ਪ੍ਰੋਫੈਸਰ ਅਸ਼ ਨਰਾਇਣ ਰਾਏ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਟਰੰਪ-ਮਸਕ ਯਾਰਾਨਾ ਉਸ ਰਾਜਨੀਤਕ ਪ੍ਰਬੰਧ ਉੱਪਰ ਕਿਵੇਂ ਅਸਰ-ਅੰਦਾਜ਼ ਹੋ ਰਿਹਾ ਹੈ ਜਿਸ ਨੂੰ ਲੋਕਤੰਤਰ ਕਿਹਾ ਜਾਂਦਾ ਹੈ। ਕੀ ਲੋਕਤੰਤਰ, ਹੁਣ ਲੋਕਤੰਤਰ ਰਹਿ ਵੀ ਗਿਆ ਹੈ? ਇਸਦਾ ਦੁਨੀਆ ਭਰ ਵਿਚ ਘੋਰ ਸੱਜੇਪੱਖੀ ਤਾਕਤਾਂ ਦੇ ਹਾਲੀਆ ਉਭਾਰ ਨਾਲ ਕੀ ਰਿਸ਼ਤਾ ਹੈ, ਇਨ੍ਹਾਂ ਸਵਾਲਾਂ ਦੀ ਚਰਚਾ ਪ੍ਰੋਫੈਸਰ ਅਸ਼ ਨਰਾਇਣ ਰਾਏ ਨੇ ਆਪਣੀ ਇਸ ਟਿੱਪਣੀ ਵਿਚ ਕੀਤੀ ਹੈ, ਜੋ ਕਿ ਇੰਸਟੀਚਿਊਟ ਆਫ ਸੋਸ਼ਲ ਸਾਇੰਸ, ਦਿੱਲੀ ਦੇ ਡਾਇਰੈਕਟਰ ਹਨ। ਵਿਸ਼ੇ ਦੇ ਮਹੱਤਵ ਦੇ ਮੱਦੇਨਜ਼ਰ ਇਸ ਦਾ ਪੰਜਾਬੀ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। – ਸੰਪਾਦਕ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਦਾ ‘ਪਹਿਲਾ ਦੋਸਤ’ ਐਲਨ ਮਸਕ ਉਹ ਸ਼ੈਅ ਬਣ ਗਿਆ ਹੈ ਜਿਸ ਨੂੰ ‘ਦ ਗਾਰਡੀਅਨ’ ਦੇ ਕਾਲਮਨਵੀਸ ਅਲੈਗਜ਼ੈਂਡਰ ਹਰਸਟ ਨੇ ‘ਇਕ ਸ਼ਖ਼ਸੀ ਦੁਸ਼ਟ ਰਾਜ’ ਕਿਹਾ ਹੈ। ਇਹ ਸਪਸ਼ਟ ਨਹੀਂ ਹੈ ਕਿ ਕੌਣ ਕਿਸ ਦੀ ਦੂਜੇ ਨਾਲ ਜੁੜ ਕੇ ਬਟੋਰੀ ਮਹਿਮਾ ਦਾ ਆਨੰਦ ਲੈ ਰਿਹਾ ਹੈ। ਮਾਗਾ ਰਿਪਬਲਿਕਨ ਪਾਰਟੀ ਦਾ ਅਸਲੀ ਆਗੂ ਤਕਨੀਕੀ ਅਰਬਪਤੀ ਹੈ ਅਤੇ ਉਹ ਟਰੰਪ ਪ੍ਰਸ਼ਾਸਨ ਵਿਚ ਨੰਬਰ ਇਕ ਹੋਵੇਗਾ।
ਬਿਨ-ਚੁਣਿਆ ਧਨਤੰਤਰੀ ਹੁਕਮਰਾਨ 2027 ਤੱਕ ਦੁਨੀਆ ਦਾ ਪਹਿਲਾ ਖਰਬਪਤੀ ਬਣਨ ਦੇ ਰਾਹ ‘ਤੇ ਹੈ। ਸ਼ੈਡੋ ਰਾਸ਼ਟਰਪਤੀ ਟਰੰਪ ਲਈ ਇਕ ਵਿਨਾਸ਼ਕਾਰੀ ਮੁਖੀਆ ਸਾਬਤ ਹੋ ਸਕਦਾ ਹੈ। ਉਸ ਨੇ ਇਹ ਦਾਅਵਾ ਕਰ ਕੇ ਜਰਮਨੀ ਅਤੇ ਹੋਰ ਥਾਈਂ ਖਲਬਲੀ ਮਚਾ ਦਿੱਤੀ ਹੈ ਕਿ ਸਿਰਫ਼ ਸੱਜੇ-ਪੱਖੀ ਏਐਫਡੀ (ਘੋਰ-ਪਿਛਾਖੜੀ ਧੜਾ) ਹੀ ਜਰਮਨੀ ਨੂੰ ਬਚਾ ਸਕਦੀ ਹੈ। ਇਸ ਤੋਂ ਪਹਿਲਾਂ ਉਸ ਨੇ ਯੂ.ਕੇ. ਦੀ ਰਿਫਾਰਮ ਪਾਰਟੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਸਮੇਤ ਪੂਰੇ ਯੂਰਪ ਦੀਆਂ ਹੋਰ ਇਮੀਗ੍ਰੇਸ਼ਨ ਵਿਰੋਧੀ ਤਾਕਤਾਂ ਦੀ ਪਿੱਠ ਥਾਪੜੀ ਸੀ।
ਟਰੰਪ-ਮਸਕ ਹਕੂਮਤ ਦੇ ਤਹਿਤ ਦੁਨੀਆ ਭਰ ਵਿਚ, ਵਿਚਾਰਾਂ ਅਤੇ ਸੁਤੰਤਰ ਸੋਚ ਦੀ ਲੜਾਈ ਹੋਰ ਬੁਰੀ ਹੋ ਸਕਦੀ ਹੈ। ਨਕਾਰਨ ਕਰਨ ਦਾ ਸੱਭਿਆਚਾਰ ਪਹਿਲਾਂ ਹੀ ਵਿਦਵਤਾ ਦੇ ਸਰੋਤ ਅਤੇ ਸੋਚਵਾਨ ਸੰਸਥਾਵਾਂ ਲਈ ਮੌਤ ਦੀ ਘੰਟੀ ਸਾਬਤ ਹੋਇਆ ਹੈ। ਅਮਰੀਕੀ ਯੂਨੀਵਰਸਿਟੀਆਂ ਹੁਣ ਅਰਬਪਤੀਆਂ ਦੀ ਚਾਟ ’ਤੇ ਲੱਗ ਗਈਆਂ ਹਨ। ਜਿਵੇਂ ਕਿ ਕਾਲਮਨਵੀਸ ਫਰਹਾਦ ਮੰਜੂ ‘ਦ ਨਿਊਯਾਰਕ ਟਾਈਮਜ਼’ ਵਿਚ ਲਿਖਦਾ ਹੈ, ਜਦੋਂ ਇਕ ਅਰਬਪਤੀ ਆਉਂਦਾ ਹੈ ਤਾਂ ‘ਆਈਵਰੀ ਟਾਵਰ ਵਿਚਲੇ ਆਦਮੀ ਪਲੂਟੋਕ੍ਰੇਟ ਨੂੰ ਚੜ੍ਹਨ ਦੇਣ ਲਈ ਆਪਣੇ ਸੁਨਹਿਰੀ ਤਾਲੇ ਹਟਾਉਣ ਦਾ ਵਿਰੋਧ ਨਹੀਂ ਕਰ ਸਕਦੇ।’
ਬਿੱਗ ਤਕਨੀਕ ਅਤੇ ਨਵ-ਸੱਜੇਪੱਖੀਆਂ ਦਾ ਹਮਲਾ ਅਜਿਹਾ ਹੈ ਕਿ ਅਸੀਂ ਇਹ ਵਿਸ਼ਵਾਸ ਕਰਨ ਲੱਗੇ ਹਾਂ ਕਿ ਮਹਾਨ ਵਿਚਾਰ ਖ਼ਤਮ ਹੋ ਰਹੇ ਹਨ ਅਤੇ ਉਨ੍ਹਾਂ ਦੇ ਸਿਰ ਫਿਰ ਗਏ ਹਨ। ਦਰਅਸਲ, ਸਾਡੀ ਔਸਤ ਜਿਹੇ ਦਰਜੇ ਦੀ ਲਿਆਕਤ ਅਤੇ ਸੱਭਿਆਚਾਰਕ-ਬੌਧਿਕ ਦਲਦਲ ਲਈ ਜ਼ਿਆਦਾਤਰ ਜ਼ਿੰਮੇਵਾਰ ਤਕਨਾਲੌਜੀ ਹੀ ਹੈ।
ਜਿਵੇਂ ਕਿ ਬਰਤਾਨਵੀ ਪੱਤਰਕਾਰ ਮਾਰਟਿਨ ਬ੍ਰਾਈਟ ਦਲੀਲ ਦਿੰਦਾ ਹੈ, ਅਣਉਦਾਰਵਾਦੀ ਲੋਕਤੰਤਰਾਂ ਦਾ ਪਤਨ ‘ਡੈਮੋਕਰੇਸ਼ਿਪ’ (ਡਾ. ਐਡੀਜ਼ਿਸ ਵੱਲੋਂ ਘੜਿਆ ਸ਼ਬਦ ਜੋ ਲੋਕਤੰਤਰੀ ਅਤੇ ਤਾਨਾਸ਼ਾਹ ਪ੍ਰਬੰਧਾਂ ਦਰਮਿਆਨ ਮੌਜੂਦ ਟਕਰਾਅ ਨੂੰ ਪਰਿਭਾਸ਼ਤ ਕਰਦਾ ਹੈ) ਜਾਂ ‘ਡੈਮੋਕਰੇਟੁਰਾ’ (ਡੈਮੋਕਰੇਟਿਕ ਡਿਕਟੇਟਰਸ਼ਿਪ) ਵਿਚ ਹੋ ਰਿਹਾ ਹੈ। ਇਹ ਸ਼ਾਸਨ ਸੰਸਥਾਵਾਂ ਨੂੰ ਖੋਖਲਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਏਨੇ ਡੂੰਘੇ ਜ਼ਖ਼ਮ ਦੇ ਰਹੇ ਹਨ ਕਿ ਉਨ੍ਹਾਂ ਨੂੰ ਭਰਨਾ ਮੁਸ਼ਕਲ ਹੈ। ਪਲੈਟੋ ਨੇ ਭਵਿੱਖਬਾਣੀ ਕੀਤੀ ਸੀ ਕਿ ਲੋਕਤੰਤਰ ਤੋਂ ਜ਼ੁਲਮੀ ਰਾਜ ਉੱਭਰੇਗਾ। ਅੱਜ ਦੁਨੀਆ ਦੇ ਵੱਡੇ ਹਿੱਸਿਆਂ ਵਿਚ ਲੋਕਤੰਤਰ ਸਿਰਫ਼ ਨਾਮ ਦਾ ਹੀ ਰਹਿ ਗਿਆ ਹੈ ਅਤੇ ਉਸ ਦੀ ਥਾਂ ਧਨਤੰਤਰ, ਧਨ ਦੇ ਜ਼ੋਰ ਸੱਤਾ ਨੇ ਲੈ ਲਈ ਹੈ।
ਅਮਰੀਕਾ ਫਸਟ ਦੇ ਪੈਰੋਕਾਰ ਅਤੇ ਬਿੱਗ-ਟੈੱਕ ਬਰਦਰਜ਼ ਅਮਰੀਕਾ ਨੂੰ ‘ਸੰਵਿਧਾਨਕ ਗਣਰਾਜ’ ਮੰਨਦੇ ਹਨ, ਨਾ ਕਿ ਲੋਕਤੰਤਰ। ਵਿਚਾਰਾਂ ਦੀ ਲੜਾਈ ਪਰਚਿਆਂ/ਦੁਵਰਕੀਆਂ ਦੀ ਲੜਾਈ ਬਣ ਜਾਣ ਦਾ ਡਰ ਹੈ। ਲੋਕਤੰਤਰ ਉਲਟ ਦਿਸ਼ਾ ’ਚ ਜਾ ਰਿਹਾ ਹੈ। ਯੂਰਪ ਵਿਚ ਨਵ-ਸੱਜੇਪੱਖੀ ਅੱਗੇ ਵਧ ਰਹੇ ਹਨ।
ਫ਼ਲਸਤੀਨੀ ਲੋਕ ਅਮਾਨਵੀਕਰਨ ਦੇ ਬੇਮਿਸਾਲ ਦੌਰ ਵਿਚੋਂ ਗੁਜ਼ਰ ਰਹੇ ਹਨ। ਫ਼ਲਸਤੀਨੀ ਲੇਖਕਾ ਅਨਾਦੀਆ ਸ਼ਿਬਲੀ ‘ਜ਼ਮੀਨ ਤੋਂ ਬਿਨਾਂ, ਸ਼ਾਂਤੀ ਤੋਂ ਬਿਨਾਂ, ਮਨੁੱਖਤਾ ਤੋਂ ਬਿਨਾਂ ਪੈਦਾ ਹੋਣ ਦੇ ਕੀ ਮਾਇਨੇ ਹਨ’ ਦੀ ਗੱਲ ਕਰਦੀ ਹੈ। ਉਹ ਅੱਗੇ ਕਹਿੰਦੀ ਹੈ ਕਿ ‘ਬਸਤੀਵਾਦ ਕਿਸੇ ਦੇ ਆਪਣੇ ਇਤਿਹਾਸ ਦੀ ਕਹਾਣੀ ਨੂੰ ਘੜਨ ਲਈ ਲੋੜੀਂਦੇ ਸ਼ਬਦਾਂ ਅਤੇ ਜਾਣਕਾਰੀ ਤੱਕ ਪਹੁੰਚ ਨੂੰ ਰੋਕਦਾ ਹੈ ਕਿਉਂਕਿ ਜੇਤੂ ਉਨ੍ਹਾਂ ਤੱਤਾਂ ਦੇ ਸਾਰੇ ਨਿਸ਼ਾਨ ਮਿਟਾ ਦਿੰਦਾ ਹੈ ਜੋ ਯਾਦਦਾਸ਼ਤ ਨੂੰ ਸਾਂਭ ਕੇ ਰੱਖ ਸਕਦੇ ਸਨ।’ ਬਸਤੀਵਾਦ ਨੇ ਬਸਤੀ ਬਣਾਏ ਲੋਕਾਂ ਨਾਲ ਇਹੀ ਕੀਤਾ ਹੈ।
ਚੀਜ਼ਾਂ ਨੂੰ ਦੇਖਣ ਦੇ ਦੋ ਤਰੀਕੇ ਹਨ। ਅਸੀਂ ਹੁਣ ਅਣਗਾਹੇ ਸੱਤਾਮੂਲਕ ਅਤੇ ਗਿਆਨਮੂਲਕ ਖੇਤਰ ਵਿਚ ਹਾਂ। ਕੋਈ ਇਹ ਵੀ ਦਲੀਲ ਦੇ ਸਕਦਾ ਹੈ ਕਿ ਸੋਚਣ ਲਈ ਕਦੇ ਵੀ ਚੰਗਾ ਸਮਾਂ ਨਹੀਂ ਰਿਹਾ। ਸਪੇਨੀ ਦਾਰਸ਼ਨਿਕ ਵਿਕਟਰ ਗੋਮਜ਼ ਪਿਨ ਸਾਨੂੰ ਦੱਸਦਾ ਹੈ ਕਿ ਮਾੜੀ ਸਿੱਖਿਆ ਤੋਂ ਪਹਿਲਾਂ ਅਸੀਂ ਸਾਰੇ ਕਵੀ ਸਾਂ। ਵਿਦਿਆ ਉਸ ਲਈ ‘ਗ਼ਲਬੇ ਦਾ ਸਾਧਨ’ ਹੈ। ਇਹ ਮਹੱਤਵਪੂਰਨ ਨਾਗਰਿਕਾਂ ਨਾਲੋਂ ਪੈਦਾਵਾਰੀ ਮਸ਼ੀਨ ਦੇ ਪੁਰਜ਼ੇ ਬਣਾਉਣ ਵੱਲ ਵਧੇਰੇ ਸੇਧਤ ਹੈ।
‘ਨਿਊਯਾਰਕ ਟਾਈਮਜ਼’ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਲੇਖਕ ਰੌਬਰਟ ਜੋਨਸ ਆਪਣੀ ਕਿਤਾਬ, ‘ਦ ਹਿਡਨ ਰੂਟਸ ਆਫ਼ ਵ੍ਹਾਈਟ ਸੁਪ੍ਰੀਮੇਸੀ ਐਂਡ ਦੀ ਪਾਥ ਟੂ ਅ ਸ਼ੇਅਰਡ ਅਮੈਰੀਕਨ ਫਿਊਚਰ’, ਵਿਚ ਸਾਨੂੰ ਦੱਸਦਾ ਹੈ ਕਿ ਕਿਵੇਂ ਬਹੁਤ ਲੰਮਾ ਸਮਾਂ ਪਹਿਲਾਂ ਹੀ ਦੇਸੀ ਕਹਾਣੀਆਂ ਮਿਟਾ ਦਿੱਤੀਆਂ ਗਈਆਂ ਸਨ ਅਤੇ ਇਹ ਕਿ ਅਮਰੀਕੀ ਇਤਿਹਾਸ 1776 ਜਾਂ 1619 ’ਚ ਸ਼ੁਰੂ ਨਹੀਂ ਹੋਇਆ ਸੀ।
ਤੁਰਕੀ ਦੇ ਨਾਵਲਕਾਰ ਅਤੇ ਕਥਾਕਾਰ ਐਲਿਫ ਸ਼ਫਾਕ ਦਾ ਕਹਿਣਾ ਹੈ ਕਿ ਕਹਾਣੀ ਕਹਿਣ ਦੀ ਕਲਾ ‘ਘੇਰੇ ਉੱਤਲੀ ਚੀਜ਼ ਨੂੰ ਕੇਂਦਰ ਵਿਚ ਲਿਆ ਸਕਦੀ ਹੈ’, ਜਿਸ ਨਾਲ ਅਦਿੱਖ ਥੋੜ੍ਹਾ ਦ੍ਰਿਸ਼ਮਾਨ ਬਣ ਜਾਂਦਾ ਹੈ। ਸ਼ਫਾਕ ਲਿਖਦਾ ਹੈ ਕਿ ਜਿਸ ਤਰੀਕੇ ਨਾਲ ਇਤਿਹਾਸ ਨੂੰ ਪੜ੍ਹਾਇਆ ਜਾਂਦਾ ਹੈ ਅਤੇ ਅਧਿਕਾਰਕ ਵਜੋਂ ਮਾਨਤਾ-ਪ੍ਰਾਪਤ ਬਣਾਇਆ ਜਾਂਦਾ ਹੈ, ਉਹ ਲਗਭਗ ਹਮੇਸ਼ਾ ‘ਉਸਦੀ ਕਹਾਣੀ’ (ਹਿਜ਼ ਸਟੋਰੀ) ਹੁੰਦਾ ਹੈ। ਇਸ ਲਈ, ਉਸ ਦੀਆਂ ਬਹੁਤ ਸਾਰੀਆਂ ਲਿਖਤਾਂ ‘ਔਰਤਾਂ, ਘੱਟ-ਗਿਣਤੀਆਂ ਜਾਂ ਕਹਾਣੀਆਂ ਬਾਰੇ ਉਹ ਅਣਕਹੀਆਂ ਕਹਾਣੀਆਂ ਹਨ ਜਿਨ੍ਹਾਂ ਨੂੰ ਸਹਿਜੇ ਹੀ ਭੁਲਾ ਦਿੱਤਾ ਗਿਆ ਹੈ।’
ਅਸੀਂ ਅਣਕਹੇ ਹਾਲਾਤਾਂ ਨਾਲ ਨਜਿੱਠ ਰਹੇ ਹਾਂ, ਅਰਥਾਤ, ਉਹ ਐਨੇ ਭਿਆਨਕ ਹਨ ਕਿ ਉਨ੍ਹਾਂ ਦਾ ਨਾਂ ਨਹੀਂ ਲਿਆ ਜਾ ਸਕਦਾ, ਉਹ ਆਮ ਤੌਰ ‘ਤੇ ਯੋਜਨਾਬੱਧ ਨਹੀਂ ਹੁੰਦੇ। ਇਹ ਤਰੱਕੀ ਵਿਚ ਵਿਸ਼ਵਾਸ ਦੀ ਘਾਟ ਅਤੇ ਕਲਪਨਾ ਦੀ ਅਸਫ਼ਲਤਾ ਦਾ ਸੰਕੇਤ ਹੁੰਦਾ ਹੈ। ਮੂਰਖ ਦਾ ਮੰਨਣਾ ਹੈ ਕਿ ਦੁਨੀਆ ਦਾ ਸਭ ਤੋਂ ਉੱਚਾ ਪਹਾੜ ਉਸ ਦੁਆਰਾ ਦੇਖੇ ਗਏ ਸਭ ਤੋਂ ਉੱਚੇ ਪਹਾੜ ਜਿੱਡਾ ਹੀ ਹੋਵੇਗਾ। ਅਸੀਂ ਹੁਣ ਅਣਪਛਾਤੇ ਮਾਹੌਲ ਵਿਚ ਹਾਂ।
ਪਰ ਇਤਿਹਾਸ ਸਾਨੂੰ ਆਸ਼ਾਵਾਦੀ ਬਣਾਉਂਦਾ ਹੈ ਕਿਉਂਕਿ ਅਸੀਂ ਇਸਨੂੰ ਪਹਿਲਾਂ ਵੀ ਕਿਸੇ ਨਾ ਕਿਸੇ ਰੂਪ ਵਿਚ ਦੇਖ ਚੁੱਕੇ ਹਾਂ। ਮੂਲਵਾਸੀ ਲੋਕਾਂ ਦੇ ਜਿਉਂਦੇ-ਜਾਗਦੇ ਅਨੁਭਵਾਂ ਅਤੇ ਉਨ੍ਹਾਂ ਦੀ ਗਿਆਨ-ਮੀਮਾਂਸਾ ਤੋਂ ਸਿੱਖਣ ਲਈ ਬੜਾ ਕੁਝ ਹੈ।
ਗਾਂਧੀ ਜਾਣਦਾ ਸੀ ਕਿ ਨਾਂਹ ਕਿਵੇਂ ਕਰਨੀ ਹੈ। ਚੀਨੀ ਪੱਤਰਕਾਰ ਦਾਈ ਕਿੰਗ ਨੇ ਚੀਨ ਵਿਚ 3 ਗੋਰਜਸ ਡੈਮ ਦਾ ਵਿਰੋਧ ਕੀਤਾ। ਉਹ ਕਹਿੰਦੀ ਹੈ, ‘ਸਨਮਾਨ ਦੇ ਸਭ ਤੋਂ ਉੱਚੇ ਇਜ਼ਹਾਰ ਨੂੰ ਇਕ ‘ਨਹੀਂ’ (ਸਿੰਗਲ ਨੋ) ਵਿਚ ਸਮੇਟਿਆ ਜਾ ਸਕਦਾ ਹੈ। ਕੁਝ ਸਾਲ ਪਹਿਲਾਂ, ਜਦੋਂ ਅਸੀਂ ਦੁਨੀਆ ਭਰ ਵਿਚ ਨਾਗਰਿਕਾਂ ਦੀਆਂ ਲਹਿਰਾਂ ਦਾ ਹੜ੍ਹ ਦੇਖਿਆ, ਤਾਂ ਅਸੀਂ ਇਕ ਵੱਡੀ ਨਹੀਂ (ਬਿੱਗ ਨੋ) ਸੁਣੀ – ਕੇਫਾਯਾ (ਅਰਬ ਜਗਤ ਵਿਚ), ਅਤੇ ਯਾ ਬਸਤਾ! ਅਤੇ ਕੂ ਸੇ ਵਾਯਾਨ ਟੋਡੋ! (ਲਾਤੀਨੀ ਅਮਰੀਕਾ ’ਚ)।
ਅੱਜ ਦੁਨੀਆ ਭਰ ਦੀਆਂ ਸਰਕਾਰਾਂ ਇਸ ‘ਨਹੀਂ’ ਦੀ ਜ਼ੁਬਾਨਬੰਦੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਹ ਸਿਰਫ਼ ਹਾਂ ਚਾਹੁੰਦੇ ਹਨ। ‘ਨਹੀਂ’ ਕਹਿਣਾ ਸ਼ਾਇਦ ਸਭ ਤੋਂ ਔਖਾ ਸ਼ਬਦ ਹੈ। ਪਰ ਇਹ ਅੱਜ ਦਾ ਸਭ ਤੋਂ ਜ਼ਰੂਰੀ ਸ਼ਬਦ ਹੈ। ਸਾਡੇ ਜ਼ਿਆਦਾਤਰ ਜੀਵਨ ਕਾਲ ਵਿਚ ਹਾਂ ਦੀ ਦੌੜ ਜਿੱਤ ਰਹੀ ਹੈ। ‘ਨਹੀਂ’ ਦੀ ਮਜ਼ਬੂਤ ਵਾਪਸੀ ਦਾ ਸਮਾਂ ਆ ਗਿਆ ਹੈ। ‘ਨਹੀਂ’ ਕਹਿਣਾ ਸਾਡੀਆਂ ਜ਼ਿੰਦਗੀਆਂ ਅਤੇ ਸਾਡੀਆਂ ਰੂਹਾਂ ਦੀ ਬਿਹਤਰੀਨ ਅਗਵਾਈ ਕਰਨ ਵਾਲਾ ਚਾਨਣ-ਮੁਨਾਰਾ ਹੋ ਸਕਦਾ ਹੈ।
ਦੁੱਖਾਂ ਤੋਂ ਬਚਣ ਦੇ ਦੋ ਤਰੀਕੇ ਹਨ। ਇਕ, ਨਰਕ ਨੂੰ ਸਵੀਕਾਰ ਕਰਨਾ, ਇਸਦਾ ਹਿੱਸਾ ਬਣ ਜਾਣਾ ਅਤੇ ਹੁਣ ਇਸਨੂੰ ਨਾ ਦੇਖਣਾ। ਦੂਜਾ, ਇਹ ਪਛਾਣਨਾ ਸਿੱਖਣਾ ਕਿ ਨਰਕ ਦੇ ਦਰਮਿਆਨ ਕੌਣ ਅਤੇ ਕੀ ਨਰਕ ਨਹੀਂ ਹਨ, ਅਤੇ ਉਨ੍ਹਾਂ ਨੂੰ ਬਣੇ ਰਹਿਣ ਦੇਣਾ।
ਇਹੀ ਉਹ ਜਗ੍ਹਾ ਹੈ ਜਿੱਥੇ ਕਹਾਣੀ ਆਉਂਦੀ ਹੈ। ਜਿਵੇਂ ਕਿ ਨਾਇਜੀਰੀਅਨ ਲੇਖਿਕਾ ਚਿਮਾਮਾਂਡਾ ਆਦਿਚੀ ਕਹਿੰਦੀ ਹੈ, ਕਹਾਣੀਆਂ ਲੋਕਾਂ ਦੇ ਮਾਣ-ਸਨਮਾਨ ਨੂੰ ਕੁਚਲ ਸਕਦੀਆਂ ਹਨ, ਪਰ ਕਹਾਣੀਆਂ ਉਸ ਕੁਚਲੇ ਹੋਏ ਮਾਣ-ਸਨਮਾਨ ਨੂੰ ਠੀਕ ਵੀ ਕਰ ਸਕਦੀਆਂ ਹਨ।
ਕੋਲੰਬਸ ਸੱਭਿਅਤਾ ਦੇ ਮਿਸ਼ਨ ‘ਤੇ ਸੀ। ਸਪੇਨੀ ਰਾਜੇ ਨੂੰ ਉਸਦੀ ਚਿੱਠੀ ਸਵੈ ਦਾ ਪ੍ਰਚਾਰ ਅਤੇ ਪ੍ਰਾਪੇਗੰਡਾ ਸੀ। ਇਹ ਜਾਅਲੀ ਖ਼ਬਰਾਂ ਦਾ 15ਵੀਂ ਸਦੀ ਦਾ ਐਡੀਸ਼ਨ ਸੀ। ਉਸਨੇ ਇਹ ਯਕੀਨੀ ਬਣਾਇਆ ਕਿ ਹਰ ਕੋਈ ਜਾਣਦਾ ਹੋਵੇ ਕਿ ਉਸਨੇ ਕੀ ਕੀਤਾ ਸੀ, ਕਿ ਉਹ ਭਾਰਤ ਦੇ ਟਾਪੂਆਂ ’ਚ ਪਹੁੰਚ ਗਿਆ ਸੀ ਜੋ ਕਿ ਸੱਚ ਨਹੀਂ ਸੀ। ਉਹ ਪਹਿਲੇ ਖੋਜੀ ਵਿਚੋਂ ਇਕ ਦੀ ਬਜਾਏ ਲੁੱਟਮਾਰ ਕਰਨ ਵਾਲੇ ਧਾੜਵੀਆਂ ਵਿਚੋਂ ਪਹਿਲਾ ਸੀ।
ਇਕ ਹੋਰ ਪ੍ਰੇਸ਼ਾਨ ਕਰਨ ਵਾਲੀ ਪ੍ਰਵਿਰਤੀ ਜੋ ਅਸੀਂ ਅੱਜ ਦੇਖਦੇ ਹਾਂ ਉਹ ਹੈ ਮਾਫ਼ੀ ਮੰਗੇ ਜਾਣ ਦੀ ਮੌਤ। ਆਪਣੇ ਮਨ ਨੂੰ ਬਸਤੀਆਨਾ ਪ੍ਰਭਾਵ ਤੋਂ ਮੁਕਤ ਕਰਨਾ ਤਾਉਮਰ ਚੱਲਣ ਵਾਲੀ ਪ੍ਰਕਿਰਿਆ ਹੈ। ਨੈਲਸਨ ਮੰਡੇਲਾ ਨੇ ਇਕ ਪੱਛਮੀ ਪੱਤਰਕਾਰ ਨੂੰ ਕਿਹਾ ਸੀ: ‘ਤੁਹਾਡੇ ਸਾਰਿਆਂ ਨਾਲ ਸਮੱਸਿਆ ਇਹ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਦੁਸ਼ਮਣ ਲਾਜ਼ਮੀ ਹੀ ਸਾਡੇ ਦੁਸ਼ਮਣ ਹੋਣ।’
ਬਸਤੀਵਾਦੀ ਤਾਕਤਾਂ ਝੂਠੇ ਸੱਚ ਬੋਲਣ ਵਾਲੀਆਂ ਸਨ। ਇਤਿਹਾਸ ਜੇਤੂਆਂ ਦੁਆਰਾ ਲਿਖਿਆ ਜਾਂਦਾ ਹੈ। ਜਦੋਂ ਹਾਰਨ ਵਾਲੇ ਹੋਣਗੇ ਫੇਰ ਜੇਤੂ ਤਾਂ ਹੋਣਗੇ ਹੀ। ਜਿਵੇਂ ਕਿ ਸਮਾਜਿਕ-ਸੱਭਿਆਚਾਰਕ ਮਾਨਵ-ਵਿਗਿਆਨੀ ਅਰਜੁਨ ਅੱਪਾਦੁਰਾਈ ਕਹਿੰਦਾ ਹੈ, ਬਸਤੀਵਾਦੀਆਂ ਦੁਆਰਾ ਨਿਚੋੜੀ ਗਈ ਸਭ ਤੋਂ ਭਾਰੀ ਕੀਮਤ ‘ਕਿਰਤ ਅਤੇ ਵਸੀਲੇ ਨਿਚੋੜਣ ਦੀ ਮੁਦਰਾ ਵਿਚ ਨਹੀਂ ਸੀ, ਸਗੋਂ ਗਿਆਨ ਦੇ ਖੇਤਰ ਵਿਚ ਸੀ। ਯੂਰਪ ਦੇ ਤਰਕ ਦੇ ਸਾਮਰਾਜ ਵਿਚ ਬਸਤੀਆਂ ਦੇ ਗ਼ੁਲਾਮਾਂ ਨੂੰ ਦੂਜਿਆਂ/ਹੋਰਾਂ ਦੇ ਰੂਪ ਵਿਚ ਸ਼੍ਰੇਣੀਬੱਧ ਕੀਤਾ ਗਿਆ ਸੀ।
ਬਸਤੀਵਾਦ ਤੋਂ ਮੁਕਤ ਹੋਈਆਂ ਕੌਮਾਂ ਨੇ ਬਸਤੀਵਾਦੀ ਰਾਜਨੀਤਕ ਰਾਜ ਦੀਆਂ ਜ਼ੰਜੀਰਾਂ ਤਾਂ ਤੋੜ ਦਿੱਤੀਆਂ ਪਰ ਆਪਣੇ ਮਨਾਂ ਨੂੰ ਬਸਤੀਆਨਾ ਗ਼ੁਲਾਮੀ ਦੇ ਸੰਗਲਾਂ ਤੋਂ ਮੁਕਤ ਕਰਨ ਵਿਚ ਅਸਫ਼ਲ ਰਹੇ। ਉਹ ਉਸ ਵਿਚ ਜਕੜੇ ਰਹੇ ਜਿਸਨੂੰ ਅੱਪਾਦੁਰਾਈ ‘ਆਧੁਨਿਕੀਕਰਨ ਅਤੇ ਵਿਕਾਸ ਦੀ ਯੂਰਪੀ ਗਿਆਨ-ਮੀਮਾਂਸਾ ਦਾ ਜਾਲ’ ਕਹਿੰਦਾ ਹੈ।
ਸਾਹਿਤ ਬਸਤੀਵਾਦੀਆਂ ਲਈ ਗ਼ਲਬੇ ਅਤੇ ਝੂਠ ਦਾ ਹਥਿਆਰ ਬਣ ਗਿਆ। ਪਰ ਸਮੇਂ ਦੇ ਬੀਤਣ ਨਾਲ ਸਾਹਿਤ ਸੰਘਰਸ਼ ਦਾ ਹਥਿਆਰ ਬਣ ਗਿਆ ਹੈ। ਆਖਿਰਕਾਰ, ਰਾਜਨੀਤੀ ਰਾਜਨੀਤੀ ਨੂੰ ਚੌਰਾਹੇ ਵਾਂਗ ਮਿਲਦੀ ਹੈ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਵਿਚ ਹੋਰ ਵੀ ਜ਼ਿਆਦਾ।
ਸਾਡੇ ਕੋਲ ਚੰਗੇ ਅਤੇ ਮਾੜੇ ਕਥਾਕਾਰ ਹਨ। ਚੰਗਾ ਕਥਾਕਾਰ ਉਹੀ ਕਹਾਣੀ ਵਾਰ-ਵਾਰ ਸੁਣਾ ਸਕਦਾ ਹੈ ਅਤੇ ਇਹ ਹਮੇਸ਼ਾ ਤਰੋ-ਤਾਜ਼ਾ ਰਹੇਗੀ। 1967 ਵਿਚ ਰੋਮੂਲੋ ਗਾਲੀਗੋਸ ਪੁਰਸਕਾਰ ਹਾਸਲ ਕਰਦੇ ਹੋਏ ਮਾਰੀਓ ਵਰਗਸ ਲੋਸਾ ਨੇ ਕਿਹਾ ਸੀ, ‘ਸਾਹਿਤ ਅੱਗ ਹੈ’। ਉਸਨੇ ਅੱਗੇ ਕਿਹਾ, ਮਹਾਨ ਸਾਹਿਤ ਲਿਖਣਾ ਇਕ ਰਾਜਨੀਤਕ ਰੈਡੀਕਲ ਕੰਮ ਹੈ।
ਪੇਰੂ ਦੇ ਸਮਾਜ-ਵਿਗਿਆਨੀ ਅਨੀਬਲ ਕੁਇਹਾਨੋ ਨੇ ਪੱਛਮੀ ਗ਼ਲਬੇ ਦੀ ਭੂਗੋਲਿਕ, ਰਾਜਨੀਤਕ, ਅਤੇ ਵਿਗਿਆਨਕ ਵਾਸਤਵਿਕ ਹਕੀਕਤ ਬਾਰੇ ਸਾਡੀ ਜਾਣਕਾਰੀ ਅਤੇ ਉਸ ਗਿਆਨ ਦੀ ਪੁਸ਼ਟੀ ਕਰਨ ਦਰਮਿਆਨ ਅੰਤਰ-ਸੰਬੰਧ ਦੇ ਦਾਰਸ਼ਨਿਕ ਵਿਸਤਾਰ ਨੂੰ ‘ਸੱਤਾ ਦੇ ਬਸਤੀਵਾਦੀ ਸਾਂਚੇ’ ਵਜੋਂ ਬਿਆਨ ਕੀਤਾ ਹੈ। ਯੂਰਪੀ ਬਸਤੀਵਾਦੀਆਂ ਨੇ ਗ਼ਲਬੇ ਦਾ ਇਕ ਅਨੋਖਾ ਤਰੀਕਾ ਲਾਗੂ ਕੀਤਾ ਜਿਸਦੀ ਮੂਲ ਰੂਪ ’ਚ ਟੇਕ ਸਿਰਫ਼ ਦੇਸੀ ਅਬਾਦੀ ਨੂੰ ਹੀ ਨਹੀਂ ਸਗੋਂ ਦੇਸੀ ਗਿਆਨ-ਮੀਮਾਂਸਾ ਅਤੇ ਸੱਭਿਆਚਾਰ ਨੂੰ ਵੀ ਹਾਸ਼ੀਏ ’ਤੇ ਧੱਕਣ, ਅਧੀਨ ਬਣਾਉਣ ਅਤੇ ਉਸਦਾ ਖ਼ਾਤਮਾ ਕਰਨ ਉੱਪਰ ਸੀ।
ਕੁਦਰਤੀ ਪ੍ਰਣਾਲੀਆਂ ਦੇ ਮੁੜ ਉਤਪਾਦਨ ਅਤੇ ਮਨੁੱਖਾਂ ਨੂੰ ਇਕ ਵਿਸ਼ਾਲ ਬ੍ਰਹਿਮੰਡ ਵਿਗਿਆਨ ਦੇ ਅੰਦਰ ਰੱਖਣ ਦੀਆਂ ਦੇਸੀ ਸਥਾਨਕ ਰਵਾਇਤਾਂ ਦੀ ਥਾਂ ਹੌਲੀ-ਹੌਲੀ ਕੁਦਰਤ, ਸੱਭਿਆਚਾਰ ਅਤੇ ਤਰੱਕੀ ਦੇ ਪੱਛਮੀ ਵਿਚਾਰਾਂ ਨੇ ਲੈ ਲਈ, ਇਨ੍ਹਾਂ ਸਭ ਨੂੰ ਈਸਾਈ, ਯੂਰਪੀ ਅਤੇ ਗੋਰਾ ਅਜਾਰੇਦਾਰੀਆਂ ਦੇ ਰੂਪ ’ਚ ਦੇਖਿਆ ਗਿਆ।
ਦੱਖਣੀ ਅਮਰੀਕਾ ਵਿਚ ਕੁਝ ਸਵੈ-ਆਜ਼ਾਦ ਸਿਆਹਫ਼ਾਮ ਲੋਕਾਂ ਨੇ ਆਪਣੇ ਲਈ ਸਥਾਈ ਜਾਂ ਅਰਧ-ਸਥਾਈ ਨਗਰ ਲੁਕਵੀਂਆਂ ਥਾਵਾਂ ’ਚ ਸਥਾਪਤ ਕਰ ਲਏ ਜੋ ਬਾਗ਼-ਬਗੀਚਿਆਂ ਦੇ ਨੇੜੇ ਸਨ, ਇਸ ਅਮਲ ਨੂੰ ਮੈਰੋਨੇਜ ਜਾਂ ਸਿਮੈਰੋਨੇਜ ਕਿਹਾ ਜਾਂਦਾ ਹੈ।
ਇਹ ਬਸਤੀਵਾਦੀ ਪ੍ਰਬੰਧ ਦੇ ਟਾਕਰੇ ਦਾ ਇਕ ਅਮਲ ਸੀ ਜਿਸ ਨਾਲ ਸਿਆਹਫ਼ਾਮ ਗੁਲਾਮ ਭੱਜ ਕੇ ਜੰਗਲਾਂ ਅਤੇ ਪਹਾੜੀਆਂ ਵਿਚ ਜਾ ਲੁਕਦੇ ਸਨ। ਇਸ ਵਿਚ ਉਨ੍ਹਾਂ ਵੱਲੋਂ ਆਪਣਾ ਸੰਦ-ਸੰਦੇੜਾ ਤੋੜ ਦੇਣਾ, ਅਵੱਗਿਆ ਅਤੇ ਬਗਾਵਤ ਸ਼ਾਮਲ ਸੀ। ਕਈ ਵਾਰ ਬਚ ਕੇ ਨਿਕਲਣਾ ਸਮੂਹਿਕ ਜਾਂ ਅਸਥਾਈ ਹੁੰਦਾ ਸੀ।
ਬਸਤੀਵਾਦ ਦੀ ਜਕੜ ਤੋੜ ਦੇਣ ਦਾ ਭਾਵ ਬਸਤੀਵਾਦ ਤੋਂ ਮੁਕਤ ਹੋਣਾ ਨਹੀਂ ਹੈ। ਬਸਤੀਵਾਦ ਦੀ ਜਕੜ ਦਾ ਟੁੱਟਣਾ ਇਕ ਬਦਲ ਪੇਸ਼ ਕਰਦਾ ਹੈ, ਜਿਸ ਦੀਆਂ ਜੜ੍ਹਾਂ ਕੁਦਰਤ, ਭਾਈਚਾਰੇ ਅਤੇ ਏਕਤਾ ਬਾਰੇ ਦੇਸੀ ਵਿਚਾਰਾਂ ਅਤੇ ਅਭਿਆਸ ਵਿਚ ਹਨ। ਇਸ ਤਰ੍ਹਾਂ ਇਹ ਰਾਸ਼ਟਰੀ-ਰਿਆਸਤਵਾਦ ਅਤੇ ਕਾਰਪੋਰੇਟ ਵਿਸ਼ਵੀਕਰਨ ਦੇ ਦੋਹਰੇ ਜਾਲ ਤੋਂ ਬਚ ਜਾਂਦਾ ਹੈ।
ਗਲੋਬਲ ਨਾਰਥ ਦੀ ਗਿਆਨ-ਸੋਝੀ ਅਜੇ ਵੀ ਗਲੋਬਲ ਸਾਊਥ ਵਿਚ ਵਧ-ਫੁੱਲ ਰਹੀ ਹੈ। ਪਰ ਵਿਦਵਾਨ ਹੁਣ ਉਨ੍ਹਾਂ ਬਿਰਤਾਂਤਾਂ ਨੂੰ ਚੁਣੌਤੀ ਦੇ ਰਹੇ ਹਨ ਅਤੇ ਬਦਲਵੇਂ ਨਮੂਨੇ ਲੈ ਕੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਸ਼ੁਮਾਰ ਹਨ ਐਨਰਿਕ ਡਸਲ ਦਾ ਡੀਕੋਲੋਨੀਜ਼ਿੰਗ ਐਥਿਕਸ, ਵਾਲਟਰ ਮਿਗਨੋਲੋ ਅਤੇ ਕੈਥਰੀਨ ਵਾਲਸ਼ ਦੀ ਔਨ ਡੀਕੋਲੋਨੀਏਲਟੀ, ਐਨੀਬਲ ਕੁਜਾਨੋ ਦੀ ਕੋਲੋਨੀਐਲਿਟੀ ਆਫ ਪਾਵਰ, ਸੈਂਡਰਾ ਹਾਰਡਿੰਗ ਦਾ ਹੂਜ਼ ਸਾਇੰਸ? ਹੂਜ਼ ਨਾਲਿਜ਼? ਅਤੇ ਮਾਰੀਸੋਲ ਡੇ ਲਾ ਕੈਡੇਨਾ ਅਤੇ ਮਾਰੀਓ ਬਲੇਜ਼ਰ ਦਾ ਅ ਵਰਲਡ ਆਫ ਮੈਨੀ ਵਰਲਡਜ਼।
ਯੂਰਪੀ ਬਸਤੀਵਾਦ ਇਕ ਸੱਭਿਆਚਾਰਕ ਯੁੱਧ ਵੀ ਸੀ ਜਿਸ ਨਾਲ ਬਸਤੀ ਬਣਾਏ ਰਾਜ ਤਰੱਕੀ ਅਤੇ ਅਮੁੱਕ ਆਰਥਿਕ ਵਿਕਾਸ ਦੇ ਵਿਚਾਰਾਂ ‘ਤੇ ਆਧਾਰਤ ਸਮਾਜ ਬਣਾ ਦਿੱਤੇ ਗਏ। ਦੇਸੀ ਲੋਕ ਉਨ੍ਹਾਂ ਸੱਭਿਆਚਾਰ ਯੁੱਧਾਂ ਦੇ ਨਤੀਜਿਆਂ ਦਾ ਸ਼ਿਕਾਰ ਹਨ।
ਆਪਣੀਆਂ ਕਹਾਣੀਆਂ ਸੁਣਾਉਂਦੇ ਹੋਏ, ਬਸਤੀਵਾਦੀ ਰਾਜਾਂ ਨੇ ਗ਼ੁਲਾਮ ਬਣਾਏ ਰਾਜਾਂ ਦੀਆਂ ਕਹਾਣੀਆਂ ਬਾਹਰ ਕੱਢ ਦਿੱਤੀਆਂ, ਨਕਾਰ ਦਿੱਤੀਆਂ ਅਤੇ ਗ਼ਲਤ ਰੂਪ ’ਚ ਪੇਸ਼ ਕੀਤੀਆਂ। ਯਾਦਦਾਸ਼ਤ, ਪਛਾਣ ਦੇ ਨਿਰਮਾਣ ਅਤੇ ਸਮਾਜਿਕ ਏਕਤਾ ਦਾ ਮੂਲ ਹਿੱਸਾ ਹੈ। ਦੇਸੀ ਸੱਭਿਆਚਾਰਾਂ ਵਿਚ ਯਾਦਦਾਸ਼ਤ ਦੀ ਵਰਤੋਂ, ਲੈ-ਦੇ ਕਰਨ ਅਤੇ ਉਨ੍ਹਾਂ ਦੀਆਂ ਕਹਾਣੀਆਂ ਘੜਨ ਲਈ ਕੀਤੀ ਜਾਂਦੀ ਹੈ ਜੋ ਅਗਲੀ ਪੀੜ੍ਹੀ ਨੂੰ ਸੌਂਪੀਆਂ ਜਾਂਦੀਆਂ ਹਨ। ਯਾਦਦਾਸ਼ਤ ਪਛਾਣ, ਸਮੂਹ ਦੀ ਇਕਮੁੱਠਤਾ, ਸੱਤਾ, ਸੱਚ, ਕਦਰਾਂ-ਕੀਮਤਾਂ ਅਤੇ ਮਾਣ-ਸਨਮਾਨ ਨਾਲ ਜੁੜੀ ਹੋਈ ਹੈ।
ਜਿਵੇਂ ਕਿ ਮਾਲੀ ਸਲਤਨਤ ਵਿਚ ਮੈਂਡੇ ਸਮਾਜ ਦੇ ਮੌਖਿਕ ਇਤਿਹਾਸਕਾਰ ਨੇ ਕਿਹਾ ਸੀ: ‘ਅਸੀਂ ਬਾਣੀ ਦੇ ਭਾਂਡੇ ਹਾਂ, ਅਸੀਂ ਉਹ ਭੜੋਲੇ ਹਾਂ ਜੋ ਕਈ ਸਦੀਆਂ ਪੁਰਾਣੇ ਭੇਤਾਂ ਨੂੰ ਸਾਂਭੀ ਰੱਖਦੇ ਹਨ…ਸਾਡੇ ਬਿਨਾਂ ਰਾਜਿਆਂ ਦੇ ਨਾਮ ਗੁੰਮਨਾਮੀ ’ਚ ਗੁੰਮ ਹੋ ਜਾਣੇ ਸਨ।’
ਜਿਵੇਂ ਇਕ ਅਫ਼ਰੀਕਨ ਲੇਖਕ ਕਹਿੰਦਾ ਹੈ, ਅਫ਼ਰੀਕਨ ਲੋਕ ਆਪਣਾ ਇਤਿਹਾਸ ਜਾਣਨਾ ਚਾਹੁੰਦੇ ਹਨ ਨਾ ਕਿ ਕਿੰਗ ਹੈਨਰੀ ਅਤੇ ਉਸ ਦੀਆਂ ਛੇ ਪਤਨੀਆਂ ਬਾਰੇ। ਅਫ਼ਰੀਕਾ ਨੂੰ ਘੜਿਆ ਗਿਆ ਅਤੇ ਤਾਉਮਰ ਨਕਸ਼ਾ ਉਨ੍ਹਾਂ ਤੋਂ ਲੁਕੋ ਕੇ ਰੱਖਿਆ ਗਿਆ। ਉਨ੍ਹਾਂ ਨੂੰ ਪੁਨਰ-ਕਲਪਨਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਜੋ ਇਤਿਹਾਸ ਪੜ੍ਹਾਇਆ ਜਾਂਦਾ ਰਿਹਾ ਉਸ ਵਿਚ ਲੋਕਾਂ ਦੇ ਇਕ ਸਮੂਹ ਨੂੰ ਘਟੀਆ ਅਤੇ ਦੂਜੇ ਨੂੰ ਉੱਤਮ ਹੋਣਾ ਮਹਿਸੂਸ ਕਰਾਇਆ ਜਾਂਦਾ ਸੀ।
ਜਿਵੇਂ ਕਿ ਹਾਵੀ ਯੂਰਪ-ਕੇਂਦਰਤ ਨਮੂਨਿਆਂ ਦੇ ਉਲਟ, ਦੂਜਿਆਂ ਨੇ ‘ਅਫ਼ਰੀਕਾ-ਕੇਂਦ੍ਰਿਤ ਗਿਆਨ-ਮੀਮਾਂਸਾ’ ਜਾਂ ਜਿਸ ਨੂੰ ਐਨਰਿਕ ਡਸਲ ‘ਗਿਆਨ ਦੀ ਭੂ-ਰਾਜਨੀਤੀ’ ਕਹਿੰਦਾ ਹਨ, ਦਾ ਸੱਦਾ ਦਿੱਤਾ ਹੈ।
ਪੱਛਮੀ ਫ਼ਲਸਫ਼ੇ ਨੇ ਉਹ ਵਿਸ਼ੇਸ਼ ਅਧਿਕਾਰ ਪ੍ਰਾਪਤ ਕਰ ਲਿਆ ਜਿਸਨੂੰ ਇਕ ਵਿਦਵਾਨ ‘ਗਿਆਨ ਦੀ ਹਉਮੈ ਦੀ ਰਾਜਨੀਤੀ’ ਕਹਿੰਦਾ ਹੈ। ਡੱਸਲ ‘ਹਉਮੈ ਜੇਤੂ’ ਦੀ ਗੱਲ ਕਰਦਾ ਹੈ (ਮੈਂ ਜਿੱਤਦਾ ਹਾਂ, ਇਸ ਲਈ ਮੈਂ ਹਾਂ)। ਪੱਛਮ-ਕੇਂਦ੍ਰਿਤ ਵਿਸ਼ਵ ਪ੍ਰਣਾਲੀ ਨੇ ਪੱਛਮ ਦੇ ਸੱਭਿਆਚਾਰ, ਗਿਆਨ ਅਤੇ ਗਿਆਨ-ਮੀਮਾਂਸਾ ਨੂੰ ਵਿਸ਼ੇਸ਼-ਅਧਿਕਾਰ ਦਿੱਤਾ ਹੈ ਅਤੇ ਬਾਕੀ ਨੂੰ ਹੀਣਾ ਬਣਾ ਦਿੱਤਾ ਹੈ।
ਗਿਆਨ-ਮੀਮਾਂਸੀ ਨਿਰਬਸਤੀਕਰਨ, ਜੋ ਕਿ ਗਿਆਨ-ਮੀਮਾਂਸੀ ਨਿਵਾਰਣ ਬਾਰੇ ਚੁੱਪ ਹੈ, ਅਧੂਰਾ ਹੈ। ਗਿਆਨ-ਮੀਮਾਂਸੀ ਮੁਆਵਜ਼ੇ ਵਿਚ ਸ਼ਾਮਲ ਹੈ ‘ਜਾਣੇ ਜਾਣ ਦਾ ਵਧੇਰੇ ਬੁਨਿਆਦੀ ਅਧਿਕਾਰ’ – ਉਹ ਅਧਿਕਾਰ ਜੋ ਪੀੜਤਾਂ ਨੂੰ ‘ਆਪਣੇ ਖੁਦ ਦੇ ਅਨੁਭਵਾਂ ਬਾਰੇ ਦੂਜਿਆਂ ਨੂੰ ਗਿਆਨ ਦੇਣ ਵਾਲਾ’ ਹੋਵੇ’। ਗਿਆਨ-ਮੀਮਾਂਸੀ ਗ਼ਲਤ ਨੂੰ ਦਰੁਸਤ ਕਰਨ ਦਾ ਇਕ ਤਰੀਕਾ ਹੈ ਇਸਨੂੰ ਗਿਆਨ-ਮੀਮਾਂਸੀ ਦਮਨ ਦੀ ਵਿਦਵਤਾ ਵਿਚ ਰੱਖਣਾ।