ਪਾਕਿਸਤਾਨ ਤੇ ਭਾਰਤ ਦੇ ਸਫ਼ਾਰਤੀ ਸਬੰਧ ਇਸ ਵੇਲੇ ਬਰਫ਼ ਵਿਚ ਲੱਗੇ ਹੋਏ ਹਨ। 2019 ਵਿਚ ਭਾਰਤ ਵੱਲੋਂ ਜੰਮੂ-ਕਸ਼ਮੀਰ ਦੀ ਧਾਰਾ 370 ਅਧੀਨ ਵਿਸ਼ੇਸ਼ ਰੁਤਬਾ ਖ਼ਤਮ ਕੀਤੇ ਜਾਣ ਮਗਰੋਂ ਦੋਵਾਂ ਮੁਲਕਾਂ ਦੇ ਹਾਈ ਕਮਿਸ਼ਨਾਂ (ਸਫਾਰਤਖ਼ਾਨਿਆਂ) ਦੇ ਮੁਖੀ ਹਾਈ ਕਮਿਸ਼ਨਰ ਨਹੀਂ। ਮੁਖੀ ਵਾਲੇ ਕੰਮ ਚਾਰਜ ਡੀ’ਅਫੇਅਰਜ਼ (ਉਪ ਰਾਜਦੂਤ) ਨਿਭਾ ਰਹੇ ਹਨ।
ਦੋਵਾਂ ਹਾਈ ਕਮਿਸ਼ਨਾਂ ਜਾਂ ਉਨ੍ਹਾਂ ਦੇ ਕੌਂਸਲੇਟਸ ਵਿਚ ਤਾਇਨਾਤ ਅਮਲੇ ਨੂੰ ਕੁਝ ਨਿਸ਼ਚਿਤ ਸ਼ਹਿਰੀ ਹੱਦਾਂ ਅੰਦਰ ਵਿਚਰਨ ਦੀ ਇਜਾਜ਼ਤ ਹੈ। ਹੱਦਾਂ ਤੋਂ ਬਾਹਰ ਜਾਣ ਵਾਲੇ ਨੂੰ ਸਫ਼ਾਰਤੀ ਪ੍ਰੋਟੋਕੋਲ ਦੀ ਉਲੰਘਣਾ ਦਾ ਦੋਸ਼ੀ ਮੰਨਿਆ ਜਾਂਦਾ ਹੈ। ਅਜਿਹੇ ਦੋਸ਼ ਅਧੀਨ ਉਸ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਵਤਨ ਪਰਤਣ ਲਈ ਵੀ ਕਿਹਾ ਜਾ ਸਕਦਾ ਹੈ। ਜਦੋਂ ਦੁਵੱਲੀ ਕਸ਼ੀਦਗੀ ਘਟੀ ਹੋਵੇ ਤਾਂ ਸਫ਼ਾਰਤੀ ਭੁੱਲਾਂ-ਚੁੱਕਾਂ ਦੀ ਸਹਿਜੇ ਹੀ ਅਣਦੇਖੀ ਕਰ ਦਿੱਤੀ ਜਾਂਦੀ ਹੈ। ਜਦੋਂ ਇਹ ਵਧੀ ਹੋਵੇ ਤਾਂ ਰਾਈ ਦਾ ਪਹਾੜ ਬਣਾਉਣ ਵਿਚ ਦੇਰ ਨਹੀਂ ਲਾਈ ਜਾਂਦੀ। ਬਹੁਤੀ ਵਾਰ ਅਜਿਹਾ ਨਜ਼ਲਾ ਹਾਈ ਕਮਿਸ਼ਨਾਂ ਦੇ ਚੌਥਾ ਜਾਂ ਤੀਜਾ ਦਰਜਾ ਮੁਲਾਜ਼ਮਾਂ ਉੱਤੇ ਹੀ ਝੜਦਾ ਹੈ। ਉਨ੍ਹਾਂ ਨੂੰ ਤਾਂ ਕਈ ਵਾਰ ਖ਼ੁਫ਼ੀਆ ਏਜੰਸੀਆਂ ਹਿਰਾਸਤ ਵਿਚ ਲੈ ਕੇ ਤਸੀਹੇ ਵੀ ਦਿੰਦੀਆਂ ਹਨ। ਇਹ ਅਮਲ ਬਦਲਾਖੋਰੀ ਨੂੰ ਜਨਮ ਦਿੰਦਾ ਹੈ। ਇੱਕ ਮੁਲਕ ਦੀ ਕਾਰਵਾਈ ਦੀ ਦੂਜਾ ਮੁਲਕ ਭਾਜੀ ਮੋੜਦਾ ਹੈ; ਵੱਧ ਸ਼ਿੱਦਤ, ਵੱਧ ਜ਼ਾਲਮਾਨਾ ਢੰਗ ਨਾਲ।
ਕਿਉਂ ਵਾਪਰਦਾ ਹੈ ਇਹ ਸਭ ਕੁਝ? ਕੀ-ਕੀ ਨਿਕਲਦੇ ਹਨ ਅਜਿਹੀਆਂ ਘਟਨਾਵਾਂ ਦੇ ਨਤੀਜੇ? ਕਿਵੇਂ-ਕਿਵੇਂ ਸਿੱਝਿਆ ਜਾਂਦਾ ਹੈ ਇਸ ਕਿਸਮ ਦੇ ਖਿਚਾਅ ਨਾਲ? ਅਜਿਹੇ ਸਵਾਲਾਂ ਦੇ ਜਵਾਬ ਮਿਲਦੇ ਹਨ ਰੁਚੀ ਘਨਸ਼ਿਆਮ ਦੀ ਕਿਤਾਬ ‘ਐਨ ਇੰਡੀਅਨ ਵੂਮੈਨ ਇਨ ਇਸਲਾਮਾਬਾਦ’ (ਪੈਂਗੁਇਨ-ਵਾਈਕਿੰਗ; 229 ਪੰਨੇ; 699 ਰੁਪਏ) ਤੋਂ। ਲੇਖਿਕਾ ਦੀ 1997 ਤੋਂ 2000 ਤੱਕ ਪਾਕਿਸਤਾਨ ਵਿਚ ਤਾਇਨਾਤੀ ਦੇ ਦਿਨਾਂ ਦੀ ਦਾਸਤਾਨ ਹੈ ਇਹ ਕਿਤਾਬ। ਰੁਚੀ 1982 ਬੈਚ ਦੀ ਆਈ. ਐੱਫ. ਐੱਸ. ਅਧਿਕਾਰੀ ਸੀ। ਉਹ ਤੇ ਉਸਦਾ ਪਤੀ ਏ.ਆਰ. ਘਨਸ਼ਿਆਮ ਉਪਰੋਕਤ ਸਮੇਂ ਦੌਰਾਨ ਪਾਕਿਸਤਾਨ ਵਿਚਲੇ ਭਾਰਤੀ ਹਾਈ ਕਮਿਸ਼ਨ ਜਾਂ ਮਿਸ਼ਨਾਂ (ਕੌਂਸਲੇਟਾਂ) ਵਿਚ ਕੌਂਸਲਰਾਂ ਵਜੋਂ ਤਾਇਨਾਤ ਰਹੇ। ਉਹ ਪਹਿਲੀ ਭਾਰਤੀ ਮਹਿਲਾ ਡਿਪਲੋਮੈਟ ਸੀ, ਜਿਸ ਨੂੰ ਪਾਕਿਸਤਾਨ ਵਿਚ ਪੋਸਟ ਕੀਤਾ ਗਿਆ। ਬੜੀ ਚੁਣੌਤੀਪੂਰਨ ਸੀ ਇਹ ਨਿਯੁਕਤੀ। 1997 ਤੋਂ 2000 ਦਾ ਸਮਾਂ ਭਾਰਤ-ਪਾਕਿ ਸਬੰਧਾਂ ਵਿਚ ਖਲਬਲੀ ਵਾਲਾ ਸਮਾਂ ਸੀ। ਪਹਿਲਾਂ ਭਾਰਤ ਨੇ ਪਰਮਾਣੂ ਬੰਬਾਂ ਦੀ ਪਰਖ ਕੀਤੀ, ਫਿਰ ਪਾਕਿਸਤਾਨ ਨੇ। ਦੋਵਾਂ ਮੁਲਕਾਂ ਨੇ ਇੱਕ-ਦੂਜੇ ’ਤੇ ਪਰਮਾਣੂ ਕਹਿਰ ਢਾਹੁਣ ਦੀਆਂ ਧਮਕੀਆਂ ਵੀ ਦਿੱਤੀਆਂ। ਦੋਵਾਂ ਉੱਪਰ ਆਲਮੀ ਪੱਧਰ ਦੀਆਂ ਪਾਬੰਦੀਆਂ ਵੀ ਲੱਗੀਆਂ। ਫਿਰ ਸਦਾ-ਇ-ਸਰਹੱਦ ਦਾ ਦੌਰ ਆਇਆ: ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਬੱਸ ’ਤੇ ਬੈਠ ਕੇ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਗਏ; ਪਾਕਿਸਤਾਨ ਵਿਚ ਵਜ਼ੀਰ-ਇ-ਆਜ਼ਮ ਨਵਾਜ਼ ਸ਼ਰੀਫ਼ ਨਾਲ ਮਿਲ ਕੇ ਉਨ੍ਹਾਂ ਨੇ ਅਮਨ ਦੇ ਸੋਹਲੇ ਗਾਏ; ਦੋਸਤੀ ਦੇ ਹਲਫ਼ਨਾਮੇ ਦੇ ਰੂਪ ਵਿਚ ਲਾਹੌਰ ਐਲਾਨਨਾਮੇ ਉੱਤੇ ਦਸਤਖ਼ਤ ਹੋਏ ਅਤੇ ਫਿਰ…ਪਾਕਿਸਤਾਨੀ ਦਗ਼ੇਬਾਜ਼ੀ ਦਾ ਮੁਹਾਂਦਰਾ ਕਾਰਗਿਲ ਜੰਗ ਦੇ ਬਾਣੇ ਵਿਚ ਸਾਡੇ ਸਾਹਮਣੇ ਆਇਆ। ਅਮਨ ਖੇਰੂੰ-ਖੇਰੂੰ ਹੋ ਗਿਆ। ਦੁਸ਼ਮਣੀ ਨਵੇਂ ਸਿਰਿਉਂ ਦੁਵੱਲੇ ਰਿਸ਼ਤਿਆਂ ਦੀ ਆਬੋ-ਹਵਾ ਦਾ ਦੁਰਗੰਧਿਤ ਹਿੱਸਾ ਬਣ ਗਈ। ਰੁਚੀ, ਘਨਸ਼ਿਆਮ ਅਤੇ ਉਨ੍ਹਾਂ ਦੇ ਦੋ ਨਿੱਕੇ ਨਿਆਣਿਆਂ ਨੇ ਇਹ ਸਾਰੇ ਪਲ ਆਪਣੇ ਪਿੰਡਿਆਂ ’ਤੇ ਵੀ ਹੰਢਾਏ ਅਤੇ ਮਨਾਂ ’ਤੇ ਵੀ। ਇਹ ਸਾਰਾ ਬਿਰਤਾਂਤ ਇਸ ਕਿਤਾਬ ਦੀ ਜਿੰਦ-ਜਾਨ ਹੈ।
ਅਜਿਹੇ ਵਿਸ਼ਾ-ਵਸਤੂ ਦੇ ਬਾਵਜੂਦ ਕਮਾਲ ਦੀ ਗੱਲ ਇਹ ਹੈ ਕਿ ਇਸ ਬਿਰਤਾਂਤ ਵਿਚ ਸਿਆਹੀ ਘੱਟ ਹੈ, ਸਫ਼ੈਦੀ ਵੱਧ। ਬਦਨੁਮਾਈ ਘੱਟ, ਖੁਸ਼ਨੁਮਾਈ ਜ਼ਿਆਦਾ। ਸਿਆਸੀ ਦੁਸ਼ਮਣੀਆਂ ਦੀ ਰੇਗਜ਼ਾਰੀ ਵਿਚ ਇਨਸਾਨੀ ਰਿਸ਼ਤਿਆਂ ਦੀ ਹਰਿਆਲੀ ਉੱਗਣ ਦੇ ਤਸੱਵਰਾਂ ਨਾਲ ਲੈਸ ਹੈ ਇਹ। ਰੁਚੀ ਘਨਸ਼ਿਆਮ ਨੇ ਇਨ੍ਹਾਂ ਤਸੱਵਰਾਂ ਨੂੰ ਹਿੰਦ-ਪਾਕਿ ਸਬੰਧਾਂ ਦੀਆਂ ਪੇਚੀਦਗੀਆਂ ਦੇ ਵਿਸ਼ਲੇਸ਼ਣ ਦਾ ਸ਼ਿੰਗਾਰ ਬਣਾਇਆ ਹੈ। ਇਹ ਤੱਤ ਕਿਤਾਬ ਨੂੰ ਰੌਚਿਕ ਤਾਂ ਬਣਾਉਂਦਾ ਹੀ ਹੈ, ਪੇਚੀਦਗੀਆਂ ਦੀ ਅਸਲੀਅਤ ਸਮਝਣ ਵਿਚ ਵੀ ਮਦਦਗਾਰ ਹੁੰਦਾ ਹੈ।
ਭਾਰਤੀ ਡਿਪਲੋਮੈਟਾਂ ਉੱਤੇ ਬੰਦਿਸ਼ਾਂ
‘ਇਸਲਾਮਾਬਾਦ ਵਿਚ ਰਹਿਣਾ ਆਸਾਨ ਨਹੀਂ ਸੀ। ਸਾਡੇ ’ਤੇ ਹਰ ਵੇਲੇ ਪਾਕਿਸਤਾਨੀ ਖ਼ੁਫ਼ੀਆ ਏਜੰਟਾਂ ਵੱਲੋਂ ਨਜ਼ਰ ਰੱਖੀ ਜਾਂਦੀ ਸੀ। ਸਾਨੂੰ ਅੰਦਾਜ਼ਾ ਸੀ ਕਿ ਸਾਡੇ ਘਰ ਵਿਚ ਵੀ ਸੂਹੀਆ ਯੰਤਰ ਫਿੱਟ ਹਨ ਅਤੇ ਫ਼ੋਨਾਂ ਵਿਚ ਵੀ। ਇਸਲਾਮਾਬਾਦ ਉਦੋਂ ਨਿੱਕਾ ਜਿਹਾ ਸ਼ਹਿਰ ਸੀ; ਉੱਥੇ ਵੀ ਗਿਣਵੀਆਂ ਥਾਵਾਂ ’ਤੇ ਹੀ ਜਾਇਆ ਜਾ ਸਕਦਾ ਸੀ। ਸ਼ਹਿਰ ਦੀਆਂ ਹੱਦਾਂ ਤੋਂ ਬਾਹਰ ਜਾਣ ਵਾਸਤੇ (ਪਾਕਿਸਤਾਨੀ ਵਿਦੇਸ਼ ਦਫ਼ਤਰ ਤੋਂ) ਪ੍ਰਵਾਨਗੀ ਲੈਣੀ ਪੈਂਦੀ ਸੀ। ਪ੍ਰਵਾਨਗੀ ਹਮੇਸ਼ਾ ਛੇਤੀ ਨਹੀਂ ਸੀ ਮਿਲਦੀ। ਰਾਵਲਪਿੰਡੀ ਜਾਂ ਮੱਰੀ ਜਾਣ (ਪਹਾੜੀ ਸਥਾਨ, ਜਿਸ ਦਾ ਨਾਂ ਹਜ਼ਰਤ ਈਸਾ ਮਸੀਹ ਦੀ ਮਾਤਾ ਮਰੀਅਮ ਦੇ ਨਾਂ ’ਤੇ ਹੈ) ਜਾਣ ਦੀ ਖੁੱਲ੍ਹ ਸੀ, ਪਰ ਉੱਥੇ ਵੀ ਕਿੰਨੀ ਕੁ ਵਾਰ ਜਾਇਆ ਜਾ ਸਕਦਾ ਸੀ? ਅਸੀਂ ਖ਼ੈਬਰ ਦੱਰੇ ਦੀ ਵਿਰਾਸਤੀ ਸੈਰ ਦਾ ਪ੍ਰੋਗਰਾਮ ਬਣਾਇਆ, ਪਰ ਇਜਾਜ਼ਤ ਨਹੀਂ ਮਿਲੀ। ਇਸ ਤੋਂ ਵੱਧ ਬੁਰੀ ਗੱਲ ਇਹ ਰਹੀ ਕਿ ਸਾਡੇ 9 ਵਰਿ੍ਹਆਂ ਦੇ ਬੇਟੇ ਅਨੀਕੇਤ, ਜੋ ਕਿ ਅਮੈਰੀਕਨ ਸਕੂਲ ਵਿਚ ਪੜ੍ਹਦਾ ਸੀ, ਨੂੰ ਸਕੂਲ ਦੇ ਇੱਕ ਵਿਦਿਅਕ ਟੂਰ ਦੌਰਾਨ ਆਪਣੇ ਹਮਜਮਾਤੀਆਂ ਨਾਲ ਖੇਵੜਾ ਸਥਿਤ ਲੂਣ ਦੀਆਂ ਖਾਣਾਂ ਦੇਖਣ ਨਹੀਂ ਜਾਣ ਦਿੱਤਾ ਗਿਆ; ਸਿਰਫ਼ ਇਸ ਆਧਾਰ ’ਤੇ ਕਿ ਉਹ ਭਾਰਤੀ ਡਿਪਲੋਮੈਟਾਂ ਦਾ ਬੇਟਾ ਹੈ।…ਇਸਲਾਮਾਬਾਦ ਤੋਂ ਦਿੱਲੀ ਪਰਤਣ ’ਤੇ ਵਿਦੇਸ਼ ਮੰਤਰਾਲੇ ਵਿਚ ਮੇਰੀ ਨਿਯੁਕਤੀ ਡਾਇਰੈਕਟਰ (ਪਾਕਿਸਤਾਨ) ਵਜੋਂ ਹੋਈ। ਸਾਲ ਕੁ ਬਾਅਦ ਪਾਕਿਸਤਾਨੀ ਮਿਸ਼ਨ ਦਾ ਮੇਰਾ ਹਮਰੁਤਬਾ ਅਧਿਕਾਰੀ ਮੈਨੂੰ ਮਿਲਣ ਆਇਆ। ਉਸ ਨੇ ਦੱਸਿਆ ਕਿ ਪਾਕਿਸਤਾਨੀ ਵਿਦੇਸ਼ ਦਫ਼ਤਰ ਨੇ ਭਾਰਤੀ ਹਾਈ ਕਮਿਸ਼ਨ ਦੇ ਅਮਲੇ ਦੀ ਆਮਦੋ-ਰਫ਼ਤ ਨੂੰ ਇਸਲਾਮਾਬਾਦ ਸ਼ਹਿਰ ਦੀਆਂ ਹੱਦਾਂ ਤੱਕ ਸੀਮਤ ਕਰਨ ਦਾ ਫ਼ੈਸਲਾ ਲਿਆ ਹੈ। ਮੈਨੂੰ ਇਹ ਫ਼ੈਸਲਾ ਨਾਗਵਾਰ ਜਾਪਿਆ। ਇਸਲਾਮਾਬਾਦ ਦੱਖਣੀ ਦਿੱਲੀ ਦੇ ਕੁੱਲ ਰਕਬੇ ਤੋਂ ਕਾਫ਼ੀ ਛੋਟਾ ਹੈ। ਉਸ ਪਾਕਿਸਤਾਨੀ ਅਧਿਕਾਰੀ ਨੂੰ ਮੈਂ ਕਿਹਾ ਕਿ ਜੇ ਤੁਹਾਡਾ ਮੁਲਕ ਅਜਿਹਾ ਕਰ ਰਿਹਾ ਹੈ ਤਾਂ ਅਸੀਂ ਵੀ ਤੁਹਾਡੇ ਅਮਲੇ ਦੀਆਂ ਗਤੀਵਿਧੀਆਂ ਨਵੀਂ ਦਿੱਲੀ ਨਗਰ ਕੌਂਸਲ ਦੀਆਂ ਹੱਦਾਂ ਤੱਕ ਮਹਿਦੂਦ ਕਰਨ ਜਾ ਰਹੇ ਹਾਂ। ਪਾਕਿਸਤਾਨੀ ਹਾਈ ਕਮਿਸ਼ਨ ਵੀ ਉੱਥੇ ਪੈਂਦਾ ਹੈ ਅਤੇ ਭਾਰਤੀ ਵਿਦੇਸ਼ ਦਫ਼ਤਰ ਵੀ। ਤੁਹਾਨੂੰ ਕੋਈ ਦਿੱਕਤ ਨਹੀਂ ਹੋਵੇਗੀ। ਉਸ ਨੇ ਝੱਟ ਰੋਸ ਪ੍ਰਗਟਾਇਆ ਕਿ ਇਹ ਬੰਦਿਸ਼ ਨਾਵਾਜਬ ਹੈ; ਸਾਡੇ ਤਾਂ ਬਹੁਤੇ ਅਧਿਕਾਰੀ ਹੀ ਇਸ ਖੇਤਰ ਤੋਂ ਬਾਹਰ ਰਹਿੰਦੇ ਹਨ। ਮੈਂ ‘ਹਲੀਮੀ ਵਿਚ ਲਿਪਟੀ ਸਖ਼ਤੀ’ ਨਾਲ ਕਿਹਾ: ਯਾ ਤਾਂ ਤੁਸੀਂ ਆਪਣੇ ਅਫ਼ਸਰਾਂ ਨੂੰ ਆਪਣੇ ਹਾਈ ਕਮਿਸ਼ਨ ਵਿਚ ਠਹਿਰਾ ਲਓ, ਯਾ ਫਿਰ ਨਿਰਧਾਰਤ ਖੇਤਰ ਤੋਂ ਬਾਹਰ ਜਾਣ ਸਬੰਧੀ ਇਜਾਜ਼ਤ ਹਰ ਰੋਜ਼ ਸਾਡੇ ਦਫ਼ਤਰ ਤੋਂ ਲਉ।…ਇਸ ਵਾਰਤਾਲਾਪ ‘ਤੋਂ ਚੰਦ ਦਿਨਾਂ ਬਾਅਦ ਮੈਨੂੰ ਸੂਚਨਾ ਮਿਲੀ ਕਿ ਪਾਕਿਸਤਾਨੀ ਵਿਦੇਸ਼ ਦਫ਼ਤਰ ਨੇ ਇਸਲਾਮਾਬਾਦ ਸਥਿਤ ਸਾਡੇ ਸਟਾਫ਼ ਉੱਪਰ ਲਾਈਆਂ ਬੰਦਿਸ਼ਾਂ ਹਟਾ ਲਈਆਂ ਹਨ।’
ਭਾਰਤੀ ਡਿਪਲੋਮੈਟਾਂ ਦੀ ਜਾਸੂਸੀ
ਪਾਕਿਸਤਾਨ ਵਿਚ ਭਾਰਤੀ ਡਿਪਲੋਮੈਟਾਂ ਦੀ 24ਣ7 ਜਾਸੂਸੀ ਦੇ ਬਹੁਤ ਸਾਰੇ ਖੱਟੇ-ਮਿੱਠੇ ਕਿੱਸੇ, ਦਰਜਨਾਂ ਸਫ਼ੀਰਾਂ-ਨਾਇਬ ਸਫ਼ੀਰਾਂ ਦੀਆਂ ਕਿਤਾਬਾਂ ਦਾ ਸ਼ਿੰਗਾਰ ਬਣਦੇ ਆਏ ਹਨ। ਰੁਚੀ ਘਨਸ਼ਿਆਮ ਨੂੰ ਵੀ ਇਸ ਤਰਜ਼ ਦੀ ਜਾਸੂਸੀ ਦਾ ਤਜਰਬਾ ਪਾਕਿਸਤਾਨ ਵਿਚ ਪਹਿਲੇ ਦਿਨ ‘ਤੋਂ ਹੀ ਹੋ ਗਿਆ। ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨਰ ਦੇ ਨਿਵਾਸ ਦੇ ਐਨ ਗੁਆਂਢ ਵਾਲਾ ਬੰਗਲਾ ਘਨਸ਼ਿਆਮ ਜੋੜੇ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ‘ਆਈਐੱਸਆਈ’ ਦੀ ‘ਬਰਾਏ ਮਿਹਰਬਾਨੀ’ ਹਾਸਿਲ ਹੋਇਆ। ਪ੍ਰਾਪਰਟੀ ਡੀਲਰ ਨੇ ਇਹ ਬੰਗਲਾ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਦਿਖਾਇਆ। ਕਿਰਾਇਆ ਉਨ੍ਹਾਂ ਦੀ ਹੈਸੀਅਤ ਤੋਂ ਵੱਧ ਹੋਣ ਕਾਰਨ ਜੋੜੇ ਨੇ ਇਹ ਲੈਣ ਤੋਂ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਜਿਹੜੇ ਵੀ ਘਰ ਦਿਖਾਏ ਗਏ, ਉਨ੍ਹਾਂ ਵਿਚੋਂ ਜਿਹੜਾ ਘਰ ਪਸੰਦ ਆਇਆ, ਉਸ ਦਾ ਮਾਲਕ ‘ਹਾਂ’ ਕਰਨ ਤੋਂ ਬਾਅਦ ਅਗਲੇ ਹੀ ਦਿਨ ‘ਨਾਂਹ’ ਉੱਤੇ ਉਤਰ ਆਇਆ। ਇਹ ਵਰਤਾਰਾ ਕਈ ਦਿਨ ਚੱਲਿਆ। ਅਖ਼ੀਰ ਪ੍ਰਾਪਰਟੀ ਡੀਲਰ ਉਨ੍ਹਾਂ ਨੂੰ ਮੁੜ ਪਹਿਲਾਂ ਵਾਲੇ ਬੰਗਲੇ ’ਤੇ ਲੈ ਗਿਆ। ਉਸ ਦਾ ਨਿਗਰਾਨ ਪਹਿਲਾਂ ਤਾਂ ਨਾਜ਼-ਨਖ਼ਰੇ ਦਿਖਾਉਂਦਾ ਰਿਹਾ, ਪਰ ਫਿਰ ਅਚਾਨਕ ਕਿਰਾਇਆ ਓਨਾ ਕੁ ਕਰਨ ਲਈ ਰਾਜ਼ੀ ਹੋ ਗਿਆ, ਜਿੰਨਾ ਕੁ ਉਹ ਅਦਾ ਕਰ ਸਕਦੇ ਸਨ। ਇਸ ਸਾਰੇ ਘਟਨਾਕ੍ਰਮ ‘ਤੋਂ ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਆਈ.ਐੱਸ.ਆਈ. ਉਨ੍ਹਾਂ ਉੱਤੇ ਬਿਹਤਰ ਢੰਗ ਨਾਲ ਨਜ਼ਰ ਰੱਖਣ ਲਈ ਇਹ ਪੂਰੀ ਖੇਡ, ਖੇਡ ਰਹੀ ਸੀ। ਇਹ ਵੱਖਰੀ ਗੱਲ ਹੈ ਕਿ ਉਸ ਬੰਗਲੇ ਦਾ ਅਸਲ ਮਾਲਕ ਤੇ ਉਸ ਦੀ ਬੀਵੀ ਇਸ ਜੋੜੇ ਪ੍ਰਤੀ ਪੂਰੇ ਮੋਹਵੰਤ ਸਾਬਤ ਹੋਏ। ਰੁਚੀ ਘਨਸ਼ਿਆਮ ਲਿਖਦੀ ਹੈ ਕਿ ਘਰੋਂ ਦਫ਼ਤਰ ਤੇ ਦਫ਼ਤਰੋਂ ਘਰ ਜਾਣ ਜਾਂ ਇਸ ਦੌਰਾਨ ਕਿਤੇ ਹੋਰ ਜਾਣ ਸਮੇਂ ਜਿਹੜਾ ਖ਼ੁਫ਼ੀਆ ਏਜੰਟ ਉਸ ਦੀ ਕਾਰ ਦਾ ਪਿੱਛਾ ਕਰਿਆ ਕਰਦਾ ਸੀ, ਉਸ ਨਾਲ ਵੀ ‘ਹੈਲੋ-ਹਾਏ’ ਵਾਲਾ ਰਿਸ਼ਤਾ ਪੈਦਾ ਹੋ ਗਿਆ। ਕਈ ਵਾਰ ਬੰਗਲੇ ਦੇ ਗੇਟ ਬੰਦ ਹੋਣ ’ਤੇ ਉਹ ਏਜੰਟ ਆਪਣੀ ਕਾਰ ਵਿਚੋਂ ਉਤਰ ਕੇ ਗੇਟ ਵੀ ਖੋਲ੍ਹ ਦੇਂਦਾ ਤਾਂ ਜੋ ਰੁਚੀ ਦੀ ਕਾਰ, ਬੰਗਲੇ ਦੇ ਅੰਦਰ ਜਾ ਸਕੇ।
ਕਿਤਾਬ ਇੱਕ ਹੋਰ ਕਿੱਸਾ ਇੰਜ ਬਿਆਨ ਕਰਦੀ ਹੈ: ‘ਅਸੀਂ ਲਾਹੌਰ ਵਿਚ ਸਾਂ, ਬੱਚੇ ਮੰਗ ਕਰਨ ਲੱਗੇ ਕਿ ਉਹ ਕੇ.ਐੱਫ.ਸੀ. ਦੇ ਬਰਗਰ ਖਾਣਾ ਚਾਹੁੰਦੇ ਹਨ। ਉਹ ਮੋਬਾਈਲ ਫੋਨਾਂ ਵਾਲੇ ਦਿਨ ਨਹੀਂ ਸਨ। ਕਾਰ ਘਨਸ਼ਿਆਮ ਚਲਾ ਰਿਹਾ ਸੀ। ਕਾਰ ਵਿਚ ਜੀਪੀਐੱਸ ਸੀ, ਪਰ ਉਹ ਕੇ.ਐੱਫ.ਸੀ.ਦੀ ਜਿਹੜੀ ਲੋਕੇਸ਼ਨ ਦਿਖਾ ਰਿਹਾ ਸੀ, ਉਹ ਸਾਡੀਆਂ ਜਲੇਬੀਆਂ ਹੀ ਬਣਵਾ ਰਹੀ ਸੀ। ਵਾਰ-ਵਾਰ ਚੱਕਰ ਕੱਟ ਕੇ ਅਸੀਂ ਮੁੜ ਪਹਿਲੀ ਥਾਂ ’ਤੇ ਪਹੁੰਚ ਰਹੇ ਸਾਂ। ਅਚਾਨਕ ਮੈਨੂੰ ਉਪਾਅ ਸੁੱਝਿਆ। ਮੈਂ ਘਨਸ਼ਿਆਮ ਨੂੰ ਕਾਰ ਰੋਕਣ ਲਈ ਕਿਹਾ। ਪਿੱਛਾ ਕਰ ਰਿਹਾ ਖ਼ੁਫ਼ੀਆ ਏਜੰਟ ਫ਼ੌਰੀ ਰੁਕ ਨਹੀਂ ਸਕਿਆ ਤੇ ਸਾਡੇ ਬਰਾਬਰ ਆ ਗਿਆ। ਮੈਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਤਾਕੀ ਦਾ ਸ਼ੀਸ਼ਾ ਹੇਠਾਂ ਕਰ ਕੇ ਪੁੱਛਿਆ, ਕੇ.ਐੱਫ.ਸੀ. ਕਿੱਥੇ ਹੈ? ਉਸ ਨੇ ਸਮਝਾਉਣ ਦਾ ਯਤਨ ਕੀਤਾ, ਪਰ ਮੈਂ ਕਿਹਾ ਕਿ ਉਹ ਆਪਣੀ ਕਾਰ ਅੱਗੇ ਲਾ ਲਵੇ। ਉਹਦਾ ਕੰਮ ਵੀ ਸੌਖਾ ਹੋ ਜਾਵੇਗਾ ਤੇ ਸਾਡਾ ਵੀ। ਉਸ ਵਿਚਾਰੇ ਨੇ ਅਜਿਹਾ ਹੀ ਕੀਤਾ!’
‘ਵਤਨ’ ਪ੍ਰਤੀ ਹੇਜ
‘ਪਾਕਿਸਤਾਨੀ ਫ਼ੌਜੀ ਅਧਿਕਾਰੀਆਂ ਦੀਆਂ ਭਾਰਤ ਵਿਚ ਜੰਮੀਆਂ ਪਤਨੀਆਂ ਸਾਡੇ ਨਾਲ ਮੁਲਾਕਾਤਾਂ ਸਮੇਂ ‘ਵਤਨ’ ਨੂੰ ਅਕਸਰ ਯਾਦ ਕਰਦੀਆਂ। ਅਨੇਕਾਂ ਫ਼ੌਜੀ ਐਜਾਜ਼ ਪ੍ਰਾਪਤ ਕਰਨ ਵਾਲੇ ਇੱਕ ਵੱਡੇ ਅਫ਼ਸਰ ਨੂੰ ਮਾਣ ਸੀ ਕਿ ਉਹ ਭਾਰਤ ਨਾਲ ਤਿੰਨ ਜੰਗਾਂ ਲੜਿਆ। ਉਸ ਦਾ ਪਰਿਵਾਰ ਸੰਤਾਲੀ ਵੇਲੇ ਭਾਰਤ ਤੋਂ ਪਾਕਿਸਤਾਨ ਆਇਆ ਸੀ। ਦੂਜੇ ਪਾਸੇ, ਉਸ ਦੀ ਬੀਵੀ ਦੇ ਪੇਕੇ ਭਾਰਤ ਵਿਚ ਸਨ। ਉਹ ਆਪਣੇ ਪਿਤਾ ਦੀ ਪਲੇਠੀ ਬੇਟੀ ਸੀ। ਉਹ ਭਾਰਤੀ ਵਿਚ ਜੰਮੀ-ਪਲੀ ਸੀ ਅਤੇ ਵਿਆਹ ਪਾਕਿਸਤਾਨੀ ਲਫ਼ਟੈਨ ਨਾਲ ਹੋਣ ਕਾਰਨ ਇਥੇ ਆ ਵਸੀ ਸੀ। ਕਈ ਵਰਿ੍ਹਆਂ ਤੱਕ ਉਸ ਦਾ ਪਾਕਿਸਤਾਨ ਵਿਚ ਜੀਅ ਵੀ ਖ਼ੂਬ ਲੱਗਿਆ, ਫਿਰ ‘ਵਤਨ’ ਦਾ ਹੇਜ ਸਤਾਉਣ ਲੱਗਿਆ। ਪਾਕਿਸਤਾਨੀ ਫ਼ੌਜੀ ਅਫ਼ਸਰ ਹੋਣ ਕਾਰਨ ਸ਼ੌਹਰ ਤਾਂ ਭਾਰਤ ਜਾ ਨਹੀਂ ਸੀ ਸਕਦਾ (ਭਾਵੇਂ ਉਸ ਦਾ ਮੁੱਢ ਭਾਰਤੀ ਸੀ), ਪਰ ਬੀਵੀ ਹਰ ਸਾਲ ਪੇਕੇ ਜਾਂਦੀ ਰਹੀ। 1965 ਦੀ ਜੰਗ ਦੌਰਾਨ ਬਹੁਤ ਕੁਝ ਬਦਲ ਗਿਆ। ਚਿੱਠੀਆਂ ਸਿੱਧੀਆਂ ਭੇਜਣ ਦੀ ਥਾਂ ਬਰਾਸਤਾ ਲੰਡਨ ਭੇਜਣ ਦਾ ਸਿਲਸਿਲਾ ਅਪਣਾਇਆ ਗਿਆ। ਚਿੱਠੀਆਂ ਦੇ ਜਵਾਬ ਮਹੀਨੇ-ਮਹੀਨੇ ਬਾਅਦ ਮਿਲਦੇ। 1971 ਦੀ ਜੰਗ ਵੇਲੇ ਮਾਮਲਾ ਹੋਰ ਵੀ ਵਿਗੜ ਗਿਆ। ਉਸ ਨੇ ਸੇਜਲ ਅੱਖਾਂ ਨਾਲ ਦੱਸਿਆ, ‘ਮੈਂ ਆਪਣੇ ਅੱਬਾ ਨੂੰ ਅੰਤਿਮ ਵੇਲੇ ਨਹੀਂ ਦੇਖ ਸਕੀ, ਨਾ ਹੀ ਉਨ੍ਹਾਂ ਦੇ ਜਨਾਜ਼ੇ ਸਮੇਂ ਹਾਜ਼ਿਰ ਹੋ ਸਕੀ।’…ਉਸ ਦੇ ਸ਼ੌਹਰ ਨੇ ਭਾਵੇਂ ਭਾਰਤ ਖ਼ਿਲਾਫ਼ ਤਿੰਨ ਜੰਗਾਂ ਲੜੀਆਂ, ਪਰ ਭਾਰਤ ਪ੍ਰਤੀ ਨਰਮਗੋਸ਼ੀ ਉਸ ਦੇ ਦਿਲ ਵਿਚ ਅਜੇ ਵੀ ਮੌਜੂਦ ਸੀ। ਉਸ ਨੇ ਸਾਨੂੰ ਪੂਰਾ ਘਰ ਦਿਖਾਇਆ। ਉਸ ਵਿਚ ਵੱਖ ਵੱਖ ਦੇਸ਼ਾਂ ਤੇ ਥਾਵਾਂ ਦੀਆਂ ਚੀਜ਼ਾਂ ਮੌਜੂਦ ਸਨ, ਪਰ ਕੁਝ ਵੀ ਭਾਰਤੀ ਨਹੀਂ ਸੀ। ਘਨਸ਼ਿਆਮ ਨੇ ਪੁੱਛਿਆ, ‘ਭਾਰਤ ਤੋਂ ਕੁਝ ਵੀ ਨਹੀਂ?’ ਉਸ ਨੇ ਬੜੀ ਹਲੀਮੀ ਨਾਲ ਝੁਕਦਿਆਂ ਕਿਹਾ, ‘ਔਰ ਯਿਹ ਨਾਚੀਜ਼ ਕਹਾਂ ਸੇ ਹੈ’?’
ਖ਼ਾਨ ਸਾਹਿਬ ਦਾ ਖਲੂਸ
‘ਖ਼ਾਨ ਸਾਹਿਬ ਸਾਡੇ ਮਕਾਨ ਮਾਲਕ ਸਨ। ਲੰਬਾ ਤੇ ਸੁਨੱਖਾ ਪਠਾਣ ‘ਫਾਟਾ’ (ਕੇਂਦਰੀ ਪ੍ਰਸ਼ਾਸਿਤ ਕਬਾਇਲੀ ਖਿੱਤਾ; ਹੁਣ ਖ਼ੈਬਰ-ਪਖ਼ਤੂਨਖ਼ਵਾ ਸੂਬੇ ਦਾ ਹਿੱਸਾ) ਤੋਂ ਸੀ। ਅਮੀਰ ਵੀ ਸੀ ਤੇ ਵੱਡੇ ਬੰਦਿਆਂ ਨਾਲ ਜੁੜਿਆ ਹੋਇਆ ਵੀ ਸੀ। ਮਜ਼ਹਬੀ ਅਸੂਲਾਂ ਅਤੇ ਪਠਾਣੀ ਤਹਿਜ਼ੀਬ ਦਾ ਪੂਰਾ ਪਾਬੰਦ। ਸਾਡੇ ਵਾਲੇ ਬੰਗਲੇ ਦੇ ਪਿਛਲੇ ਹਿੱਸੇ ਵਿਚ ਬਣੇ ਆਊਟ ਹਾਊਸ ਨੂੰ ਉਨ੍ਹਾਂ ਆਪਣੀਆਂ ਫੇਰੀਆਂ ਦੌਰਾਨ ਠਹਿਰਨ ਲਈ ਅਪਾਰਟਮੈਂਟ ਵਿਚ ਬਦਲਿਆ ਹੋਇਆ ਸੀ। ਉਨ੍ਹਾਂ ਦੀ ਬੀਵੀ ਅਕਸਰ ਉਨ੍ਹਾਂ ਨਾਲ ਆਇਆ ਕਰਦੀ ਸੀ। ਕਈ ਵਾਰ ਪਰਿਵਾਰ ਦੇ ਹੋਰ ਜੀਅ ਵੀ ਆ ਜਾਂਦੇ। ਉਦੋਂ ਅਸੀਂ ਆਪਣੇ ਬੱਚਿਆਂ ਵਾਲੇ ਬੈੱਡਰੂਮ ਉਨ੍ਹਾਂ ਲਈ ਖਾਲੀ ਕਰ ਦਿੰਦੇ। ‘ਫਾਟਾ’ ਖੇਤਰ ਵਿਚ ਭਾਰਤੀ ਡਿਪਲੋਮੈਟ ਨਹੀਂ ਸੀ ਜਾ ਸਕਦੇ। ਲਿਹਾਜ਼ਾ, ਉਨ੍ਹਾਂ ਦੀ ਬੀਵੀ ਪੇਸ਼ਾਵਰੀ ਪਕਵਾਨ ਸਾਨੂੰ ਖਵਾਇਆ ਕਰਦੀ ਸੀ। ਖ਼ਾਨ ਸਾਹਿਬ ਨੂੰ ਪੱਕਾ ਯਕੀਨ ਸੀ ਕਿ ਬੱਕਰੇ ਦਾ ਬਿਹਤਰੀਨ ਗੋਸ਼ਤ ਪੇਸ਼ਾਵਰ ਵਿਚ ਹੀ ਮਿਲਦਾ ਹੈ। ਇਸੇ ਲਈ ਆਪਣੀ ਕਾਰ ਵਿਚ ਚਾਰ-ਪੰਜ ਕਿਲੋ ਗੋਸ਼ਤ ਭਰ ਕੇ ਜ਼ਰੂਰ ਲਿਆਇਆ ਕਰਦੇ ਸਨ। ਕਦੇ ਉਹ ਉਨ੍ਹਾਂ ਦੇ ਘਰ ਪੱਕਦਾ, ਕਦੇ ਸਾਡੇ ਘਰ। ਖਾਂਦੇ ਅਸੀਂ ਇਕੱਠੇ ਸਾਂ। ਖ਼ਾਨ ਸਾਹਿਬ ਅਕਸਰ ਮੈਨੂੰ ਕਹਿੰਦੇ: ‘ਬੀਬੀ, ਹਮਾਰੇ ਪਠਾਨੋਂ ਮੇਂ ਕਹਿਤੇ ਹੈਂ ਕਿ ਹਫ਼ਤੇ ਮੇਂ ਕਮ ਸੇ ਕਮ ਏਕ ਬਾਰ ਗੋਸ਼ਤ ਖਾ ਲੀਆ ਕਰੋ। ਇਮਾਨ ਤਾਜ਼ਾ ਰਹਿਤਾ ਹੈ!’
ਕਾਰਗਿਲ ਜੰਗ ਦੌਰਾਨ ਤੇ ਉਸ ‘ਤੋਂ ਬਾਅਦ ਪਾਕਿਸਤਾਨ ਵਿਚ ਭਾਰਤ-ਵਿਰੋਧੀ ਮਾਹੌਲ ਭਖਿਆ ਹੋਇਆ ਸੀ। ਇਹ ਖ਼ਤਰਾ ਸੀ ਕਿ ਹਿੰਸਕ ਹਜੂਮ ਭਾਰਤੀ ਹਾਈ ਕਮਿਸ਼ਨ ਜਾਂ ਭਾਰਤੀ ਸਫ਼ਾਰਤੀ ਅਮਲੇ ਉੱਤੇ ਹਮਲਾ ਨਾ ਕਰ ਦੇਵੇ। ਰੁਚੀ ਤੇ ਘਨਸ਼ਿਆਮ ਨੇ ਦੋਵੇਂ ਬੇਟੇ ਦਿੱਲੀ ਭੇਜ ਦਿੱਤੇ। ਹਾਈ ਕਮਿਸ਼ਨਰ ਗੋਪਾਲਾਸਵਾਮੀ ਪਾਰਥਾਸਾਰਥੀ ਵੀ ਉਸ ਸਮੇਂ ਦਿੱਲੀ ਗਏ ਹੋਏ ਸਨ। ਉਨ੍ਹਾਂ ਨੂੰ ਉੱਥੇ ਹੀ ਰਹਿਣ ਦੀ ਹਦਾਇਤ ਹੋਈ। ਬਹੁਤਾ ਸਫ਼ਾਰਤੀ ਅਮਲਾ ਹਾਈ ਕਮਿਸ਼ਨ ਦੀ ਇਮਾਰਤ ਦੇ ਅੰਦਰ ਹੀ ਰਹਿਣ ਲੱਗਾ। ਰੁਚੀ ਤੇ ਘਨਸ਼ਿਆਮ ਸੌਂਦੇ ਘੱਟ, ਬਹੁਤਾ ਸਮਾਂ ਫ਼ੋਨ ’ਤੇ ਹੀ ਰਹਿੰਦੇ। ਭਾਰਤੀ ਵਿਦੇਸ਼ ਦਫ਼ਤਰ ਉਨ੍ਹਾਂ ਤੋਂ ਪਲ-ਪਲ ਦੀ ਜਾਣਕਾਰੀ ਮੰਗਦਾ ਸੀ। ਇਨ੍ਹਾਂ ਹਾਲਾਤ ਵਿਚ ਖ਼ਾਨ ਸਾਹਿਬ ਫਲਾਂ ਤੇ ਸਬਜ਼ੀਆਂ ਦੀਆਂ ਟੋਕਰੀਆਂ ਅਤੇ ਹੋਰ ਰਾਸ਼ਨ ਲਿਆਏ। ਜਾਂਦੇ ਹੋਏ ਕਹਿ ਗਏ ਕਿ ਉਹ ਆਪਣੇ ਨਿੱਜੀ ਗੰਨਮੈਨ ਉਨ੍ਹਾਂ ਦੀ ਹਿਫ਼ਾਜ਼ਤ ਲਈ ਭੇਜ ਰਹੇ ਸਨ। ਜੋੜੇ ਨੇ ਉਨ੍ਹਾਂ ਅੱਗੇ ਹੱਥ ਜੋੜੇ ਕਿ ਉਹ ਅਜਿਹਾ ਨਾ ਕਰਨ। ਉਨ੍ਹਾਂ ਦੀ ਆਪਣੀ ਜਾਨ ਨੂੰ ਖ਼ਤਰਾ ਖੜ੍ਹਾ ਹੋ ਸਕਦਾ ਹੈ। ਉਂਜ ਵੀ ਹਾਈ ਕਮਿਸ਼ਨ ਦੀ ਹਿਫ਼ਾਜ਼ਤ, ਪਾਕਿਸਤਾਨ ਸਰਕਾਰ ਦੀ ਜ਼ਿੰਮੇਵਾਰੀ ਹੈ।
ਮਹਿਲਾ ਹੋਣ ਨਾਲ ਜੁੜੇ ਪੱਖਪਾਤ
ਰੁਚੀ ਘਨਸ਼ਿਆਮ ਲਿਖਦੀ ਹੈ ਕਿ ਇਸਤਰੀਆਂ ਅੱਜ ਸਮਾਜ ਦੇ ਹਰ ਖੇਤਰ ਵਿਚ ਪੁਰਸ਼ਾਂ ਦੇ ਹਾਣ ਦੀਆਂ ਸਾਬਤ ਹੋ ਰਹੀਆਂ ਹਨ, ਫਿਰ ਵੀ ਪੁਰਸ਼-ਪ੍ਰਧਾਨੀ ਸੋਚ ਤੇ ਮਾਨਤਾਵਾਂ ਅਜੇ ਵੀ ਸਾਡੀ ਸਮਾਜਿਕ ਮਾਨਸਿਕਤਾ ਵਿਚ ਅਤੀਤ ਵਾਂਗ ਮੌਜੂਦ ਹਨ। ਭਾਰਤੀ ਵਿਦੇਸ਼ ਸੇਵਾ ਜਾਂ ਭਾਰਤੀ ਪ੍ਰਸ਼ਾਸਨਿਕ ਸੇਵਾ ਵਰਗੀਆਂ ਇਲੀਟ ਸੇਵਾਵਾਂ ਵਿਚ ਵੀ ਪੁਰਸ਼ਾਂ ਦੀ ਕੋਸ਼ਿਸ਼ ਆਪਣੀਆਂ ਮਹਿਲਾ ਕੁਲੀਗਜ਼ ਨੂੰ ‘ਆਸਾਨ ਕੰਮ’ ਦੇਣ ਜਾਂ ਸਜਾਵਟੀ ਅਹੁਦਿਆਂ ’ਤੇ ਰੱਖਣ ਵਾਲੀ ਰਹਿੰਦੀ ਹੈ। ਮਹਿਲਾ ਅਫ਼ਸਰ ਦੀ ਬਿਹਤਰ ਕਾਰਗੁਜ਼ਾਰੀ ਉਨ੍ਹਾਂ ਤੋਂ ਜਰੀ ਨਹੀਂ ਜਾਂਦੀ। ਸਭ ਤੋਂ ਵੱਧ ਸਮੱਸਿਆ ਦਾਅਵਤਾਂ ਤੇ ਪਾਰਟੀਆਂ ਦੌਰਾਨ ਆਉਂਦੀ ਹੈ। ਪੁਰਸ਼ ਅਫ਼ਸਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਦੀਆਂ ਮਹਿਲਾ ਹਮਰੁਤਬਾਵਾਂ ਉਨ੍ਹਾਂ ਵਾਲੇ ਟੋਲਿਆਂ ਵਿਚ ਨਾ ਸ਼ਾਮਿਲ ਹੋਣ। ਇਨ੍ਹਾਂ ਹਮਰੁਤਬਾ ਮਹਿਲਾਵਾਂ ਦੀ ਹਾਜ਼ਰੀ ਵਿਚ ਉਨ੍ਹਾਂ ਨੂੰ ਜ਼ੁਬਾਨ ’ਤੇ ਵੀ ਲਗਾਮ ਲਾਉਣੀ ਪੈਂਦੀ ਹੈ ਅਤੇ ਮੁਫ਼ਤ ਦੀ ਦਾਰੂ ਉੱਤੇ ਵੀ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਨ੍ਹਾਂ ਮਹਿਲਾਵਾਂ ਨੂੰ ਉਹ ਆਪਣੀਆਂ ਬੀਵੀਆਂ ਵਾਲੇ ਟੋਲੇ ’ਚ ਭੇਜ ਦੇਣ। ਬੀਵੀਆਂ ਦਾ ਟੋਲਾ ਆਪਣੇ ਨਾਲੋਂ ਵੱਧ ਰੁਤਬੇ ਵਾਲੀ ਮਹਿਲਾ ਅੱਗੇ ਅਹਿਸਾਸ-ਇ-ਕਮਤਰੀ ਦਾ ਸ਼ਿਕਾਰ ਹੋ ਜਾਂਦਾ ਹੈ। ਲਿਹਾਜ਼ਾ, ਆਪਸੀ ਸੰਚਾਰ ਦਾ ਸਿਲਸਿਲਾ ਚੱਜ ਨਾਲ ਉਪਜਦਾ ਹੀ ਨਹੀਂ। ਲੇਖਿਕਾ ਮੁਤਾਬਿਕ ਇਹ ਅਨੁਭਵ ਉਸ ਦਾ ਇਕੱਲੀ ਦਾ ਨਹੀਂ, ਹਰ ਮਹਿਲਾ ਅਫ਼ਸਰ ਦਾ ਹੈ। ਉਨ੍ਹਾਂ ਨੂੰ ਪੁਰਸ਼-ਪ੍ਰਧਾਨ ਵਿਵਸਥਾ ਵਿਚ ਮੁਕਾਮ ਬਣਾਉਣ ਲਈ ਦੋਹਰੀ-ਤੀਹਰੀ ਮਿਹਨਤ ਕਰਨੀ ਪੈਂਦੀ ਹੈ। ਸੂਝਵਾਨ ਤੇ ਸਮਰੱਥ ਅਫ਼ਸਰ ਵੀ ਬਣਨਾ ਪੈਂਦਾ ਹੈ, ਸੁਚੱਜੀ ਗ੍ਰਹਿਣੀ ਵੀ ਅਤੇ ਸੁਚੱਜੀ ਮਾਂ ਤੇ ਨੂੰਹ-ਧੀ ਵੀ। ਉਹ ਲਿਖਦੀ ਹੈ ਕਿ ਚੁਣੌਤੀਪੂਰਨ ਪੇਸ਼ੇਵਾਰਾਨਾ ਜ਼ਿੰਮੇਵਾਰੀਆਂ ਲੈਣ ਲਈ ਉਸ ਨੂੰ ਆਪਣੇ ਸੀਨੀਅਰ ਜਾਂ ਸਹਿਕਰਮੀਆਂ ਨਾਲ ਕਈ ਵਾਰ ਤਲਖ਼ ਵੀ ਹੋਣਾ ਪਿਆ। ਅਜਿਹੀਆਂ ਘਟਨਾਵਾਂ ਕਈ ਵਾਰ ਕੁਸੈਲੀਆਂ ਯਾਦਾਂ ਬਣ ਜਾਂਦੀਆਂ ਹਨ।
ਉਂਜ, ਡਿਪਲੋਮੇਸੀ ਦੇ ਖੇਤਰ ਵਿਚ ਮਹਿਲਾ ਹੋਣ ਦੇ ਕਈ ਫ਼ਾਇਦਿਆਂ ਦਾ ਵੀ ਜ਼ਿਕਰ ਕਰਦੀ ਹੈ। ਇੱਕ ਥਾਂ ਲਿਖਦੀ ਹੈ ਕਿ ਸ਼ਰਾਬ ਤੋਂ ਪਰਹੇਜ਼ ਦੇ ਬਾਵਜੂਦ ਉਹ ਕੌਕਟੇਲ ਪਾਰਟੀਆਂ ਵਿਚ ਜਾਣ ਤੋਂ ਕਦੇ ਨਹੀਂ ਸੀ ਝਿਜਕਦੀ, ਕਿਉਂਕਿ ਉੱਥੋਂ ਉਸ ਨੂੰ ਕਈ ਕਿਸਮ ਦੀਆਂ ਜਾਣਕਾਰੀਆਂ ਬਿਨਾ ਉਚੇਚੀ ਮਿਹਨਤ ਦੇ ਮਿਲ ਜਾਂਦੀਆਂ ਸਨ। ਉਸ ਮੁਤਾਬਿਕ ਦਾਰੂ ਦੀਆਂ ਮਹਿਫ਼ਲਾਂ ਵਿਚ ਵੀ ਬਹੁਤੇ ਪੁਰਸ਼, ਪੇਸ਼ੇਵਾਰਾਨਾ ਰਾਜ਼ ਸਾਂਝੇ ਕਰਨ ਤੋਂ ਗੁਰੇਜ਼ ਕਰਦੇ ਹਨ, ਪਰ ਉਨ੍ਹਾਂ ਦੀਆਂ ਬੀਵੀਆਂ ਦੇ ਅੱਡਿਆਂ ਵਿਚ ਚੁਗ਼ਲੀਆਂ ਦਾ ਦੌਰ ਕਈਆਂ ਦੇ ਪਰਦੇ ਉਠਾ ਜਾਂਦਾ ਹੈ। ਡਿਪਲੋਮੈਟਾਂ ਨੂੰ ਹੋਰ ਕੀ ਚਾਹੀਦਾ ਹੁੰਦਾ ਹੈ। ਉਹ ਲਿਖਦੀ ਹੈ ਕਿ ‘ਹਾਈ ਕਮਿਸ਼ਨ ਦੀ ਇੱਕ ਅਹਿਮ ਮੀਟਿੰਗ ਦੌਰਾਨ ਮੈਂ ਕਈ ਪਾਕਿਸਤਾਨੀ ਜਰਨੈਲਾਂ ਤੇ ਸਿਆਸਤਦਾਨਾਂ ਦੇ ਚਿੱਠੇ ਖੋਲ੍ਹਣ ਵਾਲੀਆਂ ਟਿੱਪਣੀਆਂ ਕੀਤੀਆਂ ਤਾਂ ਸਾਰੇ ਸਾਥੀਆਂ ਦੇ ਮੂੰਹ ਅੱਡੇ ਰਹਿ ਗਏ। ਉਨ੍ਹਾਂ ਨੂੰ ਹੈਰਾਨੀ ਸੀ ਕਿ ਮੈਨੂੰ ਏਨਾ ਕੁਝ ਕਿਵੇਂ ਪਤਾ ਹੈ? ਇਹ ਤਾਂ ਘਨਸ਼ਿਆਮ ਨੂੰ ਹੀ ਇਲਮ ਸੀ ਕਿ ਮੇਰੇ ਸਰੋਤ ਕਿਹੜੇ ਕਿਹੜੇ ਹਨ?’
ਕੁਲ ਮਿਲਾ ਕੇ ਕਿਤਾਬ ਵਿਚ ਜਾਣਕਾਰੀ ਵੀ ਹੈ, ਜਾਇਜ਼ੇ ਵੀ ਹਨ ਅਤੇ ਜ਼ਾਇਕੇਦਾਰ ਟੋਟਕੇ ਵੀ। ਇਹ ਸਾਰੀ ਕੌਕਟੇਲ ਇਸ ਨੂੰ ਨਿਹਾਇਤ ਪੜ੍ਹਨਯੋਗ ਬਣਾਉਂਦੀ ਹੈ।
ਅਰਬੀ ਜ਼ੁਬਾਨ ਦੀ ਵਰਤੋਂ ਨੇ ਘਟਾਇਆ ਤਣਾਅ
ਰੁਚੀ ਘਨਸ਼ਿਆਮ ਦੀ ਕਿਤਾਬ ਦਾ ਇੱਕ ਅਧਿਆਇ ‘ਆਈ.ਸੀ. 814 ਹਾਈਜੈਕਿੰਗ’ ਉਸ ਦੇ ਪਤੀ ਏ.ਆਰ. ਘਨਸ਼ਿਆਮ ਦਾ ਲਿਖਿਆ ਹੋਇਆ ਹੈ। ਉਹ ਇੰਡੀਅਨ ਏਅਰਲਾਈਨਜ਼ ਦੀ 24 ਦਸੰਬਰ 1999 ਦੀ ਉਡਾਣ ਆਈ.ਸੀ. 814 ਦੇ ਅਗਵਾਕਾਰਾਂ ਨਾਲ ਸਿੱਝਣ ਲਈ ਕੰਧਾਰ (ਅਫ਼ਗ਼ਾਨਿਸਤਾਨ) ਭੇਜਿਆ ਗਿਆ ਪਹਿਲਾ ਭਾਰਤੀ ਅਧਿਕਾਰੀ ਸੀ। ਅਗਵਾ ਕਾਂਡ ਖ਼ਤਮ ਹੋਣ ਤੋਂ ਬਾਅਦ ਵੀ ਉਸ ਨੂੰ ਅਗਲੇ ਦਿਨ ਤੱਕ ਕੰਧਾਰ ਰੁਕਣਾ ਪਿਆ। ਇਸੇ ਤਰ੍ਹਾਂ ਉਹ ਪਹਿਲਾ ਭਾਰਤੀ ਅਧਿਕਾਰੀ ਸੀ ਜੋ ਉਸ ਸਮੇਂ ਤਾਲਿਬਾਨ ਹਾਕਮਾ ਦੇ ਵਜ਼ੀਰਾਂ ਨੂੰ ਸਰਕਾਰੀ ਤੌਰ ’ਤੇ ਮਿਲਿਆ। 35 ਪੰਨਿਆਂ ਦੇ ਅਧਿਆਇ ਦਾ ਸਾਰ-ਅੰਸ਼ ਇਸ ਤਰ੍ਹਾਂ ਹੈ:
24 ਦਸੰਬਰ 1999 ਨੂੰ ਸ਼ਾਮ 4.30 ਵਜੇ ਇੰਡੀਅਨ ਏਅਰਲਾਈਨਜ਼ ਦੀ ਉਡਾਣ ਆਈ.ਸੀ. 814 ਕਾਠਮੰਡੂ (ਨੇਪਾਲ) ਤੋਂ ਨਵੀਂ ਦਿੱਲੀ ਵੱਲ ਰਵਾਨਾ ਹੋਈ। ਇਸ ਏਅਰਬੱਸ 320 ਜਹਾਜ਼ ’ਤੇ 24 ਵਿਦੇਸ਼ੀ ਨਾਗਰਿਕਾਂ ਸਮੇਤ 176 ਮੁਸਾਫ਼ਿਰ ਅਤੇ ਹਵਾਈ ਅਮਲੇ ਦੇ 15 ਮੈਂਬਰ ਸਵਾਰ ਸਨ। ਇਹ ਲਖਨਊ ਦੇ ਉੱਪਰੋਂ ਲੰਘ ਰਿਹਾ ਸੀ ਜਦੋਂ ਪਾਕਿਸਤਾਨੀ ਅਗਵਾਕਾਰਾਂ ਨੇ ਇਸ ਨੂੰ ਅਗਵਾ ਕਰ ਲਿਆ। ਉਨ੍ਹਾਂ ਨੇ ਜਹਾਜ਼ ਨੂੰ ਲਾਹੌਰ ਹਵਾਈ ਅੱਡੇ ’ਤੇ ਉਤਾਰਨ ਅਤੇ ਉੱਥੋਂ ਤੇਲ ਭਰਵਾਉਣ ਦਾ ਹੁਕਮ ਦਿੱਤਾ। ਉਹ ਜਹਾਜ਼ ਨੂੰ ਸ਼ਾਇਦ ਕਾਬਲ ਲਿਜਾਣਾ ਚਾਹੁੰਦੇ ਸਨ। ਲਾਹੌਰ ਦੇ ਅਧਿਕਾਰੀਆਂ ਨੇ ਜਹਾਜ਼ ਉੱਥੇ ਉਤਾਰਨ ਦੀ ਇਜਾਜ਼ਤ ਨਹੀਂ ਦਿੱਤੀ। ਜਹਾਜ਼ ਦਾ ਕੈਪਟਨ ਤੇਲ ਘੱਟ ਹੋਣ ਦੇ ਬਹਾਨੇ ਜਹਾਜ਼ ਨੂੰ ਅੰਮ੍ਰਿਤਸਰ ਲੈ ਆਇਆ। ਉੱਥੇ ਤੇਲ ਭਰਨ ਵਿਚ ਜਾਣ-ਬੁੱਝ ਕੇ ਦੇਰੀ ਕੀਤੇ ਜਾਣ ਅਤੇ ਜਹਾਜ਼ ਅੰਦਰ ਕਮਾਂਡੋ ਐਕਸ਼ਨ ਹੋਣ ਦੇ ਖ਼ਦਸ਼ੇ ਕਾਰਨ ਅਗਵਾਕਾਰਾਂ ਨੇ ਕੈਪਟਨ ਦੇਵੀ ਸ਼ਰਨ ਉੱਪਰ ਫੌਰੀ ਲਾਹੌਰ ਵੱਲ ਰਵਾਨਾ ਹੋਣ ਵਾਸਤੇ ਦਬਾਅ ਪਾਇਆ। ਲਾਹੌਰ ਹਵਾਈ ਅੱਡੇ ’ਤੇ ਫਿਰ ਨਾਂਹ-ਨੁੱਕਰ ਹੋਣ ਦੇ ਬਾਵਜੂਦ ਅਗਵਾਕਾਰਾਂ ਨੇ ਜਹਾਜ਼ ਉੱਥੇ ਜਬਰੀ ਉਤਰਵਾਇਆ। ਰਾਤ 10.30 ਵਜੇ ਜਹਾਜ਼ ਤੇਲ ਭਰਵਾ ਕੇ ਪੱਛਮ ਵੱਲ ਰਵਾਨਾ ਹੋ ਗਿਆ। ਇਸ ਨੂੰ ਸੰਯੁਕਤ ਅਰਬ ਅਮੀਰਾਤ ਦੇ ਇੱਕ ਫ਼ੌਜੀ ਹਵਾਈ ਅੱਡੇ ’ਤੇ ਜਬਰੀ ਉਤਰਵਾਇਆ ਗਿਆ। ਉੱਥੇ 27 ਔਰਤਾਂ ਤੇ ਬੱਚਿਆਂ ਨੂੰ ਤਾਂ ਰਿਹਾਅ ਕਰ ਦਿੱਤਾ ਗਿਆ, ਪਰ ਬਾਕੀਆਂ ਨੂੰ ਨਹੀਂ ਛੱਡਿਆ। ਇੱਕ ਮੁਸਾਫ਼ਿਰ ਨੂੰ ਅਗਵਾਕਾਰਾਂ ਨੇ ਅੰਮ੍ਰਿਤਸਰ ਵਿਚ ਪਾਇਲਟ ਨੂੰ ਡਰਾਉਣ ਲਈ ਮਾਰ ਦਿੱਤਾ ਸੀ। ਉਸ ਦੀ ਲਾਸ਼ ਵੀ ਯੂ.ਏ.ਈ. ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ ਗਈ। ਉੱਥੇ ਵੀ ਕਮਾਂਡੋ ਐਕਸ਼ਨ ਹੋਣ ਦੇ ਡਰੋਂ ਪਾਇਲਟ ਨੂੰ ਅਫ਼ਗ਼ਾਨਿਸਤਾਨ ਵੱਲ ਜਾਣ ਵਾਸਤੇ ਮਜਬੂਰ ਕੀਤਾ ਗਿਆ। 25 ਦਸੰਬਰ 1999 ਨੂੰ ਸਵੇਰੇ 8.55 ਵਜੇ ਇਹ ਜਹਾਜ਼ ਕੰਧਾਰ ਹਵਾਈ ਅੱਡੇ ’ਤੇ ਉਤਰਿਆ। ਉੱਥੋਂ ਇਹ ਪਹਿਲੀ ਜਨਵਰੀ 2000 ਨੂੰ ਨਵੀਂ ਦਿੱਲੀ ਪਰਤਾਇਆ ਗਿਆ।
26 ਦਸੰਬਰ ਨੂੰ ਰਾਤ 10 ਵਜੇ ਘਨਸ਼ਿਆਮ ਤੇ ਰੁਚੀ ਨੂੰ ਭਾਰਤੀ ਹਾਈ ਕਮਿਸ਼ਨਰ ਜੀ. ਪਾਰਥਾਸਾਰਥੀ ਨੇ ਆਪਣੇ ਘਰ ਬੁਲਾਇਆ। ਉੱਥੇ ਘਨਸ਼ਿਆਮ ਨੂੰ ਕਿਹਾ ਗਿਆ ਕਿ ਭਾਰਤ ਸਰਕਾਰ ਚਾਹੁੰਦੀ ਹੈ ਕਿ ਉਹ ਫ਼ੌਰੀ ਕੰਧਾਰ ਪਹੁੰਚੇ ਅਤੇ ਅਗਵਾਕਾਰਾਂ ਨਾਲ ਸੌਦੇਬਾਜ਼ੀ ਲਈ ਲੋੜੀਂਦਾ ਆਧਾਰ ਤਿਆਰ ਕਰੇ। ਨਾਂਹ-ਨੁੱਕਰ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। 27 ਦਸੰਬਰ ਨੂੰ ਤੜਕਸਾਰ ਘਨਸ਼ਿਆਮ ਇਸਲਾਮਾਬਾਦ ਹਵਾਈ ਅੱਡੇ ’ਤੇ ਪਹੁੰਚ ਗਿਆ, ਜਿੱਥੋਂ ਸੰਯੁਕਤ ਰਾਸ਼ਟਰ ਦੇ ਜਹਾਜ਼ ਰਾਹੀਂ ਉਸ ਨੂੰ ਕੰਧਾਰ ਪਹੁੰਚਾਇਆ ਗਿਆ। ਕੰਧਾਰ ਹਵਾਈ ਅੱਡਾ, ਹਵਾਈ ਅੱਡਾ ਘੱਟ ਤੇ ਕਬਾੜੀਏ ਦਾ ਵਾੜਾ ਵੱਧ ਸੀ। ਥਾਂ ਥਾਂ ਟੁੱਟੇ-ਫੁੱਟੇ ਜਹਾਜ਼ ਅਤੇ ਸਟੀਲ ਦੇ ਪੱਤਰੇ। ਸੰਯੁਕਤ ਰਾਸ਼ਟਰ ਦੇ ਮਿਸ਼ਨ ਦਾ ਜਹਾਜ਼ ਜਿੱਥੇ ਰੁਕਿਆ, ਅਗਵਾਕਾਰਾਂ ਵਾਲਾ ਭਾਰਤੀ ਜਹਾਜ਼ ਉੱਥੋਂ 150 ਮੀਟਰ ਦੇ ਫ਼ਾਸਲੇ ’ਤੇ ਖੜ੍ਹਾ ਸੀ। ਇੱਥੇ ਹੀ ਘਨਸ਼ਿਆਮ ਦੀ ਮੁਲਾਕਾਤ ਤਾਲਿਬਾਨ ਦੇ ਵਿਦੇਸ਼ ਮੰਤਰੀ ਵਕੀਲ ਅਹਿਮਦ ਮੁਤੱਵਕਿਲ ਨਾਲ ਹੋਈ। ਮੁਤੱਵਕਿਲ ਬਹੁਤੀ ਅੰਗਰੇਜ਼ੀ ਨਹੀਂ ਸੀ ਬੋਲ ਸਕਦਾ। ਘਨਸ਼ਿਆਮ ਨੂੰ ਪਸ਼ਤੋ ਨਹੀਂ ਸੀ ਆਉਂਦੀ। ਇਸ ਲਈ ਗੱਲਬਾਤ ਬਹੁਤ ਸੰਖੇਪ ਜਿਹੀ ਰਹੀ। ਉਸ ਨੂੰ ਹਦਾਇਤ ਹੋਈ ਕਿ ਭਾਰਤੀ ਜਹਾਜ਼ ਅੰਦਰਲੇ ਅਗਵਾਕਾਰਾਂ ਨਾਲ ਉਹ ਗੱਲ ਸ਼ੁਰੂ ਕਰੇ। ਅਗਵਾਕਾਰ ਕਾਹਲੇ ਪਏ ਹੋਏ ਸਨ। ਮੁੱਢਲੀ ਗੱਲਬਾਤ ਹਵਾਈ ਅੱਡੇ ਦੇ ਕੰਟਰੋਲ ਟਾਵਰ ਤੋਂ ਹੋਈ। ਉਹ ਦਿਨ ਰਮਜ਼ਾਨ ਦੇ ਸਨ। ਗੱਲਬਾਤ ਕਰਨ ਵਾਲਾ ਅਗਵਾਕਾਰ ਰੋਜ਼ਾ ਰੱਖਿਆ ਹੋਣ ਦੇ ਬਾਵਜੂਦ ਭਾਰਤ ਨੂੰ ਲੰਮਾ ਸਮਾਂ ਨਿੰਦਦਾ ਰਿਹਾ ਅਤੇ ਫਿਰ ਸ਼ਾਇਦ ਥੱਕ ਗਿਆ। ਇਸ ਮਗਰੋਂ ਉਹ ਧਮਕੀਆਂ ’ਤੇ ਉਤਰ ਆਇਆ। ਘਨਸ਼ਿਆਮ ਨੇ ਉਸ ਨੂੰ ਕਿਹਾ ਕਿ ਭਾਰਤੀ ਉੱਚ ਅਧਿਕਾਰੀਆਂ ਦੀ ਟੀਮ ਛੇਤੀ ਹੀ ਕੰਧਾਰ ਆ ਰਹੀ ਹੈ। ਗੱਲਬਾਤ ਤਾਂ ਉਹ ਕਰੇਗੀ। ‘ਮੈਂ ਤਾਂ ਗੱਲਬਾਤ ਦਾ ਰਾਹ ਤਿਆਰ ਕਰਨ ਆਇਆ ਹਾਂ।’
ਹਵਾਈ ਅੱਡੇ ਦੇ ਲਾਊਂਜ ਵਿਚ ਮੁਤੱਵਕਿਲ ਫਿਰ ਮੌਜੂਦ ਸੀ। ਘਨਸ਼ਿਆਮ ਨੂੰ ਥੋੜ੍ਹੀ ਬਹੁਤ ਅਰਬੀ ਆਉਂਦੀ ਸੀ। ਉਸ ਨੇ ਤਾਲਿਬਾਨ ਵਿਦੇਸ਼ ਮੰਤਰੀ ਨਾਲ ਵਾਰਤਾ ਲਈ ਇਹ ਜ਼ੁਬਾਨ ਅਜ਼ਮਾਈ। ਉਹ ਇਹ ਭਾਸ਼ਾ ਸੁਣ ਕੇ ਬਾਗ਼ੋ-ਬਾਗ਼ ਹੋ ਗਿਆ। ਮਾਹੌਲ ਵਿਚੋਂ ਖਿਚਾਅ ਘਟ ਗਿਆ। ਰਿਹਾਈ ਦੀ ਸੂਰਤ ਵਿਚ ਮੁਸਾਫ਼ਿਰਾਂ ਤੇ ਹਵਾਈ ਅਮਲੇ ਦੇ ਮੈਂਬਰਾਂ ਦੀ ਮਦਦ ਲਈ ਖ਼ੁਰਾਕੀ ਸਮੱਗਰੀ, ਪਾਣੀ ਤੇ ਡਾਕਟਰੀ ਸਹਾਇਤਾ ਦੇ ਪ੍ਰਬੰਧ ਵੀ ਹੋ ਗਏ। ਦਿੱਲੀ ਤੋਂ ਭਾਰਤੀ ਵਾਰਤਾਕਾਰਾਂ ਦੀ ਟੀਮ 28 ਦਸੰਬਰ ਨੂੰ ਪਹੁੰਚੀ। ਇਸ ਵਿਚ ਕੈਬਨਿਟ ਸਕੱਤਰੇਤ ਤੋਂ ਸੀ.ਡੀ. ਸਹਾਏ ਤੇ ਆਨੰਦ ਅਰਨੀ, ਇੰਟੈਲੀਜੈਂਸ ਬਿਊਰੋ ਤੋਂ ਅਜੀਤ ਡੋਵਾਲ ਤੇ ਨਿਹਚਲ ਸੰਧੂ ਅਤੇ ਵਿਦੇਸ਼ ਮੰਤਰਾਲੇ ਤੋਂ ਵਿਵੇਕ ਕਾਟਜੂ ਸ਼ਾਮਲ ਸਨ। ਇਸ ਟੀਮ ਦੀ ਆਮਦ ਮਗਰੋਂ ਘਨਸ਼ਿਆਮ ਨੂੰ ਪਤਾ ਲੱਗਾ ਕਿ ਜਿਸ ਗੈਸਟ ਹਾਊਸ ਵਿਚ ਭਾਰਤੀਆਂ ਦੇ ਰੁਕਣ ਦਾ ਇੰਤਜ਼ਾਮ ਕੀਤਾ ਗਿਆ ਸੀ, ਉਸ ਦੇ ਨਾਲ ਵਾਲੀ ਇਮਾਰਤ ਵਿਚ ਪਾਕਿਸਤਾਨੀ ਆਈ.ਐੱਸ.ਆਈ. ਦੀ ਟੋਲੀ ਵੀ ਰੁਕੀ ਹੋਈ ਸੀ।
ਅਗਵਾਕਾਰਾਂ ਨੇ 38 ਮੰਗਾਂ ਰੱਖੀਆਂ। ਇਨ੍ਹਾਂ ਵਿਚ 36 ਕਸ਼ਮੀਰੀ ਅਤਿਵਾਦੀਆਂ ਜਾਂ ਪਾਕਿਸਤਾਨੀ ਦਹਿਸ਼ਤੀਆਂ ਦੀ ਭਾਰਤੀ ਜੇਲ੍ਹਾਂ ਵਿਚੋਂ ਰਿਹਾਈ ਬਾਰੇ ਸਨ। ਇੱਕ ਮੰਗ ਹਜ਼ਰਤ-ਉਲ-ਮੁਜਾਹਿਦੀਨ ਦੇ ਮੋਢੀ ਸੱਜਾਦ ਅਫ਼ਗਾਨੀ ਦੀ ਦਫ਼ਨਾਈ ਹੋਈ ਦੇਹ ਕਬਰ ਵਿਚੋਂ ਕੱਢ ਕੇ ਪਾਕਿਸਤਾਨ ਭੇਜੇ ਜਾਣ ਦੀ ਸੀ। ਆਖ਼ਰੀ ਮੰਗ 20 ਕਰੋੜ ਡਾਲਰਾਂ ਦੀ ਰਕਮ ਸੌ-ਸੌ ਦੇ ਨੋਟਾਂ ਦੀਆਂ ਦੱਥੀਆਂ ਵਿਚ ਫਿਰੌਤੀ ਵਜੋਂ ਅਦਾ ਕੀਤੇ ਜਾਣ ਦੀ ਸੀ। ਭਾਰਤੀ ਵਾਰਤਾਕਾਰ ਦੋ ਦਿਨਾਂ ਦੀ ਸੌਦੇਬਾਜ਼ੀ ਰਾਹੀਂ ਸੌਦਾ ਤਿੰਨ ਦਹਿਸ਼ਤੀ ਸਰਗਨਿਆਂ ਦੀ ਰਿਹਾਈ ਅਤੇ ਫਿਰੌਤੀ ਦੀ ਅਦਾਇਗੀ ਤੱਕ ਖਿੱਚ ਲਿਆਏ। ਜਹਾਜ਼ ਚਾਰ ਦਿਨਾਂ ਤੋਂ ਹਵਾਈ ਅੱਡੇ ’ਤੇ ਖੜ੍ਹਾ ਹੋਣ, ਇਸ ਦੇ ਪਾਖ਼ਾਨੇ ਗੰਦ ਨਾਲ ਲਬਾਲਬ ਹੋਣ ਕਾਰਨ ਜਹਾਜ਼ ਦੇ ਅੰਦਰ ਫੈਲੀ ਸੜਿਆਂਦ ਅਤੇ ਮੁਸਾਫ਼ਿਰਾਂ ਵਾਂਗ ਅਗਵਾਕਾਰ ਵੀ ਭੁੱਖਣ-ਭਾਣੇ ਹੋਣ ਵਰਗੇ ਤੱਤਾਂ ਨੇ ਅਗਵਾਕਾਰਾਂ ਨੂੰ ਆਪਣੀ ਬਹੁਤੀਆਂ ਮੰਗਾਂ ਛੱਡਣ ਲਈ ਮਜਬੂਰ ਕਰ ਦਿੱਤਾ। 31 ਦਸੰਬਰ ਨੂੰ ਭਾਰਤੀ ਵਿਦੇਸ਼ ਮੰਤਰੀ ਜਸਵੰਤ ਸਿੰਘ ਦੇ ਤਿੰਨ ਦਹਿਸ਼ਤੀ ਸਰਗਨਿਆਂ ਨਾਲ ਕੰਧਾਰ ਪੁੱਜਣ ਤੱਕ 20 ਕਰੋੜ ਡਾਲਰਾਂ ਵਾਲੀ ਮੰਗ ਵੀ ਖੂਹ ਖਾਤੇ ਪੈ ਗਈ। ਅਗਲੀਆਂ ਕਾਰਵਾਈਆਂ ਸਿਰੇ ਚੜ੍ਹਵਾਉਣ ਵਿਚ ਤਾਲਿਬਾਨ ਚੰਗੇ ਮਦਦਗਾਰ ਸਾਬਤ ਹੋਏ। ਮਾਮਲਾ ਸਿਰੇ ਚੜ੍ਹਦਿਆਂ ਹੀ ਪੰਜੋਂ ਅਗਵਾਕਾਰ, ਤਿੰਨਾਂ ਦਹਿਸ਼ਤੀ ਸਰਗਨਿਆਂ ਸਮੇਤ ਆਈ.ਐੱਸ.ਆਈ. ਦੇ ਏਜੰਟਾਂ ਦੀਆਂ ਜੀਪਾਂ ’ਤੇ ਸਵਾਰ ਹੋ ਕੇ ਗਾਇਬ ਹੋ ਗਏ। ਇੱਕ ਅਫ਼ਗ਼ਾਨ ਅਧਿਕਾਰੀ ਨੇ ਘਨਸ਼ਿਆਮ ਨੂੰ ਦੱਸਿਆ ਕਿ ਆਈ.ਐੱਸ.ਆਈ. ਗੁਪਤ ਰਾਹ ਰਾਹੀਂ ਉਨ੍ਹਾਂ ਨੂੰ ਸਿੱਧਾ ਪਾਕਿਸਤਾਨ ਲੈ ਗਈ।
ਮੁਸਾਫ਼ਿਰਾਂ ਤੇ ਜਹਾਜ਼ੀ ਅਮਲੇ ਸਮੇਤ ਭਾਰਤੀ ਅਧਿਕਾਰੀ ਦੋ ਜਹਾਜ਼ਾਂ ਰਾਹੀਂ ਨਵੀਂ ਦਿੱਲੀ ਪਰਤ ਗਏ। ਅਗਵਾ ਜਹਾਜ਼ ਦੀ ਸਫ਼ਾਈ ਤੇ ਨਿੱਕੀ ਮੋਟੀ ਮੁਰੰਮਤ ਰਾਤ ਵੇਲੇ ਵੀ ਜਾਰੀ ਰਹੀ। ਉਸ ਰਾਤ ਘਨਸ਼ਿਆਮ, ਦੋ ਪਾਇਲਟਾਂ ਤੇ ਦੋ ਇੰਜਨੀਅਰਾਂ ਸਮੇਤ 13 ਹਵਾਈ ਕਰਮਚਾਰੀ ਹਵਾਈ ਅੱਡੇ ਦੇ ਲਾਊਂਜ ਵਿਚ ਹੀ ਟਿਕੇ ਰਹੇ। ਦਰਅਸਲ, ਘਨਸ਼ਿਆਮ ਨੂੰ ਗੈਸਟ ਹਾਊਸ ਵਿਚ ਰਾਤ ਕੱਟਣ ਦੀ ਥਾਂ ਲਾਊਂਜ ਵਿਚ ਰੁਕੇ ਰਹਿਣ ਦੀ ਹਦਾਇਤ ਬਿਨਾਂ ਕੋਈ ਕਾਰਨ ਦੱਸੇ ਵਿਦੇਸ਼ ਮੰਤਰੀ ਜਸਵੰਤ ਸਿੰਘ ਨੇ ਕੀਤੀ ਸੀ। ਉਨ੍ਹਾਂ ਨੂੰ ਸ਼ਾਇਦ ਖ਼ਦਸ਼ਾ ਸੀ ਕਿ ਆਈ.ਐੱਸ.ਆਈ., ਜੋ ਕਿ ਘਨਸ਼ਿਆਮ ਦੀ ਕੰਧਾਰ ਵਿਚ ਮੌਜੂਦਗੀ ਤੋਂ ਖ਼ਫ਼ਾ ਸੀ, ਗੈਸਟ ਹਾਊਸ ਨੂੰ ਬੰਬ ਨਾਲ ਉਡਾ ਸਕਦੀ ਸੀ। ਲਾਊਂਜ ਉਡਾਉਣਾ ਸੰਭਵ ਨਹੀਂ ਸੀ। ਅਗਲੀ ਸਵੇਰ ਭਾਰਤੀ ਜਹਾਜ਼ ਵਤਨ ਵੱਲ ਰਵਾਨਾ ਹੋਣ ਮਗਰੋਂ ਘਨਸ਼ਿਆਮ ਵੀ ਸੰਯੁਕਤ ਰਾਸ਼ਟਰ ਦੇ ਨਿੱਕੇ ਜਿਹੇ ਜਹਾਜ਼ ਰਾਹੀਂ ਇਸਲਾਮਾਬਾਦ ਪਰਤ ਗਿਆ। ਉਸੇ ਸ਼ਾਮ ਜਸਵੰਤ ਸਿੰਘ ਨੇ ਫੋਨ ਰਾਹੀਂ ਉਸ ਦਾ ਹਾਲ-ਚਾਲ ਪੁੱਛਿਆ। ਇਸ ਕਿਸਮ ਦਾ ਸਿਸ਼ਟਾਚਾਰ ਸਿਰਫ਼ ਜਸਵੰਤ ਸਿੰਘ ਹੀ ਦਿਖਾ ਸਕਦੇ ਸਨ।
* * *
ਅਗਵਾਕਾਰਾਂ, ਭਾਰਤੀ ਅਧਿਕਾਰੀਆਂ ਤੇ ਤਾਲਿਬਾਨ ਦੇ ਪ੍ਰਤੀਨਿਧਾਂ ਦਰਮਿਆਨ ਗੱਲਬਾਤ ਸੰਭਵ ਬਣਾਉਣ ਲਈ ਜਿਸ ਦੁਭਾਸ਼ੀਏ ਨੂੰ ਬੁਲਾਇਆ ਗਿਆ, ਉਸ ਦਾ ਨਾਮ ਸੱਯਦ ਰਹਿਮਤਉੱਲਾ ਹਾਸ਼ਮੀ ਸੀ। ਉਹ ਛੇ ਜ਼ੁਬਾਨਾਂ- ਦਾਰੀ, ਪਸ਼ਤੋ, ਫ਼ਾਰਸੀ, ਉਰਦੂ, ਅੰਗਰੇਜ਼ੀ ਤੇ ਅਰਬੀ ਆਸਾਨੀ ਨਾਲ ਬੋਲਦਾ ਸੀ। ਉਸ ਨੇ ਘਨਸ਼ਿਆਮ ਨੂੰ ਦੱਸਿਆ ਕਿ ਅਫ਼ਗ਼ਾਨਿਸਤਾਨ ਵਿਚ ਇੱਕ ਵਹਿਮ ਬਹੁਤ ਪ੍ਰਚੱਲਿਤ ਹੈ ਕਿ ਜਦੋਂ ਕੋਈ ਬੱਚਾ ਦੋ ਵਰਿ੍ਹਆਂ ਦਾ ਹੋਣ ’ਤੇ ਵੀ ਬੋਲਣਾ ਸ਼ੁਰੂ ਨਹੀਂ ਕਰਦਾ ਤਾਂ ਉਸ ਦੀ ਮਾਂ ਉਸ ਨੂੰ ਕਿਸੇ ਸਿੱਖ ਪਰਿਵਾਰ ਦੇ ਘਰ ਲੈ ਜਾਂਦੀ ਹੈ। ਉਸ ਘਰ ਦੀ ਰੋਟੀ ਖਾਣ ਮਗਰੋਂ ਬੱਚਾ ਬੋਲਣਾ ਸ਼ੁਰੂ ਕਰ ਦਿੰਦਾ ਹੈ। ਹਾਸ਼ਮੀ ਦਾ ਕਹਿਣਾ ਸੀ ਕਿ ਅਜਿਹੇ ਬੱਚਿਆਂ ਵਿਚ ਉਹ ਵੀ ਸ਼ਾਮਿਲ ਸੀ।
* * *
ਰੁਚੀ ਦੇ ਲਿਖਣ ਮੁਤਾਬਿਕ ਬਹੁਤ ਲੋਕ ਪੁੱਛਦੇ ਰਹੇ ਕਿ ਘਨਸ਼ਿਆਮ ਨੂੰ ਕੰਧਾਰ ਜਾਣ ਦਾ ਹੁਕਮ ਸੁਣਾਏ ਜਾਣ ’ਤੇ ਕੀ ਉਸ ਨੂੰ ਡਰ ਨਹੀਂ ਸੀ ਲੱਗਿਆ। ਉਸ ਦਾ ਜਵਾਬ ਇਹੋ ਰਹਿੰਦਾ ਕਿ ਡਰ ਤਾਂ ਬਹੁਤ ਲੱਗਿਆ ਸੀ, ਪਰ ਨਾਲ ਹੀ ਅਫ਼ਗ਼ਾਨ ਵਿਵਹਾਰ ਜ਼ਾਬਤੇ (ਪਸ਼ਤੂਨਵਾਲੀ) ਬਾਰੇ ਸੋਚ ਕੇ ਇਹ ਢਾਰਸ ਬੱਝ ਜਾਂਦਾ ਸੀ ਕਿ ਪਸ਼ਤੂਨ ਆਪਣੇ ਮਹਿਮਾਨ ਦੀ ਪੂਰੀ ਹਿਫ਼ਾਜ਼ਤ ਕਰਨਗੇ। ਤਾਲਿਬਾਨ ਨੇ ਇਸੇ ਜ਼ਾਬਤੇ ਨੂੰ ਪੂਰੀ ਤਰ੍ਹਾਂ ਨਿਭਾਇਆ।
