ਹੁਣ ਹੋਂਦ ਖਾਤਰ ਜੂਝ ਰਹੇ ਨੇ ਖਾਲਿਸਤਾਨੀ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਵਿਚ ਬਾਦਲਾਂ ਦੇ ਦਾਬੇ ਨੂੰ ਤੋੜਨ ਲਈ ਗਰਮਖਿਆਲੀਆਂ ਦੇ ਸਾਰੇ ‘ਹਥਿਆਰ’ ਨਾਕਾਰਾ ਸਾਬਤ ਹੋਏ ਹਨ। ਹਥਿਆਰਬੰਦ ਸੰਘਰਸ਼ ਨੂੰ ਹੁਣ ਕੋਈ ਹੁੰਗਾਰਾ ਨਾ ਮਿਲਣ ਤੋਂ ਬਾਅਦ ਨਿਰਾਸ਼ ਹੋਏ ਖਾਲਿਸਤਾਨੀਆਂ ਨੇ ਸਿਆਸਤ ਵਿਚ ਆਪਣੀ ਹੋਂਦ ਬਣਾਈ ਰੱਖਣ ਲਈ ਚੋਣਾਂ ਲੜਨ ਦਾ ਰਾਹ ਚੁਣਿਆ ਹੈ ਪਰ ਕਈ ਧੜਿਆਂ ਵਿਚ ਵੰਡੇ ਹੋਣ ਕਾਰਨ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਤਾਂ ਚੋਣਾਂ ਲੜਨ ਤੋਂ ਹੀ ਪਾਸਾ ਵੱਟ ਲਿਆ ਹੈ ਪਰ ਸ਼੍ਰੋਮਣੀ ਅਕਾਲੀ ਦਲ (ਅ) ਨੇ ਵਾਰ-ਵਾਰ ਚੋਣਾਂ ਨਾ ਲੜਨ ਦਾ ਐਲਾਨ ਕਰਨ ਮਗਰੋਂ ਮੁੜ ਕਮਰਕੱਸ ਲਈ ਹੈ।
ਉਧਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਵੱਲੋਂ ਵੀ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਆਪਣੇ ਉਮੀਦਵਾਰ ਖੜ੍ਹੇ ਕਰਨ ਦੇ ਐਲਾਨ ਨਾਲ ਗਰਮਦਲੀਆਂ ਵੱਲ ਧਿਆਨ ਖਿੱਚਿਆ ਗਿਆ ਹੈ। ਭਾਈ ਰਾਜੋਆਣਾ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੋਈ ਹੈ ਜਿਸ ਕਰ ਕੇ ਉਹ ਖ਼ੁਦ ਚੋਣ ਨਹੀਂ ਲੜ ਸਕਦੇ। ਇਸ ਲਈ ਉਨ੍ਹਾਂ ਨੇ ਆਪਣੇ ਵੱਲੋਂ ਹੋਰ ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਹੈ। ਪਟਿਆਲਾ ਜੇਲ੍ਹ ਵਿਚ ਬੰਦ ਭਾਈ ਰਾਜੋਆਣਾ ਪਿਛਲੇ ਇਕ ਸਾਲ ਦੇ ਵੱਧ ਸਮੇਂ ਤੋਂ ਸਿੱਖ ਰਾਜਨੀਤੀ ਵਿਚ ਚਰਚਿਤ ਨਾਂ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਸੂਬੇ ਦੀ ਸਿੱਖ ਰਾਜਨੀਤੀ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਗਲਬਾ ਵਧਣ ਤੋਂ ਬਾਅਦ ਗਰਮਖਿਆਲ ਆਗੂ ਹਾਸ਼ੀਏ ‘ਤੇ ਚਲੇ ਗਏ ਹਨ। ਇਥੋਂ ਤੱਕ ਕਿ ਕਈ ਗਰਮਖਿਆਲ ਆਗੂਆਂ ਨੇ ਬਾਦਲਾਂ ਦਾ ਪੱਲਾ ਫੜਦਿਆਂ ਮੁੱਖ ਧਾਰਾ ਵਿਚ ਆਉਣਾ ਬਿਹਤਰ ਸਮਝਿਆ ਹੈ ਜੋ ਹੁਣ ਸਰਕਾਰ ਤੇ ਹਾਕਮ ਪਾਰਟੀ ਵਿਚ ਸੱਤਾ ਦਾ ‘ਨਿੱਘ’ ਮਾਣ ਰਹੇ ਹਨ। ਚੇਤੇ ਰਹੇ ਕਿ ਖਾੜਕੂਵਾਦ ਦੇ ਦੌਰ ਅਤੇ ਉਸ ਤੋਂ ਬਾਅਦ ਕਈ ਵਰ੍ਹਿਆਂ ਤੱਕ ਗਰਮਖਿਆਲ ਆਗੂਆਂ ਦਾ ਪੰਜਾਬ ਵਿਚ ਦਬਦਬਾ ਰਿਹਾ ਹੈ।
ਸਾਲ 1989 ਦੌਰਾਨ ਇਕ ਅਜਿਹਾ ਦੌਰ ਆਇਆ ਜਦੋਂ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਅਤੇ ਸਹਿਯੋਗ ਨਾਲ ਲੋਕ ਸਭਾ ਚੋਣਾਂ ਵਿਚ ਖੜ੍ਹੇ 11 ਉਮੀਦਵਾਰ ਚੋਣ ਜਿੱਤ ਗਏ। ਸ਼ ਮਾਨ ਉਸ ਸਮੇਂ ਜੇਲ੍ਹ ਵਿਚ ਨਜ਼ਰਬੰਦ ਸਨ ਤੇ ਤਰਨ ਤਾਰਨ ਲੋਕ ਸਭਾ ਹਲਕੇ ਤੋਂ ਰਿਕਾਰਡ ਵੋਟਾਂ ਨਾਲ ਜਿੱਤੇ ਸਨ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਇਸ ਤੋਂ ਬਾਅਦ ਅਜਿਹਾ ਸਮਾਂ ਵੀ ਆਇਆ ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਮੇਤ ਸਾਰੇ ਅਕਾਲੀ ਆਗੂਆਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਪ੍ਰਧਾਨ ਮੰਨ ਲਿਆ।
ਸ਼ ਮਾਨ ਨੂੰ 1996 ਤੇ 1998 ਦੀਆਂ ਚੋਣਾਂ ਦੌਰਾਨ ਲੋਕ ਸਭਾ ਹਲਕਾ ਸੰਗਰੂਰ ਤੋਂ ਬੇਸ਼ੱਕ ਸਫ਼ਲਤਾ ਨਹੀਂ ਸੀ ਮਿਲੀ ਪਰ ਉਹ 1999 ਦੀਆਂ ਚੋਣਾਂ ਦੌਰਾਨ ਸੁਰਜੀਤ ਸਿੰਘ ਬਰਨਾਲਾ ਨੂੰ ਹਰਾ ਕੇ ਪਾਰਲੀਮੈਂਟ ਤੱਕ ਪਹੁੰਚਣ ਵਿਚ ਕਾਮਯਾਬ ਹੋ ਗਏ ਸਨ। ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੌਰਾਨ ਨਮੋਸ਼ੀ ਦਾ ਸਾਹਮਣਾ ਹੀ ਕਰਨਾ ਪਿਆ ਹੈ। ਲੋਕ ਸਭਾ ਦੀਆਂ ਦੋ ਤੇ ਵਿਧਾਨ ਸਭਾ ਦੀਆਂ ਵੀ ਦੋ ਚੋਣਾਂ ਦੌਰਾਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਸ਼ ਮਾਨ ਦੇ ਕਈ ਸਾਬਕਾ ਸਾਥੀ ਇਸ ਸਮੇਂ ਅਕਾਲੀ ਦਲ ਵਿਚ ਜਾ ਚੁੱਕੇ ਹਨ। ਸ਼ ਮਾਨ ਨੇ ਵੀ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਸਾਰੀਆਂ ਸੀਟਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਹੈ। ਭਾਈ ਰਾਜੋਆਣਾ ਪਟਿਆਲਾ ਜਾਂ ਅਨੰਦਪੁਰ ਸਾਹਿਬ ਤੋਂ ਚੋਣ ਲੜਨਗੇ ਪਰ ਕਾਨੂੰਨੀ ਨੁਕਤੇ ਤੋਂ ਉਹ ਚੋਣ ਨਹੀਂ ਲੜ ਸਕਦੇ। ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਮਾਰਚ 2012 ਵਿਚ ਜਦੋਂ ਫਾਂਸੀ ਦੇਣ ਦਾ ਸਮਾਂ ਤੈਅ ਹੋਇਆ ਤਾਂ ਸਮੁੱਚੇ ਪੰਜਾਬ ਦੇ ਸਿੱਖ ਇਸ ਫਾਂਸੀ ਦੀ ਸਜ਼ਾ ਖਿਲਾਫ਼ ਨਿੱਤਰ ਆਏ। ਇਹ ਅਜਿਹਾ ਸਮਾਂ ਸੀ ਜਦੋਂ ਬੇਅੰਤ ਸਿੰਘ ਦੇ ਪਰਿਵਾਰ ਸਮੇਤ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਭਾਈ ਰਾਜੋਆਣਾ ਦੀ ਫਾਂਸੀ ਉਮਰ ਕੈਦ ਵਿਚ ਬਦਲਣ ਦੀ ਗੱਲ ਕਹੀ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਵਿਧਾਨ ਸਭਾ ਵਿਚ ਇਸ ਬਾਰੇ ਬਿਆਨ ਦਿੱਤਾ ਤੇ ਫਿਰ ਫਾਂਸੀ ਦੀ ਸਜ਼ਾ ਬਦਲਾਉਣ ਲਈ ਕੇਂਦਰ ਸਰਕਾਰ ਨਾਲ ਰਾਬਤਾ ਵੀ ਬਣਾਇਆ।
ਰਾਜਸੀ ਹਲਕਿਆਂ ਦਾ ਮੰਨਣਾ ਹੈ ਕਿ ਫਾਂਸੀ ਦੀ ਸਜ਼ਾ ਦੇ ਵਿਰੁੱਧ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਸਮਰਥਨ ਕਾਰਨ ਹੀ ਭਾਈ ਰਾਜੋਆਣਾ ਉਤਸ਼ਾਹਤ ਹਨ ਤੇ ਲੋਕ ਸਭਾ ਚੋਣਾਂ ਵਿਚ ਹਿੱਸਾ ਲੈਣ ਦੀ ਗੱਲ ਕਰ ਰਹੇ ਹਨ। ਇਹ ਗੱਲ ਵੱਖਰੀ ਹੈ ਕਿ ਉਸ ਵੇਲੇ ਪੰਜਾਬ ਦੇ ਹਾਲਾਤ ਸੁਖਾਵੇਂ ਰੱਖਣ ਲਈ ਬਾਦਲਾਂ ਨੇ ਕੇਂਦਰ ‘ਤੇ ਦਬਾਅ ਬਣਾਉਣ ਲਈ ਪੂਰਾ ਟਿੱਲ ਲਾਇਆ ਸੀ।
________________________
ਰਾਜੋਆਣਾ ਦੀ ਭੈਣ ਲੜੇਗੀ ਪਟਿਆਲਾ ਤੋਂ ਚੋਣ
ਪਟਿਆਲਾ: ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਲੋਕ ਸਭਾ ਹਲਕਾ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗੀ। ਭਾਈ ਰਾਜੋਆਣਾ ਨੇ ਜੇਲ੍ਹ ਤੋਂ ਚਿੱਠੀ ਭੇਜ ਕੇ ਇਹ ਐਲਾਨ ਕੀਤਾ। ਭਾਈ ਰਾਜੋਆਣਾ ਨੇ ਚਿੱਠੀ ਵਿਚ ਆਪਣੀ ਭੈਣ ਨੂੰ ‘ਪੰਥ ਦੀ ਧੀ’ ਦੱਸਦਿਆਂ ਸਮੁੱਚੇ ਪੰਥ ਨੂੰ ਇਸ ਚੋਣ ਵਿਚ ਉਸ ਨੂੰ ਪੂਰਾ ਸਹਿਯੋਗ ਦੇਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਪ੍ਰਕਿਰਿਆ ਤੋਂ ਦੂਰ ਰਹਿ ਕੇ ਕਦੇ ਵੀ ਕੌਮੀ ਹੱਕ ਤੇ ਇਨਸਾਫ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਸੜਕਾਂ ‘ਤੇ ਨਾਅਰੇਬਾਜ਼ੀ ਤੇ ਰੈਲੀਆਂ ਜ਼ਰੀਏ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਵੋਟ ਦੇ ਮਿਲੇ ਅਧਿਕਾਰ ਨਾਲ ਪੰਥ ਵਿਰੋਧੀ ਧਿਰਾਂ ਨੂੰ ਹਰਾ ਕੇ ਕੌਮੀ ਫ਼ਰਜ਼ ਅਦਾ ਕੀਤੇ ਜਾ ਸਕਦੇ ਹਨ।
ਭਾਈ ਰਾਜੋਆਣਾ ਮੁਤਾਬਕ ਉਨ੍ਹਾਂ ਦੀ ਚੋਣ ਮੁਹਿੰਮ ਦੌਰਾਨ ਨਸ਼ੇ ਤੇ ਪੈਸੇ ਆਦਿ ਦੀ ਵੰਡ ਕਰ ਕੇ ਮਾਨਵਤਾ ਦਾ ਅਪਮਾਨ ਨਹੀਂ ਕੀਤਾ ਜਾਵੇਗਾ। ਇਹ ਚੋਣ ਅਜਿਹੇ ਲੋਕਾਂ ਲਈ ਕਸੌਟੀ ਹੋਵੇਗੀ ਜੋ ਪਿਛਲੇ ਸਾਲ ਫ਼ਾਂਸੀ ਦੇ ਹੁਕਮ ਆਉਣ ਮਗਰੋਂ ਰਾਜਨੀਤਕ ਤੇ ਧਾਰਮਿਕ ਤੌਰ ‘ਤੇ ਉਨ੍ਹਾਂ ਦੀ ਸੋਚ ਦੇ ਹਾਮੀ ਬਣ ਕੇ ਲੋਕਾਂ ਵਿਚ ਵਿਚਰਦੇ ਰਹੇ ਹਨ। ਇਹ ਚੋਣ ਪਰਖ ਕਰੇਗੀ ਕਿ ਉਹ ਸੱਚ ਦੇ ਮਾਰਗ ਦੇ ਪਾਂਧੀ ਸਨ ਜਾਂ ਫਿਰ ਇਸ ਪਿੱਛੇ ਨਿੱਜੀ ਸਵਾਰਥ ਛੁਪੇ ਹੋਏ ਸਨ। ਪੱਤਰ ਵਿਚ ਉਨ੍ਹਾਂ ਨੇ ਸਮੂਹ ਬੁੱਧੀਜੀਵੀਆਂ, ਧਾਰਮਿਕ ਸੰਸਥਾਵਾਂ, ਟਕਸਾਲਾਂ ਤੇ ਸੰਤਾਂ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕਮਲਦੀਪ ਕੌਰ ਨੂੰ ਸਹਿਯੋਗ ਦੇ ਕੇ ਖ਼ਾਲਸਾ ਪੰਥ ਦੀ ਜਿੱਤ ਦੇ ਝੰਡੇ ਝੁਲਾਉਣ ਨੂੰ ਯਕੀਨੀ ਬਣਾਉਣ।

Be the first to comment

Leave a Reply

Your email address will not be published.