਸੀ ਦੇ ਵਿਰੋਧ ਵਿਚ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖਾਂ ਵੱਲੋਂ ਮਾਰੇ ਗਏ ‘ਹਾਅ ਦੇ ਨਾਅਰੇ` ਤੋਂ ਚਿੜ੍ਹ ਕੇ ਦੇਸ਼ ਦੇ ਪ੍ਰਮੁੱਖ ਸਿਆਸਤਦਾਨਾਂ ਵੱਲੋਂ ਸਿੱਖਾਂ ਨੂੰ ਸਬਕ ਸਿਖਾਉਣ ਲਈ ਸੰਨ 1984 ਵਿਚ ਪੰਜਾਬ ਅੰਦਰ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਖੇਡੀ ਗਈ ਖ਼ੂਨੀ ਖੇਡ ਬਾਰੇ ਵੀ ਨਿਰਪੱਖ ਤੇ ਨਿਧੜਕ ਹੋ ਕੇ ਫ਼ਿਲਮਾਂ ਬਣਾਈਆਂ ਜਾਣ ਤਾਂ ਜੋ ਲੋਕਾਂ ਤੱਕ ‘ਅਸਲ ਸੱਚ` ਪੁੱਜ ਸਕੇ ਤੇ ਲੋਕ ਐਮਰਜੈਂਸੀ ਅਤੇ ਉਸ ਤੋਂ ਬਾਅਦ ਹੋਈ ਸਿੱਖਾਂ ਦੀ ਨਸਲਕੁਸ਼ੀ ਦ ਅਸਲ ਵਰਤਾਰਿਆਂ ਤੋਂ ਸਚਮੁੱਚ ਹੀ ਜਾਣੂ ਹੋ ਸਕਣ।
-410,ਚੰਦਰ ਨਗਰ,ਬਟਾਲਾ। ਮੋ:97816-46008