ਉੱਘੇ ਸਮਾਜ ਸੇਵੀ ਡਾ. ਅਮਰਜੀਤ ਸਿੰਘ ਮਰਵਾਹ ਦਾ ਦੇਹਾਂਤ

ਉੱਘੇ ਸਮਾਜ ਸੇਵਕ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਮਰਵਾਹ ਦੇ 7 ਜਨਵਰੀ ਨੂੰ ਵਿਛੋੜਾ ਦੇ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਉਹ 98 ਸਾਲ ਦੇ ਸਨ, 99 ਸਾਲ ਦੇ ਹੋਣ ਤੋਂ ਸਿਰਫ਼ ਇੱਕ ਮਹੀਨਾ ਦੂਰ ਸਨ। ਡਾ. ਮਾਰਵਾਹ ਸਫਲ ਪੇਸ਼ੇਵਰ, ਵਚਨਬੱਧ ਨਾਗਰਿਕ ਅਤੇ ਸਮਰਪਿਤ ਸਿੱਖ ਸਨ, ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੇ ਜੀਵਨ ਵਿਚ ਵੱਡਾ ਯੋਗਦਾਨ ਪਾਇਆ।

ਡਾ. ਮਰਵਾਹ ਪੰਜਾਬ ਦੇ ਕੋਟਕਪੂਰਾ ਵਿਚ ਵੱਡੇ ਹੋਏ ਅਤੇ ਲਾਹੌਰ ਦੇ ਡੈਂਟਲ ਕਾਲਜ ਵਿਚੋਂ 1947 ਵਿਚ ਗ੍ਰੈਜੂਏਸ਼ਨ ਕੀਤੀ। 1953 ਵਿਚ, ਪੰਜਾਬ ਵਿਚ 4 ਸਾਲ ਦੰਦਾਂ ਦੇ ਡਾਕਟਰ ਵਜੋਂ ਕੰਮ ਕਰਨ ਤੋਂ ਬਾਅਦ, ਉਨ੍ਹਾਂ ਨੂੰ ਨਿਊਯਾਰਕ ਵਿਚ ਗੁਗਨਹਾਈਮ ਡੈਂਟਲ ਫਾਊਂਡੇਸ਼ਨ ਵਿਚ ਕੰਮ ਕਰਨ ਲਈ ਫੁਲਬ੍ਰਾਈਟ ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ ਗਈ। ਇੱਕ ਸਾਲ ਬਾਅਦ, ਉਨ੍ਹਾਂ ਨੂੰ ਸ਼ਿਕਾਗੋ ਵਿਚ ਯੂਨੀਵਰਸਿਟੀ ਆਫ਼ ਇਲੀਨੋਇ ਡੈਂਟਲ ਕਾਲਜ ਵਿਚ ਦੰਦਾਂ ਦੇ ਵਿਗਿਆਨ ਵਿਚ ਮਾਸਟਰਜ਼ ਆਫ਼ ਸਾਇੰਸ ਪੂਰਾ ਕਰਨ ਲਈ ਸਕਾਲਰਸ਼ਿਪ ਦਿੱਤੀ ਗਈ। 1956 ਵਿਚ, ਉਹ ਵਾਸ਼ਿੰਗਟਨ ਡੀ.ਸੀ. ਵਿਚ ਹਾਰਵਰਡ ਯੂਨੀਵਰਸਿਟੀ ਤੋਂ ਦੰਦਾਂ ਦੀ ਸਰਜਰੀ ਦੀ ਡਾਕਟਰੇਟ ਪੂਰੀ ਕਰਨ ਲਈ ਗਏ ਅਤੇ ਅੰਤ ਵਿੱਚ ਮਾਲੀਬੂ, ਸੀਏ ਵਿੱਚ ਸੈਟਲ ਹੋ ਗਏ, ਜਿੱਥੇ ਹਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਉਨ੍ਹਾਂ ਕੋਲ ਆਪਣੇ ਦੰਦਾਂ ਦੇ ਇਲਾਜ ਲਈ ਆਉਂਦੀਆਂ ਸਨ, ਜਿਨ੍ਹਾਂ ਵਿਚ ਐਲਿਜ਼ਾਬੈਥ ਟੇਲਰ, ਗ੍ਰੈਗਰੀ ਪੈਕ, ਅਤੇ ਸਿਡਨੀ ਪੋਇਟੀਅਰ ਦੇ ਨਾਂ ਸ਼ੁਮਾਰ ਹਨ। ਉਥੇ ਉਨ੍ਹਾਂ ਨੇ ਘੱਟ ਆਮਦਨੀ ਵਾਲੇ ਗਾਹਕਾਂ ਦੀ ਸੇਵਾ ਵੀ ਕੀਤੀ।
ਆਪਣੇ ਲਾਭਦਾਇਕ ਪੇਸ਼ੇਵਰ ਕਰੀਅਰ ਤੋਂ ਇਲਾਵਾ, ਡਾ. ਮਰਵਾਹ ਰਾਜਨੀਤੀ ਵਿਚ ਸਰਗਰਮ ਸਨ ਅਤੇ ਅਮਰੀਕਾ ਦੇ ਨਾਲ-ਨਾਲ ਉਨ੍ਹਾਂ ਨੇ ਭਾਰਤ ਵਿਚ ਆਪਣੇ ਭਾਈਚਾਰੇ ਵਿਚ ਖਾਸ ਥਾਂ ਬਣਾਈ। ਅਮਰੀਕਾ ਵਿਚ, ਉਨ੍ਹਾਂ ਦਲੀਪ ਸਿੰਘ ਸੌਂਦ ਦੀ ਪਹਿਲੇ ਏਸ਼ੀਅਨ ਕਾਂਗਰਸਪਰਸਨ ਬਣਨ ਦੀ ਮੁਹਿੰਮ ਦਾ ਸਮਰਥਨ ਕੀਤਾ। 1969 ਵਿਚ, ਗੁਰੂ ਨਾਨਕ ਦੇਵ ਜੀ ਦੀ 500ਵੀਂ ਵਰ੍ਹੇਗੰਢ ਦੌਰਾਨ, ਉਨ੍ਹਾਂ ਨੇ ਹਾਲੀਵੁੱਡ ਸਿੱਖ ਮੰਦਰ ਬਣਾਉਣ ਲਈ ਲੋੜੀਂਦੀ ਇਮਾਰਤ ਅਤੇ ਜਾਇਦਾਦ ਦਾਨ ਕੀਤੀ, ਅਤੇ ਇਸ ਲਈ ਸ਼ੁਰੂਆਤੀ ਫੰਡਿੰਗ ਵੀ ਕੀਤੀ। ਲਾਸ ਏਂਜਲਸ ਵਿਚ ਗੁਰਦੁਆਰੇ ਦੀ ਸ਼ੁਰੂਆਤੀ ਉਸਾਰੀ ਅਤੇ ਬਾਅਦ ਵਿਚ ਮੁਰੰਮਤ ਲਈ ਵੀ ਫੰਡਿੰਗ ਕੀਤੀ। ਉਨ੍ਹਾਂ 100 ਤੋਂ ਵੱਧ ਭਾਰਤੀ-ਅਮਰੀਕੀ ਵਿਦਿਆਰਥੀਆਂ ਲਈ ਸਕਾਲਰਸ਼ਿਪ ਫੰਡ ਇਕੱਠੇ ਕੀਤੇ ਅਤੇ ਆਪਣੇ ਅਲਮਾ ਮੈਟਰ ਹਾਰਵਰਡ ਯੂਨੀਵਰਸਿਟੀ ਕਾਲਜ ਆਫ਼ ਡੈਂਟਿਸਟਰੀ ਵਰਗੀਆਂ ਸੰਸਥਾਵਾਂ ਦਾ ਸਮਰਥਨ ਕੀਤਾ, ਜਿੱਥੇ ਉਨ੍ਹਾਂ ਨੇ ਦਿ ਮਰਵਾਹ ਕੰਪ੍ਰੀਹੈਂਸਿਵ ਕੇਅਰ ਕਲੀਨਿਕ ਅਤੇ ਯੂਨੀਵਰਸਿਟੀ ਆਫ਼ ਇਲੀਨੋਇ ਕਾਲਜ ਆਫ਼ ਡੈਂਟਿਸਟਰੀ ਸਥਾਪਤ ਕਰਨ ਲਈ $ 300,000 ਦਾ ਯੋਗਦਾਨ ਪਾਇਆ। ਇੱਥੇ ਹੀ ਉਨ੍ਹਾਂ ਨੇ ਡਾ. ਅਮਰਜੀਤ ਐਸ. ਮਰਵਾਹ ਅਤੇ ਸ਼੍ਰੀਮਤੀ ਕੁਲਜੀਤ ਕੇ. ਮਰਵਾਹ ਫੈਕਲਟੀ ਐਂਡੋਮੈਂਟ ਫੰਡ ਬਣਾਉਣ ਲਈ 250,000 ਦਾ ਯੋਗਦਾਨ ਪਾਇਆ। ਭਾਰਤ ਵਿਚ, ਉਹ ਪੰਜਾਬ ਅਤੇ ਸਿੰਧ ਬੈਂਕ ਦੇ ਡਾ. ਇੰਦਰਜੀਤ ਸਿੰਘ ਦੇ ਨਾਲ ਬੈਂਕ ਆਫ਼ ਪੰਜਾਬ ਦੇ ਸਹਿ-ਸੰਸਥਾਪਕ ਸਨ। ਪੰਜਾਬ ਵਿਚ ਕਈ ਮਾਨਵਤਾਵਾਦੀ ਅਤੇ ਵਿਦਿਅਕ ਕਾਰਜਾਂ ‘ਤੇ ਉਨ੍ਹਾਂ 12 ਕਰੋੜ ਰੁਪਏ ਖਰਚ ਕੀਤੇ। ਉਨ੍ਹਾਂ ਫਰੀਦਕੋਟ, ਪੰਜਾਬ ਵਿਚ ਕੇ.ਕੇ. ਮਰਵਾਹ ਗਰਲਜ਼ ਕਾਲਜ (ਆਪਣੀ ਪਤਨੀ, ਕੁਲਜੀਤ ਕੌਰ ਮਰਵਾਹ ਦੇ ਨਾਮ ‘ਤੇ) ਸ਼ੁਰੂ ਕੀਤਾ। ਮਹਿੰਦਰਾ ਕਾਲਜ, ਪਟਿਆਲਾ ਵਿਚ, ਉਨ੍ਹਾਂ ਨੇ ਇੱਕ ਆਡੀਟੋਰੀਅਮ (ਆਪਣੀ ਸੱਸ, ਕਰਤਾਰ ਕੌਰ ਸੋਢੀ ਦੇ ਨਾਮ `ਤੇ ) ਬਣਾਉਣ ਵਿਚ ਮਦਦ ਕੀਤੀ। 2023 ਵਿਚ, ਫਿਲਮ ਨਿਰਮਾਤਾ ਮ੍ਰਿਦੂ ਚੰਦਰਾ ਨੇ ਡਾ. ਮਰਵਾਹ ਨਾਲ ਆਉਣ ਵਾਲੀ ਇਕ ਦਸਤਾਵੇਜ਼ੀ ਫਿਲਮ ਲਈ ਇੰਟਰਵਿਊ ਫਿਲਮਾਈ ਜਿਸ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਦਲੀਪ ਸਿੰਘ ਸੌਂਦ ਇਤਿਹਾਸ ਵਿਚ ਅਮਰੀਕਾ ਦੇ ਪਹਿਲੇ ਏਸ਼ਿਆਈ, ਭਾਰਤੀ ਅਤੇ ਸਿੱਖ ਕਾਂਗਰਸ ਪਰਸਨ ਬਣੇ। ‘ਪੰਜਾਬ ਟਾਈਮਜ਼’ ਵਲੋਂ ਡਾ. ਮਰਵਾਹ ਨੂੰ ਭਾਵ ਭਿੰਨੀ ਸ਼ਰਧਾਂਜਲੀ।