ਪਾਕਿਸਤਾਨੀ ਫੌਜ ਵੱਲੋਂ ਗੋਲੀਬੰਦੀ ਦੀ ਲਗਾਤਾਰ ਉਲੰਘਣਾ
ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਪਾਕਿਸਤਾਨ ਵਿਚ ਸੱਤਾ ਤਬਦੀਲੀ ਤੋਂ ਬਾਅਦ ਭਾਰਤ ਨਾਲ ਲੱਗਦੀ ਸਰਹੱਦ ‘ਤੇ ਗੜਬੜੀ ਹੋਰ ਵਧ ਗਈ ਹੈ ਜਿਸ ਨਾਲ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਤਣਾਅ ਵਧਣ ਦਾ ਖਤਰਾ ਹੈ। ਪਿਛਲੇ ਸਮੇਂ ਦੌਰਾਨ ਪਾਕਿ ਫੌਜ ਵੱਲੋਂ ਸਰਹੱਦ ‘ਤੇ ਭਾਰਤੀ ਸੈਨਿਕਾਂ ਦੇ ਸਿਰ ਕਲਮ ਕਰਨ ਮਗਰੋਂ ਭਾਰਤ ਸਰਕਾਰ ਨੇ ਬੇਸ਼ੱਕ ਸੰਜਮ ਤੋਂ ਕੰਮ ਲੈਂਦਿਆਂ ਇਸ ਮਾਮਲੇ ਨੂੰ ਨਜਿੱਠ ਲਿਆ ਸੀ ਪਰ ਹੁਣ ਫਿਰ ਪਾਕਿਸਤਾਨੀ ਫੌਜ ਵੱਲੋਂ ਰੋਜ਼ਾਨਾ ਹੀ ਕੰਟਰੋਲ ਰੇਖਾ ‘ਤੇ ਸਥਿਤ ਭਾਰਤੀ ਚੌਕੀਆਂ ‘ਤੇ ਗੋਲੀਬਾਰੀ ਕੀਤੀ ਜਾ ਰਹੀ ਹੈ ਜਿਸ ਵਿਚ ਕਈ ਜਵਾਨ ਜ਼ਖ਼ਮੀ ਹੋਏ ਹਨ। ਇਸ ਸਾਲ ਹੁਣ ਤੱਕ ਗੋਲੀਬੰਦੀ ਦੀ ਉਲੰਘਣਾ ਦੀਆਂ 136 ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਪਿਛਲੇ ਅੱਠ ਸਾਲਾਂ ਦੌਰਾਨ ਇਹ ਸਭ ਤੋਂ ਵੱਧ ਗਿਣਤੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਨਵਾਜ਼ ਸ਼ਰੀਫ ਦੀ ਸਰਕਾਰ ਬਣਨ ਤੋਂ ਬਾਅਦ ਭਾਰਤ-ਪਾਕਿਸਤਾਨ ਸਬੰਧਾਂ ਵਿਚ ਸੁਧਾਰ ਹੋਣ ਦੀ ਆਸ ਸੀ ਪਰ ਕੌਮਾਂਤਰੀ ਸਰਹੱਦ ‘ਤੇ ਅਤਿਵਾਦੀਆਂ ਦੀ ਘੁਸਪੈਠ ਦੀਆਂ ਵਧੀਆਂ ਕੋਸ਼ਿਸ਼ਾਂ ਤੇ ਪਾਕਿਸਤਾਨੀ ਫੌਜ ਦੀਆਂ ਵਧੀਕੀਆਂ ਕਾਰਨ ਹਾਲਾਤ ਤਣਾਅ ਵਾਲੇ ਬਣਦੇ ਜਾ ਰਹੇ ਹਨ। ਦੋਵਾਂ ਮੁਲਕਾਂ ਵਿਚਾਲੇ ਸਰਹੱਦ ‘ਤੇ ਗੋਲੀਬੰਦੀ ਦਾ ਸਮਝੌਤਾ ਹੋਇਆ ਹੈ ਪਰ ਫਿਰ ਵੀ ਤਕਰੀਬਨ ਰੋਜ਼ਾਨਾ ਹੀ ਗੋਲੀਬਾਰੀ ਹੋ ਰਹੀ ਹੈ ਜਿਸ ਨਾਲ ਸਰਹੱਦ ‘ਤੇ ਵਸੇ ਲੋਕ ਉਥੋਂ ਹਿਜਰਤ ਕਰਨ ਲਈ ਮਜਬੂਰ ਹੋ ਰਹੇ ਹਨ।
ਭਾਰਤ ਵਿਚ ਸਭਾ ਚੋਣਾਂ ਨੇੜੇ ਹੋਣ ਕਾਰਨ ਭਾਜਪਾ ਸਣੇ ਹੋਰ ਵਿਰੋਧੀ ਧਿਰਾਂ ਇਸ ਨੂੰ ਯੂæਪੀæਏæ ਸਰਕਾਰ ਦੀ ਨਾਕਾਮੀ ਕਰਾਰ ਦੇ ਕੇ ਸਿਆਸੀ ਮੁੱਦਾ ਬਣਾ ਰਹੀਆਂ ਹਨ ਜਿਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੀ ਹਰਕਤ ਵਿਚ ਆਈ ਹੈ। ਲੰਘੇ ਦਿਨ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਸਰਹੱਦੀ ਸੁਰੱਖਿਆ ਬਲ (ਬੀ ਐਸ ਐਫ) ਦੇ ਜਵਾਨਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ।
ਕੇਂਦਰੀ ਗ੍ਰਹਿ ਮੰਤਰੀ ਨੇ ਜੰਮੂ ਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਕੇਂਦਰੀ ਗ੍ਰਹਿ ਸਕੱਤਰ ਅਨਿਲ ਗੋਸਵਾਮੀ ਤੇ ਖ਼ੁਫ਼ੀਆ ਏਜੰਸੀਆਂ ਦੇ ਚੋਟੀ ਦੇ ਅਧਿਕਾਰੀਆਂ ਨਾਲ ਜੰਮੂ ਤੇ ਕਸ਼ਮੀਰ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਦੇ ਇਲਾਕੇ ਦਾ ਹਵਾਈ ਸਰਵੇਖਣ ਕੀਤਾ ਤੇ ਦੋ ਤਾਜ਼ਾ ਅਤਿਵਾਦੀ ਹਮਲਿਆਂ ਵਾਲੀਆਂ ਥਾਂਵਾਂ ਦਾ ਦੌਰਾ ਕੀਤਾ। ਸ੍ਰੀ ਸ਼ਿੰਦੇ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਪਾਕਿ ਫੌਜ ਦੀ ਗੋਲੀਬਾਰੀ ਨੂੰ ਬਰਦਾਸ਼ਤ ਨਹੀਂ ਕਰਨਗੇ।
ਜਵਾਨਾਂ ਨੂੰ ਪ੍ਰੇਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜਵਾਬੀ ਕਾਰਵਾਈ ਵਿਚ ਕੋਈ ਝਿਜਕ ਨਾ ਦਿਖਾਈ ਜਾਵੇ ਤੇ ਪਾਕਿ ਗੋਲੀਬਾਰੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ। ਜੰਮੂ-ਕਸ਼ਮੀਰ ਵਿਚ ਇਸ ਸਾਲ ਘੁਸਪੈਠ ਦੀਆਂ ਵਧ ਰਹੀਆਂ ਵਾਰਦਾਤਾਂ ਤੋਂ ਫਿਕਰਮੰਦ ਸ੍ਰੀ ਕੁਮਾਰ ਸ਼ਿੰਦੇ ਨੇ ਆਖਿਆ ਕਿ ਭਾਰਤ-ਪਾਕਿਸਤਾਨ ਸਰਹੱਦ ਦੇ ਉਸ ਪਾਰ ਅਤਿਵਾਦੀਆਂ ਨੂੰ ਘੁਸਪੈਠ ਲਈ ਸਿਖਲਾਈ ਦੇਣ ਪਿੱਛੇ ਲਸ਼ਕਰ-ਏ-ਤੋਇਬਾ ਦੇ ਮੋਢੀ ਹਾਫ਼ਿਜ਼ ਸਈਅਦ ਦਾ ਹੱਥ ਹੋ ਸਕਦਾ ਹੈ ਤੇ ਜਿੰਨੀ ਦੇਰ ਤੱਕ ਪਾਕਿਸਤਾਨ ਸਰਕਾਰ ਉਸ ਨੂੰ ਭਾਰਤ ਹਵਾਲੇ ਨਹੀਂ ਕਰਦੀ, ਇਹ ਸਮੱਸਿਆ ਰਹੇਗੀ।
ਉਧਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਜੋ ਇਸ ਵੇਲੇ ਅਮਰੀਕੀ ਦੌਰੇ ‘ਤੇ ਹਨ, ਨੇ ਕਿਹਾ ਕਿ ਪਾਕਿਸਤਾਨ ਅਤਿਵਾਦ ਦਾ ਮੁੱਖ ਕੇਂਦਰ ਨਹੀਂ ਹੈ, ਬਲਕਿ ਉਹ ਤਾਂ ਖੁਦ ਅਤਿਵਾਦ ਦਾ ਸ਼ਿਕਾਰ ਹੈ। ਉਨ੍ਹਾਂ ਇਕ ਵਾਰ ਫਿਰ ਕਸ਼ਮੀਰ ਦੇ ਮਸਲੇ ਨੂੰ ਹੱਲ ਕਰਵਾਉਣ ਲਈ ਅਮਰੀਕਾ ਦੇ ਦਖਲ ਦੀ ਗੱਲ ਕਰਦਿਆਂ ਕਿਹਾ ਕਿ ਅਮਰੀਕਾ, ਕਸ਼ਮੀਰ ਸਮੇਤ ਹੋਰ ਮੁੱਦਿਆਂ ‘ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਸਮਝੌਤੇ ਕਰਵਾ ਕੇ ਮਦਦ ਕਰ ਸਕਦਾ ਹੈ।
__________________________________
ਭਾਰਤ ਨੂੰ ਵਿਦੇਸ਼ੀ ਦਖ਼ਲ ਪ੍ਰਵਾਨ ਨਹੀਂ
ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਕਸ਼ਮੀਰ ਮਸਲਾ ਹੱਲ ਕਰਨ ਲਈ ਅਮਰੀਕੀ ਦਖ਼ਲ ਦੀ ਕੀਤੀ ਮੰਗ ਰੱਦ ਕਰਦਿਆਂ ਭਾਰਤ ਨੇ ਆਖਿਆ ਹੈ ਕਿ ਇਹ ਮਨਜ਼ੂਰ ਨਹੀਂ ਹੋਵੇਗੀ ਕਿਉਂਕਿ ਇਹ ਇਕ ਦੁਵੱਲਾ ਮਾਮਲਾ ਹੈ ਜਿਸ ਬਾਰੇ ਦੋਵਾਂ ਦੇਸ਼ਾਂ ਦੇ ਪੱਧਰ ‘ਤੇ ਗੱਲਬਾਤ ਕਰਨ ਦੀ ਸਹਿਮਤੀ ਬਣੀ ਹੋਈ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸਲਮਾਨ ਖੁਰਸ਼ੀਦ ਨੇ ਇਹ ਕਿਹਾ ਕਿ ਪਾਕਿਸਤਾਨ ਨੂੰ ਦਿੱਤੀ ਜਾਂਦੀ ਅਮਰੀਕੀ ਇਮਦਾਦ ਇਸ ਢੰਗ ਨਾਲ ਵਰਤੀ ਜਾਣੀ ਚਾਹੀਦੀ ਹੈ ਕਿ ਭਾਰਤ ਦੇ ਸੁਰੱਖਿਆ ਤੇ ਰਣਨੀਤਕ ਹਿੱਤਾਂ ਨੂੰ ਢਾਹ ਨਾ ਲੱਗੇ।
ਜ਼ਿਕਰਯੋਗ ਹੈ ਕਿ ਅਮਰੀਕੀ ਦੌਰੇ ‘ਤੇ ਗਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਸ਼ਮੀਰ ਮਸਲਾ ਸੁਲਝਾਉਣ ਵਿਚ ਅਮਰੀਕਾ ਤੋਂ ਮਦਦ ਮੰਗੀ ਹੈ। ਜਨਾਬ ਸ਼ਰੀਫ਼ ਨੇ ਆਖਿਆ ਕਿ ਕਾਰਗਿਲ ਟਕਰਾਅ ਵੇਲੇ ਜੁਲਾਈ 1999 ਦੇ ਆਪਣੇ ਅਮਰੀਕੀ ਦੌਰੇ ਮੌਕੇ ਵੀ ਉਨ੍ਹਾਂ ਉਸ ਵੇਲੇ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਨੂੰ ਸਪਸ਼ਟ ਕੀਤਾ ਸੀ ਕਿ ਜੇ ਅਮਰੀਕਾ ਦਖਲ ਦੇਵੇ ਤਾਂ ਕਸ਼ਮੀਰ ਮਸਲਾ ਸੁਲਝ ਸਕਦਾ ਹੈ। ਉਧਰ, ਓਬਾਮਾ ਪ੍ਰਸ਼ਾਸਨ ਨੇ ਕਸ਼ਮੀਰ ਮਸਲੇ ਦੇ ਹੱਲ ਲਈ ਅਮਰੀਕੀ ਦਖਲ ਦੀ ਮੰਗ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਪਸ਼ਟ ਕਰ ਦਿੱਤਾ ਕਿ ਅਮਰੀਕਾ ਕਸ਼ਮੀਰ ਮਸਲੇ ‘ਤੇ ਆਪਣੇ ਰੁਖ ਵਿਚ ਜ਼ਰਾ ਵੀ ਤਬਦੀਲੀ ਨਹੀਂ ਕਰੇਗਾ ਕਿਉਂਕਿ ਇਹ ਭਾਰਤ ਤੇ ਪਾਕਿਸਤਾਨ ਦਾ ਦੁਵੱਲਾ ਮੁੱਦਾ ਹੈ।
Leave a Reply