ਵਰਿਆਮ ਸਿੰਘ ਸੰਧੂ
ਫੋਨ: 647-535-1539
ਜਦੋਂ ਪਹਿਲੀ ਵਾਰ ਪੂਰਨ ਸਿੰਘ ਪਾਂਧੀ ਨੂੰ ਜਰਨੈਲ ਸਿੰਘ ਕਹਾਣੀਕਾਰ ਦੇ ਘਰ ਮਿਲਿਆ ਤਾਂ ਮੈਨੂੰ ਉਸ ਵਿਚੋਂ ਦਰਵੇਸ਼ੀ ਰੂਹ ਦਾ ਝਲਕਾਰਾ ਮਿਲਿਆ। ਸਫ਼ੈਦ ਸਵਾਰਿਆ ਦਾੜ੍ਹਾ, ਸੁਨਹਿਰੀ ਫ਼ਰੇਮ ਵਾਲੀਆਂ ਐਨਕਾਂ ਪਿੱਛੋਂ ਝਾਕਦੀਆਂ ਬਰੀਕ ਤੇ ਤਿੱਖੀ ਨਜ਼ਰ ਵਾਲੀਆਂ ਜਗਿਆਸੂ ਅੱਖਾਂ। ਮਧੁਰ ਮੁਸਕਣੀ ਤੇ ਠਰ੍ਹੰਮੇ ਵਾਲੇ ਬੋਲ। ਸਹਿਜ-ਸਿਆਣਪੀ ਦਿੱਖ ਵਾਲਾ ‘ਬਾਬਾਈ’ ਚਿਹਰਾ।
ਸਮੁੱਚੀ ਸ਼ਖ਼ਸੀਅਤ ਦਾ ਅਜਿਹਾ ਸੁਖਾਵਾਂ ਪ੍ਰਭਾਵ ਜਿਵੇਂ ਸੁਰ ਕੀਤਾ ਕੋਈ ਸਾਜ਼ ਹੋਵੇ; ਨਿੰਦਰਾਈ ਮੁਦਰਾ ਵਿਚ ਆਸੀਣ ਮਧੁਰ ਰਾਗ-ਰਾਗਣੀਆਂ ਸੁਤ-ਅਨੀਂਦੇ ਵਿਚੋਂ ਜਾਗ ਕੇ ਨਰਗਸੀ ਨੈਣ ਖੋਲ੍ਹਣ ਲਈ ਜਿਵੇਂ ਕਲਵਲ ਹੋ ਰਹੀਆਂ ਹੋਣ। ਅਜਿਹੇ ਫ਼ਰਿਸ਼ਤਾ-ਦਿੱਖ ਬੰਦੇ ਕਈ ਵਾਰ ਧਰਤੀ ਤੋਂ ਕਿਤੇ ਵੱਖਰੇ ਤੇ ਉਚੇਰੇ ਮੰਡਲ ਦੇ ਵਾਸੀ ਲੱਗਦੇ ਹਨ। ਅਸਲੋਂ ਅਪਹੁੰਚ। ਉਨ੍ਹਾਂ ਦੇ ਪ੍ਰਸੰLਸਕ ਜਾਂ ਸ਼ਰਧਾਲੂ ਤਾਂ ਬਣਿਆਂ ਜਾ ਸਕਦਾ ਹੈ ਪਰ ਉਨ੍ਹਾਂ ਨਾਲ ਅਪਣੱਤ ਦਾ ਰਿਸ਼ਤਾ ਕਾਇਮ ਹੋ ਸਕਣਾ ਕੁਝ ਮੁਸ਼ਕਿਲ ਜਾਪਦਾ ਹੈ। ਅਪਣੱਤ ਦਾ ਰਿਸ਼ਤਾ ਤਾਂ ਆਪਣਿਆਂ ਜਾਂ ਆਪਣੇ ਵਰਗਿਆਂ ਨਾਲ ਹੀ ਬਣ ਸਕਦਾ ਹੈ। ਧਰਤੀ ਦੇ ਜੀਵਾਂ ਨਾਲ ਹੀ। ਅਸਮਾਨੀ ਹਸਤੀਆਂ ਨੂੰ ਹੱਥ ਲਾ ਸਕਣਾ ਸਹਿਲ ਕਾਰਜ ਨਹੀਂ।
ਜਦੋਂ ਉਸਨੇ ਜਰਨੈਲ ਸਿੰਘ ਦੇ, ‘ਚੱਲੋ ਫਿਰ ਛਕੋ ਭੋਜਨ!’ ਕਹਿਣ `ਤੇ ਮੇਜ਼ ਉੱਤੇ ਪਏ ਪਦਾਰਥਾਂ ਨੂੰ ਹੱਥ ਪਾਇਆ ਤਾਂ ਲੱਗਾ ਉਹ ਅਸਮਾਨ ਤੋਂ ਉਤਰ ਕੇ ਸਾਡੇ ਵਿਚਕਾਰ ਆਣ ਬੈਠਾ ਹੈ। ਸਾਡਾ ਆਪਣਾ ਬਣ ਕੇ। ਏਸੇ ਧਰਤੀ ਦਾ ਰੰਗ-ਰਤੜਾ ਜੀਵ। ਮੇਰੇ ਹੱਥ ਵਿਚ ਹੋਰ ਕੁਝ ਨਹੀਂ ਸੀ, ਸਗੋਂ ਪਾਂਧੀ ਦਾ ਹੱਥ ਆ ਗਿਆ ਸੀ। ਫੜਨ ਲਈ। ਘੁੱਟਣ ਲਈ।
ਪਾਂਧੀ ਦੇ ਵਿਹਾਰ ਤੇ ਅੰਦਾਜ਼ ਤੋਂ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਸੀ ਕਿ ਉਸਦੇ ਸਮੁੱਚੇ ਵਜੂਦ ਵਿਚ ਇਕ ਰਾਗਾਤਮਕ ਗੋਲਾਈ ਹੈ। ਉਸਦੇ ਆਪਣੇ ਸ਼ਬਦਾਂ ਵਿਚ ਹੀ ਜੇ ਗੱਲ ਨੂੰ ਬੰਨ੍ਹਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ‘ਹਰ ਸੋਧੀ ਤੇ ਸ਼ਿੰਗਾਰੀ ਵਸਤੂ ਜਿਵੇਂ ਮਨ ਨੂੰ ਗਹਿਰਾ ਪ੍ਰਭਾਵਤ ਕਰਦੀ ਤੇ ਖਿੱਚਾਂ ਪਾਉਂਦੀ ਹੈ’, ਕੁਝ ਇੰਜ ਹੀ ਹੈ ਪਾਂਧੀ ਦੀ ਸ਼ਖ਼ਸੀਅਤ ਦਾ ਆਕਰਸ਼ਣ। ਉਹ ਸਚਮੁੱਚ ‘ਸੁਰੀਲੀ ਰੂਹ’ ਹੈ। ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਦੀ ਸੁਖਾਵੀਂ-ਸੁਧਰੀ ਜ਼ਿੰਦਗੀ ਦਾ ਪ੍ਰਤੀਕ ਰੂਪ ਹੋਵੇ ਜਿਵੇਂ।
ਫਿਰ ਜਦੋਂ ਉਸ ਨਾਲ ਜਾਣ-ਪਛਾਣ ਦਾ ਨਿੱਕਾ ਜਿਹਾ ਝਰੋਖਾ ਖੁੱਲਿ੍ਹਆ ਤਾਂ ਪਤਾ ਲੱਗਾ ਕਿ ਜਿਸ ਤਰ੍ਹਾਂ ਦਾ ਉਸਨੂੰ ਪਹਿਲੀ ਨਜ਼ਰੇ ਵੇਖਿਆ ਸੀ, ‘ਜਾਣਿਆਂ’ ਵੀ ਉਹ ਓਸੇ ਤਰ੍ਹਾਂ ਦਾ ਸੀ। ਵਿਹਾਰ ਤੇ ਬੋਲ-ਬਾਣੀ ਵਿਚ ਅੰਤਾਂ ਦਾ ਸੁਹਜ, ਸੰਜਮ ਤੇ ਸਲੀਕਾ। ਸਮੂਲਚੀ ਹਸਤੀ ਵਿਚ ਮਿਸ਼ਰੀ ਵਾਂਗ ਘੁਲੀ ਹੋਈ ਨਿਮਰਤਾ। ਸਵੈ-ਮੋਹ ਤੇ ਸਵੈ-ਪ੍ਰਦਰਸ਼ਨ ਦੀ ਕੋਈ ਲਾਲਸਾ ਨਹੀਂ ਪਰ ਦੂਜੇ ਦੀ ਵਡਿਆਈ ਕਰਨ ਦਾ ਵਡੱਪਣੀ ਮੌਕਾ ਕਦੀ ਹੱਥੋਂ ਜਾਣ ਨਹੀਂ ਦੇਣਾ। ਫਿਰ ਪਤਾ ਲੱਗਾ ਕਿ ਉਹ ਬਹੁਤ ਚੰਗੀ ਵਾਰਤਕ ਦਾ ਸਿਰਜਣਹਾਰ ਵੀ ਹੈ। ਉਹਦੀ ਵਾਰਤਕ ਦੀ ਸੰਗਤ ਵਿਚ ਬੈਠ ਕੇ ਅਹਿਸਾਸ ਹੋਇਆ ਕਿ ਉਹ ਦਿੱਖ ਦੀ ਪੱਧਰ `ਤੇ ਹੀ ਨਹੀਂ ਤੱਤ ਰੂਪ ਵਿਚ ਵੀ ਸੁਖਾਵੀਂ-ਸੁਧਰੀ ਜ਼ਿੰਦਗੀ ਦਾ ਆਸ਼ਕ ਹੈ ਤੇ ਪ੍ਰਚਾਰਕ ਵੀ। ਜਦੋਂ ਕੁਝ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਾਨਫ਼ਰੰਸ ਵਿਚ ਪੇਸ਼ ਕਰਨ ਲਈ ਮੈਂ ‘ਕਨੇਡੀਅਨ ਪੰਜਾਬੀ ਵਾਰਤਕ’ ਬਾਰੇ ਪਰਚਾ ਲਿਖਿਆ ਤਾਂ ਨਿਮਨ-ਲਿਖਤ ਸ਼ਬਦਾਂ ਵਿਚ ਪੂਰਨ ਸਿੰਘ ਪਾਂਧੀ ਦੀ ਵਾਰਤਕ ਦੇ ਵਿਵੇਕ ਨੂੰ ਬਿਆਨ ਕੀਤਾ ਸੀ:
‘ਵਾਰਤਕ ਲੇਖਕ ਪੂਰਨ ਸਿੰਘ ਪਾਂਧੀ ਦਾ ਉਚੇਚਾ ਜ਼ਿਕਰ ਕਰਨ ਦੀ ਵਾਜਬੀਅਤ ਇਸ ਕਰਕੇ ਬਣਦੀ ਹੈ ਕਿ ਉਹ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵਾਂਗ ਨਿਰੋਲ ਮਨੁੱਖੀ ਜੀਵਨ-ਜਾਚ ਬਾਰੇ ਲਿਖਣ ਵਾਲਾ ਇਕੋ ਇਕ ਕਨੇਡੀਅਨ ਪੰਜਾਬੀ ਵਾਰਤਕ ਲੇਖਕ ਹੈ। ਉਹ ਗੁਰਬਾਣੀ, ਗੁਰ-ਇਤਿਹਾਸ ਅਤੇ ਸੰਗੀਤ ਦਾ ਗਿਆਤਾ ਹੈ। ਖੋਜੀ ਬਿਰਤੀ ਦਾ ਮਾਲਕ ਹੈ। ਕਨੇਡਾ ਵਿਚ ਜਿੱਥੇ ਇਧਰਲੇ ਪੰਜਾਬ ਨਾਲੋਂ ਵੀ ਕਈ ਗੁਣਾਂ ਵੱਧ ਦਿੱਖ ਦੀ ਸਿੱਖੀ ਦਾ ਬੋਲਬਾਲਾ ਹੈ, ਜਿੱਥੇ ਗੁਰੂ ਘਰਾਂ ਵਿਚ ਦਰਜਨਾਂ ਮਾਸੂਮਾਂ ਤੇ ਬੇਕਸੂਰੇ ਲੋਕਾਂ ਦੇ ਕਾਤਲਾਂ ਦੀਆਂ ਤਸਵੀਰਾਂ ਨਾਇਕਾਂ ਵਾਂਗ ਲਾਈਆਂ ਮਿਲਦੀਆਂ ਹਨ; ਓਥੇ ਆਪਣੀਆਂ ਲਿਖਤਾਂ ਰਾਹੀਂ ਸਿੱਖੀ ਦੇ ਤੱਤ ਨੂੰ, ਗੁਰਬਖ਼ਸ਼ ਸਿੰਘ ਵਾਂਗ ਹੀ, ਵਿਗਿਆਨਕ ਚੇਤਨਾ ਤੇ ਤਰਕਸ਼ੀਲਤਾ ਦੀ ਪੁੱਠ ਦੇ ਕੇ ਪੇਸ਼ ਕਰਨਾ ਤੇ ਭੇਖ ਦੀ ਸਿੱਖੀ ਨੂੰ ਵੰਗਾਰਦਿਆਂ, ਗੁਰਮਤਿ ਪ੍ਰੇਮੀਆਂ, ਖੋਜੀਆਂ, ਰਾਗੀਆਂ, ਢਾਡੀਆਂ, ਪਾਠੀਆਂ ਤੇ ਪ੍ਰਚਾਰਕਾਂ ਲਈ ਮਾਰਗ-ਦਰਸ਼ਨ ਕਰਨ ਦਾ ਸਾਹਿਤਕ ਹੀਲਾ ਕਰਨਾ ਜਿਗਰੇ ਦਾ ਕੰਮ ਵੀ ਹੈ ਤੇ ਵਿਚਾਰਾਂ ਨਾਲ ਪ੍ਰਤੀਬੱਧਤਾ ਨਿਭਾਉਣ ਦਾ ਮਿਸਾਲੀ ਨਮੂਨਾ ਵੀ। ਸੰਜਮਤਾ, ਸੰਖੇਪਤਾ, ਸਹਿਜਤਾ ਤੇ ਸੰਗੀਤਾਤਮਕਤਾ ਉਹਦੀ ਵਾਰਤਕ ਦੇ ਮੀਰੀ ਗੁਣ ਹਨ।’
ਇਨ੍ਹਾਂ ਸਤਰਾਂ ਵਿਚੋਂ ਪਾਂਧੀ ਦੀ ਬਹੁਰੰਗੀ ਸ਼ਖ਼ਸੀਅਤ ਦੇ ਕਈ ਝਲਕਾਰੇ ਮਿਲਦੇ ਹਨ। ਉਹਦਾ ਨਜ਼ਰੀਆ, ਉਹਦੀ ਪ੍ਰਤੀਬੱਧਤਾ, ਉਹਦਾ ਗੱਲ ਕਹਿਣ ਦਾ ਹੁਨਰ ਤੇ ਹੁਸਨ, ਉਹਦਾ ਬਹੁ-ਪਰਤੀ ਤੇ ਬਹੁ-ਪਸਾਰੀ ਗਿਆਨ, ਉਹਦਾ ਰਚਨਾਤਮਕ ਵਿਵੇਕ ਅਤੇ ਕਨੇਡੀਅਨ ਪੰਜਾਬੀ ਵਾਰਤਕ ਵਿਚ ਉਹਦੀ ਅਨੋਖੀ ਤੇ ਇਕੱਲੀ ਪਛਾਣ। ਉਪ੍ਰੋਕਤ ਸਤਰਾਂ ਵਿਚ ਉਹਦੇ ਇਕ ਰੰਗ ‘ਸੰਗੀਤ ਗਿਆਤਾ’ ਹੋਣ ਵੱਲ ਵੀ ਸੰਕੇਤ ਹੈ। ਏਥੇ ਅਸੀਂ ਏਸੇ ਰੰਗ ਦੇ ਤਲਿਸਮ ਵਿਚ ਉਤਰਨਾ ਹੈ। ਜਦੋਂ ਮੈਂ ਉਪਰਲੀਆਂ ਸਤਰਾਂ ਲਿਖੀਆਂ ਸਨ ਤਾਂ ਚਲਾਵਾਂ ਜਿਹਾ ਹੀ ਪਤਾ ਸੀ ਕਿ ਉਹ ਸੰਗੀਤ ਦਾ ਚੰਗਾ ਜਾਣਕਾਰ ਹੈ। ਫਿਰ ਕਦੀ ਕਦੀ ਕਿਸੇ ਸੰਗੀਤਕ ਮਹਿਫ਼ਲ ਵਿਚ ਉਹਦੀ ਡੁੱਲ੍ਹ ਡੁੱਲ੍ਹ ਪੈਂਦੀ ਉਤੇਜਨਾ, ਉਤਸ਼ਾਹ ਤੇ ਉਮਾਹ ਦੀ ਦਰਿਆਫ਼ਤ ਕਰਨ `ਤੇ ਜਾਣਕਾਰੀ ਮਿਲੀ ਕਿ ਉਹ ਤਾਂ ਸੰਗੀਤ-ਸਮੁੰਦਰ ਦੇ ਡੂੰਘੇ ਪਾਣੀਆਂ ਦਾ ਤੈਰਾਕ ਹੈ। ਕਲਾਸੀਕਲ ਗਾਇਕੀ ਦਾ ਡਿਪਲੋਮਾ ਹੋਲਡਰ, ਵਾਇਲਨ, ਦਿਲਰੁਬਾ ਤੇ ਕਈ ਹੋਰ ਸਾਜ਼ਾਂ ਦਾ ਉਸਤਾਦ। ਉਮਰ ਦੇ ਕੀਮਤੀ ਛੱਤੀ ਸਾਲ ਪੰਜਾਬ ਦੇ ਸਕੂਲਾਂ ਵਿਚ ਮਾਂ ਬੋਲੀ ਪੰਜਾਬੀ ਦਾ ਅਧਿਆਪਕ ਰਿਹਾ ਹੈ। ਹੁਣ ਜਦੋਂ ਮੈਂ ਹਥਲੀ ਕਿਤਾਬ ਦੀ ਸੰਗਤ ਮਾਣ ਕੇ ਹਟਿਆ ਤਾਂ ਲੱਗਾ ਕਿ ਰਾਗ ਤਾਂ ਉਹਦੀਆਂ ਰਗਾਂ ਵਿਚ ਲਹੂ ਬਣ ਕੇ ਹੀ ਨਹੀਂ ਵਗਦਾ ਪਿਆ ਸਗੋਂ, ਬਾਕੌਲ ਬਾਬਾ ਬੁੱਲ੍ਹੇ ਸ਼ਾਹ ਉਹਦੀਆਂ ‘ਅੱਖਾਂ ਵਿਚੋਂ ਵੀ ਟਪਕਦਾ’ ਪਿਆ ਹੈ। ‘ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ’ ਵਾਂਗ ਉਹ ‘ਰਾਗ! ਰਾਗ!!’ ਅਲਾਪਦਾ ਜਿਵੇਂ ਆਪ ਹੀ ‘ਰਾਗ’ ਹੋ ਗਿਆ ਹੋਵੇ। ਰਾਗ ਤੇ ਸੰਗੀਤ ਉਹਦੀ ਰੂਹ ਵੀ ਹਨ ਤੇ ਜਿਸਮ ਵੀ। ਉਹਦਾ ਚੇਤਨ ਵੀ ਤੇ ਅਵਚੇਤਨ ਵੀ। ਉਹਦਾ ਓਢਣਾ ਤੇ ਵਿਛਾਉਣਾ ਵੀ। ਉਹ ਪੰਜਾਬ ਦੀ ਵਿਰਾਸਤ ਨੂੰ ਪ੍ਰਣਾਇਆ ਰੰਗ-ਰੱਤਾ ਆਸ਼ਕ ਹੈ।
ਮੈਂ ਇਹ ਗੱਲ ਬੜੀ ਵਾਰ ਕੀਤੀ ਹੈ ਕਿ ਅਸੀਂ ਪੰਜਾਬੀ ਲੋਕ ਸ਼ਾਇਰੀ ਦੇ ਜੰਮੇ-ਜਾਏ ਹਾਂ। ਗੁਰਬਾਣੀ ਤੇ ਸੂਫ਼ੀ ਕਲਾਮ ਸਾਡੀ ਕਾਵਿਕ ਵਿਰਾਸਤ ਤੇ ਸ਼ਬਦ ਦੀ ਵਡਿਆਈ ਦੇ ਬੁਲੰਦ ਪ੍ਰਮਾਣ ਹਨ। ਬਾਬਾ ਨਾਨਕ ਤਾਂ ਜਿੱਥੇ ਵੀ ਜਾ ਕੇ ਵਿਰੋਧੀ ਤੇ ਪਿਛਾਖੜੀ ਧਿਰਾਂ ਨਾਲ ਸੰਵਾਦ ਰਚਾਉਂਦਾ ਸੀ, ਓਥੇ ਉਸਦਾ ਸਭ ਤੋਂ ਵੱਡਾ ਸੰਵਾਦੀ ਹਥਿਆਰ ਸ਼ਾਇਰੀ ਤੇ ਸ਼ਬਦ ਹੀ ਹੁੰਦਾ ਸੀ। ਵਿਰੋਧੀਆਂ ਦੇ ਗੜ੍ਹ ਵਿਚ ਜਾ ਕੇ, ਉਨ੍ਹਾਂ ਦੇ ਗੁੱਸੇ ਅਤੇ ਸਵਾਲਾਂ ਦੀ ਬੌਛਾੜ ਦਾ ਸਾਹਮਣਾ ਕਰਨ ਲਈ ਉਸਦੀ ਢਾਲ-ਤਲਵਾਰ ਸ਼ਾਇਰੀ ਤੇ ਸ਼ਬਦ ਦੀ ਤਾਕਤ ਹੀ ਹੁੰਦੀ ਸੀ। ਅਜਿਹੇ ਤਣਾਓ ਨਾਲ ਤਣੇ ਮਾਹੌਲ ਵਿਚ ਬਾਬਾ ਸਹਿਜ ਨਾਲ ਮੁਸਕਰਾਉਂਦਾ ਤੇ ਆਪਣੇ ਸੰਗੀ ਮਰਦਾਨੇ ਨੂੰ ਆਖਦਾ, ‘ਮਰਦਾਨਿਆਂ! ਰਬਾਬ ਵਜਾਇ!’
ਮਰਦਾਨਾ ਰਬਾਬ ਦੀਆਂ ਤਾਰਾਂ ਨੂੰ ਚਮਤਕਾਰੀ ਛੂਹ ਨਾਲ ਬੋਲਣ ਲਾ ਦਿੰਦਾ। ਮਨਾਂ ਤੇ ਮਾਹੌਲ ਉੱਤੇ ਇੱਕ ਇਲਾਹੀ ਵੱਜਦ ਤਾਰੀ ਹੋ ਜਾਂਦਾ। ਜਿਵੇਂ ਘਾਹ-ਫੂਸ ਤੇ ਨਦੀਨ ਨਾਲ ਭਰੀ ਅੱਪੜ ਜ਼ਮੀਨ ਵਿਚ ਹਲ ਵਗ ਰਿਹਾ ਹੋਵੇ। ਰਬਾਬ ਦੀਆਂ ਛੇੜੀਆਂ ਸੁਰਾਂ ਦੀ ਸੰਵੇਦਨੀ ਛੂਹ ਨਾਲ ਜਦੋਂ ਮਨ ਦੀ ਧਰਤੀ ਵੱਤਰ ਹੋ ਕੇ ਵਾਹੀ ਤੇ ਸੁਹਾਗੀ ਜਾਂਦੀ ਤਾਂ ਬਾਬਾ ਰਾਗ ਤੇ ਰਬਾਬ ਨਾਲ ਵਾਹੇ ਸਿਆੜਾਂ ਵਿਚ ਆਪਣੇ ਸ਼ਬਦ ਦਾ ਬੀਜ ਬੀਜਦਾ। ਪੂਰਨ ਸਿੰਘ ਪਾਂਧੀ ਦੀਆਂ ਜਦੋਂ ਮੈਂ ਨਿਮਨ ਲਿਖਤ ਸਤਰਾਂ ਪੜ੍ਹੀਆਂ ਤਾਂ ਲੱਗਾ; ਉਹ ਤਾਂ ਮੇਰਾ ਹੀ ਵੱਡਾ ਭਰਾ ਹੈ।
‘ਰਬਾਬ ਦੀਆਂ ਧੁਨਾਂ ਵਿਚ ਸੁਰ ਹੋਈ ਆਤਮਾ ਹੀ ਧਰਮ ਦੇ ਇੱਕ ਵੱਡੇ ਗੜ੍ਹ ਵਿਚ, ਇੱਕ ਵੱਡੇ ਹਜੂਮ ਨੂੰ ਉਚੀ ਬਾਹ ਕਰ ਕੇ ਆਖ ਸਕਦੀ ਹੈ, ‘ਠਹਿਰੋ! ਕਿਉਂ ਏਨਾ ਸ਼ੋਰ ਮਚਾਇਆ ਹੈ?’ ਅੱਗੋਂ ਖ਼ਲਕਤ ਆਖਦੀ ਹੈ, ‘ਸ਼ੋਰ ਨਹੀਂ, ਅਸੀਂ ਭਗਵਾਨ ਦੀ ਆਰਤੀ ਕਰਦੇ ਪਏ ਹਾਂ।’ ਤੇ ਫਿਰ ਜਦੋਂ ਉਹ ਸੁਹਣੀ ਆਤਮਾ ਆਪਣੇ ਸੁਰੀਲੇ ਕੰਠ ਵਿਚੋਂ ਆਰਤੀ ਦੇ ਅਸਲ ਅਰਥ ਉਜਾਗਰ ਕਰਦੀ ਹੈ ਤਾਂ ਸੁੰਨ ਹੋਈ ਖ਼ਲਕਤ ਦੇਖਦੀ ਰਹਿ ਜਾਂਦੀ ਹੈ।’
ਤੇ ਬਾਬੇ ਨਾਨਕ ਨੇ ਕਿਤੇ ਇੱਕੋ ‘ਗੜ੍ਹ’ ਹੀ ਤਾਂ ਨਹੀਂ ਸੀ ਫ਼ਤਹਿ ਕੀਤਾ। ਂਨਾਨਕ ਤੇ ਮਰਦਾਨੇ ਦਾ ਸੰਗਮ ਸੰਗੀਤ ਤੇ ਸ਼ਬਦ ਦੇ ਮਿਲਾਪ ਦਾ ਅਲੌਕਿਕ ਚਮਤਕਾਰ ਸੀ। ਕਿੰਨੇ ਸੱਜਣ, ਕੌਡੇ, ਵਲੀ ਕੰਧਾਰੀ, ਮੁੱਲਾਂ-ਕਾਜ਼ੀ, ਸਿੱਧ, ਪੰਡਿਤ ਤੇ ਜੋਗੀ ਸ਼ਬਦ ਤੇ ਸੰਗੀਤ ਦੀ ਸ਼ਕਤੀ ਨੇ ਕੀਲ ਕੇ ਕਾਗੋਂ ਹੰਸ ਬਣਾ ਦਿੱਤੇ।
ਲੱਗਦਾ ਹੈ ਪਾਂਧੀ ਜਿਵੇਂ ਮੇਰੇ ਵਾਂਗ ਹੀ ਸੋਚਣ, ਬੋਲਣ ਤੇ ਲਿਖਣ ਵਾਲਾ ਬੰਦਾ ਹੈ! ਨਹੀਂ ਸੱਚ; ਕਹਿਣਾ ਤਾਂ ਇਹ ਚਾਹੀਦਾ ਹੈ ਕਿ ਇਸ ਪੱਖੋਂ ਮੈਂ ਵੀ ਉਹਦੇ ਵਾਂਗ ਹੀ ਸੋਚਦਾ ਤੇ ਬੋਲਦਾ ਹਾਂ। ਅਜਿਹੇ ‘ਆਪਣੇ ਕਰੂਰੇ’ ਵਾਲੇ ਬੰਦੇ ਕਿਤੇ ਸੌਖਿਆਂ ਤਾਂ ਨਹੀਂ ਲੱਭਦੇ। ਹਮਾਕਤ ਨਾ ਸਮਝ ਲਈ ਜਾਵੇ ਤਾਂ ਕੀ ਮੈਂ ਆਖਣ ਦੀ ਖੁੱਲ੍ਹ ਲੈ ਸਕਦਾ ਹਾਂ ਕਿ ਇਸ ਨੁਕਤੇ `ਤੇ ‘ਦੋ ‘ਸਿਆਣੇ’ ਇੱਕ ਮੱਤ’ ਹੋ ਗਏ ਜਾਪਦੇ ਨੇ!! ਉਂਜ ਮੈਂ ਜਾਣਦਾਂ ਕਿ ਅਸਲੀ ਸਿਆਣਾ ਤਾਂ ਪੂਰਨ ਸਿੰਘ ਪਾਂਧੀ ਹੀ ਹੈ, ਮੈਂ ਤਾਂ ਮੌਕਾ ਬਣਦਾ ਵੇਖ ‘ਘਰ ਨੂੰ ਸਿਆਣਾ’ ਹੋਣ ਦੀ ਮੱਲ ਮਾਰਨ ਦਾ ਮੌਕਾ ਬਣਾ ਲਿਐ! ਗੱਲ ਕਿਤੇ ‘ਮੈਂ ਤੇ ਬੇਬੇ ਇੱਕੀ ਵਾਲੀ’ ਤਾਂ ਨਹੀਂ ਬਣ ਗਈ!
ਪਾਂਧੀ ਲਈ ਸੰਗੀਤ ਕੇਵਲ ਕਿਸੇ ਸਾਜ਼ ਦੇ ਵੱਜਣ ਤੇ ਉਹਦੀ ਸੁਰ ਨਾਲ ਕਿਸੇ ਗਾਇਕ ਦੀ ਆਵਾਜ਼ ਦੇ ਸੁਜੋੜ ਦਾ ਨਾਂ ਹੀ ਨਹੀਂ ਸਗੋਂ ਉਹ ਸੰਗੀਤ ਨੂੰ ਵਿਆਪਕ ਅਰਥਾਂ ਤੱਕ ਫੈਲਾ ਦਿੰਦਾ ਹੈ ਤੇ ਸਾਡੀ ਸੋਚ ਦੇ ਦਿਸਹੱਦਿਆਂ ਦਾ ਘੇਰਾ ਵਿਸ਼ਾਲ ਤੋਂ ਵਿਸ਼ਾਲਤਰ ਕਰਦਾ ਜਾਂਦਾ ਹੈ। ਉਸ ਲਈ ਤਾਂ ਸੰਗੀਤ ਨਿਰ-ਆਕਾਰ ਮਹਾਂ-ਸ਼ਕਤੀ ਦਾ ਨਾਦ ਹੈ। ਪ੍ਰiੁਕਰਤੀ ਦੇ ਲੋਹੜੇ ਦੇ ਹੁਸਨ ਵਿਚ, ਸਮੁੱਚੀ ਕਾਇਨਾਤ ਦੇ ਅਦਭੁੱਤ ਪਸਾਰੇ ਤੇ ਨੇਮ-ਵਿਧਾਨ ਵਿਚ, ਮਨੁੱਖੀ ਮਨ ਦੀਆਂ ਸੰਵੇਦਨਾਵਾਂ ਤੇ ਭਾਵਨਾਵਾਂ ਵਿਚ ਰਾਗ, ਨਾਦ, ਸੁਰ, ਸ਼ਬਦ ਦੀਆਂ ਮੂLਲ ਗੂੰਜਾਂ ਵਿਦਮਾਨ ਹਨ। ਖ਼ੁਸ਼ਕ ਜਾਪਦਾ ਗਿਆਨ ਵੀ ਜਦੋਂ ਸੁਰ ਹੋ ਕੇ ਜਾਗਦਾ ਤੇ ਬੋਲਦਾ ਹੈ ਤਾਂ ਬੁੱਧ ਦੀ ਆਤਮਾ ਵਿਚ ਪ੍ਰਕਾਸ਼ ਫ਼ੈਲ ਜਾਂਦਾ ਹੈ; ਅਸ਼ੋਕ ਨੂੰ ਹਜ਼ਾਰ-ਹਾਅ ਲੋਕਾਂ ਨੂੰ ਕਤਲ ਕਰ ਕੇ ਪ੍ਰਾਪਤ ਕੀਤੀ ਜਿੱਤ ਵੀ ਹਾਰ ਜਾਪਣ ਲੱਗ ਪੈਂਦੀ ਹੈ। ਸੁਰ ਹੋਈਆਂ ਆਤਮਾਵਾਂ ਦਾ ਕੌਤਕ ਹੀ ਮੀਰਾ ਤੇ ਰਾਬਿਆ ਜਿਹੀਆਂ ਹਸਤੀਆਂ ਨੂੰ ਇਤਿਹਾਸ ਦਾ ਹਸਤਾਖ਼ਰ ਬਣਾ ਧਰਦਾ ਹੈ। ਸੁਰ ਹੋਈ ਆਤਮਾ ਵਿਚੋਂ ਖ਼ੁਦਾ ਬੋਲਦਾ ਹੈ ਤਾਂ ਕਿਸੇ ਮਨਸੂਰ ਲਈ ਸੂਲੀ ਵੀ ਫ਼ੁੱਲਾਂ ਦੀ ਸੇਜ ਬਣ ਜਾਂਦੀ ਹੈ, ਇਬਰਾਹੀਮ ਵਰਗਿਆਂ ਦੇ ਪੈਰ ਹੇਠਾਂ ਵਿਛਾਏ ਅੰਗਿਆਰ ਵੀ ਫੁੱਲ ਬਣ ਜਾਂਦੇ ਹਨ। ਸੁਰ ਹੋਈ ਆਤਮਾ ਜਦੋਂ ਹਜ਼ਰਤ ਮੁਹੰਮਦ ਦੇ ਰੂਪ ਵਿਚ ਉਮਰ ਵਰਗੇ ਹਮਲਾਵਰਾਂ ਨੂੰ ਮੁਖ਼ਾਤਬ ਹੁੰਦੀ ਹੈ ਤਾਂ ਕਤਲ ਕਰਨ ਲਈ ਉਠੀ ਤਲਵਾਰ ਜ਼ਮੀਨ ‘ਤੇ ਢਹਿ ਪੈਂਦੀ ਹੈ। ਸੁਰ ਹੋਈ ਆਤਮਾ ਦੀ ਕਰਾਮਾਤ ਦਾ ਸਦਕਾ ਭਾਈ ਘਨਈਏ ਨੂੰ ਹਰੇਕ ਜ਼ਖ਼ਮੀ ਦੁਸ਼ਮਣ ਦੇ ਚਿਹਰੇ ਵਿਚੋਂ ਆਪਣੇ ਗੁਰੂ ਦਾ ਨੂਰ ਡਲਕ੍ਹਦਾ ਦਿਖਾਈ ਦਿੰਦਾ ਹੈ।
ਸੰਗੀਤਕ ਤੇ ਸੁਰੀਲੀਆਂ ਰੂਹਾਂ ਦੀ ਗੱਲ ਕਰਦੇ ਪਾਂਧੀ ਦੀ ਆਤਮਾ ਵਿਚੋਂ ਵੀ ਸੰਗੀਤਕ ਸੁਰਾਂ ਦੀ ਖਣਕ ਸੁਣਾਈ ਦੇਣ ਲੱਗਦੀ ਹੈ। ਚੰਦਨ ਦੇ ਕੋਲ ਰਹਿੰਦਿਆਂ ਉਹਦੇ ਵਿਚੋਂ ਵੀ ਚੰਦਨ ਦੀ ਵਾਸ ਆਉਣੀ ਕੁਦਰਤੀ ਹੈ। ਉਹ ਸੰਗੀਤ ਦੀਆਂ ਬਰੀਕੀਆਂ, ਪਰਤਾਂ ਅਤੇ ਪਸਾਰਾਂ ਨੂੰ ਹੀ ਪਰਿਭਾਸ਼ਤ ਨਹੀਂ ਕਰਦਾ ਸਗੋਂ ਇਸ ਨਾਲ ਜੁੜੇ ਇਤਿਹਾਸ-ਮਿਥਿਹਾਸ ਦੇ ਡੂੰਘ ਤੇ ਵਿਸਥਾਰ ਵਿਚ ਜਾਂਦਿਆਂ ਮਨੁੱਖੀ ਸ਼ਖ਼ਸੀਅਤ ਤੇ ਮਨੁੱਖੀ ਜ਼ਿੰਦਗੀ ਨੂੰ ਵੀ ਪਰਿਭਾਸ਼ਤ ਕਰਦਾ ਹੈ। ਉਹ ਜ਼ਿੰਦਗੀ ਨੂੰ ਵੀ ਸੁਰ-ਬੱਧ ਹੋਇਆ ਲੋੜਦਾ ਹੈ। ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਵੱਲੋਂ ਪ੍ਰੀਚਤ ਕੀਤੀ ‘ਸੁਖਾਵੀਂ ਸੁਧਰੀ ਜ਼ਿੰਦਗੀ’ ਨੂੰ ਉਹ ‘ਸੰਗੀਤਕ ਤੇ ਸੁਰੀਲੀ ਜ਼ਿੰਦਗੀ’ ਦਾ ਨਵਾਂ ਆਯਾਮ ਤੇ ਨਵਾਂ ਨਾਮ ਦਿੰਦਾ ਹੈ। ਪੰਜਾਬੀ ਵਾਰਤਕ ਵਿਚ ਨਜ਼ਰਿਆਤੀ ਪੱਖ ਤੋਂ ਇਹ ਪਾਂਧੀ ਦੀ ਨਿਵੇਕਲੀ ਦੇਣ ਹੈ।
ਇਹ ਵੀ ਪਾਂਧੀ ਦੀ ਨਜ਼ਰ ਦਾ ਕੋਈ ਸੁਭਾਗਾ ਸੰਕੇਤ ਹੋਵੇਗਾ ਕਿ ਉਸਨੇ ਰਾਗ ਤੇ ਸੰਗੀਤ ਜਿਹੇ ਵਿਸ਼ੇ ਬਾਰੇ ਮੇਰੇ ਜਿਹੇ ਅਸਲੋਂ ਹੀ ਅਨਪੜ੍ਹ ਅਤੇ ਰਾਗ ਜਾਂ ਸੰਗੀਤ ਬਾਰੇ ਮੂਲੋਂ ਹੀ ਕੋਰੇ ਬੰਦੇ ਨੂੰ ਇਹ ਸਤਰਾਂ ਲਿਖਣ ਲਈ ਹੁਕਮ ਕੀਤਾ। ਸ਼ਾਇਦ ਇਸ ਕਰ ਕੇ ਕਿ ਸਾਡੀਆਂ ਅੰਦਰੂਨੀ ਸੁਰਾਂ ਕਿਤੇ ਆਪਸ ਵਿਚ ਮਿਲਦੀਆਂ ਹੋਣਗੀਆਂ! ਪੁਸਤਕ ਦੇ ਅਧਿਅਨ ਤੋਂ ਬਾਅਦ ਮੈਨੂੰ ਤਾਂ ਲੱਗਦਾ ਹੈ ਕਿ ਪੂਰਨ ਸਿੰਘ ਪਾਂਧੀ ਭਾਵੇਂ ਆਪ ਨੂੰ ਨਿਮਰਤਾ ਵੱਸ ਆਖਦਾ ਤਾਂ ‘ਪਾਂਧੀ’ ਹੀ ਹੈ ਪਰ ਸੰਗੀਤ ਬਾਰੇ ਉਸਦੇ ਗਿਆਨ ਤੋਂ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਹੈ ਉਹ ਇਸ ਖੇਤਰ ਦਾ ‘ਪਹੁੰਚਿਆ’ ਹੋਇਆ ਬੰਦਾ! ਉਹਨੇ ਆਪਣੇ ਨਾਂ ‘ਪੂਰਨ’ ਦੀ ਰੱਖ ਵਿਖਾਈ ਹੈ।
ਕਿਸੇ ਵੀ ਰਚਨਾ ਦੇ ਗੁਹਜ ਵਿਚ ਉਤਰਨ ਤੇ ਸੁਹਜ ਨੂੰ ਮਾਨਣ ਲਈ ਰਚਨਾ-ਵਸਤੂ ਦੀਆਂ ਵਿਭਿੰਨ ਤੰਦਾਂ ਨੂੰ ਪਕੜਨ ਤੇ ਤਰੰਗਾਂ ਨੂੰ ਮਹਿਸੂਸਣ ਦੀ ਜ਼ਰੂਰਤ ਹੁੰਦੀ ਹੈ। ਸ਼ਬਦ ਅਤੇ ਸੰਗੀਤ ਦੇ ਅਜਿਹੇ ਸੁਜੋੜ ਅਤੇ ਸ਼ਕਤੀ ਦਾ ਮੈਨੂੰ ਪਤਾ ਤਾਂ ਭਲੀ-ਭਾਂਤ ਹੈ ਪਰ ਜਿਸ ਸ਼ਿੱਦਤ ਨਾਲ ਰਾਗ ਤੇ ਸੰਗੀਤ ਦੀਆਂ ਡੂੰਘਾਣਾਂ ਵਿਚ ਉੱਤਰ ਕੇ ਇਸਦਾ ਤੀਬਰ ਅਹਿਸਾਸ ਮੈਨੂੰ ਪੂਰਨ ਸਿੰਘ ਪਾਂਧੀ ਨੇ ਕਰਾਇਆ ਹੈ, ਅਜਿਹਾ ਚਮਤਕਾਰ ਪਹਿਲਾਂ ਕਦੀ ਨਹੀਂ ਸੀ ਹੋਇਆ। ਰਾਗ ਅਤੇ ਸੰਗੀਤ ਦੀਆਂ ਬਰੀਕੀਆਂ ਤੇ ਡੂੰਘਾਈਆਂ ਦੇ ਅਨੇਕਾਂ ਝਰੋਖੇ ਮੇਰੀਆਂ ਅੱਖਾਂ ਅੱਗੇ ਇਕ-ਦਮ ਖੁੱਲ੍ਹ ਕੇ ਲਿਸ਼ ਲਿਸ਼ ਲਿਸ਼ਕਣ ਲੱਗ ਪਏ। ਰਾਗ ਅਤੇ ਸੰਗੀਤ ਦੇ ਵਿਸ਼ੇਸ਼ੱਗਾਂ ਲਈ, ਹੋ ਸਕਦੈ, ਇਹ ਸੰਗੀਤ ਦੇ ਸਰੂਪ, ਇਤਿਹਾਸ ਤੇ ਰੁਝਾਨ ਨਾਲ ਸੰਬੰਧਤ ਪ੍ਰਾਇਮਰੀ ਪੱਧਰ ਦੀ ਮੁਢਲੀ ਕਿਤਾਬ ਹੀ ਹੋਵੇ। ਪਰ ਮੇਰੇ ਵਰਗੇ ਲਈ, ਜਿਹੜਾ ਇਸ ਸਕੂਲ ਵਿਚ ਕਦੀ ਦਾਖ਼ਲ ਹੀ ਨਹੀਂ ਹੋਇਆ, ਇਹ ਵਡੇਰੇ ਮਹੱਤਵ ਵਾਲੀ ਕਿਤਾਬ ਹੈ। ਕਿਸੇ ਵੀ ਬੰਦੇ ਨੇ ਕਿਸੇ ਵਸਤ ਦਾ ਮੁੱਲ ਆਪਣੀ ਨਜ਼ਰ ਅਤੇ ਸਮਝ ਨਾਲ ਹੀ ਪਾਉਣਾ ਹੁੰਦਾ ਹੈ। ਮੇਰੀ ਨਜ਼ਰ ਤੇ ਵਿਚ ਪਾਂਧੀ ਕੋਲ ਸੰਗੀਤ ਨਾਲ ਸੰਬੰਧਤ ਇਤਿਹਾਸ-ਮਿਥਿਹਾਸ ਦਾ ਅਖੁੱਟ ਖ਼ਜ਼ਾਨਾ ਹੈ; ਇਸ ਖ਼ਜ਼ਾਨੇ ਨੂੰ ਸੋਹਣੀ ਤੇ ਸੁਹੰਡਣੀ ਵਾਰਤਕ ਵਿਚ ਲਿਸ਼ਕਾਉਣ-ਚਮਕਾਉਣ ਅਤੇ ਵਰਤਣ-ਖ਼ਰਚਣ ਦਾ ਸੁੰਦਰ ਸਲੀਕਾ ਵੀ ਹੈ।
ਸੰਗੀਤ ਬਾਰੇ ਉਹਦੇ ਗਿਆਨ ਤੇ ਸਿਆਣਪ ਦਾ ਕਲਾਵਾ ਡਾਢਾ ਮੋਕਲਾ ਹੈ। ਇਹ ਨਹੀਂ ਕਿ ਕਿਸੇ ਹੋਰ ਸੰਗੀਤ-ਸਿਆਣੇ ਕੋਲ ਅਜਿਹਾ ਗਿਆਨ ਨਹੀਂ। ਇਸਤੋਂ ਵੀ ਵੱਧ ਹੋਵੇਗਾ ਤੇ ਹੋ ਵੀ ਸਕਦਾ ਹੈ। ਦੁਨੀਆਂ ਪਰੇ ਸੋ ਪਰੇ! ਪਰ ਪੰਜਾਬੀ ਵਿਚ ਸ਼ਾਇਦ ਇਹ ਪਹਿਲੀ ਪੁਸਤਕ ਹੋਵੇ ਜਿਸ ਦੇ ਮਾਧਿਅਮ ਰਾਹੀਂ, ਸੰਗੀਤ ਬਾਰੇ ਸੰਗਠਿਤ ਰੂਪ ਵਿਚ ਏਨੇ ਵਿਸਥਾਰ ਅਤੇ ਬਰੀਕੀ ਵਿਚ ਲਿਖਤੀ ਸ਼ਬਦ-ਸੁਰਾਂ ਨਾਲ ਪੰਜਾਬੀ ਪਾਠਕ ਪ੍ਰੀਚਤ ਹੋਇਆ ਹੋਵੇ।
ਸੰਗੀਤ ਬਾਰੇ ਪਾਂਧੀ ਕੋਲ ‘ਵਾਰਿਸਸ਼ਾਹੀ’ ਗਿਆਨ ਹੈ। ਸੰਗੀਤ ਤੇ ਰਾਗ ਨਾਲ ਜੁੜੀਆਂ ਵਿਭਿੰਨ ਵੰਨਗੀਆਂ ਅਤੇ ਸੰਕਲਪਾਂ ਨੂੰ ਪਰਿਭਾਸ਼ਤ ਕਰਦਿਆਂ ਵਿਭਿੰਨ ਧਰਮਾਂ ਤੇ ਧਾਰਮਕ ਗ੍ਰੰਥਾਂ ਦਾ ਗਿਆਨ ਵੀ ਉਹਦੀ ਚੇਤਨਾ ਵਿਚ ਚਮਕਦਾ ਹੈ। ਰਿਗ ਵੇਦ ਦੇ ਸਮੇਂ ਤੋਂ ਲੈ ਕੇ ਦੂਜੇ ਵੇਦਾਂ, ਉਪਨਿਸ਼ਦਾਂ ਤੇ ਹੋਰ ਧਾਰਮਕ ਗ੍ਰੰਥਾਂ ਦੇ ਹਵਾਲਿਆਂ ਨਾਲ ਓਤ-ਪੋਤ ਗਿਆਨ ਉਹਦੀ ਵਾਰਤਕ ਦੀ ਕੀਮਤ ਤੇ ਸੋਭਾ ਬਣਦਾ ਹੈ। ਜੇ ਮਿਥਿਕ ਹਵਾਲਿਆਂ ਦੀ ਗੱਲ ਕਰੀਏ ਤਾਂ ਉਹ ਬ੍ਰਹਮਾ, ਸ਼ਿਵ, ਪਾਰਵਤੀ, ਨਾਰਦ, ਅਪਸ਼ਰਾਵਾਂ ਨਾਲ ਸੰਬੰਧਤ ਪੜਾਵਾਂ ਵਿਚੋਂ ਲੰਘ ਕੇ ਸਵਰਗ ਤੋਂ ਮਾਤਲੋਕ ਤੱਕ ਦੇ ਸੰਗੀਤਕ ਸਫ਼ਰ ਨੂੰ ਸਾਡੀ ਨਜ਼ਰ ਗੋਚਰੇ ਕਰ ਦਿੰਦਾ ਹੈ। ਅਤਿ ਪ੍ਰਾਚੀਨ ਕਾਲ ਤੋਂ ਲੈਕੇ ਵਰਤਮਾਨ ਦੌਰ ਤੱਕ ਦੇ ਗਾਇਕਾਂ, ਸੰਗੀਤਕਾਰਾਂ, ਗਾਇਨ-ਸ਼ੈਲੀਆਂ, ਗਾਇਕ ਘਰਾਣਿਆਂ, ਮਹਾਂ-ਪੁਰਖਾਂ, ਭਗਤਾਂ-ਸੰਤਾਂ, ਸੂਫ਼ੀਆਂ, ਗੁਰੂਆਂ ਬਾਰੇ ਉਹਦਾ ਗਿਆਨ ਉਹਦੀ ਡੂੰਘੀ ਖੋਜੀ ਬਿਰਤੀ ਦਾ ਪ੍ਰਮਾਣਿਕ ਸਬੂਤ ਹੈ। ਦੇਸ਼-ਵਿਦੇਸ਼ ਦੇ ਇਤਿਹਾਸ/ਮਿਥਿਹਾਸ ਵਿਚੋਂ ਡੂੰਘੀ ਚੁੱਭੀ ਮਾਰ ਕੇ ਲੱਭੇ ਗਿਆਨ ਦੇ ਕੀਮਤੀ ਹੀਰੇ-ਮੋਤੀਆਂ ਦੇ ਲੋੜੀਂਦੇ ਤੇ ਸੁਹਜੀਲੇ ਹਵਾਲੇ ਉਹਦੇ ਕਥਨ ਦੀ ਪ੍ਰਮਾਣਿਕਤਾ ਤੇ ਸਦਾਕਤ ਦੀ ਗਵਾਹੀ ਵੀ ਭਰਦੇ ਹਨ ਅਤੇ ਨਾਲ ਦੇ ਨਾਲ ਪਠਨ-ਆਨੰਦ ਦੀ ਆਭਾ ਨਾਲ ਪਾਠਕ ਦੇ ਮਨ-ਮਸਤਕ ਨੂੰ ਨੂਰੋ-ਨੂਰ ਵੀ ਕਰ ਦਿੰਦੇ ਹਨ।
ਸੰਗੀਤ ਜਿਹੀ ਸੂਖ਼ਮ ਕਲਾ ਦੀ ਗੱਲ ਖ਼ੁਰਦਰੀ ਵਾਰਤਕ ਵਿਚ ਸੋਭਾ ਨਹੀਂ ਪਾਉਂਦੀ। ਇਸ ਲਈ ਸੁਰੀਲਾ ਤੇ ਸੰਗੀਤਕ ਅੰਦਾਜ਼-ਏ-ਬਿਆਂ ਹੋਣਾ ਲਾਜ਼ਮੀ ਹੈ। ਪੂਰਨ ਸਿੰਘ ਪਾਂਧੀ ਨੇ ਇਹ ਅੰਦਾਜ਼-ਏ-ਬਿਆਂ ਆਪਣੀ ਮਿਹਨਤ ਨਾਲ ਕਮਾਇਆ ਹੈ। ਜਿਵੇਂ ‘ਹਰ ਆਵਾਜ਼ ਗਾਇਕੀ ਦੇ ਸੰਚੇ ਦੇ ਫਿੱਟ ਨਹੀਂ ਹੁੰਦੀ। ਅਰੜਾਉਣ, ਬਰੜਾਉਣ, ਹੋਕਰੇ ਤੇ ਲਲਕਾਰੇ ਮਾਰਨ ਅਤੇ ਗਾਇਕੀ ਵਿਚ ਬੜਾ ਫਰਕ ਹੈ। ਕੁਹਾੜੇ ਨਾਲ਼ ਤੱਛਣ ਤੇ ਰੰਦੇ ਨਾਲ਼ ਰੰਦਣ ਤੇ ਖਰਾਦਣ ਵਿਚ ਬੜਾ ਫਰਕ ਹੈ।’ ਇੰਜ ਹੀ ਬੜਾ ਫ਼ਰਕ ਹੈ ਸੁਹਜਾਤਮਕ ਤੇ ਖੁਰਦਰੀ ਵਾਰਤਕ ਦਾ। ਹੁਨਰ ਤੇ ਸੁਹਜ ਦੇ ਰੰਦੇ ਨਾਲ ਰੰਦੀ ਪਾਂਧੀ ਦੀ ‘ਸੁਰੀਲੀ ਵਾਰਤਕ’ ਦੀਆਂ ਸੁਰਾਂ ਦੀ ਗੂੰਜ ਤੇ ਧੁਨੀ ਅਗਲੇ ਵਰਕਿਆਂ `ਤੇ ਸੁਣੀ ਜਾ ਸਕਦੀ ਹੈ।
ਕਿਸੇ ਵੀ ਚੰਗੀ ਲਿਖਤ ਦੀ ਪਹਿਲੀ ਵਿਸ਼ੇਸ਼ਤਾ ਇਹ ਹੋਣੀ ਚਾਹੀਦੀ ਹੈ ਕਿ ਉਸ ਵਿਚ ਪੜ੍ਹਨ-ਯੋਗਤਾ ਹੋਵੇ। ਜੇ ਲਿਖਿਆ ਹੋਇਆ ਪਹਿਲਾ ਫ਼ਿਕਰਾ ਜਾਂ ਪਹਿਲਾ ਪੈਰ੍ਹਾ ਪਾਠਕ ਨੂੰ ਅਗਲਾ ਫ਼ਿਕਰਾ ਜਾਂ ਅਗਲਾ ਪੈਰ੍ਹਾ ਪੜ੍ਹਨ ਲਈ ਉਤੇਜਤ ਨਹੀਂ ਕਰਦਾ ਤਾਂ ਸਮਝ ਲਿਆ ਜਾਣਾ ਚਾਹੀਦਾ ਹੈ ਕਿ ਲਿਖਤ ਆਪਣੇ ਕਲਾ-ਧਰਮ ਤੋਂ ਵਿਰਵੀ ਹੈ। ਪਾਠਕ ਨੂੰ ਲਿਖਤ ਨਾਲ ਜੋੜੀ ਰੱਖਣ ਲਈ, ਪ੍ਰਾਪਤ ਗਿਆਨ ਨੂੰ ਕਾਗ਼ਜ਼ ਉੱਤੇ ਢੇਰੀ ਕਰਨ ਦੀ ਥਾਂ, ਲੇਖਕ ਵਿਚਾਰਾਂ ਨੂੰ ਵਿਸ਼ੇਸ਼ ਜਗਿਆਸੂ ਤਰਤੀਬ ਵਿਚ ਪੇਸ਼ ਕਰਨ ਲਈ ਅਨੇਕ ਕਲਾ-ਜੁਗਤਾਂ ਦਾ ਸਹਾਰਾ ਲੈਂਦਾ ਹੈ। ਪਾਂਧੀ ਜਿੱਥੇ ਪੇਸ਼ ਕੀਤੀ ਜਾਣ ਵਾਲੀ ਵਸਤੂ ਬਾਰੇ ਅਧਿਕਾਰ-ਪੂਰਨ ਗਿਆਨ ਨਾਲ ਸਨਦਬੱਧ ਹੈ ਓਥੇ ਕਲਾਤਮਕ ਵਾਰਤਕ ਸਿਰਜਣ ਦੇ ਹੁਨਰ ਬਾਰੇ ਵੀ ਪੂਰਾ ਸੁਚੇਤ ਹੈ। ਏਸੇ ਕਰ ਕੇ ਇਹ ਕੇਵਲ ਸੰਗੀਤ ਦੇ ਮਹੱਤਵ ਬਾਰੇ ਜਾਣਕਾਰੀ ਦੇਣ ਵਾਲੀ ਵਾਰਤਕ ਹੀ ਨਹੀਂ ਸਗੋਂ ਇਸ ਵਿਚ ਸੁਹਜਾਤਮਕ ਤੇ ਸੁਹੰਢਣੀ ਵਾਰਤਕ ਦਾ ਕਲਾਤਮਕ ਜਲਵਾ ਵੀ ਝਲਕਦਾ ਹੈ।
ਪਾਂਧੀ ਸ਼ਬਦਾਂ ਦੇ ਸੁਹਜ ਤੇ ਸੰਗੀਤ ਦਾ ਗਿਆਤਾ ਵੀ ਹੈ ਅਤੇ ਇਹਨਾਂ ਨੂੰ ਸੋਹਣੀ ਤੇ ਆਕਰਸ਼ਕ ਤਰਤੀਬ ਵਿਚ ਜੋੜਨ ਤੇ ਬੀੜਨ ਦੀ ਕਲਾ ਦਾ ਮਾਹਰ ਵੀ ਹੈ। ਅੱਖਰਾਂ ਦੇ ਅੱਖਰ ਉਹਦੇ ਨਿੱਕੇ ਨਿੱਕੇ ਹੱਥਾਂ ਵਿਚੋਂ ਡਿੱਗ ਡਿੱਗ ਪੈਂਦੇ ਹਨ। ਡਿੱਗਦੇ ਵੀ ਐਨ ਟਿਕਾਣੇ ਉੱਤੇ ਅਤੇ ਸੋਹਣੀ ਤਰਤੀਬ ਵਿਚ ਹਨ। ਜਿਵੇਂ ਝਿਲਮਿਲਾਉਂਦੇ ਮੋਤੀਆਂ ਦੀ ਮਾਲਾ ਚਮਕ ਉਠੀ ਹੋਵੇ। ਵਾਰਤਕ ਨੂੰ ਰਸਦਾਰ ਤੇ ਪੜ੍ਹਨ ਯੋਗ ਬਨਾਉਣ ਲਈ ਉਹ ਵਿਚ-ਵਿਚ ਗਾਇਕਾਂ, ਸੰਗੀਤਕਾਰਾਂ, ਸੂਫ਼ੀਆਂ-ਦਰਵੇਸ਼ਾਂ, ਰਾਜਿਆਂ-ਮਹਾਂਰਾਜਿਆਂ ਨਾਲ ਜੁੜੇ ਇਤਿਹਾਸਕ-ਮਿਥਿਹਾਸਕ ਅਰਥਵਾਨ ਗਲਪ-ਟੋਟੇ ਵਰਤ ਕੇ ਕਹਾਣੀ ਰਸ ਵੀ ਪੈਂਦਾ ਕਰ ਲੈਂਦਾ ਹੈ। ਪੇਸ਼ ਕੀਤੇ ਗਏ ਵਿਸ਼ੇ ਜਾਂ ਵਿਚਾਰ ਨੂੰ ਪੁਸ਼ਟ ਤੇ ਪ੍ਰਮਾਣਿਤ ਕਰਨ ਲਈ ਉਹ ਲੋੜ ਪੈਣ ‘ਤੇ ਗੁਰਬਾਣੀ ਦੀਆਂ ਤੁਕਾਂ, ਸੂਫ਼ੀਆਂ ਦੇ ਬੋਲਾਂ, ਗ਼ਜ਼ਲਾਂ ਦੇ ਸ਼ਿਅਰਾਂ, ਲੋਕ-ਚੇਤਿਆਂ ਵਿਚ ਵੱਸੇ ਕਾਵਿ-ਟੋਟਿਆਂ ਅਤੇ ਪ੍ਰਸਿੱਧ ਵਿਦਵਾਨਾਂ ਦੇ ਕਥਨਾਂ ਦੇ ਵਿਭਿੰਨ ਰੰਗ ਵੀ ਬਖ਼ੇਰੀ ਜਾਦਾ ਹੈ। ਇੰਜ ਵਿਸ਼ੇ ਦਾ ਗਿਆਨ ਤੇ ਪੇਸ਼ਕਾਰੀ ਦੀ ਕਲਾ ਇਸ ਸੰਜੁਗਤ ਕਲਾਤਮਕ ਅੰਦਾਜ਼ ਵਿਚ ਜੁੜ ਬੈਠਦੇ ਹਨ ਜਿਵੇਂ ਸ਼ਬਦ ਅਤੇ ਸੰਗੀਤ ਦੀ ਆਪਸੀ ਜੁਗਲਬੰਦੀ ਹੁੰਦੀ ਹੈ।
‘ਜੇਕਰ ਸੰਗੀਤ ਤੇ ਉਸ ਦੀਆਂ ਸੁਰਾਂ, ਧੁਨਾਂ ਤੇ ਲੈਅ ਮਨੁੱਖ ਵਿਚੋਂ ਕੱਢ ਦਿੱਤੀ ਜਾਵੇ ਤਾਂ ਮਨੁੱਖ ਵਿਚ ਬਾਕੀ ਕੀ ਰਹਿ ਜਾਂਦਾ ਹੈ? ਇਸ ਹਾਲਤ ਵਿਚ ਰੁੱਖੀ, ਨਿਰਦਈ ਤੇ ਬੇਕਿਰਕ ਅਵਸਥਾ ਦੀ ਕਲਪਣਾ ਕਰਨੀ ਬਹੁਤ ਔਖੀ ਹੈ।’ ਇਹੋ ਕਥਨ ਜਦੋਂ ਪਾਂਧੀ ਦੀ ਵਾਰਤਕ `ਤੇ ਢੁਕਾ ਕੇ ਵੇਖਿਆ ਜਾਵੇ ਤਾਂ ਇਹ ਅਰਥ ਸਹਿਜੇ ਹੀ ਨਿਕਲ ਆਉਂਦੇ ਹਨ ਕਿ ਜੇ ਉਹਦੀ ਵਾਰਤਕ ਵਿਚ ਸ਼ਬਦਾਂ ਦੀ ਸੁੱਚੀ ਚੋਣ, ਵਾਕਾਂ ਵਿਚਲੀ ਸੁਨਹਿਰੀ ਜੜਤ ਤੇ ਤਰਤੀਬਣ ਦਾ ਹੁਸਨ ਨਾ ਹੁੰਦਾ ਅਤੇ ਜੇ ਵਾਰਤਕ ਨੂੰ ਸ਼ਿੰਗਾਰਨ ਲਈ ਵਰਤੀਆਂ ਗਈਆਂ ਹੋਰ ਕਲਾਤਮਕ ਜੁਗਤਾਂ ਤੋਂ ਪਾਂਧੀ ਦੀ ਵਾਰਤਕ ਵਿਰਵੀ ਹੁੰਦੀ ਤਾਂ ਇਸ ਵਾਰਤਕ ਦਾ ਸਰੂਪ ਨਿਸਚੈ ਹੀ ਸੁਰਾਂ, ਧੁਨਾਂ ਅਤੇ ਲੈਅ ਤੋਂ ਵਿਹੂਣੇ ਮਨੁੱਖ ਵਰਗਾ ਹੋਣਾ ਸੀ। ਉਹਦੀ ਵਾਰਤਕ ਵਿਚ ‘ਸੁਰ, ਧੁਨ ਤੇ ਲੈਅ’ ਹੈ। ਏਸੇ ਕਰ ਕੇ ਮੈਂ ਇਸ ਵਾਰਤਕ ਨੂੰ ‘ਸੁਰੀਲੀ ਵਾਰਤਕ’ ਕਹਿੰਦਾ ਹਾਂ।
ਅਜਿਹੀ ਵਾਰਤਕ ਦੀ ਕ੍ਰਿਸ਼ਮਈ ਕਲਾ ਦਾ ਸਿਰਜਕ ਹੋਣਾ ਸਹਿਲ ਕਾਰਜ ਨਹੀਂ। ਮੇਰੇ ਮਨ ਦੇ ਭਾਵਾਂ ਨੂੰ ਸਮਝਣ ਲਈ ਪਾਂਧੀ ਹੀ ਮੇਰੀ ਸਹਾਇਤਾ ਕਰਦਾ ਹੈ। ਉਹ ਲਿਖਦਾ ਹੈ ਕਿ ‘ਕੋਮਲ ਕਲਾ ਦੀ ਪਰਿਭਾਸ਼ਾ ਅਨੁਸਾਰ ਹਰ ਵਿਅਕਤੀ ਸੰਗੀਤਕਾਰ ਨਹੀਂ ਬਣ ਸਕਦਾ। ਹਰ ਵਿਅਕਤੀ ਕਵੀ, ਚਿੱਤਰਕਾਰ, ਬੁੱਤਘਾੜਾ ਜਾਂ ਨਿਰਤਕਾਰ ਨਹੀਂ ਬਣ ਸਕਦਾ।’ ਮੈਂ ਪਾਂਧੀ ਦੇ ਬਿਆਨ ਕੀਤੇ ਇਨ੍ਹਾਂ ਸਿਰਜਕਾਂ ਵਿਚ ‘ਵਾਰਤਕਕਾਰ’ ਸ਼ਬਦ ਨੂੰ ਵੀ ਸ਼ਾਮਲ ਕਰਨਾ ਚਾਹੁੰਦਾ ਹਾਂ। ਪਾਂਧੀ ਅੱਗੇ ਲਿਖਦਾ ਹੈ, ‘ਮੌਲਕਤਾ ਅਤੇ ਪ੍ਰਤਿਭਾ ਦੀ ਦਾਤ ਹਰ ਵਿਅਕਤੀ ਦੇ ਭਾਗਾਂ ਵਿਚ ਨਹੀਂ ਹੁੰਦੀ। ਇਹ ਅਨਮੋਲ ਦਾਤ ਕਦੇ ਕਿਸੇ ਭਾਗਸ਼ੀਲ ਵਿਅਕਤੀਆਂ ਨੂੰ ਪ੍ਰਾਪਤ ਹੁੰਦੀ ਹੈ।’
ਮੈਂ ਕਹਿਣ ਦੀ ਖ਼ੁਸ਼ੀ ਲੈਣਾ ਚਾਹੁੰਦਾ ਹਾਂ ਕਿ ਪੂਰਨ ਸਿੰਘ ਪਾਂਧੀ ਉਨ੍ਹਾਂ ਭਾਗਸ਼ੀਲ ਵਿਅਕਤੀਆਂ ਵਿਚੋਂ ਹੈ ਜਿਨ੍ਹਾਂ ਨੂੰ ਕੁਦਰਤ ਵੱਲੋਂ ਮੌਲਿਕਤਾ ਤੇ ਪ੍ਰਤਿਭਾ ਦੀ ਦਾਤ ਪ੍ਰਾਪਤ ਹੋਈ ਹੁੰਦੀ ਹੈਇਹ ਵੀ ਠੀਕ ਹੈ ਕਿ ‘ਹਰ ਲਲਤ ਕਲਾ ਬਹੁਤ ਸੂਖਮ, ਬਰੀਕ ਤੇ ਕੋਮਲ ਹੁੰਦੀ ਹੈ। ਇਸ ਲਈ ਬਹੁਤ ਕਰੜੀ ਘਾਲਣਾ, ਡੂੰਘੀ ਲਗਨ, ਅਪਾਰ ਮਿਹਨਤ ਤੇ ਘੋਰ ਤਪੱਸਿਆ ਦੇ ਨਾਲ ਤੀਖਣਬੁੱਧੀ, ਪ੍ਰਤਿਭਾਸ਼ਾਲੀ ਅਤੇ ਗਿਆਨਵਾਨ ਵਿਅਕਤੀਆਂ ਦਾ ਕਾਰਜ ਹੈ। ਸਾਲਾਂ ਦੀ ਕਠਨ ਘਾਲ-ਕਮਾਈ ਪਿੱਛੋਂ ਫਿਰ ਕਿਧਰੇ ਕੋਮਲ ਤੇ ਹੁਸੀਨ ਕਲਾ ਦੇ ਦੀਦਾਰ ਹੁੰਦੇ ਹਨ।’ ਪਾਂਧੀ ਨੇ ਏਸੇ ਕੁਠਾਲੀ ਵਿਚ ਢਲ ਕੇ ਹੀ ਹੱਥਲੀਆਂ ‘ਸੰਗੀਤਕ’, ‘ਸੁਨਹਿਰੀ’ ਤੇ ਚਿਰਜੀਵੀ ਲਿਖਤਾਂ ਸਿਰਜੀਆਂ ਹਨ। ਜਿਸਨੇ ਵੀ ਸੰਗੀਤ, ਸੁਰ, ਸਾਜ਼, ਰਾਗ ਆਦਿ ਦਾ ਮੁਢਲਾ ਗਿਆਨ ਜਦੋਂ ਜਦੋਂ ਵੀ ਲੈਣਾ ਹੋਵੇਗਾ, ਇਹ ਲਿਖਤ ਉਹਦੀ ਸਹਾਇਤਾ ਕਰੇਗੀ।
ਕਿਸੇ ਦੇ ਸੋਹਣੇ ਬੋਲ ਪੜ੍ਹ-ਸੁਣ ਕੇ ਮੇਰੇ ਅੰਦਰੋਂ ਵਾਰਿਸਸ਼ਾਹ ਆਪ-ਮੁਹਾਰੇ ਬੋਲ ਉੱਠਿਆ ਸੀ:
ਫ਼ਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ,
ਸੋਹਣਾ ਫੁੱਲ ਗੁਲਾਬ ਦਾ ਤੋੜਿਆ ਈ।
ਪੂਰਨ ਸਿੰਘ ਪਾਂਧੀ ਦੇ ਫ਼ਿਕਰਿਆਂ ਵਿਚਲਾ ਹੁਸਨ ਤੇ ਖ਼ੁਸ਼ਬੂ ਮਹਿਸੂਸ ਕਰ ਕੇ ਇਹ ਸ਼ਿਅਰ ਅੱਜ ਮੁੜ ਮੇਰੇ ਚੇਤੇ ਵਿਚ ਲਿਸ਼ਕ ਉੱਠਿਆ ਹੈ। ਅਜਿਹੇ ਜੋੜ ਕੇ ਦਰੁਸਤ ਹੋਏ ਗੁਲਾਬ ਦੇ ਫੁੱਲਾਂ ਵਰਗੇ ਫ਼ਿਕਰਿਆਂ ਦੇ ਖ਼ੁਸ਼ਬੂਦਾਰ ਝਲਕਾਰੇ ਪਾਂਧੀ ਦੀ ਵਾਰਤਕ ਵਿਚੋਂ ਥਾਂ ਥਾਂ ਸੁਨਹਿਰੀ ਕਿਣਕਿਆਂ ਵਾਂਗ ਬਿਖ਼ਰੇ ਨਜ਼ਰ ਆਉਣਗੇ। ਨਿਮਨ ਲਿਖਤ ਸਤਰਾਂ ਦਾ ਪਾਠ ਮੇਰੇ ਲਿਖੇ ਦੀ ਸ਼ਾਹਦੀ ਭਰਦਾ ਹੈ:
‘ਚਲਦੇ ਖੂਹ ਦੇ ਕੁੱਤੇ ਦੀ ਟੁਨਕਾਰ ਪ੍ਰਕਿਰਤੀ ਦੀ ਇਕਾਗਰਤਾ ਵਿਚ ਰਸ ਘੋਲਦੀ ਤੇ ਮਨ ਨੂੰ ਮੋਂਹਦੀ ਹੈ। ਬਲਦਾਂ ਦੇ ਗਲੀਂ ਟੱਲੀਆਂ, ਘੁੰਗਰੂ ਤੇ ਘੰਗਰਾਲ਼ਾਂ, ਊਠਾਂ ਤੇ ਘੋੜਿਆਂ ਦੇ ਪੈਰੀ ਝਾਂਜਰਾਂ ਕਿਸਾਨ ਨੂੰ ਹੁਲਾਰਾ ਪ੍ਰਦਾਨ ਕਰਦੀਆਂ ਅਤੇ ਚਾਅ ਤੇ ਉਤਸ਼ਾਹ ਵਿਚ ਉਤੇਜਨਾ ਭਰਦੀਆਂ ਹਨ। ਕਿਸਾਨ ਹਲ਼ ਵਾਹੁੰਦਾ ਹੋਇਆ ਲੋਕ ਬੋਲੀਆਂ ਦੀਆਂ ਹੇਕਾਂ ਲਾਉਂਦਾ ਤੇ ਭਾਵਨਾ ਭਰੇ ਮਾਹੌਲ ਦੀ ਉਸਾਰੀ ਕਰਦਾ ਹੈ। ਸੁਹਾਗਣਾਂ ਦੇ ਹੱਥੀਂ ਚੂੜੀਆਂ, ਪੈਰੀਂ ਝਾਂਜਰਾਂ ਦੀ ਛਨਕਾਰ ਤੇ ਕੰਨਾਂ ਵਿਚ ਝੂੰਮਦੇ ਬੁੰਦਿਆਂ ਦੀ ਟੁਨਕਾਰ ਹੈ। ਚਰਖੇ ਦੀ ਘੂਕਰ ਵਿਚ ਤੇ ਤੱਕਲ਼ੇ ਦੀ ਤੰਦ ਵਿਚ ਗੱਭਰੂ ਦੀ ਹੇਕ ਵਰਗੇ ਨੈਣ ਨਕਸ਼ ਹਨ। ਨਿੱਕੇ ਨੰਨੇ ਬੱਚੇ ਨੂੰ ਮਾਂ ਲੋਰੀਆਂ ਤੇ ਖਿਡਾਉਣ ਲਈ ਛਣਕਣੇ ਦਿੰਦੀ ਹੈ। ਬੱਚੇ ਦਾ ਇਹ ਸੁਗਮ ਸੰਗੀਤ ਹੈ। ਦੇਖਿਆ ਜਾਂਦਾ ਹੈ; ਜਿੱਥੇ ਮੁਸ਼ੱਕਤੀ ਕੰਮਾਂ ਲਈ ਖੁਸ਼ੀ ਵਿਚ ਢੋਲ ਤੇ ਵਾਜੇ ਵਜਾਏ ਜਾਂਦੇ ਹਨ; ਉੱਥੇ ਜੰਗਾਂ ਯੁੱਧਾਂ ਲਈ ਬੀਰ-ਰਸੀ ਧੁਨਾਂ ਵਜਾਈਆਂ ਜਾਂਦੀਆਂ ਅਤੇ ਰਣਸਿੰਗੇ ਤੇ ਨਗਾਰੇ ਵਜਾਏ ਜਾਂਦੇ ਹਨ।’
ਪੂਰਨ ਸਿੰਘ ਪਾਂਧੀ ਦੀ ਵਾਰਤਕ ਬਾਰੇ ਚਰਚਾ ਕਰਦਿਆਂ ਇਕ ਬੜੇ ਅਹਿਮ ਪਹਿਲੂ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਉਹ ਹੈ ਪਾਂਧੀ ਦਾ ਬੇਬਾਕ ਹੋ ਕੇ ਸੱਚ ਦੀ ਬਾਣੀ ਬੋਲਣਾ। ਉਹ ਜਿੱਥੇ ਸੰਗੀਤ ਦੀਆਂ ਉਚਾਣਾਂ ਦੇ ਇਤਿਹਾਸ ਨੂੰ ਬਿਆਨ ਕਰਦਾ ਹੈ ਓਥੇ ਸੰਗੀਤ ਵਿਚ ਆਈਆਂ ਨਿਵਾਣਾਂ ਬਾਰੇ ਉਹਦੀ ਚਿੰਤਾ ਕੌੜੀ ਤੇ ਤਲਖ਼ ਹਕੀਕਤ ਦਾ ਪਰਦਾਫ਼ਾਸ਼ ਕਰਦੀ ਹੈ। ਇਹ ਸਾਰੇ ਜਾਣਦੇ ਹਨ ਕਿ ਅੱਜ ਦਾ ਪ੍ਰਚੱਲਿਤ ਪੰਜਾਬੀ ਜਾਂ ਭਾਰਤੀ ਸੰਗੀਤ ਕਿੰਨੀਆਂ ਡੂੰਘੀਆਂ ਨਿਵਾਣਾਂ ਵਿਚ ਗਰਕਦਾ ਜਾ ਰਿਹਾ ਹੈ। ਅੱਜ ਨੰਗੇ ਨਾਚ, ਲੁੱਚੇ ਬੋਲ, ਬਾਂਦਰ-ਟਪੂਸੀਆਂ ਤੇ ਬੇਸੁਰੀਆਂ ਚੀਕਾਂ ਨੂੰ ਸੰਗੀਤ ਦੇ ਨਾਂ ‘ਤੇ ਲੋਕਾਈ ਸਾਹਮਣੇ ਪਰੋਸਿਆ ਜਾ ਰਿਹਾ ਹੈ। ਬਾਬੇ ਨਾਨਕ ਦੇ ਬੋਲ ਅਰਥਹੀਨ ਹੁੰਦੇ ਜਾ ਰਹੇ ਹਨ ਤੇ ਮਰਦਾਨੇ ਦੀ ਰਬਾਬ ਤਿੜਕਦੀ ਜਾ ਰਹੀ ਹੈ। ਇਸ ਬਾਰੇ ਪੂਰਨ ਸਿੰਘ ਪਾਂਧੀ ਦੇ ਵਿਚਾਰ ਪੜ੍ਹੋ:
-ਅਜੋਕੀ ਗਾਇਕੀ ਵਿਚ ਇੱਕ ਵੱਡਾ ਚੈਪਟਰ ਤੂੰਬੀ ਵਾਲੇ ਗਾਇਕਾਂ ਦਾ ਹੈ। ਇਨ੍ਹਾਂ ‘ਲੋਕ-ਗਾਇਕਾਂ’ ਨੇ ਢੋਲ-ਢਮੱਕਾ, ਕੰਨ ਪਾੜੂ ਸ਼ੋਰ-ਸ਼ਰਾਬਾ ਤੇ ਟਪੂਸੀਆਂ ਦੀ ਗਾਇਕੀ ਦਾ ਦੌਰ ਪੈਦਾ ਕੀਤਾ ਹੈ, ‘ਚੋਂਦੀ ਚੋਂਦੀ’ ਸੁਣਨ ਦੇ ਸ਼ੁਕੀਨ ਪੈਦਾ ਕੀਤੇ ਹਨ। ਅਜੋਕੀ ‘ਲੱਚਰ-ਗਾਇਕੀ’ ਨੇ ਸਭਿਆਚਾਰ ਦੀ ਸੁੱਚਮਤਾ, ਕਵਿਤਾ ਦੀ ਸੂਖਮਤਾ ਤੇ ਸੰਗੀਤ ਦੀ ਕੋਮਲਤਾ ਵਿਚ ਘੋਰ ਗਿਰਾਵਟ ਪੈਦਾ ਕੀਤੀ ਹੈ। ਇਸ ਨਾਲ਼ ਭਾਈਚਾਰਕ ਸਾਂਝ ਤੇ ਸ਼ਿਸ਼ਟਾਚਾਰ ਨੂੰ ਵੀ ਖੋਰਾ ਲੱਗਿਆ ਹੈ।
ਅਜੋਕੀ ਗਾਇਕੀ ਬਾਰੇ ਅਜਿਹੀ ਚਿੰਤਾ ਪਾਂਧੀ ਤੇ ਮੇਰੇ ਵਰਗਿਆਂ ਦੀ ਹੀ ਨਹੀਂ ਸਗੋਂ ਹਰੇਕ ਸੁਚੇਤ ਤੇ ਸੁਹਿਰਦ ਬੰਦਾ ਇੰਜ ਹੀ ਸੋਚਦਾ ਤੇ ਬੋਲਦਾ ਹੈ। ਇਸ ਪ੍ਰਥਾਇ ਪਾਂਧੀ ਦੇ ਵਿਚਾਰਾਂ ਦੇ ਜ਼ਿਕਰ ਤੇ ਜੇਰੇ ਦਾ ਬਿਆਨ ਕਰਨ ਤੋਂ ਪਹਿਲਾਂ ਮੈਂ ਆਪਣੀ ਪਰਿਵਾਰਕ ਹਕੀਕਤ ਨਸ਼ਰ ਕਰਨੀ ਚਾਹੁੰਦਾ ਹਾਂ। ਮੈਂ ਤੇ ਮੇਰੀ ਪਤਨੀ, ਭਾਵੇਂ ਇੰਡੀਆ ਹੋਈਏ ਜਾਂ ਕਨੇਡਾ, ਸਵੇਰੇ ਸ਼ਾਮ ਟੀ ਵੀ ਤੋਂ ਕੀਰਤਨ ਸੁਣਨ ਦੀ ਖ਼ੁਸ਼ੀ ਹਰ ਰੋਜ਼ ਲੈਂਦੇ ਹਾਂ। ਕਿਸੇ ਨਾ ਕਿਸੇ ਗੁਰਦੁਆਰੇ ਤੋਂ ਹੋ ਰਹੇ ਕੀਰਤਨ ਦਾ ਸੰਗੀਤਕ ਨੂਰ ਘਰ ਵਿਚ ਖਿਲਰਿਆ ਰਹਿੰਦਾ ਹੈ ਤੇ ਮਨ ਅਕਹਿ ਸ਼ਾਂਤੀ ਨਾਲ ਭਰਿਆ ਮਹਿਸੂਸ ਕਰਦਾ ਹੈ। ਪਰ ਇਹ ਤਦ ਹੀ ਹੁੰਦਾ ਹੈ ਜਦ ਕੀਰਤਨ ਕਰਨ ਵਾਲਾ ਰਾਗੀ ਜਥਾ ਸੁਰੀਲਾ ਤੇ ਪ੍ਰਭਾਵਸ਼ਾਲੀ ਹੋਵੇ। ਜਿਸ ਦਿਨ ਕੋਈ ਬੇਸੁਰਾ ਰਾਗੀ ਕੀਰਤਨ ਕਰ ਰਿਹਾ ਹੋਵੇ ਤਾਂ ਮਨ ਅਵਾਜ਼ਾਰ ਹੋ ਜਾਂਦਾ ਹੈ। ਜਦੋਂ ਮੇਰੀ ਅਵਾਜ਼ਾਰੀ ਸ਼ਬਦਾਂ ਵਿਚ ਪਰਗਟ ਹੁੰਦੀ ਹੈ ਤਾਂ ਸ਼੍ਰੀ ਮਤੀ ਜੀ ਨਰਾਜ਼ ਹੋ ਜਾਂਦੇ ਹਨ। ਝਿੜਕਦੇ ਹਨ, ‘ਜਿਵੇਂ ਵੀ ਹੈ, ਉਹ ਰੱਬ ਦਾ ਨਾਂ ਲੈਂਦੇ ਨੇ। ਤੁਹਾਨੂੰ ਉਨ੍ਹਾਂ ਦੀ ਆਲੋਚਨਾ ਕਰਨ ਦਾ ਕੋਈ ਹੱਕ ਨਹੀਂ।’ ਮੇਰਾ ਉਹ ਪ੍ਰਚਲਿਤ ਜਿਹਾ ਲਤੀਫ਼ਾ ਪਤਨੀ ਕੋਲ ਵਾਰ ਵਾਰ ਦੁਹਰਾਉਣ ਨੂੰ ਦਿਲ ਨਹੀਂ ਕਰਦਾ ਜਿਸ ਵਿਚ ਕਿਸੇ ਗਾਇਕ ਦੀ ਗਾਇਕੀ ਨੂੰ ਲਲਕਾਰਾ ਮਾਰ ਕੇ ਸਟੇਜ `ਤੇ ਜਾ ਕੇ ਡਾਂਗ ਦੇ ਜੋLਰ ਨਾਲ ਰੋਕਣ ਵਾਲੇ ਜਣੇ ਨੂੰ ਗਾਇਕ ਹੱਥ ਜੋੜ ਕੇ ਪੁੱਛਦਾ ਹੈ, ‘ਹਜ਼ੂਰ! ਮੈਥੋਂ ਕੀ ਭੁੱਲ ਹੋ ਗਈ ਜੋ ਡਾਂਗ ਲੈ ਕੇ ਮੇਰੇ ਦੁਆਲੇ ਹੋ ਗਏ ਓ?’ ਡਾਂਗ ਵਾਲਾ ਕਹਿੰਦਾ ਹੈ, ‘ਤੇਰਾ ਤਾਂ ਮੈਂ ਗਾਉਣਾ ਈ ਬੰਦ ਕਰਾਉਣਾ ਸੀ ਪਰ ਡਾਂਗ ਵਾਹੁਣ ਲਈ ਤਾਂ ਮੈਂ ਉਨ੍ਹਾਂ ਨੂੰ ਲੱਭਦਾ ਫਿਰਦਾਂ ਜਿਨ੍ਹਾਂ ਨੇ ਤੈਨੂੰ ਬੁਲਾਇਐ।’
ਮੈਨੂੰ ਤਾਂ ਮੇਰੀ ਪਤਨੀ ਵੀ ਏਨੀ ਕੁ ਸੱਚੀ ਗੱਲ ਕਹਿਣ ਨਹੀਂ ਦਿੰਦੀ ਪਰ ਇਹ ਪੂਰਨ ਸਿੰਘ ਪਾਂਧੀ ਦੀ ਹੀ ਹਿੰਮਤ ਹੈ ਕਿ ਉਹ ਬੇਸੁਰੇ ਰਾਗੀਆਂ, ਸੰਤ ਬਾਬਿਆਂ, ਗਾਇਕਾਂ ਅਤੇ ਧਾਰਮਿਕ ਅਦਾਰਿਆਂ ਵੱਲੋਂ ਸੁੱਚੇ ਸੰਗੀਤ ਦੀ ਮਾਣਯੋਗ ਪਰੰਪਰਾ ਨੂੰ ਲਾਈ ਜਾਂਦੀ ਢਾਹ ਬਾਰੇ ਬੇਖ਼ੌਫ਼ ਟਿੱਪਣੀਆਂ ਕਰਦਿਆਂ ਸੱਚੀਆਂ ਸੁਣਾ ਸਕਦਾ ਹੈ। ਪਾਂਧੀ ਦੀ ਇਸ ਬੇਬਾਕੀ ਤੇ ਦਲੇਰੀ ਲਈ ਤਾਂ ਅਸ਼-ਅਸ਼ ਕਰਨ ਨੂੰ ਵੀ ਦਿਲ ਕਰਦਾ ਹੈ ਤੇ ਉਹਨੂੰ ਸ਼ਾਬਾਸ਼ ਦੇਣ ਨੂੰ ਵੀ।
ਇਹ ਪੂਰਨ ਸਿੰਘ ਪਾਂਧੀ ਹੀ ਹੈ ਜੋ ਪਰੰਪਰਕ ਸੰਗੀਤਕ ਖ਼ੂਬੀਆਂ ਤੋਂ ਇੱਕ ਸੌ ਇੱਕ ਫੀ ਸਦੀ ਅਵੇਸਲੇ ਅਤੇ ਵਿਹੂਣੇ, ਗਿਣਤੀ ਪੱਖੋਂ ਬੇਅੰਤ ਤੇ ਬੇਹਿਸਾਬੇ ਅਜਿਹੇ ਰਾਗੀਆਂ ਬਾਰੇ ਆਪਣਾ ਮੱਤ ਪੇਸ਼ ਕਰਨ ਲੱਗਿਆਂ ਕਿਸੇ ਪ੍ਰਕਾਰ ਦੀ ਝਿਜਕ ਮਹਿਸੂਸ ਨਹੀਂ ਕਰਦਾ। ਅਜਿਹੇ ਚਲੰਤ ਕੀਰਤਨੀਆਂ ਨੇ ਕੀਰਤਨ ਨੂੰ ਏਨਾ ਸਰਲੀਕ੍ਰਿਤ ਕਰ ਦਿੱਤਾ ਹੈ ‘ਕਿ ਕਈ ਵਾਰ ਗੁਰਬਾਣੀ ਕੀਰਤਨ ਤੇ ਹਿੰਦੂਆਂ ਦੀਆਂ ‘ਭੇਟਾਂ’ ਵਿਚ ਫ਼ਰਕ ਕਰਨਾ ਔਖਾ ਹੁੰਦਾ ਹੈ।’
ਕੀਰਤਨ ਦੇ ਬਹਾਨੇ ਕੀਰਤਨ ਘੱਟ ਪਰ ਕਰਾਮਾਤੀ ਸਾਖ਼ੀਆਂ ਦਾ ਵਿਖਿਆਨ ਅਜੋਕੇ ਰਾਗੀਆਂ ਦਾ ਚਲਨ ਬਣ ਗਿਆ ਹੈ ਜਿਹੜਾ ਸਰੋਤਿਆਂ ਨੂੰ ਸਿੱਖੀ ਤੇ ਸੰਗੀਤ ਤੋਂ ਦੂਰ ਲਿਜਾ ਰਿਹਾ ਹੈ। ਪਾਂਧੀ ਅਜਿਹੇ ਰਾਗੀਆਂ ਦਾ ਬੇਕਿਰਕ ਆਲੋਚਕ ਹੈ।
-‘ਬਹੁਤੇ ਰਾਗੀ ਸਿੰਘ ਕੀਰਤਨ ਥੋੜ੍ਹਾ, ਵਿਆਖਿਆ ਬਹੁਤੀ ਕਰਦੇ ਹਨ। ਕੀਰਤਨ ਨਾਲੋਂ ਵਿਆਖਿਆ ਬਹੁਤ ਸੌਖੀ ਹੈ। ਇੱਕ ਵਿਅਕਤੀ ਬੋਲਦਾ ਹੈ, ਦੂਜੇ ਦੋ ਜਣੇ ਵਿਹਲੇ। ਵਿਆਖਿਆ ਵੀ ਘਸੀ-ਪਿਟੀ ਸ਼ੈਲੀ-ਸ਼ਬਦਾਵਲੀ ਵਾਲੀ। ਹੁੰਦੀਆਂ ਵੀ ਸਾਖੀਆਂ ਹਨ, ਕਈ ਵਾਰ ਹੁੰਦੀਆਂ ਵੀ ਗੁਰਮਤਿ ਦੇ ਐਨ ਵਿਪਰੀਤ, ਕਰਾਮਾਤੀ ਤੇ ਸਿਧਾਂਤ-ਹੀਨ ਸਾਖੀਆਂ। ਜਾਂ ਫਿਰ ਪ੍ਰਧਾਨਾਂ, ਸਕੱਤਰਾਂ ਤੇ ਹੋਰ ਅਹੁਦੇਦਾਰਾਂ ਦੀ ਚਾਪਲੂਸੀ ਭਰੇ ਪ੍ਰਵਚਨ ਅਤੇ ਜਾਂ ਬੀਬੀਆਂ-ਬੱਚਿਆਂ ਲਈ ਰੁੱਖੀਆਂ ਹਦਾਇਤਾਂ ਤੇ ਕਈ ਵਾਰ ਅਪਮਾਨ ਜਨਕ ਨੁਕਤਾਚੀਨੀ। ਇਹ ਟਾਈਮ ਪਾਸ ਕਰਨ ਦੀ ਨੀਤੀ ਹੈ।’-
ਜਾਂ ‘ਸਿੱਖ ਰਾਗੀਆਂ ਕੋਲ ਹੁਣ ਤੜਕ ਭੜਕ ਤੇ ਚਕਾਚੌਂਧ ਕਰਨ ਵਾਲ਼ਾ ਬਾਹਰੀ ਲਿਬਾਸ ਤੇ ਫਿਲਮੀ ਅੰਦਾਜ਼ ਵਾਲੀ ਕਲਾਬਾਜ਼ੀ ਹੈ। ਦੁਨਿਆਵੀ ਕਿੱਤਿਆਂ ਵਾਂਗ ਕੀਰਤਨ ਹੁਣ ਕਿੱਤਾ ਬਣ ਗਿਆ ਹੈ। ਤਿਆਗ, ਤਪੱਸਿਆ ਤੇ ਸਮਰਪਤ ਦੀ ਭਾਵਨਾ ਅਲੋਪ ਹੈ। ਕੀਰਤਨ-ਭੇਟ ਦੀ ਥਾਂ ਹੁਣ ਕੀਰਤਨ-ਰੇਟ ਤੇ ਸੌਦੇਬਾਜ਼ੀ ਹੁੰਦੀ ਹੈ। ਕੀਰਤਨ ਘੰਟਿਆਂ ਦੀ ਥਾਂ ਹੁਣ ਘੜੀ ਦੇਖ ਕੇ ਮਿੰਟਾਂ-ਸਕਿੰਟਾਂ ਵਿਚ ਸਿਮਟ ਕੇ ਰਹਿ ਗਿਆ ਹੈ।’
ਰਾਗੀਆਂ ਤੋਂ ਇਲਾਵਾ ਉਹ ਸੰਤਾਂ ਬਾਬਿਆਂ ਨੂੰ ਵੀ ਲੰਮੇ ਹੱਥੀਂ ਲੈਂਦਾ ਹੈ ਜਿਨ੍ਹਾਂ ਨੇ ਢੋਲਕੀਆਂ, ਚਿਮਟਿਆਂ, ਖੜਤਾਲਾਂ ਤੇ ਸਿਧੀਆਂ ਧਾਰਨਾ ਨੂੰ ਪਰਮਾਰਥ ਤੇ ਮੁਕਤੀ ਦਾ ਮਾਰਗ ਸਮਝ ਲਿਆ ਹੈ ਤੇ ਅੰਨ੍ਹੇ ਸ਼ਰਧਾਲੂਆਂ ਦੀਆਂ ਲਾਮ ਡੋਰੀਆਂ ਪਿੱਛੇ ਲਾ ਕੇ ਸਿੱਖੀ ਤੇ ਸੰਗੀਤ ਦੋਵਾਂ ਦਾ ਘਾਣ ਕਰ ਛੱਡਿਆ ਹੈ।
ਸੱਚੀ ਤੇ ਖ਼ਰੀ ਗੱਲ ਕਹਿੰਦਿਆਂ ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਦੁਨੀਆ ਭਰ ਦੇ ਗੁਰਦਵਾਰਿਆਂ ਦੀਆਂ ਕਮੇਟੀਆਂ ਤੇ ਉਨ੍ਹਾਂ ਦੇ ਅਹੁਦੇਦਾਰਾਂ ਦੇ ਹਵਾਲੇ ਨਾਲ, ਜਿਨ੍ਹਾਂ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਉਹਦੇ ਅਹੁਦੇਦਾਰ ਵੀ ਆਪਣੇ-ਆਪ ਆ ਜਾਂਦੇ ਹਨ, ਉਹ ਕੌੜਾ ਸੱਚ ਬਿਆਨ ਕਰਨੋ ਨਹੀਂ ਉੱਕਦਾ। ਉਸਦਾ ਮੰਨਣਾ ਹੈ ਕਿ ਸੰਸਾਰ ਭਰ ਦੇ ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰਾਂ ਦਾ ਸੰਗੀਤ ਕਲਾ ਤੋਂ, ਗੁਰਮਤ ਸਿਧਾਂਤ ਤੇ ਗੁਰਬਾਣੀ ਗਿਆਨ ਤੋਂ ਪੱਲਾ ਖਾਲੀ ਹੈ। ‘ਇਸ ਹਾਲਾਤ ਵਿਚ ਸੰਸਾਰ ਭਰ ਦੇ ਗੁਰ ਅਸਥਾਨਾ ਵਿਚ ਸਿੱਖ ਇਤਹਾਸ, ਸਿੱਖ ਸਿਧਾਂਤ, ਕਲਾਸੀਕਲ ਸੰਗੀਤ ਤੇ ਗੁਰਮਤਿ ਗਿਆਨ ਦੀ ਪਰਖ-ਪੜਚੋਲ ਕਰਨ ਵਾਲਾ, ਰੋਕ ਟੋਕ ਕਰਨ ਵਾਲਾ ਅਤੇ ਰਾਹਨੁਮਾਈ ਕਰਨ ਵਾਲਾ ਕੋਈ ਕਾਬਲ ਮੁਰਸ਼ਦ ਦਿਖਾਈ ਨਹੀਂ ਦਿੰਦਾ।’
ਭਾਈ ਮਰਦਾਨੇ ਤੋਂ ਲੈ ਕੇ ਹੁਣ ਤੱਕ ਮੁਸਲਮਾਨ ਰਬਾਬੀਆਂ ਦੀ ਗੁਰਮਤਿ ਸੰਗੀਤ ਨੂੰ ਦਿੱਤੀ ਦੇਣ ਦਾ ਉਹ ਡਾਢਾ ਕਦਰਦਾਨ ਹੈ। ਕਦੀ ਇਹ ਰਬਾਬੀ ਹਰਿਮੰਦਰ ਸਾਹਿਬ ਵਿਚ ਹੁੰਦੇ ਕੀਰਤਨ ਦੀ ਰੂਹ ਹੁੰਦੇ ਸਨ। ਬਦਲਦੀ ਸਿੱਖ ਮਰਿਆਦਾ ਮੁਤਾਬਕ ਭਾਈ ਮਰਦਾਨੇ ਦੇ ਵੰਸ਼ਜ ਉਨ੍ਹਾਂ ਮਹਾਨ ਰਬਾਬੀਆਂ ਦੇ ਗੁਰਦਵਾਰਿਆਂ ਵਿਚ ਕੀਰਤਨ ਕਰਨ ਦੀ ਕੀਤੀ ਮਨਾਹੀ ਵੱਲ ਕੀਤਾ ਉਹਦਾ ਸੂਖ਼ਮ ਸੰਕੇਤ ਕੱਟੜ ਕਿਸਮ ਦੀ ਮਰਿਆਦਾ ਬਾਰੇ ਵੀ ਤਿੱਖਾ ਸਵਾਲ ਬਣ ਕੇ ਉਭਰਦਾ ਹੈ। ਅਜਿਹਾ ਤਿੱਖਾ ਸਵਾਲ ਕਰਨ ਦੀ ਜੁਰਅਤ ਵੀ ਸ਼ਾਇਦ ਉਸਨੇ ਆਪਣੇ ਵਡੇਰੇ ਬਾਬੇ ਨਾਨਕ ਕੋਲੋਂ ਲਈ ਹੈ ਜਿਸਨੇ ਉਚਾਰਿਆ ਸੀ, ‘ਸੱਚ ਸੁਣਾਇਸੀ ਸੱਚ ਕੀ ਬੇਲਾ।’
ਸੰਗੀਤ ਬਾਰੇ ਗੱਲ ਕਰਦਿਆਂ ਨਾਲ ਦੇ ਨਾਲ ਪਾਂਧੀ ਧਰਮ, ਸਮਾਜ, ਸਭਿਆਚਾਰ, ਇਤਿਹਾਸ ਬਾਰੇ ਵੀ ਰੌਚਿਕ ਤੇ ਮੁੱਲਵਾਨ ਟਿੱਪਣੀਆਂ ਕਰਦਾ ਹੈ।
ਬੇਖ਼ੌਫ਼ ਹੋ ਕੇ ਸੱਚ ਦੀ ਗੱਲ ਕਹਿਣ ਵਾਲੇ ਬਾਬੇ ਨਾਨਕ ਦੇ ਸੱਚੇ ਸਿੱਖ ਪੂਰਨ ਸਿੰਘ ਪਾਂਧੀ ਬਾਰੇ ਲਿਖਦਿਆਂ ਜੇ ਸੌ ਹੱਥ ਰੱਸੇ ਦੇ ਸਿਰੇ ‘ਤੇ ਗੰਢ ਦੇਣੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਪਾਂਧੀ ਸੁਰੀਲੀ ਸ਼ਖ਼ਸੀਅਤ ਹੈ; ਸੁਰੀਲੀ ਵਾਰਤਕ ਦਾ ਸਿਰਜਕ ਹੈ; ਸੁਰੀਲੇ ਜੀਵਨ, ਸੁਰੀਲੇ ਸਮਾਜ ਤੇ ਸੁਰੀਲੇ ਸਭਿਆਚਾਰ ਦਾ ਤਲਬਗ਼ਾਰ ਹੈ। ਉਹ ਸਚਮੁੱਚ ਪੰਜਾਬੀ ਵਾਰਤਕ ਦੇ ਖ਼ੇਤਰ ਦਾ ‘ਪਹੁੰਚਿਆ ਹੋਇਆ ਪਾਂਧੀ’ ਹੈ।
