ਬੰਦੇ ਦਾ ਬਦਲ ਲੱਭਦਾ ਬੰਦਾ

ਡਾ ਗੁਰਬਖ਼ਸ਼ ਸਿੰਘ ਭੰਡਾਲ
ਬੰਦਾ ਆਪਣਾ ਬਦਲ ਲੱਭਣ ਲਈ ਹਮੇਸ਼ਾ ਯਤਨਸ਼ੀਲ। ਕਦੇ ਉਸ ਨੇ ਗ਼ੁਲਾਮ ਪ੍ਰਥਾ ਰਾਹੀਂ ਆਪਣਾ ਕੰਮ-ਕਾਜ ਦੂਸਰਿਆਂ ਕੋਲੋਂ ਕਰਵਾਇਆ। ਕਦੇ ਰਾਜੇ-ਰਾਣੀਆਂ, ਅਮੀਰਾਂ ਅਤੇ ਜਗੀਰਦਾਰਾਂ ਵਿਚ ਨੌਕਰ ਰੱਖਣ ਦੀ ਪਿਰਤ। ਦਰਅਸਲ ਇਹ ਬੰਦੇ ਦੀ ਬੰਦੇ ਨੂੰ ਨਿੱਜੀ ਮੁਫ਼ਾਦ ਅਤੇ ਅਰਾਮਪ੍ਰਸਤੀ ਲਈ ਵਰਤਣ ਦੀ ਖ਼ਾਹਿਸ਼। ਇਸ ਮਾਨਸਿਕ ਬਿਰਤੀ ਨੇ ਸਮੇਂ ਨਾਲ ਕਈ ਹੋਰ ਰੂਪ ਅਖ਼ਤਿਆਰ ਕੀਤੇ ਜਿਸ ਕਾਰਨ ਬੰਦੇ ਵੱਲੋਂ ਖ਼ੁਦ ਦੀ ਬਜਾਏ ਹੱਥੀ ਤਿਆਰ ਕੀਤੇ ਔਜ਼ਾਰ, ਵਿਗਿਆਨਕ ਲਭਤਾਂ, ਸਿਹਤ-ਸਹੂਲਤਾਂ ਤੇ ਨਿਰਭਰਤਾ ਦਿਨ-ਬ-ਦਿਨ ਵਧਦੀ ਜਾ ਰਹੀ। ਇਸ ਬਿਰਤੀ ਨੇ ਮਨੁੱਖ ਨੂੰ ਆਲਸੀ ਅਤੇ ਆਤਮ ਨਿਰਭਰਤਾ ਤੋਂ ਹੀਣਾ ਬਣਾ ਛੱਡਿਆ। ਮਨੁੱਖ ਵਿਚ ਰੋਬੋਟੀ ਆਦਤਾਂ ਦਾ ਆ ਜਾਣਾ ਬਹੁਤ ਹੀ ਸੁਭਾਵਕ ਵਰਤਾਰਾ ਬਣਦਾ ਜਾ ਰਿਹਾ। ਯਾਦ ਰੱਖਣਾ ਜਦੋਂ ਮਨ ਵਿਚੋਂ ਮਨੁੱਖੀ ਸੰਵੇਦਨਾਵਾਂ ਮਨਫ਼ੀ ਹੋ ਜਾਣ ਅਤੇ ਉਸ ਦੀ ਅੱਖ ਵਿਚ ਕਿਸੇ ਦੀ ਪੀੜਾ ਨੂੰ ਦੇਖ ਹੰਝੂ ਨਾ ਆਵੇ ਤਾਂ ਸਮਝੋ ਬੰਦਾ ਜਿਊਂਦੀ ਉਹਦੀ ਬਣ ਚੁੱਕਾ ਹੈ।

ਕਦੇ ਸਮਾਂ ਸੀ ਕਿ ਖੇਤਾਂ ਵਿਚ ਹੱਥੀ ਉਗਾਈਆਂ ਸਬਜ਼ੀਆਂ, ਦਾਲਾਂ, ਅਨਾਜ ਆਦਿ ਘਰ ਨੂੰ ਬਹਿਸ਼ਤ ਬਣਾਉਂਦੀਆਂ ਅਤੇ ਹਰ ਜੀਅ ਲਈ ਨਿਆਮਤਾਂ ਹੁੰਦੀ। ਖੇਤੀਂ ਗੇੜਾ ਮਾਰ ਕੇ ਨਿੱਤ ਦਿਨ ਵਧਦੀਆਂ ਫ਼ਸਲਾਂ ਨੂੰ ਨਿਹਾਰਨਾ ਅਤੇ ਉਨ੍ਹਾਂ ਨੂੰ ਔਲਾਦ ਵਾਂਗ ਪਾਲਣਾ, ਮਨੁੱਖ ਦਾ ਧਰਮ ਸੀ। ਜ਼ਰਖੇਜ਼ ਧਰਤੀ, ਸਾਫ਼ ਹਵਾ ਅਤੇ ਪਾਕ ਪਾਣੀ ਮਨੁੱਖ ਦੀ ਸਿਹਤਯਾਬੀ ਦਾ ਰਾਜ਼ ਸਨ। ਜਦ ਤੋਂ ਮਨੁੱਖ ਨੇ ਜੀਐਮ ਬੀਜ, ਕੀਟਨਾਸ਼ਕ ਦਵਾਈਆਂ ਅਤੇ ਰਸਾਇਣਿਕ ਖਾਂਦਾ ਦੀ ਬਹੁਤਾਤ ਵਰਤੋਂ ਵਿਚੋਂ ਜ਼ਿਆਦਾ ਕਮਾਈ ਦਾ ਰਾਹ ਲੱਭਿਆ ਹੈ, ਉਸ ਨੇ ਮਨੁੱਖ ਨੂੰ ਖੇਤਾਂ ਤੋਂ ਤਾਂ ਦੂਰ ਕੀਤਾ ਹੀ, ਸਗੋਂ ਧਰਤੀ ਨੂੰ ਬਾਂਝ, ਮਨੁੱਖ ਨੂੰ ਨਾਮਰਦ, ਵਾਤਾਵਰਣ ਨੂੰ ਜ਼ਹਿਰੀਲਾ ਅਤੇ ਪਾਣੀ ਨੂੰ ਪਲੀਤ ਕਰਕੇ ਆਪਣੀ ਕਬਰ ਪੁੱਟਣੀ ਸ਼ੁਰੂ ਕਰ ਦਿੱਤੀ। ਹੱਥੀਂ ਕਿਰਤ ਨੂੰ ਤਿਆਗ ਕੇ ਵਿਹਲੜ ਬਣਿਆ ਮਨੁੱਖ ਅਲਾਮਤਾਂ ਦਾ ਸ਼ਿਕਾਰ। ਸਾਡੇ ਬਜ਼ੁਰਗ 90-95 ਸਾਲ ਤੱਕ ਬਿਨਾਂ ਕਿਸੇ ਦਵਾਈ ਤੋਂ ਅਰੋਗ ਰਹੇ ਕਿਉਂਕਿ ਉਨ੍ਹਾਂ ਦੇ ਮਨਾਂ ਵਿਚ ਕਿਰਤ-ਕਮਾਈ ਦਾ ਸੁੱਚਮ ਅਤੇ ਕੁਦਰਤ ਨਾਲ ਸਾਂਝ, ਉਨ੍ਹਾਂ ਦੀ ਜੀਵਨ-ਸ਼ੈਲੀ ਸੀ।
ਮਾਵਾਂ ਹੱਥੀਂ ਖਾਣਾ ਬਣਾਉਂਦੀਆਂ ਜਿਨ੍ਹਾਂ ਵਿਚ ਉਨ੍ਹਾਂ ਦੇ ਚਾਅ-ਲਾਡ ਅਤੇ ਦੁਆਵਾਂ ਗੁੰਨੀਆਂ ਹੁੰਦੀਆਂ। ਡੱਬਾਬੰਦ ਖਾਣਾ ਖਾ ਕੇ ਅਸੀਂ ਮਮਤਾਈ ਮੋਹ ਤੋਂ ਵਿਰਵੇ ਤਾਂ ਹੋਣਾ ਹੀ ਸੀ, ਸਗੋਂ ਇਨ੍ਹਾਂ ਖਾਣਿਆਂ ਵਿਚ ਮਿਲੇ ਹੋਏ ਰਸਾਇਣਾਂ ਕਾਰਨ ਆਪਣੀ ਸਿਹਤ ਨੂੰ ਵੀ ਅਸੀਂ ਖ਼ੁਦ ਹੀ ਵਿਗਾੜਿਆ। ਅਸੀਂ ਹੱਥੀ ਖਾਣਾ ਬਣਾਉਣ ਦਾ ਬਦਲ ਤਾਂ ਲੱਭ ਲਿਆ, ਪਰ ਇਹ ਸੋਚਿਆ ਹੀ ਨਹੀਂ, ਕਿ ਜਦ ਸਾਡੇ ਬੱਚੇ ਮੋਟਾਪੇ ਦਾ ਸ਼ਿਕਾਰ ਹੋ ਗਏ, ਦਿਲ ਦੀਆਂ ਬਿਮਾਰੀਆਂ ਲੱਗ ਗਈਆਂ ਅਤੇ ਵਡੇਰੀ ਉਮਰ ਵਾਲੀਆਂ ਬਿਮਾਰੀਆਂ ਛੋਟੀ ਉਮਰੇ ਹੀ ਲੱਗ ਗਈਆਂ ਤਾਂ ਇਹ ਆਪਣੀ ਉਮਰ ਕਿੰਨੀ ਪੀੜਾ ਨਾਲ ਭੋਗਣਗੇ? ਦਿਨ ਤਾਂ ਅਜੇਹੇ ਵੀ ਆ ਜਾਣੇ ਕਿ ਖਾਣੇ ਦਾ ਇਕ ਕੈਪਸੂਲ ਖਾ ਕੇ ਹੀ ਕਈ ਕਈ ਦਿਨ ਭੁੱਖ ਨਹੀਂ ਲੱਗਣੀ ਜਿਵੇਂ ਪੁਲਾੜ ਯਾਤਰੀਆਂ ਨੂੰ ਮਜਬੂਰੀ ਵੱਸ ਖਾਣੇ ਪੈਂਦੇ ਹਨ। ਇਨ੍ਹਾਂ ਕੈਪਸੂਲਾਂ ਨੇ ਸਾਹਾਂ ਦੀ ਗਿਣਤੀ ਨੂੰ ਪੁੱਠਾ ਗੇੜ ਦੇ ਦੇਣਾ।
ਕਦੇ ਸਮਾਂ ਸੀ ਕਿ ਬਜ਼ੁਰਗ ਕਦਮਾਂ ਨਾਲ ਖੇਤ ਮਿਣ ਲਿਆ ਕਰਦੇ। ਗਿੱਠਾਂ ਨਾਲ ਲੰਬਾਈ-ਚੌੜਾਈ ਅਤੇ ਗੁਣਾ-ਘਟਾਓ ਮੂੰਹ ਜ਼ੁਬਾਨੀ ਕਰ ਲਿਆ ਕਰਦੇ ਸਨ। ਪਹਾੜੇ ਤਾਂ ਸਾਨੂੰ ਹੁਣ ਤੀਕ ਵੀ ਯਾਦ ਆ। ਪਰ ਬੰਦੇ ਨੇ ਇਨ੍ਹਾਂ ਦਾ ਬਦਲ ਕੈਲਕੂਲੇਟਰ ਕਿਹਾ ਲੱਭਿਆ ਕਿ ਦਿਮਾਗ਼ੀ ਵਰਤੋਂ ਹੀ ਖ਼ਤਮ ਕਰ ਲਈ। ਕੀ ਦਿਮਾਗ਼ੀ ਕਸਰਤ ਤੋਂ ਬਗੈਰ ਬੰਦੇ ਦਾ ਦਿਮਾਗ਼ੀ ਸੰਤੁਲਨ ਕਾਇਮ ਰਹਿ ਸਕਦਾ? ਦਰਅਸਲ ਬੰਦੇ ਨੇ ਸੋਚਿਆ ਕਿ ਐਵੇਂ ਮਗ਼ਜ਼ ਖਪਾਈ ਦੀ ਕੀ ਲੋੜ ਹੈ ਪਰ ਇਹ ਮਹਿੰਗੀ ਬਹੁਤ ਪੈਣੀ ਹੈ।
ਕਦੇ ਅਧਿਆਪਕ ਪੂਰਨਿਆਂ ਰਾਹੀਂ ਸਾਡੀ ਲਿਖਤ ਨੂੰ ਨਿਖਾਰਦੇ ਪਰ ਅਸੀਂ ਕੰਪਿਊਟਰ ਤੇ ਕੇਹੇ ਨਿਰਭਰ ਹੋ ਗਏ ਕਿ ਸਾਡੀ ਲਿਖਤ ਦੀ ਸੁੰਦਰਤਾ ਹੀ ਖ਼ਤਮ ਹੋ ਗਈ। ਇਹ ਕੇਹੀ ਤਰੱਕੀ ਕਿ ਬੰਦੇ ਨੂੰ ਕੁਝ ਵੀ ਸੋਚਣ, ਸਮਝਣ ਜਾਂ ਸਿਰਜਣਾਤਮਿਕਤਾ ਦੀ ਲੋੜ ਹੀ ਨਾ ਰਹੇ? ਕੀ ਕਲਾ ਅਤੇ ਸਿਰਜਣ ਜਿਊਂਦੀ ਰਹੇਗੀ? ਕੀ ਚੈਟਜੀਪੀ ਰਾਹੀਂ ਲਿਖੀ ਕਹਾਣੀ, ਲੇਖ ਜਾਂ ਨਾਟਕ ਵਿਚ ਲਿਖਾਰੀ ਦੇ ਨਿੱਜੀ ਅਨੁਭਵ, ਜਜ਼ਬਾਤ ਅਤੇ ਮਾਨਵੀ ਭਾਵਨਾਵਾਂ ਨੂੰ ਦਰਸਾਇਆ ਜਾ ਸਕੇਗਾ? ਇਹ ਬੰਦੇ ਦੀ ਤਰਾਸਦੀ ਹੀ ਕਹੀ ਜਾ ਸਕਦੀ ਕਿ ਅੱਜ ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸ ਟੀਚਿੰਗ, ਮੀਡੀਆ, ਮਨੋਰੰਜਨ ਅਤੇ ਸਮਾਜਿਕ ਖੇਤਰਾਂ ਵਿਚ ਬੜੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਹੁਣ ਤਾਂ ਤੁਹਾਨੂੰ ਇਕੱਲ ਵੀ ਮਹਿਸੂਸ ਨਹੀਂ ਹੋਵੇਗੀ। ਤੁਸੀਂ ਸੀਰੀ ਰਾਹੀਂ ਕਿਸੇ ਵੀ ਵਿਸ਼ੇ ਅਤੇ ਨਿੱਜੀ ਭਾਵਨਾਵਾਂ ਬਾਰੇ ਖੁੱਲ ਕੇ ਗੱਲਬਾਤ ਕਰ ਸਕਦੇ ਹੋ ਜਾਂ ਰੋਬੋਟੀ ਜੀਵਨ-ਸਾਥੀ ਰਾਹੀਂ ਦਿਲਲਗੀਆਂ ਕਰ ਸਕਦੇ ਹੋ (ਇਸ ਬਾਰੇ ਪਿੱਛੇ ਜਿਹੇ ਪੰਜਾਬੀ ਕਹਾਣੀ ਵੀ ਛਪੀ ਹੈ)। ਪਰ ਇਕ ਦੂਜੇ ਦਾ ਸਪਰਸ਼, ਇਕ ਦੂਜੇ ਵੰਨੀ ਮੋਹਭਿਜੀ ਤੱਕਣੀ, ਬਾਂਹਾਂ ਦੀ ਗਲਵੱਕੜੀ ਦਾ ਨਿੱਘ ਜਾਂ ਸਹਿਲਾਉਣ ਵਰਗੇ ਅਹਿਸਾਸ ਤਾਂ ਆਪਣਾ ਮਾਤਮ ਮਨਾਉਣ ਜੋਗੇ ਰਹਿ ਜਾਣਗੇ। ਪਰਿਵਾਰ ਦਾ ਨਿੱਘ, ਮਿੱਤਰਾਂ ਦਾ ਸਾਥ, ਮੱਸਿਆ-ਮੇਲਿਆਂ ਦੀਆਂ ਰੌਣਕਾਂ ਅਤੇ ਤਿਉਹਾਰਾਂ ਦੌਰਾਨ ਮਿਲਣ ਵਾਲਾ ਹੁਲਾਸ ਅਤੇ ਦਿਲੀ ਚਾਅ ਦੀ ਭਰਪਾਈ ਕੌਣ ਕਰੇਗਾ?
ਬੰਦੇ ਨੇ ਆਪਣਾ ਬਦਲ ਲੱਭਣ ਦਾ ਕਿਹਾ ਅਸਾਨ ਤਰੀਕਾ ਲੱਭਿਆ ਕਿ ਰੋਬੋਟ ਬਣਾਏ ਜਾਣ। ਅਜਿਹੀ ਪ੍ਰੋਗਰਾਮਿੰਗ ਕੀਤੀ ਜਾਵੇ ਕਿ ਉਹ ਬੰਦੇ ਦੀਆਂ ਲੋੜਾਂ ਨੂੰ ਸਮਝ ਕੇ ਪੂਰਾ ਕਰ ਸਕੇ। ਪਰ ਕੀ ਰੋਬੋਟ ਬੰਦਾ ਬਣ ਸਕਦਾ ਹੈ? ਕੀ ਬੰਦੇ ਦੇ ਮਨ ਵਿਚ ਆਏ ਅਚਨਚੇਤੀ ਹਾਵ-ਭਾਵ ਅਤੇ ਮਨ ਦੀਆਂ ਉਡਾਣ ਨੂੰ ਪਕੜ ਸਕਦਾ ਹੈ? ਕੀ ਉਹ ਇਹ ਸਮਝ ਸਕੇਗਾ ਕਿ ਕੀ ਅਮਰੀਕਾ ਵਿਚ ਬੈਠਾ ਸ਼ਖ਼ਸ ਮਨ ਵਿਚ ਆਪਣੇ ਪਿੰਡ ਵਿਚਲੇ ਘਰ ਨੂੰ ਚਿਤਾਰਦੈ? ਖੇਤਾਂ ਦਾ ਗੇੜਾ ਲਾਉਣ ਲਈ ਫਿਰਨੀ ਤੋਂ ਬਾਹਰ ਜਾ ਰਿਹਾ ਹੈ? ਕੀ ਬੰਦਾ ਚਾਹੁੰਦਾ ਹੈ ਕਿ ਧਰਤੀ ਨੂੰ ਰੋਬੋਟਾਂ ਦੀ ਬਸਤੀ ਹੀ ਬਣਾ ਲਿਆ ਜਾਵੇ। ਫਿਰ ਬੰਦੇ ਦੇ ਰਹਿਣ ਦਾ ਕੀ ਅਰਥ ਰਹਿ ਜਾਵੇਗਾ? ਰੋਬੋਟਾਂ ਵਿਚ ਘਿਰਿਆ ਬੰਦਾ ਰੋਬੋਟ ਹੀ ਬਣ ਜਾਵੇਗਾ ਅਤੇ ਬੰਦੇ ਦਾ ਨਾਮੋ-ਨਿਸ਼ਾਨ ਸਦਾ ਲਈ ਮਿਟ ਜਾਵੇਗਾ।
ਬੰਦੇ ਨੇ ਕਾਰ ਚਲਾਉਣ ਦੀ ਜ਼ਹਿਮਤ ਤੋਂ ਛੁਟਕਾਰਾ ਪਾਉਣ ਲਈ ਡਰਾਈਵਰ ਲੈਸ ਕਾਰਾਂ ਦੀ ਖੋਜ ਤਾਂ ਕਰ ਲਈ ਤਾਂ ਕਿ ਉਹ ਕਾਰ ਵਿਚ ਜਾਂਦਿਆਂ ਸੌਂ ਸਕੇ ਜਾਂ ਫ਼ੋਨ ਤੇ ਸੋਸ਼ਲ ਮੀਡੀਆ ਅੱਪਡੇਟ ਕਰਦਾ ਰਹੇ। ਪਰ ਕਾਰ ਚਲਾਉਂਦਿਆਂ ਸਾਥੀ ਸਵਾਰੀ ਨਾਲ ਕੋਸੀ-ਕੋਸੀ ਗੁਫ਼ਤਗੂ, ਆਲੇ-ਦੁਆਲੇ ਦੇ ਦ੍ਰਿਸ਼ਾਂ ਨੂੰ ਨਿਹਾਰਨਾ ਅਤੇ ਕੁਦਰਤ ਦੀ ਅਸੀਮ ਸੁੰਦਰਤਾ ਨੂੰ ਆਪਣੇ ਅੰਤਰੀਵ ਵਿਚ ਉਤਾਰਨ ਦਾ ਵਿਸਮਾਦ ਤਾਂ ਸਦਾ ਲਈ ਮਰਨ ਮਿੱਟੀ ਹੋ ਜਾਵੇਗਾ। ਕੰਪਿਊਟਰ ਰਾਹੀਂ ਪ੍ਰੋਗਰਾਮਡ ਕਾਰ ਡਰਾਈਵਰ ਕੀ ਕੋਈ ਅਚਨਚੇਤੀ ਫ਼ੈਸਲਾ ਕਰ ਸਕਦਾ ਹੈ ਜਦ ਇਕ ਦਮ ਕੋਈ ਹਿਰਨ ਆ ਜਾਵੇ, ਰਾਹ ਵਿਚ ਖੱਡਾ ਹੋਵੇ ਜਾਂ ਕਾਰ ਵਿਚ ਕੋਈ ਟੈਕਨੀਕਲ ਨੁਕਸ ਪੈ ਜਾਵੇ ਤਾਂ ਵੱਡੇ ਜਾਨੀ ਨੁਕਸਾਨ ਜਾਂ ਹੋਰ ਆਰਥਿਕ ਨੁਕਸਾਨ ਹੋਣ ਦਾ ਡਰ ਤਾਂ ਬਣਿਆ ਰਹੇਗਾ। ਨੈੱਟਵਰਕਿੰਗ ਵਿਚ ਆਏ ਨੁਕਸ ਜਾਂ ਟੈਕਨੀਕਲ ਕਾਰਨਾਂ ਕਰਕੇ ਕਈ ਵਾਰ ਕੁਝ ਘੰਟਿਆਂ ਲਈ ਕਈ ਏਅਰਲਾਈਨਾਂ ਦੀਆਂ ਉਡਾਣਾਂ ਹੀ ਬੰਦ ਹੋ ਜਾਂਦੀਆਂ ਹਨ। ਟੈਕਨਾਲੋਜੀ ਤੇ ਬਹੁਤ ਜ਼ਿਆਦਾ ਨਿਰਭਰਤਾ ਨੁਕਸਾਨ ਦੇਹ ਹੋ ਸਕਦੀ ਹੈ ਕਿਉਂਕਿ ਟੈਕਨਾਲੋਜੀ ਮਨੁੱਖ ਨਹੀਂ ਹੋ ਸਕਦੀ, ਜੋ ਬਦਲਦੇ ਹਾਲਤਾਂ ਵਿਚ ਲੋੜ ਅਨੁਸਾਰ ਕੋਈ ਫ਼ੈਸਲਾ ਲੈ ਲਵੇ।
ਟੈਕਨਾਲੋਜੀ ਨੇ ਜੀਵਨ ਦੇ ਹਰ ਖੇਤਰ ਵਿਚ ਹੀ ਪੈਰ ਪਸਾਰ ਲਏ ਹਨ ਜਿਸ ਕਰਕੇ ਇਸ ਤੋਂ ਨਿਜਾਤ ਪਾਉਣਾ ਹੁਣ ਮੁਸ਼ਕਲ ਜਾਪਦਾ ਹੈ। ਮਨੁੱਖੀ ਮੁਹਾਰਤ ਅਤੇ ਸੁਹਜ ਸੰਵੇਦਨਾ ਨਾਲ ਜੁੜੇ ਮੈਡੀਕਲ ਵਰਗੇ ਕਿੱਤਿਆਂ ਵਿਚ ਜਦ ਟੈਲੀ ਮੈਡੀਸਨ, ਰੋਬੋਟ ਸਰਜਰੀ ਸਮੇਤ ਬਹੁਤ ਸਾਰੀਆਂ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਦਾ ਆਗਾਜ਼ ਹੋ ਜਾਵੇ ਤਾਂ ਮਰੀਜ਼ ਅਤੇ ਡਾਕਟਰ ਵਿਚਲੇ ਮਾਨਵੀ ਭਾਵਨਾ ਵਾਲੇ ਮਨੁੱਖੀ ਸੰਸਕਾਰਾਂ ਦਾ ਕੀ ਬਣੇਗਾ? ਮਰੀਜ਼ ਲਈ ਰੱਬ ਵਰਗੇ ਡਾਕਟਰ ਦੀ ਪੂਜਾ ਕਰਨੀ ਤਾਂ ਦੂਰ ਦੀ ਗੱਲ ਹੋ ਜਾਵੇਗੀ। ਮਰੀਜ਼ ਦੀ ਨਬਜ਼ ਟੋਹ ਕੇ ਉਸ ਦੀ ਧੜਕਣ ਵਿਚੋਂ ਉਸ ਦੀਆਂ ਅਲਾਮਤਾਂ ਦੀ ਉਹਦੀਆਂ ਕਰਦਿਆਂ ਉਸ ਮਰੀਜ਼ ਦੇ ਨੈਣਾਂ ਦੀ ਉਦਾਸੀ ਅਤੇ ਨਿਰਾਸ਼ਾ ਦੀ ਥਾਵੇਂ ਉਮੀਦ ਦੀ ਕਿਰਨ ਧਰਨ ਵਾਲੇ ਡਾਕਟਰ ਦਾ ਇਸ ਕਿੱਤੇ ਵਿਚੋਂ ਸੂਖਮ ਰੂਪ ਵਿਚ ਅਲੋਪ ਹੋ ਜਾਣਾ, ਮਰੇ ਮਨੁੱਖੀ ਅਹਿਸਾਸਾਂ ਦੀ ਚੀਸ ਬਣ ਜਾਵੇਗਾ।
ਜਦ ਅਸੀਂ ਕੁਰਸੀ ‘ਤੇ ਬੈਠੇ ਅਲੈਕਸਾ ਜਾਂ ਸੀਰੀ ਨੂੰ ਹੁਕਮ ਦਿੰਦੇ ਹਾਂ-ਫਲਾਣੀ ਲਾਈਟ ਬੁਝਾ ਦੇ, ਫਲਾਣਾ ਪੱਖਾ ਚਲਾ ਦੇ, ਕਮਰੇ ਦੀ ਸਫ਼ਾਈ ਸ਼ੁਰੂ ਕਰ ਦੇ ਜਾਂ ਫਲਾਣੇ ਵਿਅਕਤੀ ਨੂੰ ਫ਼ੋਨ ਲਗਾ ਦੇ ਜਾਂ ਮੈਨੂੰ ਇਹ ਜਾਣਕਾਰੀ ਦੇ ਤਾਂ ਇਹ ਬੰਦੇ ਦੇ ਆਲਸ, ਨਿਕੰਮੇਪਣ ਅਤੇ ਸੁਸਤੀ ਦਾ ਪ੍ਰਤੀਕ ਹੁੰਦੈ। ਉਹ ਹੱਥੀਂ ਕੁਝ ਵੀ ਕਰਨ ਜਾਂ ਦਿਮਾਗ਼ ਨਾਲ ਸੋਚਣ ਦੀ ਬਜਾਏ ਸਿਰਫ਼ ਹੁਕਮ ਚਲਾਉਣਾ ਜਾਣਦੈ। ਉਹ ਸਮਝਦਾ ਹੈ, ਇਹ ਟੈਕਨਾਲੋਜੀ ਉਸ ਦੀ ਗ਼ੁਲਾਮ ਹੈ। ਪਰ ਸੱਚ ਇਹ ਹੈ ਕਿ ਅਜੋਕਾ ਮਨੁੱਖ ਟੈਕਨਾਲੋਜੀ ਦਾ ਗ਼ੁਲਾਮ ਹੋ ਗਿਆ ਹੈ॥ ਕਦੇ ਸਮਾਂ ਸੀ ਕਿ ਆਪਣੇ ਨੇੜਲਿਆਂ ਦੇ ਘਰ ਦੇ ਪਤੇ ਜਾਂ ਫ਼ੋਨ ਨੰਬਰ ਯਾਦ ਹੁੰਦੇ ਸਨ। ਪਰ ਅਸੀਂ ਸਭ ਕੁਝ ਹੀ ਭੁੱਲ ਗਏ, ਕਿਉਂਕਿ ਸਾਨੂੰ ਲੱਗਦਾ ਹੈ ਕਿ ਚੇਤੇ ਰੱਖਣ ਦੀ ਲੋੜ ਨਹੀਂ, ਜਦੋਂ ਮਰਜ਼ੀ ਫ਼ੋਨ ਵਿਚੋਂ ਲੱਭ ਲਵਾਂਗੇ। ਕੀ ਅਸੀਂ ਦਿਮਾਗ਼ੀ ਯਾਦਦਾਸ਼ਤ ਤਾਂ ਨਹੀਂ ਗਵਾ ਰਹੇ? ਕੀ ਸਾਡਾ ਦਿਮਾਗ਼ ਸਾਡੇ ਵਾਂਗ ਵਿਹਲੜ ਤਾਂ ਨਹੀਂ ਹੋ ਰਿਹਾ? ਕੀ ਇਸ ਆਦਤ ਨੇ ਸਾਨੂੰ ਪਾਰਕਿਨਸਨ ਵਰਗੀਆਂ ਬਿਮਾਰੀਆਂ ਤਾਂ ਨਹੀਂ ਦਿੱਤੀਆਂ?
ਮਨੁੱਖ ਦੇ ਸਮੁੱਚੇ ਵਿਕਾਸ ਦਾ ਮੂਲ ਅਧਾਰ ਹੈ ਸਰੀਰਕ ਸਬੰਧਾਂ ਦੀ ਸਾਰਥਿਕਤਾ। ਅਜੋਕਾ ਮਨੁੱਖ ਤਾਂ ਅਜਿਹੀ ਸਾਰਥਿਕਤਾ ਵੀ ਭੁੱਲਦਾ ਜਾ ਰਿਹਾ। ਉਹ ਕਈ ਵਾਰ ਤਾਂ ਗੈਰ-ਕੁਦਰਤੀ ਸਰੀਰਕ ਸਬੰਧਾਂ ਵਿਚੋਂ ਮਾਨਸਿਕ ਤ੍ਰਿਪਤੀ ਭਾਲਦਾ ਹੈ। ਵਿਆਹ ਵਰਗੀ ਪਾਕ-ਪਰੰਪਰਾ ਨੂੰ ਉਲੰਘ ਕੇ ਲਿਵ ਇਨ ਰਿਲੇਸ਼ਨ ਵਰਗੇ ਸੰਬੰਧ ਬਣਾ ਰਿਹਾ ਹੈ। ਕੀ ਇਹ ਸੰਬੰਧ ਮਨੁੱਖੀ ਸਿਹਤ ਅਤੇ ਸਮਾਜਿਕ ਵਰਤਾਰੇ ਲਈ ਸਹੀ ਹਨ? ਕੀ ਜੀਵਨ ਸਾਥੀ ਨਾਲ ਰੂਹ ਨਾਲ ਸਥਾਪਤ ਹੋਏ ਸੰਬੰਧਾਂ ਦੀ ਖ਼ੁਸ਼ਬੂ ਅਤੇ ਖ਼ੂਬਸੂਰਤੀ ਨੂੰ ਮਾਣਿਆ ਜਾ ਸਕਦਾ ਹੈ? ਅਜੇਹੇ ਵਰਤਾਰੇ ਵਿਚੋਂ ਹੀ ਫਰਟਿਲਿਟੀ ਸੈਂਟਰਾਂ ਦਾ ਉਭਾਰ ਹੋਇਆ। ਪਰ ਇਸ ਤੋਂ ਵੀ ਖ਼ਤਰਨਾਕ ਹੈ ਸਿਹਤਮੰਦ ਜੋੜੇ ਵੱਲੋਂ ਆਪਣੀ ਸਰੀਰਕ ਦਿੱਖ ਨੂੰ ਸੰਭਾਲਣ ਲਈ, ਔਲਾਦ ਪੈਦਾ ਕਰਨ ਵਾਸਤੇ ਕਿਰਾਏ ਦੀ ਕੁੱਖ ਲੈਣ ਦਾ ਰੁਝਾਨ। ਭਲਾ ਨੌਂ ਮਹੀਨੇ ਆਪਣੀ ਕੁੱਖ ਵਿਚ ਬੱਚੇ ਨੂੰ ਪਾਲਣ, ਉਸ ਨਾਲ ਹਰ ਪਲ ਤੇ ਹਰ ਸਾਹ ਜੁੜੇ ਰਹਿਣਾ ਅਤੇ ਉਸ ਨਾਲ ਕਰਨ ਵਾਲੀ ਮੋਹ-ਭਿੱਜੀ ਵਾਰਤਾਲਾਪ ਦਾ ਕੀ ਬਣੇਗਾ? ਕੁੱਖ ਵਿਚ ਪਲਣ ਵਾਲੇ ਬੱਚੇ ਬਾਰੇ ਮਾਂ ਦੇ ਲਏ ਹੋਏ ਸੁਪਨਿਆਂ ਦਾ ਸੋਗ ਉਸ ਬੱਚੇ ਨੂੰ ਹੰਢਾਉਣਾ ਪਵੇਗਾ। ਕੀ ਅਜਿਹੀ ਔਲਾਦ ਕਿਰਾਏ ਦੀ ਕੁੱਖ ਵਾਲੀ ਔਰਤ ਦੀ ਭਾਵਨਾਵਾਂ ਦੀ ਤਰਜਮਾਨ ਨਹੀਂ ਹੋਵੇਗੀ ਜਿਸ ਨੇ ਨੌਂ ਮਹੀਨੇ ਕੁੱਖ ਵਿਚ ਬੱਚੇ ਨੂੰ ਪਾਲਿਆ ਹੋਵੇਗਾ? ਗਰਭ ਵਿਚ ਪਲ ਰਹੇ ਬੱਚੇ ਬਾਰੇ ਉਸ ਔਰਤ ਦੀ ਸੰਵੇਦਨਾ ਕੀ ਹੋਵੇਗੀ ਜਿਸ ਦਾ ਉਸ ਜੋੜੇ ਨੂੰ ਬਿਲਕੁਲ ਅਹਿਸਾਸ ਨਹੀਂ ਹੋਵੇਗਾ ਜਿਸ ਨੇ ਕੁੱਖ ਨੂੰ ਕਿਰਾਏ ‘ਤੇ ਲਿਆ ਹੋਵੇਗਾ। ਸੋਚਣਾ! ਕੀ ਅਜਿਹੀ ਔਲਾਦ ਖ਼ੂਬਸੂਰਤ ਸੰਸਾਰ ਲਈ ਇਕ ਵਰਦਾਨ ਹੋਵੇਗੀ ਜਾਂ ਸਰਾਪ? ਗੰਭੀਰ ਪ੍ਰਸ਼ਨ ਹਨ।
ਕਲੋਨਿੰਗ ਦਾ ਮੁੱਢ ਤਾਂ ਕਈ ਸਾਲ ਪਹਿਲਾਂ ਹੀ ਬੱਝ ਚੁੱਕਾ ਹੈ। ਅਗਰ ਇਸ ਕਲੋਨਿੰਗ ਨੇ ਮਨੁੱਖੀ ਕਲੋਨਿੰਗ ਦਾ ਰੂਪ ਧਾਰ ਲਿਆ ਤਾਂ ਕੋਈ ਵੀ ਆਪਣੀ ਮਨਮਰਜ਼ੀ ਦਾ ਮਨੁੱਖੀ ਕਲੋਨ ਪੈਦਾ ਕਰ ਸਕੇਗਾ। ਉਸ ਦੀਆਂ ਅੱਖਾਂ ਦਾ ਰੰਗ ਕੀ ਹੋਵੇ, ਮੁਹਾਂਦਰਾ ਕਿਹਾ ਹੋਵੇ, ਨੈਣ-ਨਕਸ਼, ਚਮੜੀ ਦਾ ਰੰਗ ਅਤੇ ਕਿਸ ਨਸਲ ਦਾ ਹੋਵੇ, ਇਹ ਸਭ ਕੁਝ ਨਿਰਧਾਰਿਤ ਕੀਤਾ ਜਾ ਸਕੇਗਾ। ਇਹ ਵੀ ਸੰਭਵ ਹੋ ਸਕਦਾ ਕਿ ਇਕ ਅਮੀਰ ਵਿਅਕਤੀ ਆਪਣੇ ਵਰਗੇ ਕਲੋਨਾਂ ਦੀ ਫ਼ੌਜ ਹੀ ਤਿਆਰ ਕਰ ਲਵੇ? ਤੁਸੀਂ ਕੁਝ ਵੀ ਨਹੀਂ ਕਰ ਸਕਦੇ।
ਯਾਦ ਰਹੇ ਕਿ ਟੈਕਨਾਲੋਜੀ ਪੰਜਾਹ ਬੰਦਿਆਂ ਦਾ ਬਦਲ ਤਾਂ ਹੋ ਸਕਦੀ ਹੈ ਪਰ ਇਕ ਬਹੁਤ ਹੀ ਚਿੰਤਨਸ਼ੀਲ, ਸੰਵੇਦਨਸ਼ੀਲ ਅਤੇ ਸੋਚਵਾਨ ਦਾ ਕਦੇ ਬਦਲ ਨਹੀਂ ਹੋ ਸਕਦੀ।
ਬੰਦਾ ਤਾਂ ਹਾਲਤਾਂ ਅਨੁਸਾਰ ਖ਼ੁਦ ਨੂੰ ਬਦਲ ਲੈਂਦਾ, ਆਪਣੇ ਆਪ ਨੂੰ ਹਰ ਹਾਲਤ ਵਿਚ ਢਾਲਣਾ, ਮਾਨਸਿਕ ਤੌਰ ਤੇ ਸੰਤੁਲਨ ਰੱਖਣਾ ਅਤੇ ਚੌਗਿਰਦੇ ਅਨੁਸਾਰ ਖ਼ੁਦ ਨੂੰ ਢਾਲ ਲੈਣਾ, ਬੰਦੇ ਦਾ ਹਾਸਲ। ਟੈਕਨਾਲੋਜੀ ਕਦੇ ਵੀ ਬੰਦੇ ਦਾ ਬਦਲ ਨਹੀਂ ਹੋ ਸਕਦੀ।
ਬਹੁਤ ਕੁਝ ਅਣਚਾਹਿਆ ਅਤੇ ਅਣਕਿਆਸਿਆ ਭਵਿੱਖ ਵਿਚ ਵਾਪਰ ਸਕਦੈ, ਕਿਉਂਕਿ ਬੰਦਾ ਖ਼ੁਦ ਨੂੰ ਮਨਫ਼ੀ ਕਰਕੇ ਆਪਣੇ ਬਦਲ ਵਿਚੋਂ ਹੀ ਸੁਖਨ ਭਾਲਣ ਦੀ ਬੇਕਾਰ ਕੋਸ਼ਿਸ਼ ਕਰ ਰਿਹਾ ਹੈ। ਦਰਅਸਲ ਬੰਦਾ ਆਪਣਾ ਬਦਲ ਭਾਲਦਿਆਂ-ਭਾਲਦਿਆਂ ਖ਼ੁਦ ਹੀ ਗਵਾਚ ਗਿਆ ਹੈ। ਉਸ ਦੇ ਗਵਾਚਣ ਨਾਲ ਗਵਾਚ ਰਹੀ ਹੈ, ਮਨੁੱਖੀ ਸੰਵੇਦਨਾ, ਸੁਹਜ ਸੰਬੰਧਾਂ ਵਿਚਲੀ ਸਾਫ਼ਗੋਈ, ਸਲੀਕਾ ਅਤੇ ਸਮਝਦਾਰੀ। ਇਹ ਹੀ ਸਭ ਤੋਂ ਖ਼ਤਰਨਾਕ ਰੁਝਾਨ ਅਤੇ ਇਸ ਨੇ ਕਰਨਾ ਮਨੁੱਖ ਦਾ ਸਭ ਤੋਂ ਵੱਧ ਨੁਕਸਾਨ।
ਮਨੁੱਖ ਵੱਲੋਂ ਕਿਸੇ ਕਾਰਜ ਦੀ ਕਾਮਯਾਬੀ ਅਤੇ ਕੀਰਤੀ ਨੂੰ ਵਧਾਉਣ ਲਈ ਟੈਕਨਾਲੋਜੀ ਵਰਤਣਾ ਮਾੜਾ ਨਹੀਂ, ਪਰ ਟੈਕਨਾਲੋਜੀ ਦਾ ਮਨੁੱਖ ਤੇ ਹਾਵੀ ਹੋ ਜਾਣਾ ਅਤੇ ਇਸ ਵਰਤਾਰੇ ਦੌਰਾਨ ਮਨੁੱਖ ਦੇ ਵਜੂਦ ਨੂੰ ਪੈਦਾ ਹੋਣ ਵਾਲੇ ਖ਼ਤਰੇ ਤੋਂ ਅਨਜਾਣਤਾ ਮਨੁੱਖੀ ਵਿਨਾਸ਼ ਦਾ ਆਰੰਭ ਹੋ ਸਕਦੀ ਹੈ। ਰੋਬੋਟ ਕੰਟਰੋਲਡ ਐਟਮ ਬੰਬਾਂ ਦਾ ਜ਼ਖ਼ੀਰਾ ਅਗਰ ਖ਼ੁਦ-ਨਾ-ਖਾਸਤਾ ਰੋਬੋਟਾਂ ਦੀ ਕਿਸੇ ਗ਼ਲਤੀ ਕਾਰਨ ਐਟਮ ਯੁੱਧ ਹੋ ਜਾਂਦਾ ਹੈ ਤਾਂ ਇਸ ਧਰਤੀ ਤੋਂ ਮਨੁੱਖ ਦਾ ਖ਼ਤਮ ਹੋ ਜਾਣਾ ਲਾਜ਼ਮੀ ਹੈ। ਅਜੇਹੇ ਭਵਿੱਖੀ ਖ਼ਤਰਨਾਕ ਅਤੇ ਮਨੁੱਖ ਮਾਰੂ ਸੰਭਾਵਨਾਵਾਂ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਟੈਕਨਾਲੋਜੀ ‘ਤੇ ਨਿਰਭਰਤਾ ਘਟਾਈ ਜਾਵੇ। ਪਰ ਇਸ ਲਈ ਪਹਿਲ ਵੀ ਤਾਂ ਮਨੁੱਖ ਨੂੰ ਹੀ ਕਰਨੀ ਪੈਣੀ ਹੈ।