ਵਰਿਆਮ ਸਿੰਘ ਸੰਧੂ
ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਸਿਰ ‘ਤੇ ਕਾਲੇ ਦਿਨਾਂ ਦੀ ਦਹਿਸ਼ਤ ਦੇ ਪਰਛਾਵੇਂ ਸਿਖ਼ਰ ‘ਤੇ ਸਨ। ਸੂਰਜ ਡੁੱਬਣ ਤੋਂ ਪਹਿਲਾਂ ਲੋਕ ਆਪੋ-ਆਪਣੇ ਟਿਕਾਣਿਆਂ ‘ਤੇ ਪਹੁੰਚ ਕੇ ਆਪਣੇ ‘ਘੁਰਨਿਆਂ’ ਵਿਚ ਸਿਰ ਲੁਕਾ ਲੈਂਦੇ ਸਨ ਅਤੇ ਆਪਣੇ ਆਪ ਨੂੰ ਸੁਰੱਖਿਅਤ ਸਮਝਣ ਦਾ ਭਰਮ ਪਾਲ ਲੈਂਦੇ ਸਨ, ਹਾਲਾਂਕਿ ਉਹ ਵੀ ਜਾਣਦੇ ਸਨ ਕਿ ਕਿਸੇ ਵੇਲੇ ਵੀ ਮੌਤ ਉਨ੍ਹਾਂ ਦੀਆਂ ਕੰਧਾਂ ਟੱਪ ਕੇ ਉਨ੍ਹਾਂ ਦੇ ਵਿਹੜੇ ਵਿਚ ਦਾਖ਼ਲ ਹੋ ਸਕਦੀ ਹੈ!
ਹੋਲੇ-ਮਹੱਲੇ ਦੇ ਦਿਨ ਸਨ। ਅਮ੍ਰਿਤਸਰ ਦੇ ਬੱਸ ਅੱਡੇ ਤੋਂ ਜਲੰਧਰ-ਲੁਧਿਆਣੇ ਨੂੰ ਚੱਲਣ ਵਾਲੀ ਆਖ਼ਰੀ ਬੱਸ ਤਿਆਰ ਖਲੋਤੀ ਸੀ। ਸਵਾਰੀਆਂ ਟਿਕਟਾਂ ਕਟਵਾ ਕੇ, ਸੀਟ ਨੰਬਰ ਲਿਖਵਾ ਕੇ, ਸਕਿਉਰਟੀ ਵਾਲਿਆਂ ਤੋਂ ਸਮਾਨ ਅਤੇ ਟਿਕਟਾਂ ਚੈੱਕ ਕਰਵਾ ਕੇ ਬੱਸ ਵਿਚ ਆਪਣੀ ਥਾਂ ਮੱਲ ਰਹੀਆਂ ਸਨ। ਬੱਸਾਂ ਨੂੰ ਘੇਰ ਕੇ ਬੇਗੁਨਾਹਾਂ ਨੂੰ ਕਤਲ ਕਰਨ ਦੀਆਂ ਵਾਰਦਾਤਾਂ ਅਕਸਰ ਵਾਪਰ ਰਹੀਆਂ ਸਨ। ਸਰਕਾਰ ਨੇ ਇਸ ਖ਼ਤਰੇ ਦੇ ਰੂਬਰੂ ਰਾਤ ਦੀ ਬੱਸ ਸਰਵਿਸ ਬੰਦ ਕਰ ਦਿੱਤੀ ਹੋਈ ਸੀ। ਕਿਸੇ ਵੀ ਪਾਸੇ ਨੂੰ ਚੱਲਣ ਵਾਲੀ ਆਖ਼ਰੀ ਬੱਸ ਦਾ ਟਾਈਮ ਪੰਜ ਵਜੇ ਸ਼ਾਮ ਸੀ। ਆਖ਼ਰੀ ਬੱਸ ਵਿਚ ਹਥਿਆਰਾਂ ਨਾਲ ਲੈਸ ਇਕ ਪੁਲਿਸ ਪਾਰਟੀ ਵੀ ਹਿਫ਼ਾਜ਼ਤ ਲਈ ਨਾਲ ਹੁੰਦੀ ਸੀ।
ਮੇਰੇ ਤੋਂ ਸੱਜੇ ਤਿੰਨਾਂ ਵਾਲੀ ਸੀਟ ਉਤੇ ਆਪਣਾ ਸੀਟ-ਨੰਬਰ ਪੜਤਾਲਦੇ ਹੋਏ ਤਿੰਨ ਬਣਦੇ-ਤਣਦੇ ਸਰਦਾਰ ਆ ਕੇ ਬੈਠ ਗਏ। ਉਚੇ ਕੱਦ-ਕਾਠ, ਖੁੱਲ੍ਹੇ-ਦਾੜ੍ਹੇ, ਸਫ਼ੈਦ ਵਸਤਰ। ਤਿੰਨੇ ਇਕੱਠੇ ਸਨ, ਇਕ ਦੂਜੇ ਦੇ ਨਜ਼ਦੀਕੀ, ਚੰਗੀ ਜਾਣ-ਪਛਾਣ ਵਾਲੇ। ਸਾਊ ਅਤੇ ਬੀਬੇ ਜਾਪਦੇ। ਆਪਸ ਵਿਚ ਗੱਲਾਂ ਕਰਦੇ ਹੱਸ ਰਹੇ, ਖ਼ੁਸ਼ ਹੋ ਰਹੇ।
ਤੁਰਦਿਆਂ-ਕਰਦਿਆਂ ਬੱਸ ਨੂੰ ਅੱਡੇ ਵਿਚੋਂ ਨਿਕਲਦਿਆਂ ਪੰਜ ਵਜੇ ਤੋਂ ਪੰਦਰਾਂ-ਵੀਹ ਮਿੰਟ ਉਪਰ ਹੋ ਗਏ ਸਨ। ਪਰ ਦਿਨ ਅਜੇ ਬਥੇਰਾ ਸੀ। ਸਾਢੇ ਛੇ ਵਜੇ ਦੇ ਕਰੀਬ ਸੂਰਜ ਡੁੱਬਣਾ ਸੀ। ਡੇਢ-ਪੌਣੇ ਦੋ, ਹੱਦ ਦੋ ਘੰਟਿਆਂ ਤੱਕ ਬੱਸ ਨੇ ਜਲੰਧਰ ਪਹੁੰਚ ਹੀ ਜਾਣਾ ਸੀ। ਫ਼ਿਕਰਮੰਦ ਹੋਣ ਦੀ ਏਡੀ ਕੀ ਲੋੜ ਸੀ! ਮੈਂ ਹੱਥਲੀ ਕਿਤਾਬ ਪੜ੍ਹਨ ਵਿਚ ਮਗ਼ਨ ਹੋ ਗਿਆ।
ਮਾਨਾਂਵਾਲੇ ਕੋਲ ਬਰੇਕ ਲੱਗਣ ਨਾਲ ਬੱਸ ਰੁਕੀ। ਨਾਨ-ਸਟਾਪ ਬੱਸ ਸੀ। ਮੈਂ ਕਾਰਨ ਜਾਨਣ ਲਈ ਬਾਹਰ ਝਾਤ ਮਾਰੀ।
ਸੜਕ ਉਤੇ ਹੋਲੇ-ਮਹੱਲੇ ਲਈ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਲੱਗਾ ਹੋਇਆ ਸੀ। ਕੇਸਰੀ ਪਟਕੇ ਬੰਨ੍ਹੀ, ਹੱਥਾਂ ਵਿਚ ਪਰਸ਼ਾਦਿਆਂ ਵਾਲੇ ਟੋਕਰੇ ਅਤੇ ਦਾਲ-ਸਬਜ਼ੀ ਵਾਲੀਆਂ ਬਾਲਟੀਆਂ ਫੜੀ ਨੌਜਵਾਨ ਬੱਸ ਡਰਾਈਵਰ ਨੂੰ ‘ਬੱਸ ਇਕ ਇਕ ਪਰਸ਼ਾਦਾ ਹੀ ਭਾਵੇਂ ਛਕ ਕੇ ਜਾਵੋ’ ਦੀ ਬੇਨਤੀ ਕਰ ਰਹੇ ਸਨ ਅਤੇ ਡਰਾਈਵਰ ‘ਵੇਲੇ ਸਿਰ ਟਿਕਾਣੇ ‘ਤੇ ਪਹੁੰਚਣ’ ਅਤੇ ‘ਗੁਰੂ ਦੀ ਕਿਰਪਾ ਨਾਲ ਹੁਣ ਕਿਸੇ ਚੀਜ਼ ਦੀ ਲੋੜ ਨਹੀੰਂ’ ਆਖ ਹੀ ਰਿਹਾ ਸੀ ਕਿ ਮੇਰੇ ਲਾਗੇ ਬੈਠੇ ਸਰਦਾਰਾਂ ਵਿਚੋਂ ਇਕ ਨੇ ਬੜੇ ਗੜ੍ਹਕੇ ਨਾਲ ਡਰਾਈਵਰ ਨੂੰ ਕਿਹਾ, ‘ਕੋਈ ਨਹੀੰਂ ਸਿੰਘਾ! ਕਰ ਲੈਣ ਦੇ ਇਨ੍ਹਾਂ ਨੂੰ ਰੂਹ ਰਾਜ਼ੀ। ਇਨ੍ਹਾਂ ਵੀ ਤਾਂ ਸੰਗਤਾਂ ਦੀ ਸੇਵਾ ਲਈ ਹੀ ਏਨੀ ਖ਼ੇਚਲ ਕੀਤੀ ਹੈ। ਅਸੀਂ ਨਹੀਂ ਛਕਾਂਗੇ ਤਾਂ ਇਨ੍ਹਾਂ ਦੀ ਸੇਵਾ ਨੂੰ ਫ਼ਲ ਕਿਵੇਂ ਲੱਗੂ!’
ਡਰਾਈਵਰ ਨੇ ਬੱਸ ਇਕ ਪਾਸੇ ਲਾ ਦਿੱਤੀ। ਸੇਵਾਦਾਰ ਅਗਲੀ-ਪਿਛਲੀ ਬਾਰੀ ਰਾਹੀਂ ਅੰਦਰ ਆ ਵੜੇ।
‘ਪਰਸ਼ਾਦਾ ਜੀ! ਦਾਲਾ ਜੀ!’ ਆਖਦੇ ਉਹ ਬੱਸ ਵਿਚ ਹੀ ਲੰਗਰ ਵਰਤਾਉਣ ਲੱਗੇ। ਆਪੋ-ਆਪਣੀ ਲੋੜ ਅਨੁਸਾਰ ਅਗਲਾ ਫੁਲਕਾ ਜਾਂ ਦੋ ਫੁਲਕੇ ਹੱਥਾਂ ‘ਤੇ ਰੱਖਵਾ ਕੇ ਦਾਲ ਪਵਾ ਰਿਹਾ ਸੀ। ਦੁਪਹਿਰ ਦੇ ਖਾਣੇ ਦਾ ਵਕਤ ਲੰਘ ਚੁੱਕਾ ਹੋਣ ਕਰਕੇ, ਜਿਨ੍ਹਾਂ ਨੇ ਦੁਪਹਿਰੇ ਰੋਟੀ ਖਾਧੀ ਵੀ ਹੋਈ ਸੀ, ਉਨ੍ਹਾਂ ਦੇ ਪੇਟ ਵਿਚ ਵੀ ਸੁਆਦੀ ਦਾਲ ਨਾਲ ਇਕ-ਅੱਧਾ ਪਰਸ਼ਾਦਾ ਹੋਰ ਛਕ ਸਕਣ ਦੀ ‘ਥਾਂ’ ਬਣ ਚੁੱਕੀ ਸੀ।
‘ਸਿੰਘਾ! ਹੈਥੋਂ ਪਾਣੀ ਫੜਾ ਜ਼ਰਾ। ਬੁਰਕੀ ਸੰਘੋਂ ਹੇਠਾਂ ਕਰ ਲਈਏ’ ਕਿਸੇ ਆਖਿਆ।
‘ਹੁਣੇ ਲਓ ਜੀ’ ਵਿੰਹਦਿਆਂ-ਵਿੰਹਦਿਆਂ ਪਾਣੀ ਦੀਆਂ ਬਾਲਟੀਆਂ ਅਤੇ ਗਲਾਸ ਫੜੀ ਸਿੰਘ ਅੰਦਰ ਆ ਵੜੇ। ਪਾਣੀ ਦੀ ਲੋੜ ਤਾਂ ਸੀ ਹੀ। ਸਭ ਨੇ ਪਾਣੀ ਪੀਤਾ। ਲੰਗਰ ਛਕਦਿਆਂ ਅਤੇ ਪਾਣੀ ਵਾਲੇ ਖ਼ਾਲੀ ਗਲਾਸ ਇਕੱਠੇ ਕਰਦਿਆਂ ਘੱਟੋ-ਘੱਟ ਵੀਹ ਪੰਝੀ ਮਿੰਟ ਲੱਗ ਗਏ ਹੋਣਗੇ।
‘ਲੈ ਭਈ ਹੱਕ ਲੈ ਇਹਨੂੰ ਹੁਣ’ ਮੇਰੇ ਲਾਗੇ ਬੈਠੇ ਸਰਦਾਰਾਂ ‘ਚੋਂ ਇਕ ਨੇ ਆਪਣੇ ਦਾੜ੍ਹੇ ਨੂੰ ਦੋਹਾਂ ਹੱਥਾਂ ਨਾਲ ਸਵਾਰਦਿਆਂ ਜਿਵੇਂ ਡਰਾਈਵਰ ਨੂੰ ਹਰੀ ਝੰਡੀ ਦੇ ਦਿੱਤੀ।
ਬੱਸ ਚੱਲੀ ਤਾਂ ਉਨ੍ਹਾਂ ਵਿਚੋਂ ਇਕ ਨੇ ਉਚੀ ਸਾਰੀ ਜਿਵੇਂ ਸਾਰੀ ਬੱਸ ਦੀਆਂ ਸਵਾਰੀਆਂ ਨੂੰ ਸੁਣਾ ਕੇ ਆਖਿਆ, ‘ਵਾਹ! ਬਈ ਵਾਹ! ਇੰਜ ਲੰਗਰ ਲਾਉਣੇ, ਇਹ ਤੌਫ਼ੀਕਾਂ ਸਿੱਖ ਕੌਮ ਨੂੰ ਈ ਨੇ! ਨਹੀਂ ਰੀਸਾਂ ਇਸ ਕੌਮ ਦੀਆਂ!’ ਮੈਂ ਨੇੜੇ ਬੈਠੀਆਂ ਸਵਾਰੀਆਂ ਦੇ ਚਿਹਰਿਆਂ ਵੱਲ ਝਾਤ ਮਾਰੀ। ਉਨ੍ਹਾਂ ਦੇ ਹੋਠਾਂ ਉੱਤੇ ਰੱਜਵੀਂ ਮੁਸਕਰਾਹਟ ਸੀ। ਉਹ ਸਾਰੇ ਉਸ ਸਰਦਾਰ ਦੀ ਆਖੀ ਗੱਲ ਨਾਲ ਸਹਿਮਤ ਸਨ। ਮੈਨੂੰ ਵੀ ਸਿੱਖ ਕੌਮ ਦੀ ਇਸ ਰਵਾਇਤ ‘ਤੇ ਮਾਣ ਮਹਿਸੂਸ ਹੋਇਆ। ਇਸ ਰਵਾਇਤ ਦੀ ਬਦੌਲਤ ਮੈਂ ਹੁਣੇ ਪੇਟ ਦਾ ਰੱਜ ਕਰਕੇ ਹਟਿਆ ਸਾਂ ਅਤੇ ਹੁਣ ਉਸ ਸਰਦਾਰ ਦੀ ਟਿੱਪਣੀ ਨੇ ਮੇਰੀ ਰੂਹ ਨੂੰ ਵੀ ਰਜਾ ਦਿੱਤਾ ਸੀ। ਮੈਨੂੰ ਆਪਣੇ ਗੁਰੂਆਂ ਉਤੇ ਮਾਣ ਹੋਇਆ ਜਿਨ੍ਹਾਂ ਨੇ ਸਮਾਜ ਦੇ ਹਰੇਕ ਵਰਗ ਨੂੰ ਆਪਣਾ ਜਾਣਿਆਂ, ਉਨ੍ਹਾਂ ਸਭਨਾਂ ਲਈ ਗੁਰੂ-ਘਰ ਦੇ ਸਭ ਦਰਵਾਜ਼ੇ ਖੁੱਲ੍ਹੇ ਰੱਖੇ, ਉਨ੍ਹਾਂ ਵਾਸਤੇ ‘ਰਾਜਾ-ਰੰਕ’ ਦਾ ਭੇਦ ਮਿਟਾ ਕੇ ਇਕੋ ਪੰਗਤ ਵਿਚ ਬੈਠ ਕੇ ਲੰਗਰ ਛਕਾਉਣ ਦੀ ਸ਼ਾਨਦਾਰ ਪ੍ਰਥਾ ਸ਼ੁਰੂ ਕੀਤੀ। ਜਿੰਨ੍ਹਾ ਦੇ ਦਰਬਾਰ ਵਿਚ ਆਇਆ ਕੋਈ ਵੀ ਅਜਨਬੀ ਭੁੱਖਾ ਨਹੀਂ ਸੀ ਰਹਿੰਦਾ ਕਿਉਂਕਿ, ‘ਪਹਿਲੇ ਪੰਗਤ ਪਾਛੈ ਸੰਗਤ’ ਦੇ ਕਥਨ ਮੁਤਾਬਕ ਹਰੇਕ ਅਇਆ ਸ਼ਰਧਾਲੂ ਜਾਂ ਰਾਹੀ-ਪਾਂਧੀ ਗੁਰੁ-ਦਰਬਾਰ ਵਿਚ ਹਾਜ਼ਰ ਹੋਣ ਤੋਂ ਪਹਿਲਾਂ ਲੰਗਰ ਦਾ ਪਰਸ਼ਾਦਾ ਛਕਦਾ ਸੀ। ਲੰਮਾ ਸਫ਼ਰ ਝਾਗ ਕੇ, ਦੂਰੋਂ-ਦੂਰੋਂ ਆਏ ਭੁੱਖੇ-ਪਿਆਸੇ ਯਾਤਰੀਆਂ ਦੀ ਇਸ ਪਹਿਲੀ ਲੋੜ ਦਾ ਵੀ ਗੁਰੂ ਸਾਹਿਬ ਨੂੰ ਕਿੰਨਾ ਖ਼ਿਆਲ ਸੀ!
ਮੇਰੇ ਲਾਗੇ ਬੈਠੇ ਸਰਦਾਰ ਇਤਿਹਾਸ ਤੋਂ ਜਾਣੂ ਸਨ। ਇੱਕ ਜਣਾ ਪੰਜਾ ਸਾਹਿਬ ਦੀ ਸਾਖ਼ੀ ਸੁਣਾ ਰਿਹਾ ਸੀ ਕਿ ਕਿਵੇਂ ਗੁਰੂ ਕੇ ਬਾਗ ਦੇ ਮੋਰਚੇ ਦੇ ਕੈਦੀ ਸਿੰਘਾਂ ਲਈ ਪੰਜਾ ਸਾਹਿਬ ਦੀ ਸੰਗਤ, ‘ਦੁੱਧ, ਚਾਹ ਤੇ ਪਦਾਰਥ ਮੇਵੇ ਲੈ ਕੇ ਪੁੱਜੀ ਹੋਈ ਸੀ ਤਾਕਿ ਆਪਣੇ ਭੁੱਖੇ ਭਰਾਵਾਂ ਨੂੰ ਭੋਜਨ ਛਕਾ ਸਕੇ। ਗੱਡੀ ਨਾ ਰੁਕਣ ‘ਤੇ ਉਨ੍ਹਾਂ ਨੇ ਆਪਣੀਆਂ ਛਾਤੀਆਂ ‘ਤੇ ਰੇਲ ਦੇ ਪਹੀਏ ਥੰਮ ਲਏ ਸਨ। ਡਰਾਈਵਰ ਦੇ ਕੰਨ ਵੀ ਉਨ੍ਹਾਂ ਦੀਆਂ ਗੱਲਾਂ ਵੱਲ ਸਨ।
ਜੰਡਿਆਲਾ ਆ ਗਿਆ ਸੀ। ਅੱਗੇ ਕਾਨਿਆਂ ਨਾਲ ਟੰਗੀਆਂ ਕੇਸਰੀ ਝੰਡੀਆਂ ਲਹਿਰਾਉਂਦਿਆਂ ਅਗਲੇ ਲੰਗਰ ਵਾਲਿਆਂ ਨੇ ਸੜਕ ਰੋਕੀ ਹੋਈ ਸੀ।
‘ਭਾਊ! ਹੁਣੇ ਅਜੇ ਮਾਨਾਂ ਵਾਲੇ ਤੋਂ ਲੰਗਰ ਛਕ ਕੇ ਆਏ ਹਾਂ’ ਡਰਾਈਵਰ ਨੇ ਹੱਥ ਜੋੜੇ। ਤਿੰਨੇ ਸਰਦਾਰ ਮੁਸਕਰਾ ਰਹੇ ਸਨ।
‘ਪਰਸ਼ਾਦਾ ਨਹੀਂ ਤਾਂ ਥੋੜ੍ਹਾ ਥੋੜ੍ਹਾ ਚਾਹਟਾ ਹੀ ਛਕਦੇ ਜਾਓ! ਐਵੇਂ ਤਾਂ ਅਸਾਂ ਵੀ ਨਹੀਂ ਜਾਣ ਦੇਣਾ!’ ਉਨ੍ਹਾਂ ਦੇ ਬੋਲਾਂ ਵਿਚ ਮੋਹ ਭਿੱਜੀ ਮਿੱਠੀ ਜਿਹੀ ਧਮਕੀ ਸੀ। ਲਾਗਲੇ ਸਰਦਾਰ ਨੂੰ ‘ਚਾਹਟਾ ਛਕ ਕੇ ਜਾਣ’ ਦੀ ਜ਼ਿਦ ਕਰਨ ਵਾਲੇ ਸਿੰਘਾਂ ਦੇ ਚਿਹਰਿਆਂ ਵਿਚੋਂ ਸ਼ਾਇਦ ਪੰਜਾ ਸਾਹਿਬ ਦੀ ਸੰਗਤ ਦੇ ਚਿਹਰਿਆਂ ਦਾ ਨੂਰ ਦਿਖਾਈ ਦਿੱਤਾ। ਉਸਨੇ ਆਪਣੀ ਘੜੀ ‘ਤੇ ਨਜ਼ਰ ਮਾਰ ਕੇ ਐਤਕੀਂ ਥੋੜ੍ਹੀ ਆਜਜ਼ੀ ਨਾਲ ਡਰਾਈਵਰ ਨੂੰ ਕਿਹਾ, ‘ਚੱਲ ਯਾਰ! ਹੋਰ ਪੰਜਾਂ ਮਿੰਟਾਂ ਨਾਲ ਕੀ ਫ਼ਰਕ ਪੈਣ ਲੱਗਾ। ਕਰ ਲੈਣ ਦੇ ਇਨ੍ਹਾਂ ਨੂੰ ਵੀ ਆਪਣਾ ਰਾਂਝਾ ਰਾਜ਼ੀ। ਚੱਲੋ ਭਈ ਸਿੰਘੋ! ਪੰਜਾਂ ਮਿੰਟਾਂ ਤੋਂ ਵੱਧ ਨਾ ਲਾਇਆ ਜੇ।’
ਚਾਹ ਵਾਲੀਆਂ ਬਾਲਟੀਆਂ ਅਤੇ ਗਲਾਸ ਫੜੀ ਵਰਤਾਵੇ ਬੱਸ ਵਿਚ ਆ ਦਾਖ਼ਲ ਹੋਏ। ਕੁਝ ਹੇਠਾਂ ਜਾਂਦੇ ਸੂਰਜ ਵੱਲ ਵੇਖ ਰਹੇ ਸਨ ਅਤੇ ਕੁਝ ਗਰਮ ਚਾਹ ਦੀਆਂ ਚੁਸਕੀਆਂ ਭਰ ਰਹੇ ਸਨ। ਚਾਹ ਗਰਮ ਸੀ, ਪੀਂਦਿਆਂ-ਕਰਦਿਆਂ ਨੂੰ ਮਾਨਾਂਵਾਲੇ ਜਿੰਨਾ ਸਮਾਂ ਹੀ ਇਥੇ ਲੱਗ ਗਿਆ। ਦੋਵਾਂ ਥਾਵਾਂ ‘ਤੇ ਲੱਗੇ ਸਮੇਂ ਵਿਚ ਬੱਸ ਅੱਡੇ ਵਾਲੀ ਦੇਰੀ ਸ਼ਾਮਲ ਕੀਤਿਆਂ ਬੱਸ ਨਿਸਚਿਤ ਸਮੇਂ ਤੋਂ ਲਗਭਗ ਪੌਣਾ ਘੰਟਾ ਲੇਟ ਸੀ। ਜੰਡਿਆਲੇ ਤੱਕ ਪੁੱਜਣ ਵਾਲਾ ਸਮਾਂ ਵਿਚ ਜੋੜ ਕੇ ਸਵਾ ਛੇ ਹੋਣ ਵਾਲੇ ਸਨ। ਹੋਰ ਪੰਦਰਾਂ ਵੀਹਾਂ ਮਿੰਟਾਂ ਤੱਕ ਸੂਰਜ ਡੁੱਬਣ ਵਾਲਾ ਸੀ।
ਰਾਹ ਵਿਚ ਹੋਰ ਵੀ ਦੋ ਤਿੰਨ ਲੰਗਰ ਆਏ ਪਰ ਡਰਾਈਵਰ ਕਿਸੇ ਨਾ ਕਿਸੇ ਤਰੀਕੇ ਬੱਸ ਭਜਾ ਕੇ ਕੱਢ ਲਿਜਾਂਦਾ। ਇਕ ਲੰਗਰ ਵਿਚੋਂ ਭੱਜੀ ਜਾਂਦੀ ਬੱਸ ਉਤੇ ਕਿਸੇ ਮਨਚਲੇ ਨੇ ਪਿਛੋਂ ਰੋੜਾ ਵੀ ਮਾਰਿਆ।
ਮੇਰੇ ਨਾਲ ਬੈਠੀ ਕੱਟੀ ਦਾੜ੍ਹੀ ਵਾਲੀ ਸਵਾਰੀ ਹੌਲੀ ਜਿਹੀ ਫੁਸਫੁਸਾਈ, ‘ਇਹ ਵੀ ਕੀ ਗੱਲ ਹੋਈ! ਧੱਕੇ ਨਾਲ ਹੀ ਲੰਗਰ ਛਕਾਓ, ਧੱਕੇ ਨਾਲ ਹੀ ਉਚੀ ਸਪੀਕਰ ਲਾ ਕੇ ਬਾਣੀ ਸੁਣਾਓ।’
ਮੈਂ ਮੁਸਕਰਾ ਕੇ ਉਹਦੀ ਹਾਮੀ ਭਰੀ ਅਤੇ ਫਿਰ ਤਿੰਨਾਂ ਸਰਦਾਰਾਂ ਵੱਲ ਵੇਖਿਆ। ਉਹ ਆਪਣੀਆਂ ਘੜੀਆਂ ਵੇਖ ਕੇ ਲੁਧਿਆਣੇ ਪੁੱਜਣ ਦੇ ਸਮੇਂ ਦਾ ਅਨੁਮਾਨ ਲਾ ਰਹੇ ਸਨ। ਸੂਰਜ ਰੁੱਖਾਂ ਉਹਲੇ ਦਿਸਣੋ ਹਟ ਗਿਆ ਸੀ। ਰਈਏ ਫੇਰ ਲੰਗਰ ਵਾਲਿਆਂ ਸੜਕ ਰੋਕੀ ਹੋਈ ਸੀ। ਦੁਕਾਨਾਂ ਬੰਦ ਹੋ ਚੁੱਕੀਆਂ ਸਨ।
‘ਅਸੀਂ ਅੱਗੇ ਈ ਘੰਟਾ ਲੇਟ ਆਂ। ਲੁਧਿਆਣੇ ਪਹੁੰਚਣਾਂ। ਯਾਰ ਆਖ ਇਨ੍ਹਾਂ ਨੂੰ।’ ਡਰਾਈਵਰ ਨੇ ਪਿਛੋਂ ਕੋਲ ਆ ਖਲੋਤੇ ਅਤੇ ਬੱਸ ਚਲਾਉਣ ਲਈ ਜ਼ੋਰ ਪਾ ਰਹੇ ਬੱਸ ਨਾਲ ਜਾਣ ਵਾਲੇ ਸਕਿਉਰਟੀ ਵਾਲੇ ਦਾ ਤਰਲਾ ਲਿਆ।
‘ਮੇਰੇ ਢੇਰ ਆਖੇ ਲੱਗਣਗੇ ਇਹ!’ ਪੁਲਸੀਏ ਦੇ ਹੱਥ ਖੜੇ ਸਨ। ਸਵਾਰੀਆਂ ਨੇ ਬਾਰੀਆਂ ਦੀਆਂ ਕੁੰਡੀਆਂ ਅੰਦਰੋਂ ਚੰਗੀ ਤਰ੍ਹਾਂ ਬੰਦ ਕਰ ਲਈਆਂ ਸਨ। ਲੰਗਰ ਛਕਾਉਣ ਵਾਲੇ ਬਾਰੀਆਂ ਖੜਕਾ ਰਹੇ ਸਨ।
‘ਬਾਰੀ ਨਾ ਖੋਲਿਓ ਯਾਰ!’ ਕਿਸੇ ਨੇ ਆਖਿਆ। ਮੈਂ ਸੋਚਿਆ, ‘ਬਾਹਰ ਖਲੋਤੇ ਸੇਵਾਦਾਰ ਸਨ ਜਾਂ ਅੱਤਵਾਦੀ!’
‘ਲਿਆ ਭਰਾ, ਤੂੰ ਇੱਕ ਫੁਲਕੇ ‘ਤੇ ਮੈਨੂੰ ਦਾਲ ਪਾ ਦੇ ਤੇ ਸਮਝ ਲੈ ਸਾਰੀ ਸੰਗਤ ਨੇ ਲੰਗਰ ਛਕ ਲਿਆ’ ਡਰਾਈਵਰ ਨੇ ਆਖਿਆ।
‘ਚੱਲ ਠੀਕ ਐ’ ਅਗਲਿਆਂ ਦੇ ਮਨ ਮਿਹਰ ਪੈ ਗਈ। ਡਰਾਈਵਰ ਨੇ ਫੁਲਕਾ ਫੜ੍ਹ ਕੇ ਕੰਡਕਟਰ ਵੱਲ ਵਧਾਇਆ ਅਤੇ ਬੱਸ ਸਟਾਰਟ ਕਰ ਲਈ।
‘ਭਈ ਚੰਗੀ ਤਰਕੀਬ ਸੋਚੀ ਊ ਬਚਣ ਦੀ। ਵਾਹ! ਬਈ ਵਾਹ! ਆਹ ਤਾਂ ਧਰਤੀ ਹੇਠਲਾ ਧੌਲ ਬਣ ਕੇ ਦੂਜਿਆਂ ਦਾ ਭਾਰ ਚੁੱਕ ਲਿਆ ਈ।’ ਲਾਗਲੇ ਸਰਦਾਰਾਂ ‘ਚੋਂ ਇਕ ਨੇ ਗਦਗਦ ਹੋ ਕੇ ਡਰਾਈਵਰ ਦੀ ਪ੍ਰਸ਼ੰਸਾ ਕੀਤੀ। ਸਭ ਨੂੰ ਆਪਣੇ ਟਿਕਾਣਿਆਂ ‘ਤੇ ਪਹੁੰਚਣ ਦਾ ਫ਼ਿਕਰ ਸੀ। ਹਨੇਰਾ ਹੋਣ ਵਾਲਾ ਸੀ। ਰਾਹ ਵਿਚ ਬੱਸ ਰੋਕ ਕੇ ਸਟੇਨਾਂ ਵਾਲੇ ਵੀ ਅੰਦਰ ਵੜ ਸਕਦੇ ਸਨ।
ਬਾਬੇ ਬਕਾਲੇ ਮੋੜ ਉਤੇ ਘੁਸਮੁਸੇ ਵਿਚ ਫਿਰ ਕੇਸਰੀ ਝੰਡੀਆਂ ਲਹਿਰਾਉਂਦੀਆਂ ਵੇਖ ਕੇ ਉਨ੍ਹਾਂ ਸਰਦਾਰਾਂ ਵਿਚੋਂ ਹੀ ਇਕ ਜਣਾ ਬੋਲਿਆ, ‘ਲੈ! ਔਹ ਫੇਰ ਮੌਤ ਖਲੋਤੀ ਊ ਅੱਗੇ!’
ਏਨੇ ਚਿਰ ਵਿਚ ਬੱਸ ‘ਨਵੇਂ ਲੰਗਰ’ ਦੇ ਨੇੜੇ ਪਹੁੰਚ ਚੁੱਕੀ ਸੀ। ਉਹੋ ਹੀ ਸਰਦਾਰ ਡਰਾਈਵਰ ਨੂੰ ਲਲਕਾਰ ਕੇ ਕਹਿਣ ਲੱਗਾ, ‘ਬੱਸ ਰੋਕੀਂ ਨਾ! ਜੇ ਕੋਈ ਥੱਲੇ ਆਉਂਦਾ ਤਾਂ ਆ ਜਾਏ। ਕੀ ਮਖ਼ੌਲ ਬਣਾਇਆ ਐ ਇਨ੍ਹਾਂ ਨੇ! ਜਿਥੇ ਵੇਖੋ ‘ਪਿਉ ਵਾਲਾ ਲੰਗਰ’ ਲਾ ਕੇ ਬੈਠੇ ਨੇ! ਅੱਗੇ ਭਾਵੇਂ ਕੋਈ ‘ਗੋਲੀਆਂ ਦਾ ਲੰਗਰ’ ਛਕਾ ਦਿੰਦਾ ਹੋਵੇ।’
ਡਰਾਈਵਰ ਹੌਂਸਲਾ ਕਰਕੇ ਬੱਸ ਕੱਢ ਕੇ ਲੈ ਗਿਆ। ਸਭ ਨੇ ਸੁਖ ਦਾ ਡੂੰਘਾ ਸਾਹ ਭਰਿਆ।
ਮੈਂ ‘ਪਿਉ ਦਾ ਲੰਗਰ’ ਅਤੇ ‘ਗੁਰੂ ਦਾ ਲੰਗਰ’ ਦੇ ਅਰਥ ਸਮਝਣ ਵਿਚ ਰੁੱਝ ਗਿਆ।
-0-
