ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਲਈ ‘ਫ਼ਖ਼ਰ-ਏ-ਕੌਮ’ ਦਾ ਖਿਤਾਬ ਵਾਪਸ ਮੰਗਿਆ

ਸ੍ਰੀ ਮੁਕਤਸਰ ਸਾਹਿਬ: ਚਾਲੀ ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਤੇ ਤਿੰਨ ਕਾਨਫਰੰਸਾਂ ਹੋਈਆਂ। ਇਹਨਾਂ ਤਿੰਨਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਕਾਫੀ ਭਰਵੀਂ ਹੋਈ । ਸਭ ਦੀਆਂ ਨਜ਼ਰਾਂ ਇਸ ਗੱਲ ਤੇ ਸਨ ਕਿ ਅਕਾਲੀ ਦਲ ਦੇ ਅਗਲੇ ਏਜੰਡੇ ਕੀ ਹੋਣਗੇ? ਜਿਸ ਅੰਦਾਜ਼ ਨਾਲ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਬਾਦਲ ਦੀ ਕਾਨਫਰੰਸ ਦੇ ਪੰਡਾਲ ਚ ਪਹੁੰਚੇ ਉਹ ਕਾਫੀ ਦਿਲਚਸਪ ਸੀ। ਉਹ ਆਪਣੇ ਸਾਥੀਆਂ ਨਾਲ ਚੌਂਕੜਾ ਮਾਰ ਕੇ ਥੱਲੇ ਹੀ ਬੈਠ ਗਏ। ਉਨਾਂ ਨੂੰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਸਮੂਹ ਸੰਗਤ ਦੇ ਕਹਿਣ ਤੇ ਜੈਕਾਰਿਆਂ ਦੀ ਗੂੰਜ ਵਿੱਚ ਸਟੇਜ ਤੇ ਬੁਲਾਇਆ ਗਿਆ।

ਇਸ ਕਾਨਫਰੰਸ ਵਿੱਚ ਪ੍ਰਮੁੱਖ ਮਤਾ ਹੀਰਾ ਸਿੰਘ ਗਾਬੜੀਆ ਵਲੋਂ ਪੇਸ਼ ਕੀਤਾ ਗਿਆ ਜਿਸ ਵਿੱਚ ਬੇਨਤੀ ਕੀਤੀ ਗਈ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਦੀਆਂ ਪੰਥ ਨੂੰ ਦਿਤੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ‘ਫ਼ਖ਼ਰ-ਏ-ਕੌਮ’ ਦਾ ਖਿਤਾਬ ਵਾਪਸ ਦਿੱਤਾ ਜਾਵੇ।
ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀ ਤਕਰੀਰ ਵਿੱਚ ਪੂਰਾ ਜ਼ੋਰ ਪਰਕਾਸ਼ ਸਿੰਘ ਬਾਦਲ ਦੀਆਂ ਘਾਲਣਾਵਾਂ ਉੱਤੇ ਕੇਂਦਰਿਤ ਰੱਖਿਆ। ਉਹਨਾਂ ਕਿਹਾ ਕਿ 104 ਸਾਲਾਂ ਦੇ ਅਕਾਲੀ ਦਲ ਦੇ ਇਤਿਹਾਸ ਵਿੱਚ ਜੇਕਰ ਕੋਈ ਇੱਕੋ ਇੱਕ ਲੀਡਰ ਹੈ ਤਾਂ ਉਹ ਹੈ ਪਰਕਾਸ਼ ਸਿੰਘ ਬਾਦਲ। ਉਨ੍ਹਾਂ ਨੇ ਕੌਮ ਦੀ ਸੇਵਾ ਵਿੱਚ 70 ਸਾਲ ਲਾਏ । ਸੁਖਬੀਰ ਸਿੰਘ ਬਾਦਲ ਨੇ ਸੰਗਤ ਨੂੰ ਸਵਾਲ ਕੀਤਾ ਕਿ ਹੋਰ ਕਿਹੜੇ ਲੀਡਰ ਦੀਆਂ ਏਨੀਆਂ ਕੁਰਬਾਨੀਆਂ ਹਨ? ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਕਾਲੀ ਦਲ ਦੇ ਇਤਿਹਾਸ ਵਲ ਪਿੱਛੇ ਤੱਕਦਿਆਂ ਇੱਕ ਵਿਅਕਤੀ ਵਿਸ਼ੇਸ਼ ਦੇ ਇਤਿਹਾਸ ਨੂੰ ਅੱਗੇ ਵਧਾਉਂਦਿਆਂ ਕੀ ਸੁਖਬੀਰ ਸਿੰਘ ਬਾਦਲ ਅਜੇ ਵੀ ਪਰਿਵਾਰਵਾਦ ਦੇ ਮਸਲੇ ਚ ਉਲਝੇ ਹੋਏ ਹਨ?ਅੱਜ ਦਾ ਜਿਹੜਾ ਏਜੰਡਾ ਪੇਸ਼ ਕੀਤਾ ਗਿਆ ਅਤੇ ਗਾਬੜੀਆ ਸਾਹਿਬ ਜਿਸ ਤਰ੍ਹਾਂ ਸਾਹਮਣੇ ਆਏ, ਉਹਨਾਂ ਨੇ ਕਿਹਾ ਕਿ ਲਓ ਜੀ “ਮੈਂ ਮਤਾ ਰੱਖ ਰਿਹਾ ਹਾਂ ਕਿ ‘ਫ਼ਖ਼ਰ-ਏ-ਕੌਮ’ ਦਾ ਖਿਤਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵਾਪਸ ਦਿੱਤਾ ਜਾਵੇ ਤੇ ਇਹਦੀ ਅਪੀਲ ਲੈ ਕੇ ਅਸੀਂ ਇੱਕ ਦਰਖਾਸਤ ਲੈ ਕੇ ਜਥੇਦਾਰ ਸਾਹਿਬਾਨ ਦੇ ਦਰ ਤੇ ਜਾਵਾਂਗੇ। ਇਸ ਨੇ ਫਿਰ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਇਹ ਸਾਰੇ ਪਹਿਲੂਆਂ ਦੀ ਜ਼ਰੂਰਤ ਸੀ ਜਾਂ ਪਰਿਵਾਰਵਾਦ ਦੀ ਰਾਜਨੀਤੀ ਹੀ ਅੱਗੇ ਵੀ ਚਲਦੀ ਰਹੇਗੀ।”
ਇਸ ਸਭ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਆਪਣੇ ਆਪ ਨੂੰ ਫਿਰ ਬੇਗੁਨਾਹ ਸਾਬਿਤ ਕਰਨ ਲਈ ਪੰਡਾਲ ‘ਚ ਕਿਹਾ ‘ਮੈਂ ਤਾਂ ਜੀ ਲੀਡਰਾਂ ਦੇ ਕਹਿਣ ਤੇ ਸਾਰੇ ਗੁਣਾਂ ਝੋਲੀ ਪਾ ਲਏ ਸਨ ਵੈਸੇ ਮੇਰੇ ਕੋਲ ਹਰ ਸਵਾਲ ਦਾ ਜਵਾਬ ਸੀ।’ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ‘ਪਿਛਲੇ 10 ਸਾਲ ਤੋਂ ਸਾਡੇ ਪਰਿਵਾਰ ਦੇ ਖਿਲਾਫ, ਪਹਿਲਾ ਬਾਦਲ ਸਾਹਿਬ ਦੇ ਤੇ ਫਿਰ ਮੇਰੇ ਖਿਲਾਫ ਏਜੰਸੀਆਂ ਲੱਗੀਆਂ ਹੋਈਆਂ ਹਨ, ਅਤੇ ਹੋਰ ਬਹੁਤ ਸਾਰੇ ਲੋਕ ਲੱਗੇ ਹੋਏ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਸਾਨੂੰ ਬਦਨਾਮ ਕਰਨਾ ਹੈ। ਸਾਡੇ ਖਿਲਾਫ ਗਲਤ ਨੈਰੇਟਿਵ ਉਸਾਰਿਆ ਗਿਆ, ਗਲਤ ਇਲਜ਼ਾਮ ਲਾਏ ਗਏ।’
ਕਾਨਫਰੰਸ ਵਿੱਚ ਬੋਲਣ ਵਾਲੇ ਸਾਰੇ ਆਗੂਆਂ ਦੇ ਭਾਸ਼ਣਾਂ ਤੋਂ ਸਪਸ਼ਟ ਸੀ ਕਿ ਅਕਾਲੀ ਦਲ ਮੁੱਢਲੇ ਤੌਰ ਤੇ ਇਥੋਂ ਤੱਕ ਹੀ ਸੀਮਤ ਹੈ ਕਿ ਉਸ ਨੇ ਖੇਤਰੀ ਪਾਰਟੀ ਦਾ ਆਪਣਾ ਖਾਸਾ ਅਤੇ ਫੈਡਰਲਇਜ਼ਮ ਦੀ ਗੱਲ ਛੱਡ ਦਿਤੀ ਹੈ। ਮਤਲਬ ਜਿਹੜਾ ਵੀ ਜ਼ੁਲਮ ਕਰਦਾ, ਅਨਿਆਂ ਕਰਦਾ, ਉਹਦੇ ਵਿਰੁੱਧ ਲੜਨ ਦੀ ਕਿਸੇ ਗੱਲ ਦਾ, ਜ਼ਿਕਰ ਨਹੀਂ ਕੀਤਾ ਗਿਆ।ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਦੀ ਗੱਲ ਵੱਡੇ ਪੱਧਰ ਤੇ ਯਾਦਗਾਰਾਂ ਦੀ ਬਣਾਉਣ ਅਤੇ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੇ ਸੰਦਰਭ ਵਿੱਚ ਹੀ ਕੀਤੀ ਗਈ।
ਸਪਸ਼ਟ ਸੰਕੇਤ ਇਹ ਦਿੱਤਾ ਗਿਆ ਕਿ 2027 ਦੀਆਂ ਚੋਣਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੀ ਲੜੀਆਂ ਜਾਣਗੀਆਂ।