ਧਰਮ ਤੇ ਰਾਜਨੀਤੀ ਦੇ ਰਿਸ਼ਤੇ ਬਾਰੇ ਬਹਿਸ ਸਦੀਆਂ ਪੁਰਾਣੀ ਹੈ। ਇਸ ਦੀ ਸ਼ੁਰੂਆਤ ਇਸਾਈ ਧਰਮ ਵਿਚ ਪੰਜਵੀਂ ਸਦੀ ਦੇ ਉਘੇ ਧਰਮ-ਸ਼ਾਸਤਰੀ ਅਤੇ ਫਿਲਾਸਫਰ ਸੰਤ ਔਗੱਸਟਾਈਨ ਦੀ ਵੱਡ ਅਕਾਰੀ ਪੁਸਤਕ ‘ਦੀ ਸਿਟੀ ਆਫ ਗਾਡ’ ਨਾਲ਼ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਅਨੇਕਾਂ ਨਾਮਵਰ ਇਸਾਈ ਫਿਲਾਸਫਰਾਂ ਨੇ ਇਸ ਬਾਰੇ ਚਰਚਾ ਕੀਤੀ। ਇਸਲਾਮ ਵਿਚ ਵੀ ਇਹ ਡੀਬੇਟ ਮੁਹੰਮਦ ਦੇ ਸਮੇਂ ਹੀ ਚੱਲ ਪਈ ਸੀ,
ਜੋ ਅੱਜ ਤੱਕ ਜਾਰੀ ਹੈ। ਸਿੱਖਾਂ ਵਿਚ ਵੀ ਇਹ ਚਰਚਾ ਦੇਸ਼ ਦੀ ਅਜ਼ਾਦੀ ਤੋਂ ਬਾਅਦ ਸ਼ੁਰੂ ਹੋ ਗਈ ਸੀ, ਜੋ ਅਜੇ ਤੱਕ ਜਾਰੀ ਹੈ। ਸਿੱਖ ਪੰਥ ਵਿਚ,‘ਧਰਮ ਤੇ ਰਾਜਨੀਤੀ’ ਦੇ ਸੁਮੇਲ ਨੂੰ ‘ਮੀਰੀ-ਪੀਰੀ’ ਦਾ ਨਾਮ ਦਿੱਤਾ ਜਾਂਦਾ ਹੈ। ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਵਿਚ ਇਹ ਮਾਨਤਾ ਪ੍ਰਚਲਤ ਹੈ ਕਿ ਮੀਰੀ-ਪੀਰੀ ਦਾ ਸਿਧਾਂਤ ਗੁਰੂ ਹਰਿਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾ ਕੇ ਦਿੱਤਾ ਸੀ ਅਤੇ ਫਿਰ ਅਕਾਲ ਤਖਤ ਸਾਹਿਬ (ਅਕਾਲ ਬੁੰਗਾ) ਦੀ ਸਿਰਜਨਾ ਕਰਕੇ ਇਸ ਉਪਰ ਮੋਹਰ ਲਗਾ ਦਿੱਤੀ ਸੀ ਕਿ ਮੀਰੀ (ਰਾਜਨੀਤੀ) ਦਾ ਪ੍ਰਤੀਕ ਅਕਾਲ ਤਖਤ ਸਾਰੇ ਦੁਨਿਆਵੀ ਤਖਤਾਂ ਤੋਂ ਉਪਰ ਹੈ ਅਤੇ ਇਸਦਾ ਜਥੇਦਾਰ ਕਿਸੇ ਸਰਕਾਰ ਜਾਂ ਦੇਸ਼ ਦੇ ਕਾਨੂੰਨ ਨੂੰ ਜਵਾਬਦੇਹ ਨਹੀਂ ਹੈ। ਉਨ੍ਹਾਂ ਅਨੁਸਾਰ ਮਾਡਰਨ ਸਿੱਖੀ ਵਿਚ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਜੇ ਕੋਈ ਸਿਰਮੌਰ ਹੈ ਤਾਂ ਉਹ ਅਕਾਲ ਤਖਤ ਸਾਹਿਬ ਹੈ, ਜਿਸਦੀ ਪ੍ਰਤੀਨਿਧਤਾ ਇਸ ਦਾ ਜਥੇਦਾਰ ਕਰਦਾ ਹੈ, ਭਾਵ ਕਿ ਮਨੁੱਖੀ ਤੌਰ ‘ਤੇ ਸਿੱਖੀ ਵਿਚ ਅਕਾਲ ਤਖਤ ਦਾ ਜਥੇਦਾਰ ਹੀ ਸਭ ਤੋਂ ਸਿਰਮੌਰ ਹੈ।
‘ਧਰਮ ਤੇ ਰਾਜਨੀਤੀ’ (ਮੀਰੀ-ਪੀਰੀ) ਦੇ ਸਬੰਧਾਂ ਨੂੰ ਸਮਝਣ ਲਈ ਤਕਰੀਬਨ ਇੱਕ ਸਦੀ ਪਹਿਲਾਂ ਸਤਿਕਾਰਤ ਤੇ ਸਿਰਮੌਰ ਸਿੱਖ ਚਿੰਤਕ ਪ੍ਰੋ ਪੂਰਨ ਸਿੰਘ ਦੀ ਪੁਸਤਕ ‘ਖਾਲਸੇ ਦਾ ਆਦਰਸ਼’ (ਸੰਪਾਦਕ ਪ੍ਰੋ ਗੁਰਮੁੱਖ ਸਿੰਘ) ਪੰਨਾ 163-165 ‘ਤੇ ‘ਸ੍ਰੀ ਦਰਬਾਰ ਸਾਹਿਬ’ ਸਿਰਲੇਖ ਹੇਠ 100 ਕੁ ਸਾਲ ਪਹਿਲਾਂ ਲਿਖੇ ਲੇਖ ਤੋਂ ਕਾਫੀ ਸਪੱਸ਼ਟਤਾ ਮਿਲ ਸਕਦੀ ਹੈ। ਉਹ ਲਿਖਦੇ ਹਨ: ‘ਸਿੱਖੀ ਦੀ ਕਾਇਮੀ ਲਈ ਸਤਿਗੁਰਾਂ ਖਾਲਸਾ ਪੰਥ ਸਾਜਿਆ…ਸ੍ਰੀ ਦਰਬਾਰ ਸਹਿਬ ਸਿੱਖੀ ਦੇ ਕੇਂਦਰੀ ਧਾਰਮਿਕ ਅਸਥਾਨ ਹਨ, ਜਿੱਥੇ ਗੁਰੂ ਦੀ ਤਾਬਿਆ ਗੁਰੂ ਪੰਥ, ਕੀਰਤਨ ਤੇ ਨਾਮ ਸਿਮਰਨ ਨਾਲ਼ ਜਗਤ ਜਲੰਦੇ ਨੂੰ ਠਾਰਦਾ ਹੈ। ਸ੍ਰੀ ਦਰਬਾਰ ਸਾਹਿਬ ਅਖੰਡ ਕੀਰਤਨ ਦਾ ਕੇਂਦਰ ਹੈ। ਜਗਤ ਵਿਚ ਕਿਸੇ ਮੰਦਰ ਵਿਚ ਦਿਨ-ਰਾਤ ਕੀਰਤਨ ਜਾਰੀ ਨਹੀਂ ਰਹਿੰਦਾ। ਇਸ ਵਾਸਤੇ ਇਹ ਹਰਿਮੰਦਰ ਸਾਰੇ ਜਗਤ ਦੇ ਧਰਮ ਦਾ ਕੇਂਦਰ ਹੈ, ਇਹ ਨਿਰੋਲ ਧਰਮ ਦਾ ਪਵਿੱਤਰ ਟਿਕਾਣਾ ਹੈ, ਇੱਥੇ ਧਰਮ ਦਾ ਸੂਰਜ ਸਦਾ ਚਮਕਣਾ ਚਾਹੀਏ। ਭਾਈਚਾਰਕ, ਪਦਾਰਥਕ, ਰਾਜਸੀ ਅੰਦੋਲਨਾਂ ਦੇ ਵਧਾਓ ਘਟਾਓ, ਜਗਤ ਵਿਚ ਹੁੰਦੇ ਰਹੇ ਹਨ ਤੇ ਹੁੰਦੇ ਰਹਿਣਗੇ, ਪਰ ਸਿੱਖ ਧਰਮ ਦੀ ਟੇਕ ਹੈ ਕਿ ‘ਸੁੱਚ ਧਰਮ’ ਅਬਚਲ ਵਸਤੂ ਹੈ। ਇਹ ਸਭ ਤੋਂ ਉਚੀ ਹੈ। ਭਾਈਚਾਰਕ, ਪਦਾਰਥਕ, ਰਾਜਸੀ ਟਿਕਾਣੇ ਅਨੇਕਾਂ ਹਨ, ਪਰ ਸ੍ਰੀ ਦਰਬਾਰ ਸਾਹਿਬ ਸੱਚੇ ਧਰਮ ਦਾ ਕੇਂਦਰ ਹੈ। ਜਿੱਥੇ ਨਾਮ ਦਾ ਚੱਕਰ ਅਤੇ ਸ਼ਬਦ ਦਾ ਕੇਂਦਰੀ ਲਹਿਰਾਓ, ਸਤਗਿੁਰਾਂ ਨੇ ਆਪ ਦਿੱਤਾ ਹੈ। ਇਹ ਹੋਰ ਥਾਂ ਨਹੀਂ ਹੋ ਸਕਦਾ। ਇਸ ਲਈ ਇਸ ਸਥਾਨ ਨੂੰ ‘ਸਿਰਮੌਰ’ ਰੱਖਣਾ ਸਿੱਖਾਂ ਦਾ ਮੁੱਖ ਧਰਮ ਹੈ। ਇਸ ਅਸਥਾਨ ਨੂੰ ਸਿੱਖਾਂ ਦਾ ਰਾਜਸੀ ਕੇਂਦਰ ਬਣਾਉਣਾ ਵਾਜਿਬ ਨਹੀਂ।’ ਇਸ ਤੋਂ ਅੱਗੇ ਉਨ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਮੁਗਲਾਂ ਵਿਰੁੱਧ ਲੜੇ ਯੁੱਧਾਂ ਬਾਰੇ ਦੱਸਿਆ ਹੈ ਕਿ ਕਿਵੇਂ ਮੁਗਲ ਸੈਨਾਪਤੀ ਮੁਖਲਸ ਖਾਨ ਵਲੋਂ ਅਚਾਨਕ ਹਮਲਾ ਕਰਨ ਲਈ ਆਉਣ ਦੀ ਖ਼ਬਰ ਮਿਲਣ ‘ਤੇ ਗੁਰੂ ਸਾਹਿਬ ਨੇ ਆਪਣੇ 25 ਗੁਰਸਿੱਖਾਂ ਨੂੰ ਲੋਹਗੜ੍ਹ ਭੇਜ ਕੇ ਰਸਤੇ ਵਿਚੋਂ ਹੀ ਹਰਿਮੰਦਰ ਸਾਹਿਬ ਆਉਣ ਤੋਂ ਰੋਕ ਕੇ ਪਵਿਤਰ ਅਸਥਾਨ ਨੂੰ ਆਂਚ ਨਹੀਂ ਸੀ ਆਉਣ ਦਿੱਤੀ। ਭਵਿੱਖ ਵਿਚ ਇਸ ਦਾ ਕੋਈ ਨੁਕਸਾਨ ਨਾ ਹੋਵੇ, ਆਪ ਨੇ ਅੰਮ੍ਰਿਤਸਰ ਛੱਡ ਕੇ ਕੀਰਤਪੁਰ ਦੀਆਂ ਪਹਾੜੀਆਂ ਵਿਚ ਜਾ ਡੇਰੇ ਲਾਏ ਸਨ। ਇਸ ਪ੍ਰਥਾਏ ਪ੍ਰੋ ਪੂਰਨ ਸਿੰਘ ਨੇ ਕਵੀ ਸੰਤੋਖ ਸਿੰਘ ਦੇ ਗ੍ਰੰਥ ‘ਸੂਰਜ ਪ੍ਰਕਾਸ਼’ ਵਿਚੋਂ ਹਵਾਲਾ ਦਿੱਤਾ ਹੈ; ‘ਜੰਗ ਨਾ ਭਲੋ ਸੁਦਾ ਸਰ ਮਾਹਿ, ਆਵਹਿ ਤੁਰਕ ਅਦਬ ਰਹਿ ਨਾਹਿ’। ਭਾਵ ਗੁਰੂ ਸਾਹਿਬ ਦਾ ਹਰਿਮੰਦਰ ਸਾਹਿਬ ਨੂੰ ਯੁੱਧ ਭੂਮੀ ਦਾ ਕੇਂਦਰ ਨਾ ਬਣਨ ਦੇਣਾ ਅਤੇ ਛੱਡ ਕੇ ਚਲੇ ਜਾਣ ਦਾ ਮਕਸਦ, ਸਿਰਫ ਇਸ ਅਸਥਾਨ ਨੂੰ ‘ਸਿੱਖਾਂ ਦਾ ਰਾਜਸੀ ਕੇਂਦਰ’ ਬਣਨ ਤੋਂ ਬਚਾਉਣ ਦਾ ਹੀ ਸੀ। ਸਿੱਖ ਪੰਥ ਦੇ ਸਿਰਮੌਰ ਵਿਦਵਾਨ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਹੋਂਦ ‘ਚ ਆਉਣ ਸਮੇਂ ਹੀ ਭਾਂਪ ਲਿਆ ਸੀ ਕਿ ਸਾਰੀ ਮਨੁੱਖਤਾ ਦੇ ਸਾਂਝੇ ਅਸਥਾਨ ਦਰਬਾਰ ਸਾਹਿਬ ਨੂੰ ‘ਸਿੱਖ ਰਾਜਨੀਤੀ ਦਾ ਕੇਂਦਰ’ ਨਹੀਂ ਬਣਨ ਦੇਣਾ ਚਾਹੀਦਾ। ਜੇ ਕਿਤੇ ਸਿੱਖਾਂ ਨੇ ਪ੍ਰੋ ਪੂਰਨ ਸਿੰਘ ਦੀ ਸਲਾਹ ਮੰਨੀ ਹੁੰਦੀ ਤਾਂ ਪੰਥ ਨੂੰ ਜੂਨ, 84 ਵਰਗੇ ਘੱਲੂਘਾਰੇ ਨਾ ਦੇਖਣੇ ਪੈਂਦੇ?
ਇੱਥੇ ਸਿੱਖ ਪੰਥ ਦੇ ਇੱਕ ਹੋਰ ਸਿਰਮੌਰ ਰਾਜਸੀ ਵਿਦਵਾਨ ਸਿਰਦਾਰ ਕਪੂਰ ਸਿੰਘ ਦੇ ਲੇਖਾਂ ਦੇ ਸੰਗ੍ਰਿਹ ਦੀ ਪ੍ਰੋ ਗੁਰਮੁੱਖ ਸਿੰਘ ਵਲੋਂ ਸੰਪਾਦਿਤ ਕਿਤਾਬ ‘ਰਾਜ ਕਰੇਗਾ ਖਾਲਸਾ’ ਦਾ ਹਵਾਲਾ ਦੇਣਾ ਬੇਹੱਦ ਰੌਚਕ ਰਹੇਗਾ, ਕਿਉਂਕਿ ਕਪੂਰ ਸਿੰਘ, ਪ੍ਰੋ ਪੂਰਨ ਸਿੰਘ ਤੋਂ ਬਿਲਕੁਲ ਉਲਟ ਪੁਜ਼ੀਸ਼ਨ ਲੈਂਦੇ ਹਨ। ਕਪੂਰ ਸਿੰਘ ਨੇ ਇਹ ਲਿਖਤ ਇੱਕ ਵੱਡੇ ਸਿੱਖ ਵਿਦਵਾਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਸਾਬਕਾ ਵਾਈਸ ਚਾਂਸਲਰ ਭਾਈ ਜੋਧ ਸਿੰਘ ਦੇ ਇੱਕ ਲੈਕਚਰ ਦੇ ਵਿਰੋਧ ਵਿਚ ਲਿਖੀ ਸੀ, ਜੋ ਉਨ੍ਹਾਂ ਗੁਰੂ ਤੇਗ ਬਹਾਦਰ ਜੀ ਦੀ 300 ਸਾਲਾ ਸ਼ਤਾਬਦੀ ਮੌਕੇ ਪਟਿਆਲ਼ਾ ਵਿਚ ਇੱਕ ਸੈਮੀਨਾਰ ਦੌਰਾਨ ਦਿੱਤਾ ਸੀ। ਉਨ੍ਹਾਂ ਕਿਹਾ ਸੀ: ‘ਇਹ ‘ਗਲਤ ਵਿਸ਼ਵਾਸ’ ਹੈ ਕਿ ਕਿਸੇ ਧਰਮ (ਸਮੇਤ ਸਿੱਖ ਧਰਮ) ਦੇ ਜ਼ਿੰਦਾ ਰਹਿਣ ਲਈ ਰਾਜ ਸਤਾ ਦਾ ਹੋਣਾ ਜਰੂਰੀ ਹੈ। ਇਸ ‘ਗਲਤ ਵਿਸ਼ਵਾਸ’ ਨੂੰ ਉਚੇਰੇ ਯਤਨਾਂ ਰਾਹੀਂ ਧਾਰਮਿਕ ਯੋਜਨਾਵਾਂ ਨਾਲ਼ ਜੋੜ ਕੇ ਸਿੱਖਾਂ ਦੀਆਂ ਸੰਗਠਿਤ ਵਿਉਂਤਬੰਦੀਆਂ ਦਾ ਭਾਗ ਬਣਾ ਕੇ, ਨਵਿਰਤ ਕਰਨਾ ਚਾਹੀਦਾ ਹੈ। ਸਿੱਖ ਸਿਆਸਤ ਧਰਮ ਨਾਲ਼ੋਂ ਬਿਲਕੁਲ ਵੱਖ ਹੋਣੀ ਚਾਹੀਦੀ ਹੈ’। ਸ. ਕਪੂਰ ਸਿੰਘ ਕਹਿੰਦੇ ਹਨ ਕਿ ਭਾਈ ਜੋਧ ਸਿੰਘ ਦੀਆਂ ਇਹ ਟਿੱਪਣੀਆਂ ਬਰਦਾਸ਼ਤ ਕਰਨਯੋਗ ਨਹੀਂ ਹਨ, ਕਿਉਂਕਿ ਸਿੱਖ ਆਪਣੀ ਅਰਦਾਸ ਵਿਚ ਰੋਜ਼ਾਨਾ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਦੋਹਰਾ ‘ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ’ ਪੜ੍ਹਦੇ ਹਨ। (ਬਹੁਤੇ ਸਿੱਖ ਵਿਦਵਾਨ ਇਸ ਗੱਲ ਨਾਲ਼ ਸਹਿਮਤ ਹਨ ਕਿ ਅਰਦਾਸ ਵਾਲ਼ਾ ਦੋਹਰਾ ਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਨਹੀਂ ਹੈ, ਬੇਸ਼ੱਕ ਇਹ 18ਵੀਂ ਸਦੀ ਵਿਚ ਮਿਸਲਾਂ ਦੇ ਦੌਰ ਵਿਚ ਕਿਸੇ ਨਾ ਕਿਸੇ ਰੂਪ ‘ਚ ਪ੍ਰਚਲਤ ਜਰੂਰ ਸੀ, ਜਿਸਨੂੰ 19ਵੀਂ ਸਦੀ ਵਿਚ ਗਿਆਨੀ ਗਿਆਨ ਸਿੰਘ ਨੇ ‘ਸ੍ਰੀ ਗੁਰ ਪੰਥ ਪ੍ਰਕਾਸ਼’ ਗ੍ਰੰਥ ਵਿਚ ਕਵਿਤਾ ਰੂਪ ਵਿਚ ਲਿਖ ਕੇ ਸ਼ਾਮਿਲ ਕੀਤਾ ਸੀ)। ਉਹ ਅੱਗੇ ਲਿਖਦੇ ਹਨ ਕਿ ਭਾਈ ਜੋਧ ਸਿੰਘ ਨੇ ਸਿੱਖਾਂ ਨੂੰ ਜੋ ਉਪਦੇਸ਼ ਦਿੱਤਾ ਹੈ; ਉਹ ਸਿੱਖੀ ਸਿਧਾਂਤਾਂ, ਸਿੱਖ ਇਤਿਹਾਸ ਦੇ ਪੂਰਨਿਆਂ, ਅਤੇ ਸਿੱਖ ਗੁਰੂਆਂ ਦੀਆਂ ਸਪੱਸ਼ਟ ਤੇ ਅਟੱਲ ਸਿਖਿਆਵਾਂ ਦਾ ਸਿੱਧਾ ਵਿਰੋਧ ਹੈ। ਪਰ ਆਪਣੇ 20-25 ਪੰਨਿਆਂ ਦੀ ਇਸ ਲਿਖਤ ਵਿਚ ਕਪੂਰ ਸਿੰਘ ਜੀ ਗੁਰਬਾਣੀ, ਗੁਰ-ਇਤਿਹਾਸ, ਸਿੱਖ ਸਿਧਾਂਤਾਂ, ਗੁਰ-ਉਪਦੇਸ਼ਾਂ ਦਾ ਇੱਕ ਵੀ ਹਵਾਲਾ ਦੇ ਕੇ ਭਾਈ ਜੋਧ ਸਿੰਘ ਦਾ ਵਿਰੋਧ ਨਹੀਂ ਕਰਦੇ ਅਤੇ ਨਾ ਹੀ ‘ਧਰਮ ਤੇ ਰਾਜਨੀਤੀ’ ਦੇ ਸੁਮੇਲ ਜਾਂ ‘ਰਾਜ ਬਿਨਾਂ ਧਰਮ ਚੱਲ ਨਹੀਂ ਸਕਦਾ’ ਦੇ ਹੱਕ ਵਿਚ ਕੋਈ ਪੁਖਤਾ ਸਬੂਤ ਪੇਸ਼ ਕਰਦੇ ਹਨ। ਸਗੋਂ ਦੁਨੀਆਂ ਭਰ ਦੇ ਰੱਬ ਦੀ ਹੋਂਦ ਤੋਂ ਵੀ ਇਨਕਾਰੀ ਵਿਦਵਾਨਾਂ, ਮਾਓ-ਜ਼ੇ-ਤੁੰਗ, ਨੀਤਸ਼ੇ, ਸਿਗਮੰਡ ਫਰਾਇਡ, ਹੌਸਵਾਰਡ ਸਪੈਂਗਲਰ, ਕਨਫਿਊਸ਼ੀਅਸ ਆਦਿ ਦੇ ਵਿਅਕਤੀ ਦੀ ਜੰਗਜੂ ਬਿਰਤੀ ਦਰਸਾਉਣ ਦੇ ਵਿਚਾਰਾਂ ਦੀਆਂ ਉਦਾਹਰਣਾਂ ਦੀ ਝੜੀ ਲਾ ਕੇ ਪਤਾ ਨਹੀਂ ਕਿਵੇਂ ‘ਮੀਰੀ-ਪੀਰੀ’ ਜਾਂ ‘ਰਾਜ ਕਰੇਗਾ ਖਾਲਸਾ’ ਦਾ ਸਿਧਾਂਤ, ਕੱਢ ਰਹੇ ਹਨ? ਜਦਕਿ ਇਸਦਾ ਸਿੱਖੀ ਸਿਧਾਂਤਾਂ ਜਾਂ ਗੁਰ-ਉਪਦੇਸ਼ਾਂ ਨਾਲ਼ ਕੋਈ ਸਰੋਕਾਰ ਨਹੀਂ ਬਣਦਾ।
ਇੱਕ ਪਾਸੇ ਸ. ਕਪੂਰ ਸਿੰਘ ਆਪਣੀ ਕਿਤਾਬ ‘ਰਾਜ ਕਰੇਗਾ ਖਾਲਸਾ’ ਵਿਚ ਭਾਈ ਜੋਧ ਸਿੰਘ ਨੂੰ ‘ਧਰਮ ਤੇ ਰਾਜਨੀਤੀ’ ਵੱਖ ਕਰਨ ਦੇ ਬਿਆਨ ‘ਤੇ ਬੁਰ੍ਹਾ ਭਲਾ ਕਹਿੰਦੇ ਹਨ। ਦੂਜੇ ਪਾਸੇ ਉਹ ਆਪਣੀ ਕਿਤਾਬ ‘ਪਾਰਾਸ਼ਰ ਪ੍ਰਸ਼ਨ’ ਵਿਚ ਖਾਲਸਿਆਂ ਵਲੋਂ 70-80 ਸਾਲ ਦੇ ਖੂਨੀ ਸੰਘਰਸ਼ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਰਾਹੀਂ ਆਏ ਸਿੱਖ ਰਾਜ ਦਾ ਵਿਰੋਧ, ਇਨ੍ਹਾਂ ਸ਼ਬਦਾਂ ਵਿਚ ਕਰਦੇ ਹਨ: ‘ਸ਼ੁਕਰਚੱਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨੇ 1799 ਵਿਚ ਲਾਹੌਰ ਅਤੇ ਆਲ਼ੇ-ਦੁਆਲੇ ਦਾ ਇਲਾਕਾ ਦੂਜੀਆਂ ਪੰਥਕ ਧਿਰਾਂ (ਮਿਸਲਾਂ) ਪਾਸੋਂ ਖੋਹ ਲਿਆ। ਮਿਥੀ ਯੋਜਨਾ ਅਨੁਸਾਰ 1801 ਵਿਚ ਉਸਨੇ ਹਿੰਦੂ ਤਾਨਾਸ਼ਾਹ ਦੀ ਪ੍ਰੰਪਰਾ ਅਨੁਸਾਰ ਗੈਰ-ਸਿੱਖ ਰੁਤਬਾ ‘ਮਹਾਰਾਜਾ’ ਪਦ ਗ੍ਰਹਿਣ ਕਰ ਲਿਆ। ਜਿਸਨੇ ਸਿੱਖ ਸਿਆਸਤ ਦੇ ਅਧਾਰ ਉਪਰ ਗਹਿਰੀ ਸੱਟ ਮਾਰੀ। ਉਸਨੇ ਸਿੱਖ ਸਿਆਸਤ ਦੀ ਸ਼੍ਰੋਮਣੀ ਸਤਾ ‘ਗੁਰਮਤਾ’ ਦਾ ਭੋਗ ਪਾ ਦਿੱਤਾ। ਸਟੇਟ ਦੀ ਸਾਰੀ ਸ਼ਕਤੀ ਦਾ ਉਹ ਇਕੱਲਾ ਮਾਲਕ ਬਣ ਗਿਆ’। (ਪਾਰਾਸ਼ਰ ਪ੍ਰਸ਼ਨ ਪੰਨਾ: 215)
ਮਹਾਰਾਜਾ ਰਣਜੀਤ ਸਿੰਘ ਬਾਰੇ ਹੋਰ ਅੱਗੇ ਲਿਖਦੇ ਹਨ: ‘ਰਣਜੀਤ ਸਿੰਘ ਦਾ ਕਿਰਦਾਰ ਰੂਹਾਨੀ ਤੌਰ ‘ਤੇ ਕਰੂਪ ਸੀ, ਉਸਨੇ ਮੌਤ ਤੋਂ ਪਹਿਲਾਂ ਆਪਣੇ ਵਾਰਿਸ ਦਾ ਹੱਥ ਨਮਕ ਹਰਾਮੀ ਧਿਆਨ ਸਿੰਘ ਡੋਗਰੇ ਨੂੰ ਫੜਾ ਦਿੱਤਾ ਤਾਂ ਕਿ ਉਸਦਾ ਖਾਨਦਾਨੀ ਰਾਜ ਕਾਇਮ ਰਹੇ। ਉਸਨੇ ਡੋਗਰਿਆਂ ਨੂੰ ਆਪਣੇ ਰਾਜ ਦਾ ਭਾਈਵਾਲ ਤਾਂ ਬਣਾਇਆ ਸੀ ਕਿ ਖਾਲਸਾ ਪੰਥ ਨੂੰ ਨਕੇਲ ਪਾਈ ਜਾ ਸਕੇ’। (ਪਾਰਾਸ਼ਰ ਪ੍ਰਸ਼ਨ ਪੰਨਾ: 220)
ਸਿੱਖ ਪੰਥ ਵਿਚ ਇੱਕ ਸਥਾਪਿਤ ਧਾਰਨਾ ਹੈ ਕਿ ਮਹਾਰਾਜੇ ਵਿਚ ਬੇਸ਼ੱਕ ਸੌ ਨਿੱਜ਼ੀ ਕਮਜੋਰੀਆਂ ਹੋਣ, ਪਰ ਉਸਨੇ ਆਪਣੇ 40ਕੁ ਸਾਲ ਦੇ ਰਾਜ ਵਿਚ ਇੱਕ ਸਫਲ, ਧਰਮ ਨਿਰਪੱਖ ਤੇ ਨਿਆਂਕਾਰੀ ਰਾਜੇ ਵਾਲਾ ਰਾਜ ਚਲਾਇਆ, ਜਿਸ ‘ਤੇ ਸਿੱਖਾਂ ਸਮੇਤ ਸਾਰੇ ਪੰਜਾਬੀਆਂ ਨੂੰ ਫਖਰ ਹੈ। ਇਸੇ ਅਧਾਰ ‘ਤੇ ਸਿੱਖਾਂ ਦਾ ਇੱਕ ਵਰਗ ਭਾਰਤ ਤੋਂ ਵੱਖਰੇ ਦੇਸ਼ ‘ਖਾਲਿਸਤਾਨ’ ਦਾ ਦਾਅਵਾ ਪੇਸ਼ ਕਰਦਾ ਹੈ। ਜਿਸ ਵਿਚ ਕਪੂਰ ਸਿੰਘ ਦੀ ਸੋਚ ਦੇ ਵਾਰਿਸ ਵੀ ਸ਼ਾਮਿਲ ਹਨ। ਪਰ ਜਦੋਂ ਕੋਈ ਪਾਠਕ ਇਸੇ ਕਿਤਾਬ ਦੇ ਚੈਪਟਰ ‘ਸਿੱਖ ਪੌਲੀਟੀ’ (ਸਿੱਖ ਰਾਜਨੀਤੀ) ਨੂੰ ਇਸ ਉਤਸ਼ਾਹ ਨਾਲ਼ ਪੜ੍ਹਦਾ ਹੈ ਕਿ ਸਿਰਦਾਰ ਸਾਹਿਬ ਦੀ ਵਿਦਵਤਾ ਰਾਹੀਂ ਪਤਾ ਲੱਗ ਸਕੇ ਕਿ ਸਿੱਖ ਪੌਲਿਟੀ (ਰਾਜਨੀਤੀ) ਦਾ ਸੁਬਾੳ ਕਿਹੋ ਜਿਹਾ ਹੋਵੇਗਾ ਤਾਂ ਉਸਨੂੰ ਇਹ ਚੈਪਟਰ ਪੜ੍ਹ ਕੇ ਨਿਰਾਸ਼ਾ ਹੀ ਪੱਲੇ ਪੈਂਦੀ ਹੈ: ‘ਇਹ ਬੜੀ ਬਚਕਾਨਾ ਦਲੀਲ ਹੈ ਕਿ ਰਣਜੀਤ ਸਿੰਘ ਨੇ ਵਿਗੜੀਆਂ-ਤਿਗੜੀਆਂ ਸਿੱਖ ਮਿਸਲਾਂ ਨੂੰ ਲਾਮਬੰਦ ਕਰਕੇ ਸਿੱਖ ਰਾਜ ਕਾਇਮ ਕੀਤਾ।’ ਪੰਨਾ-221 (ਵਰਨਣਯੋਗ ਤੱਥ ਇਹ ਹੈ ਕਿ ਬਹੁਤੇ ਇਤਿਹਾਸਕਾਰਾਂ ਦਾ ਮੱਤ ਹੈ ਕਿ ਸਿੱਖ ਮਿਸਲਾਂ ਬਾਹਰਲੇ ਹਮਲੇ ਵੇਲੇ ਦੁਸ਼ਮਣ ਨਾਲ਼ ਲੜਦੀਆਂ ਸਨ ਅਤੇ ਜਦੋਂ ਬਾਹਰੋਂ ਹਮਲਾ ਨਾ ਹੋਵੇ ਤਾਂ ਆਪਸ ‘ਚ ਲੜਦੀਆਂ ਸਨ। ਜਿਸਦਾ ਲਾਭ ਉਠਾ ਕੇ ਮਹਾਰਾਜੇ ਆਪਣੀ ਤਾਕਤ ਤੇ ਕੂਟਨੀਤੀ ਨਾਲ਼ ਇਨ੍ਹਾਂ ਮਿਸਲਾਂ ਰਾਹੀਂ ਸਿੱਖ ਰਾਜ ਕਾਇਮ ਕੀਤਾ)। ਇਨ੍ਹਾਂ ਇਤਿਹਸਾਕ ਤੱਥਾਂ ਨਾਲ਼ ਸ. ਕਪੂਰ ਸਿੰਘ ਸਹਿਮਤ ਨਹੀਂ ਹਨ ਕਿਉਂਕਿ ਉਨ੍ਹਾਂ ਅਨੁਸਾਰ: ‘ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨੀ ਸਿੱਖ ਰਾਜ ਨੇ ਉਸ ਕੁਦਰਤੀ ਵਹਿਣ ਨੂੰ ਰੋਕ ਦਿੱਤਾ, ਜੋ ਭਾਰਤ ਵਰਸ਼ ਵਿਚ ਹਜ਼ਾਰਾਂ ਸਾਲਾਂ ਤੋਂ ਵਗਦਾ ਆ ਰਿਹਾ ਸੀ ਅਤੇ ਜਿਸਨੂੰ ਸਿੱਖ ਗੁਰੂ ਸਾਹਿਬਾਨ ਨੇ ਪਵਿਤਰ ਮੰਨ ਕੇ ਖੁਦ ਪ੍ਰਵਾਨ ਚਾੜ੍ਹਿਆ ਸੀ। ਜੇ ਹਾਲਾਤ ਸਾਜ਼ਗਰ ਹੁੰਦੇ ਤਾਂ ਸਿੱਖਾਂ ਨੇ ਇਨ੍ਹਾਂ ਪ੍ਰੰਪਰਾਵਾਂ ਦੇ ਰੁਝਾਣ ਸਦਕਾ ਆਪਣੀ ਇੱਕ ਸ਼ਾਨਦਾਰ ਰਾਜ ਪ੍ਰਣਾਲ਼ੀ ਉਸਾਰ ਕੇ ਬਰਤਾਨੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਵਧੀਆ ਰਾਜ ਕਾਇਮ ਕਰ ਲੈਣਾ ਸੀ’। ਅਸਲ ਵਿਚ ਕਪੂਰ ਸਿੰਘ ਜੀ ਦਾ ਮੱਤ ਸੀ ਕਿ ਸਿੱਖ ਮੱਤ ਦੀਆਂ ਜੜ੍ਹਾਂ ਪ੍ਰਾਚੀਨ ਭਾਰਤੀ ਸੰਸਕ੍ਰਿਤੀ, ਸਨਾਤਨ ਮੱਤ, ਆਰੀਅਨ ਤੇ ਵੈਦਿਕ ਪ੍ਰੰਪਰਾ ਵਿਚ ਪਈਆਂ ਹਨ। ਇਸਨੂੰ ਸਪੱਸ਼ਟ ਕਰਨ ਲਈ ਉਹ ਇਸੇ ਕਿਤਾਬ ਦੇ ਪੰਨਾ 201 ਤੇ ਲਿਖਦੇ ਹਨ: ‘ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਖਾਲਸੇ ਨੂੰ ਸੰਪੂਰਨ ਕਰਕੇ ਉਸਨੂੰ ਅਲੌਕਿਕ ਸੁਤੰਤਰਤਾ ਦਾ ਮਾਲਕ ਬਣਾਇਆ, ਉਸ ਦੀਆਂ ‘ਜੜ੍ਹਾਂ ਸਨਾਤਨ ਆਰੀਆ ਪ੍ਰੰਪਰਾ ਅਤੇ ਸਿਆਸਤ’ ਵਿਚ ਪਈਆਂ ਹਨ’। ਸਰਦਾਰ ਸਾਹਿਬ ਅਨੁਸਾਰ ਭਾਰਤ ਦੀ ਵੈਦਿਕ ਆਰੀਅਨ ਪ੍ਰੰਪਰਾ ਅਨੁਸਾਰ ਇੱਥੇ ਛੋਟੇ-ਛੋਟੇ ਲੋਕਤੰਤਰੀ ਗਣਰਾਜ ਹੁੰਦੇ ਸਨ। ਰਾਜਾਸ਼ਾਹੀ ਵਾਲ਼ਾ ਸਿਸਟਮ ਬਾਅਦ ਵਿਚ ਆਇਆ। ਉਨ੍ਹਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਖਾਨਦਾਨੀ ਰਜਵਾੜਾਸ਼ਾਹੀ ਰਾਜ ਬਣਾ ਕੇ ਸਿੱਖਾਂ ਨੂੰ ਪ੍ਰਾਚੀਨ ਆਰੀਅਨ ਵੈਦਿਕ ਪ੍ਰੰਪਰਾਵਾਂ ਨਾਲ਼ੋਂ ਤੋੜ ਦਿੱਤਾ। ਸਿੱਖਾਂ ਦੇ ਰਾਜਨੀਤੀ ਵਿਚ ਫੇਲ੍ਹ ਹੋਣ ਦੇ ਕਾਰਨਾਂ ਬਾਰੇ ਚਰਚਾ ਕਰਦਿਆਂ, ਕਪੂਰ ਸਿੰਘ ਜੀ ਇਸੇ ਕਿਤਾਬ ‘ਪਾਰਾਸ਼ਰ ਪ੍ਰਸ਼ਨ’ ਦੇ ਪੰਨਾ 189 ‘ਤੇ ਲਿਖਦੇ ਹਨ: ‘ਸ਼ਿਵਾ ਜੀ ਅਤੇ ਸਿੱਖਾਂ ਵਿਚ ਜਦੋਂ ਹਿੰਦੂ ਪੁਨਰਜਾਗਰਣ ਦੀ ਲਹਿਰ ਪੈਦਾ ਹੋਈ, ਬਤੌਰ ਸਿਆਸਤ, ਸਿੱਖ ਨਾਕਾਮਯਾਬ ਰਹੇ ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ‘ਮੂਲ’ (ਸਨਾਤਨ ਆਰੀਅਨ ਵੈਦਿਕ ਪ੍ਰੰਪਰਾ) ਨਾਲ਼ ਨਹੀਂ ਜੋੜਿਆ। ਉਨ੍ਹਾਂ ਨੇ ਉਹੋ ਰਾਜ ਪ੍ਰਣਾਲ਼ੀ ਅਪਨਾ ਲਈ, ਜੋ ਉਸ ਸਮੇਂ ਆਲ਼ੇ-ਦੁਆਲ਼ੇ ਪ੍ਰਚਲਤ ਸੀ’। ਭਾਵ ਹਿੰਦੂ ਤੇ ਮੁਗਲ ਰਾਜਿਆਂ ਵਾਲ਼ੀ ਰਜਵਾੜਾਸ਼ਾਹੀ ਦੀ ਰਾਜਨੀਤੀ ਅਪਨਾ ਲਈ।
ਉਪਰ ਸਿੱਖ ਪੰਥ ਦੇ ਤਿੰਨ ਵੱਡੇ ਵਿਦਵਾਨਾਂ ਪ੍ਰੋ ਪੂਰਨ ਸਿੰਘ, ਪ੍ਰੋ ਜੋਧ ਸਿੰਘ ਅਤੇ ਸ. ਕਪੂਰ ਸਿੰਘ ਹੋਰਾਂ ਦੇ ਵਿਚਾਰ ਪਾਠਕਾਂ ਸਾਹਮਣੇ ਰੱਖੇ ਹਨ ਤਾਂ ਕਿ ਅਸੀਂ ‘ਧਰਮ ਤੇ ਰਾਜਨੀਤੀ’ ਵਾਲ਼ੇ ਮਸਲੇ ਨੂੰ ਗੰਭੀਰਤਾ ਨਾਲ਼ ਵਿਚਾਰ ਸਕੀਏ। ਇਨ੍ਹਾਂ ਸਾਰੇ ਸਤਿਕਾਰਤ ਵਿਦਵਾਨਾਂ ਦੇ ਵਿਚਾਰਾਂ ਵਿਚ ਕਿਤਨਾ ਵਿਰੋਧਾਭਾਸ ਹੈ? ਹੁਣ ਸਿੱਖ ਭਾਈਚਾਰੇ ਦੀ ਮਾਡਰਨ ਵਰਲਡ ਦੀਆਂ ਲੋਕਤੰਤਰੀ ਤੇ ਧਰਮ-ਨਿਰਪੱਖ (ਸੈਕੂਲਰ) ਹਕੀਕਤਾਂ ਦੇ ਸੰਦਰਭ ਵਿਚ ਮੌਜੂਦਾ ਸਿੱਖ (ਪੰਥਕ) ਸਿਆਸਤ, ‘ਧਰਮ ਤੇ ਰਾਜਨੀਤੀ’ (ਮੀਰੀ-ਪੀਰੀ), ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’, ‘ਸ੍ਰੀ ਅਕਾਲ ਤਖਤ ਸਾਹਿਬ’, ‘ਤਖਤਾਂ ਦੇ ਜਥੇਦਾਰਾਂ’ ਦੇ ਰੋਲ ਬਾਰੇ ਹੋਰ ਵਿਦਵਾਨਾਂ ਦੇ ਵਿਚਾਰਾਂ ਨੂੰ ਅਧਾਰ ਬਣਾ ਕੇ ਪਿਛਲੀ ਅੱਧੀ ਸਦੀ ਤੋਂ ਚੱਲ ਰਹੇ ਵਾਦ-ਵਿਵਾਦ ਨੂੰ ਸਮਝਣ ਦਾ ਯਤਨ ਕਰਦੇ ਹਾਂ।
ਸਿੱਖ ਵਿਦਵਾਨਾਂ ਵਿਚ ‘ਧਰਮ ਤੇ ਸਿਆਸਤ’ ਬਾਰੇ ਨਵੀਂ ਚਰਚਾ ਸਾਲ 1996 ਵਿਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਸ਼ੁਰੂ ਹੁੰਦੀ ਹੈ, ਜਦੋਂ 1997 ਦੀਆਂ ਪੰਜਾਬ ਅਸੰਬਲੀ ਚੋਣਾਂ ਮੌਕੇ ਮਾਡਰੇਟ ਅਕਾਲੀ ਸਿਆਸਤ ਦੀ ਚੜ੍ਹਤ ਦੀਆਂ ਸੰਭਾਵਨਾਵਾਂ ਰੌਸ਼ਨ ਹੋਈਆਂ ਤਾਂ ਉਸ ਵਕਤ ਚੋਟੀ ਦੇ ਸਿੱਖ ਵਿਦਵਾਨ ਜਸਬੀਰ ਸਿੰਘ ਆਹਲੂਵਾਲ਼ੀਆ ਵਲੋਂ ਇਸ ਤਰ੍ਹਾਂ ਦੀ ਚਰਚਾ ਦੀ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਸਬੰਧਾਂ ਦੇ ਰੋਲ ਨੂੰ ਸਿਧਾਂਤਕ ਤੌਰ ‘ਤੇ ਪ੍ਰੀਭਾਸ਼ਤ ਕਰਨ ਸਬੰਧੀ ਲਿਖੇ ਲੇਖ ‘ਦੂਸਰੀ ਸਿੱਖ ਜਾਗ੍ਰਿਤੀ ਲਹਿਰ ਦੀ ਲੋੜ’ ਰਾਹੀਂ ਕੀਤੀ। ਉਹ ਲਿਖਦੇ ਹਨ: ‘ਗੁਰਦੁਆਰਾ ਹੋਰ ਧਰਮਾਂ ਦੇ ਧਾਰਮਿਕ ਅਸਥਾਨਾਂ ਵਾਂਗ ਸਿਰਫ ਪੂਜਾ-ਪਾਠ ਦਾ ਸਥਾਨ ਨਹੀਂ ਹੈ, ਜਿਸ ਤਰ੍ਹਾਂ ਕਿ ਗੁਰਦੁਆਰਾ ਐਕਟ 1925 ਵਿਚ ਦਰਜ ਕੀਤਾ ਗਿਆ ਹੈ। ਇਹ ਐਕਟ ਗੁਰਦੁਆਰੇ ਨੂੰ ਇੱਕ ਬਹੁ-ਪੱਖੀ ਇਤਿਹਾਸਕ ਸੰਸਥਾ ਦੀ ਥਾਂ ਸਿਰਫ ਇੱਕ ਜਾਇਦਾਦ ਹੀ ਮੰਨਦਾ ਹੈ। ਇਸ ਐਕਟ ਦੇ ਅਧਾਰ ‘ਤੇ ਚੱਲ ਰਹੇ ਗੁਰਦੁਆਰਾ ਪ੍ਰਬੰਧ ਨੂੰ ‘ਜਗੀਰਦਾਰੀ ਗੁਰਦੁਆਰਾ ਪ੍ਰਬੰਧ’ ਹੀ ਕਿਹਾ ਜਾ ਸਕਦਾ ਹੈ’। ਇਸ ਸਬੰਧੀ ਉਹ ਅੱਗੇ ਸਿੱਖ ਪੰਥ ਨੂੰ ਸਲਾਹ ਦਿੰਦੇ ਹਨ: ‘ਸਿਸਟਮ ਦੇ ਸੁਧਾਰ ਲਈ 1925 ਦੇ ‘ਸਿੱਖ ਗੁਰਦੁਆਰਾ ਐਕਟ’ ਵਿਚ ਸੋਧ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਨੂੰ ਸੁਤੰਤਰ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਉਚੇਰਾ ਕਰ ਦੇਣਾ ਚਾਹੀਦਾ ਹੈ। ਉਸ ਦੀਆਂ ਯੋਗਤਾਵਾਂ, ਸੇਵਾ-ਕਾਲ ਦਾ ਸਮਾਂ, ਚੋਣ-ਵਿਧੀ, ਕਾਰਜ ਖੇਤਰ ਅਤੇ ਕੇਵਲ ਮਹਾਂਦੋਸ਼ ਰਾਹੀਂ ਹਟਾਏ ਜਾਣ ਦੀ ਵਿਵਸਥਾ ਕਰ ਦੇਣੀ ਚਾਹੀਦੀ ਹੈ…। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਪਰ ਇਹ ਪਾਬੰਦੀ ਹੋਵੇ ਕਿ ਉਹ ਜਥੇਦਾਰੀ ਦੌਰਾਨ ਜਾਂ ਬਾਅਦ ਵਿਚ ਕਦੇ ਵੀ ਕਿਸੇ ਸਰਗਮਰਮ ਸਿਆਸਤ ਵਿਚ ਹਿੱਸਾ ਨਹੀਂ ਲੈ ਸਕਦਾ। ਕੋਈ ਸਿਆਸੀ ਪਾਰਟੀ ਨਹੀਂ ਬਣਾਏਗਾ, ਕਿਸੇ ਸਿਆਸੀ ਪਾਰਟੀ ‘ਚ ਕੋਈ ਅਹੁਦਾ ਨਹੀਂ ਲਏਗਾ, ਅਥਵਾ ਕੋਈ ਨੌਕਰੀ ਨਹੀਂ ਕਰੇਗਾ ਆਦਿ।
ਡਾ. ਆਹਲੂਵਾਲੀਆ ਦੀਆਂ ਕੁਝ ਲਾਈਨਾਂ ਤੋਂ ਇੱਕ ਗੱਲ ਸਪੱਸ਼ਟ ਹੈ ਕਿ 1925 ਦੇ ਗੁਰਦੁਆਰਾ ਐਕਟ ਰਾਹੀਂ ਸਿੱਖ ਅੰਗਰੇਜ਼ਾਂ ਦੇ ਬੁਣੇ ਜ਼ਾਲ਼ ਵਿਚ ਫਸ ਚੁੱਕੇ ਹਨ। ਉਸ ਵਿਚੋਂ ਨਿਕਲਣ ਦਾ ਇੱਕ ਹੀ ਰਸਤਾ ਹੈ ਕਿ ਧਰਮ ਨੂੰ ਰਾਜਨੀਤੀ ਤੋਂ ਸਪੱਸ਼ਟ ਰੂਪ ਵਿਚ ਵੱਖ ਕਰ ਲਿਆ ਜਾਵੇ। ਡਾ. ਸਾਹਿਬ ਦੀ ਗੱਲ ਸਹੀ ਹੈ ਕਿ ਗੁਰਦੁਆਰਾ ਐਕਟ, ਗੁਰਦੁਆਰਿਆਂ ਨੂੰ ਸੰਸਥਾ ਦੀ ਥਾਂ ‘ਜਾਇਦਾਦ’ ਸਮਝਦਾ ਹੈ, ਜਿਸ ਦੀ ਸੇਵਾ-ਸੰਭਾਲ਼ ਤੇ ਪ੍ਰਬੰਧ ਲਈ ਸ਼੍ਰੋਮਣੀ ਕਮੇਟੀ ਬਣਾਈ ਗਈ ਸੀ, ਇਸੇ ਵਿਚੋਂ ਹੀ ਜਾਇਦਾਦ (ਗੁਰਦੁਆਰਾ) ‘ਤੇ ਕਬਜ਼ਿਆਂ ਦੀ ਸਿਅਸਾਤ ਨਿਕਲ਼ੀ ਹੈ। ਦੂਸਰੀ ਗੱਲ ਡਾ. ਸਾਹਿਬ ਨੇ ਜਥੇਦਾਰਾਂ ਦੀਆਂ ਨਿਯੁਕਤੀਆਂ ਦੇ ਵਿਧੀ-ਵਿਧਾਨ ਬਾਰੇ ਉਠਾਈ ਹੈ। ਇਸ ਤੋਂ ਸਪਸ਼ਟ ਹੈ ਕਿ ਜਿਸ ਸੰਸਥਾ ਜਾਂ ਉਸਦੇ ਜਥੇਦਾਰ ਨੂੰ ਸਾਡੇ ਲੀਡਰ ਤੇ ਵਿਦਵਾਨ ਅਗਿਅਨਤਾ ਵੱਸ ਸਰਬਉਚ ਹੋਣ ਦਾ ਢੰਡੋਰਾ ਪਿੱਟ ਰਹੇ ਹਨ, ਉਸਦੇ ਸਰਬਉਚ ਹੋਣ ਬਾਰੇ ਨਾ ਇਤਿਹਾਸਕ ਅਤੇ ਨਾ ਹੀ ਗੁਰਦੁਆਰਾ ਐਕਟ ਵਿਚ ਕੋਈ ਆਧਾਰ ਹੈ। ਜੋ ਗੱਲ ਆਹਲੂਵਾਲ਼ੀਆ ਸਾਹਿਬ ਕਹਿ ਰਹੇ ਹਨ, ਉਸੇ ਦੁਖਦੀ ਰਗ ‘ਤੇ ਹੱਥ ਕੁਝ ਸਾਲ ਬਾਅਦ ਜਥੇਦਾਰ ਵੇਦਾਂਤੀ ਕਰ ਰਹੇ ਸਨ। ਪਰ 2 ਦਹਾਕਿਆਂ ਬਾਅਦ ਅਸੀਂ ਉਥੇ ਦੇ ਉਥੇ ਹੀ ਖੜੇ ਹਾਂ, ਜਿੱਥੇ 100 ਸਾਲ ਪਹਿਲਾਂ ਖੜੇ ਸੀ? ਇੱਕ ਅਜੀਬ ਜਿਹੀ ਹੋਰ ਗੱਲ ਡਾ. ਆਹਲੂਵਾਲ਼ੀਆ ਕਹਿ ਰਹੇ ਹਨ ਕਿ ਅਕਾਲ ਤਖਤ ਦੇ ਜਥੇਦਾਰ ਦੇ ਅਹੁਦੇ ਨੂੰ ਸੁਤੰਤਰ ਬਣਾਉਣ ਦੇ ਨਾਲ਼-ਨਾਲ਼ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਉਪਰ ਕਰ ਦਿੱਤਾ ਜਾਵੇ। ਕੀ ਅਜਿਹਾ ਸੰਭਵ ਹੈ? ਉਸ ਜਥੇਦਾਰ ਨੂੰ ਉਚੇਰਾ ਕੌਣ ਕਰੇਗਾ? ਸ਼੍ਰੋਮਣੀ ਕਮੇਟੀ ਲੋਕਾਂ ਵਲੋਂ ਚੁਣੀ ਹੋਈ, ਸੰਵਿਧਾਨ ਅਨੁਸਾਰ ਚੱਲਣ ਵਾਲ਼ੀ ਸੰਸਥਾ ਹੈ। ਜੇ ਜਥੇਦਾਰ ਨੂੰ ਸਰਬਉਚ ਸ਼੍ਰੋਮਣੀ ਕਮੇਟੀ ਹੀ ਬਣਾਏਗੀ ਤਾਂ ਫਿਰ ਉਹ ਸਰਬਉਚ ਕਿਵੇਂ ਹੋਵੇਗਾ? ਜੇ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ਼ ਨਹੀਂ ਹੋਵੇਗਾ ਤਾਂ ਫਿਰ ਜਥੇਦਾਰ ਨੂੰ ਕੌਣ ਚੁਣੇਗਾ ਜਾਂ ਕਿਵੇਂ ਸਰਬਉਚ ਬਣਾਇਆ ਜਾਵੇਗਾ?
ਡਾ. ਆਹਲੂਵਾਲ਼ੀਆ ਦੇ ਲੇਖ ਤੋਂ ਤਕਰੀਬਨ 25 ਸਾਲ ਬਾਅਦ, ਇਨ੍ਹਾਂ ਲੀਹਾਂ ‘ਤੇ ਚੱਲਦਿਆਂ, ਇੱਕ ਹੋਰ ਸਿੱਖ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ਼, ‘ਪੰਜਾਬ ਟਾਈਮਜ਼’ ਅਖ਼ਬਾਰ ਦੇ 7 ਮਾਰਚ, 2020 ਅੰਕ ਵਿਚ ‘ਗੁਰਦੁਆਰਾ ਸੁਧਾਰ ਲਹਿਰ-2’ ਵਿਚ ਇਸੇ ਬਹਿਸ ਨੂੰ ਜਾਰੀ ਰੱਖਦਿਆਂ ਕਹਿੰਦੇ ਹਨ: ‘21ਵੀਂ ਸਦੀ ਦੀਆਂ ਮਾਨਵ ਜਾਤੀ ਦੀਆਂ ਚੁਣੌਤੀਆਂ ਦੇ ਸਨਮੁੱਖ ਗੁਰਬਾਣੀ ਦੇ ਬ੍ਰਹਿਮੰਡੀ ਸਿਧਾਂਤ ਨੂੰ ਲਾਗੂ ਕਰਨ ਲਈ ਦੂਜੀ ਗੁਰਦੁਆਰਾ ਸੁਧਾਰ ਰਾਹੀਂ ਯਤਨ ਕਰਨੇ ਪੈਣਗੇ ਕਿ ਮੌਜੂਦਾ ਗੁਰਦੁਆਰਾ ਸਿਸਟਮ ਰਾਹੀਂ ਮਾਡਰਨ ਵਰਲਡ ਦੀਆਂ ਚੁਣੌਤੀਆਂ ਦਾ ਹੱਲ ਕਿਉਂ ਨਹੀਂ ਨਿਕਲ ਰਿਹਾ। ਜਦਕਿ ਗੁਰਬਾਣੀ ਸਿਧਾਂਤ ਅੱਜ ਵੀ ਉਤਨੇ ਹੀ ਸਾਰਥਿਕ ਹਨ, ਜਿਤਨੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਵਸਾ ਕੇ ਅਮਲ ਵਿਚ ਲਿਆਂਦੇ ਸਨ’। ਉਹ ਅੱਗੇ ਸਿੱਖ ਪੰਥ ਨੂੰ ਕੁਝ ਸੁਝਾਅ ਦਿੰਦੇ ਹਨ ਕਿ ਅਜਿਹਾ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਕੁਝ ਕਰਨਾ ਪਵੇਗਾ: ‘ਦੂਜੀ ‘ਗੁਰਦੁਆਰਾ ਸੁਧਾਰ ਲਹਿਰ ਰਾਹੀਂ’ ਸਭ ਤੋਂ ਪਹਿਲਾਂ ‘ਗੁਰੂ ਗ੍ਰੰਥ’ ਤੇ ‘ਗੁਰੂ ਪੰਥ’ ਨੂੰ ਸਿਆਸੀ ਜਮਾਤਾਂ ਦੇ ਨਿੱਜੀ ਹਿੱਤਾਂ ਤੋਂ ਮੁਕਤ ਕਰਵਾਉਣਾ ਪਵੇਗਾ। ਇਸ ਲਈ ਅਕਾਲ ਤਖਤ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸਤ ਤੋਂ ਮੁਕਤ ਕਰਾਉਣਾ ਪਵੇਗਾ। ਨਾਲ਼ ਹੀ ਮਨੁੱਖੀ ਬਰਾਬਰਤਾ, ਅਜ਼ਾਦੀ, ਜਮਹੂਰੀਅਤ, ਸਰਬੱਤ ਦੇ ਭਲੇ ਵਰਗੇ ਗੁਣਾਂ ਵਾਲ਼ੀ ਸਿੱਖੀ ਨੂੰ ਉਤਸ਼ਾਹਿਤ ਕਰਨਾ ਪਵੇਗਾ। ਜੇ ਅਸੀਂ ਸਿੱਖਾਂ ਤੇ ਸਿੱਖੀ ਦਾ ਸੁਰੱਖਿਅਤ ਭਵਿੱਖ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ 21ਵੀਂ ਸਦੀ ਦੀਆਂ ਨਵੀਂਆਂ ਚੁਣੌਤੀਆਂ ਦੇ ਸੰਦਰਭ ਵਿਚ ਸਿੱਖਿਆ ਅਤੇ ਅਰਥ ਨਿਰਮਾਣ ਦੇ ਨਵੇਂ ਰਾਹ ਖੋਲਣੇ ਪੈਣਗੇ’।
ਗਰੇਵਾਲ਼ ਸਾਹਿਬ ਦੇ ਸੁਝਾਅ ਤਾਂ ਬਹੁਤ ਚੰਗੇ ਹਨ, ਪਰ ‘ਗੁਰੂ ਗ੍ਰੰਥ’ ਤੇ ‘ਗੁਰੂ ਪੰਥ’ ਨੂੰ ਸਿਆਸੀ ਜਮਾਤਾਂ ਦੇ ਨਿੱਜੀ ਹਿੱਤਾਂ ਤੋਂ ਮੁਕਤ ਕਿਵੇਂ ਕਰਾਇਆ ਜਾ ਸਕਦਾ ਹੈ, ਜਦੋਂ ਪੰਥ ਵਲੋਂ ਇਹ ਮੰਨ ਲਿਆ ਗਿਆ ਹੈ ਕਿ ‘ਮੀਰੀ-ਪੀਰੀ’ ਦੇ ਸਿਧਾਂਤ ਅਨੁਸਾਰ ‘ਧਰਮ ਤੇ ਸਿਆਸਤ’ ਨੂੰ ਅੱਲਗ ਨਹੀਂ ਕੀਤਾ ਜਾ ਸਕਦਾ? ਦੂਸਰੀ ਗੱਲ ਮਾਡਰਨ ਸਿਆਸਤ ਵਿਚ ਹਮੇਸ਼ਾਂ ਸਭ ਦੇ ਹਿੱਤ ਪ੍ਰਮੁੱਖ ਤੌਰ ‘ਤੇ ਜਾਤੀ ਹੀ ਹੁੰਦੇ ਹਨ, ਜਮਾਤੀ ਹਿੱਤਾਂ ਨੂੰ ਕੋਈ ਵਿਰਲਾ ਸਿਆਸਤਦਾਨ ਅਹਿਮੀਅਤ ਦਿੰਦਾ ਹੈ। ਜਿਹੜੇ ਸਿਆਸੀ ਲੋਕ ਗੁਰਦੁਆਰਾ ਪ੍ਰਬੰਧ ਚਲਾ ਰਹੇ ਹਨ, ਉਨ੍ਹਾਂ ਤੋਂ ਅਜਿਹੇ ਸੁਧਾਰਾਂ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ?
ਗਰੇਵਾਲ਼ ਸਾਹਿਬ ਇਸੇ ਲੇਖ ਵਿਚ ਅੱਗੇ ਲਿਖਦੇ ਹਨ: ‘ਸਿੱਖ ਸਿਆਸਤ ਅਤੇ ਧਰਮ ਵਿਚ ਆਇਆ ਨਿਘਾਰ, ‘ਗੁਰੂ ਗ੍ਰੰਥ’ ਅਤੇ ‘ਗੁਰੂ ਪੰਥ’ ਨੂੰ ਸਿਆਸੀ ਜਮਾਤਾਂ ਦੇ ਨਿੱਜੀ ਹਿੱਤਾਂ ਤੋਂ ਮੁਕਤ ਕਰਾਉਣ ਨਾਲ਼ ਹੀ ਦੂਰ ਹੋ ਸਕੇਗਾ। ਅਜਿਹਾ ਕਰਨ ਲਈ ਸਭ ਤੋਂ ਪਹਿਲਾਂ ਤਾਂ ਅਕਾਲ ਤਖਤ ਨੂੰ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਧਿਰਾਂ ਤੋਂ ਮੁਕਤ ਕਰਾਉਣਾ ਹੋਵੇਗਾ।’ ਇਨ੍ਹਾਂ ਅਨੁਸਾਰ ਸਿੱਖ ਸਿਆਸਤ ਅਤੇ ਸਿੱਖ ਧਰਮ ਵਿਚ ਨਿਘਾਰ ਦੂਰ ਕਰਨ ਲਈ ਪਹਿਲਾਂ ਅਕਾਲ ਤਖਤ ਨੂੰ ਸ਼੍ਰੋਮਣੀ ਕਮੇਟੀ ਅਤੇ ਫਿਰ ਸ਼੍ਰੋਮਣੀ ਕਮੇਟੀ ਨੂੰ ਸਿਆਸਤ (ਭਾਵ ਅਕਾਲੀ ਸਿਆਸਤ) ਤੋਂ ਮੁਕਤ ਕਰਾਉਣਾ ਪਵੇਗਾ। ਕੀ ਅਜਿਹੀ ਸਮਝ ਦਾ ਅਧਾਰ ਗਲਤ ਨਹੀਂ? ਜਦੋਂ ਇਹ ਪ੍ਰਵਾਨ ਕਰ ਲਿਆ ਗਿਆ ਹੈ ਕਿ ਸਿੱਖਾਂ ਦੀ ਸਿਆਸੀ ਜਮਾਤ ਅਕਾਲੀ ਦਲ ਦੀ ਸਥਾਪਨਾ ਸਿੱਖ ਪੰਥ ਦੇ ਹਿੱਤਾਂ ਦੀ ਰੱਖਿਆ ਲਈ ਕੀਤੀ ਗਈ ਸੀ ਤਾਂ ਅਸੀਂ ਆਪ ਹੀ ਸਿਆਸਤ ਦਾ ਧਰਮ ਵਿਚ ਦਖਲ ਪ੍ਰਵਾਨ ਕਰ ਲਿਆ ਸੀ। ਪੁਰਾਤਨ ਇਤਿਹਾਸ ਇਹੀ ਗਵਾਹੀ ਦਿੰਦਾ ਹੈ ਕਿ ਅਸਲੀ ਤਾਕਤ ਹਮੇਸ਼ਾਂ ਰਾਜਸੀ ਸਤਾ ਕੋਲ਼ ਹੀ ਹੁੰਦੀ ਹੈ। ਸਿਆਸੀ ਧਿਰਾਂ ਆਪਣੇ ਰਾਜਸੀ ਮਨਸੂਬਿਆਂ ਲਈ ਧਾਰਮਿਕ ਭਾਵਨਾਵਾਂ ਨੂੰ ਵਰਤਣ ਲਈ ਅਜਿਹਾ ਪ੍ਰਚਾਰ ਕਰਦੀਆਂ ਹਨ ਕਿ ਧਰਮ ਸਰਵੋਤਮ ਹੁੰਦਾ ਹੈ। ਇਸੇ ਕਰਕੇ ਸਾਡਾ ਇਹ ਮੰਨਣਾ ਹੈ ਕਿ ਅਕਾਲ ਤਖਤ ਨੂੰ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਸਿਆਸਤ ਤੋਂ ਅਜ਼ਾਦ ਕਰਾਉਣ ਤੋਂ ਪਹਿਲਾਂ ਕੀ ਸਿੱਖ ਪੰਥ ਨੂੰ ‘ਧਰਮ ਤੇ ਸਿਆਸਤ’ ਦਾ ਰਿਸ਼ਤਾ ਤੈਅ ਨਹੀਂ ਕਰਨਾ ਚਾਹੀਦਾ? ਦੁਨੀਆਂ ਭਰ ਦਾ ਇਤਿਹਾਸ ਗਵਾਹ ਹੈ ਕਿ ਧਰਮ ਕਦੇ ਵੀ ਸਿਆਸਤ ਤੋਂ ਉਪਰ ਨਹੀਂ ਹੁੰਦਾ। ਧਰਮ ਨੂੰ ਸਰਬੋਤਮ, ਧਰਮ ਖਤਰੇ ਵਿਚ, ਧਰਮ ਬਚਾਓ ਆਦਿ ਦੇ ਨਾਹਰੇ ਸਿਆਸੀ ਜਮਾਤਾਂ ਧਰਮ ਨੂੰ ਆਪਣੇ ਹਿੱਤਾਂ ਲਈ ਵਰਤਣ ਲਈ ਹੀ ਲਗਾਉਂਦੀਆਂ ਹਨ।
ਕੇਂਦਰੀ ਯੂਨੀਵਰਸਿਟੀ, ਪੰਜਾਬ ਦੇ ਸਾਬਕਾ ਚਾਂਸਲਰ ਸਰਦਾਰਾ ਸਿੰਘ ਜੌਹਲ ਅਕਸਰ ਸਿੱਖਾਂ ਅਤੇ ਪੰਜਾਬ ਦੀ ਸਿਆਸਤ ‘ਤੇ ਲਿਖਦੇ ਰਹਿੰਦੇ ਹਨ। ਉਹ ‘ਸਿੱਖ ਧਰਮ, ਸਿਆਸਤ ਅਤੇ ਅਕਾਲ ਤਖਤ’ (ਪੰਜਾਬ ਟਾਈਮਜ਼-16 ਫਰਵਰੀ, 2019) ਸਿਰਲੇਖ ਹੇਠਲੇ ਆਪਣੇ ਇੱਕ ਲੇਖ ਵਿਚ ਲਿਖਦੇ ਹਨ: ‘ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ-ਪੀਰੀ ਦਾ ਸਿਧਾਂਤ ਬੜਾ ਵਿਲੱਖਣ ਹੈ। ਇਸ ਤਹਿਤ ਸਿਆਸਤ, ਧਰਮ ਦੇ ਅਧੀਨ ਹੋ ਕੇ ਚੱਲਣੀ ਚਾਹੀਦੀ ਹੈ। ਪਰ ਜਦੋਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਪੰਜਾਬ ‘ਚ ਮਿਲ਼ੀ ਸਤਾ ਦੌਰਾਨ ਇਹ ਸਿਧਾਂਤ ਉਲਟਾ ਕੇ ਧਾਰਮਿਕ ਸੰਸਥਾਵਾਂ ਵਿਚ ਬੁਰ੍ਹੀ ਤਰ੍ਹਾਂ ਸਿਅਸਾਤ ਵਾੜ ਦਿੱਤੀ ਤਾਂ ਸਭ ਕੁਝ ਉਲਟ-ਪੁਲਟ ਹੋ ਗਿਆ। ਸਿੱਖ ਲੀਡਰਸ਼ਿਪ ਨੇ ਧਰਮ ਨੂੰ ਅਧਾਰ ਬਣਾ ਕੇ ਨਿੱਜ-ਪ੍ਰਸਤੀ ਦੀ ਅਜਿਹੀ ਸਿਆਸਤ ਖੇਡੀ, ਜਿਸ ਨਾਲ ਹਰ ਸਿੱਖ ਸੰਸਥਾ ਦਾ ਵਕਾਰ ਦਾਅ ‘ਤੇ ਲਾ ਦਿੱਤਾ’। ਉਨ੍ਹਾਂ ਅਨੁਸਾਰ ‘ਮੀਰੀ-ਪੀਰੀ’ ਦਾ ਸਿਧਾਂਤ ਬੜਾ ਵਿਲੱਖਣ ਸੀ, ਜਿਸ ਤਹਿਤ ਸਿਆਸਤ, ਧਰਮ ਦੇ ਅਧੀਨ ਚੱਲਣੀ ਚਾਹੀਦੀ ਸੀ, ਪਰ ਇਸਨੂੰ ਅਕਾਲੀਆਂ ਨੇ ਉਲਟਾ ਦਿੱਤਾ। ਕੀ ਜੌਹਲ਼ ਸਾਹਿਬ, ਇਹ ਸਪੱਸ਼ਟ ਕਰ ਸਕਦੇ ਹਨ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਅਜਿਹਾ ਕੋਈ ਸਿਧਾਂਤ ਜਾਂ ਉਸਦੀ ਵਿਆਖਿਆ ਆਪਣੀ ਕਿਹੜੀ ਲਿਖਤ ਵਿਚ ਕੀਤੀ ਸੀ? ਗੁਰੂ ਹਰਿਗੋਬਿੰਦ ਸਾਹਿਬ ਅੰਮ੍ਰਿਤਸਰ ਦਾ ਇਲਾਕਾ ਛੱਡ ਕੇ ਕੀਰਤਪੁਰ ਦੀਆਂ ਪਹਾੜੀਆਂ ਵਿਚ ਜਾ ਵਸੇ ਸਨ। ਫਿਰ ਉਨ੍ਹਾਂ ਤੋਂ ਬਾਅਦ ਚਾਰ ਗੁਰੂ ਸਾਹਿਬਾਨ ਮਾਝੇ ਵਿਚ ਵਾਪਿਸ ਨਹੀਂ ਆਏ। ਤਕਰਬੀਨ 80 ਕੁ ਸਾਲ ਦੇ ਗੁਰੂ ਕਾਲ ਵਿਚ ਹਰਮਿੰਦਰ ਸਾਹਿਬ ਅਤੇ ‘ਅਕਾਲ ਬੁੰਗਾ’ ਦਾ ਪ੍ਰਬੰਧ ਗੁਰੂਘਰ ਵਿਰੋਧੀ ਧੀਰਮੱਲੀਆਂ, ਰਾਮਰਾਈਆਂ, ਮੀਣਿਆਂ, ਮਸੰਦਾਂ ਕੋਲ਼ ਰਿਹਾ। ਗੁਰੂ ਗੋੋਬਿੰਦ ਸਿੰਘ ਜੀ ਤੋਂ ਬਾਅਦ ਬੰਦਾ ਸਿੰਘ ਬਹਾਦਰ ਵੀ ਇਸ ਇਲਾਕੇ ਵਿਚ ਨਹੀਂ ਆਏ ਅਤੇ ਨਾ ਹੀ ਇਨ੍ਹਾਂ ਅਸਥਾਨਾਂ ਨੂੰ ਗੁਰੂਘਰ ਦੇ ਵਿਰੋਧੀਆਂ ਤੋਂ ਆਜ਼ਾਦ ਕਵਾਇਆ।
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਭਾਈ ਮਨੀ ਸਿੰਘ ਨੇ 1721 ਤੋਂ ਬਾਅਦ ਇੱਥੇ ਦਾ ਪ੍ਰਬੰਧ ਸੰਭਾiਲ਼ਆ। ਪਰ ਉਨ੍ਹਾਂ ਨੇ ਜੋ ਗੁਰੂ ਘਰ ਵਿਰੋਧੀਆਂ ਵਲੋਂ ਪ੍ਰਚਲਤ ਸੀ, ਉਸੇ ਨੂੰ ਹੀ ਜਾਰੀ ਰੱਖਿਆ। ਇਸ ਤੋਂ ਬਾਅਦ ਮਿਸਲਾਂ ਦੇ ਸਮੇਂ, ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਅਤੇ ਅੰਗਰੇਜਾਂ ਵਲੋਂ ਬਣਾਏ ਸਿੱਖ ਗੁਰਦੁਆਰਾ ਐਕਟ 1925 ਤੱਕ ਅਕਾਲ ਤਖਤ, ਉਸਦੇ ਜਥੇਦਾਰਾਂ ਆਦਿ ਦੇ ਕਿਸੇ ਸਿਧਾਂਤ ਜਾਂ ਰੋਲ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ, ਜਿਸ ਬਾਰੇ ਸਰਦਾਰਾ ਸਿੰਘ ਜੌਹਲ ਗੱਲ ਕਰ ਰਹੇ ਹਨ। ਮੀਰੀ-ਪੀਰੀ ਜਾਂ ਅਕਾਲ ਤਖਤ ਸਾਹਿਬ ਦੇ ਵਿਲੱਖਣ ਸਿਧਾਂਤ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੇ ਕਾਰਜਕਾਲ ਵਿਚ ਕਦੇ ਨਹੀਂ ਮੰਨਿਆ ਸੀ। ਜਿਸ ਤਰ੍ਹਾਂ ਅਕਾਲੀਆਂ ਦੀਆਂ ਰਾਜਸੀ ਖੁਦਗਰਜੀਆਂ ਦੀਆਂ ਲੜਾਈਆਂ ਵਿਚ ਜਥੇਦਾਰ ਸਮਝੌਤੇ ਕਰਾਉਂਦੇ ਹਨ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਸ ਤਰ੍ਹਾਂ ਸਿੱਖ ਸਰਦਾਰਾਂ ਨੇ ਕਤਲੋਗਾਰਤ ਕੀਤੀ, ਕਿਵੇਂ 100 ਸਾਲ ਕੁਰਬਾਨੀਆਂ ਕਰਕੇ ਬਣਾਇਆ ਰਾਜ ਖਤਮ ਕੀਤਾ। ਜੇ ਅਜਿਹੀ ਕੋਈ ਵਿਵਸਥਾ ਹੁੰਦੀ ਤਾਂ ਉਸ ਵਕਤ ਕੋਈ ਜਥੇਦਾਰ ਅਜਿਹੇ ਖੂਨ-ਖਰਾਬੇ ਅਤੇ ਸਿੱਖ ਰਾਜ ਨੂੰ ਬਚਾਉਣ ਲਈ ਜਰੂਰ ਉਪਰਾਲੇ ਕਰਦਾ।
ਗੁਰੂ ਕਾਲ ਵਿਚ ਸਿੱਖ ਸਮਾਜ, ਪੰਜਾਬ ਤੱਕ ਸੀਮਤ ਸੀ। ਗੁਰੂ ਸਾਹਿਬਾਨ ਆਪ ਫੈਸਲੇ ਕਰਦੇ ਸਨ। ਉਸ ਵਕਤ ਕੋਈ ਲੋਕਤੰਤਰ ਵੀ ਨਹੀਂ ਸੀ ਅਤੇ ਅੱਜ ਵਾਂਗ ਸਿਆਸੀ ਪਾਰਟੀਆਂ ਚੋਣਾਂ ਵੀ ਨਹੀਂ ਲੜਦੀਆਂ ਸਨ? ਅੱਜ ਦੁਨੀਆਂ ਭਰ ਵਿਚ ਵਸਦੇ ਸਿੱਖ ਕਿਸੇ ਇੱਕ ਰਾਜਨੀਤਕ ਪਾਰਟੀ ਨਾਲ਼ ਬੱਝੇ ਰਹਿਣ ਦੀ ਥਾਂ ਵੱਖ-ਵੱਖ ਵਿਚਾਰਧਾਰਾ ਵਾਲ਼ੀਆਂ ਪਾਰਟੀਆਂ ਵਿਚ ਸ਼ਾਮਿਲ ਹਨ। ਜਿਸ ਤੋਂ ਇਹ ਵੀ ਸਮਝ ਪੈਂਦੀ ਹੈ ਕਿ ਸਿੱਖ ਰਾਜਨੀਤਕ ਤੌਰ ‘ਤੇ ਕਿਸੇ ਇੱਕ ਪਾਰਟੀ ਨਾਲ਼ ਬੱਝੇ ਨਹੀਂ ਰਹਿਣਾ ਚਾਹੁੰਦੇ। ਕੀ ਇਸਦਾ ਭਾਵ ਇਹ ਸਮਝਿਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਵਿਚੋਂ ਅਜਿਹੀ ਕੋਈ ਠੋਸ ਰਾਜਨੀਤਕ ਵਿਚਾਰਧਾਰਾ ਨਹੀਂ ਨਿਕਲਦੀ, ਜਿਸਨੂੰ ਆਧਾਰ ਬਣਾ ਕੇ ਸਿੱਖ ਰਾਜਨੀਤੀ ਕਰਨ? ਅਜਿਹੇ ਹਾਲਾਤਾਂ ਵਿਚ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਆਦਿ ਆਪਣੇ ਆਪ ਨੂੰ ਸਾਰੇ ਪੰਥ ਦੀ ਨੁਮਾਇੰਦਾ ਜਮਾਤ ਕਿਵੇਂ ਐਲਾਨ ਸਕਦੇ ਹਨ?
ਜੌਹਲ਼ ਸਾਹਿਬ ਦਾ ਵਿਸ਼ਵਾਸ਼ ਹੈ: ‘ਮੀਰੀ-ਪੀਰੀ ਦੇ ਸਿਧਾਂਤ ਨੂੰ ਅਜੋਕੇ ਹਾਲਾਤ ਵਿਚ ਅਸਰਦਾਰ ਕਰਨ ਲਈ ਜਰੂਰੀ ਹੈ ਕਿ ਅਕਾਲ ਤਖਤ ਦੀ ਸਰਬਉਚਤਾ, ਸ਼ਕਤੀ ਅਤੇ ਅਧਿਕਾਰ ਖੇਤਰ ਨੂੰ ਪੂਰੀ ਤਰ੍ਹਾਂ ਪ੍ਰੀਭਾਸ਼ਤ ਕਰਕੇ ਉਸ ਅਨੁਸਾਰ ਪ੍ਰਬੰਧ ਦੀ ਸਿਰਜਣਾ ਕੀਤੀ ਜਾਵੇ…। ਇਸ ਨਾਲ਼ ਸ੍ਰੀ ਅਕਾਲ ਤਖਤ ਦੀ ਪਕੜ ਧਾਰਮਿਕ, ਆਰਥਿਕ, ਸਮਾਜਿਕ, ਵਿਦਿਅਕ, ਰਾਜਨੀਤਕ ਖੇਤਰਾਂ ਵਿਚ ਹੋ ਜਾਵੇਗੀ। ਫਿਰ ਅਕਾਲ ਤਖਤ ਦਾ ਜਥੇਦਾਰ ਇੱਕ ਉਚ ਕੋਟੀ ਦਾ ਵਿਦਵਾਨ, ਉਚ ਕੋਟੀ ਦਾ ਪ੍ਰਬੰਧਕ, ਰਹਿਤ ਮਰਿਯਾਦਾ ਵਿਚ ਪ੍ਰਪੱਕ, ਸਿੱਖੀ ਕਿਰਦਾਰ ਦੀ ਜਿਉਂਦੀ ਜਾਗਦੀ ਮਿਸਾਲ ਹੋਵੇ। ਪਰ ਜਰੂਰੀ ਹੋਵੇ ਕਿ ਅਜਿਹਾ ਜਥੇਦਾਰ ਕਿਸੇ ਸੰਸਥਾ ਵਲੋਂ ਥਾਪਿਆ ਨਾ ਹੋਵੇ ਅਤੇ ਨਾ ਹੀ ਕਿਸੇ ਸੰਸਥਾ ਦਾ ਮੁਲਾਜਮ ਹੋਵੇ’। ਡਾ. ਸਾਹਿਬ ਦੇ ਪੰਥ ਦੇ ਭਲੇ ਲਈ ਸੁਪਨੇ ਤਾਂ ਬਹੁਤ ਅੱਛੇ ਹਨ। ਪਰ ਸਵਾਲ ਤਾਂ ਇਹ ਹੈ ਕਿ ਡਾ. ਸਾਹਿਬ ਦੇ ਸੁਪਨਿਆਂ ਦਾ ਉਹ ਮਹਾਨ ਫਰਿਸ਼ਤਾ ਰੂਪੀ ਸੋਲ਼ਾਂ ਕਲਾਂ ਸੰਪੂਰਨ ਜਥੇਦਾਰ ਆਵੇਗਾ ਕਿੱਥੋਂ? ਕੀ ਫਿਰ ਅਜਿਹੇ ਵਿਅਕਤੀ ਦੀ ਚੋਣ ਕਰਨ ਵਾਲ਼ੇ ਉਸ ਤੋਂ ਵੀ ਮਹਾਨ ਨਹੀਂ ਹੋਣੇ ਚਾਹੀਦੇ? ਡਾ. ਜੌਹਲ਼ ਅਨੁਸਾਰ ਗੁਰੂਘਰ ਵਿਚ ਸਜ਼ਾ ਦਾ ਵਿਧਾਨ ਹੀ ਕੋਈ ਨਹੀਂ, ਇੱਥੇ ਤਾਂ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਵਾਲ਼ੀ ਪ੍ਰੰਪਰਾ ਹੈ। ਪਰ ਇੱਥੇ ਤਾਂ ਛੋਟੇ-ਛੋਟੇ ਨਿੱਜ਼ੀ ਮਸਲਿਆਂ ‘ਤੇ ਬਿਨਾਂ ਸੁਣਵਾਈ ਦੇ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਕਿ ‘ਵਾਹਿਗੁਰੂ’ ਮਿਹਰ ਕਰੇ ‘ਤੇ ਡਾ. ਸਾਹਿਬ ਦੇ ਸੁਪਨਿਆਂ ਦਾ ਸਿੱਖ ਸਮਾਜ ਕਦੇ ਹੋਂਦ ਵਿਚ ਆ ਜਾਵੇ, ਜਿਸ ਨਾਲ਼ ਪੰਥ ਦੇ ਸਾਰੇ ਮਸਲੇ ਹੱਲ ਹੋ ਜਾਣ।
ਡਾ. ਜੌਹਲ਼ ਸਾਹਿਬ ਦੇ ਸਮਕਾਲੀ ਅਤੇ ਉਸੇ ਯੂਨੀਵਰਸਿਟੀ ਵਿਚ ਮੁਲਾਜਮ ਰਹੇ ਸਿੱਖ ਵਿਦਵਾਨ ਸ. ਹਾਕਮ ਸਿੰਘ, ਉਪਰਲੇ ਵਿਦਵਾਨਾਂ ਤੋਂ ਉਲਟ ਪੁਜ਼ੀਸ਼ਨ ਲੈਂਦੇ ਹੋਏ, ਆਪਣੇ ਇੱਕ ਲੇਖ ‘ਸਿੱਖ ਧਰਮ ਅਤੇ ਸਿਆਸਤ’ ਵਿਚ ਲਿਖਦੇ ਹਨ: ‘ਗੁਰੂ ਹਰਿਗੋਬਿੰਦ ਸਾਹਿਬ ਵਲੋਂ ਸਿਰਜੇ ਮੀਰੀ-ਪੀਰੀ ਦੇ ਸਿਧਾਂਤ ਬਾਰੇ ਸਿੱਖ ਜਗਤ ਵਿਚ ਗਲਤ ਧਾਰਨਾ ਬਣੀ ਹੋਈ ਹੈ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਦਾ ਅਰਥ ਹੈ ਕਿ ਧਰਮ ਅਤੇ ਰਾਜਨੀਤੀ ਇੱਕ ਦੂਜੇ ਤੋਂ ਵੱਖਰੇ ਹਨ ਤੇ ਇਨ੍ਹਾਂ ਨੂੰ ਰਲਗੱਡ ਨਹੀਂ ਕੀਤਾ ਜਾਣਾ ਚਾਹੀਦਾ। ਇਸੇ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਚਾਰਾਂ ਯੁੱਧਾਂ ਵਿਚ ਧਰਮ ਨੂੰ ਰਲਗੱਡ ਨਹੀਂ ਕੀਤਾ ਸੀ। ਉਨ੍ਹਾਂ ਯੁੱਧ ਅਨਿਆਂ ਅਤੇ ਵਧੀਕੀਆਂ ਦੇ ਵਿਰੁੱਧ ਕੀਤੇ, ਨਾ ਕਿ ਧਰਮ ਦੀ ਰੱਖਿਆ ਜਾਂ ਪਸਾਰ ਲਈ। ਇਹ ਕਹਿਣਾ ਕਿ ਗੁਰੂ ਹਰਿਗੋਬਿੰਦ ਜੀ ਨੇ ਗੁਰਬਾਣੀ ਤੋਂ ਉਲਟ ਧਰਮ ਤੇ ਰਾਜਨੀਤੀ ਦੇ ਸੁਮੇਲ ਵਾਲ਼ਾ ਮੀਰੀ-ਪੀਰੀ ਸਿਧਾਂਤ ਘੜਿਆ ਹੈ, ਉਨ੍ਹਾਂ ਦਾ ਨਿਰਾਦਰ ਕਰਨਾ ਹੈ। ਇਹ ਸਿਧਾਂਤ ਕੋਈ ਨਵਾਂ ਵੀ ਨਹੀਂ ਹੈ। ਪੋਪ ਗਿਲੇਸ਼ੀਅਸ ਪਹਿਲੇ ਨੇ 494 ਈਸਵੀ ਵਿਚ ਬਾਦਸ਼ਾਹ ਅਨਸਤੀਸੀਅਸ ਨੂੰ ਲਿਖੇ ਇੱਕ ਪੱਤਰ ਵਿਚ ਕਿਹਾ ਸੀ ਕਿ ਦੋ ਸ਼ਕਤੀਆਂ ਹਨ, ਜੋ ਵਿਸ਼ਵ ‘ਤੇ ਰਾਜ ਕਰਦੀਆਂ ਹਨ। ਪੁਜਾਰੀਆਂ ਦੀ ਪਵਿੱਤਰ ਧਾਰਮਿਕ ਸਤਾ ਅਤੇ ਰਾਜ ਕੁਮਾਰਾਂ ਦੀ ਪ੍ਰਬੰਧਕੀ ਸ਼ਕਤੀ। ਇਸਨੂੰ ਗਿਲੇਸ਼ੀਅਸ ਦਾ ਦੋ ਤਲਵਾਰਾਂ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ। ਇਸ ਸਿਧਾਂਤ ਕਾਰਨ ਹੀ ਯੂਰਪ ਵਿਚ ਧਰਮ ਤੇ ਰਾਜ ਸ਼ਕਤੀ ਇੱਕ ਦੂਜੇ ਤੋਂ ਵੱਖਰੇ ਮੰਨੇ ਜਾਣ ਲੱਗੇ ਸਨ’।
ਡਾ. ਗੁਰਭਗਤ ਸਿੰਘ ਪਿਛਲੀ ਸਦੀ ਦੇ ਸਿੱਖ ਪੰਥ ਵਿਚ ਵੱਡੇ ਵਿਦਵਾਨ ਮੰਨੇ ਜਾਂਦੇ ਹਨ। ਉਹ ਪੁਸਤਕ ‘ਸਿੱਖ ਦ੍ਰਿਸ਼ਟੀ ਦਾ ਗੌਰਵ’ ਵਿਚਲੇ ਇੱਕ ਲੇਖ ‘ਅਜੋਕਾ ਵਿਸ਼ਵ ਚਿੰਤਨ ਅਤੇ ਅਕਾਲ ਤਖਤ’ ਦੇ ਪੰਨਾ 29 ਉਪਰ ਅਕਾਲ ਤਖਤ ਦੀ ਵਡਿਆਈ ਕਰਦੇ ਲਿਖਦੇ ਹਨ: ‘ਦੋ ਖੜਗਾਂ ਦਾ ਰੱਖਿਅਕ, ਸੰਚਾਲਕ ਅਤੇ ਵਿਆਖਿਆਕਾਰ ਹੋਣ ਦੇ ਨਾਤੇ ਅਕਾਲ ਤਖਤ ਦੀ ਇਹ ਜ਼ਿੰਮੇਵਾਰੀ ਹੈ ਕਿ ਸਮੇਂ-ਸਮੇਂ ਅਨੁਸਾਰ ਇਹ ਇਤਿਹਾਸ ‘ਚ ਰੌਸ਼ਨ ਦਖਲ ਦੇਵੇ। ਇਹ ਦਖਲ ਕੇਵਲ ਸਿੱਖੀ ਦੇ ਪ੍ਰਸੰਗ ਵਿਚ ਹੀ ਨਹੀਂ, ਸਗੋਂ ਦੁਨੀਆਂ ਦੀਆਂ ਬਾਕੀ ਕੌਮਾਂ ਅਤੇ ਰਾਸ਼ਟਰਾਂ ਦੇ ਪ੍ਰਸੰਗ ਵਿਚ ਵੀ ਹੋਵੇ। ਰਾਜਨੀਤਕ, ਆਰਥਿਕ, ਨੈਤਿਕ ਜਾਂ ਧਾਰਮਿਕ ਪੱਧਰ ‘ਤੇ ਜਿੱਥੇ ਵੀ ਜ਼ਿੰਦਗੀ ਦੀ ਜੋਤ ਬੁਝਾਈ ਜਾ ਰਹੀ ਹੈ, ਉਥੇ ਅਕਾਲ ਤਖਤ ਲਈ ਦਖਲ ਦੇਣਾ ਜਾਇਜ ਹੀ ਨਹੀਂ, ਸਗੋਂ ਅਕਾਲ ਪੁਰਖ ਵਲੋਂ ਥਾਪੀ ਹੋਈ ਜ਼ਿੰਮੇਵਾਰੀ ਦੀ ਪਾਲਣਾ ਕਰਨਾ ਹੈ। ਝੂਠੇ ਪਾਤਸ਼ਾਹ, ਕਿਸੇ ਵੀ ਦੇਸ਼ ਜਾਂ ਕੌਮ ‘ਚ ਹੋ ਸਕਦੇ ਹਨ, ਉਨ੍ਹਾਂ ਨੂੰ ਨਕਾਰਾ ਕਰਨ ਵਿਚ ਦੁਨੀਆਂ ਭਰ ਦੇ ਲੋਕਾਂ ਦੀ ਸਹਾਇਤਾ ਕਰਨੀ, ਅਕਾਲ ਤਖਤ ਦੇ ਬਚਨ ਵਿਚ ਹੀ ਸ਼ਾਮਿਲ ਹੈ’। ਡਾ. ਸਾਹਿਬ, ਪਿਛਲੀ ਸਦੀ ਦੇ ਵੱਡੇ ਵਿਦਵਾਨ ਹਨ। ਅਸੀਂ ਉਨ੍ਹਾਂ ਦੀ ਵਿਦਵਤਾ ‘ਤੇ ਉਂਗਲ ਉਠਾਉਣ ਦੀ ਗੁਰਤਾਖੀ ਤਾਂ ਨਹੀਂ ਕਰ ਸਕਦੇ। ਪਰ ਉਹ ਜਿਸ ਢੰਗ ਨਾਲ਼ ਅਕਾਲ ਤਖਤ ਨੂੰ ਪੇਸ਼ ਕਰ ਰਹੇ ਹਨ, ਕੀ ਸਿੱਖਾਂ ਕੋਲ਼ 400 ਸਾਲ ਬਾਅਦ ਵੀ ਅਕਾਲ ਤਖਤ ਬਾਰੇ ਅਜਿਹਾ ਕੋਈ ਸਿਧਾਂਤਕ ਦਸਤਾਵੇਜ ਹੈ, ਜਿਸ ਵਿਚੋਂ ਅਜਿਹੀ ਵਿਆਖਿਆ ਨਿਕਲਦੀ ਹੋਵੇ, ਜਿਸਦਾ ਉਹ ਜ਼ਿਕਰ ਕਰ ਰਹੇ ਹਨ? ਇਸੇ ਲੇਖ ਵਿਚ ਅਸੀਂ ਜ਼ਿਕਰ ਕੀਤਾ ਸੀ ਕਿ ਜਿਸ ਅਕਾਲ ਤਖਤ ਦੇ ਜਥੇਦਾਰ ਨੂੰ ਸਿੱਖ ਪੰਥ ਦੁਨੀਆਂ ਭਰ ਦੀਆਂ ਦੁਨਿਆਵੀ ਅਦਾਲਤਾਂ ਤੋਂ ਸਰਬਉਚ ਅਕਾਲ ਪੁਰਖ ਦੇ ਤਖਤ ਦਾ ਵਾਰਿਸ ਮੰਨਦਾ ਹੈ, ਉਸੇ ਤਖਤ ਦਾ ਜਥੇਦਾਰ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਬੇਨਤੀ ਕਰ ਰਿਹਾ ਹੈ ਕਿ ਸਾਨੂੰ ਦੱਸੋ ਸਾਡਾ ਅਧਿਕਾਰ ਖੇਤਰ ਕੀ ਹੈ? ਜਥੇਦਾਰਾਂ ਨੂੰ ਲਗਾਉਣ ਅਤੇ ਹਟਾਉਣ ਦਾ ਕੋਈ ਵਿਧੀ-ਵਿਧਾਨ ਹੋਣਾ ਚਾਹੀਦਾ ਹੈ। ਡਾ. ਸਾਹਿਬ, ਜਿਤਨੀਆਂ ਵੱਡੀਆਂ ਆਸਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ‘ਤੋਂ ਲਗਾ ਰਹੇ ਹਨ, ਉਹ ਜ਼ਰਾ ਪਿਛਲੇ 400 ਸਾਲ ਇਤਿਹਾਸ ਹੀ ਪੜ੍ਹ ਲੈਂਦੇ ਕਿ ਇੱਥੇ ਲੱਗਣ ਵਾiਲ਼ਆਂ ਦੀ ਯੋਗਤਾ ਕੀ ਸੀ ਜਾਂ ਉਨ੍ਹਾਂ ਨੇ ਕਿਤਨੇ ਕੁ ਫੈਸਲੇ ਅਜਿਹੇ ਕੀਤੇ ਹਨ, ਜਿਨ੍ਹਾਂ ‘ਤੇ ਸਿੱਖ ਕੌਮ ਮਾਣ ਕਰ ਸਕਦੀ ਹੋਵੇ?
ਇਸੇ ਬਹਿਸ ਲੜੀ ਵਿਚ ਖਾਲਿਸਤਾਨੀ ਸਿੱਖ ਵਿਦਵਾਨ ਪ੍ਰਭਸ਼ਰਨਦੀਪ ਸਿੰਘ ਅਪਰੈਲ, 2023 ਵਿਚ ਲਿਖੇ ਆਪਣੇ ਇੱਕ ਲੇਖ ‘ਸ੍ਰੀ ਅਕਾਲ ਤਖਤ ਸਾਹਿਬ, ਸਰਬੱਤ ਖਾਲਸਾ ਅਤੇ ਸਿੱਖਾਂ ਦੀ ਮੌਜੂਦਾ ਸਥਿਤੀ’ ਵਿਚ ਆਪਣੇ ਵਿਚਾਰ ਇਸ ਤਰ੍ਹਾਂ ਪੇਸ਼ ਕਰਦੇ ਹਨ: ‘ਸ੍ਰੀ ਅਕਾਲ ਤਖਤ ਸਾਹਿਬ ਖਾਲਸਾਈ ਪ੍ਰਭੂਸਤਾ ਦਾ ਸਰਬਉਚ ਕੇਂਦਰ ਹੈ। ਸਿੱਖਾਂ ਦੀ ਦੁਸ਼ਮਣ ਹਿੰਦੁਸਤਾਨ ਦੀ ਹਕੂਮਤ ਇਸ ਸੰਸਥਾ ਨੂੰ ਅੰਦਰੋਂ ਢਾਹ ਲਾਉਣ ‘ਤੇ ਤੁਲੀ ਹੋਈ ਹੈ। ਜੂਨ, 84 ਦੇ ਘੱਲੂਘਾਰੇ ਦੌਰਾਨ ਹਕੂਮਤ ਨੇ ਇਸਦੀ ਬਿਲਡਿੰਗ ਢਾਹ ਕੇ ਆਪਣੀ ਸਤਾ ਜਮਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਕਾਮਯਾਬ ਨਹੀਂ ਹੋਈ’। ਹੁਣ ਉਹ ਸਿੱਖਾਂ ਦੇ ਕੁਝ ਸਮਝੌਤਾਵਾਦੀ ਧੜਿਆਂ ਦੀ ਮੱਦਦ ਨਾਲ਼ ਸ਼੍ਰੋਮਣੀ ਕਮੇਟੀ ਰਾਹੀਂ ਇਸਨੂੰ ਢਾਹ ਲਾ ਰਹੀ ਹੈ…। ਜੂਨ, 84 ਤੋਂ ਬਾਅਦ ਸੰਘਰਸ਼ ਲੜ ਰਹੀਆਂ ਧਿਰਾਂ ਨੇ ‘ਸਰਬੱਤ ਖਾਲਸਾ’ ਦੀ ਪ੍ਰੰਪਰਾ ਸੁਰਜੀਤ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਗਾਉਣ ਦੀ ਪ੍ਰੰਪਰਾ ਵੀ ਸ਼ੁਰੂ ਕੀਤੀ, ਪਰ ਉਹ ਕਾਮਯਾਬ ਨਾ ਹੋਏ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਮਾਨਤਾ ਨਹੀਂ ਦਿੱਤੀ’। ਉਹ ਅੱਗੇ ਲਿਖਦੇ ਹਨ: ‘ਸ਼੍ਰੋਮਣੀ ਕਮੇਟੀ ਦੀ ਦਲੀਲ ਹੈ ਕਿ ਉਹ ਲੋਕਾਂ ਦੀ ਚੁਣੀ ਸੰਸਥਾ ਹੈ, ਇਸ ਲਈ ਇਹ ਹੀ ‘ਸਰਬੱਤ ਖਾਲਸੇ’ ਦਾ ਨਵਾਂ ਰੂਪ ਹੈ ਅਤੇ ਉਨ੍ਹਾਂ ਨੂੰ ਹੀ ਜਥੇਦਾਰ ਚੁਣਨ ਜਾਂ ਹਟਾਉਣ ਦਾ ਅਧਿਕਾਰ ਹੈ। ਪਰ ਸ਼੍ਰੋਮਣੀ ਕਮੇਟੀ ਸਾਰੀ ਦੁਨੀਆਂ ਵਿਚ ਵੱਸਦੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੀ। ਇਸ ਲਈ ਉਹ ਸਰਬੱਤ ਖਾਲਸਾ ਨਹੀਂ ਹੋ ਸਕਦੀ’?
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਸਰਬੱਤ ਖਾਲਸਿਆਂ ਦੀ ਪ੍ਰਭਸ਼ਰਨਦੀਪ ਹਮਾਇਤ ਕਰਦਾ ਹੈ, ਕੀ ਉਹ ਵਿਸ਼ਵ ਭਰ ਵਿਚ ਵਸਦੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਸਨ? 1986 ਵਾਲ਼ਾ ਸਰਬੱਤ ਖਾਲਸਾ ਤਾਂ ਸਿਰਫ ਦਮਦਮੀ ਟਕਸਾਲ ਦੇ ਖਾੜਕੂਆਂ ਵਲੋਂ ਸੱਦਿਆ ਗਿਆ ਸੀ। ਦੂਸਰਾ ਸਰਬੱਤ ਖਾਲਸਾ 2015 ਵਿਚ ਅਕਾਲੀ ਦਲ ਮਾਨ ਵਲੋਂ ਬੁਲਾਇਆ ਗਿਆ ਸੀ। ਪੰਥ ਦੇ ਇਨ੍ਹਾਂ ਛੋਟੇ ਜਿਹੇ ਦੋ ਧੜਿਆਂ ਨੂੰ ‘ਸਰਬੱਤ ਖਾਲਸਾ’ ਸੱਦਣ ਦਾ ਅਧਿਕਾਰ ਕਿਸਨੇ ਦਿੱਤਾ ਸੀ? ਜਦਕਿ ਸ਼੍ਰੋਮਣੀ ਕਮੇਟੀ ਨੂੰ ਲੱਖਾਂ ਦੀ ਗਿਣਤੀ ਵਿਚ ਸਿੱਖ ਲੋਕਤੰਤਰੀ ਢੰਗ ਨਾਲ਼ ਚੁਣਦੇ ਹਨ। ਪ੍ਰਭਸ਼ਨਦੀਪ ਸਿੰਘ ਅਨੁਸਾਰ ਅਕਾਲ ਤਖਤ ਸਾਹਿਬ, ਖਾਲਸਾਈ ਪ੍ਰਭੂਸਤਾ ਦਾ ਸਰਬਉਚ ਕੇਂਦਰ ਹੈ। ਪਰ ਉਨ੍ਹਾਂ ਵਲੋਂ ਅਜਿਹੀ ਵੱਡੀ ਸਟੇਟਮੈਂਟ ਦੇਣ ਪਿੱਛੇ ਆਧਾਰ ਕੀ ਹੈ? ਉਨ੍ਹਾਂ ਕੋਲ਼ ਕਿਹੜੇ ਇਤਿਹਾਸਕ ਸ੍ਰੋਤ ਹਨ, ਜਿਨ੍ਹਾਂ ਅਨੁਸਾਰ ਉਹ ਵੱਡੇ ਦਾਅਵੇ ਕਰ ਰਹੇ ਹਨ? ਕੀ ਉਹ ਪੰਥ ਅੱਗੇ ਆਪਣਿਆਂ ਦਾਅਵਿਆਂ ਬਾਰੇ ਕੋਈ ਇਤਿਹਾਸਕ ਪ੍ਰਮਾਣ ਪੇਸ਼ ਕਰਨਗੇ? ਜੇ ਅਕਾਲ ਤਖਤ ਸਾਹਿਬ ਪ੍ਰਭੂਸਤਾ ਦਾ ਸਰਬਉਚ ਕੇਂਦਰ ਸੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਕੁਝ ਸਾਲਾਂ ਦੇ ਸਿੱਖ ਰਾਜ ਵਿਚ ਅਕਾਲ ਤਖਤ ਨੂੰ ਮਾਨਤਾ ਤਾਂ ਕੀ ਦੇਣੀ ਸੀ, ਹਰਿਮੰਦਰ ਸਾਹਿਬ ਜਾਂ ਅਕਾਲ ਤਖਤ ਦੇ ਦਰਸ਼ਨ ਵੀ ਕਰਨ ਨਹੀਂ ਗਏ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਜਾਂ ਖਾਲਸਾ ਦਰਬਾਰ ਵਿਚ ਪ੍ਰਭੂਸਤਾ ਦਾ ਕੇਂਦਰ ਲਾਹੌਰ ਸੀ ਨਾ ਕਿ ਅਕਾਲ ਤਖਤ (ਅੰਮ੍ਰਿਤਸਰ)? ਮਹਾਰਾਜੇ ਨੇ ਕਦੇ ਅਕਾਲ ਤਖਤ ਜਾਂ ਉਸਦੇ ਜਥੇਦਾਰ ਨੂੰ ਮਾਨਤਾ ਨਹੀਂ ਦਿੱਤੀ, ਸਗੋਂ ਉਸਨੇ 18ਵੀਂ ਸਦੀ ਵਿਚ ਮਿਸਲਾਂ ਦੇ ਦੌਰ ‘ਚ ਪ੍ਰਚਲਤ ‘ਸਰਬੱਤ ਖਾਲਸੇ’ ਵੀ ਬੰਦ ਕਰਾ ਦਿੱਤੇ ਸਨ। ਮਹਾਰਾਜਾ ਰਣਜੀਤ ਸਿੰਘ ਨਾਲ਼ ਸਬੰਧਤ ਇੱਕ ਵਾਕਿਆ ਜੋੜਿਆ ਜਾਂਦਾ ਹੈ ਕਿ ਅਕਾਲੀ ਫੂਲਾ ਸਿੰਘ ਨੇ ਉਸਨੂੰ ਮੋਰਾਂ ਨਾਚੀ ਨਾਲ਼ ਵਿਆਹ ਕਰਾਉਣ ‘ਤੇ ਸਜ਼ਾ ਦਿੱਤੀ। ਇਤਿਹਾਸਕ ਸ੍ਰੋਤਾਂ ਅਨੁਸਾਰ ਅਕਾਲੀ ਫੂਲਾ ਸਿੰਘ ਮਿਸਲ ਸ਼ਹੀਦਾਂ ਦੇ ਨਿਹੰਗ ਜਥੇ ਦਾ ਮੁੱਖੀ ਸੀ, ਜਿਹੜੇ ਭੰਗੀ ਮਿਸਲ ਨਾਲ਼ 18ਵੀਂ ਸਦੀ ਤੋਂ ਹਰਿੰਮਦਰ ਸਾਹਿਬ ਕੰਪਲੈਕਸ ਦੀ ਮੁਗਲ ਹਮਲਾਵਰਾਂ ਦੇ ਹਮਲਿਆਂ ਤੋਂ ਰਾਖੀ ਕਰਦੇ ਸਨ। ਅਕਾਲੀ ਫੂਲਾ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਸਨ, ਜਿਸ ਤਰ੍ਹਾਂ ਹੁਣ ਕੁਝ ਵਿਦਵਾਨਾਂ ਵਲੋਂ ਪੇਸ਼ ਕੀਤਾ ਜਾਂਦਾ ਹੈ। ਇਤਿਹਾਸਕ ਤੌਰ ‘ਤੇ 1925 ਤੋਂ ਪਹਿਲਾਂ ਜਥੇਦਾਰ ਚੁਣਨ ਦੀ ਕੋਈ ਪ੍ਰੰਪਰਾ ਹੀ ਨਹੀਂ ਸੀ। ਜੇ ਅਕਾਲੀ ਫੂਲਾ ਸਿੰਘ ਜਥੇਦਾਰ ਸੀ ਤਾਂ ਉਸ ਤੋਂ ਪਹਿਲ਼ਾਂ ਤੇ ਬਾਅਦ ਵਿਚ ਕੌਣ ਜਥੇਦਾਰ ਸਨ? ਉਨ੍ਹਾਂ ਦਾ ਸਿੱਖ ਇਤਿਹਾਸ ਵਿਚ ਕੀ ਰੋਲ ਸੀ? ਉਨ੍ਹਾਂ ਨੇ ਸਿੱਖ ਕੌਮ ਲਈ ਕੀ ਫੈਸਲੇ ਕੀਤੇ ਸਨ?
ਇਸੇ ਲੜੀ ਵਿਚ ਅਮਰੀਕਾ ਰਹਿੰਦੇ ਇੱਕ ਹੋਰ ਵਿਦਵਾਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕਨੌਮਿਕਸ ਦੇ ਸਾਬਕਾ ਪ੍ਰੋ ਗੋਬਿੰਦਰ ਸਿੰਘ ਸਮਰਾਓ ਨੇ ਪ੍ਰਭਸ਼ਰਨਦੀਪ ਸਿੰਘ ਵਲੋਂ ਲਿਖੇ ਲੇਖ ਦੇ ਜਵਾਬ ਵਿਚ ਲਿਖੇ ਲੇਖ ‘ਸਿੱਖ ਸੰਸਥਾਵਾਂ, ਸਰਬੱਤ ਖਾਲਸਾ ਅਤੇ ਅੱਜ ਦੇ ਸਿੱਖ’ ਵਿਚ ਕਈ ਸਿਧਾਂਤਕ ਮੁੱਦੇ ਉਭਾਰੇ ਹਨ। ਜੇ ਸਿੱਖ ਪੰਥ ਨੇ ਲੰਬੇ ਸਮੇਂ ਤੋਂ ਚੱਲ ਰਹੇ ਧਾਰਮਿਕ ਤੇ ਰਾਜਨੀਤਕ ਸੰਕਟ ਵਿਚੋਂ ਨਿਕਲਣਾ ਹੈ ਤਾਂ ਇਨ੍ਹਾਂ ‘ਤੇ ਗੰਭੀਰਤਾ ਨਾਲ਼ ਵਿਚਾਰ ਕਰਨ ਦੀ ਲੋੜ ਹੈ। ਪ੍ਰਭਸ਼ਰਨਦੀਪ ਸਿੰਘ ਆਪਣੇ ਲੇਖ ਵਿਚ ਅਕਾਲ ਤਖਤ ਸਾਹਿਬ ਨੂੰ ਖਾਲਸਾਈ ਪ੍ਰਭੂਸਤਾ ਦਾ ਸਰਬਉਚ ਕੇਂਦਰ ਦੱਸਦਾ ਹੈ। ਪਰ ਪ੍ਰੋ ਸਮਰਾਓ ਲਿਖਦੇ ਹਨ: ‘ਕਈ ਸਿੱਖ ਵਿਦਵਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ‘ਖਾਲਸਾਈ ਪ੍ਰਭੂਸਤਾ’ ਦਾ ਸਰਬਉਚ ਕੇਂਦਰ ਦੱਸਦੇ ਹਨ, ਜਦਕਿ ਅਸਲੀਅਤ ਇਹ ਹੈ ਕਿ ਜਿਸ ਵਕਤ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਸਿਰਜਨਾ ਕੀਤੀ ਸੀ, ਉਸ ਵਕਤ ਨਾ ਖਾਲਸਾ ਸਾਜਨਾ ਹੋਈ ਸੀ ਅਤੇ ਨਾ ਹੀ ਖਾਲਸੇ ਵਲੋਂ ਪ੍ਰਭੂਸਤਾ ਸੰਪਨ ਰਾਜ ਸਥਾਪਿਤ ਕਰਨ ਦਾ ਕੋਈ ਸੰਕਲਪ ਹੋਂਦ ‘ਚ ਆਇਆ ਸੀ। ਗੁਰੂ ਸਾਹਿਬ ਦਾ ਮਨੋਰਥ ਵਿਦੇਸ਼ੀ ਧਾੜਵੀਆਂ ਦੇ ਰਾਜ ਕਾਲ ਵਿਚ ਸਿੱਖਾਂ ਨੂੰ ਆਤਮ ਰੱਖਿਆ ਲਈ ਹਥਿਆਰਬੰਦ ਕਰਨਾ ਸੀ। ਉਸ ਵਕਤ ਪ੍ਰਭੂਸਤਾ ਜਹਾਂਗੀਰ ਕੋਲ਼ ਸੀ, ਜਿਸਨੇ ਗੁਰੂ ਸਾਹਿਬ ਨੂੰ ਬਗਾਵਤ ਦਾ ਦੋਸ਼ ਲਾ ਕੇ ਜ਼ੇਲ੍ਹ ਭੇਜਿਆ ਸੀ। ਫਿਰ ਸਰਕਾਰ ਨੇ ਆਹਲਾ ਕਿਰਦਾਰ ਕਰਕੇ ਰਿਹਾਅ ਕਰ ਦਿੱਤਾ ਸੀ। ਪਰ ਗੁਰੂ ਸਾਹਿਬ ਨੇ ਕਿਤੇ ਵੀ ਕਿਸੇ ਤਰ੍ਹਾਂ ਦਾ ਰਾਜ ਸਥਾਪਿਤ ਕਰਨ ਲਈ ਬਗਾਵਤ ਨਹੀਂ ਕੀਤੀ ਸੀ। ਉਨ੍ਹਾਂ ਤੋਂ ਬਾਅਦ ਚਾਰ ਗੁਰੂ ਸਾਹਿਬਾਨ ਨੇ ਵੀ ਅਜਿਹਾ ਨਹੀਂ ਕੀਤਾ। ਸਗੋਂ ਉਹ ਇੱਕ ਧਾਰਮਿਕ ਆਗੂ ਵਜੋਂ ਹੀ ਵਿਚਰਦੇ ਰਹੇ। ਇਸ ਸਾਰੇ ਗੁਰੂ ਕਾਲ ਵਿਚ ਪ੍ਰਭੂਸਤਾ ਮੁਗਲਾਂ ਕੋਲ਼ ਹੀ ਰਹੀ, ਪਰ ਕਿਸੇ ਗੁਰੂ ਨੇ ਇਸ ਸਤਾ ਨੂੰ ਚੈਲਿੰਜ ਨਹੀਂ ਕੀਤਾ। ਇੱਥੋਂ ਤੱਕ ਕਿ ਗੁਰੂ ਹਰਿਗੋਬਿੰਦ ਸਾਹਿਬ ਅੰਮ੍ਰਿਤਸਰ ਛੱਡ ਗਏ ਅਤੇ ਉਹ ਅਤੇ ਉਨ੍ਹਾਂ ਤੋਂ ਬਾਅਦ ਕੋਈ ਗੁਰੂ ਵਾਪਿਸ ਅੰਮ੍ਰਿਤਸਰ ਨਹੀਂ ਆਏ। ਬੰਦਾ ਸਿੰਘ ਬਹਾਦਰ ਨੇ ਜਿਹੜਾ ਸਿੱਖ ਰਾਜ ਕਾਇਮ ਕੀਤਾ ਸੀ, ਉਸ ਲਈ ਵੀ ਪ੍ਰਭੂਸਤਾ ਅਕਾਲ ਤਖਤ ‘ਤੇ ਨਹੀਂ ਬਣਾਈ ਸੀ ਅਤੇ ਨਾ ਹੀ ਕਦੇ ਅੰਮ੍ਰਿਤਸਰ ਆਏ ਸਨ।
19ਵੀਂ ਸਦੀ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਪ੍ਰਭੂਸਤਾ ਸੰਪਨ ਰਾਜ ਜਰੂਰ ਸਥਾਪਿਤ ਕੀਤਾ ਸੀ, ਪਰ ਉਹ ਸਹੀ ਸ਼ਬਦਾਂ ਵਿਚ ਸਿੱਖ ਰਾਜ ਨਹੀਂ ਸੀ, ਸਗੋਂ ਸਾਰੇ ਪੰਜਾਬੀਆਂ (ਸਿੱਖਾਂ, ਹਿੰਦੂਆਂ, ਮੁਸਲਮਾਨਾਂ) ਦਾ ਸਾਂਝਾ ਰਾਜ ਸੀ। ਉਸਦਾ ਕੋਈ ਧਾਰਮਿਕ ਏਜੰਡਾ ਨਹੀਂ ਸੀ। ਉਸ ਰਾਜ ਵਿਚ ਅਕਾਲ ਤਖਤ ਸਾਹਿਬ ਜਾਂ ਉਸਦੇ ਜਥੇਦਾਰ ਦਾ ਕੋਈ ਰੋਲ ਨਹੀਂ ਸੀ। ਬੇਸ਼ੱਕ ਅਕਾਲੀ ਫੂਲਾ ਸਿੰਘ ਨੇ ਉਸਨੂੰ ਸਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਵੀ ਧਾਰਮਿਕ ਗੁਨਾਹ ਦੀ ਸਜ਼ਾ ਸੀ, ਨਾ ਕਿ ਕਿਸੇ ਰਾਜਨੀਤਕ ਕਾਰਨ ਕਰਕੇ। ਮਹਾਰਾਜੇ ਨੇ ਨਾ ਕਦੇ ਅਕਾਲ ਤਖਤ ਨੂੰ ਆਪਣੇ ਰਾਜਸੀ ਫੈਸਲਿਆਂ ਲਈ ਵਰਤਿਆ ਅਤੇ ਨਾ ਹੀ ਅਕਾਲ ਤਖਤ ਨੇ ਉਸਦੇ ਦਰਬਾਰ ਵਿਚ ਕਦੇ ਦਖਲ ਦਿੱਤਾ ਸੀ। ਮਹਾਰਾਜੇ ਦੀ ਮੌਤ ਤੋਂ ਬਾਅਦ ਉਸਦੇ ਉਤਰਾਧਿਕਾਰੀਆਂ ਜਾਂ ਖਾਲਸਾ ਫੌਜਾਂ ਨੇ ਅੰਗਰੇਜਾਂ ਨਾਲ਼ ਲੜੀਆਂ ਜੰਗਾਂ ਵਿਚ ਕਦੇ ਅਕਾਲ ਤਖਤ ਤੋਂ ਦਖਲ ਨਹੀਂ ਮੰਗਿਆ ਸੀ ਅਤੇ ਨਾ ਸਰਬੱਤ ਖਾਲਸਾ ਸੱਦਿਆ ਸੀ। ਇਤਿਹਾਸਕਾਰਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ਼ ਹੀ ਸਰਬੱਤ ਖਾਲਿਸਆਂ ਅਤੇ ਰਾਜਨੀਤਕ ਗੁਰਮਤਿਆਂ ਦਾ ਭੋਗ ਪੈ ਗਿਆ ਸੀ। ਸਿੱਖਾਂ ਵਲੋਂ ਚੁਣੀ ਜਾਣ ਵਾਲ਼ੀ ਲੋਤੰਤਰੀ ਸੰਸਥਾ ਸ਼੍ਰੋਮਣੀ ਕਮੇਟੀ ਦੇ ਆਉਣ ਨਾਲ਼ ਅਜਿਹੇ ਰਾਜਨੀਤਕ ਗੁਰਮਤਿਆਂ ਦੀ ਲੋੜ ਹੀ ਖਤਮ ਹੋ ਗਈ ਸੀ। ਜੋ ਸਰਬੱਤ ਖਾਲਸਾ ਵਾਂਗ ਸਾਲ ਵਿਚ ਦੋ ਵਾਰ ਆਪਣਾ ਇਜਲਾਸ ਕਰਦੇ ਹਨ।’ ਅਸੀਂ ਸ. ਗੋਬਿੰਦਰ ਸਿੰਘ ਸਮਰਾਓ ਦੇ ਵਿਚਾਰਾਂ ਨਾਲ਼ ਸਹਿਮਤ ਹਾਂ ਕਿ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਗੁਰਦੁਅਰਾ ਐਕਟ 1925 ਤੱਕ ਅਕਾਲ ਤਖਤ ਦੀ ਸੰਸਥਾ ਜਾਂ ਉਸਦੇ ਜਥੇਦਾਰ ਦੇ ਕਿਸੇ ਰੋਲ ਦਾ ਕੋਈ ਇਤਿਹਾਸਕ ਹਵਾਲਾ ਨਹੀਂ ਮਿਲਦਾ, ਸਿਵਾਏ ਅਕਾਲੀ ਫੂਲਾ ਸਿੰਘ ਦੀ ਘਟਨਾ ਦੇ। ਇਤਨਾ ਜਰੂਰ ਹੈ ਕਿ ਇਸ ਅਸਥਾਨ ‘ਤੇ 18ਵੀਂ ਸਦੀ ਵਿਚ ਮੁਗਲਾਂ ਨਾਲ਼ ਲੜ ਰਹੇ ਖਾਲਸਾ ਜਥੇ ਵੈਸਾਖੀ ਅਤੇ ਦੀਵਾਲ਼ੀ ਮੌਕੇ ਆਪਣਾ ਸਰਬੱਤ ਖਾਲਸਾ ਕਰਦੇ ਸਨ ਜਾਂ ਆਪਣੇ ਗੁਰਮਤੇ ਕਰਦੇ ਸਨ। ਪਰ ਉਸ ਦੌਰ ਵਿਚ ਵੀ ਕਿਸੇ ਜਥੇਦਾਰ ਦੇ ਰੋਲ ਦਾ ਕੋਈ ਹਵਾਲਾ ਨਹੀਂ ਮਿਲਦਾ।
ਪ੍ਰੋ ਸਮਰਾਓ ਅਖੀਰ ‘ਚ ਕਹਿੰਦੇ ਹਨ: ਸਭ ਨੂੰ ਪਤਾ ਹੈ ਕਿ ਪੁਰਾਤਨ ਸਿੱਖ ਸੰਸਥਾਵਾਂ, ਜਿਨ੍ਹਾਂ ਨੂੰ ਗੁਰੂਆਂ ਅਤੇ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਸਿਰਜਿਆ ਸੀ। ਉਹ ਹੁਣ ਸਿੱਖ ਇਤਿਹਾਸ ਦੇ ਮਾਣਮੱਤੇ ਵਿਰਸੇ ਦਾ ਭਾਗ ਹਨ। ਕਾਲ ਦੇ ਗੇੜ ਕਾਰਨ, ਇਨ੍ਹਾਂ ਵਿਚੋਂ ਕਈ ਬਿਰਧ ਹੋ ਗਈਆਂ ਹਨ ਤੇ ਇਨ੍ਹਾਂ ਦੀ ਮਹਾਨਤਾ ਸੰਕੇਤਕ ਬਣ ਕੇ ਰਹਿ ਗਈ ਹੈ। ਇਹ ਕੇਵਲ ਸਨਮਾਨ ਦੀਆਂ ਪਾਤਰ ਹਨ ਕਿਉਂਕਿ ਇਨ੍ਹਾਂ ਨੂੰ ਹੁਣ ਉਸੇ ਹਾਲਤ ਵਿਚ ਮੁੜ ਕਾਰਜ਼ਸ਼ੀਲ ਨਹੀਂ ਕੀਤਾ ਜਾ ਸਕਦਾ…। ਹੁਣ ਸਿਰਮੌਰਤਾ ਅਕਾਲ ਤਖਤ ਅਤੇ ਉਸਦੇ ਜਥੇਦਾਰ ਦੀ ਨਹੀਂ, ਸਗੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੈ। ਅਕਾਲ ਤਖਤ ਦਾ ਜਥੇਦਾਰ ਤਾਂ ਤਖਤ ‘ਤੇ ਉੇਸਦੀ ਸੇਵਾ-ਸੰਭਾਲ਼ ਲਈ ਮੁੱਖ ਸੇਵਾਦਾਰ ਹੈ। ਪ੍ਰਭਸ਼ਰਨਦੀਪ ਸਿੰਘ ਪਤਾ ਨਹੀਂ ਕਿਉਂ ਜਥੇਦਾਰ ਤੋਂ ਉਹ ਕੁਝ ਕਰਾਉਣਾ ਚਾਹੁੰਦਾ ਹੈ, ਜੋ ਕਿ ਜਥੇਦਾਰ ਦੇ ਖੇਤਰ ‘ਚ ਹੀ ਨਹੀਂ ਹੈ।
ਧਰਮ ਨੂੰ ਰਾਜਨੀਤੀ ਨਾਲ਼ ਜੋੜਨ ਵਾਲ਼ੀਆਂ ਧਿਰਾਂ ਦੀ ਮਨਸ਼ਾ ਤਾਂ ਬੇਸ਼ਕ ਇਹੀ ਹੈ ਕਿ ‘ਧਰਮ’, ‘ਰਾਜਨੀਤੀ’ ਤੋਂ ਉਪਰ ਹੈ, ਜੇ ਰਾਜਨੀਤੀ ਉਪਰ ਧਰਮ ਦਾ ਕੁੰਡਾ ਨਾ ਹੋਵੇ ਤਾਂ ਰਾਜਸੀ ਲੋਕ ਆਪ-ਹੁਦਰੇ ਹੋ ਕੇ ਲੋਕ-ਵਿਰੋਧੀ ਕਾਰਜ ਕਰਨਗੇ। ਪਰ ਦੁਨੀਆਂ ਭਰ ਦੇ 2000 ਸਾਲਾਂ ਦੇ ਇਤਿਹਾਸ ਵਿਚ ਧਰਮ ਅਧਾਰਿਤ ਚੱਲੇ ਜਾਂ ਚੱਲ ਰਹੇ ਰਾਜਾਂ ਵਿਚ ਕਿਸੇ ਧਰਮ ਗ੍ਰੰਥ ਦੇ ਅਸੂਲਾਂ ਅਧਾਰਿਤ ਰਾਜ ਕਾਇਮ ਹੋਇਆ ਹੋਵੇ, ਅਜਿਹਾ ਕਿਤੇ ਨਜ਼ਰ ‘ਤੇ ਨਹੀਂ ਆਉਂਦਾ। ਧਰਮ ਨੂੰ ਰਾਜਨੀਤੀ ਨਾਲ਼ ਜੋੜਨ ਲਈ ਇਨ੍ਹਾਂ ਵਿਦਵਾਨਾਂ ਕੋਲ਼ ਕੋਈ ਠੋਸ ਇਤਿਹਾਸਕ ਗਵਾਹੀ ਵੀ ਨਹੀਂ ਹੈ। ਜਿਸ ਬਾਰੇ ਸਿੱਖ ਪੰਥ ਦੇ ਕੁਝ ਵਿਦਵਾਨਾਂ ਦਾ ਇਹ ਵੀ ਮੱਤ ਹੈ ਕਿ ਸ੍ਰੀ ਅਕਾਲ ਤਖਤ ਦੇ ਸੰਕਲਪ ਦਾ ਜ਼ਿਕਰ ਸਿੱਖ ਇਤਿਹਾਸ ਦੇ ਮੁੱਖ ਸੋਮਿਆਂ ਵਿਚ ਕਿਤੇ ਨਹੀਂ ਮਿਲਦਾ। ਇਸਦਾ ਪਹਿਲੀ ਵਾਰ ਜ਼ਿਕਰ 19ਵੀਂ ਸਦੀ ਵਿਚ ਲਿਖੇ ਗਏ ਗ੍ਰੰਥਾਂ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਅਤੇ ਕਵੀ ਸੰਤੋਖ ਸਿੰਘ ਦੇ ‘ਸੂਰਜ ਪ੍ਰਕਾਸ਼ ਗ੍ਰੰਥ’ ਵਿਚ ਹੀ ਮਿਲਦਾ ਹੈ। ਇਸ ਤੋਂ ਇਲਾਵਾ ਪ੍ਰਾਚੀਨ ਪੰਥ ਪ੍ਰਕਾਸ਼ (ਰਤਨ ਸਿੰਘ ਭੰਗੂ), ਮਹਿਮਾ ਪ੍ਰਕਾਸ਼, ਕੋਇਰ ਸਿੰਘ, ਖੁਸ਼ਵੰਤ ਰਾਏ, ਬੂਟੇ ਸ਼ਾਹ, ਮੁਹੰਮਦ ਲਤੀਫ, ਕਨਿੰਘਮ, ਮੈਕਾਲਿਫ ਆਦਿ ਕਿਸੇ ਵੀ ਨਾਮਵਰ ਇਤਿਹਾਸਕਾਰ ਨੇ ਇਸਦਾ ਜ਼ਿਕਰ ਨਹੀਂ ਕੀਤਾ। ਪਰ ਫਿਰ ਵੀ ਜੇ ਇਹ ਸੰਸਥਾ ਬਣ ਹੀ ਗਈ ਹੈ ਤਾਂ ਕੀ ਸਿੱਖ ਪੰਥ ਦੇ ਵਿਦਵਾਨਾਂ ਦੇ ਸਹਿਯੋਗ ਨਾਲ਼ ਸ਼੍ਰੋਮਣੀ ਕਮੇਟੀ ਨੂੰ ਜਥੇਦਾਰ ਵੇਦਾਂਤੀ ਅਤੇ ਹੋਰ ਵਿਦਵਾਨਾਂ ਦੀ ਸਲਾਹ ਅਨੁਸਾਰ, ਮਾਡਰਨ ਵਰਲਡ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸਿੱਖੀ ਦੇ ਗੁਰਬਾਣੀ ਅਧਾਰਿਤ ਸਾਂਝੀਵਾਲਤਾ, ਮਨੁੱਖੀ ਬਰਾਬਰੀ, ਸਮਾਜਿਕ ਤੇ ਰਾਜਸੀ ਨਿਆਂ ਵਰਗੇ ਬੁਨਿਆਦੀ ਅਸੂਲਾਂ ਅਨੁਸਾਰ ਇਸਦਾ ਰੋਲ ਤੈਅ ਨਹੀਂ ਕਰ ਲੈਣਾ ਚਾਹੀਦਾ?
